Tuesday 28 April 2015

ਪਰਤਿਆਈਆਂ ਵਈਆਂ ਗੱਲਾਂ....( ਵਿਸਾਖ )

ਪਰਤਿਆਈਆਂ ਵਈਆਂ ਗੱਲਾਂ....( ਵਿਸਾਖ )
1. ਜਦੋਂ ਕੋਈ ਜਣਾ ਡੂਢ ਡੂਢ ਘੈੰਟਾ ਕੁੜੀ ਨਾ ਫੂਨ ਤੇ ਗਰਾਰੀ ਸਿੱਟੀ ਰੱਖਦਾ ਓਦੋਂ ਮੇਰੇ ਤੇਰੇ ਅਰਗਾ ਛੜਾ ਕੋਲ ਬੈਠਾ ਆਹ ਸਵਾਲ ਜ਼ਰੂਰ ਕਰਦਾ,"ਪਰਧਾਨ ਐਨਾ ਟੈਮ ਕੀ ਗੱਲਾਂ ਕਰਦੇ ਆ ਜਰ"।
2. ਬੇਬੇ ਅਰਗੀਆਂ ਜਵਾਕਾਂ ਨੂੰ ਤੜਕੇ ਉਠਾਉਣ ਖਾਤਰ ਗਰਮੀਆਂ 'ਚ ਪੱਖਾ ਬੰਦ ਕਰ ਜਾੰਦੀਆਂ ਤੇ ਸਿਆਲ 'ਚ ਰਜਾਈ ਖਿੱਚ ਕੇ ਪਾਸੇ ਧਰ ਦੇਦੀੰਆਂ।
3. ਬੰਬੇ ਬੰਨੀਂ ਖਾਨ ਫਿਲਮਾਂ ਬਣਾਉਣ ਦਾ ਕਿੱਤਾ ਕਰਦੇ ਆ ਤੇ ਪੰਜਾਬ 'ਚ ਬਾਹਲੇ ਖਾਨ ਟੁੱਟੀਆਂ ਹੱਡੀਆਂ ਸੂਤ ਕਰਦੇ ਨੇ।
4. ਪਿੰਡਾਂ ਆਲਿਆਂ ਨੂੰ ਵੀਹ ਵੀਹ ਸਾਲ ਹੋਗੇ ਕ੍ਰਿਕਟ ਦੇਖਦਿਆਂ ਨੂੰ ਪਰ ਹਜੇ ਵੀ ਪੱਟੂ ਵਿਕਟ ਨੁੰ ਵਿਰਕਟ ਈ ਆਖਣਗੇ।
5. ਸੈਲਫ ਕੌੰਨਫੀਡੈਂਸ ਹੈਨੀ ਆਪਣੇ ਮੁਲਖ 'ਚ। ਪੇਪਰ ਸ਼ੁਰੂ ਕਰਨ ਤੋਂ ਪਹਿਲਾਂ OMR ਸ਼ੀਟ ਵੀ ਨਕਲ ਮਾਰਕੇ ਈ ਭਰਦੇ ਨੇ।
6. ਫੇਸਬੁੱਕ ਤ ਫੋਟੋ ਅਪਲੋਡ ਕਰਨ ਵੇਲੇ ਮੁਲਖ ਨਾਲਦੇ  ਦੇ ਕੂਹਣੀ ਮਾਰਕੇ ਆਹੀ ਗੱਲ ਪੁੱਛਦਾ,"ਪਰਧਾਨ ਫੋਟੋ ਦੇ ਨਾਲ ਕੀ ਲਿਖੀਏ ਜਰ"
7. ਰਾਤ ਨੂੰ ਅੱਠ ਵਜੇ ਈ ਬੇਬੇ ਹੋਣੀਂ ਆਖਣ ਲੱਗ ਜਾਂਦੀਆਂ  ,"ਛੋਹਰੋ ਟਿਕੀਦਾ ਨੀਂ ਥੋਥੋਂ ਅੱਧੀ ਰਾਤ ਹੋਗੀ।" ਤੇ ਤੜਕੇ ਪੰਜ ਵਜੇ ਹੁੱਜ ਮਾਰਕੇ," ਉੱਠਪੋ ਬਸ਼ਰਮੋ ਬਾਹਰ ਤਾਂ ਧੁੱਪ ਮੱਚੀ ਪਈ ਆ।" ਪੰਜ ਛੇ ਘੈੰਟੇ ਮੂਹਰੇ ਚੱਲਦੀਆਂ ਬੇਬੇ ਹੋਣੀਂ।......ਘੁੱਦਾ

ਬੰਦਾ ਸਿੰਘ

ਅਠਾਰਵੀਂ ਸਦੀ ਦੇ ਪਹਿਲੇ ਦਹਾਕੇ ਦਾ ਅੰਤਲਾ ਸਾਲ ਸੀ
ਸਰਹੰਦ ਤੋਂ ਦਸ ਮੀਲ ਦੀ ਵਿੱਥ ਤੇ ਬੰਦੇ ਦੀ ਫੌਜ ਦਾ ਟਿਕਾਣਾ ਸੀ
ਸੂਰਜ ਲਹਿੰਦੇ ਵੱਲ ਕਦੋਂ ਦਾ ਡੁੱਬ ਚੁੱਕਾ ਸੀ।
ਭੋਇੰ ਤੇ ਲੰਮੇ ਪਏ ਬੰਦੇ ਨੇ ਤਾਰਿਆਂ ਦੀ ਮੰਜੀ ਵੱਲ ਵੇਖਕੇ ਸਮੇਂ ਦਾ ਅੰਦਾਜ਼ਾ ਲਾਇਆ।
ਰਾਤ ਅੱਧੋੰ ਲੰਘ ਗਈ ਸੀ।
ਕੋਲ ਬੱਧੇ ਘੋੜੇ ਨੇ ਨਾਸਾਂ ਫੁਰਕਾਰਕੇ ਬੰਦੇ ਦਾ ਧਿਆਨ ਖਿੱਚਿਆ।
ਬੰਦੇ ਨੇ ਫੌਜ ਵੱਲ ਨਿਗਾਹ ਮਾਰੀ।
ਕੋਈ ਦੁਆਬੀਆ ਸਿੰਘ ਤੰਬੂ ਨੂੰ ਖਿੱਚ ਪਾਉਣ ਖਾਤਰ ਗੱਡੇ ਕਿੱਲੇ ਤੇ ਪੈਰ ਧਰੀ ਖਲੋਤਾ ਮਾਝੇ, ਮਾਲਵੇ ਦੇ ਸਿੰਘਾਂ ਦੀ ਬੋਲੀ ਸੁਣ ਹੱਸ ਰਿਹਾ ਸੀ।
ਮਝੈਲ ਗੱਭਰੂ ਅੱਜ ਈ ਆਕੇ ਫੌਜ ਵਿੱਚ ਰਲੇ ਸੀ।
ਕੋਈ ਜਣਾ ਨੀਝ ਲਾਕੇ ਤਲਵਾਰ ਦੀ ਧਾਰ ਦੇਂਹਦਾ ਤੇ ਹੋਰ ਤਿੱਖੀ ਕਰਨ ਦੀ ਵਿਓੰਂਤ ਕਰਦਾ।
ਥੋੜ੍ਹੀ ਵਿੱਥ ਤੇ ਬਲਦੀ ਅੱਗ ਦਾ ਚਾਨਣ ਬੰਦੇ ਦੇ ਚਿਹਰੇ ਦੇ ਇੱਕ ਪਾਸੇ ਨੂੰ ਰੁਸ਼ਨਾ ਰਿਹਾ ਸੀ।
ਹੁਣ ਨੀਂਦ ਨੇ ਬੰਦੇ ਨੂੰ ਦੱਬ ਲਿਆ।
ਸੁਪਨੇ ਵਿੱਚ ਹੱਥੀਂ ਤੀਰ ਫੜ੍ਹੀ ਬੈਠਾ ਕੋਈ ਬਾਬਾ ਦਿੱਸਿਆ।
ਬਾਬਾ ਕਿਸੇ ਸੂਹੀਏ ਨੂੰ ਉਡੀਕ ਰਿਹਾ ਸੀ।
ਸਾਹਮਣੇ ਆਏ ਸੂਹੀਏ ਨੇ ਅੱਖਾਂ ਨਿਵਾਕੇ ਦੱਸਿਆ," ਗੁਰੂ ਸਾਹਬ, ਵਜ਼ੀਰੇ ਨੇ ਥੋਡੇ ਛੋਟੇ ਪੁੱਤ ਨਿਓਆਂ ਵਿੱਚ ਚਿਣ ਦਿੱਤੇ ਨੇ, ਏਹੋ ਖਬਰ ਜੇ"।
ਉੱਤੇ ਝਾਕੇ ਬਿਨ੍ਹਾਂ ਬਾਬੇ ਨੇ ਤੀਰ ਦੀ ਨੋਕ ਨੂੰ ਘਾਹ ਦੀ ਤਿੜ੍ਹ ਵਿੱਚ ਫਸਾਇਆ,
ਤੇ ਸਣੇ ਜੜ੍ਹ ਘਾਹ ਨੂੰ ਪੁੱਟ ਸੁੱਟਿਆ।
ਚਾਣਚੱਕ ਬੰਦੇ ਦੀ ਅੱਖ ਖੁੱਲ੍ਹੀ ਤੇ ਸੱਜਾ ਹੱਥ ਤਲਵਾਰ ਦੇ ਮੁੱਠੇ ਤੇ ਜਾ ਟਿਕਿਆ। 
ਤਾਅ ਵਿੱਚ ਆਏ ਬੰਦੇ ਨੇ ਜੈਕਾਰਾ ਛੱਡਿਆ। 
ਜਨੌਰਾੰ ਨੇ ਫੰਗਾਂ ਦੀ ਬੁੱਕਲ ਖੋਲ੍ਹ ਕੇ ਉਡਾਰੀ ਭਰੀ।
ਕੁੱਲ ਸਿੰਘਾਂ ਨੇ ਖਲੋਕੇ ਬੰਦੇ ਦਾ ਜਲੌਅ ਡਿੱਠਾ
ਜਿਮੇਂ ਸਾਰੇ ਪੰਜਾਬ ਨੇ ਜਵਾਬ ਦਿੱਤਾ ਹੋਵੇ
"ਸਤਿ ਸ੍ਰੀ ਅਕਾਲ"।
ਅੱਜ ਇਤਿਹਾਸ ਸਿਰਜਿਆ ਜਾਣਾ ਸੀ
ਚੱਪੜਚਿੜੀ ਵਿੱਚ ਬਾਜ਼ ਉੱਪੜੇ ।
ਹੁਣ ਸਰਹੰਦ ਦੂਰ ਨਹੀਂ ਸੀ......ਘੁੱਦਾ

Thursday 23 April 2015

ਵਿਚਾਲੜਲੀ ਗੱਲ

ਨਾਨਕ ਸ਼ਾਹ ਫਕੀਰ। ਹਰਿੱਕ ਬੰਦੇ ਨੇ ਏਸ ਫਿਲਮ ਤੇ ਭੜਾਸ ਕੱਢੀ ਆ। ਗੌਰ ਕਰਿਓ ਜਦੋਂ ਚਹੁੰ ਸਾਹਿਬਜ਼ਾਦਿਆਂ ਤੇ ਬਣੀ ਫਿਲਮ ਲੱਗੀ ਸੀ ਤਾਂ ਸੌ 'ਚੋਂ ਠਾਂਨਵੇ ਬੰਦਿਆ ਨੇ 'ਚਾਰ ਸਾਹਿਬਜ਼ਾਦੇ' ਫਿਲਮ ਦੀ ਸਲਾਹੁਤਾ ਕਰੀ ਸੀ। ਪਰ ਦੋ ਚੌਂਹ ਬੰਦਿਆਂ ਨੇ ਸੰਸੇ ਨਾਲ ਕਿਹਾ ਸੀ ਕਿ ਨਹੀਂ ਗਲਤ ਹੋ ਰਿਹਾ ਕੰਮ, ਭਵਿੱਖ 'ਚ ਮਾੜਾ ਨਤੀਜਾ ਹੋਊ। ਓਹੀ ਦੋ ਚਾਰ ਬੰਦੇ ਸੱਚੇ ਨਿਕਲੇ। ਨਤੀਜਾ ਸਾਹਮਣੇ ਆ।
ਅਗਲੀ ਗੱਲ।
ਗੁਰੂ ਘਰਾਂ 'ਚ ਲਿਖਿਆ ਹੁੰਦਾ ਕੇਸਾਧਾਰੀ ਦਾਦਾ ਸ਼ੇਰ ਤੇ ਸਿਰ ਮੂੰਹ ਮੰਨਾਉਣ ਆਲਾ ਪੋਤਾ ਭੇਡ ਹੁੰਦਾ। ਪੋਤੇ ਨੂੰ ਭੇਡ ਕਹਿਕੇ ,ਨੀਵਾਂ ਦਿਖਾਕੇ ਪਿੱਛੇ ਛੱਡਣ 'ਚ ਨਹੀਂ, ਸ਼ੇਰ ਬਣਾਕੇ ਨਾਲ ਤੋਰਨ ਵਿੱਚ ਸਿਆਣਫ ਆ।
ਠੇਡਾ ਖਾਕੇ ਡਿੱਗੇ ਨੂੰ ਲੰਗੜਾ ਕਹਿਣ ਨਾਲੋਂ ਸਹਾਰਾ ਦੇਕੇ ਆਖੋ ,"ਚੱਲ ਪਰਧਾਨ ਬਰੋਬਰ ਤੁਰੀਏ।"
ਅਨੰਦਰ ਪੁਰ ਤੋਂ ਭੱਜੇ ਸਿੰਘਾਂ ਨੂੰ ਸ਼ੇਰ ਜਾਣਕੇ ਗੁਰੂ ਸਾਹਬ ਨੇ ਖਿਦਰਾਣੇ ਆਕੇ ਮੁਆਫ ਕੀਤਾ ਸੀ।
ਬਾਕੀ ਆਹ ਨਵੇਂ ਮੁੱਦੇ ਤੇ ਲਿਖਣ ਨੂੰ ਚਿੱਤ ਨਈੰ ਮੰਨਦਾ। ਕੌਮ ਦਾ ਜਲੂਸ ਨਿਕਲਦਾ ਫਿਰਦਾ। ਝੱਗਾ ਨਹੀਂ ਚੱਕਣਾ.....ਘੁੱਦਾ

ਗੋਰੇ

ਯੂਰਪ ਦੀ ਪਰਲੀ ਕੰਨੀਂ ਤੇ ਵੱਸਿਆ ਮੁਲਕ 'ਇੰਗਲੈਂਡ'। ਅੰਗਰੇਜ਼ ਕਹਿਲੋ ਜਾਂ ਗੋਰੇ। ਹਿੱਕ ਦੇ ਜ਼ੋਰ ਤੇ ਕੁੱਲ ਦੁਨੀਆਂ ਤੇ ਰਾਜ ਕਰਿਆ ਏਹਨਾਂ ਬੰਦਿਆਂ ਨੇ। ਅਮਰੀਕਾ ਤੋਂ ਲਾਕੇ ਫਿਲੀਪੀਨਜ਼ ਦੇ ਟਾਪੂਆਂ ਤੀਕ ਝੰਡਾ ਝੁੱਲਿਆ ਏਹਨਾਂ ਦਾ। ਭਾਰਤ, ਚੀਨ, ਜਪਾਨ ਅਰਗੇ ਦੇਸ਼ਾਂ ਨੂੰ ਗੋਰਿਆਂ ਨੇ ਆਕੇ ਵਪਾਰ ਖਾਤਰ ਖੋਲ੍ਹਿਆ। 
ਪਹਿਲਾਂ ਏਹੇ ਸਾਡੇਆਲੇ ਮੁਲਖ ਡਰਦੇ ਮਾਰੇ ਸੂਰਜ ਨੂੰ ਈ ਪੂਜੀ ਜਾਂਦੇ ਸੀ ਬੀ ਿਕਤੇ ਉੱਤੇ ਨਾ ਡਿੱਗਪੇ। ਏਸ਼ੀਆ ਦੀ  ਸੁੱਡਲ ਜੰਤਾ ਪਿੱਗ ਲਾਕੇ ਅੰਦਰ ਤਾੜਕੇ ਜਨਾਨੀਆਂ ਈ ਕੁੱਟੀ ਜਾਂਦੀ ਸੀ । 
ਭਾਰਤ ਦੀ ਅਫੀਮ ਚੀਨੀਆਂ ਨੂੰ ਖਵਾਕੇ ਚੀਨ ਨੂੰ ਨੰਗ ਕਰਿਆ ਸੀ ਗੋਰਿਆਂ ਨੇ। ਵਿਓਤਾਂ ਬਹੁਤ ਤਕੜੀਆਂ ਘੜਦੇ ਸੀ। ਅੰਗਰੇਜ਼ ਭਾਰਤ ਛੱਡਗੇ, ਪਰ ਭਾਰਤੀ ਲੋਕ ਅੰਗਰੇਜ਼ਾਂ ਨੂੰ ਨਹੀਂ ਛੱਡ ਸਕੇ। ਗੱਲ ਗੱਲ ਤੇ ਗੋਰਿਆਂ ਦੀ ਨਕਲ ਕਰਦੇ ਆਂ ਅਸੀਂ। ਜੇਹੇ ਜੇ ਲੀੜੇ ਵਿਆਹਾਂ 'ਚ ਪਾਕੇ ਮੁਲਖ ਸੈਲਫੀਆਂ ਖਿੱਚਦਾ ਫਿਰਦਾ ਏਹੇ ਜੇ ਲੀੜੇ ਤਾਂ ਗੋਰੇ ਦੋ ਤਿੰਨ ਸਦੀਆਂ ਪਹਿਲਾਂ ਤੋੰ ਹੰਢਾ ਰਹੇ ਨੇ। ਅੰਗਰੇਜ਼ਾਂ ਦੀ ਦਿੱਤੀ ਚਾਹ ਨਾਲ ਅੱਖ ਗਿੜ੍ਹਦੀ ਆ ਸਾਡੀ। ਗੋਰਿਆਂ ਦੀ ਖੇਡ ਕਿਰਕਟ ਭਾਰਤੀਆਂ ਦਾ ਟੁੱਕ ਛੁਡਾ ਦਿੰਦੀ ਆ। ਕੁੱਛੜ ਚੁੱਕੇ ਜਵਾਕ ਨੂੰ ਸਸਰੀਕਾਲ ਤੋਂ ਪਹਿਲਾਂ 'ਹੈਲੋ' ਸਿਖਾਈ ਜਾਂਦੀ ਆ। 
ਏਸ਼ੀਆਈ ਮੁਲਖ ਹੁਣ ਵੀ ਪੜ੍ਹਨ ਬਹਾਨੇ ਪੱਛਮੀ ਦੇਸ਼ਾਂ ਵੱਲ ਭੱਜਦਾ ਤੇ ਸੌ ਸਾਲ ਪਹਿਲਾਂ ਵੀ ਓਧਰ ਨੂੰ ਭੱਜਦਾ ਸੀ। ਮੱਚੋ ਭਾਵੇਂ ਮੰਨੋ ਕਰੰਟ ਤਾਂ ਹੈਗਾ ਅਗਲਿਆਂ 'ਚ। ਦੂਜੀ ਸੰਸਾਰ ਜੰਗ 'ਚ ਜੇ ਇੰਗਲੈੰਡ ਦੀ ਹਾਲਤ ਪਤਲੀ ਨਾ ਹੁੰਦੀ ਤਾਂ ਭਾਰਤੀ ਮੁਲਖ ਜਿੰਨਾ ਮਰਜੀ 'ਬੰਦੇ ਮਾਤਰਮ' ਕਰੀ ਜਾਂਦਾ ਪਰ ਛੱਡਣਾ ਨਹੀੰ ਸੀ ਗੋਰਿਆਂ ਨੇ। ਅੰਗਰੇਜ਼ਾੰ ਦੀ ਖੂਬੀ ਆ ,ਉਹ ਕਦੇ ਦੋਫਾੜ ਨਈਂ ਹੋਏ। ਤੇ ਸਾਡੀ ਕੌਮ ਦੇ ਅਸੀਂ ਢਾਈ ਟੋਟਰੂ ਆਂ, ਜਿਹੜੇ ਨਿੱਤ ਡਹਿ ਡਹਿ ਮਰਦੇ ਆਂ। .ਏਹੇ ਤ੍ਰਾਸਦੀ ਆ ਸਾਡੀ ......ਘੁੱਦਾ

Thursday 16 April 2015

ਸਿਖਰ

ਕੁੜੀ ਖਾਤਰ ਕੋਈ ਥਾਂ ਵੇਖਕੇ ਬਚਿੱਤਰ ਸਿਹੁੰ ਘਰੇ ਵੜਿਆ
ਵਿਹੜੇ ਵਿੱਚ ਡੱਠੇ ਮੰਜੇ ਤੇ ਬੈਠੀ ਗਾਜਰਾਂ ਚੀਰਦੀ ਤੇਜੋ ਨੇ ਚੌੰਕੇ ਵੱਲ ਮੂੰਹ ਭੁਆ ਕੇ ਬੋਲ ਮਾਰਿਆ
"ਨੀਂ ਕੁੜੇ ਸ਼ਿੰਦਰੇ , ਪਾਣੀ ਫੜ੍ਹਾ ਕੁੜੇ ਆਵਦੇ ਬਾਪੂ ਨੂੰ"
ਕਈ ਦਿਨਾਂ ਦੀ ਸ਼ਿੰਦਰ ਡੁੰਨ ਵੱਟਾ ਜਾ ਬਣੀ ਫਿਰਦੀ ਸੀ।
ਪਾਣੀ ਦਾ ਗਲਾਸ ਫੜ੍ਹਾਉੰਦਿਆਂ ਸ਼ਿੰਦਰ ਜੇਰਾ ਕਰਕੇ ਬੋਲੀ
"ਬਾਪੂ ਤੈਨੂੰ ਕੈਅ ਆਰੀ ਕਹਿਤਾ ਬੀ ਮੈੰ ਤਾਂ ਜੰਟੇ ਨਾਲ ਈ ਵਿਆਹ ਕਰਾਊਂਗੀ"
ਕਾਅੜੜੜ ਕਰਕੇ ਭਾਰੇ ਹੱਥ ਦਾ ਲਫੇੜਾ ਕੁੜੀ ਦੀ ਗੱਲ੍ਹ ਤੇ ਵੱਜਾ
ਸ਼ਿੰਦਰ ਦੇ ਸੱਜੇ ਮੋਢੇ ਤੋਂ ਚੁੰਨੀ ਦਾ ਲੜ ਡਿੱਗਕੇ ਭੋਇੰ ਨਾਲ ਜਾ ਲੱਗਾ 
ਮੰਜੇ ਦੀ ਬਾਹੀ ਨੂੰ ਹੱਥ ਪਾਕੇ ਕੁੜੀ ਮਸਾਂ ਸੰਭਲੀ।
ਹੱਫਲੇ ਪਈ ਤੇਜੋ ਤੋਂ ਉੱਠਣ ਲੱਗਿਆਂ ਚੀਰੀਆਂ ਗਾਜਰਾਂ ਦਾ ਥਾਲ ਖਿੱਲਰ ਗਿਆ।
" ਵੇ ਕਿਓੰ ਜਲੂਸ ਕੱਢਦੇ ਓੰ ,ਲੋਕੀਂ ਸੌ ਸੌ ਗੱਲਾਂ ਕਰਨਗੇ , ਖੌਣੀ ਕਾਹਤੋਂ ਕੁਟਦੇ ਆ ਕੁੜੀ ਨੂੰ"
ਦੂਜੇ ਪਾਸੇ ਸੱਥ 'ਚ ਨਿੰਮੋਝੂਣੇ ਜੇ ਹੋਏ ਬੈਠੇ ਜੰਟੇ ਨੂੰ
ਉਹਦੇ ਆੜੀ ਜੋਗੇ ਨੇ ਹਲੂਣਿਆ
"ਕਿਓਂ ਕੰਜਰਦਿਆ ਤੀਮੀਂ ਪਿੱਛੇ ਝੁਰੀ ਜਾਣਾਂ, ਟਪਾ ਟਪੂ ਕੇ ਛੱਡਦੇ ਕੇਰਾਂ,  ਨਹੀਂ ਡਮਾਕ ਹਿੱਲਜੂ ਤੇਰਾ"
ਜੋਗੇ ਦੀ ਚੰਦਰੀ ਗੱਲ ਜੰਟੇ ਦੇ ਕਲੇਜਿਓਂ ਪਾਰ ਹੋਈ
ਰੂਹਾਂ ਦਾ ਪਿਆਰ ਸਰੀਰਾਂ ਤੋਂ ਉੱਤੇ ਸੀ
ਸੈੰਕੜੇ ਮਣ ਬੋਝ ਲੈਕੇ ਭਰਿਆ ਪੀਤਾ ਜੰਟਾ ਘਰ ਨੂੰ ਹੋ ਤੁਰਿਆ
ਗੁਰੂ ਘਰ ਦੇ ਸਪੀਕਰਾਂ 'ਚੋਂ ਨਿੱਕਲੀ ਗੁਰਬਾਣੀ ਜੰਟੇ ਦੇ ਕੰਨੀਂ ਪਈ
"ਜੋ ਤਿਸੁ ਭਾਵੈ ਨਾਨਕਾ, ਸਾਈ ਭਲੀ ਕਾਰ"
ਹੁਣ ਜੰਟੇ ਤੇ ਸ਼ਿੰਦਰ ਨੂੰ ਵਿੱਛੜਿਆਂ ਕਈ ਸਾਲ ਹੋਗੇ ਸੀ।
ਕਨੇਡਾ ਵਿਆਹੀ ਸ਼ਿੰਦਰ ਨੂੰ ਏਹ ਧਰਤੀ ਖੇੜਿਆਂ ਦੇ ਭੱਠ
ਬਰੋਬਰ ਜਾਪੀ।
ਓਧਰ ਜੋਗੇ ਦੇ ਆਖੇ ਬੋਲ ਸੱਚ ਨਿੱਕਲੇ।
ਜੰਟਾ ਜਵਾਕਾਂ ਦੀ ਖੇਡ ਬਣ ਗਿਆ ਸੀ
"ਕਮਲਾ ਆ ਗਿਆ ਓਏ ਹੁੜੀ ਓੲੲਏੇ ਕਮਲਾ"
ਗਲੀਆੰ 'ਚ ਤੁਰਿਆ ਫਿਰਦਾ ਜੰਟਾ ਕੰਨ ਤੇ ਹੱਥ ਧਰਕੇ ਬੋਲਦਾ ਰਹਿੰਦਾ।
 " ਹਲੋ, ਹਲੋਅਅ ਸ਼ਿੰਦਰੇ ਹਲੋ , ਨੀਂ ਸ਼ਿੰਦਰੇ"
ਨੰਘਦੇ ਟੱਪਦਾ ਰਾਹੀ ਟਿੱਚਰ ਨਾਲ ਪੁੱਛਦਾ,"ਕਮਲਿਆ ਕੀ ਕਰੀ ਜਾਣਾਂ ਓਏ?"
ਜੰਟਾ ਬੇਪਰਵਾਹੀ ਨਾਲ ਬੋਲਦਾ ਰਹਿੰਦਾ
" ਸ਼ਿੰਦਰੇ ਨੀਂ ਸ਼ਿੰਦਰੇ, ਹਲੋ, ਹਲੋਅਅ"
ਸ਼ਿੰਦਰ ਜੰਟੇ ਦੇ ਕੋਲ ਸੀ, ਪਰ ਸਰੀਰ ਸਮੁੰਦਰੋਂ ਪਾਰ ਬੈਠਾ ਸੀ।
ਏਹ ਇਸ਼ਕ ਦਾ ਸਿਖਰ ਸੀ।.......ਘੁੱਦਾ     (ਸੱਚੀਆੰ ਘਟਨਾਵਾਂ)

Monday 13 April 2015

ਗਾਹਲਾਂ

ਆਪਣੇ ਮੁਲਖ ਦੀ ਬਹੁਤ ਚੰਦਰੀ ਆਦਤ ਆ ਬੀ ਗੱਲ ਗੱਲ ਤੇ ਗਾਲ੍ਹ ਕੱਢਦੇ ਆਂ । ਬਹੁਤ ਗਾਹਲਾਂ ਮੂੰਹ ਚੜ੍ਹੀਆਂ ਵਈਆ ਨੇ ਸੋਬਤ ਈ ਨਿੱਕਲ ਜਾਂਦੀਆਂ ਮੂੰਹੋਂ। ਏਸ ਮੁੱਦੇ ਤੇ ਖੁੱਲ੍ਹ ਕੇ ਲਿਖਿਆ, ਹਾਜ਼ਮੇ ਨਾਲ ਪੜ੍ਹਿਓ। 
ਖੁਸ਼ੀ, ਦੁੱਖ, ਹੈਰਾਨੀ ਦੀ ਗੱਲ ਸੁਣਕੇ ਮੂੰਹੋਂ ਗਾਲ੍ਹ ਨਿੱਕਲਦੀ ਆ। ਖੁਸ਼ੀ 'ਚ ਪੇਡੂੰ ਮੁਲਖ ਤਾੜੀ ਮਾਰਕੇ ਗਾਲ੍ਹ ਕੱਢਦਾ ਤੇ ਹੈਰਾਨੀ ਦੀ ਗੱਲ ਸੁਣਕੇ ਵੀ ਮੂੰਹੋੰ ਨਿੱਕਲਦਾ,"ਭੈਂ.....ਸੌਂਹ ਪਾ ਓਏ।" ਬਿਜਲੀ ਮਹਿਕਮੇ ਤੋਂ ਲਾਕੇ ਰੱਬ ਤੀਕ ਕੁੱਲ ਨੂੰ ਗਾਹਲ ਕੱਢਦਾ ਮੁਲਖ। ਚੌੜ ਪਈ ਮੰਡੀਰ ਖਾਸੀਆੰ ਕੱਬੀਆਂ ਗਾਹਲਾਂ ਕੱਢ ਜਾਂਦੀ ਆ ਪਰ ਤਲਖ਼ੀ ਨਾਲ ਕੋਈ 'ਸਾਲਾ' ਵੀ ਕਹਿਜੇ ਤਾਂ ਅਗਲਾ ਗਲਮਾਂ ਫੜ੍ਹਕੇ ਸਿੱਟ ਲੈਂਦਾ।
ਲਾਜ਼ਮੀ ਨਹੀਂ ਬੀ ਸਾਰੀਆਂ ਗਾਹਲਾਂ ਲੜਨ ਖਾਤਰ ਈ ਹੁੰਦੀਆਂ ਨੇ । ਆਪ ਬਰੋਬਰ ਦੇ ਹੋਗੇ , ਪਰ ਹਜੇ ਵੀ
ਚਾਚੇ ਅਰਗੇ ਚੌੜ ਪਏ ਹਜੇ ਵੀ ਮਿੱਠੀ ਜੀ ਗਾਹਲ ਕੱਢ ਜਾਂਦੇ ਨੇ।
ਬਲਦ ਜੋੜਕੇ ਖੇਤ ਨੂੰ ਜਾਦਾਂ ਬੰਦਾ ਬਲਦ ਦੇ ਕਸੂਤੇ ਥਾਂ ਹੱਥ ਲਾਕੇ ਭਜਾਉਣ ਲੱਗਾ ਗਾਹਲਾਂ ਕੱਢ ਜਾਂਦਾ,"। ਬਜ਼ੁਰਗ ਜਦੋਂ ਟੋਭੇ ਤੇ ਮੈਸ੍ਹਾਂ ਛੱਡਦੇ ਨੇ ਤਾਂ ਓਦੋਂ ਅੱਸਰ ਝੋਟੀਆਂ ਦੇ ਤੜਾਫਿਆਂ ਤੋਂ ਅੱਕੇ ਬਾਬੇ ਗਾਹਲ ਕੱਢਦੇ ਆ,"ਹੋਅਅ ਹੋਅਅ ,ਹੈ ਮੇਰੇ ਪੁੱਤਾਂ ਦੇਣੇ ਦੀ ਦੀ"।
ਪੇਕਿਆਂ ਦੇ ਪਿੰਡ ਆਕੇ ਜਦੋਂ ਕੋਈ ਕੁੜੀ ਬੱਸੋਂ ਉੰੱਤਰਕੇ ਭਾਰਾ ਝੋਲਾ ਚੱਕਣ ਲੱਗਦੀ ਆ ਤਾਂ ਅੱਡੇ ਤੇ ਬੈਠਾ ਕੋਈ ਬਾਬਾ ਬੋਲਦਾ,"ਸਹੁਰੀਏ ਕਿਓਂ ਔਖੀ ਹੁੰਨੀੰ ਆ ਭਾਈ,ਲਿਆ ਮੈਨੂੰ ਫੜ੍ਹਾਦੇ ਝੋਲਾ।" ਕੁੜੀ ਸਿਰ ਦੀ ਚੁੰਨੀ ਸੂਤ ਕਰਕੇ ਸਿਰ ਨੀਵਾਂ ਕਰਦੀ ਆ ਤਾਂ ਬਾਬਾ ਸਿਰ ਪਲੋਸ ਕੇ ਟੱਬਰ ਦਾ ਹਾਲ ਪੁੱਛਦਾ। ਏਥੇ 'ਸਹੁਰੀ' ਲਫਜ਼ ਗਾਲ੍ਹ ਨਹੀਂ, ਬੱਸ ਬੁਲਾਉਣ ਦਾ ਤਰੀਕਾ ਬਣ ਜਾਂਦਾ। ਨਾਏ ਝੇਡਾਂ ਟਿੱਚਰਾਂ ਢੰਗ ਨਾਲ ਈ ਚਾਹੀਦੀਆਂ। ਬਾਕੀ ਜ਼ਿੰਦਾਬਾਦ.....ਘੁੱਦਾ

ਸਿੱਖ ਤੇ ਸਿੱਖੀ

ਬਠਿੰਡੇ ਦੇ ਕਿਲ੍ਹੇ ਅੰਦਰ ਬਣੇ ਗੁਰੂਘਰ 'ਚ ਵੱਡਾ ਸ਼ੀਸ਼ਾ ਲੱਗਾ ਹੋਇਆ। ਓਸ ਸ਼ੀਸ਼ੇ ਤੇ ਮੋਟੇ ਅੱਖਰਾਂ 'ਚ ਸਵਾਲੀਆ ਨਿਸ਼ਾਨ ਲਾਕੇ ਲਿਖਿਆ ਵਾ,"ਕੀ ਮੈਂ ਗੁਰੂ ਦਾ ਸਿੱਖ ਹਾਂ?"
ਤੇ ਜਦੋਂ ਵੀ ਓਸ ਸ਼ੀਸੇ ਅੱਗੇ ਜਾਕੇ ਖੜ੍ਹੀਦਾ ਤਾਂ ਅੰਦਰੋਂ ਏਹੀ ਵਾਜ਼ ਆਉਂਦੀ ਆ ਕਿ "ਨਹੀਂ ਮਨਾ, ਤੂੰ ਬਹੁਤ ਕੁੱਤਪੌ ਕਰਦਾਂ ਹਜੇ , ਤੂੰ ਗੁਰੂ ਦਾ ਸਿੱਖ ਨਹੀਂ"।
ਪਰ ਚਿੱਟੇ ਚੋਲੇ ਤੇ ਚਿੱਟੀਆਂ ਚੱਪਲਾਂ ਪਾਕੇ ਗੁਰੂ ਨਾਨਕ ਸਾਬ੍ਹ ਦੇ ਨੌਂ ਤੇ ਹੱਟਾਂ ਖੋਲ੍ਹਣ ਆਲੇ ਵੀ ਗੁਰੂ ਦੇ ਸਿੱਖ ਨਹੀਂ। ਪੰਜਾਬ 'ਚ ਸੈਂਕੜੇ ਐਹੇ ਜੇ ਗੁਰੂ ਘਰ ਨੇ ਜਿੱਥੇ ਆਪੇ ਬਣੇ ਬਾਬੇ ਡੱਕੇ ਮੁਲਖ ਤੋਂ ਪੈਰੀਂ ਹੱਥ ਲਵਾਕੇ ਢੂਈ ਤੇ ਲੰਮਾ ਹੱਥ ਫੇਰ ਜਾਂਦੇ ਨੇ। ਜਦੋਂ ਵਿਰਿਆਵਾ ਤਰਿਆਵੀ ਕਰਕੇ ਕੋਈ ਜ਼ਨਾਨੀ ਥਿਜ ਜੇ ਫੇਰ ਪੱਟੂ ਹੱਥ ਫੇਰੀ ਵੀ ਕਰ ਜਾਂਦੇ ਆ ਪੜਦੇ ਨਾ। ਖੇਖਣ ਬਹੁਤ ਕਰਦੇ ਨੇ। ਮੂੰਹ ਵਲੇ੍ਹਟ ਕੇ ਸੰਪਟ ਲਾ ਲਾ ਚੋਰੀਓਂ ਜੇ ਪੜ੍ਹਦੇ ਨੇ ਬਾਣੀ ਨੂੰ। ਫੂਨਾਂ ਤੇ ਥੌਹਲੇ ਪਾਉਂਦੇ ਨੇ।
ਗੁਰਬਾਣੀ ਦੀਆਂ ਦੋ ਤੁਕਾਂ ਕਾਗਜ਼ ਤੇ ਲਿਖਕੇ ਤਬੀਤ ਬਣਾ ਦੇਦੇਂ ਨੇ। ਸੜੇਹਾਨ ਦੇ ਘਰ ਦੋ ਬੱਕਲਕੱਤੀਆਂ ਜੀਆਂ ਫੂਕਾਂ ਮਾਰਕੇ ਲਾਚੀਆਂ ਨੂੰ ਪ੍ਰਸ਼ਾਦ ਵਜੋਂ ਦੇਦੇਂ ਨੇ।
ਗੁਰੂ ਦੀ ਬਾਣੀ ਨੂੰ ਇਓਂ ਪੇਸ਼ ਕਰਦੇ ਨੇ ਜਿਮੇਂ ਏਹ ਸਮਝਨ ਆਲੀ ਚੀਜ਼ ਨਹੀਂ, ਬਸ ਜਾਦੂ ਮੰਤਰ ਈ ਆ। ਇੱਕੋ ਥਾਂ ਤੇ ਇੱਕੋ ਵੇਲੇ ਸੌ ਸੌ ਅਖੰਡ ਪਾਠ ਕਰਾਕੇ ਖੌਣੀ ਅਸੀੰ ਕੇਹੜਾ ਰੱਬ ਥੱਲੇ ਲਾਹੁਣ ਨੂੰ ਫਿਰਦੇ ਆਂ। 
ਕਈ ਅਸਲ ਅਰਦਾਸ ਤੋੰ ਬਿਨ੍ਹਾਂ ਪੌਣਾ ਪੌਣਾ ਘੈਟਾਂ ਅਰਦਾਸ ਤੇ ਈ ਲਾ ਦੇੇਦੇਂ ਨੇ। ਨਾਲੇ ਅਸੀਂ ਕਹਿਣੇ ਆਂ ਬੀ ਗੁਰੂ ਸਾਬ੍ਹ ਜਾਣੀ ਜਾਣ ਨੇ ਨਾਲੇ ਦਾਜ ਦੀ ਲਿਸਟ ਅੰਗੂ ਸੌ ਮੰਗਾਂ ਧਰ ਦੇਨੇਂ ਆਂ ਅਰਦਾਸ 'ਚ। ਏਹੇ ਸਾਡੀਆਂ ਕਮੀਆਂ ਨੇ ਜੀਹਦੇ ਕਰਕੇ ਲੋਕ ਸਿੱਖ ਪੰਥ ਨੂੰ ਟਿੱਚਰਾਂ ਕਰਦੇ ਨੇ।
ਬਹੁਤ ਖੁਆਰ ਹੋ ਲੇ ਹੁਣ, ਚਲੋ ਸ਼ਰਨ 'ਚ ਆਈਏ। ਸਰਬੰਸਦਾਨੀ ਮੱਤ ਬਖ਼ਸੀ....ਘੁੱਦਾ

Friday 3 April 2015

ਪਰਤਿਆਈਆਂ ਵਈਆਂ ਗੱਲਾਂ.....ਅੱਧ ਚੇਤ

ਪਰਤਿਆਈਆਂ ਵਈਆਂ ਗੱਲਾਂ.....ਅੱਧ ਚੇਤ
1. ਆਵਦੇ ਵਿਆਹ ਦਾ ਫਿਕਰ ਓਨਾ ਆਪ ਨੀਂ ਕਰਦਾ ਬੰਦਾ, ਜਿੰਨਾਂ ਲੋਕਾਂ ਨੂੰ ਹੁੰਦਾ। ਨੰਘਦੇ ਟੱਪਦੇ ਊੰਈ ਆਖੀ ਜਾਣਗੇ," ੳ ਤੂੰ ਪ੍ਰਧਾਨ ਦਖਾਦੇ ਵਿਆਹ ਵਯੂਹ, ਖਵਾਦੇ ਲੱਡੂ ਲੁੱਡੂ।"
2. ਬੰਦਾ ਕਦੇ ਕਿਰਪਾਨ ਜਾਂ ਨਿੱਕਾ ਸ੍ੀ ਸਾਬ੍ਹ ਨੰਗਾ ਕਰਲੇ ਤਾਂ ਬੀਬੀ ਅਰਗੀਆਂ ਸੰਸੇ ਨਾਲ ਆਖਦੀਆਂ," ਰੱਖਦੇ ਵੇ ਛੋਹਰਾ, ਨੰਗੀ ਨੀਂ ਕਰੀਦੀ ਮਾੜੀ ਹੁੰਦੀ ਆ।
3. ਆਮ ਖੇਤੀਬਾੜੀ ਆਲਾ ਸਿੱਧਾ ਜਾ ਬੰਦਾ ਜ਼ਿੰਦਗੀ 'ਚ ਇੱਕ ਆਰੀ ਕੋਟ ਪੈਂਟ ਸਮਾਉਂਦਾ, ਉਹ ਵੀ ਆਵਦੇ ਵਿਆਹ ਨੂੰ। ਓਦੋਂ ਬਾਅਦ ਪੰਜ ਸੱਤ ਸਾਲ ਸਕੀਰੀਆਂ ਦੇ ਵੀ ਸਾਰੇ ਫੰਕਸ਼ਨ ਓਸੇ ਕੋਟ ਪੈਂਟ ਨਾਲ ਈ ਅਟੈਂਡ ਕਰਦਾ।
4. ਸੱਥ 'ਚ ਖੜ੍ਹੇ ਬੰਦੇ ਦੀ ਕਦੇ ਫੋਟੋ ਖਿੱਚਲੋ ਤਾਂ ਉਹ ਆਹੀ ਡਾਇਲੌਗ ਮਾਰਦਾ ਮੂਹਰੋਂ," ਤੂੰ ਜਰ ਨਿੱਟ ਨੁੱਟ ਤੇ ਨਾ ਪਾਦੀਂ ਕਿਤੇ
5. ਮਾਲਾਂ ਜਾ ਹੋਰ ਮਹਿੰਗੇ ਰੈਸਟੋਰੈਟਾਂ ਦੀ ਕਮੀਨੀ ਹਰਕਤ ਹੁੰਦੀ ਆ ਬੀ ਸਹੁਰੇ ਪੀਣ ਖਾਤਰ ਮੁਖਤ ਪਾਣੀ ਵੀ ਨਈਂ ਧਰਦੇ। ਤੇਰੇ ਮੇਰੇ ਅਰਗਾ ਮਾਤੜ੍ਹ ਪਾਣੀ ਦੀ ਬੋਤਲ ਤੇ ਬੀਹ ਲਾਉਣ ਤੋਂ ਝਕੀ ਜਾਂਦਾ।
6. ਜਦੋਂ ਬੇਰੁੱਤਾ ਜਾ ਮੀਂਹ ਮੂੰਹ ਪੈਕੇ ਹਟਦਾ ਓਦੋਂ ਘਰੋਂ ਨਿਕਲਦਾ ਬੰਦਾ ਰਾਹ ਆਉੰਦੇ ਬੰਦੇ ਨੂੰ ਸੁੱਕਾ ਓਲ੍ਹਾਮਾਂ ਈ ਦੇ ਦੇਦਾਂ,"ਓਏ ਜਾਗਰਾ ਆਹ ਕੀ ਕਰਾਈ ਜਾਣਾ ਜਰ"।
7. ਕਈ ਕੁੜੀ ਵਿਆਹੁਣ ਵੇਲੇ ਵਿਚੋਲੇ ਨੂੰ ਆਖਣਗੇ," ਅੱਛਾ ਸਾ ਲੜਕਾ ਢੂੰਢੀਏ ਬੇਟੀ ਕੇ ਲੀਏ"। ਤੇ ਜਦੋਂ ਜਟਵੈਹੜਾਂ ਨੇ ਜਦੋਂ ਕੁੜੀ ਵਿਆਹੁਣੀ ਹੁੰਦੀ ਆ ਓਦੋਂ ਆਖਣਗੇ," ਪਰਸ਼ੋਤਮਾਂ ਕੁੜੀ ਖਾਤਰ ਥਾਂ ਥੂੰ ਭਾਲ ਜਰ ਚੱਜਦਾ" । ਥਾਂ ਈ ਦੇਂਹਦੇ ਆ ਕੱਲਾ.....ਘੁੱਦਾ

ਗੀਤ ਬਾਰੇ

ਅਕਤੂਬਰ 2012 'ਚ ਗੀਤ ਅਰਗੀ ਲਿਖਤ ਲਿਖੀ ਸੀ। ਹੁਣ ਗੁੱਲੀ ਦਣ ਪੈ ਗਿਆ ਆਪਣਾ। ਕਲਾਕਾਰ ਜੀਤ ਜਗਜੀਤ ਹੋਣਾਂ ਨੇ ਗਾਇਆ ਓਸ ਗੀਤ ਨੂੰ। ਮਿਊਜ਼ਿਕ ਡਰੈਕਟਰ ਅਤੁਲ ਸ਼ਰਮਾ ਹੋਣਾਂ ਦਾ ਵਿੱਚ ਸੰਗੀਤ ਖੜਕਦਾ । ਅੱਠ ਗੀਤਾਂ ਦੀ ਟੇਪ ਦੇ ਬਾਕੀ ਗੀਤ ਅਮਰ ਸਿੰਘ ਸ਼ੌਂਕੀ ਜਾਂ ਹੋਰ ਪੁਰਾਣੇ ਬਾਬਿਆਂ ਦੇ ਲਿਖੇ ਵਏ ਨੇ। 
ਨਮੀਂ ਜਨਰੇਸ਼ਨ 'ਚੋਂ ਆਪਾਂ ਈ ਆਂ। ਜਿਲ੍ਹੇ ਪਟਿਆਲੇ ਦੇ ਪਿੰਡ ਗਾਜ਼ੀਪੁਰ 'ਚ ਵੀਡਿਓ ਬਣੀ ਆ ਗੀਤ ਦੀ।
ਵੱਡੀ ਮੇਦ ਏਸੇ ਮਹੀਨੇ 'ਚ ਗੀਤ ਵੀਡਿਓ ਸਮੇਤ ਰਿਲੀਜ਼ ਕਰਿਆ ਜਾਊਗਾ। ਸਾਡੀ ਫਰੈਂਡਲਿਸਟ 'ਚ ਬੈਠੇ ਹਰਿੱਕ ਭੈਣ ਭਾਈ ਦਾ ਹਿੱਸਾ ਗੀਤ 'ਚ। ਕੋਈ ਮਾਣ ਹਕਾਰ ਨਈਂ। ਥੋਡੇ ਸਿਰਾਂ ਤੇ ਈ ਉੱਡਦੇ ਆਂ।
ਆਸਾਂ ਉਮੀਦਾਂ ਕੈਮ ਨੇ। ਸਾਰਿਆਂ ਨੂੰ ਚੰਗਾ ਲੱਗੂ ਗੀਤ।
ਧੰਨਵਾਦ ਸਰਬੰਸਦਾਨੀ.....ਘੁੱਦਾ