Sunday, 29 September 2013

ਹਾਣੀ ਬਨਾਮ ਬਾਬਾ ਕੰਵਲ

ਘੁੱਗ ਵੱਸਦੇ ਜਿਲ੍ਹੇ ਮੋਗੇ ਵਿੱਚ ਇੱਕ ਢੁੱਡੀਕੇ ਨੌਂ ਦਾ ਪਿੰਡ ਆਉਂਦਾ ਤੇ ਰੈਂਹਦੀ ਦੁਨੀਆਂ ਤੀਕਰ ਏਸ ਪਿੰਡ ਦਾ ਨਾਂ ਜਿਓਦਾਂ ਰਹਿਣਾ
ਕਿਓਕਿ ਬਾਪੂ ਜਸਵੰਤ ਸਿੰਘ ਕੰਵਲ ਏਸੇ ਢੁੱਡੀਕੇ ਪਿੰਡ ਦੀ ਪੈਦਾਇਸ਼ ਨੇ। ਸੁੱਕੀ ਮਿੱਟੀ ਤੇ ਤਰੌਂਕੇ ਸੱਜਰੇ ਪਾਣੀ ਵੰਗੂ ਜਸਵੰਤ ਕੰਵਲ ਦੇ ਨਾਵਲ ਲੋਕਾਂ ਦੇ ਮਗਜ਼ਾਂ ਨੂੰ ਸੁਗੰਧ ਬਣਕੇ ਚੜ੍ਹਦੇ ਨੇ। ਜਦੋਂ ਆਪਣੇ ਦਾਦੇ ਅਰਗੇ ਚੋਬਰ ਹੁੰਦੇ ਸੀ ਓਦੋਂ ਕੰਵਲ ਹੋਣਾਂ ਨੇ ਲਿਖਣਾ ਸ਼ੁਰੂ ਕੀਤਾ ਸੀ। ਸੱਠਵੇਆਂ ਵਿੱਚ ਕਾਮਰੇਡੀ ਵਿਚਾਰਧਾਰਾ ਤੇ ਲਿਖਦੇ ਰਹੇ ਤੇ ਫੇਰ ਕਾਲੇ ਸਮੇਆਂ 'ਚ ਸਿੱਖ ਸਿਆਸਤ ਬਾਰੇ ਲਿਖਿਆ। ਤੇ ਸਭ ਤੋਂ ਖਾਸ ਗੱਲ ਅੱਜ ਕੱਲ੍ਹ ਦੇਸ਼ਾਂ ਵਿਦੇਸ਼ਾਂ 'ਚ ਰਲੀਜ਼ ਹੋਈ ਪੰਜਾਬੀ ਫਿਲਮ "ਹਾਣੀ" ਜਸਵੰਤ ਸਿੰਘ ਕੰਵਲ ਦੀ ਹੀ ਲਿਖੀ ਵਈ ਆ। ਕੱਲ੍ਹ "ਹਾਣੀ" ਵੇਖਣ ਦਾ ਸਬੱਬ ਬਣਿਆ। ਪਰਦੇ ਤੇ ਲਿਖਿਆ ਆਇਆ story by - Amitoj Maan
ਪਰ ਅੱਧੇ ਘੈਂਟੇ ਦੀ ਫਿਲਮ ਵੇਖਕੇ ਈ ਪਤਾ ਲੱਗ ਗਿਆ ਕਿ "ਹਾਣੀ" ਦੀ ਕਹਾਣੀ ਜਸਵੰਤ ਕੰਵਲ ਦੇ ਨਾਵਲ "ਪੂਰਨਮਾਸ਼ੀ" ਤੋਂ ਲਈ ਵਈ ਆ। ਤਕਰੀਬਨ ਉੱਨੀ ਸੌ ਨੰਜਾ, ਪੰਜਾਹ 'ਚ ਏਹ ਨਾਵਲ ਲਿਖਿਆ ਸੀ। ਪੂਰਨਮਾਸ਼ੀ ਨਾਵਲ ਦੇ ਪਾਤਰਾਂ ਦੇ ਨਾਂ ਫਿਲਮ ਵਿੱਚ ਚੇਂਜ ਕਰਤੇ ਬਾਕੀ ਮਾੜੀ ਮੋਟਾ ਕਹਾਣੀ ਨੂੰ ਮੋਲਡ ਕੀਤਾ ਵਾ। ਫਿਲਮ ਵੇਖਿਓ ਲਾਜ਼ਮੀ, ਬਹੁਤ ਕੈਮ ਆ,ਪਰ ਏਹ ਬੜਾ ਮਾੜਾ ਕਰਿਆ ਜਸਵੰਤ ਸਿੰਘ ਕੰਵਲ ਨੂੰ ਜਮਾਂ ਅੱਖੋਂ ਪਰੋਖੇ ਕਰਤਾ ਬਾਈਆਂ ਨੇ ।ਬਾਕੀ ਆਹ ਝੱਗੇ ਬਲੈਣਾਂ ਪਾਕੇ ਕੈਮਰੇ ਮੂਹਰੇ ਧਮੁੱਕ ਮਾਰਨ ਆਲੇਆਂ ਤੋਂ ਨਾ ਡਰਿਆ ਕਰੋ, ਪੰਜਾਬੀ ਨੂੰ ਬਚਾਉਣ ਆਲੇ ਬਾਬੇ ਕੰਵਲ ਅਰਗੇ
ਹਲੇ ਵੀ ਢੁੱਡੀਕੇ ਦੀ ਹਵਾ 'ਚ ਸਾਹ ਲੈ ਰਹੇ ਨੇ.....ਘੁੱਦਾ

ਬਰਨਾਲੇ ਦੀ ਸਤਾਈ ਸਤੰਬਰ

ਲੰਘੀ ਰਾਤ ਅਸੀਂ ਬਰਨਾਲੇ ਦੀ ਦਾਣਾ ਮੰਡੀ 'ਚ ਸੀਗੇ। ਸਾਰੀ ਰਾਤ ਸੱਤ ਵਜੇ ਤੋਂ ਲੈਕੇ ਤੜਕੇ ਦੇ ਛੇ ਵਜੇ ਤੀਕ ਨਾਟਕ, ਗੀਤ ਤੇ ਕੋਰੀਓਗਰਾਫੀਆਂ ਚਲਦੀਆਂ ਰਹੀਆਂ। ਜੇ ਗਰੇਆਲਾਂ ਦਾ ਗਿੱਪੀ ਜਾਂ ਸੁਲਫੇ ਸੂਟਿਆਂ ਆਲ਼ਾ ਕੋਈ ਗੈਕ ਕਲਾਕਾਰ ਆਇਆ ਹੁੰਦਾ ਤਾਂ ਕੱਠ ਬਾਹਲਾ ਹੋਣਾ ਸੀ। ਗੁਰਸ਼ਰਨ ਸਿੰਘ ਦੇ ਕਲੇਜਾ ਦੂਹਰਾ ਕਰਨ ਆਲੇ ਨਾਟਕ ਚਲਦੇ ਰਹੇ। ਮਜ਼ਾਰਾਂ ਤੇ ਪਾਈ ਚਾਦਰ ਅਰਗੇ ਹਰੇ ਰੰਗ ਦੀਆਂ ਦਰੀਆਂ ਤੇ ਪੇਂਡੂੰ ਮੁਲਖ ਦਰਸ਼ਕ ਬਣਿਆ ਬੈਠਾ ਸੀ। ਧੌਲੀਆਂ ਦਾਹੜੀਆਂ ਆਲੇ ਬਾਬੇ ਕੰਬਦੇ ਹੱਥਾਂ ਨਾਲ ਖੜਾਪ ਖੜਾਪ ਤਾੜੀਆਂ ਮਾਰਦੇ। ਦਾਣਾ ਮੰਡੀ ਦੇ ਤੇਗੇ ਲੋਟ ਚਿਣੇ ਖੜਵੰਜੇ ਤੇ ਪੈਹਲਾਂ ਚੌਂਕੜੀਆਂ ਮਾਰ ਕੇ ਬੈਠੇ ਰਹੇ, ਜਦ ਗੋਢਿਆਂ ਦਾ ਗਲੀਸ ਜਰਕਣ ਲੱਗਾ ਫੇਰ ਲੱਤਾਂ ਨਿਸਾਲ ਕੇ ਬਹਿਗੇ, ਬਿੰਦ ਝੱਟ ਲੱਕ ਵੀ ਸਿੱਧਾ ਕਰ ਤਾਰਿਆਂ ਦੀ ਝਾਤੀ ਲੈ ਲੈਂਦੇ। ਬਾਬਿਆਂ ਨੇ ਰੰਗ ਬਰੰਗੀਆਂ ਟੇਢੀਆਂ ਬੀਂਗੀਆਂ ਪੱਗਾਂ ਦੇ ਮੜਾਸੇ ਮਾਰੇ ਵਏ ਸੀ। ਅੱਸੂ ਦੀ ਸੱਜਰੀ ਠੰਢ ਕਦੇ ਕਦੇ ਲੂੰ ਕੰਢਾ ਖੜ੍ਹਾ ਕਰ ਧੁੜਧੁੜੀ ਛੇੜਦੀ ਰਹੀ। ਬਾਬਿਆਂ ਦੀਆਂ ਬੁੱਢੀਆਂ ਅੱਖਾਂ ਤੇ ਮੋਟੇ ਸੀਸੇਆਂ ਆਲੀਆਂ ਐਨਕਾਂ ਲੱਗੀਆਂ ਬੀਆਂ ਸੀ ਜੇਹਨਾਂ ਨੂੰ ਕਾਲੇ ਰੰਗਾ ਧਾਗਾ ਵੱਟਕੇ ਗਲ ਓਤ ਦੀ ਪਾਇਆ ਹੁੰਦਾ।
ਦਿੱਲੀ ਬੰਨੀਓਂ ਦਸ ਬਾਰ੍ਹਾਂ ਮੁੰਡੇ ਕੁੜੀਆਂ ਦੀ ਟੀਮ ਆਈ ਸੀ ਗੌਣ ਖਾਤਰ। ਹਿੰਦੀ ਭਾਸ਼ਾ ਨੂੰ ਪੰਜਾਬੀ ਪੁੱਠ ਚਾੜ੍ਹਕੇ ਓਪਰੀ ਜੀ ਬੋਲੀ 'ਚ ਭਗਤ ਸਿੰਘ ਦੇ ਗੀਤ ਬੜੇ ਸੁਚੱਜੇ ਢੰਗ ਨਾ ਗਾਉਂਦੇ ਰਹੇ। ਭਮਾਂ ਸਮਝ ਨਾ ਵੀ ਆਈ ਹੋਵੇ ਪਰ ਪੇਂਡੂੰ ਬਾਬੇਆਂ ਉਹਨ੍ਹਾਂ ਕਲਾਕਾਰਾਂ ਆਰੀ ਪੱਬਾਂ ਭਾਰ ਹੋ ਤਾੜੀਆਂ ਮਾਰੀਆਂ।
ਜਾਂ ਜਿਮੇਂ ਜਿਮੇਂ ਨਾਟਕ 'ਚ ਮਾੜਾ ਚੰਗਾ ਸੀਨ ਆਉਂਦਾ ਓਹੋ ਤਾਂ ਬਾਬੇ ਕਮੈਂਟ ਕਰ ਛੱਡਦੇ "ਓ ਹੋ ਹੋ ਭੈਣ ਦਿਆ ਬੀਰਾ ਤੇਰਾ ਬੇੜਾ ਤਰਜੇ" । ਗਾਲ੍ਹ ਕੱਢਦੇ ਕੱਢਦੇ ਵੀ ਮੂੰਹੋ ਅਸੀਸ ਈ ਨਿੱਕਲਦੀ । ਜਦੋਂ ਕਰਪੈਨ ਕਣਕ ਵੱਢਕੇ ਖੇਤੋਂ ਬਾਹਰ ਹੋ ਜਾਂਦੀ ਆ। ਓਦੂੰ ਬਾਅਦ ਯੂਰੀਏ ਦੇ ਖਾਲੀ ਗੱਟੇ ਚੱਕੀ ਵੇਹੜੇ ਆਲ਼ੀਆਂ ਕੁੜੀਆਂ ਸਿੱਟੇ ਚੁਗਦੀਆਂ ਫਿਰਦੀਆਂ ਹੁੰਦੀਆਂ। ਕੁਝ ਐਹੇ ਜੀਆਂ ਸਿੱਧ ਪਧਰੀਆਂ ਕੁੜੀਆਂ ਵੀ ਦੂਜੀ ਸੈੜ ਦਰਸਕਾਂ 'ਚ ਬੈਠੀਆਂ ਸੀਗੀਆਂ।
ਤੜਕੇ ਮੂੰਹ ਹੱਥ ਧੋ ਪਿੰਡ ਨੂੰ ਮੁੜਨ ਲੱਗਿਆਂ ਇੱਕ ਗੰਜੇਪਨ ਦਾ ਸ਼ਿਕਾਰ ਸ਼ੈਹਰੀ ਬਜ਼ੁਰਗ ਸਾਡੇ ਲਾਗੇ ਆਕੇ ਕੈਂਹਦਾ, "ਬਈ ਕੀ ਪ੍ਰੋਗਰਾਮ ਸੀ ਏਥੇ?" ਮਖਾ ਬਾਬਾ ਜੀ ਨਾਟਕ ਨੂਟਕ ਖੇਡਦੇ ਸੀਗੇ , ਤੁਸੀਂ ਨੀਂ ਦੇਖੇ? ਸ਼ੈਹਰੀ ਬਾਬਾ ਕੈਂਹਦਾ ,"ਮੈਂ ਤਾਂ ਹੁਣ ਤੜਕੇ ਸੈਰ ਕਰਨ ਆਇਆਂ ਸਾਨੂੰ ਨੀਂ ਪਤਾ"......ਘੁੱਦਾ

ਨਿੱਜੀਕਰਨ ਦੀ ਨੀਤੀ

108 ਨੰਬਰ ਆਲੀਆਂ ਐਬੂਲੈਂਸਾਂ ਦਾ ਰੌਲਾ ਪਿਆ ਬਾ ਬਾਦਲ ਦੀ ਫੋਟੋ ਕਰਕੇ। ਅਸਲ 'ਚ ਏਹ 108 ਐਬੂਲੈਂਸਾ ਸਾਰੀਆਂ ਪ੍ਰਾਈਵੇਟ ਨੇ। ਕੇਂਦਰ ਸਰਕਾਰ ਹਰਿੱਕ 108 ਆਲੀ ਐਬੂਲ਼ੈਂਸ ਨੂੰ ਪ੍ਰਤਿ ਮਹੀਨਾ ਇੱਕ ਲੱਖ ਅਠ੍ਹਾਰਾਂ ਹਜ਼ਾਰ ਦੇਂਦੀ ਆ। ਹੱਦ ਜ਼ੋਰ ਮਾਰਕੇ ਮਸੀਂ ਚਾਲੀ ਹਜ਼ਾਰ ਦਾ ਤੇਲ ਫੂਕਿਆ ਜਾਂਦਾ ਹੋਣਾ ਤੇ ਬਾਕੀ ਡਰੈਬਰ ਦਾ ਖਰਚਾ। ਬਾਕੀ ਸਾਰਾ ਮੁਨਾਫਾ ਨਿੱਜੀ ਕੰਪਨੀ ਨੂੰ ਹੁੰਦਾ।
ਏਮੇਂ ਜਿਮੇਂ ਬਿਜਲੀ ਮੈਹਕਮਾ ਹੌਲੀ ਹੌਲੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾ ਰਿਹਾ, ਤਾਂ ਕਰਕੇ ਸਹੇ ਦੇ ਕੰਨ ਅਰਗੇ ਪੰਜ ਪੰਜ ਸੌ ਦੇ ਚਾਰ ਨੋਟ ਬਿਜਲੀ ਦੇ ਬਿੱਲ ਤੇ ਈ ਲੱਗ ਜਾਂਦੇ ਨੇ ਹਰੇਕ ਘਰ ਦੇ । ਏਮੇਂ ਜਿਮੇਂ ਸਰਕਾਰੀ ਸਕੂਲ਼ ਠੇਕੇ ਚੜ੍ਹਦੇ ਜਾਂਦੇ ਨੇ। ਬਾਹਲੀ ਗੱਲ ਕੀ ਆ ਸਾਡੇ ਪਿੰਡ ਆਲੇ ਸਰਕਾਰੀ ਸਪੋਟਸ ਸਕੂਲ਼ 'ਚ ਪ੍ਰੈਂਸੀਪਲ ਵੀ ਠੇਕੇ ਤੇ ਆ ਹੁਣ , ਨਮੇਂ ਭਰਤੀ ਟੀਚਰ ਬਚਾਰੇ ਪੰਜ ਸੱਤ ਹਜ਼ਾਰ ਦੇ ਲੱਗਦੇ ਨੇ ਤੇ ਨਾਲਦੀ ਕੁਰਸੀ ਤੇ ਬੈਠਾ ਪੁਰਾਣਾ ਟੀਚਰ ਦੁੱਗਣੇ ਤੋਂ ਵੱਧ ਪੈਸੇ ਲੈਂਦਾ। ਮੈਨਟਲੀ ਟੌਰਚਰ ਕਰਨ ਦਾ ਤਰੀਕਾ ਏਹ।
ਜਦੋਂ ਡੀਜ਼ਲ ਦਾ ਰੇਟ ਪੰਜ ਰੁਪੈ ਪ੍ਰਤਿ ਲੀਟਰ ਹੋਇਆ ਸੀ ਤਾਂ ਕਿਸਾਨ ਜੂਨੀਅਨ ਦੇ ਆਗੂ ਸ਼ਿੰਗਾਰਾ ਸਿੰਘ ਨੇ ਸੱਥ 'ਚ ਖੜ੍ਹਕੇ ਲੋਕਾਂ ਨੂੰ ਕਿਹਾ ."ਪਰਧਾਨ ਕੱਠੇ ਹੋਕੇ ਲੜੋ ਨਹੀਂ ਤਾਂ ਡੀਜ਼ਲ ਛੇਤੀ ਬੀਹ ਰੁਪੈ ਲੀਟਰ ਹੋਜੂ" । ਪੈਲੇ ਪਾਸੇ ਬੈਠਾ ਬਜ਼ੁਰਗ ਕੈਂਹਦਾ ਪਰਧਾਨ ਕਿਓਂ ਭੋਰਦਾਂ ? ਬੀਹ ਰੁਪੈ ਕੇਹੜੇ ਹਸਾਬ ਨਾ ਹੋਜੂ?" ਮਤਲਬ ਓਦੋਂ ਗੱਲ ਬੜੀ ਓਪਰੀ ਲੱਗਦੀ ਸੀ ਪਰ ਹੁਣ ਪੰਜਾਹ ਨੂੰ ਹੋਗਿਆ ਡੀਜ਼ਲ।
ਓਦੋਂ ਤੇਲ ਸਰਕਾਰੀ ਹੱਥਾਂ 'ਚ ਸੀ, ਪਰ ਹੁਣ ਪ੍ਰਾਈਵੇਟ ਕੰਪਨੀਆਂ ਮਨਮਰਜ਼ੀ ਦਾ ਰੇਟ ਵਧਾਉਂਦੀਆਂ। ਚੌੜ ਦੀ ਗੱਲ ਨੀਂ , ਐਸੇ ਚਲੰਤ ਸਾਲ 'ਚ ਪੈਟਰੋਲ ਬੀਹ ਰੁਪੈ ਵਧਗਿਆ।
ਨਮੀਂ ਪਨੀਰੀ ਟੈਲੀਫੂਨ ਕੰਪਨੀਆਂ ਨੇ ਨੈੱਟ ਚਲੌਣ ਕਰਕੇ ਚਾਟ ਤੇ ਲਾਲੀ ਹੁਣ। ਨੈੱਟ ਪੈਕ ਜਾਂ ਟਾਕਟਾਈਮ ਘੱਟ ਮਿਲਦਾ ਪਰ ਪੈਸੇ ਓਨੇ ਈ ਦੇਣੇ ਪੈਂਦੇ ਨੇ। ਡੱਡੀਆਂ ਦੇ ਮੰਮੇ ਉੱਗ ਆਏ। ਧੁੰਦ ਲਹਿਗੀ, ਗੱਲਾਂ ਸਾਫ ਨੇ , ਇੱਕੋ ਇੱਕ ਹੱਲ ਰਹਿ ਗਿਆ ਲੋਕਾਂ ਦਾ ਲਾਮਬੰਦ ਹੋਣਾ ਬਣਦਾ ਤੇ ਜੇ ਨਹੀਂ ਕੱਠੇ ਹੋਣਾ ਫੇਰ ਆਥਣੇ ਅੰਨੇ ਦੀ ਹਿੱਕ ਅਰਗੇ ਪੰਜ ਸੱਤ ਮੰਨ ਪਾੜਕੇ ਦੰਦਾਂ 'ਚ ਡੱਕਾ ਫੇਰ ਲਿਆ ਕਰੋ ਤੇ ਇੱਕ ਨੰਬਰ ਤੇ ਪੱਖੇ ਦੀ ਸੁੱਚ ਮਰੋੜ ਕੇ ਟੈਮ ਨਾ ਸੌਂਜਿਆ ਕਰੋ....ਘੁੱਦਾ

ਰਾਵਣ ਭੂਆ ਕੋਲੇ

ਕੇਰਾਂ ਏਮੇਂ ਜਿਮੇਂ ਆਹੀ ਅੱਸੂ ਕੱਤੇ ਜੇ ਦੇ ਦਿਨ ਭਰਾਵਾ। ਦਸ਼ੈਹਰਾ ਨੇੜੇ ਈ ਸੀਗਾ। ਲੈਂਕਾ ਆਲੇ ਰਾਵਣ ਅਰਗੇਆਂ ਦੀ ਭੂਆ ਜੈਤੋ ਕੋਲ ਚੰਦਭਾਨ ਵਿਆਹੀ ਵਈ ਸੀ। ਭੂਆ ਨੇ ਕੋਡ ਲੰਬਰ ਲਾਕੇ ਸ੍ਰੀ ਲੈਂਕਾ ਆਵਦੇ ਪੇਕੀਂ ਫੂਨ ਲਾਲਿਆ ਤੇ ਆਵਦੀ ਭਾਬੀ ਨੂੰ ਕੈਂਹਦੀ ਜਵਾਕ ਲੈਕੇ ਆਜਾ , ਚਾਰ ਦਿਨ ਜਵਾਕ ਚੰਦਭਾਨ ਰਹਿ ਜਾਣਗੇ ।
ਮੇਘਨਾਥ, ਕੁੰਭਕਰਨ ਤੇ ਨਿੱਕਾ ਰਾਵਣ ਆਵਦੀ ਬੇਬੇ ਨਾ ਪੰਜਾਬ ਆਗੇ । ਬਠਿੰਡੇ ਅੱਡੇ 'ਚ ਆਕੇ ਰਾਵਣ ਬੀਚਰ ਗਿਆ ਭੁੰਜੇ ਲਿਟ ਲਿਟ ਅੱਡੀਆਂ ਰਗੜੇ ਨਾਲੇ ਆਵਦੀ ਬੇਬੇ ਦਾ ਝੱਗਾ ਖਿੱਚੇ ਫੁੱਲ ਗਲਾਰੀ ਕੈਂਹਦਾ ਐਨਕਾਂ ਲੈਣੀਆਂ। ਰਾਵਣ ਦੀ ਬੇਬੇ ਨੂੰ ਪਤਾ ਸੀ ਬੀ ਇੱਕ ਐਨਕ ਨਾ ਤਾਂ ਸਰਨਾ ਨੀਂ ਦਸ ਸਿਰ ਆ ਰਾਵਣ ਦੇ ਦਸ ਐਨਕਾਂ ਲੈਣੀਆਂ ਪੈਣਗੀਆਂ। ਹਾਰਕੇ ਲੈਤੀਆਂ ਭਰਾਵਾ ਐਨਕਾਂ। ਐਨਕਾਂ ਊਨਕਾਂ ਲਾਕੇ ਰਾਵਣ ਜੈਕੀ ਸ਼ਰਾਫ ਬਣਿਆ ਫਿਰੇ ਤੇ ਅੱਡੇ 'ਚ ਚਾਰ ਪੰਜ ਗੇੜੇ ਲਾਗਿਆ ਹਵਾ ਹਵਾ 'ਚ।
ਮੁੜਕੇ ਕੈਂਹਦਾ ਬੇਬੇ ਕੇਲੇ ਲਿਆ ਦਰਜਨ, ਢਿੱਡ 'ਚ ਚੂਹੇ ਨੱਚੀ ਜਾਂਦੇ ਆ। ਕੇਲੇ ਫੜ੍ਹਲੇ ਰੇਹੜੀ ਤੋਂ । ਆਅਅਅ ਕੀ ਦਸ ਮੂੰਹ ਸੀਗੇ ਰਾਵਣ ਦੇ ਕੱਲਾ ਈ ਦਸ ਕੇਲੇ ਸੁੰਭਰ ਗਿਆ। ਬਾਕੀ ਬਚਦੇ ਦੋ ਕੇਲੇ ਖਾਕੇ ਮੇਘਨਾਥ ਤੇ ਕੁੰਭਕਰਨ ਸੈੜ ਤੇ ਹੋਗੇ। ਐਨੇ ਨੂੰ ਚੰਦਭਾਨ ਆਲੀ ਬੱਸ ਆਗੀ ਭਰਾਵਾ, ਫੇਰ ਬਸ ਚੜ੍ਹਨ ਲੱਗੇ ਰਾਵਣ ਦੇ ਸਿਰ ਅੜਗੇ ਬਾਰੀ 'ਚ। ਮਸਾਂ ਬੀਂਗਾ ਟੇਢਾ ਕਰਕੇ ਚੜ੍ਹਾਇਆ ਹਾਰਕੇ ਪਿਛਲੀ ਕਨੈਟਰ ਸੀਟ ਤੇ ਬਹਾਤਾ ਬੋਚ ਕੇ ਜੇ।
ਸਵਾਰੀਆਂ ਸੈੜ ਤੇ ਹੋਕੇ ਬੈਹਗੀਆਂ, ਪੰਜਾਬ 'ਚ ਐਹੇ ਜਾ ਬੰਦਾ ਪਹਿਲੀ ਆਰੀ ਦੇਖਿਆ ਸੀਗਾ।
ਜਾਵੜੇ ਭਰਾਵਾ ਭੂਆ ਘਰੇ। ਭੂਆ ਮੇਘਨਾਥ ਤੇ ਕੁੰਭਕਰਨ ਦਾ ਸਿਰ ਪਲੋਸ ਕੇ ਸੈੜ ਤੇ ਹੋਗੀ ਫੇਰ ਰਾਵਣ ਆਗਿਆ , ਦਸ ਮਿੰਟ ਤਾਂ ਰਾਵਣ ਦੇ ਸਿਰ ਪਲੂਸਣ ਤੇ ਈ ਲੱਗਗੇ। ਆਥਣੇ ਨਾਹ ਨੂਹ ਲੀੜਾ ਲੱਤਾ ਬਦਲਕੇ ਰਾਵਣ ਸੱਥ 'ਚ ਆਗਿਆ । ਓਥੇ ਬੰਦਾ ਬੈਠਾ ਬੀੜੀ ਪੀ ਜਾਵੇ। ਰਾਵਣ ਕੈਂਹਦਾ, "ਪਰਧਾਨ ਬੀੜੀ ਪਿਆ ਜਰ ਲੰਕਾ 'ਚ ਤਾਂ ਸਮੋਕਿੰਗ ਅਲਾਊਡ ਈ ਨੀਂ"। ਰਾਵਣ ਨੇ ਤਾਂ ਭਰਾਵਾ ਦਸ ਬੀੜੀਆਂ ਲਾਲੀਆਂ ਅੱਡੋ ਅੱਡ ਮੂੰਹਾਂ 'ਚ। ਆਅਅ ਕੀ ਭੱਠੇ ਜਿੰਨਾ ਧੂੰਆਂ ਕੱਢੇ ਕੱਲਾ ਈ। ਪਿੰਡ ਬਿੜਕਾਂ ਲੈਂਦਾ ਫਿਰੇ ਬੀ ਅੱਗ ਕਿੱਥੇ ਲਾਗੀ......ਘੁੱਦਾ

Wednesday, 25 September 2013

ਬਾਬੂ ਰਜਬ ਅਲੀ ਖਾਨ

ਧਮਾਲੀ ਖਾਂ ਨੇ ਆਵਦੇ ਪੁੱਤ ਰਜਬ ਅਲੀ ਖਾਨ ਨੂੰ ਕੰਧਾੜੇ ਚੱਕਿਆ ਬਾ ਸੀ ਤੇ ਸਕੂਲੇ ਛੱਡਣ ਜਾਂਦਾ ਸੀ। ਪਿੰਡ ਸਾਹੋਕੇ ਦੀ ਸੱਥ ਕੋਲੋਂ ਲੰਘਣ ਲੱਗਿਆਂ ਕਿਸੇ ਜੱਟ ਨੇ ਚੱਬਕੇ ਗੱਲ ਕੀਤੀ ਕੈਂਹਦਾ ,"ਕਿਮੇਂ ਪਰਧਾਨ ਮੁੰਡੇ ਨੂੰ ਪੜ੍ਹਾ ਕੇ ਬਾਬੂ ਲਾਉਣਾ?"
ਧਮਾਲੀ ਖਾਂ ਨੇ ਥੱਲੇ ਬਹਿ ਧਰਤੀ ਤੇ ਦੋ ਲੀਕਾਂ ਵਾਹਕੇ ਸੱਥ 'ਚ ਕੈਹਤਾ," ਜੇ ਜਿਓਦਾਂ ਰਿਹਾ ਤਾਂ ਪੁੱਤ ਨੂੰ ਬਾਬੂ ਈ ਬਣਾਊਂ"
ਰਸੂਲੋਂ ਓਵਰਸੀਅਰ ਕਰਕੇ ਰਜਬ ਅਲੀ ਖਾਨ ਮਲਵਈਆਂ ਦੀ ਰੂ੍ਹ "ਬਾਬੂ" ਰਜਬ ਅਲੀ ਬਣਿਆ। ਇੱਕ ਮਿੱਥ ਬਣੀ ਵਈ ਸੀ ਕਿ ਢਾਲਾ ਹਵਾ 'ਚ ਉਛਾਲੋ ਤੇ ਜਦ ਤੱਕ ਢਾਲਾ ਮੁੜਕੇ ਭੁੰਜੇ ਡਿੱਗਦਾ ਐਨੇ 'ਚ ਰਜਬ ਅਲੀ ਕੁਸ ਨਾ ਕੁਸ ਲਿਖ ਦਿੰਦਾ।
ਬਠਿੰਡੇ ਹਾਜੀਰਤਨ ਮੇਲੇ ਤੇ ਜਮਾਂ ਮੌਕੇ ਤੇ ਛੰਦ ਜੋੜਕੇ ਰਜਬ ਅਲੀ ਨੇ ਸੁਣਾਇਆ ਤੇ ਸਰਬੋਤਮ ਕਵੀਸ਼ਰ ਦਾ ਅਵਾਰਡ ਲੈਤਾ। ਰਜਬ ਅਲੀ ਦਾ ਸਭ ਤੋਂ ਵੱਡਾ ਗੁਣ ਏਹ ਸੀ ਮੁਸਲਮਾਨ ਹੁੰਦਿਆਂ ਹੋਇਆਂ ਵੀ ਉਹਨ੍ਹਾਂ ਨੇ ਤਿੰਨੇ ਕੌਮਾਂ ਦਾ ਬਰਾ-ਬਰੋਬਰ ਸਤਕਾਰ ਕਰਿਆ ਨਾਲੇ ਤਕਰੀਬਨ ਦੋ ਹਜ਼ਾਰ ਸਿੱਖ ਕਵਤਾਵਾਂ ਲਿਖੀਆਂ ਸੀ। ਲਿਖਣ ਨੂੰ ਤਾਂ ਮੇਰੇ ਅਰਗੇ ਨੌਤੀ ਸੌ ਲਿਖੀ ਜਾਂਦੇ ਨੇ ਪਰ ਬੈਂਤ, ਛੰਦ, ਦੋਹਰਾ, ਕਬਿੱਤ ਤੇ ਹੋਰ ਨਮੀਆਂ ਤਕਨੀਕਾਂ ਬਾਬੂ ਰਜਬ ਅਲੀ ਖਾਨ ਦੀ ਹੀ ਦੇਣ ਸੀ।
ਰਜਬ ਅਲੀ ਦੀ ਪਰਸਿੱਧੀ ਦੀ ਬਾਹਲ਼ੀ ਵਜ੍ਹਾ ਇਹੋ ਸੀ ਕਿ ਉਹ ਸੱਥ 'ਚ ਬੈਠੇ ਬਾਬਿਆਂ ਦੇ ਸਮਝ ਆਉਣ ਆਲ਼ੀ ਗੱਲ ਜਮਾਂ ਠੇਠ ਪੰਜਾਬੀ 'ਚ ਲਿਖਦੇ ਰਹੇ। ਰਜਬ ਅਲੀ ਖਾਨ ਹੋਣਾਂ ਦੀ "ਬਾਬੂ" ਦੇ ਅਹੁਦੇ ਤੋਂ ਪ੍ਰਮੋਸ਼ਨ ਹੋਣੀ ਸੀ। ਪਰ ਉਹਨ੍ਹੀਂ ਦਿਨੀਂ ਕਿਸੇ ਨੇ ਅੰਗਰੇਜ਼ਾਂ ਕੋਲ ਸ਼ਕੈਤ ਕਰਤੀ ਬੀ ਰਜਬ ਅਲੀ ਇਨਕਲਾਬੀ ਮਟੀਰੀਅਲ ਲਿਖਦਾ। ਤੇ ਜਦੋਂ ਅੰਗਰੇਜ਼ ਮਹਿਕਮੇ ਨੇ ਰਜਬ ਅਲੀ ਦੀ ਨਹਿਰੀ ਕੋਠੀ ਛਾਪਾ ਮਾਰਿਆ ਤਾਂ ਰੋਜ਼ਨਾਮਚੇ ਵਿੱਚ ਈ ਇਨਕਲਾਬੀ ਕਵਿਤਾਵਾਂ ਪਈਆਂ ਸੀ, ਜਿਸ ਕਰਕੇ ਰਜਬ ਅਲੀ ਪ੍ਰਮੋਟ ਨਾ ਹੋ ਸਕਿਆ।
ਤੇ ਸਭ ਤੋਂ ਖਾਸ ਗੱਲ ਅੱਜ ਕੱਲ੍ਹ ਟੀ. ਵੀ ਚੈਨਲਾਂ ਤੇ ਚੱਲਦਾ "ਨਾਬਰ" ਫਿਲਮ ਦਾ ਗੀਤ "ਪੰਜ ਪਸਤੌਲਾਂ ਵਾਲੇ ਕਰਦੇ ਫੈਰ ਫਿਰੰਗੀ ਤੇ",
ਏਹ ਗੀਤ ਬਾਬੂ ਰਜਬ ਅਲੀ ਖਾਨ ਹੋਣਾਂ ਦਾ ਈ ਲਿਖਿਆ ਵਾ। ਓਦੋਂ ਮੇਲਿਆਂ ਤੇ ਵੱਜਦੇ ਸੀ ਹੁਣ ਟੀ.ਵੀਆਂ ਤੇ ਵੀ ਰਜਬ ਅਲੀ ਵੱਜਦਾ...ਬੱਸ ਗੱਭਰੂ ਈ ਹੁੰਦੇ ਜਾਣਗੇ ਬਾਬੇ, ਕਦੇ ਨਹੀਂ ਮਰਦੇ.....ਘੁੱਦਾ

ਕੇਰਾਂ ਪੜ੍ਹੀਂ ਪੰਜਾਬੀ ਨੂੰ

ਗੁਰ ਅੰਗਦ ਦੀ ਪੈਂਤੀ ਪੜ੍ਹੀਂ ਗੁਰਦਾਸ ਦੀਆਂ ਵਾਰਾਂ
ਆ ਪੰਜਾਬੀਏ ਕੋਲੇ ਬੈਹਜਾ ਤੇਰੀ ਜੁਲਫ ਸਵਾਰਾਂ
ਗੁਰ ਅਰਜਨ ਕੱਠਾ ਕੀਤਾ ਖਿੱਲਰੀ ਮਾਂ-ਬੋਲੀ ਨੂੰ
ਗ੍ਰੰਥਾਂ ਦੇ ਵਿੱਚ ਮਾਣ ਬਖਸ਼ਿਆ ਸੀ ਗੋਲੀ ਨੂੰ
ਨਾਨਕ ਬਾਬਾ ਪੜ੍ਹੀਂ ਨਾਲੇ ਗੋਬਿੰਦ ਇੰਕਲਾਬੀ ਨੂੰ
ਮੋਹ ਪੈਜੂਗਾ ਨਿੱਕਿਆ ਕੇਰਾਂ ਪੜ੍ਹੀਂ ਪੰਜਾਬੀ ਨੂੰ

ਬਾਬਾ ਬੁੱਲ੍ਹਾ, ਵਾਰਿਸ ਸ਼ਾਹ ਪੜ੍ਹੀਂ ਹੁਸੈਨ ਨੂੰ
ਪੀਲੂ, ਹਾਸ਼ਮ ਵੀ ਨਾ ਛੱਡਦੇ ਕੁਝ ਕਹਿਣ ਨੂੰ
ਸ਼ਾਹ ਮੁਹੰਮਦ ਕਿੱਸੇ ਲਿਖੇ ਫਿਰੰਗੀਆਂ ਦੇ
ਗੰਢਾ ਨਾਲੇ ਕਾਨ੍ਹ ਸਿਹੁੰ ਗਵਾਹ ਨੇ ਜੰਗੀਆਂ ਦੇ
ਪੜ੍ਹੀਂ ਕਿਤੇ ਬੀਰਬਲ ਦੀ ਹਾਜ਼ਰ ਜਵਾਬੀ ਨੂੰ
ਮੋਹ ਪੈਜੂਗਾ ਨਿੱਕਿਆ ਕੇਰਾਂ ਪੜ੍ਹੀਂ ਪੰਜਾਬੀ ਨੂੰ

ਪਾਸ਼, ਸ਼ਿਵ ਨਾਲੇ ਮਾਪੀਂ ਪਾਤਰ ਦੀ ਡੂੰਘਾਈ ਨੂੰ
ਗਜ਼ਲਾਂ ਵਿੱਚਦੀ ਲਿਖ ਗਿਆ ਜੱਜ ਲੋਕਾਈ ਨੂੰ
ਮਾਨ ਮਰਾੜਾਂ, ਪ੍ਰਗਟ ਲਿੱਧੜਾਂ ਸੁਣੀਂ ਹਠੂਰ ਨੂੰ
ਅੰਮ੍ਰਿਤਾ ਪ੍ਰੀਤਮ ਬੰਨੇ ਲਾਇਆ ਬੇੜੀਂ ਦੇ ਪੂਰ ਨੂੰ
ਦੁਨੀਆਂ ਕਰੇ ਸਲਾਮਾਂ ਬਾਬੂ ਦੀ ਟੌਰ੍ਹ ਨਵਾਬੀ ਨੂੰ
ਮੋਹ ਪੈਜੂਗਾ ਨਿੱਕਿਆ ਕੇਰਾਂ ਪੜ੍ਹੀਂ ਪੰਜਾਬੀ ਨੂੰ

ਕੰਵਲ ਨਾਲੇ ਗੁਰਦਿਆਲ ਵੀ ਪੜ੍ਹਾਈਂ ਜਵਾਕਾਂ ਨੂੰ
ਵੀਨਾ ਵਰਮਾ ਜਾਂ ਬਲਦੇਵ ਜਹੇ ਬੇਬਾਕਾਂ ਨੂੰ
ਦੁੱਲਾ, ਸੁੱਚਾ, ਜਿਓਣਾ ,ਜੱਗੇ ਜਹੇ ਪਾਤਰਾਂ ਨੂੰ
ਕਨੌੜਾ, ਹੋੜਾ, ਟਿੱਪੀ ਕੰਨਾਂ ਲਗਾਂ ਮਾਤਰਾਂ ਨੂੰ
ਢੱਡ, ਸਰੰਗੀ, ਅਲਗੋਜ਼ੇ ਜਾਂ ਸੁਣੀ ਰਬਾਬੀ ਨੂੰ
ਮੋਹ ਪੈਜੂਗਾ ਨਿੱਕਿਆਂ ਕੇਰਾਂ ਪੜ੍ਹੀਂ ਪੰਜਾਬੀ ਨੂੰ.......ਘੁੱਦਾ

ਪਰਤਿਆਈਆਂ ਗੱਲਾਂ........ਸੀਜ਼ਨ 4

ਪਰਤਿਆਈਆਂ ਗੱਲਾਂ........ਸੀਜ਼ਨ 4 ( ਸਹਿ ਨਿਰਮਾਤਾ - ਘੜੀ ਡਿਟਰਜੈਂਟ )
1. ਆਪਣੇ ਮੁਲਖ ਨੇ ਜਦੋਂ ਮੁੰਡਾ ਵਿਆਹੁਣਾ ਹੁੰਦਾ ਮਲਬ ਜਦੋਂ ਦਾਜ ਲੈਣਾ ਹੁੰਦਾ ਓਦੋਂ ਆਖਣਗੇ ," ਲੈ ਦੱਸ ਦਾਜ ਤਾਂ ਲੈਣਾ ਈ ਆ, ਏਹ ਤਾਂ ਪਹਿਲੇ ਦਿਨੋਂ ਈ ਬਣਿਆ ਆਇਆ "। ਤੇ ਜਦੋਂ ਕੁੜੀ ਵਿਆਹੁਣ ਵੇਲੇ ਦਾਜ ਦੇਣਾ ਪੈਂਦਾ ਓਦੋਂ ਏਹੀ ਮੁਲਖ ਕੈਂਹਦਾ, "ਪਰਧਾਨ ਕੁੱਤੇ ਰਬਾਜ ਆ ਏਹਤਾ ਦੁਨੀਆਂ ਦੇ"
2. ਤੜਕੇ ਆਥਣੇ ਹਰਿੱਕ ਘਰੇ ਟੀਬੀ ਦੀ ਸੁੱਚ ਛੱਡਕੇ ਹਰਮੰਦਰ ਸਾਬ੍ਹ ਦੀ ਗੁਰਬਾਣੀ ਜ਼ਰੂਰ ਚਲਾਉਣਗੇ, ਪਰ ਸੁਣਦਾ ਕੋਈ ਨੀਂ।
3. ਜੇਹੜੇ ਬਾਬੇ ਤੇ ਕੇਰਾਂ ਬਲਾਤਕਾਰ ਦਾ ਪਰਚਾ ਹੋਜੇ, ਮੁੜਕੇ ਉਹ ਬਾਬਾ ਬਹੁਤ ਤਰੱਕੀ ਕਰਦਾ। ਵਰ ਈ ਆ ਏਹਬੀ ਇੱਕ ਤਰ੍ਹਾਂ ।
4. PTC ਚੈਨਲ ਤੇ ਤੜਕੇ ਅੱਠ ਵਜੇ ਤੋਂ ਸਾਢੇ ਅੱਠ ਵਜੇ ਤੱਕ ਇੱਕ ਬੰਦੇ ਦਾ ਨਾਂ ਈ ਬੋਲਿਆ ਜਾਂਦਾ ,"ਬਬਲੀ ਸਿੰਘ ਪੇਸ਼ ਕਰਦੇ ਨੇ" ।
5. ਪੰਜਾਬੀ ਬੰਦਾ ਜਦੋਂ ਹਲਵਾਈ ਦੀ ਦੁਕਾਨ ਤੇ ਜਾਂਦਾ, ਲੈਣੇ ਭਮਾਂ ਅੱਧਾ ਕਿੱਲੋ ਰਸਗੁੱਲੇ ਈ ਹੁੰਦਾ ਆ ਪਰ ਪਾਈਪਾ ਪੱਕੇ ਮਟਰ ਚੱਕਕੇ ਊਂਈ ਖਾ ਜਾਂਦਾ ਮੁਖਤ।
6. .ਫਿਲਮਾਂ ਆਲੇ ਸਹਿ ਕਲਾਕਾਰ ਭੱਲੇ, ਘੁੱਗੀ ਅਰਗੇ ਜਾਂ ਹੋਰ ਐਗਟਰਨੀਆਂ ਜਦੋਂ ਵੇਹਲੀਆਂ ਹੁੰਦੀਆਂ ਇੱਕ ਚੀਜ਼ ਦੀ ਈ ਮਸ਼ੂਹਰੀ ਕਰਦੇ ਨੇ ਏਹੇ,"ਤਾਰਾ ਫੀਡ ਜਾਂ ਟਿਵਾਣਾ ਫੀਡ"
7.. ਜੈਹੇ ਜੇ ਚੁਟਕਲੇ ਸੁਣ ਸੁਣ ਨਬਜੋਤ ਸਿੱਧੂ ਬਾਹਲਾ ਖੁੱਲ੍ਹ ਕੇ ਹੱਸਦਾ ਐਹੇ ਜੇ ਚੁਟਕਲੇ ਸੁਣਕੇ ਸਾਡੇ ਬੰਨੀਂ ਐਂ ਕੈਂਹਦੇ ਆ ," ਪਰਧਾਨ ਕਿਓਂ ਭੋਰੀ ਜਾਣਾਂ ਜਰ"
8. ਪਿੰਡਾਂ ਆਲੇ ਜ਼ਿੰਦਗੀ 'ਚ ਚੰਡੀਗੜ੍ਹ ਦੋ ਆਰੀ ਜਾਂਦੇ ਨੇ, ਇੱਕ ਆਰੀ ਤਾਂ ਮਟਕੇ ਚੌਂਕ 'ਚ ਧਰਨਾ ਲਾਉਣ ਤੇ ਦੂਜੀ ਆਰੀ ਪਾਸਪੋਰਟ ਬਣਾਉਣ.....ਘੁੱਦਾ