Friday 14 July 2017

ਪੋਇਟਰੀ

ਤੈਨੂੰ ਪਤਾ ਹੁਣ ਸਾਡੇਆਲਾ ਨਿੱਕਾ ਗਰਨੈਬ ਫੇਸਬੁੱਕ ਤੇ ਕਵੀ ਬਣਿਆ ਵਾ, ਗਰਦ ਠਾਈ ਆਉੰਦਾ ਪੋਸਟਾੰ ਪਾਸਟਾੰ ਦੀ। ਏਹਨੂੰ ਛੋਟੇ ਹੁੰਦਿਓੰ ਈ ਸ਼ੌਕ ਆ ਕਵੀਪੁਣੇ ਦਾ।
ਮੈਨੂੰ ਮੇਦ ਆ ਸੱਤਮੀੰ ਖੌਣੀ ਅੱਠਵੀੰ 'ਚ ਸੀਗਾ ਏਹੇ ਤੇ ਏਹਦੇ ਸਕੂਲ 'ਚ ਕਵੀ ਦਰਬਾਰ ਹੋ ਗਿਆ ਕਿਤੇ। ਲੁੱਦੇਆਣੇ ਜਲੰਧਰ ਕੰਨੀਓ ਕਵੀ ਆਏ ਵਏ। ਫੁੱਲ ਜ਼ਬਦਰ ਕੰਮ। ਗਜ਼ਲਾੰ, ਕਵਤਾ, ਸ਼ੇਅਰ ਸ਼ੱਪੇ। ਸਾਡੇਆਲੇ ਅਰਗੇ ਮਗਰ ਬੈਠੇ। ਸਮਝ ਤਾੰ ਏਹਨੂੰ ਕਿਹੜੀ ਆਉਣੀ ਸੀ, ਜਦੋੰ ਮੂਹਰਲੇ ਤਾੜੀ ਮਾਰਿਆ , ਮਗਰੇ ਏਹ ਲੇਹ ਕੱਢਦਿਆ ਕਰਨ। 
ਸਾਡੇਆਲੇ ਦੇ ਜਚਗੀ ਗੱਲ ਬੀ ਆਹ ਸੌਦਾ ਲੋਟ ਆ ਜਰ।
ਹਾੰ ਕੀ ਘਰੇ ਜਾਕੇ ਸਾਡੇਆਲਾ ਤਾੰ ਚੁਬਾਰੇ ਤੇ ਕਿਓੰ ਨਾ ਚੜ੍ਹਗਿਆ। ਬਾਰ ਬੂਰ ਡਾਕੇ ਪੈੱਨ ਕਾਪੀ ਚੱਕਲੀ। ਮਾਤਾ ਹੋਰੀੰ ਬਿੜਕਾੰ ਲੈਣ ਵੇ ਛੋਹਰ ਕੀ ਕਰਦਾ? ਏਹ ਆਖੇ ਪੋਇਟਰੀ ਕਰਦਾੰ ਪੋਇਟਰੀ। ਟੱਬਰ ਨੇ ਪੈੱਨ ਕਾਪੀ ਦੇਖਕੇ ਅਣਦਈਆ ਜਾ ਲਾਲਿਆ ਬੀ ਪੜ੍ਹਾਈ ਨੂੰ ਪੋਇਟਰੀ ਕਹਿੰਦਾ ਕਿਤੇ। ਨਿੱਤ ਸਕੂਲੋੰ ਮੁੜਕੇ ਸਾਡੇਆਲਾ ਠੂਅ ਚਬਾਰੇ 'ਚ ਵੱਜਿਆ ਕਰੇ। ਖੌਣੀ ਕਿੱਥੋੰ ,ਕਿੱਥੋੰ ਨਾ ਸਣੇ ਰਬਿੰਦਰ ਨਾਥ ਕਈ ਹੋਰ ਤਕੜੇ ਲੇਖਕਾੰ ਦੀਆੰ ਫੋਟਮਾੰ  ਲਿਆਕੇ ਕੰਧਾੰ ਤੇ ਚੇਪਤੀਆੰ। ਮਾਤਾ ਅਰਗੀਆੰ ਤੜਕੇ ਆਥਣੇ ਫੋਟਮਾੰ ਨੂੰ ਧੁਫ ਕਰਜਿਆ ਕਰਨ ਬੀ ਖੌਣੀ ਏਹ ਵੀ ਬਾਬੇ ਆ। ਏਹਨੂੰ ਬੰਦੇ ਮਾਤਰਮ ਤਾੰ ਆਖਣਾ ਨਾ ਆਇਆ ਕਰੇ, ਏਹ ਕਿਹਾ ਕਰੇ ਬੰਦੇ ਮਾਰਤੇ, ਬੰਦੇ ਮਾਰਤੇ। ਤਾਇਆ ਕਹਿੰਦਾ ਭੈਣ ਮਰਾਵੇ ਤੇਰੀ ਪੋਇਟਰੀ ਤੂੰ ਊੰ ਨਾ ਪਰਚਾ ਕਰਾਦੀੰ ਕਿਤੇ। ਸਾਡੇਆਲਾ ਪੌਣ ਆਲਿਆ ਅੰਗੂ ਵਾਲ ਖੋਲ੍ਹਕੇ ਪੈੱਨ ਕਾਪੀ ਚੱਕ ਲਿਆ ਕਰੇ। ਮਾਤਾ ਅਰਗੀਆੰ ਡਰਨ ਅਖੇ ਏਹਦੇ 'ਚ ਖੇਤਪਾਲ ਦਾ ਪਹਿਰਾ ਲੱਗਦਾ। ਤਾਇਆ ਆਖਿਆ ਕਰੇ ਆਜਾ ਨਿੱਕਿਆ ਕੱਖ ਮਾਰਨ ਚੱਲੀਏ। ਏਹ ਮੂਹਰੋੰ ਆਖਿਆ ਕਰੇ ਪੋਇਟਰੀ ਕਰਦਾੰ ਪੋਇਟਰੀ। ਨੰਗਲ ਆਲੇ ਗੱਗ ਅੰਗੂ ਸਾਡੇਆਲੇ ਨੇ ਵਰੋਲਾ ਬਣਾਤਾ ਲਿਖਣ ਲੁਖਣ ਆਲਾ।
ਹਾੰਅਅ ਕੀ ਤੇਰੇ ਆਲੀ ਗੱਲ ਓਧਰੋ ਕੱਤੀ ਮਾਰਚ ਆਗੀ, ਸਕੂਲੋੰ ਰਿਜ਼ਲਟ ਆਓਣਾ ਸੀ ਏਹਦਾ। ਸਕੂਟਰ ਤੇ ਬਹਾਕੇ ਤਾਇਆ ਸਕੂਲ ਲੈ ਗਿਆ ਏਹਨੂੰ। ਤਾਇਆ ਢਿੱਡੋੰ ਖੁਸ਼ ਬੀ ਐੰਰਕੀ ਨਿੱਕਾ ਪੜ੍ਹਿਆ ਬਹੁਤ ਆ। ਪਹਿਲ ਲੰਬਰ ਤੇ ਨਾ ਸਹੀ ਦੁੱਗ ਤਾੰ ਆਊ ਆਊ। ਨਾਲਦੇ ਪਿੰਡ ਦੇ ਮਾਸਟਰ ਨੇ ਮੈਸ੍ਹਾੰ ਦੇ ਵਪਾਰੀ ਅੰਨੂ ਸੈਨਤ ਮਾਰਕੇ ਤਾਏ ਨੂੰ ਸੈੜ ਤੇ ਸੱਦਲਿਆ। ਕਹਿੰਦਾ ਦਰਸ਼ਨਾ ਥੋਡਾ ਮੁੰਡਾ ਰਹਿ ਗਿਆ ਐੰਰਕੀ, ਫੇਲ੍ਹ ਆ ਸ਼ਿਸ਼ਟਮ। 
ਸਾਡੇਆਲਾ ਕੱਛਾੰ 'ਚ ਹੱਥ ਦਈ ਖੜ੍ਹਾ ਜਿਮੇੰ ਸਮਾਨ ਨਾਲ ਆਇਆ ਹੁੰਦਾ। ਤਾਏ ਨੇ ਬਿਰਿਆਕੇ ਜੇ ਏਹਨੂੰ ਸਕੂਟਰ ਮੂਹਰੇ ਖੜ੍ਹਾ ਲਿਆ । ਘਰੇ ਜਾਕੇ ਆਵਦੇ ਜਣੀੰ ਸਾਡੇਆਲਾ ਭੱਜਦਾ ਸੀ । ਤਾਏ ਨੇ ਬਾਜੀ ਜੰਡ ਅੰਗੂ ਮੁਰਚਾ ਫੜ੍ਹ ਲਿਆ। ਚੁਬਾਰੇ 'ਚ ਜਾਕੇ ਤਾਏ ਨੇ ਸਾਡੇਆਲਾ ਸਿੱਟ ਲਿਆ। ਐੰ ਖੜਕਾਟ ਪਵੇ ਜਿਮੇੰ ਟੀਨ ਤੇ ਗੜ੍ਹੇ ਪੈੰਦੇ ਆ। ਥੱਲਿਓੰ ਤਾਈ ਅਰਗੀਆੰ ਚਬਾਰੇ ਕੰਨੀੰ ਮੂੰਹ ਕਰਨ ਪੁੱਛੀ ਜਾਣ ਅਖੇ ਆਹ ਖੜਕਾਟ ਕਾਹਦਾ ਪੈੰਦਾ। ਤਾਇਆ ਕਹਿੰਦਾ ਕੁਸ ਨੀੰ ਪੋਇਟਰੀ ਕਰਦੇ ਆੰ ਪੋਇਟਰੀ.....ਘੁੱਦਾ