Sunday 7 February 2021

ਪਰਤਿਆਈਆਂ ਗੱਲਾਂ

ਪਰਤਿਆਈਆਂ ਵਈਆਂ ਗੱਲਾਂ
1. ਤਰਨਤਾਰਨ ਮੱਥਾ ਟੇਕ ਕੇ ਪਰਕਰਮਾ ਕਰਨ ਵੇਲੇ ਪਿੰਡਾਂ ਆਲੇ ਨਾਲਦੇ ਨੂੰ ਹੁੱਜ ਮਾਰਕੇ ਆਹ ਸਵਾਲ ਜ਼ਰੂਰ ਪੁੱਛਦੇ ਆ,”ਹੈਂਅ ਫੇਰ ਜਾਗਰਾ, ਸਲੋਵਰ ਬਹੁਤ ਡਬਲ ਆ, ਕੈਅ ਕਿੱਲਿਆਂ ‘ਚ ਹੋਊ ਏਹੇ”।
2. ਕਿਸੇ ਵਪਾਰੀ ਕੋਲੋਂ ਮੱਝ ਗਾਂ ਖ੍ਰੀਦਣ ਬਗਜੋ। ਓਹ ਇਹੀ ਗੱਲ ਆਖੂ,” ਲੈਜੋ, ਸੀਲ ਠੰਡੀ ਬਹੁਤ ਆ ਕੁੜੀ ਤੋਂ ਆਈ ਆ”। ਤੇ ਜਦੋਂ ਵਪਾਰੀ ਨੇ ਪਸ਼ੂ ਖ੍ਰੀਦਣਾ ਹੋਵੇ ਓਦੋਂ ਆਖੂ,” ਕਰਲੋ ਗਜੈਸ਼ ਥੋੜ੍ਹੀ ਘਣੀ, ਕੁੜੀ ਕੋਲ ਈ ਭੇਜਣੀ ਆ ਦੁੱਧ ਪੀਣ ਨੂੰ। ਕੁੜੀ ਕੇ ਪਤਾ ਨਹੀਂ ਕਿਹੜਾ ਜਗਰਾਓਂ ਆਲਾ ਫਾਰਮ ਖੋਲ੍ਹੀ ਬੈਠੇ ਹੁੰਦੇ ਆ।
3. ਕੰਮ ਕਹਿੰਦਾ ਦੋ ਈ ਚੱਲਦੇ ਆ ਪੰਜਾਬ ‘ਚ। ਜਾਂ ਤਾਂ ਅਗਲਾ ਆਈਲੈਟਸ ਕਰੀ ਜਾਂਦਾ ਹੁੰਦਾ ਤੇ ਜਾਂ ਸੈਂਟਰ ਖੋਲ੍ਹਕੇ ਆਈਲੈਟਸ ਕਰਾਓਣ ਲੱਗ ਜਾਂਦਾ। ਮੋਸਟਲੀ ਸੈਂਟਰਾਂ ਆਲੇ ਆਵਦੀ ਫਾਈਲ ਵੀ ਲਾਈ ਬੈਠੇ ਹੁੰਦੇ ਨੇ।
4. ਬੰਦੇ ਨੂੰ ਸਾਰੀ ਉਮਰ ਰੱਜਮਾਂ ਬਿਸਕੁੱਟ ਭੁਜੀਆ ਨਹੀਂ ਮਿਲਦਾ। ਪਹਿਲਾਂ ਬੀਬੀ ਕਾਲੇ ਲਿਫਾਫੇ ‘ਚ ਲੁਕੋ ਕੇ ਰੱਖਦੀ ਆ ਅਖੇ ਇਹ ਤਾਂ ਆਏ ਗਏ ਆਸਤੇ ਆ। ਤੇ ਵਿਆਹ ਤੋਂ ਬਾਅਦ ਘਰਆਲੀ ਲਕੋਕੇ ਰੱਖਦੀ ਅਖੇ ਇਹ ਤਾਂ ਜਵਾਕਾਂ ਖਾਤਰ ਆ।
5. ਜਦੋਂ ਕਿਸੇ ਬੰਦੇ ਦੇ ਪੈਸੇ ਦੇਣੇ ਹੋਣ ਅਗਲਾ ਫੂਨ ਤੇ ਫੂਨ ਦੱਬੀ ਰੱਖਦਾ। ਤੇ ਜਦੋਂ ਪੈਸੇ ਦੇਣ ਬਗਜੋ ਫੇਰ ਆਖਦਾ,” ਓ ਲੈ ਪੈਸਿਆਂ ਨੂੰ ਕੀ ਸੀ ਫੇਰ ਆ ਜਾਂਦੇ, ਓ ਹੋ। ਐਂ ਤਾਂ ਭਮਾਂ ਏਹਵੀ ਲੈਜਾ, ਫੇਰ ਦੇਜੀਂ”।
6. ਜਦੋਂ ਕੋਈ ਘਰੇ ਆਇਆ ਬੈਠਾ ਹੋਵੇ। ਪਤਾ ਓਸ ਬੰਦੇ ਨੂੰ ਵੀ ਲੱਗ ਜਾਂਦਾ ਵੀ ਮੇਰੇ ਖਾਤਰ ਚਾਹ ਬਨਣ ਲੱਗ ਪੀ। ਓਦੋਂ ਨਹੀਂ ਰੋਕਦਾ। ਜਦੋਂ ਚਾਹ ਬਣਕੇ ਆ ਜਾਂਦੀ ਆ ਓਦੋਂ ਟ੍ਰੇ ‘ਚੋਂ ਕੱਪ ਚੱਕਣ ਲੱਗਾ ਏਨੀ ਕ ਗੱਲ ਜ਼ਰੂਰ ਕਹਿੰਦਾ ,” ਓ ਹੋ ਆਹ ਤਾਂ ਭਾਈ ਖੇਚਲਾ ਈ ਕੀਤੀ, ਮੈਂ ਤਾਂ ਹੁਣੇ ਪੀਕੇ ਈ ਤੁਰਿਆ ਸੀ ਘਰੋਂ।
7. ਇੱਕ ਨਵਾਂ ਸ਼ਬਦ ਪੰਜਾਬੀਆਂ ਦੇ ਧੱਕੇ ਚੜ੍ਹਿਆ ‘ਬੇਫਾਲਤੂ’। ਕਿਹੜਾ ਦੱਸੇ ਬੀ ਖਸਮੋਂ ਜਦੋਂ ਫਾਲਤੂ ਕਹਿਤਾ ‘ਬੇ’ ਲਾਓਣ  ਦੀ ਕੀ ਲੋੜ ਪੈਗੀ....ਘੁੱਦਾ

ਸਿੱਖ ਇਤਿਹਾਸ ਤੇ ਸਾਡੇ ਸ਼ੱਕੀ ਸੁਭਾਅ

ਅਸੀਂ ਸਿਆਣੇ ਬਹੁਤ ਬਨਣ ਲੱਗ ਗੇ। ਲੋੜੋਂ ਵੱਧ। ਏਨੇ ਸਿਆਣੇ ਕਿ ਹਰੇਕ ਗੱਲ ਤੇ ਸ਼ੱਕ ਕਰਦੇ ਆਂ। ਕਿੰਤੂ ਪ੍ਰੰਤੂ ਕਰਕੇ ਖ਼ੁਦ ਨੂੰ ਵੱਡਾ ਸਾਬਤ ਕਰਦੇ ਆਂ। ਹੋਰ ਤਾਂ ਹੋਰ ਅਸੀਂ ਹੁਣ ਸਿੱਖ ਇਤਿਹਾਸ ਤੇ ਸ਼ੱਕ ਕਰਨਾ ਸਿੱਖਗੇ। ਬਾਬਾ ਦੀਪ ਸਿੰਘ, ਚਰਖੜੀਆਂ, ਤੱਤੀਆਂ ਤਵੀਆਂ, ਆਰੇ, ਨੀਂਹਾਂ। ਸਾਰੇ ਕਿਤੇ ਸ਼ੱਕ। 
ਅਸਲ ‘ਚ ਆਪਾਂ ਆਪ ਬਹੁਤ ਕੱਚੇ ਹੋਣ ਕਰਕੇ ਓਹਨ੍ਹਾਂ ਮਰਜੀਵੜਿਆਂ ਨੂੰ ਛੁਟਿਆਓਣ ਲੱਗਪੇ। ਵਿਗਿਆਨ ਹੋਣੀਂ ਬਹੁਤ ਪਿੱਛੇ ਨੇ ਤੇ ਸ਼ਹੀਦੀ ਦਾ ਓਹ ਲੈਵਲ ਮੈਂ ਤੂੰ ਸਮਝ ਨਹੀਂ ਸਕੇ। ਹਰਪਾਲ ਸਿੰਘ ਪੰਨੂੰ ਹੋਣਾਂ ਦੀ ਕਿਤਾਬ ‘ਸਵੇਰ ਤੋਂ ਸ਼ਾਮ’ ‘ਚ ਸਿਰਦਾਰ ਕਪੂਰ ਸਿੰਘ ਦੀ ਆਖੀ ਗੱਲ ਪੜ੍ਹੋ।

ਸਰਦਾਰ ਨੇ ਭਾਸ਼ਣ ਦਿੱਤਾ। ਕਿਸੇ ਨੇ ਸਵਾਲ ਪੁੱਛਿਆ-“ਜੀ ਤੰਬੂ ‘ਚ ਲਿਜਾਕੇ ਗੁਰੂ ਜੀ ਨੇ ਪੰਜ ਪਿਆਰਿਆਂ ਦੇ ਸੀਸ ਸਚਮੁੱਚ ਕੱਟੇ ਸੀ?”
ਦੱਸਿਆ- ਗੁਰੂ ਕਲਗ਼ੀਧਰ ਪਿਤਾ ਨੇ ਸਾਡੇ ਤੋਂ ਜੀਵਨ ਭਰ ਕੁਝ ਨਾ ਲੁਕਾਇਆ ਨਾ ਛੁਪਾਇਆ। ਇਸ ਮੌਕੇ ਪਰਦਾ ਤਾਣ ਕੇ ਇੱਕ ਅਗੰਮੀ ਕਾਰਜ ਕੀਤਾ। ਖਾਲਸੇ ਨੂੰ ਜਨਮ ਦੇਣ ਵੇਲੇ ਓਨ੍ਹਾਂ ਤੁਹਾਡੇ ਤੋਂ ਪਰਦਾ ਕੀਤਾ ਸੀ। ਤੁਹਾਨੂੰ ਕੀ ਹੱਕ ਹੈ ਪਰਦਾ ਹਟਾਓ। ਖ਼ਬਰਦਾਰ ਕਿਸੇ ਨੇ ਅੰਦਾਜ਼ੇ ਲਾ ਲਾ ਉੱਤਰ ਦੇਣ ਦੀ ਮੂਰਖਤਾ ਕੀਤੀ। ਕਈ ਸਾਲ ਦਸ਼ਮੇਸ਼ ਪਿਤਾ ਅਤੇ ਪੰਜ ਪਿਆਰੇ ਸਾਡੇ ਵਿਚਕਾਰ ਰਹੇ। ਓਹਨ੍ਹਾਂ ਨੇ ਕਦੇ ਏਸ ਮਹਾਨ ਘਟਨਾ ਬਾਰੇ ਗੱਲ ਨਹੀਂ ਕੀਤੀ। ਕਿਸੇ ਨੂੰ ਇਸ ਬਾਰੇ ਟਿੱਪਣੀ ਕਰਨ ਦਾ ਪਾਪ ਨਹੀਂ ਕਰਨਾ ਚਾਹੀਦਾ।

ਚੱਕ ਫ਼ਤਿਹ ਸਿੰਘ ਵਾਲਾ

ਪੰਜ ਤੀਰ ਤੇ ਪੱਚੀ ਸਿੰਘ ਲੈਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਵਧਿਆ। ਜਿੱਥੋਂ ਜਿੱਥੋਂ ਦੇ ਬੰਦੇ ਸਿੱਖ ਪੰਥ ਨਾਲ ਜੁੜੇ ਸੀ ਗੁਰੂ ਸਾਹਬ ਨੇ ਓਹ ਅਡਰੈੱਸ ਸਿਰਨਾਵੇਂ ਬੰਦਾ ਸਿੰਘ ਨੂੰ ਦਿੱਤੇ ਸੀ। ਓਹਨ੍ਹਾਂ ਮੁਤਾਬਕ ਬੰਦਾ ਸਿੰਘ ਨੇ ਪੰਜਾਬ ‘ਚ ਸੰਗਤ ਨੂੰ ਹੁਕਮਨਾਮੇ ਘੱਲੇ। ਭੁੱਚੋ ਨੇੜਲੇ ਪਿੰਡ ਦੀ ਸੰਗਤ ਗੁਰੂ ਰਾਮਦਾਸ ਜੀ ਦੇ ਵੇਲੇ ਤੋਂ ਸਿੱਖ ਪੰਥ ਨਾਲ ਜੁੜੀ ਸੀ। 
ਏਸ ਨਗਰ ਦੇ ਸੂਰਮੇ ਫਤਹਿ ਸਿੰਘ ਨੇ ਬਾਬਾ ਬੰਦਾ ਸਿੰਘ ਨਾਲ ਰਲਕੇ ਚੰਗੀ ਤਲਵਾਰ ਵਾਹੀ। ਸਮਾਣੇ ਦੀ ਜਿੱਤ ਮਗਰੋਂ ਫਤਹਿ ਸਿੰਘ ਨੂੰ ਓਥੋਂ ਦਾ ਹਾਕਮ ਥਾਪਿਆ। 
ਵਜ਼ੀਰ ਖਾਨ ਨਾਲ ਚੱਪੜਚਿੜੀ ਦੇ ਥਾਂ ਤੇ ਪੰਜਾ ਲੜਾਇਆ। ਘੋੜੇ ਦੀਆਂ ਰਕਾਬਾਂ ਤੇ ਖੜੋ ਕੇ ਫਤਹਿ ਸਿੰਘ ਨੇ ਤਲਵਾਰ ਦਾ ਭਰਵਾਂ ਵਾਰ ਕੀਤਾ, ਵਜ਼ੀਰ ਖਾਨ ਦੇ ਸੱਜੇ ਮੋਢੇ ਤੇ ਵਾਰ ਕਰਕੇ ਤਲਵਾਰ ਖੱਬੀ ਵੱਖੀ ਕੋਲੋਂ ਨਿੱਕਲੀ ਤੇ ਵਜ਼ੀਰੇ ਦੇ ਦੋ ਟੋਟੇ ਕੀਤੇ। ਪਿੱਛੇ ਜੇ ਕਿਸੇ ਕਾਲੀ ਲੀਡਰ ਨੇ ਚਵਲ ਮਾਰੀ ਸੀ ਕਿ ਬਾਦਲ ਦੇ ਵੱਡੇ ਵਡੇਰੇ ਨੇ ਵਜ਼ੀਰ ਖਾਨ ਦਾ ਕਤਲ ਕੀਤਾ ਸੀ। ਅਸਲ ‘ਚ ਸੁਰਿੰਦਰ ਕੌਰ ਬਾਦਲ ਦੇ ਵੱਡੇ ਵਡੇਰੇ ਫਤਹਿ ਸਿੰਘ ਸਨ। 
ਖੈਰ। ਜਦੋਂ ਗੁਰੂ ਸਾਹਬ ਤਲਵੰਡੀ ਸਾਬੋ ਸਨ, ਓਦੋਂ ਫਤਹਿ ਸਿੰਘ ਦੀ ਬੇਨਤੀ ਤੇ ਗੁਰੂ ਸਾਹਬ ਜੇਠ ਮਹੀਨੇ ਸੱਤ ਦਿਨ ਏਸ ਪਿੰਡ ਆਏ ਸੀ। ਭਾਗੂ, ਬਠਿੰਡਾ ਕਿਲ੍ਹਾ ਹੋਕੇ ਤਲਵੰਡੀ ਮੁੜੇ ਸੀ।
ਚੂਨੇ, ਇੱਟਾਂ ਦਾ ਬਣਿਆ ਗੁਰੂ ਘਰ ਢਾਹਕੇ, ਇਤਿਹਾਸਿਕ ਬੇਰੀ ਪੱਟ ਦਿੱਲੀ ਕਾਰ ਸੇਵਾ ਵਾਲਿਆਂ ਨੇ ਏਥੇ ਨਵਾਂ ਗੁਰੂ ਘਰ ਬਣਾਇਆ। SGPC ਸਾਂਭਦੀ ਹੁਣ। 
ਗੁਰੂ ਸਾਹਬ ਦੇ ਕੱਪੜੇ, ਦਸਤਾਰ, ਫਤਹਿ ਸਿੰਘ ਦੀ ਤਲਵਾਰ ਤੇ ਹੋਰ ਅਣਮੁੱਲਾ ਸਮਾਨ ਪਿਆ ਏਥੇ। ਓਸ ਕਮਰੇ ਦੀ ਛੱਤ ਜਿਓਂ ਤਿਓਂ ਖੜ੍ਹੀ ਜਿੱਥੇ ਗੁਰੂ ਸਾਹਬ ਸੱਤ ਦਿਨ ਰਹਿੰਦੇ ਰਹੇ। ਕਰਿਓ  ਕਦੇ  ਦਰਸ਼ਨ ਪਿੰਡ 'ਚੱਕ ਫਤਹਿ ਸਿੰਘ ਵਾਲਾ'.....ਘੁੱਦਾ

ਕਿਸਾਨੀ ਮੋਰਚਾ ਬਨਾਮ ਅਕਾਲੀ ਦਲ

ਕੱਲ੍ਹ ਦੇ ਟ੍ਰਿਬਿਊਨ ਦੇ ਪਹਿਲੇ ਸਫ਼ੇ ਖ਼ਬਰ ਛਪੀ ਕਿ ਆਰਡੀਨੈਂਸ ਦੇ ਮਸਲੇ ਤੇ ਅਕਾਲੀ ਦਲ ਨੇ ਕੋਈ ਸਟੈਂਡ ਨਹੀਂ ਲਿਆ ਨਾਲ ਸੁਖਬੀਰ ਦਾ ਬਿਆਨ ਆਇਆ ਕਹਿੰਦਾ ,” ਮੈਂ ਕਿਸਾਨਾਂ ਲਈ ਕੁਰਬਾਨੀ ਦੇਣ ਲਈ ਤਿਆਰ ਹਾ”। 
ਚਲੋ ਇਤਿਹਾਸ ਦੇਖੀਏ ਇਨ੍ਹਾਂ ਦਾ। 
ਦਰਬਾਰ ਸਾਬ੍ਹ ਹਮਲਾ ਹੋਇਆ। ਅਕਾਲੀ ਵਰਕਰ ਬਾਦਲ ਪਿੰਡ ਪਹੁੰਚੇ। ਕੋਠੀਓਂ ਪਤਾ ਲੱਗਾ ਕਿ ਬਾਦਲ ਸਾਬ੍ਹ ਖੇਤ ਗਏ ਨੇ। ਜਥਾ ਖੇਤ ਪੁੱਜਾ। ਬਾਦਲ ਸਾਬ੍ਹ ਖ਼ਰਬੂਜ਼ੇ ਖਾ ਰਹੇ ਸੀ। ਪੁੱਛਣ ਲੱਗੇ- ਦੱਸੋ ਕਿਵੇਂ ਆਏ ਹੋ?
ਜਥੇ ਨੇ ਕਿਹਾ ਦਰਬਾਰ ਸਾਬ੍ਹ ਚੱਲੋ, ਫੌਜ ਬੜਾ ਨੁਕਸਾਨ ਕਰ ਸਕਦੀ ਓਥੇ। ਬਾਦਲ ਸਾਬ੍ਹ ਹੱਸ ਪਏ। ਕਿਹਾ- ਆਪਣੇ ਆਪਣੇ ਘਰਾਂ ਨੂੰ ਤੁਰ ਜਾਓ ਵਾਪਸ। ਅਜੇ ਓਥੇ ਬੜਾ ਕੁਛ ਹੋਣਾ।
ਜਿਨ੍ਹਾਂ ਕੁਰਬਾਨ ਹੋਣਾਂ ਹੁੰਦਾ ਓਹ ਇਜ਼ਾਜ਼ਤਾਂ ਨਹੀਂ ਲੈਂਦੇ, ਦੱਸਦੇ ਵੀ ਨਹੀਂ, ਓਹ ਤਾਂ ਸਿੱਖਾ ਹੋ ਜਾਂਦੇ ਨੇ ,ਤੇ ਹੋ ਵੀ ਗਏ।

ਕੇਸਰੀ ਨਿਸ਼ਾਨ ਦੀ ਤਾਬਿਆ ਹੇਠ

ਨਰਮੇ ਦਾ ਸਰਕਾਰੀ ਰੇਟ 5500 ਬੱਝਿਆ ਸੀ। ਮਲਵਈ ਜਾਣਦੇ ਨੇ ਕਿ ਹੁਣ ਨਰਮਾ ਕਦੇ ਵੀ ਏਸ ਭਾਅ ਹੁਣ ਨਹੀਂ ਵਿਕਿਆ। ਇਹ ਵਪਾਰੀ ਦੇ ਰਹਿਮੋ ਕਰਮ ਤੇ ਵਿਕਦਾ। 
ਜਦੋਂ ਮੰਡੀ ‘ਚ ਨਰਮੇ ਦੀ ਬੋਲੀ ਲੱਗਦੀ ਆ ਤਾਂ ਨਰਮਾ ਪਾਲਣ ਵਾਲ ਜਿੰਮੀਦਾਰ ਕੱਛਾਂ ‘ਚ ਹੱਥ ਦੇਕੇ ਵਿਚਾਰਾ ਬਣਿਆ ਸੈੜ ਤੇ ਖੜ੍ਹਾ ਹੁੰਦਾ। ਸਕੈੱਚਰ ਦੇ ਬੂਟਾਂ ਆਲੇ ਪੰਜ ਸੱਤ ਸੇਠ ਮੁਨੀਮਾਂ ਨਾਲ ਆਓਂਦੇ ਨੇ। ਜਾੜ੍ਹ ਹੇਠ ਨਰਮੇ ਦਾ ਵੜ੍ਹੇਵਾਂ ਚੱਬਕੇ ਮੁੱਲ ਲਾਓਂਦੇ ਨੇ। ਮਸਾਂ 45-4700 ਨੂੰ ਵਿਕਦਾ ਤੇ ਜੇ ਨਰਮੇ ‘ਚ ਮਾੜੀ ਮੋਟ ਪੱਤਰੀ ਹੋਵੇ ਫੇਰ 4000 ਦੇ ਲਾਗੇ ਵਿਕਦਾ। ਝੋਨੇ ਦਾ ਕੁੱਤ ਕਲੇਸ ਏਹਤੋਂ ਵੀ ਜ਼ਿਆਦਾ, ਕਦੇ ਕਾਲਾ, ਬਦਰੰਗ, ਕਿਤੇ ਹੀਟ ਹੋ ਗਿਆ। ਵਪਾਰੀ ਦੇ ਨੱਕ ਥੱਲੇ ਆਓਣਾ ਔਖਾ। ਕੁੱਲ ਮਿਲਾਕੇ ਬਹੁਤ ਕੁੱਤੇ-ਖਾਣੀ ਹੋਣੀ ਅੱਗੇ ।
ਅਗਲੀ ਗੱਲ। ਅੱਜ ਸਾਰਾ ਪੰਜਾਬ ਪੱਬਾਂ ਭਾਰ ਹੋਇਆ ਵਾ। ਲੀਡਰਾਂ ਦੇ ਘਰਾਂ ਮੂਹਰੇ ਧਰਨੇ ਲੱਗੇ। ਲੋਕ ਬਾਦਲ ਪਿੰਡ ਬੈਠੇ ਤੇ ਬਾਦਲ ਕਿਸੇ ਹੋਰ ਫਾਰਮ ਤੇ ਬੈਠਾ ਪੱਚੀ ਤੇ ਏਸੀ ਲਾਕੇ, ਲੱਤਾਂ ਤੇ ਕੰਬਲ ਲੈਕੇ ਮੈਕਸ ਪਲੇਅਰ ਤੇ ਆਸ਼ਰਮ ਦੇਖੀ ਜਾਂਦਾ ਹੋਣਾ। ਸਾਰੇ ਬਾਦਲ ਕੈਪਟਨ ਨੂੰ ਗਾਹਲਾਂ ਕੱਢ ਰਹੇ ਅੱਜ। ਵੋਟਾਂ ਆਓਣ ਦੋ। ਜਦੋਂ ਰੂਬੀਆ ਬੰਨ੍ਹਕੇ ਚੰਗਾ ਲੇਲਨ ਦਾ ਕੁੜਤਾ ਪਜਾਮਾ ਪਾਕੇ ਕੋਈ ਲੀਡਰ ਕਿਸੇ ਪਿੰਡ ਆਕੇ ਦੋਹੇਂ ਹੱਥ ਜੋੜਦਾ ਓਦੋਂ ਏਹੀ ਲੋਕ ਲੀਡਰ ਨੂੰ ਦੇਣ ਤੱਕ ਜਾਂਦੇ ਨੇ। 
ਕਿਸਾਨ ਯੂਨੀਅਨਾਂ ਦੇ ਆਗੂਆਂ ਤੇ ਏਹ ਦੋਸ਼ ਲੱਗਦੇ ਨੇ ਕਿ ਇਹ ਧਰਨਾ ਸਿਖਰ ਚੜ੍ਹਾਕੇ, ਬਿਨ੍ਹਾਂ ਕਿਸੇ ਪ੍ਰਾਪਤੀ ਦੇ ਧਰਨਾ ਚੱਕ ਲੈਂਦੇ ਨੇ ਜਾਂ ਵਿਕ ਜਾਂਦੇ ਨੇ। ਮਹਾਰਾਜ ਕਰੇ ਐਂਤਕੀ ਇਓਂ ਨਾ ਹੋਵੇ। ਲੋਕ ਥੋਡੇ ਮਗਰ ਖੜ੍ਹੇ ਨੇ। ਤਕੜੇ ਰਿਹੋ। 
ਪੰਜਾਬ ਗੁਰਾਂ ਦੀ ਧਰਤੀ ਆ, ਸਾਰੇ ਮੋਰਚੇ ਗੁਰੂ ਦਾ ਨਾਮ ਲੈਕੇ ਸ਼ੁਰੂ ਹੁੰਦੇ ਤੇ ਫਤਹਿ ਹੁੰਦੇ ਨੇ। ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਨਨਕਾਣਾ ਸਾਬ੍ਹ ਦਾ ਮੋਰਚਾ ਏਹਦੀ ਉਦਾਹਰਨ ਨੇ। ਕਿਸਾਨ ਆਗੂਆਂ ਨੂੰ ਬੋਲੇ ਸੋ ਨਿਹਾਲ ਤੋਂ ਅਲਰਜੀ ਨਹੀਂ ਹੋਣੀ ਚਾਹੀਦੀ। ਅੱਜ ਸਾਡੇ ਹੱਥ ਹਰੇ ਝੰਡੇ ਨੇ ਪਰ ਹੱਲ ਓਦਣ ਹੋਣਾ ਜਿੱਦਣ ਇਹ ਇਕੱਠ ਕੇਸਰੀ ਨਿਸ਼ਾਨ ਦੀ ਤਾਬਿਆ ਹੇਠ ਹੋਏ। ਦਸ ਸਾਲ ਲੱਗਣ ਭਾਵੇਂ ਸੌ ਸਾਲ ਲੱਗ....ਘੁੱਦਾ

ਪੱਚੀ ਸਤੰਬਰ ਪੰਜਾਬ ਬੰਦ

ਦੂਜੇ ਵੀ ਸਾਰੇ ਚੰਗੇ ਨੇ, ਪਰ ਜਿਵੇਂ ਸ਼ੰਭੂ ਬਾਡਰ ਤੇ ਧਰਨਾ ਲੱਗਾ ਜਾਂ ਦੀਪ ਸਿੱਧੂ ਜਿਹੜੀ ਗੱਲ ਕਰ ਰਿਹਾ ਓਹਦੇ ਨਾਲ ਪੰਜਾਬ ਦਾ ਪਾਰ ਉਤਾਰਾ ਹੋਣਾ। 
ਦਿੱਲੀ ਜੇ ਸਾਨੂੰ ਵੜਨ ਨਹੀਂ ਦਿੰਦੀ ਤਾਂ ਹੱਦਾਂ ਬੰਦ ਕਰਕੇ ਦਿੱਲੀ ਨੂੰ ਵੀ ਪੰਜਾਬ ਨਾ ਵੜਨ ਦਿੱਤਾ ਜਾਵੇ।
ਧਰਨੇ ਲੱਗੇ ਨੇ, ‘ਕੱਠ ਬਹੁਤ ਹੋਏ, ਪਰ ਹਜੇ ਹੋਰ ਗੰਭੀਰ ਹੋਣਾ ਪੈਣਾ। ਹਜੇ ਚੌੜ ‘ਚ ਵੀ ਪਿਆ ਵਾ ਕੰਮ। ਇਹ ਸ਼ੁਰੂਆਤ ਸੀ । ਜੇ ਏਸ ਲੜਾਈ ਦੇ ਸਿੱਟੇ ਚਾਹੁਣੇ ਓਂ ਤਾਂ ਨਿੱਤ ਸੜਕਾਂ ਤੇ ਜਾਣਾ ਪਊ।
ਆਰਡੀਨੈਸਾਂ ਦੇ ਰੁਝਾਨ ਆਓਣੇ ਸ਼ੁਰੂ ਹੋਗੇ ਸਿੱਖੋ। ਆਹ ਦਿਨਾਂ ‘ਚ ਕਣਕ 21-2200 ਨੂੰ ਵਿਕਦੀ ਸੀ ਤੇ ਐਂਤਕੀ 1500 ਨੂੰ ਵਿਕ ਰਹੀ।
ਖੇਤ ਵੱਢਿਆ ਝੋਨਾ ਸਿੱਧਾ ਮੰਡੀ ਜਾਕੇ ਤੁਲਦਾ, ਪਰਚੀ ਲੈਕੇ ਹਿਸਾਬ ਕਰਕੇ ਪੈਸੇ ਖਾਤੇ ਆਓਂਦੇ ਸੀ। ਜੇ ਝੋਨਾ ਘਰੇ ਰੱਖਣਾ ਪੈ ਗਿਆ ਤਾਂ ਝੋਨਾ ਹਲਾਓਣ  ਖਾਤਰ ਸੱਬਰਕੱਤੇ ਚੱਕਕੇ ਤੁਰਿਆ ਫਿਰੂ ਸਾਰਾ ਟੱਬਰ। ਇਹ ਪੁੱਤ ਦਾ ਕਾਲਾ ਜਾ ਵੀ ਛੇਤੀ ਹੋ ਜਾਂਦਾ ਪਿਆ ਪਿਆ।
ਬਾਸਮਤੀ ਦੀ ਸਰਕਾਰੀ ਖਰੀਦ ਹੈਨੀ ਪਹਿਲਾਂ ਵੀ। ਢੇਰੀਆਂ ਵਪਾਰੀ ਦੀ ਮਰਜ਼ੀ ਨਾਲ ਕਦੇ 2200 ਕਦੇ 2800 ਨੂੰ ਵਿਕਦੀਆਂ। ਓਹੀ ਬਾਸਮਤੀ ਜਿਹਨੂੰ ‘ਇੰਡੀਆ ਗੇਟ’ ਦਾ ਲੇਬਲ ਲਾਕੇ ੧੦੦ ਰੁਪਏ ਕਿੱਲੋ ਤੋਂ ਉੱਤੇ ਵੇਚਦੇ ਨੇ।
 ਹੁਸ਼ਿਆਰਪੁਰ ਦੀ ਮੱਕੀ 6-700 ਨੂੰ ਰੁਲਦੀ ਰਹੀ। ਪਰ ਔਫ ਸੀਜ਼ਨ ‘ਚ ਵਪਾਰੀ 23-2400 ਤੱਕ ਮੱਕੀ ਵੇਚ ਗਿਆ ਪਿੱਛੇ ਜੇ। 
ਇਹ ਗੱਲ ਯਾਦ ਰੱਖਿਓ ਭਰਾ, ਅੱਜ ਸ਼ੁਰੂ ਹੋਇਆ ਕੰਮ, ਬੱਸ ਹੁਣ ਟਿਕਿਓ ਨਾ, ਨਹੀਂ ਹਮੇਸ਼ਾ ਲਈ ਟਿਕਜਾਂਗੇ...ਖ਼ਾਸ ਗੱਲ ਰਹਿਗੀ ਸੀ ਜਿਨ੍ਹਾਂ ਨੂੰ ਹਜੇ ਵੀ ਸੁਖਬੀਰ ਪਿਓ ਲੱਗਦਾ, ਓਹ ਸਲਫਾਸ ਫੜ੍ਹਲੋ ਕਿਤੋਂ , ਗੋਲ ਡੱਬੀ ਆਲੀ ਫੜ੍ਹਿਓ ਪੁੜੀ ਆਲੀ ਨੇ ਕੰਮ ਨਹੀ ਕਰਨਾ

ਹਰੀ ਕ੍ਰਾਂਤੀ

ਹਰੀ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਕੋਲ 42 ਤਰ੍ਹਾਂ ਦਾ ਅਨਾਜ ਹੁੰਦਾ ਸੀ। ਜਵਾਰ, ਕੋਧਰੇ, ਮੱਕੀ, ਬਾਜਰੇ ਵਰਗੇ ਮੋਟੇ ਅਨਾਜ ਦੀ ਰੋਟੀ ਪੰਜਾਬ ਖਾਂਦਾ ਸੀ। ਤੰਦਰੁਸਤ ਸੀ। 
ਭਾਰਤ ਨੂੰ ਅੰਨ ਦੀ ਲੋੜ ਪਈ ਤੇ ਕਣਕ ਝੋਨੇ ਦੀ ਅੰਨ੍ਹੀ ਪੈਦਾਵਾਰ ਪੰਜਾਬ ਤੋਂ ਕਰਾਈ। ‘ਅੰਨਦਾਤੇ’ ਦਾ ਗੁੱਲਾ ਠੋਕਤਾ। ਅੰਨ੍ਹਾ ਜ਼ਹਿਰ ਸਿੱਟਿਆ ਨਾਲੇ ਦਸ ਦਸ ਫੁੱਟ ਦੇ ਟੋਟੇ ਪਾਕੇ ਪਾਣੀ ਮੁੱਕਣ ਨੇੜੇ ਕਰਤਾ।
ਅੱਜ ਓਹ  ਸਾਥੋਂ ਝੋਨਾ ਖੋਹਣਾ ਚਾਹੁੰਦੇ ਨੇ ਤੇ ਅਸੀਂ ਝੋਨਾ ਬੀਜਣ ਲਈ ਅੜੇ ਹੋਏ ਆ। ਮਹੌਲ ਦੇਖ ਕੀ ਬਣਿਆ, ਪੰਜਾਬ ਝੋਨਾ ਬੀਜੇ ਬਿਨ੍ਹਾਂ ਵੀ ਮਰਦਾ ਤੇ ਬੀਜ ਕੇ ਵੀ ਮਰਦਾ। 
ਅਗਲੀ ਗੱਲ ਕਰੀਏ। 
ਅੱਜ ਹਰੇਕ ਬੰਦਾ ਇੱਕ ਦੂਜੇ ਨੂੰ ਏਹੀ ਸਵਾਲ ਪੁੱਛਦਾ ,” ਬਣੂੰ ਕੁਛ, ਹੋਊ ਕੋਈ ਹੱਲ ਬਿੱਲਾਂ ਬੁੱਲਾਂ ਦਾ? 
ਸਾਡੇ ਬਾਬੇ ਸੜਕਾਂ, ਲੀਹਾਂ ਤੇ ਬੈਠੇ ਨੇ। 
ਧੁੱਪੇ ਬੈਠਿਆਂ ਦੇ ਮੱਥੇ ਤੇ ਪਰਨੇ ਹੇਠ ਪੁੱਠੀ V ਹੋਰ ਗੂੜ੍ਹੀ ਹੋਗੀ। ਆਪਣੇ ਸਿਰ ਤੇ ਲੱਖਾਂ ਤਨਖਾਹਾਂ ਲੈਂਦੇ CM, MLA, MP ਤੇ ਹੋਰ ਸਾਰੇ ਕੀ ਥਣ ਫੜ੍ਹਦੇ ਆ। ਇਹ ਸਾਰਾ ਗੰਦ ਪਿੱਲ ਕੱਠਾ ਹੋਕੇ ਮੂਹਰੇ ਲੱਗੇ, ਸਾਰਾ ਪੰਜਾਬ ਮਗਰ ਖੜ੍ਹਾ। 
ਦੀਪ ਸਿੱਧੂ ਕੱਲ੍ਹ ਨੂੰ ਕੀ ਨਿੱਕਲੇ, ਇਹ ਓਹ ਜਾਣਦਾ।
ਪਰ ਅੱਜ ਚੰਗਾ ਕੰਮ ਕਰ ਰਿਹਾ। ਮੁਲਖ ਓਹਨੂੰ ਮਿਹਣੇ ਮਾਰੀ ਜਾਂਦਾ ਤੂੰ ਸੰਨੀ ਦਿਓਲ ਨਾਲ ਪ੍ਰਚਾਰ ਕਰਦਾ ਰਿਹਾਂ। ਓਹਨੇ ਕਈ ਇੰਟਰਵਿਊਆਂ ‘ਚ ਇਹ ਗੱਲ ਕਲੀਅਰ ਕਰਤੀ ਕਿ ਇਹ ਓਹਦੀ ਗਲਤੀ ਸੀ। 
ਇੱਕੋ ਗੱਲ ਰਪੀਟ ਕਰੀ ਜਾਣੇ ਅਸੀਂ ਜਰ। ਆਪਣੇ ਆਪ ਨੂੰ ਦੇਖੋ, ਤੀਵੀਬਾਜ ਬੰਦੇ ਨੂੰ ਲੋਕ ਘਰੇ ਨੀਂ ਵੜਨ ਦਿੰਦੇ, ਤੁਸੀਂ ਐਡਾ ਮੰਤਰੀ ਬਣਾਇਆ ਵਾ।
ਅੱਜ ਸਾਰੇ ਪੰਜਾਬ ਦੀ ਇੱਕ ਮੰਗ ਆ ਕਿ ਬਿੱਲ ਰੱਦ ਹੋਣ। ਪਰ ਮੂੰਹ ਸਾਡੇ ਅੱਡੋ ਅੱਡ ਨੇ। ੩੧ ਜਥੇਬੰਦੀਆਂ, ਕੁੱਲ ਕਲਾਕਾਰ, ਬਾਬੇ, ਸਾਰੀਆਂ ਪਾਰਟੀਆਂ ਦੇ ਨਿੱਕੇ ਵੱਡੇ ਲੀਡਰ ਇੱਕੋ ਥਾਂ ਕੱਠੇ ਹੋਣ ਫੇਰ ਹੀ ਕੁਛ ਬਣ ਸਕਦਾ। ਨਹੀਂ ਸੜਕਾਂ ਤੇ ਚਿੱਤੜ ਘਸਾਓਂਦੇ ਰਹਿਜਾਂਗੇ। ਬਾਕੀ ਪੰਜਾਬ ਦੇ ਮੁੰਡਿਆਂ ‘ਚ ਬਰੂਦ ਬਥੇਰਾ ਪਰ ਚੰਗੇ ਆਗੂ ਦੀ ਅਗਵਾਈ ਬਿਨ੍ਹਾਂ ਮਾਰ ਖਾਈ ਜਾਣੇ ਆਂ...ਚੜ੍ਹਦੀ ਕਲਾ ਹੋਵੇ

ਅਸਲ ਹੱਲ

ਜੇ ਗੱਲ ਕਣਕ ਝੋਨੇ ਤੇ ਮਿਲਦੇ ਕੱਲੇ MSP ਦੀ ਹੀ ਕਰੀਏ ਤਾਂ ਇਹ ਤਾਂ ਸਾਨੂੰ ਪਹਿਲਾਂ ਵੀ ਮਿਲੀ ਜਾਂਦੀ ਸੀ। ਜਿਹੜੇ MSP ਖਾਤਰ ਸਾਰਾ ਪੰਜਾਬ ਸੜਕਾਂ, ਲੀਹਾਂ ਤੇ ਬੈਠਾ ਓਹ ਤਾਂ ਪਹਿਲਾਂ ਮਿਲਦੀ ਸੀ। ਖੁਦਕੁਸ਼ੀਆਂ, ਕਰਜ਼ੇ, ਡਿਫਾਲਟਰ ਤਾਂ ਫੇਰ ਵੀ ਹੋਈ ਜਾਂਦੇ ਸੀ।
ਅੱਜ ਅਸੀਂ ਕੇਂਦਰ ਵੱਲੋਂ ਖ਼ਤਮ ਕੀਤੀ MSP ਲਈ ਲੜ ਰਹੇ ਆਂ। ਹੁਣ MSP ਮਿਲਣੀ ਔਖੀ ਆ, ਪਰ ਅਸੰਭਵ ਨਹੀਂ। 
ਸਵਾਲ ਤਾਂ ਸਾਲਾ ਇਹ ਆ ਕਿ ਜੇ MSP ਮਿਲ ਵੀ ਗਈ ਫੇਰ ਕੀ ਕਰਲਾਂਗੇ? ਪਨਾਲਾ ਤਾਂ ਓਥੇ ਦਾ ਓਥੇ ਹੀ ਰਹਿ ਗਿਆ। 
ਪਹਿਲੀ ਗੱਲ ਤਾਂ ਸਾਨੂੰ ਸਾਡੀਆਂ ਮੰਗਾਂ ਠੀਕ ਕਰਨੀਆਂ ਪੈਣਗੀਆਂ। ਮੰਨ ਲਓ ਅੱਜ ਕੇਂਦਰ ਕਣਕ, ਝੋਨਾ ਚੱਕਣ ਲਈ ਤਿਆਰ ਹੋ ਜਾਂਦਾ। 
ਹੋਰ ਦਸਾਂ ਸਾਲਾਂ ਨੂੰ ਜਦੋਂ ਧਰਤੀ ਦਾ ਪਾਣੀ ਨਬੇੜ ਲਿਆ ਫੇਰ ਏਸਤੋਂ ਵੀ ਕਿਤੇ ਵੱਡੇ ਘੋਲ ਲੜਨੇ ਪੈਣਗੇ। ਫੇਰ ਅਸੀਂ ਹੱਥ ਖੜ੍ਹੇ ਕਰਾਂਗੇ ਬੀ ਅਸੀਂ ਝੋਨਾ ਨਹੀਂ ਬੀਜਣਾ।  
ਕੱਲ੍ਹ ਨੂੰ ਚਾਰ ਸਿਰ ਜੁੜਕੇ ਰਾਜੀਬੰਦਾ ਕਰ ਵੀ ਲੈਣ ਪਰ ਅਨੰਦਪੁਰ ਦੇ ਮਤੇ ਤੋਂ ਘੱਟ ਪੰਜਾਬ ਦਾ ਬਚਾਅ ਈ ਨਹੀਂ ਹੋਣਾ। 
ਨਾਲੇ ਸਾਨੂੰ ਸ਼ਬਦ ਠੀਕ ਕਰਨੇ ਪੈਣਗੇ, ਇਹ ਮੰਗਾਂ ਨਹੀਂ ਸਾਡੇ ਹੱਕ ਨੇ। 
ਕਈ ਸਾਡੇ ਬੰਦੇ ਕਹਿੰਦੇ ਜੀਓ ਦੇ ਸਿੰਮਾਂ ਨਾਲ ਕੀ ਫਰਕ ਪੈਣਾ। ਸੇਠ ਗੱਲੇ ਦਾ ਲੋਭੀ ਹੁੰਦਾ। ਅੱਜ ਨਿੱਤ ਕਰੋੜਾਂ ਦਾ ਘਾਟਾ ਪਊ ਤਾਂ ਪੰਜਾਬ ‘ਚ ਪੈਸਾ ਇਨਵੈਸਟ ਕਰਨ ਲੱਗਾ ਅੰਬਾਨੀ ਦਸ ਵਾਰੀ ਸੋਚੂ। 
ਨਿੱਕਲੋ ਭਰਾਵੋ ਘਰਾਂ ‘ਚੋਂ। ਲੜੋ, ਲਿਖੋ, ਗਾਓ, ਟਵਿੱਟਰ ਹੈਸ਼ਟੈਗ ਕਰੋ, ਡੀਪੀਆਂ ਲਾਓ, ਪ੍ਰਸ਼ਾਦਾ ਪਾਣੀ ਪਹੁੰਚਦਾ ਕਰੋ, ਜੋ ਕਰ ਸਕਦੇ ਕਰੋ। ਪਰ ਟਿਕਿਓ ਨਾ, ਕੁਛ ਨਾ ਕੁਛ ਕਰਦੇ ਰਿਹੋ। ਨੈਗੇਟਿਵਿਟੀ ਨਾ ਫਲਾਓ...ਜਿੱਤਾਂਗੇ ਜ਼ਰੂਰ......ਘੁੱਦਾ

ਸ਼ੰਭੂ ਮੋਰਚਾ ਪੰਜਾਬ

ਪੰਜਾਬ ਦੇ ੨੨ ਜ਼ਿਲ੍ਹੇ ਆ ਤੇ ੩੧ ਕਿਸਾਨ ਯੂਨੀਅਨਾਂ ਬਣੀਆਂ ਵਈਆਂ। 
ਸ਼ੰਭੂ ਧਰਨੇ ਨੂੰ ਮੱਤਾਂ ਦੇਣ ਤੋਂ ਪਹਿਲਾਂ ਏਹਨ੍ਹਾਂ ਨੂੰ ਆਵਦੀ ਪੀੜ੍ਹੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ। ਝੰਡੇ ਤੋਂ ‘ਭਾਰਤੀ ਕਿਸਾਨ ਯੂਨੀਅਨ’ ਲਕਬ ਲਾਹਕੇ ਪੰਜਾਬ ਲਾਓਣਾ ਪੈਣਾ। 
ਆਪਾਂ ਨਹੀਂ ਕਹਿੰਦੇ ਕਿ ਦੀਪ ਸਿੱਧੂ ਪੰਜਾਬ ਨੂੰ ਹੱਕ ਦਵਾਊ ਜਾਂ ਓਹ ਸਿਰੇ ਸੱਟ ਬੰਦਾ। ਏਸ ਗੱਲ ਦਾ ਨਬੇੜਾ ਸਮਾਂ ਕਰੂ।
ਪਰ ਕਿਸਾਨ ਯੂਨੀਅਨਾਂ ਆਲੇ ਕਈ ਦਿਨਾਂ ਤੋਂ ਦੀਪ ਸਿੱਧੂ ਤੇ ਤਵਾ ਧਰੀ ਬੈਠੇ। ਕਿਓਕਿਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਿਆਂ ਓਹਦੀ ਜ਼ੁਬਾਨ ਤੇ ਸੰਤ ਜਰਨੈਲ ਸਿੰਘ ਹੋਣਾਂ ਦਾ ਨਾਂ ਆਓਂਦਾ। 
ਸ. ਅਜਮੇਰ ਸਿੰਘ ਹੋਣਾਂ ਨੇ ਬੜੀ ਸੋਹਣੀ ਗੱਲ ਆਖੀ ਕਿ ਜਦੋਂ ਵੀ ਪੰਜਾਬ ਤੇ ਭੀੜ ਪਊ ਸੰਤਾਂ ਦਾ ਜ਼ਿਕਰ ਹੋਣਾ ਈ ਹੋਣਾ। ਓਹਨ੍ਹਾਂ ਦਾ ਨਾਂ ਆਓਂਦਿਆਂ ਈ ਮੁੰਡਿਆਂ ਦਾ ਜੋਸ਼ ਦੇਖਣ ਆਲਾ ਹੁੰਦਾ।
ਯੂਨੀਅਨਾਂ ਆਲੇ ਵਾਰ ਵਾਰ ਕਹਿ ਰਹੇ ਕਿ ਸਾਡੇ ਕੋਲ ਲੋਕ ਘੋਲਾਂ ਦਾ ਚਾਲੀ ਪੰਜਾਹ ਸਾਲ ਦਾ ਤਜਰਬਾ। ਚੰਗੀ ਗੱਲ ਆ, ਪਰ ਨਵਾਂ ਬੰਦਾ ਰਾਇ ਦੇਵੇ ਤਾਂ ਮੰਨ ਲੈਣੀ ਚਾਹੀਦੀ। ਨਾਂ ਵੀ ਮੰਨੋ, ਪਰ ਭੰਡੋ ਨਾ। 
45 ਸਾਲ ਦਾ ਬਾਬਾ ਸੋਹਣ ਸਿੰਘ ਭਕਨਾ ਵੀ 18 ਸਾਲ ਦੇ ਜਵਾਨ ਸਰਾਭੇ ਦੀ ਅਗਵਾਈ ਜਾਂ ਸਲਾਹ ਨਾਲ ਚੱਲ ਰਿਹਾ ਸੀ।
ਮੀਡੀਆ ਫੁੱਟ ਪਾਊ ਕੈਪਸ਼ਨਾਂ ਪਾਕੇ ਵੀਡਿਓਜ਼ ਪਾ ਰਿਹਾ ਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ ਪਾਟੇ। ਨਹੀਂ, ਲੱਖਾ ਸਿਧਾਣਾ ਬਠਿੰਡੇ ਧਰਨੇ ਤੇ ਹੁੰਦਾ ਤੇ ਏਹ ਗੱਲ ਮੰਨਦਾ ਕਿ ਦੀਪ ਸਿੱਧੂ ਦਾ ਰਾਹ ਤੇ ਮੰਗਾਂ ਸਹੀ ਨੇ।
ਹੁਣ ਕੰਮ ਆਪਣਾ, ਲੜਨਾ, ਸੜਕਾਂ ਤੇ ਬਹਿਣਾ। ਕਈ ਬੰਦੇ ਕਹਿੰਦੇ ਬਿੱਲ ਬੁੱਲ ਨਹੀਂ ਮੁੜਦੇ। ਯਾਦ ਰੱਖੋ, ਸੂਆ ਟੁੱਟਾ ਹੋਵੇ ਤਾਂ ਪਹਿਲਾਂ ਝਾਫੇ ਸਿੱਟੇ ਜਾਂਦੇ ਪਾੜ ਤੇ। ਫੇਰ ਗੱਟੇ ਲਾਕੇ ਸੂਆ ਬੰਨ੍ਹਿਆ ਜਾਂਦਾ ਤੇ ਬੰਨ੍ਹ ਵੱਜ ਜਾਂਦਾ ਤੇ ਜੇ ਉੱਦਮ ਨਾ ਕਰੀਏ ਫੇਰ ਪਾੜ ਤੇ ਨੁਕਸਾਨ ਵਧਦਾ ਜਾਂਦਾ। ਉੱਠੋ ਸਿੱਖੋ...ਬਾਬਾ ਭਲੀ ਕਰੂ.....ਘੁੱਦਾ

ਦੀਪ ਸਿੱਧੂ ਸ਼ੰਭੂ ਮੋਰਚਾ

1984 ਤੋਂ ਬਾਅਦ ਕੌਮ ਨੂੰ ਕੋਈ ਆਗੂ ਨਹੀਂ ਮਿਲਿਆ।।
ਓਦੋਂ ਤੋਂ ਕੰਧਾਂ ‘ਚ ਵੱਜਦੇ ਫਿਰਦੇ ਆਂ। 
ਬਾਦਲ ਦੇ ਭਤੀਜੇ ਨੇ ਖੜਕੜ ਕਲਾਂ ਸਹੁੰ ਚੱਕੀ, ਜਲ੍ਹਿਆਂ ਵਾਲੇ ਬਾਗ ਮਿੱਟੀ ਕੱਢ, ਕੇਸਰੀ ਪੱਗ ਬੰਨ੍ਹੀ। 
ਜਵਾਨੀ ਨੇ ਓਹਦੇ ਪਤੰਗ ਪਿੱਛੇ ਬਥੇਰੀ ਡੋਰ ਛੱਡੀ। ਓਹ ਹਾਰਿਆ ਤੇ ਮੋਤੀ ਮਹਿਲੀਏ ਦੀ ਗੱਡੀ ਦਾ ਡਰੈਵਰ ਬਣ ਗਿਆ। 
ਆਮ ਆਦਮੀ ਤੋਂ ਆਸ ਬੱਝੀ। ਝੰਡੇ, ਟੋਪੀਆਂ, ਲੀਰਾਂ ਪਿੱਛੇ ਮੋਟਰਸੈਕਲ ਭੰਨੇ। ਬਹੁਕਰ ਨੂੰ ਝਾੜੂ ਕਹਿਣਾ ਸਿੱਖੇ। ਜਵਾਨੀ ਨਿਰਾਸ਼ ਹੋਈ, ਤਾਹਨੇ ਮਿਹਣੇ ਸੁਣੇ,” ਹੋਰ ਫਿਰ ਕਿਹੜਾ ਬਣੂੰ ਮੁੱਖ ਮੰਤਰੀ ਆਮ ਆਦਮੀ ਦਾ?”
ਅਸਲ ‘ਚ ਅਸੀਂ ਵੋਟਾਂ ਨਹੀਂ ਪਾਓਂਦੇ। ਸੱਟਾ ਖੇਡਦੇ ਆਂ। ਕਿ ਚੱਲ ਆਹ ਨਹੀਂ ਤਾਂ ਆਹ ਸਹੀ।
ਸਾਡਾ ਸਿੱਧਾ ਹਸਾਬ ਕਿ ਜਿੱਥੋਂ ਪੰਥ, ਪੰਜਾਬ ਦਾ ਭਲਾ ਦਿਸਦਾ ਓਧਰ ਨੂੰ ਭੱਜੀਦਾ। 
ਕਿਤੇ ਅੰਬ ਸਾਹਬ ਮੋਰਚੇ ਤੇ ਪਹੁੰਚੇ, ਕਿਤੇ ਬਾਪੂ ਸੂਰਤ ਸਿੰਘ ਦੀ ਗੱਲ ਕੀਤੀ। ਕਦੇ ਬਰਗਾੜੀ ਦੇ ਮਹਾਨ ਇਕੱਠ ‘ਚੋੰ ਦੁਖੀ ਹੋਕੇ ਮੁੜੇ। 
ਅੱਜ ਸੜਕਾਂ, ਟੌਲਾਂ, ਮਾਲਾਂ, ਲੀਹਾਂ ਤੇ ਬੈਠਾ ਹਰੇਕ ਬੰਦਾ ਸੂਰਮਾ ਜਿਹੜਾ ਕਿਸੇ ਵੀ ਤਰੀਕੇ ਲੜ ਰਿਹਾ।
ਸਾਡੇ ਕਈ ਬੰਦੇ ਕਹਿੰਦੇ ਲੱਖਾ ਤੇ ਦੀਪ ਟਿਕਟ ਟੁਕਟ ਲੈਣਗੇ। 
ਤੇ ਲੈ ਲੈਣਦੋ ਟਿਕਟ, ਕੀ ਇਤਰਾਜ਼ ਆ ਭਰਾ?
ਜੇ ਡੈਮੋਕਰੇਸੀ, ਵੋਟਾਂ ਤੇ ਯਕੀਨ ਕਰਦੇ ਓਂ ਤਾਂ ਲੈਣਦੋ ਟਿਕਟਾਂ। ਸੱਟਾ ਈ ਸਹੀ, ਏਹਨ੍ਹਾਂ ਤੇ ਖੇਡਲੋ।
ਪੰਜਾਬ ਦੀ ਹੱਦ ਤੇ ਦਿੱਲੀ ਨੂੰ ਜਾਂਦੇ ਰਾਹ ਤੇ ਦੀਪ ਸਿੱਧੂ ਮੋਰਚਾ ਗੱਡੀ ਬੈਠਾ।
ਦੋ ਤਿੰਨ ਅਸੀਂ ਏਸੇ ਮੋਰਚੇ ‘ਚ ਲਾਏ। ਜੇ ਏਹੀ ਸੋਚ ਜਾਂ ਗੱਲ ਹੋਰ ਕੋਈ ਆਗੂ ਕਰਦਾ ਤਾਂ ਅਸੀਂ ਫੇਰ ਵੀ ਏਥੇ ਹੋਣਾ ਸੀ।
ਦਿਨ ‘ਚ ਵੀਹ ਵੀਹ ਘੰਟੇ ਕੰਮ ਕਰ ਰਿਹਾ। ਜਜ਼ਬਾਤੀ ਤੇ ਭਾਵੁਕ ਬੰਦਾ, ਗੱਲ ਕਰਦਾ ਰੋਣਹੱਕਾ ਹੋ ਜਾਂਦਾ। ਸਾਰੇ ਪੰਜਾਬ ‘ਚੋਂ ਮੁੰਡੇ ਹਜ਼ਾਰਾਂ ਸਵਾਲ ਲੈਕੇ ਆਓਂਦੇ ਨੇ, “ਬਾਈ ਤੂੰ ਹੁਣ ਭੱਜੀ ਨਾਂ, ਤੈਥੋਂ ਆਸ ਆ”।ਓਹ ਸਹਿਜਤਾ ਨਾਲ ਜਵਾਬ ਦਿੰਦਾ। ਦਿਹਾੜੀ ਦੀਆਂ ਪੰਜ ਪੰਜ ਇੰਟਰਵਿਊਆਂ ਕਰਦਾ। ਤਿੰਨ ਚਾਰ ਘੰਟੇ ਸੌਂਦਾ।
ਕਿਸੇ ਬੰਦੇ ਦੇ ਫੈਨ, ਭਗਤ , ਪੱਖੇ ਨਾ ਬਣੋ। ਅੱਜ ਓਹ ਪੰਜਾਬ ਦੀ ਗੱਲ ਕਰ ਰਿਹਾ,ਜਿੰਨਾ ਚਿਰ ਕਰੂ ਓਹਦੇ ਨਾਲ ਖੜ੍ਹਾਂਗੇ। ਸਾਡੇ ਬਹੁਤੇ ਬੰਦੇ ਫੇਸਬੁੱਕ ਤੇ ਲਿਖਕੇ RSS ਦਾ ਲੇਬਲ ਲਾ ਰਹੇ ਨੇ। 
ਦੀਪ ਸਿੱਧੂ ਕੱਲ੍ਹ ਨੂੰ ਬਸ਼ੱਕ RSS ਦਾ ਬੰਦਾ ਨਿੱਕਲ ਆਵੇ ਪਰ ਤਾਂ ਵੀ ਓਹ ਪੰਜਾਬ ਦਾ ਓਨਾ ਨੁਕਸਾਨ ਨਹੀਂ ਕਰ ਸਕਦਾ ਜਿੰਨਾਂ ਥੋਡੇ ਚਹੇਤੇ ‘ਪੰਥ ਰਤਨ’ ਨੇ ਕੀਤਾ।
ਆਪਣਾ ਸਾਰਿਆਂ ਦਾ ਜਾਣਾ ਬਣਦਾ ਓਥੇ....ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਹੋਣਾਂ ਵੰਗੂ ਜੰਗ ਜਿੱਤਣ ਤੋਂ ਪਹਿਲਾਂ ਇਹ ਦੱਸਣ ਲਈ ਲੜੀਏ ਕਿ ਮਰੇ ਨਹੀਂ, ਅਸੀਂ ਹਜੇ ਹੈਗੇ ਆਂ..ਬੈਸ....ਘੁੱਦਾ

ਪੰਜਾਬ ਕਿਸਾਨੀ ਧਰਨੇ

ਪੰਜਾਬ ਦੀ ੧ ਪਰਸੈਂਟ ਅਬਾਦੀ ਵੀ ਹੁਣ ਧਰਨਿਆਂ ‘ਚ ਨਹੀਂ ਜਾ ਰਹੀ। ਬਹੁਤਿਆਂ ਨੂੰ ਮੈਂ ਜਾਣਦਾਂ ਜਿਹੜੇ ਸਿਰਫ 25 ਸਤੰਬਰ ਆਲੇ ਕੱਠਾਂ ‘ਚ ਗਏ ਸੀ। ਪੰਜ ਕ ਦਿਨ ਪਹਿਲਾਂ ਅਸੀਂ ਲੁਧਿਆਣੇ ਗਏ । ਰਾਹ ‘ਚ ਕਿਸੇ ਧਰਨੇ ਤੇ ਦਸ ਜਣੇ ਬੈਠੇ ਕਿਤੇ ਪੰਦਰਾਂ। 
ਬਠਿੰਡੇ ਰਿਲਾਇੰਸ ਮਾਲ ਮੂਹਰੇ ਧਰਨੇ ਤੇ ਰਾਤ ਨੂੰ ਇੱਕ ਜਣਾ ਹੁੰਦਾ ਤੇ ਦਿਨੇ ਦੋ ਜਾਂ ਚਾਰ ਜਣੇ ਜਾਂ ਜਮਾਂ ਖਾਲੀ ਹੁੰਦਾ। ਕੱਲੀਆਂ ਗੱਲਾਂ ਮਾਰ ਮਾਰ ਅਸੀਂ ਫੇਸਬੁੱਕ ਦੀ ਟਮਾਂਢੀ ਬਾਹਰ ਕੱਢੀ ਪਈ ਆ।
ਧਰਨੇ ਸੈਂਕੜੇ ਲੱਗੇ ਨੇ ਪਰ ਮੀਡੀਆ ਤੇ ਲੋਕਾਂ ਦਾ ਖ਼ਾਸ ਧਿਆਨ ਸ਼ੰਭੂ ਮੋਰਚੇ ਤੇ ਰਹਿੰਦਾ। 
ਚੰਡੀਗੜ੍ਹ ਕਾਨਫਰੰਸ ਤੇ ਦੀਪ ਸਿੱਧੂ ਨੇ ਸਿੱਧੇ ਅਸਿੱਧੇ ਢੰਗ ਨਾਲ ਬੈਂਸ, ਸਿੱਧੂ, ਖਹਿਰਾ ਟੈਪ ਪਾਰਟੀ ਦੀ ਗੱਲ ਕੀਤੀ। ਇਹਦੇ ਨਾਲ ਲੋਕਾਂ ਦਾ ਅਸਹਿਮਤ ਹੋਣਾਂ ਬਣਦਾ। ਓਹੀ ਲੀਡਰ, ਓਹੀ ਸਟੇਜਾਂ, ਓਹੀ ਫੁੱਦੂ ਭੜਾਕਾ ਗੱਲਾਂ ਅੱਕਗੇ ਜਰ ਲੋਕ। ਹੋਰ ਰਾਹ ਦੇਖਣਾ ਪਊ। 
ਜਿੱਦਣ ਅਸੀਂ ਸ਼ੰਂਭੂ ਸੀ। ਰਾਤ ਨੂੰ ਦੋ ਜਣੇ ਪੈੱਗ ਲੱਗੇ ਪੂਰੇ ਸੈੱਟ ਲੰਗਰ ‘ਚ ਕੜਛੀਆਂ ਕੌਲੀਆਂ ਚੱਕੀ ਫਿਰਣ। ਟੋਕਿਆ ਤਾਂ ਰੁੱਸਗੇ। ਐਨੇ ਕ ਤਾਂ ਅਸੀਂ ਗੰਭੀਰ ਆ।
ਪਰਸੋਂ ਖੱਚ ਜੇ ਪ੍ਰਬੰਧਕ ਨੇ ਨਾਅਰਾ ਲਾਓਣ ਆਲੇ ਨੂੰ ਫੜ੍ਹਕੇ ਪੱਟੀ ਮੇਸ ਕਰਤੀ। 
ਘਰੋ ਘਰੀ ਬੈਠੇ ਲੋਕਾਂ ਨੇ ਦੀਪ ਸਿੱਧੂ ਨੂੰ ਸਰਟੀਫਿਕੇਟ ਦੇਤਾ,”ਏਹ ਏਜੰਸੀਆਂ ਦਾ ਬੰਦਾ”।
ਅਸਲ ‘ਚ ਮੂਹਰੇ ਲੱਗਾ ਬੰਦਾ ਜਿੰਨਾ ਚਿਰ ਮਰ ਨਹੀਂ ਜਾਂਦਾ ਅਸੀਂ ਸ਼ੱਕ ‘ਚ ਹੀ ਤੁਰੇ ਫਿਰਦੇ ਆ ਜਰ। ਅੰਬ ਸਾਹਬ ਮੋਰਚੇ ਨੇ ਇੱਕ ਵਾਰੀ ਇਹ ਗੱਲ ਤਾਂ ਉਭਾਰੀ ਸੀ ਕਿ ਸਾਡੇ ਸੈਂਕੜੇ ਭਰਾ ਜੇਲ੍ਹਾਂ ‘ਚ ਬੈਠੇ ਨੇ। ਘੱਟੋ ਘੱਟ ਇਹ ਪ੍ਰਾਪਤੀ ਤਾਂ ਸੀ। ਓਹਨੂੰ ਟਰੌਲ ਕੀਤਾ, ਮਰਨ ਤੱਕ ਕੀਤਾ। 
ਓਹ ਮਰ ਗਿਆ ਫੇਰ ਆਪਾਂ ਕੀ ਕੀਤਾ? ਮੁੜਕੇ ਜੇਲ੍ਹ ਬੈਠੇ ਕਿਸੇ ਸਿੰਘ ਦਾ ਜ਼ਿਕਰ ਵੀ ਕੀਤਾ ਕਿਸੇ ਨੇ?
ਦੀਪ ਸਿੱਧੂ ਕਿਧਰੇ ਰੋਮ ‘ਚ ਨਹੀਂ ਬੈਠਾ। ਆਹ ਸ਼ੰਭੂ ਬੈਠਾ, ਜੇ ਗਿਲਾ ਸ਼ਿਕਵਾ ਲੱਗਦਾ ਜਾਕੇ ਗਲਾਮੇਂ ‘ਚ ਹੱਥ ਪਾਕੇ ਆਖੋ,” ਤੂੰ ਜੱਟਾ ਗਲਤ ਆ ਏਥੇ, ਐਂ ਨੀਂ ਐਂ ਕਰ”
ਜੇ ਕੋਈ ਮੂਹਰੇ ਲੱਗਾ ਤਾਂ ਕੁਸ ਕਰ ਲੈਣਦੋ, ਘਰੇ ਬੈਠੇ ਕਿਓਂ ਓਹਦੇ ਡੱਕੇ ਲਾਈ ਜਾਣੇ ਆ ਜਰ। 
ਪੰਜਾਬ ਕੱਲਾ ਓਹਦਾ ਨਹੀਂ, ਆਪਣਾ ਵੀ ਆ। ਜੇ ਓਹ ਗਲਤ ਲੱਗਦਾ ਆਪ ਕੋਈ ਪ੍ਰੋਗਰਾਮ ਉਲੀਕੋ। ਗ੍ਰਾਊਂਡ ਲੈਵਲ ਤੇ ਕਰੋ ਕੁਛ, ਲਾਓ ਕਿਤੇ ਹੋਰ ਮੋਰਚਾ। 
ਅਲੋਚਕ ਬਣੋ ਨਿੰਦਕ ਨਹੀਂ। 
ਜੇ ਆਪਾਂ ਦੀਪ ਸਿੱਧੂ ਨੂੰ ਰੱਦ ਕਰਨਾ ਤਾਂ ਘੱਟੋ ਘੱਟ ਹੋਰ ਪ੍ਰੋਗਰਾਮ ਤਾਂ ਹੋਵੇ ਸਾਡੇ ਕੋਲ।
ਜੇ ਹੋਰ ਕਲਾਕਾਰਾਂ ਵੰਗੂ ਉੱਠਕੇ ਏਹ ਵੀ ਸ਼ੂਟਿੰਗ ‘ਚ ਰੁੱਝ ਗਿਆ ਫੇਰ ਕੀ ਕਰਲਾਂਗੇ? ਨਵੀਂ ਵਿਓਂਤਬੰਦੀ ਹੈ ਕੋਈ ਆਪਣੇ ਕੋਲ?
ਬਾਹਲੀ ਗੱਲ ਕੀ ਆ, ਕੋਈ ਹੁਣ ਅਖਬਾਰ ਨਹੀਂ ਪੜ੍ਹਦਾ। ਟੀਵੀ ਪੰਜਾਬ ਦੀ ਖ਼ਬਰ ਨਹੀਂ ਦਿੰਦਾ। ਕੇਂਦਰ ਰੇਲਾਂ, ਫੰਡ ਰੋਕੀ ਜਾਂਦਾ ਤੇ ਜੇ ਕੱਲ੍ਹ ਨੂੰ ਨੈੱਟ ਦੀ ਸੁੱਚ ਕੱਟਤੀ ਸਾਡੇ ਕੋਲ ਸੰਚਾਰ ਦਾ ਸਾਧਨ ਹੀ ਹੈਨੀ ਹੋਰ। ਸਾਰੇ ਖ਼ਬਰਾਂ ਦੇ ਚੈਨਲ ਨੈੱਟ ਤੇ ਚੱਲਦੇ ਨੇ। ਫੋਨ ਕੱਲੇ ਲੁੱਡੋ ਖੇਡਣ ਜੋਗੇ ਰਹਿ ਜਾਣਗੇ।
ਕਸ਼ਮੀਰ ਅੰਗੂ ਸੁੰਨੇ ਜੇ ਹੋਕੇ ਬਹਿਜਾਂਗੇ। 
ਘੱਟੋ ਘੱਟ ਪੰਜ ਪਰਸੈਂਟ ਅਬਾਦੀ ਤਾਂ ਧਰਨਿਆਂ ਤੇ ਪਹੁੰਚੇ ਜੇ ਗੱਲ ਕਿਸੇ ਬੰਨੇ ਲਾਓਣੀ ਆ। ਨਹੀਂ ਮੋਦੀ ਦੀ ਦਾਹੜੀ ਅੰਗੂ ਏਹ ਤਾਂ ਕੰਮ ਵਧੀ ਜਾਣਾ।....ਘੁੱਦਾ

ਧੰਨਾ ਸਿੰਘ ਪਟਿਆਲਵੀ

ਕਬੀਲਦਾਰੀ ਦੇ ਗਧੀ ਗੇੜ ‘ਚ ਉਲਝਿਆ ਬੰਦਾ ਟੱਬਰ ਦਾ ਨੂਣ ਤੇਲ ਪੂਰਾ ਕਰਦਾ ਕਰਦਾ ਈ ਲੱਕੜਾਂ ਜਾ ਵੜਦਾ। ਏਹ ਲੈਵਲ ਤੋਂ ਉੱਚੇ ਉੱਠੇ ਬੰਦੇ ਇਤਿਹਾਸ ਸਿਰਜਦੇ ਨੇ।
ਭਾਈ ਧੰਨਾ ਸਿੰਘ ਚਹਿਲ ਮਹਾਰਾਜੇ ਪਟਿਆਲ਼ੇ ਦਾ ਡਰਾਇਵਰ ਸੀ। 
ਅੰਮ੍ਰਿਤ ਛਕ ਸਿੰਘ ਸਜੇ। ਨੌਕਰੀ ਤੋਂ ਅਸਤੀਫ਼ਾ ਦੇਕੇ ਸਾਈਕਲ ਤੇ ਗੁਰਧਾਮਾਂ ਦੇ ਦਰਸ਼ਨ ਕਰਨ ਨਿੱਕਲੇ। 1930 ਤੋਂ ਲੈਕੇ 1935 ਤੱਕ ਪੰਜ ਸਾਲ ਸਾਈਕਲ ਤੇ ਯਾਤਰਾ ਕੀਤੀ। ਨਕਸ਼ੇ ਦਾ ਧਿਆਨ ਧਰੋ, ਕਸ਼ਮੀਰ ਤੋਂ ਨੰਦੇੜ ਤੱਕ। ਓਧਰ ਪਟਨਾ, ਚਿਟਾਗਾਂਗ, ਅਸਾਮ ਤੋਂ ਲਾਕੇ ਪਿਸ਼ੌਰ, ਜਮਰੌਦ ਤੱਕ ਪੈਡਲ ਮਾਰਿਆ। 
25 ਸਾਲ ਦੀ ਉਮਰ ‘ਚ ਬੋਝੇ ਪੱਚੀ ਰੁਪੈ ਪਾਕੇ ਸਫਰ ਸ਼ੁਰੂ ਕੀਤਾ ਸੀ। ਪੂਰਨ ਗੁਰਸਿੱਖ ਭਾਈ ਸਾਬ੍ਹ ਦੇ ਸੈਕਲ ਦੇ ਹੈਂਡਲ ਨਾਲ ਸਾਢੇ ਤਿੰਨ ਫੁੱਟੀ ਕਿਰਪਾਨ ਬੰਨ੍ਹੀ ਹੁੰਦੀ ਸੀ। 
ਓਦੋਂ ਕਈ ਰਿਆਸਤਾਂ ਵਿੱਚ ਕਿਰਪਾਨ ਲਈ ਲਸੰਸ ਲੋੜੀਂਦਾ ਸੀ। 
ਧੰਨਾ ਸਿੰਘ ਨੇ ਲਗਭਗ 20000 ਮੀਲ ਸੈਕਲ ਚਲਾਕੇ 1600 ਗੁਰਧਾਮਾਂ ਦੇ ਦਰਸ਼ਨ ਕੀਤੇ। ਜੰਗਲਾਂ, ਰੋਹੀਆਂ, ਉਜਾੜਾਂ ਵਿੱਚਦੀ ਕੱਲਿਆਂ ਸਫਰ ਕਰਨਾ ਦਿਲ ਗੁਰਦੇ ਆਲੇ ਬੰਦੇ ਦਾ ਹੀ ਕੰਮ ਸੀ। 
ਬਸਮਤ ਨੰਦੇੜ ਕੋਲ ਲੋਕਾਂ ਨੇ ਸੈਕਲ ਖੋਹਣ ਖਾਤਰ ਘੇਰਾ ਪਾਇਆ, ਇੱਟ ਡਲਾ ਚਲਾਇਆ ਪਰ ਬਚਗੇ। ਨਦੀ ਨਾਲਿਆਂ ‘ਚ ਕਈ ਵੇਰ ਰੁੜ੍ਹਦੇ ਰੁੜ੍ਹਦੇ ਬਚੇ।
ਵੱਡੀ ਤੇ ਖ਼ਾਸ ਗੱਲ ਇਹ ਕਿ ਧੰਨਾ ਸਿੰਘ ਨੇ ਰੋਜ਼ਾਨਾ ਡਾਇਰੀ ਲਿਖੀ ਤੇ ਸਾਰੇ ਗੁਰਧਾਮਾਂ ਦੀਆਂ ਤਸਵੀਰਾਂ ਖਿੱਚੀਆਂ। ਡੇਢ ਰੁਪਏ ਦੀ ਸੈਕਲ ਦੀ ਟਿਊਬ ਤੇ ਡੂਢ ਰੁਪਏ ਦੀ ਕੈਮਰੇ ਦੀ ਰੀਲ ਆਓਂਦੀ ਸੀ।
ਓਦੋਂ ਬਹੁਤੇ ਗੁਰਧਾਮਾਂ ਤੇ ਮਹੰਤ ਕਾਬਜ਼ ਸੀ ਤੇ ਹਾਲਾਤ ਮਾੜੇ ਸੀ।  30 ਸਾਲ ਦੀ ਉਮਰ ‘ਚ ਚਾਣ ਚੱਕ ਕਿਸੇ ਮਿੱਤਰ ਦੀ ਬੰਦੂਕ ‘ਚੋਂ ਚੱਲੀ ਗੋਲੀ ਨਾਲ ਇਹ ਮਹਾਨ ਸਿੱਖ ਚੱਲ ਵਸਿਆ। ਚੀਨ, ਤਿੱਬਤ, ਇਰਾਨ, ਸਾਊਦੀ ਵਰਗੇ ਦੇਸ਼ਾਂ ‘ਚ ਜਾਕੇ ਗੁਰਧਾਮਾਂ ਦੀ ਖੋਜ ਦੀਆਂ ਵਿਓਤਾਂ ਨਾਲੇ ਚਲੀਆਂ ਗਈਆਂ।
ਜਿਹੜਾ ਕੰਮ ਧੰਨਾ ਸਿੰਘ ਹੋਣਾਂ ਨੇ ਕੀਤਾ ਇਹ ਕੰਮ ਪੀ ਅੱੈੱਚ ਡੀ ਜਾਂ ਕਿਸੇ ਡਾਕਟਰੇਟ ਡਿਗਰੀ ਆਲਿਆਂ ਤੋਂ ਕਿਤੇ ਵੱਡਾ। ਧੰਨ ਨੇ ਧੰਨਾ ਸਿੰਘ ਵਰਗੇ ਸਿੱਖ। 
ਚੇਤਨ ਸਿੰਘ ਹੋਣਾਂ ਨੇ ਸਾਰੀਆਂ ਡਾਇਰੀਆਂ ਤੇ ਚੰਗੀ ਮਿਹਨਤ ਕਰਕੇ ‘ਗੁਰ ਤੀਰਥ ਸਾਇਕਲ ਯਾਤਰਾ’ ਕਿਤਾਬ ਛਪਵਾਈ। ਪੜ੍ਹਣਯੋਗ ਤੇ ਸਾਂਭਣਯੋਗ ਚੀਜ਼ ਬਣੀ ਆ। 
ਧੰਨਵਾਦ ਛੋਟੇ ਭਾਈ ਕੁਲਜੀਤ ਸਿੰਘ ਖੋਸੇ ਦਾ ਇਹ ਕਿਤਾਬ ਭੇਜਣ ਲਈ।....ਘੁੱਦਾ

ਜੈਕਾਰਾ

ਏਸੇ ਜੈਕਾਰੇ ਨਾਲ ਮੱਸੇ ਦਾ ਸਿਰ ਨੇਜ਼ੇ ਤੇ ਟੰਗਕੇ ਬੁੱਢਾ ਜੌੜ ਪਹੁੰਚੇ ਸੁੱਖਾ ਤੇ ਮਹਿਤਾਬ ਸਿੰਘ ਦਾ ਸਵਾਗਤ ਹੋਇਆ।
ਏਹੀ ਜੈਕਾਰਾ ਜਦੋਂ ਅਨੰਦਪੁਰ ਸਾਹਬ ਦੀ ਧਰਤੀ ਤੇ ਲੱਗਦਾ ਤਾਂ ਪਹਾੜੀ ਰਾਜਿਆਂ ਦੇ ਕੰਨ ਖੜ੍ਹੇ ਹੁੰਦੇ ਸੀ। 
ਮਾਝੇ ‘ਚੋਂ ਆਏ ਚਾਲੀ ਸਿੰਘ ਏਹੀ ਜੈਕਾਰਾ ਲਾਕੇ ਖਿਦਰਾਣੇ ਦੀ ਢਾਬ ਤੇ ਟਿੱਬੀ ਸਾਹਬ ਕੋਲ ਸ਼ਹੀਦ ਹੋਏ।
ਏਸੇ ਜੈਕਾਰੇ ਨੇ ਚੱਪੜਚਿੜੀ ‘ਚ ਅਨਘੜ ਜੇ ਡੰਡਿਆਂ, ਗੰਡਾਸਿਆਂ ਨਾਲ ਲੜਦੇ ਲੋਕਾਂ ਨੂੰ ਫ਼ਤਿਹ ਦੇਕੇ ਸਰਹੰਦ ਨੂੰ ਤੋਰਿਆ।
ਏਹੀ ਜੈਕਾਰਾ ਬਾਬਾ ਦੀਪ ਸਿੰਘ ਦੀ ਖਿੱਚੀ ਲੀਕ ਨੂੰ ਟੱਪਣ ਵੇਲੇ ਸਿੰਘਾਂ ਨੇ ਲਾਇਆ। 
ਏਹੀ ਜੈਕਾਰਾ ਲਾਕੇ ਗਿਣਤੀ ਮਿਣਤੀਆਂ ਤੋਂ ਦੂਰ ਗੜੀ ਚਮਕੌਰ ‘ਚੋਂ ਪੰਜ ਪੰਜ ਦੇ ਜਥੇ ਬਣਕੇ ਨਿੱਕਲੇ।
ਏਹੀ ਜੈਕਾਰਾ ਲਾਕੇ ਛੇ ਜੂਨ ਨੂੰ ਸਿੰਘ ਨਿੱਕਲੇ ਤੇ ਅਕਾਲ ਤਖਤ ਦੇ ਸਾਹਮਣੇ ਚੁਫਾਲ ਡਿੱਗੇ ਤੇ ਅਮਰ ਹੋਏ।
ਜੈਕਾਰਾ ਕਦੇ ਲਾਇਆ ਨਹੀਂ ਜਾਂਦਾ। ਜਿੱਤ ਤੇ ਚੜ੍ਹਦੀ ਕਲਾ ਦੇ ਸਰੂਰ ‘ਚ ਆਪੇ ਲੱਗ ਜਾਂਦਾ। 
ਪੰਜਾਬ ਦਾ ਅਤੀਤ, ਹੁਣ ਤੇ ਭਵਿੱਖ ਏਸੇ ਜੈਕਾਰੇ ‘ਚ ਪਿਆ।  ਚੜ੍ਹਦੀ ਕਲਾ ਹੋਵੇ

ਪਰਨਾ ਸਾਹਿਬ ਤੋਂ ਪੰਜਾਬ

ਹਰਿਆਣੇ ਆਲੇ ਖੱਟਰ ਦਾ ਵੀ ਧੰਨਵਾਦ ਕਰਨਾ ਬਣਦਾ।
ਜਿਵੇਂ ਜਿਵੇਂ ਖੱਟਰ ਨੇ ਰਾਹ ‘ਚ ਬੈਰੀਕੇਡ ਪੱਥਰ ਲਾਕੇ ਰੋਕਣ ਦੀਆਂ ਕੋਸ਼ਸ਼ਾਂ ਕੀਤੀਆਂ, ਤਿਓਂ ਤਿਓਂ ਲੋਕਾਂ ਦਾ ਹੋਰ ਰੋਹ ਵਧਿਆ।
ਟੋਚਨ ਪਾਕੇ ਪੱਥਰ ਘੜੀਸੇ, ਜਲ ਤੋਪਾਂ ਦੇ ਮੂੰਹ ਮੋੜੇ ਵੀਡਿਓਆਂ ਬਣੀਆਂ, ਵਾਇਰਲ ਹੋਈਆਂ ਤੇ ਹੋਰ ਲੋਕ ਦਿੱਲੀ ਵੱਲ ਤੁਰੇ। 
ਕਿਸਾਨ ਜਥੇਬੰਦੀਆਂ ਸ਼ਾਬਾਸ਼ੇ ਦੀਆਂ ਹੱਕਦਾਰ ਨੇ ਜਿਨ੍ਹਾਂ ਨੇ ‘ਦਿੱਲੀ ਚੱਲੋ’ ਦਾ ਪ੍ਰੋਗਰਾਮ ਦਿੱਤਾ । 
ਦਿੱਲੀ ਨਾ ਪੁਰਾਣੀ ਖੁੰਦਕ ਹੋਣ ਕਰਕੇ ਖਾਲਸਾਈ ਜਾਹੋ ਜਲਾਲ ਨਾਲ ਦਿੱਲੀ ਘੇਰੀ ਗਈ।
ਪੰਜਾਬ ਦੇ ਪੱਤਰਕਾਰ ਮੱਕੜ, ਯਾਦਵਿੰਦਰ, ਜਸਵੀਰ ਤੇ ਹੋਰ ਸਾਰੇ ਬਹੁਤ ਸੋਹਣਾ ਕੰਮ ਕਰ ਰਹੇ ਨੇ।
ਅਸੀਂ ‘ਗੁਰੂ ਗੋਬਿੰਦ ਸਿੰਘ ਮਾਰਗ’ ਤੇ ਦੋ ਤਿੰਨ ਦਿਨ ਤੱਕ ਪਟਨਾ ਸਾਹਬ ਤੋਂ ਸਾਈਕਲ ਸਫਰ ਸ਼ੁਰੂ ਕਰਨਾ। ਲਖਨਊ ਤੋਂ ਸਫਰ ਪੋਸਟਪੋਨ ਕਰਕੇ ਸਿੱਧਾ ਦਿੱਲੀ ਜਾਵਾਂਗੇ। 
ਏੇਹ ਸਫਰ ਬਾਰੇ ਰੈਲੇ ਹੋਕੇ ਫੇਰ ਦੱਸਾਂਗੇ। 
ਫੇਸਬੁੱਕ ਤੋਂ ਦਮ ਲੈਕੇ ਕੇਰਾਂ ਸਾਰੇ ਜਣੇ ਟਵਿੱਟਰ ਆਲੇ ਪਾਸੇ ਆਜੋ ਤੇ ਟੈਗ ਕਰ ਕਰ ਕੋਡੇ ਕਰਲੋ ਖੱਚ ਮਹਿਕਮੇ ਨੂੰ। 
ਛੇਤੀ ਦਿੱਲੀ ਮਿਲਾਂਗੇ

ਲੰਗਰ

ਪਿਛਲੇ ਸਾਲ ਅਪ੍ਰੈਲ ਮਹੀਨੇ ਗਰਮੀ ਨਾਲ ਸੜਦੇ ਭੁੱਜਦੇ ਮੁੜ੍ਹਕੋ ਮੁੜ੍ਹਕੀ ਹੋਏ ਓੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਰੇਲ ਉੱਤਰਕੇ ਸ਼ਟੇਸ਼ਨ ਤੋਂ ਬਾਹਰ ਗਏ ਤਾਂ ਸਾਹਮਣੇ ਛਬੀਲ ਲੱਗੀ ਵੇਖੀ। ਕਿਸੇ ਕਾਲਜ ਦੇ ਮੁੰਡਿਆਂ ਜਲਜ਼ੀਰੇ ਦੀ ਛਬੀਲ ਲਾਈ ਸੀ। ਦੋ ਦੋ ਗਲਾਸ ਪਾਣੀ ਪੀਕੇ ਤੁਰਨ ਲੱਗਿਆਂ ਮੈਂ ਧੰਨਵਾਦ ਕੀਤਾ। ਮੂਹਰੇ ਵਧਕੇ ਮੁੰਡਾ ਕਹਿੰਦਾ ,”ਧਨਿਆਵਾਦ ਕੈਸਾ ਸਰਦਾਰ ਜੀ, ਯੇਹ ਸਭ ਆਪ ਹੀ ਸੇ ਤੋ ਸੀਖਾ ਹੈ”।
ਲੰਗਰ ਦੋ ਫੁਲਕੇ, ਦਾਲ ਹੀ ਨਹੀਂ। ਸਾਡੀ ਪਛਾਣ ਆ। 
ਦਿੱਲੀ ਧਰਨੇ ਤੋਂ ਪਹਿਲਾਂ ਅਸੀਂ ਪਟਨਾ ਸਾਹਿਬ ਵੱਲ ਚਲੇ ਗਏ ਗੁਰੂ ਗੋਬਿੰਦ ਸਿੰਘ ਮਾਰਗ ਤੇ ਸਫਰ ਕਰਨ ਲਈ। ਬਨਾਰਸ ਬੰਦਾ ਮਿਲਿਆ। ਖਾਲਸਾ ਏਡ ਦੀ ਟੀ ਸ਼ਰਟ ਤੇ ਛਪਿਆ ਖੰਡਾ ਦੇਖ ਗੱਲੀਂ ਪੈ ਗਿਆ। ਕਹਿੰਦਾ ,”ਪੰਜਾਬ ਤੋ ਕਭੀ ਨਹੀਂ ਗਿਆ, ਲੇਕਿਨ ਏਕ ਬਾਰ ਚਾਂਦਨੀ ਚੌਂਕ ਬੜੇ ਗੁਰਦੁਆਰੇ ਮੇਂ ਆਪ ਜੈਸੇ ਲੋਗੋਂ ਨੇ ਮੁਝੇ ਖਾਣੇ ਕੋ ਦੀਆ ਥਾ।”
ਏਥੇ ਪਟਨਾ ਸਾਹਿਬ ਕਥਾਵਾਚਕ ਗਿਆਨੀ ਸੁਖਦੇਵ ਸਿੰਘ ਨੇ ਬੜੀ ਕਮਾਲ ਗੱਲ ਦੱਸੀ। ਕਹਿੰਦੇ ਜਦੋਂ ਗੋਲਕ ਖੋਲ੍ਹਦੇ ਆਂ ਤਾਂ ਕੋਈ ਬਹੁਤੀ ਮਾਇਆ ਨਹੀਂ ਨਿੱਕਲਦੀ। ਕਬੀਲਦਾਰ ਬੰਦਾ ਮੱਥਾ ਟੇਕਣ ਲੱਗਾ ਛੋਟੇ ਤੋਂ ਛੋਟਾ ਨੋਟ ਕੱਢਦਾ। ਪਰ ਮਹਾਰਾਜ ਦੇ ਘਰ ਕਦੇ ਕਾਸੇ ਦੀ ਤੋਟ ਨਹੀਂ ਆਈ, ਅਤੁੱਟ ਵਰਤਦਾ। 
ਰਾਤ ਬਕਸਰ ਗੁਰੂ ਘਰ ਪੁੱਜੇ। 84 ਤੋਂ ਬਾਅਦ ਨੱਬੇ ਫੀਸਦੀ ਸਿੱਖ ਏਹਨ੍ਹਾਂ ਸ਼ਹਿਰਾਂ ‘ਚੋਂ ਪੰਜਾਬ ਚਲੇ ਗਏ। ਦਸਵੇਂ ਪਾਤਸ਼ਾਹ ਆਰੇ ਤੋਂ ਬਕਸਰ ਆਏ ਸੀ। ਓਹ ਇਤਿਹਾਸਿਕ ਥਾਂ 84 ਵੇਲੇ ਢਾਹ ਤੇ ਸੀ। ਲੰਮਾ ਵਿਸ਼ਾ, ਕਦੇ ਫੇਰ ਸਹੀ, ਬੜਾ ਕੁਛ ਦੱਸਣ ਆਲਾ। 
ਰਾਤ ਬਕਸਰ ਆਕੇ ਬਾਬਾ ਜੀ ਨੂੰ ਕਿਹਾ ਕਿ ਲੰਗਰ ਬਾਹਰੋਂ ਛਕਾਂਗੇ, ਬੱਸ ਗੁਰੂ ਘਰ ਰਾਤ ਰਹਿਣਾ। ਦੋਹੇਂ ਹੱਥ ਜੋੜ ਬਾਬੇ ਕਿਹਾ, ਪ੍ਰਸ਼ਾਦਾ ਬਾਹਰੋਂ ਕਿਓਂ ਅਸੀਂ ਬੈਠੇ ਆਂ।
ਦਿੱਲੀ ਲੰਗਰ ਦੀਆਂ ਫੋਟੋਆਂ ਦੇਖੀਆਂ। ਬਦਾਮ ਵਰਤ ਰਹੇ। ਮਹਾਰਾਜ ਨੇ ਬੜਾ ਕੁਛ ਦਿੱਤਾ ਪੰਜਾਬ ਨੂੰ....ਲੰਗਰ ਕਰਕੇ ਹੀ ਅਸੀਂ ਹਾਂ...ਪਹੁੰਚੋ ਦਿੱਲੀ...ਪੰਜ ਸੱਤ ਦਿਨ ਤੱਕ ਅਸੀਂ ਵੀ ਆਏ ਲਓ....ਘੁੱਦਾ

ਮਸਲੇ

ਹੁਣ ਮਸਲਾ ਬਿੱਲਾਂ ਬੁੱਲਾਂ ਦਾ ਨਹੀਂ ਰਿਹਾ। ਜਦੋਂ ਕਦੇ ਕਿਸੇ ਨਾਲ ਅੜ ਫਸ ਹੋਜੇ ਤਾਂ ਆਪਣੇ ਬੰਦੇ ਕਹਿੰਦੇ ਹੁੰਦੇ ਆ,” ਕੋਈ ਨਾ ਦੇਖਲਾਂਗੇ”। ਹੁਣ ‘ਦੇਖਲਾਂਗੇ ਟੈਪ’ ਕੰਮ ਹੋ ਗਿਆ।
ਗੱਲ ਹੁਣ ਦਿੱਲੀ ਸਲਤਨਤ ਦੇ ਧੌਣ ਦਾ ਕਿੱਲਾ ਕੱਢਣ ਤੇ ਅੜੀ ਹੋਈ ਆ। 
ਜੇ ਪੰਜਾਬ ਏਥੋਂ ਖਾਲੀ ਮੁੜਦਾ ਤਾਂ ਸਾਡੇ ਪੱਲੇ ਕੱਖ ਨਹੀਂ, ਫੇਰ ਬਘੇਲ ਸਿੰਘ ਹੋਣਾਂ ਦੀ ਦਿੱਲੀ ਜਿੱਤਣ ਦੇ ਇਤਿਹਾਸ ਨੂੰ ਵੀ ਮਿੱਟੀ ਕਰਾਂਗੇ। ਨਵਾਂ ਇਤਿਹਾਸ ਸਿਰਜਿਆ ਜਾ ਰਿਹਾ।
ਸਾਰੇ ਧਰਨੇ ‘ਚ ਤੇਰਾ ਤੇਰਾ ਚੱਲ ਰਿਹਾ। ਕੋਈ ਪੁੱਛਦਾ,” ਬਾਈ ਕੰਬਲ਼ ਵਾਧੂ ਹੈਗਾ”। ਜਵਾਬ ਮਿਲਦਾ,” ਲੈਜਾ ਲੈਜਾ ਤੇਰਾ ਈ ਆ”।
ਮੇਰਾ ਮੇਰਾ ਛੱਡਕੇ ਤੇਰਾ ਤੇਰਾ ਹੋ ਰਿਹਾ। 
ਕੱਠ ਕਰਕੇ ਨੈੱਟ ਹੌਲੀ ਚੱਲਦਾ ਤਾਂ ਕਰਕੇ ਬਹੁਤਾ ਸਮਾਂ ਗੱਲਾਂ ਚੱਲਦੀਆਂ। 
ਮਾਨਸੇ ਦੇ ਕਿਸੇ ਪਿੰਡ ਦਾ ਕਿਸਾਨ ਗੁਰਦਾਸਪੁਰ ਦੇ ਜਿੰਮੀਦਾਰ ਨਾਲ ਗੱਲਾਂ ਮਾਰ ਰਿਹਾ। ਉੱਪ- ਬੋਲੀਆਂ ਜੱਫੀ ਪਾਕੇ ਮਿਲ ਰਹੀਆਂ। 
ਚੱਪੜਚਿੜੀ ਵਾਂਗੂੰ ਸਾਰਾ ਪੰਜਾਬ ਕੱਠਾ ਬੈਠਾ। 
ਜੰਗਾਂ ਵੇਲੇ ਕਵੀਸ਼ਰੀ ਬੀਰ ਰਸ ਭਰਦੀ ਸੀ ਤੇ ਗ਼ਦਰ ਲਹਿਰ ਵੇਲੇ ਕਵਿਤਾ ਨੇ ਕੰਮ ਕੀਤਾ ।ਹੁਣ ਗੀਤਾਂ ਰਾਹੀਂ ਦਿੱਲੀ ਨੂੰ ਲਲਕਾਰਿਆ ਜਾ ਰਿਹਾ। ‘ਤੈਨੂੰ ਦਿੱਲੀਏ ਕੱਠ ਪਰੇਸ਼ਾਨ ਕਰੂਗਾ’।
ਅੱਜ ਦਿੱਲੀ ਦੇ ਧੁਰ ਅੰਦਰ ਗੇੜਾ ਮਾਰਿਆ। ਬਹੁਤੀਆਂ ਗਲੀਆਂ ਮੋੜਾਂ ਤੇ ਬੈਰੀਕੇਡ ਲਾਕੇ ਬੰਦ ਕੀਤਾ ਪਿਆ।  ਚਿੱਤ ਹਾਥੀ ਦੇ ਕੰਨ ਵੰਗੂ ਕੰਬਦਾ ਸਰਕਾਰ ਦਾ।
ਮੋਦੀ ਦਾ ਧੰਨਵਾਦ ਕਰਨਾ ਬਣਦਾ। ਪੰਜਾਬ ਇੱਕ ਹੋਇਆ ਨਾਲ ਹਰਿਆਣਾ ਜੁੜਿਆ। 
ਰਾਤੀਂ ਘੁੱਟ ਘੁੱਟ ਲਾਕੇ ਮੁੰਡੇ ੧੨ ਵਜੇ ਨਾਅਰੇ ਮਾਰ ਰਹੇ ਸੀ
‘ਸੋਹਣੇ ਸੋਹਣੇ ਭਾਈ ਨੇ, ਮੋਦੀ ਤੇਰੇ ਜਵਾਈ ਨੇ’।
ਜੀਅ ਐਨਾ ਲੱਗਾ, ਰਾਤ ਅੱਗ ਸੇਕੀ ਜਾਈਏ ਤੇ ਇੱਕ ਬੋਲਿਆ ਕਹਿੰਦਾ,” ਮੈਨੂੰ ਡਰ ਆ ਜਰ ਕਿਤੇ ਮੋਦੀ ਛੇਤੀ ਨਾ ਮੰਨਜੇ’।
ਮਾਲਕ ਆਗੂਆਂ ਨੂੰ ਹੌਸਲਾਂ ਬਖਸ਼ੇ, ਪਿਛਲੇ ਤਾਂ ਫਾਨੇ ਅੰਗੂ ਅੜਗੇ ਹੁਣ....ਘੁੱਦਾ

ਪੜ੍ਹੀਂ ਗ਼ੌਰ ਨਾਲ

ਚਾੜ੍ਹਤੇ ਕੜਾਹੇ ਦੁੱਧ ਜਾਣ ਉੱਬਲੀ
ਮਹਿੰਗਾ ਜੋ ਬਦਾਮ ਓਹਤਾ ਆਮ ਹੋ ਗਿਆ
ਬੈਕ ਕਰਕੇ ਟਰਾਲੇ ਤੀਹ ਤੀਹ ਫੁੱਟੇ ਰੋਕਤੇ
ਜ਼ੋਨ ਸੌ ਦੇ ‘ਚ ਦੇਖ ਚੱਕਾ ਜਾਮ ਹੋ ਗਿਆ
ਕੱਢਿਆ ਭੁਲੇਖਾ ਸੀ ਵਜ਼ੀਰੇ ਖਾਨ ਦਾ
ਇੱਕੋ ਵਾਰ ਨਾਲ ਹੀ ਵਿਚਾਲੋਂ ਵੱਢਦੇ
ਪੜ੍ਹੀਂ ਗੌਰ ਨਾਲ ਇਤਿਹਾਸ ਦਿੱਲੀਏ
ਬੜੇ ਸ਼ੌਕ ਨਾਲ ਧੌਣ ਵਿੱਚੋਂ ਕਿੱਲਾ ਕੱਢਦੇ....ਘੁੱਦਾ

ਮਾਲਾਂ ਅੱਗੇ ਬੱਝੇ ਘੋੜਿਆਂ ਤੋਂ

ਸਾਰੇ ਕਿਤੇ ਚੜ੍ਹਦੀ ਕਲਾ ਦੇ ਸੁਨੇਹੇ ਪਹੁੰਚਾਓ। ਇਹ ਸਵਾਲ ਕਿਸੇ ਦਾ ਨਹੀਂ ਹੋਣਾ ਚਾਹੀਦਾ ਕਿ ,”ਬਾਈ ਬਣੂੰ ਕੁਛ”?
ਬਣਨਾ ਕੀ ਆ ਜਰ, ਜਿੱਤਾਂਗੇ। ਇਹ ਕਿਹੜਾ ਬਠਿੰਡੇ ਅੰਬੇਦਕਰ ਦੇ ਬੁੱਤ ਕੋਲ ਧਰਨਾ ਲਾਇਆ ਬੀ ਜੇ ਨਾ ਕੁਛ ਬਣਿਆ ਤਾਂ ਆਥਣੇ ਕਨੈਟਰ ਨੂੰ ਵੀਹ ਰੁਪੈ ਦੇਕੇ  ਮਿੰਨੀ ਦੀ ਤਾਕੀ ਨੂੰ ਹੱਥ ਪਾਕੇ ਪਿੰਡ ਬਗਜਾਂਗੇ। 
ਜਾਂ ਤਾਂ ਪਹਿਲਾਂ ਈ ਛਾਪਲ ਜਾਂਦੇ, ਤੇ ਜੇ ਦਿੱਲੀ ਆਕੇ ਮੋਦੀ ਨੂੰ ਲਲਕਾਰਾ ਮਾਰ ਈ ਦਿੱਤਾ ਹੁਣ ਸਿਰ ਲਾਹੇ ਜਾਂ ਲਹਾਏ ਬਿਨ੍ਹਾਂ ਮੁੜਨਾ ਸਾਨੂੰ ਸਦੀਆਂ ਤੱਕ ਲਾਹਣਤਾਂ ਪਾਊ। 
ਮਨੋਬਲ ਹੀ ਜਿੱਤ ਪੱਕੀ ਕਰ ਸਕਦਾ।ਸ਼ੰਕੇ, ਪਰ, ਕਿਓਂ ਘਰੇ ਰੱਖ ਕਿ ਆਓ।
ਜੰਗ ਲੜ ਰਿਹਾ ਪੰਜਾਬ, ਹਰਿਆਣਾ। ਇਹਨੂੰ ਮੇਲੇ ਵੰਗੂ ਨਾ ਲਈਏ। ਵੂਫਰਾਂ ਤੇ ਉੱਚੀ ਗਾਣੇ ਲਾਕੇ ਇਕ ਅੱਧਾ ਗੇੜਾ ਤਾਂ ਚੱਲ ਜ਼ਾਇਜ਼ ਆ। ਤਿੰਨ ਜਣੇ ਟ੍ਰੈਕਟਰ ਦੀ ਸ਼ੋਅ ਤੇ, ਦੋ ਬੰਪਰ ਤੇ ਦੋ ਛੱਤਰੀ ਤੇ। ਜੇ ਇਨ੍ਹਾਂ ‘ਚੋਂ ਕੋਈ ਡਿੱਗਕੇ ਟੈਰ ਥੱਲੇ ਆ ਗਿਆ ਫੇਰ ਓਹਨੂੰ ਵੀ ਸ਼ਹੀਦ ਆਖਾਂਗੇ? 
ਨਾਅਰੇ ਠੀਕ ਕਰੀਏ, ਮੋਦੀ ਸਰਕਾਰ ਹਾਏ ਹਾਏ। ਹਾਏ ਹਾਏ ਸਾਡੇ ਇਤਿਹਾਸ ਦਾ ਹਿੱਸਾ ਨਹੀਂ, ਜੈਕਾਰੇ ਤੇ ਜ਼ੋਰ ਰੱਖੀਏ, ਸਾਰੇ ਮੈਦਾਨ ਜੈਕਾਰੇ ਨੇ ਹੀ ਫਤਹਿ ਕਰਾਏ ਨੇ। 
ਲੜਾਈ ਲੰਮੀ ਚੱਲ ਸਕਦੀ ਆ। ਵਾਰੀਆਂ ਬੰਂਨ੍ਹ ਬੰਨ੍ਹ ਆਓ। ਕਈ ਪਿੰਡਾਂ ਦੀਆਂ ਪੱਕੀਆਂ ਟ੍ਰਾਲੀਆਂ ਖੜ੍ਹੀਆਂ। ਬੰਦੇ ਬਦਲਦੇ ਰਹਿੰਦੇ ਥੋੜ੍ਹੇ ਥੋੜ੍ਹੇ ਦਿਨਾਂ ਬਾਅਦ।  ਬਾਹਰਲਿਆਂ ਨੇ ਪੈਸੇ ਭੇਜਣੇ ਤਾਂ ਖਾਲਸਾ ਏਡ ਨੂੰ ਭੇਜੋ ਲੰਗਰ, ਬਿਸਤਰੇ, ਦਵਾਈਆਂ, ਨਹਾਓਣ ਧੋਣ ਸਭ ਸਾਂਭ ਰਹੇ ਨੇ। ਜਿੱਤਾਂਗੇ ਜ਼ਰੂਰ

ਸੱਚੇ ਪਾਤਸ਼ਾਹ

ਸੱਚੇ ਪਾਤਸ਼ਾਹ ਜਿੱਥੇ ਸੀ ਸੀਸ ਦਿੱਤਾ
ਓਹੀ ਦਿੱਲੀ ਤੇ ਓਹੀ ਤਲਵਾਰ ਬਾਬਾ
ਓਸੇ ਤਖਤ ਨਾਲ ਮੱਥਾ ਫੇਰ ਲਾਇਆ
ਓਹੀ ਹੌਂਸਲੇ ਤੇ ਓਹੀ ਮਿਆਰ ਬਾਬਾ
ਓਸੇ ਇਤਿਹਾਸ ਤੋਂ ਲੈਂਦੇ ਸੇਧ ਰਹੀਏ
ਗੜ੍ਹੀ ਚਮਕੌਰ ਤੇ ਓਹੀ ਦੀਵਾਰ ਬਾਬਾ
ਦਿੱਲੀ ਹੈ ਬਿੱਲੀ ਤੇਰੇ ਖਾਲਸੇ ਲਈ
ਗੱਲ ਕਰਾਂਗੇ ਆਰ ਜਾਂ ਪਾਰ ਬਾਬਾ....ਘੁੱਦਾ

ਮੋਰਚੇ ਦੇ ਸ਼ੁਰੂਆਤੀ ਦਿਨ

ਜਿੱਤਾਂ ਹਾਰਾਂ ਮਾਲਕ ਹੱਥ ਹੁੰਦੀਆਂ ਤੇ ਮਾਲਕ ਹੁਣ ਸਾਡੇ ਵੱਲ ਆ।
ਹਾਕਮ ਨੇ ਧਾਰਾ ੩੭੦ ਤੋੜੀ, ਜੀ ਐੱਸ ਟੀ ਲਾਈ, ਨੋਟਬੰਦੀ ਕੀਤੀ। ਮੁਲਖ ਨੇ ਬਥੇਰਾ ਤ੍ਰਾਹ ਤ੍ਰਾਹ ਕੀਤਾ ਪਰ ਓਹਨੇ ਕੋਈ ਫੈਸਲਾ ਵਾਪਸ ਨਹੀਂ ਲਿਆ। ਤੇ ਸਾਡਾ ਵੀ ਇਹੀ ਇਤਿਹਾਸ ਆ ਔਰੰਗਜ਼ੇਬ, ਮੀਰ ਮਨੂੰ, ਜ਼ਕਰੀਆ, ਅਬਦਾਲੀ ਤੇ ਮੱਸੇ ਹੋਣਾਂ ਦੀ ਧੌਣ ਦਾ ਕਿੱਲਾ ਬੜੇ ਸ਼ੌਂਕ ਨਾਲ ਕੱਢਿਆ।
ਅੱਜ ਪਿੰਡ ਜਾ ਰਹੇ ਆਂ। ਦੋ ਚਾਰ ਦਿਨਾਂ ਤੱਕ ਮੁੜਾਂਗੇ।
ਦਿੱਲੀ ਵੱਲ ਜਾਂਦੀਆਂ ਰਾਹ ‘ਚ ਇੱਕ ਟ੍ਰੈਕਟਰ ਮਗਰ ਦੋ ਦੋ ਟਰਾਲੀਆਂ ਮਿਲ ਰਹੀਆਂ। ਇੱਕ ਟਰਾਲੀ ‘ਚ ਬੰਦੇ ਦੂਜੀ ‘ਚ ਸੌਦਾ ਪੱਤਾ, ਬਾਲਣ। ਝੰਡੇ ਲੱਗੇ, ਗੀਤ ਵੱਜ ਰਹੇ। ਬਹੁਤੇ ਪਿੰਡਾਂ ‘ਚੋਂ ਪੰਜ ਪੰਜ ਟਰਾਲੀਆਂ ਜਾ ਰਹੀਆਂ। 
ਕਾਰਾਂ ‘ਚ ਪਰਿਵਾਰਾਂ ਦੇ ਪਰਿਵਾਰ ਜਾ ਰਹੇ ਨੇ। 
ਬਾਕੀ ਚਾਰ ਪੰਜ ਦਿਨਾਂ ਤੋਂ ਫੇਸਬੁੱਕ ਤੇ ਰਾਜੇਵਾਲ ਦੀ ਤਾਰੀਫ਼ ਖਾਸੀ ਹੋ ਰਹੀ ਸੀ, ਬਲੋਅ ਮਾਰ ਗਿਆ। ਓਹਨੂੰ ਦੱਸੋ ਏਸੇ ਕੇਸਰੀ ਨਿਸ਼ਾਨ ਥੱਲੇ ਆਪਾਂ ਕਾਸ਼ਤਕਾਰਾਂ ਤੋਂ ਜ਼ਿੰਮੀਦਾਰ ਬਣੇ ਸੀ।
ਯੂਟਿਊਬ ਦੇ ਬੰਦ ਹੋਣ ਦਾ ਕੋਈ ਵੀ ਕਾਰਨ ਹੋਵੇ, ਜਿਹੜੀ ਧਿਰ ਨਾਲ ਲੜ ਰਹੇ ਸਾਰਾ ਕੁਛ ਓਹਦੇ ਹੱਥ ਆ। ਨੈੱਟ ਵੀ ਬੰਦ ਕਰ ਸਕਦੇ ਅਗਲੇ। 
ਅਸੀਂ ਓਸ ਇਤਿਹਾਸ ਤੋਂ ਸੇਧ ਲੈਕੇ ਜੰਗ ਲੜ ਰਹੇ ਆਂ, ਜਦੋਂ ਕੋਈ ਖ਼ਾਸ ਸੁਨੇਹਾ ਵੀ ਮਹੀਨਿਆਂ ਬਾਅਦ ਮਿਲਦਾ ਸੀ। 
ਕਿਤੋਂ ਕੋਈ ਖ਼ਬਰ ਵੀ ਨਾ ਮਿਲੇ, ਦਿੱਲੀ ਦਾ ਰਾਹ ਤਾਂ ਜਾਣਦੇ ਓਂ, ਬੱਸ ਸਿੱਧੇ ਹੋਜਿਓ ਮੜਾਸਾ ਮਾਰਕੇ.....ਅਗਵਾਈ ਬਾਜ਼ਾਂ ਆਲਾ ਕਰ ਰਿਹਾ

ਮੋਰਚੇ ਦੀ ਰੂਪ ਰੇਖਾ

ਦਿੱਲੀ ਧਰਨੇ ਦੀ ਮੋਟੀ ਮੋਟੀ ਰੂਪ ਰੇਖਾ ਇਹ ਆ ਕਿ ਕੁੰਡਲੀ ਤੇ ਸਿੰਘੂ ਬਾਡਰ ਇੱਕੋ ਸੜਕ ਤੇ ਪੈਂਦਾ। ਪੰਜਾਬ ਤੋਂ ਜਾਂਦਿਆਂ ਪਹਿਲਾਂ ਕੁੰਡਲੀ ਤੇ ਫੇਰ ਬੈਰੀਕੇਡ ਜੇ ਟੱਪਕੇ ਸਿੰਘੂ ਆ ਜਾਂਦਾ।
ਕੁੰਡਲੀ ਤੋਂ ਟਿਕਰੀ ਬਾਡਰ 35 ਕ ਕਿਮੀ ਦੂਰ ਆ ਬਹਾਦਰਗੜ੍ਹ ਆਲੇ ਪਾਸੇ। ਟਿਕਰੀ ਧਰਨਾ ਲਗਭਗ ਵੀਹ ਕ ਕਿਲੋਮੀਟਰ ਲੰਮਾ ।ਦਿਨੋ ਦਿਨ ਵਧ ਰਿਹਾ। 
ਪਿੰਡਾਂ ‘ਚੋਂ ਆਓਣ ਆਲੇ ਬਹੁਤੇ ਕਿਸਾਨ ਭਰਾ ਲੱਕੜ ਬਾਲਣ, ਬਿਸਤਰੇ, ਗੱਦੇ, ਤਰਪਾਲਾਂ ਆਵਦੇ ਜੋਗੀਆਂ ਲੈਕੇ ਆ ਰਹੇ ਨੇ। 
ਤੜਕੋ ਤੜਕੀ ਹਰਿਆਣੇ ਆਲੇ ਦੁੱਧ, ਲੱਸੀ, ਸਬਜ਼ੀ ਦੇ ਕੈਂਟਰ ਲੈਕੇ ਕਾਫ਼ਲੇ ਦੇ ਨਾਲ ਨਾਲ ਤੁਰਕੇ ਸਮਾਨ ਵੰਡਦੇ ਨੇ। ਸਰਵਿਸ ਰੋਡ ਖਾਲੀ ਆ ਦੋਹੇ ਪਾਸੇ ਲਾਂਘੇ ਟਾਪੇ ਨੂੰ। 
ਮੀਡੀਆ, ਲੀਡਰ, ਗਾਇਕਾਂ ਦਾ ਰੁਝਾਨ ਬਹੁਤਾ ਕੁੰਡਲੀ ਸਿੰਘੂ ਬਾਡਰ ਤੇ ਰਹਿੰਦਾ। ਟਿਕਰੀ ਤੇ ਵਿਰਲਾ ਦਿਸਦਾ।
ਦਿੱਲੀ ਦੀ ਸਿੱਖ ਸੰਗਤ ਜੁਰਾਬਾ, ਮਫ਼ਲਰ, ਬੁਰਸ਼, ਪੇਸਟ, ਸਰਫ਼, ਸਾਬਣ, ਮੱਛਰ ਕਰੀਮਾਂ ਵੰਡ ਰਹੀ ਤੇ ਮਾਣ ਪਿਆਰ ਨਾਲ ਨੰਬਰ ਦੇਕੇ ਕਹਿ ਜਾਂਦੇ ਕਿ ਕਾਸੇ ਦੀ ਲੋੜ ਹੋਈ ਤਾਂ ਫ਼ੋਨ ਕਰਿਓ।
ਰੋਹਤਕ ਰੋਡ ਆਲੇ ਪਾਸੇ ਕਿਰਿਆ ਸੋਧਣ ਦੀ ਕੋਈ ਤਕਲੀਫ਼ ਨਹੀਂ। ਪਹੀਆਂ ਤੇ ਜਾਕੇ ਖੇਤੋ ਖੇਤ ਹੋਕੇ ਲੋਕ ਕੰਮ ਨਬੇੜ ਆਓਂਦੇ ਨੇ। ਵੈਨ ਟਾਇਲਟਾਂ ਬਹੁਤ ਖੜ੍ਹੀਆਂ ਪਰ ਕੋਈ ਨਹੀਂ ਵਰਤਦਾ। ਪਾਣੀ ਧਾਣੀ ਦੀ ਸਮੱਸਿਆ ਏਹਦੇ ‘ਚ। ਮੇਨ ਸਟੇਜ ਦੇ ਨੇੜੇ ਟਰਾਲੀਆਂ ਆਲਿਆਂ ਨੂੰ ਨੀਲੇ ਜੇ ਫ਼ਲੱਸ਼ ਬਕਸਿਆਂ ਦੀ ਲੋੜ ਜ਼ਰੂਰ ਆ। 
ਕਾਰ ਸੇਵਾ ਆਲੇ ਬਾਬੇ, ਖਾਲਸਾ ਏਡ ਤੇ ਹੋਰ ਜ਼ੁੰਮੇਵਾਰ ਧਿਰਾਂ ਲੰਗਰ ਦਾ ਪ੍ਰਬੰਧ ਸਾਂਭ ਰਹੀਆਂ। ਬਹੁਤੇ ਪਿੰਡਾਂ ਆਲੇ ਆਪੋ ਆਪਣਾ ਚੁੱਲ੍ਹਾ ਤਪਾ ਕੇ ਰੱਖਦੇ ਨੇ। ਬਿਨ੍ਹਾਂ ਚਾਰਦਵਾਰੀਆਂ ਤੋਂ ਪੁਰਾਣਾ ਪੰਜਾਬ ਵੱਸ ਰਿਹਾ। ਟਰਾਲੀਆਂ ਘਰ ਬਣੀਆਂ ਹੋਈਆਂ। ਕੋਈ ਮਿੱਤਰ ਪਿਆਰਾਂ ਮਿਲਣ ਆਓਂਦਾ ਅਗਲਾ ਘਰ ਵੰਗੂ ਟਰਾਲੀ ‘ਚ ਬਹਾਕੇ ਚਾਹ ਪਿਆਓਂਦਾ, ਨਾਲ ਬਿਸਕੁੱਟ। 
ਐਂਤਕੀ ਸਿਆਲਾਂ ‘ਚ ਸਾਰੇ ਪੰਜਾਬ ਦਾ ਸਾਂਝਾ ਖੋਇਆ ਮਾਰਿਆ। 
ਖਵਾ ਖਵਾ ਪਿੰਨੀਆਂ ਆਂਦਰਾ ਦੀ ਖੁਸ਼ਕੀ ਚੱਕਤੀ ਮੁਲਖ ਦੀ
ਸਮਾਂ ਕੱਢੋ ਤੇ ਏਸ ਇਤਿਹਾਸ ਦਾ ਹਿੱਸਾ ਬਣੋ..ਹੋਰ ਚਾਰ ਦਿਨਾਂ ਨੂੰ ਜਿੱਤ ਤਾਂ ਜਾਣਾ ਈ ਆ..ਦੇਖ ਆਓ ਮਹੌਲ ਲੱਗਦੇ ਹੱਥ....ਘੁੱਦਾ

ਛੰਦ ਦਿੱਲੀ ਘੋਲ

ਸੁੱਤਾ ਸੈਂ ਪੰਜਾਬ ਸਿਆਂ
ਸਮੇਂ ਦੇ ਗੇੜ,ਦਿੱਤਾ ਤੈਨੂੰ ਛੇੜ
ਤੋੜ ਬੈਰੀਕੇੜ, ਆ ਗਿਆ ਦਿੱਲੀ
ਸੱਦ ਰਹੇ ਮੀਟਿੰਗਾਂ ਜੀ
ਗੱਲ ਲਮਕਾਉਂਦੇ, ਹੱਲ ਨਾ ਚਾਹੁੰਦੇ 
ਆਪ ਨਾ ਆਓਂਦੇ, ਉਡਾਉਂਦੇ ਖਿੱਲੀ
ਠੰਢ ਕਾਂਬਾ ਚਾੜ੍ਹ ਰਹੀ
ਪੈਂਡਾ ਕਈ ਕੋਹ ਦਾ, ਮਹੀਨਾ ਪੋਹ ਦਾ
ਭਾਣਾ ਹੈ ਓਹ ਦਾ, ਹੋਇਓ ਨਾ ਢਿੱਲੇ
ਹੈ ਏਹੀ ਇਤਿਹਾਸ ਸਾਡਾ
ਖੰਡੇ ਖੜਕਾਓਂਦੇ, ਪਿੱਛੇ ਨਾਂ ਭੌਂਦੇ, 
ਕੱਢਣੇ ਆਓਂਦੇ, ਧੌਣ ‘ਚੋਂ ਕਿੱਲੇ

ਵੜੇ ਹੇਠ ਟਰਾਲੀਆਂ ਦੇ
ਸਿਦਕ ਦੇ ਪੂਰੇ, ਤਾਣਕੇ ਭੂਰੇ, 
ਸੁੱਤੇ ਨੇ ਸੂਰੇ, ਵਿਛਾਕੇ ਦਰੀਆਂ
ਬੈਠੇ ਪਿਓ ਦਾਦੇ ਜੀ
ਦੁਖਣ ਹੱਥ ਗੋਡੇ, ਹੋਗੇ ਹੱਡ ਬੋਡੇ
ਢੂਈਆਂ ਤੋਂ ਕੋਡੇ, ਮਿਹਨਤਾਂ ਕਰੀਆਂ
ਦਿੱਤਾ ਅੰਨ ਇੰਡੀਆ ਨੂੰ
ਕਣਕ ਤੇ ਝੋਨੇ, ਫਸਲ ਏਹ ਦੋਨੇ
ਬਣਾਤੇ ਸੋਨੇ, ਢਾਲਕੇ ਟਿੱਲੇ
ਹੈ ਏਹੀ ਇਤਿਹਾਸ ਸਾਡਾ
ਖੰਡੇ ਖੜਕਾਓਂਦੇ, ਪਿੱਛੇ ਨਾ ਭੋੌਦੇ
ਕੱਢਣੇ ਆਓਂਦੇ, ਧੌਣ ‘ਚੋ ਕਿੱਲੇ

ਚੱਲੇ ਲੰਗਰ ਖਾਲਸੇ ਦਾ
ਦਿਲਾਂ ਦੇ ਖੁੱਲ੍ਹੇ, ਮਘਾ ਤੇ ਚੁੱਲ੍ਹੇ
ਜੀ ਲੁੱਟਦੇ ਬੁੱਲ੍ਹੇ, ਦਿੱਲੀ ਦੇ ਵਾਸੀ
ਪਾਤਾ ਵਖਤ ਹਾਕਮਾਂ ਨੂੰ
ਪਿੰਡ ਵਸਾਤੇ, ਮੇਲੇ ਹੀ ਲਾਤੇ
ਜੀ ਧੂੰਏਂ ਚੜ੍ਹਾਤੇ, ਇਹਨ੍ਹਾਂ ਦੇ ਨਾਸੀਂ
ਪਾ ਤਰਪਾਲ ਟਰਾਲੀ ਤੇ
ਰੂਮ ਬਣਾਤੇ, ਬਲਬ ਲਗਵਾਤੇ
ਤਣੀ ਤੇ ਪਾਤੇ, ਕਛਹਿਰੇ ਗਿੱਲੇ
ਹੈ ਏਹੀ ਇਤਿਹਾਸ ਸਾਡਾ
ਖੰਡੇ ਖੜਕਾਓਂਦੇ, ਪਿੱਛੇ ਨਾ ਭੋੌਦੇ
ਕੱਢਣੇ ਆਓਂਦੇ ਧੌਣ ‘ਚੋਂ ਕਿੱਲੇ

ਚੱਲੇ ਦੌਰ ਪੀਜ਼ਿਆਂ ਦਾ
ਹੋਕੇ ਜੱਟ ਵਿਹਲੇ, ਛਕਣ ਗਜਰੇਲੇ
ਵਰਤਦੇ ਕੇਲੇ, ਸੇਕਦੇ ਧੁੱਪਾਂ
ਇਹ ਜਾਣੂੰ ਜੰਗਾਂ ਦੇ
ਲੜਾਕੂ ਸਾਰੇ, ਹੋਣ ਨਾ ਕਾਰੇ
ਸੁਣੀਂ ਸਰਕਾਰੇ, ਮਾਰੂ ਇਹ ਚੁੱਪਾਂ
ਬੜੇ ਪੱਕੇ ਹਿੰਡਾਂ ਦੇ
ਬਾਣੀਆਂ ਪੜ੍ਹਦੇ, ਧਰਮ ਲਈ ਮਰਦੇ
ਫ਼ੈਸਲੇ ਕਰਦੇ, ਇੰਚ ਨਾ ਹਿੱਲੇ
ਏਹੀ ਇਤਿਹਾਸ ਸਾਡਾ
ਖੰਡੇ ਖੜਕਾਓਂਦੇ, ਪਿੱਛੇ ਨਾ ਭੌਂਦੇ
ਕੱਢਣੇ ਆਓਂਦੇ, ਧੌਣ ‘ਚੋਂ ਕਿੱਲੇ...ਘੁੱਦਾ

ਜੰਗ ਲੜਨ ਵੇਲੇ

ਪੰਜਾਬ ਦਾ ਜੰਮਿਆਂ ਬੰਦਾ ਅੱਜ ਦੁਨੀਆਂ ‘ਚ ਕਿਤੇ ਵੀ ਬੈਠਾ ਓਹਦਾ ਧਿਆਨ ਚੱਤੋਪੈਰ ਦਿੱਲੀ ਰਹਿੰਦਾ। ਧੁੜਕੂ ਲੱਗਾ ਰਹਿੰਦਾ ਬੀ ਕਿਤੇ ਕੋਈ ਅਬੀ ਨਬੀ ਨਾ ਹੋਜੇ।
ਫੇਸਬੁੱਕ, ਇੰਸਟਾ ਖੋਲ੍ਹਕੇ ਦਿੱਲੀ ਦੀ ਖ਼ਬਰ ਵੱਲ ਅਹੁਲਦਾ। ਕਦੇ ਫ਼ੋਨ ਕਰਦਾ ਤੇ ਕਦੇ ਮੈਸਜ।
ਬਾਹਰਲਿਆਂ ਵੱਲੋਂ ਭੇਜਿਆ ਪੈਸਾ ਪੰਜਾਬ ਕੋਲ ਬੜਾ ਵੱਡਾ ਬੈਕਅੱਪ ਆ, ਤਾਂਹੀ ਹੋਰ ਸਟੇਟਾਂ ਦੇ ਮੁਕਾਬਲੇ ਪੰਜਾਬ ਸੈਂਟਰ ਦੇ ਹਲਕ ‘ਚ ਫਾਨਾ ਦੇਣ ਦੇ ਵੱਧ ਸਮਰੱਥ ਆ।
ਬਹੁਤ ਪੋਸਟਾਂ ਪੈ ਰਹੀਆਂ ਕਿ ਟਿਕਰੀ ਤੇ ਸਮਾਨ ਦੀ ਕਮੀ ਆ। ਅਸੀਂ ਦਸ ਬਾਰ੍ਹਾਂ ਦਿਨ ਟਿਕਰੀ ਤੇ ਰਹੇ, ਕੋਈ ਕਮੀ ਨਹੀਂ ਏਥੇ। ਹਰੇਕ ਪਿੰਡ, ਪਿੰਡੋਂ ਉਗਰਾਹੀ ਕਰਕੇ ਤੁਰਦਾ। ਹਰੇਕ ਬੰਦਾ ਆਵਦਾ ਲੀੜਾ ਲੱਤਾ ਨਾਲ ਚੱਕਦਾ। ਰਾਸ਼ਨ ਨਾਲ ਹੁੰਦਾ। 
ਪਾਣੀ ਧਾਣੀ ਦੀ ਲੋੜ ਹੁੰਦੀ, ਓਹ  ਨਾਲ਼ੋਂ ਨਾਲ ਵਰਤ ਰਿਹਾ। 
ਬਾਕੀ ਆਪਾਂ ਕਿਹੜਾ ਏਥੇ ਸਮਾਨ ਨਾਲ ਆਏ ਆ ਜਰ। ਏਥੇ ਜੰਗ ਲੜ ਰਹੇ ਆਂ ਭਰਾ, ਕਨਫਰਟ ਜ਼ੋਨ ਕੀ ਦੇਖਣਾ? ਮੁਸਾਫਰੀ ‘ਚ ਵਾਧ ਘਾਟ ਚੱਲਦੀ ਈ ਆ। 
ਧਰਨੇ ਨੇੜਲੇ ਇਲਾਕੇ ਦੇ ਬਿਜਨਸ ਨੂੰ ਚੰਗਾ ਫ਼ਾਇਦਾ ਹੋ ਰਿਹਾ ਧਰਨੇ ਦਾ। ਹੋਟਲ, ਕਰਿਆਨਾ, ਮੈਡੀਕਲ ਸਾਰੀ ਸਨਅਤ ਬਾਗੋ ਬਾਗ ਆ। ਹੱਥਾਂ ‘ਚ ਸਲੋਤਰ ਫੜ੍ਹੀ ਖਲੋਤੇ ਆਪਣੇ ਮੁੰਡੇ ਆਵਾਜਾਈ ਸੰਭਾਲ ਰਹੇ।। 
ਬਹੁਤ ਲੋਕ ਆਏ ਤੇ ਬਹੁਤੇ ਨਹੀਂ ਆਏ। ਪਿੰਡਾਂ ‘ਚ ਕਈ ਲੋਕ ਹਜੇ ਵੀ ਮੀਣੇ ਬਣੇ ਬੈਠੇ,”ਕੋਈ ਨਾ ਦੇਖੀ ਜਾਊ ਆਪਾਂ ਵੀ ਲੋਕਾਂ ਨਾਲ ਈ ਆ।” ਨਿੱਕਲੋ, ਆਖਰੀ ਹਮਲਾ ਏਹੇ, ਏਹਤੋਂ ਬਾਅਦ ਉੱਠਣ ਜੋਗੇ ਨਹੀਂ ਛੱਡਣਾ ਅਗਲਿਆਂ।
ਫੀਲਿੰਗ ਜਿੰਨੀ ਮਰਜ਼ੀ ਚੱਕੀ ਜਾਈਏ, ਹਜੇ ਦਿੱਲੀ ਤੇ ਬਹੁਤਾ ਅਸਰ ਨਹੀਂ, ਦਸ ਕਿਮੀ ਅੱਗੇ ਜਾਕੇ ਦੇਖੋ ਦਿੱਲੀ ਆਮ ਵਾਂਗ ਚੱਲ ਰਹੀ ਆ। 
ਮੋਰਚੇ ਦੀ ਚੜ੍ਹਦੀ ਕਲਾ ਬਹਾਲ ਰੱਖਣ ਲਈ ਆਗੂ ਬੰਦੇ ਤਕੜਾ ਪ੍ਰੋਗਰਾਮ ਦੇਣ, ਹੋਰ ਬਾਡਰ ਬੰਦ ਹੋਣ ਤਾਂਹੀ ਸੈਂਟਰ ਦਾ ਝੋਟੀਡਾਟ ਪੈਣਾ। ਕਰੋ ਹਿੰਮਤ...ਪਹੁੰਚੋ....ਘੁੱਦਾ

ਟਿਕਰੀ ਬਾਡਰ

ਕਦੇ ਦਿੱਲੀ ਆਓਣਾ ਹੁੰਦਾ ਸੀ ਤਾਂ ਕਹਿੰਦੇ ਹੁੰਦੇ ਸੀ," ਬਚਕੇ ਤੁਰਿਓ, ਲੁੱਟ ਲੈਂਦੇ ਅਾ, ਚੋਰ ਬਜਾਰ ਓਥੇ ਬੰਦੇ ਵੇਚਕੇ ਖਾ ਜਾਂਦੇ ਨੇ"। ਦਿੱਲੀ ਦਾ ਓਹ ਓਪਰਾਪਣ ਹੁਣ ਖਤਮ ਹੋ ਗਿਅਾ।
ਸਿੰਘੂ ਬੈਰੀਕੇਡਾਂ ਨਾਲ ਬੰਨ੍ਹੇ ਸਿੰਘਾਂ ਦੇ ਘੋੜਿਆਂ ਤੋਂ ਲੱਗਦਾ ਜਿਵੇਂ ਪੰਜਾਬ ਦੀ ਹੱਦ ਏਥੋਂ ਸ਼ੁਰੂ ਹੁੰਦੀ ਹੋਵੇ।
ਲੱਗਦਾ ਹੀ ਨਹੀਂ ਕਿ ਦਿੱਲੀ ਫਿਰਦੇ ਅਾ, ਬਠਿੰਡਾ, ਲੁਧਿਅਾਣਾ, ਜਾਂ ਪੰਜਾਬ ਦਾ ਕੋਈ ਹੋਰ ਸ਼ਹਿਰ ਲੱਗਦਾ।
ਕੇਸਰੀ ਨਿਸ਼ਾਨ ਲਾਕੇ ਬੇਖੌਫ ਘੁੰਮ ਰਹੇ ਨੇ ਮੁੰਡੇ। ਦਬਵੀਂ ਅਵਾਜ਼ ‘ਚ ਪੁਲਸੀਆ ਵੀ ਕਹਿ ਦਿੰਦਾ,”ਹਮ ਬੀ ਕਿਸਾਨ ਕੇ ਬੇਟੇ ਹੈਂ, ਆਪਕੇ ਸਾਥ ਹੈਂ, ਸਮਾਧਾਨ ਨਿਕਾਲ ਕਰ ਜਾਣਾ”।
ਮੇਲਿਆਂ ਦਾ ਮਹੌਲ ਦੇਖਣਾ ਤਾਂ ਕੁੰਡਲੀ ਦੇਖੋ, ਪਿੰਡਾਂ ਦਾ ਮੂੰਹ ਮੁਹਾਂਦਰਾ ਦੇਖਣਾ ਤਾਂ ਟਿਕਰੀ ਜਾਓ।
ਲਿੱਪ ਪੋਚ ਕੇ ਬਣਾਏ ਚੁੱਲ੍ਹਿਆਂ ਕੋਲ ਰੌਣਕਾਂ ਨੇ। ਟਰਾਲੀ ਨਾਲ ਪੋਣੀਆਂ, ਚਿਮਟੇ, ਪੋਣੇ ਤੇ ਰਸੋਈ ਦਾ ਨਿੱਕ ਸੁੱਕ ਲਮਕਾਇਆ ਹੁੰਦਾ। 
ਮਾਝੇ, ਮਾਲਵੇ, ਦੁਆਬੇ, ਪੁਆਧ, ਹਰਿਆਣੇ, ਯੂ.ਪੀ. ‘ਚੋਂ ਲੱਖਾਂ ਹੱਥਾਂ ਦੀਆਂ ਵੱਟੀਆਂ ਅਲਸੀ, ਖੋਏ, ਚੌਲ, ਵੇਸਣ ਦੀਆਂ ਪਿੰਨੀਆਂ ਦਾ ਜ਼ਾਇਕਾ ਇੱਕੋ ਥਾਂ ਮਿਲ ਰਿਹਾ। 
ਪੰਜਾਬ ਤਾਂ ਜਿੱਤ ਗਿਆ, ਲੀਡਰਾਂ ਦਾ ਜਿੱਤਣਾ ਬਾਕੀ ਆ।
ਆਪਾਂ ਸਾਰੇ ਸਾਦੇ ਲੰਗਰਾਂ ਦੇ ਹਮਾਇਤੀ ਆਂ। ਪਰ ਏਥੇ ਬਦਾਮਾਂ, ਪੀਜ਼ਿਆਂ, ਮਸਾਜ ਕੁਰਸੀਆਂ ਤੇ ਕੀਤਾ ਖ਼ਰਚਾ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਕੇਂਦਰ ਦੀਆਂ ਅੱਖਾਂ ‘ਚ ਰੜਕਣ ਦਾ ਜ਼ਰੀਆ ਏਹੇ।
ਮਸਲਾ ਬਿੱਲਾਂ ਦਾ ਨਹੀਂ, ਓਹ  ਵੀ ਬੈਠੇ ਜਿੰਨ੍ਹਾਂ ਕੋਲ ਓੜਾ ਪੈਲੀ ਨਹੀਂ, ਗੱਲ ਤਾਂ ਇਹ ਆ ਕਿ ਸਾਡੇ ਖੂਨ ‘ਚ ਹੀ ਦਿੱਲੀ ਤਖ਼ਤ ਨਾਲ ਲੜਨ ਦਾ ਚਾਅ ਰਹਿੰਦਾ। ਇੱਕ ਤੇਰੀ ਅੜ ਭੰਨਣੀ, ਲੱਸੀ ਪੀਣ ਦਾ ਸ਼ੌਂਕ ਨਾ ਕੋਈ।
ਹੁੱਡੀਆਂ ਦੀਆਂ ਕੰਗਾਰੂ ਜੇਬਾਂ ‘ਚ ਪਾਵਰਬੈਂਕ ਪਾਈ, ਸਿਹਰੇ ਬੰਨ੍ਹਕੇ ਟ੍ਰੈਕਟਰ ਤੇ ਬੈਠਕੇ ਮੁੰਡੇ ਬਾਡਰ ਵੱਲ ਨਾਅਰੇ ਮਾਰਦੇ ਜਾਂਦੇ ਨੇ ਕਿ ਲੈ ਮੋਦੀਆ ਤੇਰੇ ਪਰਾਹੁਣੇ ਆ ਗੇ। 
ਇਹ ਸਾਡੀ ਕੌਮ ਦਾ ਨਿਵੇਕਲਾਪਣ ਆ ਕਿ ਜੇ ਮੋਦੀ ਦੀ ਸੱਚੀਂ ਕੋਈ ਕੁੜੀ ਹੁੰਦੀ ਫੇਰ ਕੁੜੀ ਨੂੰ ਕਿਸੇ ਟਾਰਗੇਟ ਨਹੀਂ ਕਰਨਾ ਸੀ।
ਫੇਰ ਕਿਸੇ ਪਰਾਹੁਣੇ ਨਹੀਂ ਬਨਣਾ ਸੀ।
ਲਗਾਤਾਰ ਕੱਠ ਵੱਧ ਰਿਹਾ। ਸਰਹੰਦ ਸਭਾ ਤੋਂ ਲੋਕ ਸਿੱਧੇ ਏਧਰ ਆ ਰਹੇ ਨੇ। ਆਗੂ ਤਕੜੇ ਰਹਿਣ....ਪੰਜਾਬ ਤਾਂ ਫਾਨੇ ਅੰਗੂ ਅੜਿਆ ਖੜ੍ਹਾ.....ਘੁੱਦਾ

੨੦੨੧ ਦਾ ਆਗਾਜ਼

ਜਾਂਦਾ ਜਾਂਦਾ ਸਾਲ ੨੦੨੦ ਸਾਨੂੰ ਧਰਮਾਂ, ਜਾਤਾਂ , ਹੱਦਾਂ ਤੋਂ ਪਾਰ ਇੱਕ ਕਰਕੇ ਗਿਆ। ਸਾਰਾ ਪੰਜਾਬ ਅੱਜ ਇੱਕ ਹੋਇਆ ਬੈਠਾ। 
ਆਹ ਟਰਾਲੀ ਜਲੰਧਰ ਦੀ ਖੜ੍ਹੀ, ਅਗਲੀ  ਗੁਰਦਾਸਪੁਰ ਦੇ ਕਿਸੇ ਪਿੰਡ ਤੋਂ, ਅਗਲੀ ਫ਼ਿਰੋਜ਼ਪੁਰ ਤੋਂ।  
ਕੋਈ ਪਾਣੀ ਤੱਤਾ ਕਰ ਰਿਹਾ, ਕੋਈ ਆਟਾ ਗੁੰਨ੍ਹ ਰਿਹਾ, ਕੋਈ ਲੰਗਰ ਛਕਾ ਰਿਹਾ, ਕੋਈ ਹਰਿਆਣੇ ਆਲਾ ਕਹਿ ਰਿਹਾ,”ਰੈ ਭਾਈ ਦੂਧ ਲੈਜੀਓ”।
ਅਸੀਂ ਨਵੇਂ ਵਰ੍ਹੇ ਦੀਆਂ ਵਧਾਈਆਂ ਕਿਓਂ ਨਾ ਦੇਈਏ। ਏਥੇ ਕੋਈ ਸੋਗ ‘ਚ ਨਹੀਂ ਬੈਠੇ। ਐਨੀ ਚੜ੍ਹਦੀ ਕਲਾ ‘ਚ ਕਦੇ ਨਹੀਂ ਹੋਏ।
ਸਦੀ ਦਾ ਸਭ ਤੋਂ ਵੱਡਾ ਘੋਲ ਲੜ ਰਹੇ ਹਾਂ। ਪਿੰਡ ਦੀ ਗਲੀ ਬੰਦ ਕਰਨੀ ਔਖੀ ਹੁੰਦੀ ਆ। ਏਥੇ ਦੇਸ਼ ਦੀ ਰਾਜਧਾਨੀ ਤੋਂ ਨਿੱਕਲਦੇ ਨੈਸ਼ਨਲ ਹਾਈਵੇ ਬੰਦ ਕਰੀ ਬੈਠੇ ਆ। ਏਹ ਜੁਰਅੱਤ ਨੇ ਸਾਨੂੰ ਹੋਰ ਸੌ ਸਾਲ ਲਈ ਰੀਚਾਰਜ ਕਰਤਾ, ਇਤਿਹਾਸ ਸਿਰਜਿਆ ਗਿਆ। ਪੰਜਾਬ ਜਿੱਤ ਗਿਆ, ਆਗੂ ਰਹਿੰਦੇ ਨੇ ।
ਅਰਦਾਸ ਕਰੀਏ ਸਾਡਾ ਏਕਾ ਏਸੇ ਤਰ੍ਹਾਂ ਬਣਿਆ ਰਹੇ। 
ਨਵੇਂ ਸਾਲ ਦੀਆਂ ਵਧਾਈਆਂ ਸਾਰੀ ਸੰਗਤ  ਨੂੰ। ਪੰਜਾਬ ਦੀ ਫਤਹਿ ਹੋਵੇ...ਘੁੱਦਾ

ਵਾਰਸ ਬਘੇਲ ਸਿੰਘ ਦੇ

ਬਾਰ ਵਿਚਾਲੇ ਗੱਡੇ ਟੈਰ ਆਲਾ ਬੂਹਾ ਖੋਲ੍ਹਕੇ 
ਹੱਥ ‘ਚ ਅਖਬਾਰ ਫੜ੍ਹੀ ਸਾਬਕਾ ਫ਼ੌਜੀ 
ਜੰਟੇ ਦੇ ਘਰੇ ਆ ਬੈਠਾ। 
ਦੌਣ ਤੋਂ ਫੜ੍ਹ ਮੰਜਾ ਘੜੀਸਦਾ ਬੋਲਿਆ,” ਕਿਵੇਂ ਆ ਜੰਟਿਆ”?
ਬੇਧਿਆਨੀ ‘ਚ ਜੰਟਾ ਵਹਿੜ ਨੂੰ ਸੁੱਕੀ ਤੂੜੀ ‘ਚ ਛਿੱਟ ਪਾਣੀ ਬੁਰਕ ਕੇ ਬਰਸੀਮ ਦਾ ਟੋਕਰਾ ਸਿੱਟਕੇ ਹੱਥ ਮਾਰ ਰਿਹਾ ਸੀ।
ਬੂਥ ਮਾਰਕੇ ਨੀਰਾ ਭੁੰਜੇ ਸੁੱਟਣ ਤੇ ਜੰਟਾ ਗੜ੍ਹਕਿਆ
“ਹੈ ਮੇਰੇ ਸਾਲੇ ਦੀ, ਕਰਦੀ ਕੀ ਐ”
“ਓਹ ਕਿਓਂ ਤੜਕੇ ਤੜਕੇ ਗੋਕੇ ਨੂੰ ਗਾਹਲਾਂ ਕੱਢੀ ਜਾਣਾਂ ।”
ਫੌਜੀ ਦਾ ਬੋਲ ਪਛਾਣ, ਜੰਟਾ ਬੋਲਿਆ
“ਪੁੱਸ ਨਾ ਜਰ ਫੌਜੀਆ ਰੰਭਦੀ ਵੀ ਆ, ਤਾਰਾਂ ਵੀ ਦੇਂਦੀ ਆ, ਅੱਠ ਆਰੀ ਟੀਕਾ ਭਰਾਤਾ, ਰਹਿੰਦੀ ਨੀਂ ਜਰ, ਇੱਕ ਅੱਧੀ ਆਰੀ
ਹੋਰ ਦੇਖਦਾਂ ਨਹੀਂ ਰੱਸਾ ਲਾਹੂੰ ਫੇਰੇਦੇਣੀ ਦਾ”।
ਜੋੜਿਆਂ ‘ਚੋਂ ਤੂੜੀ ਝਾੜ ਜੰਟੇ ਨੇ ਗੱਲ ਤੋਰੀ
“ਹੋਰ ਤੂੰ ਸੁਣਾ ਕੀ ਕਹਿੰਦਾ ਤੇਰਾ ਕਵਾਰ, ਲੱਗਦੀ ਆ ਗੱਲ ਕਿਸੇ ਤਣ ਪੱਤਣ”
ਅਖਬਾਰ ਦੀ ਕੰਂਨੀ ਉੱਤੋਂ ਦੀ ਝਾਕ ਫ਼ੌਜੀ ਨੇ ਜਵਾਬ ਦਿੱਤਾ,”ਕੱਲ੍ਹ ਮੀਟਿੰਗ ਸੀ, ਖਾਲੀ ਨਿੱਕਲਗੀ, ਤੇਰੀ ਵਹਿੜ ਆਲਾ ਕੰਮ ਈ ਆ, ਰੰਭਦੀ ਆ ਸਰਕਾਰ ਪਰ ਰਹਿਂਦੀ ਨੀਂ”
ਮੂਕਾ ਝਾੜਕੇ ਬੰਨ੍ਹਦਾ ਜੰਟਾ ਫੇਰ ਬੋਲਿਆ ,”ਰੱਸਾ ਲਾਹਦੋ ਫੇਰੇਦੇਣੀ ਦਾ”। 
ਚੌਂਕੜੀ ਮਾਰ ਲੱਤਾਂ ਨੂੰ ਬਾਹਾਂ ਦੀ ਕਲਿੰਗੜੀ ਪਾ ਜੰਟੇ ਨੇ ਗੱਲ ਤੋਰੀ
,” ਹੁਣ ਫਿਰ ਫੌਜੀਆ”?
“ਸਿਰ ਲੱਗਣਗੇ ਹੁਣ ਤਾਂ”
“ਕੈਅ ਕ”
“ਬਿੱਲੂ ਤੇ ਜੱਗੂ ਕਾ ਰੌਲਾ ਸੀ ਪਹੀ ਦਾ, ਤਿੰਨ ਪੀਹੜੀਆਂ ਲੜੀ ਜਾਂਦੀਆਂ ਹਜੇ ਤਾਈਂ। ਚਾਰ ਬੰਦੇ ਮਰਗੇ
ਆਪੇ ਲਾਲਾ ਸਾਹਬ, ਇਹ ਸਾਰੇ ਪੰਜਾਬ ਦੀ ਪੈਲੀ ਦਾ ਮਸਲਾ”
ਫੌਜੀ ਵੇਗ ‘ਚ ਬੋਲ ਰਿਹਾ ਸੀ,” ਮਿੱਟੀ ਖਾਤਰ ਲੜਦਿਆਂ ਨੂੰ ਤਾਂ ਮਿੱਟੀ ਈ ਹੋਣਾ ਪਊ ਤੇ ਜੇ ਨਾਂ ਲੜੇ, ਮਿੱਟੀ ਹੋਜਾਂਗੇ”
ਫੌਜੀ ਦੀਆਂ ਭਾਰੀਆਂ ਗੱਲਾਂ ਜੰਟੇ ਦੇ ਸਿਰ ਉੱਤੋੰ ਲੰਘ ਰਹੀਆਂ ਸੀ।
ਬਾਰ ਮੂਹਰੇ ਟ੍ਰੈਕਟਰ ਤੇ ਤਰਪਾਲ ਪਈ ਟਰਾਲੀ ਆ ਰੁਕੀ।
“ਸੀਰੇ ਓਏ ਆਜਾ ਛੇਈ...ਚੱਲੀਏ”
ਸੀਰਾ ਜੰਟੇ ਦਾ ਇਕਲੌਤਾ ਪੁੱਤ ਸੀ।
ਸਰਪੇਅ ਨਾਲ ਮਿਲੇ ਝੋਲੇ ‘ਚ ਦੋ ਲੀੜੇ ਪਾਕੇ ਸੀਰਾ ਤੁਰਨ ਲੱਗਾ।
“ਤੈਨੂੰ ਕੁਸ ਹੋ ਗਿਆ ਮੈਂ ਕੀਹਦਾ ਘਰ ਪੁੱਸੂੰ?, ਹੈਂਅ, ਕੱਲਾ ਕੈਹਰਾਂ ਹੈਗਾ।” ਸੀਰੇ ਦੀ ਮਾਂ ਨੇ ਫਿਕਰ ਕੀਤਾ।
ਸੀਰਾ ਬਰਾਂਡੇ ‘ਚ ਲੱਗੀ ਚਾਰ ਸਾਹਿਬਜਾਦਿਆਂ ਨਾਲ ਦਸਵੇਂ ਪਾਤਸ਼ਾਹ ਦੀ ਤਸਵੀਰ ਵੱਲ ਦੇਖਕੇ ਹੱਸਿਆ। 
ਏਹੀ ਓਹਦਾ ਜਵਾਬ ਸੀ।
ਭਰਤੀ ਖਾਤਰ ਲਏ ਸੇਗਾ ਦੇ ਬੂਟ ਡਾਲੇ ਤੇ ਧਰ ਸੀਰੇ ਨੇ ਟਰਾਲੀ ਵਿੱਚ ਛਾਲ ਮਾਰੀ।
ਜੰਟਾ ਫੌਜੀ ਕੋਲ ਬੈਠਾ ਮੁੱਛਾਂ ਨੂੰ ਤਾਅ ਦੇ ਰਿਹਾ ਸੀ
ਜਿਵੇਂ ਕਹਿੰਦਾ ਹੋਵੇ, ਲੈ ਗਏ ਪੰਜਾਬ ਦੇ ਸ਼ੇਰ
“ਹੁਣ ਲਾਹੁਣਗੇ ਰੱਸਾ”
ਕੇਸਰੀ ਨਿਸ਼ਾਨ ਦੀ ਅਗਵਾਈ ‘ਚ 
ਸ਼ੂਕਦੇ ਜਾਂਦੇ ਟਰੈਟ ਦੇ ਡੈੱਕ ਤੇ ਗੀਤ ਵੱਜ ਰਿਹਾ ਸੀ
‘ਵਾਰਸ ਬਘੇਲ ਸਿੰਘ ਦੇ’.......ਘੁੱਦਾ

ਪੇਂਡੂੰ ਬੰਦੇ - ਦਿੱਲੀ ਮੋਰਚਾ

ਪੇਂਡੂੰ ਬੰਦੇ ਸਿੱਧੇ ਸਪੱਸ਼ਟ ਹੁੰਦੇ ਨੇ। 
ਤਰਕਾਂ ਦਲੀਲਾਂ ਦੇਣ ਆਲੇ ਬੰਦੇ ਜੰਗ ਨਹੀਂ ਲੜਦੇ ਹੁੰਦੇ। 
ਮੁਲਤਾਨ ਦੇ ਕਿਲ੍ਹੇ ਨੂੰ ਘੇਰਾ ਪਾਇਆ ਸੀ , ਜੰਗ ਲੰਮੀ ਹੋ ਰਹੀ ਸੀ। ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਆਇਆ, ਦੇਗ ਕਰਾਈ ਅਰਦਾਸ ਕੀਤੀ। 
ਅਕਾਲੀ ਫੂਲਾ ਸਿੰਘ ਹੋਣਾਂ ਪੁੱਛਿਆ ਮਸਲਾ ਦੱਸੋ। ਗੱਲ ਦੱਸੀ। ਅਕਾਲੀ ਫੂਲਾ ਸਿੰਘ, ਸਿੰਘ ਲੈਕੇ ਅੱਗੇ ਹੋ ਤੁਰਿਆ ਤੇ ਕਿਲ੍ਹਾ ਫਤਹਿ ਕੀਤਾ। 
ਮੂਹਰੇ ਹੋਕੇ ਲੜਨ ਹੋਣ ਆਲੇ, ਕਹਿਣੀ ਕਰਨੀ ਦੇ ਇੱਕੋ ਬੰਦੇ ਸਰੀਰ ਤੌਰ ਤੇ ਘੱਟ ਸਮਾਂ ਰਹਿੰਦੇ ਨੇ, ਪਰ ਸੋਚ ਕਰਕੇ ਸਦਾ ਹੀ।
ਉੱਤਲੀ ਉਦਾਹਰਣ ਨਾਲ ਕੰਪੇਅਰ ਨਾ ਕਰਿਓ।
ਲੱਖੇ ਸਿਧਾਣੇ ਨੂੰ ਐਂਤਕੀ ਨੇੜਿਓ ਦੇਖਿਆ ਜਦੋਂ ਕਿਸਾਨੀ ਘੋਲ ਪੰਜਾਬ ‘ਚ ਸੀ।  
ਪਰੈੱਸ ਕਾਨਫਰੰਸਾਂ ‘ਚ ਕਿਸਾਨ ਜਥੇਬੰਦੀਆਂ ਦੇ ਮਗਰ ਬਹਿੰਦਾ ਰਿਹਾ। ਏਹਨ੍ਹਾਂ ਤੋਂ ਇੰਚ ਬਾਹਰ ਨਹੀਂ ਹੋਇਆ।
ਦੀਪ ਸਿੱਧੂ ਨਾਲ ਜਥੇਬੰਥੀਆਂ ਦੇ ਵਿਚਾਰਕ ਮਤਭੇਦ ਹੋਣਗੇ ਪਰ ਲੱਖੇ ਨੂੰ ਸਟੇਜ ਤੇ ਨਾ ਬੋਲਣ ਦੇਣਾ ਸਮਝੋ ਪਰ੍ਹੇ ਆ। ਸਟੇਜ  ਤੋਂ ਬੋਲਦੇ ਦਾ ਕੁੜਤਾ ਖਿੱਚਕੇ ਖੇਹ ਕਰਾਕੇ ਕੀ ਮਿਲਿਆ?
ਲੱਖਾ ਕੱਲੀ ਕਿਸਾਨੀ ਨਹੀਂ, ਪੰਜਾਬ, ਬੋਲੀ ਤੇ ਅਨੰਦਪੁਰ ਦੇ ਮਤੇ ਵੱਲ ਵੀ ਅਹੁਲਦਾ। 
ਬੋਰਡਾਂ ਤੇ ਕਾਲੀ ਕੂਚੀ ਮਾਰਕੇ ਪਰਚੇ ਕਰਾਏ ਓਹਨੇ। ਪੰਜਾਬੀ ਦਾ ਤੇਹ ਕਰਦਾ। ਬਾਹਾਂ ਖੜ੍ਹੀਆਂ ਕਰਕੇ ਸ਼ਰੇਆਮ ਕਹਿੰਦਾ ਕਿ ਕਬਜ਼ੇ ਲਏ, ਕੁੱਟਾਮਾਰਾਂ ਕੀਤੀਆਂ। 
ਮਾੜਾ ਪੱਖ ਲੁਕੋਂਦਾ ਨਹੀਂ।
ਦੂਜੇ ਪਾਸੇ ਰੇਤਾ, ਟਰਾਂਸਪੋਰਟ ਖਾਣ ਆਲੇ, ਪੁੱਤ ਪੋਤਿਆਂ ਆਲੇ ਹੋਕੇ ਮਸ਼ੂਕਾਂ ਨਾਲ ਸੌਣ ਬਹਿਣ ਆਲਿਆਂ ਨਾਲ਼ੋਂ ਤਾਂ ਚੰਗਾ। ਸ਼ਾਪਿੰਗ ਮਾਲ, ਟੌਲ ਪਲਾਜੇ ਬੰਦ ਕਰਾਓਣ ਦਾ ਵੱਡਾ ਯੋਗਦਾਨ ਰਿਹਾ ਓਹਦਾ।
ਜਥੇਬੰਦੀਆਂ ਆਲੇ ਸਾਡੇ ਲਈ ਸਤਿਕਾਰਯੋਗ ਨੇ। ਓਹਨ੍ਹਾਂ ਦਾ ਫਰਜ ਬਣਦਾ ਖਾਲਸਾ ਏਡ ਨੂੰ ਅੱਤਵਾਦੀ ਕਹਿਣ ਆਲਿਆਂ ਦੀ ਰੇਲ ਬਣਾਓਣ। ਬਲਕੌਰੇ ਬੁੜ੍ਹੇ ਤੋਂ ਮੁਆਫੀ ਮੰਗਾਓਣ।
ਏਕਾ ਦੋਹੇਂ ਧਿਰਾਂ ਰੱਖਣ। ਸਿੱਖਾਂ ਨੇ ਕੱਲਾ ਠੇਕਾ ਨਹੀਂ ਲਿਆ ਏਕੇ ਦਾ। 
26 ਜਨਵਰੀ ਦਾ ਠੋਕਵਾਂ ਪ੍ਰੋਗਰਾਮ ਦੇਣ, ਟ੍ਰਾਲੀਆਂ ‘ਚ ਤਾਸ਼ ਬਥੇਰੀ ਖੇਡਲੀ। 
ਚੜੂਨੀ ਵੰਗੂ ਸ਼ਪੱਸ਼ਟ ਹੋਣ। ਟ੍ਰੈਕਟਰ ਟਪਾਓਣੇ ਆ ਮੋਟਰਸੈਕਲ ਨਹੀਂ ਬੀ ਗਲ਼ੀਆਂ ‘ਚੋਂ ਟੱਪ ਜਾਣਗੇ। 
ਜਿੱਤਾਂਗੇ ਜ਼ਰੂਰ...ਸ਼ੰਕਿਆਂ ‘ਚ ਨਾ ਰਹੋ...ਘੁੱਦਾ

ਸਿੰਘੂ ਬਨਾਮ ਚੱਪੜਚਿੜੀ

ਸੱਚੇ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਨ ਵੇਲੇ ਪੰਜਾਬ ਦੇ ਸਾਰੇ ਇਲਾਕਿਆਂ ‘ਚ ਵੱਸਦੇ ਸਿੱਖਾਂ ਦੇ ਨਾਂ ਤੇ ਹੁਕਮਨਾਮੇ ਫੜ੍ਹਾਏ। ਅਡਰੈੱਸ ਪਤੇ ਦਿੱਤੇ।
ਗੁਰੂ ਦਾ ਹੁਕਮ ਸੁਣ ਮਾਝਾ, ਮਾਲਵਾ, ਦੁਆਬਾ ਆਪ ਮੁਹਾਰੇ ਬੰਦਾ ਸਿੰਘ ਵੱਲ ਹੋ ਤੁਰਿਆ।
ਚੱਪੜਚਿੜੀ ‘ਚ ਟ੍ਰੇਨਡ ਫੌਜ ਨਾਲ ਸਿੱਧੇ ਸਾਧੇ ਲੋਕਾਂ ਨੇ ਤਲਵਾਰ, ਡੰਡੇ, ਗੰਡਾਸਿਆਂ ਨਾਲ ਇਤਿਹਾਸਿਕ ਜੰਗ ਲੜੀ।
ਸਿੰਘੂ ਬਾਡਰ ਤੇ ਬੈਠੇ ਓਹੀ ਏਕਾ, ਇਕੱਠ ਤੇ ਜਲੌਅ ਦੇਖ ਰਹੇ ਹਾਂ। ਬਸ਼ਰਤੇ ਏਡੇ ਕਿਰਦਾਰ ਦਾ ਆਗੂ ਸਾਡੇ ਕੋਲ ਨਹੀਂ। 
ਪੰਜਾਬ ਲੜਨਾ ਜੂਝਣਾ ਮਰਨਾ ਜਾਣਦਾ।
ਸਾਡੇ ‘ਚੋਂ ਬਹੁਤਿਆਂ ਨੂੰ ਬਿੱਲਾਂ ਬੁੱਲਾਂ ਦਾ ਬਾਹਲਾ ਪਤਾ ਨਹੀਂ। ਪਰ ਤਕੜੇ ਦੀ ਧੌਣ ‘ਚੋਂ ਕਿੱਲਾ ਕੱਢਣ ਦਾ ਜਿਹੜਾ ਸਵਾਦ ਆ ਨਾ , ਸਾਨੂੰ ਓਹੀ ਦਿੱਲੀ ਲੈਕੇ ਆਇਆ। 
ਆਮ ਲੜਦਿਆਂ ਸਾਡੇ ਮੂੰਹੋਂ ਨਿੱਕਲਦਾ,” ਦੇਖਲਾਂਗੇ ਤੈਨੂੰ ਵੱਡੇ ਵੈਲੀ ਨੂੰ”
ਲੈ, ਅੱਜ ਓਸੇ ਵੱਡੇ ਵੈਲੀ ਨੂੰ ਦੇਖਣ ਆਇਆ ਪੰਜਾਬ ਹਰਿਆਣਾ। 
ਮਾਣ ਕਰਿਆ ਕਰੋ, ਅਸੀਂ ਪੰਜਾਬ ਦੇ ਜੰਮੇ ਆਂ। ਅਕਾਲ ਪੁਰਖ ਸਹਾਈ ਹੋਵੇ.....ਘੁੱਦਾ

ਦਿੱਲੀ ਮੋਰਚਾ ਤੇ ਨੇੜਲੇ ਲੋਕ

ਦਿੱਲੀ ਮੋਰਚਾ ਲੰਮਾ ਚੱਲ ਰਿਹਾ ਤੇ ਮੋਰਚਾ ਲੰਮਾ ਚਲਾਓਣ ਲਈ ਲੋਕਲ ਲੋਕਾਂ ਨਾਲ ਸਾਂਝ ਪਾਓਣੀ ਜ਼ਰੂਰੀ ਸੀ।
ਨੇੜਲੇ ਘਰਾਂ ਦੇ ਲੋਕ ਸਵੇਰੇ ਕੰਮਾਂ ਨੂੰ ਜਾਂਦੇ ਚਾਹ ਪਾਣੀ, ਚੌਲ ਖਾਕੇ ਜਾਂਦੇ ਨੇ ਤੇ ਸ਼ਾਮੀਂ ਵਾਪਸੀ ਵੇਲੇ ਲੰਗਰ ਛਕਕੇ ਘਰਾਂ ਨੂੰ ਮੁੜਦੇ ਨੇ।
ਤਕਰੀਬਨ ਅੱਸੀ ਫੀਸਦੀ ਲੋਕਲ ਲੋਕ ਲੰਗਰ ਛਕ ਰਹੇ ਨੇ।
ਏਸ ਮੋਰਚੇ ਨੇ ਲੋਕਲ ਦੁਕਾਨਾਂ ਦਾ ਬਿਜਨਸ ਵੀ ਵਧਾਇਆ।
ਦਿਹਾੜੀ ਦਾ ਵੀਹ ਪੱਚੀ ਲੱਖ ਦਾ ਪਾਣੀ ਲੱਗ ਜਾਂਦਾ। 
ਇਹ ਸਾਰਾ ਏਥੋਂ ਨੇੜੇ ਤੇੜਿਓਂ ਦੁਕਾਨਾਂ ਤੋਂ ਚੱਕਿਆ ਜਾਂਦਾ। 
ਲੱਖਾਂ ਦੇ ਡਿਸਪੋਜਲ ਭਾਂਡੇ, ਤਰਪਾਲਾਂ, ਰੱਸੇ ਤੇ ਹੋਰ ਸਮਾਨ ਬਜ਼ਾਰਾਂ ‘ਚੋਂ ਖ੍ਰੀਦਿਆ ਜਾ ਰਿਹਾ। 
ਕੱਪੜਾ ਲੀੜਾ, ਜੁੱਤੀ ਜੋੜਾ ਤੇ ਹੋਰ ਛਿੱਛ ਪੱਤਰ ਖ਼ਰੀਦ ਰਹੇ ਆਪਣੇ ਬੰਦੇ।
ਨੇੜੇ ਨਿੱਕੀਆਂ ਫੈਕਟਰੀਆਂ ‘ਚ ਨਹਾਓਣ ਖਾਤਰ, ਲੀੜੇ ਧੋਣ ਖਾਤਰ ਸਾਰਾ ਸਾਰਾ ਦਿਨ ਮੋਟਰਾਂ ਚੱਲਦੀਆਂ ਰਹਿੰਦੀਆਂ। ਇੱਕ ਦਿਨ ਮੋਟਰ ਸੜਗੀ, ਫ਼ੈਕਟਰੀ ਮਾਲਕ ਨੇ ਸਵੇਰ ਨੂੰ ਨਵੀਂ ਪਵਾਤੀ। 
ਪਾਣੀ ਦੀਆਂ ਟੈਕੀਆਂ ਏਹਨ੍ਹਾਂ ਮੋਟਰਾਂ ਤੋਂ ਭਰੀਆਂ ਜਾਂਦੀਆਂ। 
ਨੇੜਲੇ ਘਰਾਂ ਦੇ ਨਿਆਣਿਆਂ ਨੂੰ ਮੋਰਚੇ ਤੇ ਸੱਦਕੇ ਪੜ੍ਹਾਇਆ ਜਾਂਦਾ, ਕੱਪੜੇ, ਲੰਗਰ, ਬੂਟ ਦਿੱਤੇ ਜਾਂਦੇ ਨੇ। ਏਹ ਲੋਕ ਕਿਵੇਂ ਸਾਡੇ ਵਿਰੁੱਧ ਹੋ ਸਕਦੇ ਨੇ। 
ਇਹ ਝਲਕ ਆ ਓਹਨ੍ਹਾਂ ਜਵਾਕਾਂ ਦੀ ਜਿਹੜੇ ਮੋਰਚੇ ਤੇ ਆਓਂਦੇ ਨੇ...
ਡਟੇ ਹਾਂ ਤੇ ਡਟੇ ਰਹਾਂਗੇ.....ਜੂਝਾਂਗੇ ਤੇ ਜਿੱਤਾਂਗੇ...ਘੁੱਦਾ

ਦਿੱਲੀ ਮੋਰਚਾ

ਜਿਹੜੇ ਬੰਦੇ ਮੋਰਚੇ ਤੇ ਬੈਠੇ ਹੁੰਦੇ ਨੇ ਓਹ ਤਾਂ ਠੀਕ ਰਹਿੰਦੇ ਆ। ਪਰ ਪਿਛਲਿਆਂ ਨੂੰ ਬੜਾ ਫਿਕਰ ਹੁੰਦਾ। 
ਸਿਆਪਾ ਏਹ ਆ ਜੀਹਨੂੰ ਅਸੀਂ ਗੋਦੀ ਮੀਡੀਆ ਕਹਿਣੇ ਆ, ਸਾਡੇ ਘਰਾਂ ‘ਚ ਓਸੇ ਆਜ ਤੱਕ, ਜੀ ਨਿਊਜ ਨੂੰ ਦੇਖਿਆ ਜਾਂਦਾ।
ਘਰੇ ਬੈਠੀਆਂ ਬੀਬੀਆਂ ਡਰਕੇ ਮੋਰਚੇ ਤੇ ਬੈਠੇ ਮੁੰਡਿਆਂ ਨੂੰ ਫ਼ੋਨ ਕਰਦੀਆਂ ਕਿ ਚੁੱਪ ਕਰਕੇ ਘਰੇ ਮੁੜ ਆਓ। 
ਸਿੰਘੂ ਮੋਰਚੇ ਤੇ ਪਾਣੀ ਧਾਣੀ ਨਹੀਂ ਪਹੁੰਚ ਰਿਹਾ ਹੁਣ, ਸੌਦੇ ਪੱਤੇ ਦੀ ਵੀ ਲੋੜ ਆ। ਬਾਲਣ ਵੀ ਘੱਟ ਰਿਹਾ ਹੁਣ, ਲੈਕੇ ਆਓ।
ਪੰਜਾਬ ਤੋਂ ਦਿੱਲੀ ਤੱਕ ਸਾਰਾ ਰਾਹ ਸੇਫ਼ ਆ, ਹਰਿਆਣੇ ਆਲੇ ਫਾਨੇ ਅੰਗੂ ਅੜੇ ਖੜ੍ਹੇ ਨੇ ਨਾਲ। 
ਹੌਂਸਲੇ ਦੁੱਗਣੇ ਤਿੱਗਣੇ ਕਰੀਏ। ਜੇ ਅੱਜ ਦਬਗੇ ਮੁੜਕੇ ਕੁਸਕਣ ਨਹੀਂ ਦੇਣਾ ਬਿਗਾਨੇ ਪੁੱਤਾਂ ਨੇ। 
ਏਥੇ ਵੋਡਾਫੋਨ, ਆਈਡਿਆ ਦਾ ਨੈੱਟ ਚੱਲ ਰਿਹਾ ਮਾੜਾ ਮੋਟ, ਸਿੰਮ ਲੈ ਆਓ। ਪੋਸਟਪੇਡ ਸਿੰਮ ਚੱਲਦੇ ਨੇ।
ਲਾਈਟ ਕੱਲ੍ਹ ਦੀ ਗਈ ਅੱਜ ਸਵੇਰੇ ਆਈ।
ਸਾਡੇ ਆਗੂ ਵੀ ਤਕੜੇ ਹੋਣ। ਗਵਾਚੇ ਮੁੰਡਿਆਂ ਬਾਰੇ ਚਾਰਾਜੋਈ ਕਰਨ। 
ਸ਼ਾਤ ਰਹੋ ਪਰ ਤਿਆਰ ਰਹੀਏ।  ਆਏ ਗਏ ਨੂੰ ਦੇਗ ਪੱਕੀ, ਸਿਰ ਚੜ੍ਹੇ ਨੂੰ ਤੇਗ ਪੱਕੀ। ਟਿਕਰੀ, ਗਾਜੀਪੁਰ ਤੇ ਬਹੁਤ ਸੰਗਤ ਆਈ ਕੱਲ੍ਹ, ਸਿੰਘੂ ਵੀ ਪਹੁੰਚੋ । 
ਟਕੈਤ ਦੇ ਹੰਝੂਆਂ ਨੇ ਲੋਕ ਕੱਠੇ ਕੀਤੇ, ਸਾਨੂੰ ਸਾਡੇ ਭਰਾਵਾਂ ਦਾ ਡੁੱਲ੍ਹਾ ਖੂਨ ਕਿਓਂ ਨਹੀਂ ਖਿੱਚਦਾ?  
ਸਾਰੇ ਕਿਤੇ ਏਹ ਸੁਨੇਹੇ ਪਹੁੰਚਾਓ, ਪੋਸਟ ਹੋਰਾਂ ਨਾਲ ਸਾਂਝੀ ਕਰੋ...ਜਿੱਤਾਂਗੇ ਜ਼ਰੂਰ

ਦਿੱਲੀ ਮੋਰਚਾ ਦੂਜਾ ਪਾਸਾ

ਚਲੋ ਦੂਜਾ ਪਾਸਾ ਦੇਖੀਏ। 
ਇੱਕ ਬੋਲ ਤੇ ਲੱਖਾਂ ਟ੍ਰੈਕਟਰ ਆਓਣਾ। 
ਜਲੌਅ, ਚੜ੍ਹਦੀ ਕਲਾ, ਲ਼ੱਖਾਂ ਲੋਕਾਂ ਦੀ ਹਾਜ਼ਰੀ। ਸਾਰੀ ਦੁਨੀਆਂ ਦਾ ਧਿਆਨ ਮੋਰਚੇ ਵੱਲ ਸੀ। 
ਲੱਖਾਂ ਲੋਕਾਂ ਦੇ ਖਾਣ, ਪੀਣ, ਸੌਣ ਦਾ ਪ੍ਰਬੰਧ ਹੋਣਾਂ। ਜ਼ਾਬਤੇ ‘ਚ ਰਹਿਣਾ। ਕੁੜੀਆਂ ਬੇਫ਼ਿਕਰੀ ਨਾਲ ਥੋਡੀਆਂ ਵੀਡਿਓ  ਬਣਾ ਰਹੀਆਂ। ਕੋਈ ਭੈਅ ਨਹੀਂ। 
ਲੋਕ ਫੁੱਲ ਸੁੱਟ ਰਹੇ ਨੇ। 
ਤਲੀ ਨਾਲ ਘੁੰਮਣ ਆਲੇ ਪਾਵਰ ਸਟੇਰਿੰਗ ਟਰੈਟਾਂ ਤੇ ਬੈਠੇ ਕਿਰਸਾਨ ਪਹਿਲੀ ਵਾਰ ਦੇਸ਼ ਦੀ ਰਾਜਧਾਨੀ ਪਹੁੰਚੇ। 
ਲੋਕ ਜਵਾਕਾਂ ਨੂੰ ਦੱਸ ਰਹੇ ,”ਵੋ ਦੇਖੋ ਬੇਟਾ ਵੋ ਜਿਨਹੋ ਨੇ ਬਲੂ ਬਲੂ ਕੁਰਤਾ ਪਹਿਨ ਰਖਾ ਹੈ, ਬੜੀ ਸੀ ਪਗੜੀ ਵਾਲੇ, ਵੋਹ ਨਿਹੰਗ ਸਿੰਘ ਹੋਤੇ ਹੈਂ।” 
“ਵਾਓ ਮੰਮਾ ਹੌਰਸ ਦੇਖੋ ਹੌਰਸ”
ਲੋਕਾਂ ਬੋਰਡ ਫੜ੍ਹੇ ਹੱਥਾਂ ‘ਚ,”ਦਿੱਲੀ ਮੇਂ ਆਪਕਾ ਸਵਾਗਤ ਹੈ”। ਪੁਲਸ ਆਲੇ ਦੇਖਕੇ ਮੁਸਕਰਾ ਰਹੇ ਨੇ। 
ਤੀਹ ਤੀਹ ਕਿਲੋਮੀਟਰ ਪੈਦਲ ਤੁਰਕੇ ਵੀ ਕੋਈ ਥੱਕਿਆ ਨਹੀਂ। ਹੋਰ ਕਰਾਮਾਤਾਂ ਕੀ ਹੁੰਦੀਆਂ? ਇਹੀ ਕਰਾਮਾਤਾਂ ਹੁੰਦੀਆਂ...ਘੁੱਦਾ

ਦਿੱਲੀ ਮੋਰਚੇ ਦੀ ਕਮਾਈ

ਏਸ ਘੋਲ ‘ਚੋਂ ਬੜਾ ਕੁਛ ਕਮਾਇਆ ਪੰਜਾਬ ਨੇ।
ਸੱਥਾਂ ‘ਚ ਬਹਿਣੋਂ ਹਟਗੇ ਸੀ, ਭਾਈਚਾਰਾ ਘੱਟ ਰਿਹਾ ਸੀ। ਜੁੜਕੇ ਬੈਠਣਾ ਸ਼ੁਰੂ ਕਰਤਾ। ਗੱਲਾਂ ਕਰਨ ਲੱਗੇ ਆਂ, ਮੁੱਦੇ ਵਿਚਾਰੇ ਜਾਣ ਲੱਗੇ ਨੇ। 
ਸੋਚਿਆ ਸੀ ਕਦੇ ਪੰਜਾਬ ਤੇ ਹਰਿਆਣਾ ਵੀ ਇੱਕ ਹੋਕੇ ਲੜੂ?
SYL ਦੀ ਗੱਲ ਤੇ ਦੋਹੇਂ ਘਰ ਡਾਂਗਾਂ ਖਿੱਚ ਲੈਂਦੇ ਸੀ। ਕੋਈ ਕਿਸੇ ਨੂੰ ਗੜ੍ਹਵੀ ਦੁੱਧ ਦੀ ਉਧਾਰੀ ਨੀਂ ਦਿੰਦਾ ਹੁੰਦਾ, ਪਰ ਏਥੇ ਹਰਿਆਣੇ ਆਲੇ ਮੋਰਚੇ ਤੇ ਹਜ਼ਾਰ ਹਜ਼ਾਰ ਲੀਟਰ ਆਲੀਆਂ ਟੈਂਕੀਆਂ ‘ਚ ਚਾਰ ਚਾਰ ਟੂਟੀਆਂ ਲਾਕੇ ਦੁੱਧ ਵੰਡ ਰਹੇ ਨੇ।
ਸਾਂਝੇ ਚੁੱਲ੍ਹੇ ਤਪ ਰਹੇ ਨੇ, 
ਬੇਅੰਤ ਲੰਗਰ ਪੱਕ ਰਿਹਾ। ਇੱਕ ਰਾਤ ਸਿੰਘੂ ਤੋਂ ਟਿਕਰੀ ਬਾਡਰ ਗਏ। ਭੁੱਖ ਲੱਗੀ ਸੀ। ਨੌਂ ਦਸ ਜਣੇ ਸੀ ਅਸੀਂ। 
ਚਾਰ ਪੰਜ ਬੇਬੇ ਹੋਣੀਂ ਰੋਟੀਆਂ ਲਾਹ ਰਹੀਆਂ ਸੀ। ਬੇਨਤੀ ਕੀਤੀ, ਬੇਬੇ ਕਹਿੰਦੀ,” ਬੈਠੋ ਪੁੱਤ ਜਿੰਨੀਆਂ ਮਰਜ਼ੀ ਛਕੋ”।
ਸਿਰ ਦੇ ਬੰਨ੍ਹੇ ਕੱਪੜੇ ਨੂੰ ਕੋਈ ਪਰਨਾ ਆਖਦਾ, ਕੋਈ ਮੂਕਾ, ਕੋਈ ਸਾਫ਼ਾ ਕਹਿ ਰਿਹਾ। 
ਮਾਝਾ, ਮਾਲਵਾ, ਦੁਆਬਾ, ਪੁਆਧ। ਸਕੀਰੀਆਂ ਨਿੱਕਲ ਆਓਂਦੀਆਂ। “ ਤੇਰਾ ਕਿਹੜਾ ਪਿੰਡ ਆ ਬਾਈ? 
“ਘੁੱਦਾ”
ਅੱਛਾ ਬਾਦਲ ਦੇ ਪਿੰਡਾਂ ਕੰਨੀਂ। ਥੋਡੇ ਪਿੰਡਾਂ ਕੰਨੀਂ ਅਸੀਂ ਪਹਿਲੋ ਪਹਿਲ ਕਰਪੈਨ ਲੈਕੇ ਆਓਂਦੇ ਹੁੰਦੇ ਸੀ”।
ਦਿੱਲੀ ਦੇ ਜਵਾਕ ਪੰਜਾਬੀ ਸਿੱਖਣ ਆਓਂਦੇ ਨੇ। 
ਆਵਦਿਆਂ ਬਿਗਾਨਿਆਂ ਦੀ ਪਛਾਣ ਹੋਗੀ।
ਕ੍ਰਿਕਟਰ, ਬਾਲੀਵੁੱਡ ਲੀਕ ਖਿੱਚ ਗਿਆ। 
ਅਮਰਿੰਦਰ ਗਿੱਲ, ਦਿਲਜੀਤ, ਜੈਜੀ, ਨਿਮਰਤ ਖਹਿਰਾ ਸਾਡੇ ਪਾਲੇ ‘ਚ ਖੜ੍ਹੇ ਨੇ।  ਔਖੇ ਟੈਮ ਆਵਦੇ ਈ ਨਾਲ ਖੜ੍ਹੇ ਸਾਰੇ।
ਕਿੱਡਾ ਸੋਹਣਾ ਸਮਾਂ। ਸਾਰੇ ਕਾਸੇ ਦਾ ਨਿਤਾਰਾ ਹੋ ਰਿਹਾ
ਵਿਆਹਾਂ ‘ਚ ਕਿਸਾਨੀ ਗੀਤ ਵੱਜ ਰਹੇ ਨੇ। ਦਿਨ ਪੁਰ ਰਾਤ ਪਰਦੇਸੀਆਂ ਦੀ ਨਿਗਾਹ ਮੋਰਚੇ ਤੇ।  
ਅਸੀਂ ਪਾਣੀ ਵੰਡਣ ਖਾਤਰ ਇੱਕ ਦੋ ਜਣਿਆਂ ਨੂੰ ਪੈਸੇ ਆਖੇ। ਓਹ ਕਹਿੰਦੇ ਵੱਡੇ ਵਾਟਰ ਫਿਲਟਰ ਲਵਾਲੋ, ਕਰੋ ਗੱਲ। 
ਸਾਡੇ ਕਥਾਵਾਚਕ, ਪ੍ਰਚਾਰਕ ਜ਼ੋਰ ਲਾ ਹਟੇ ਸਾਨੂੰ ਆਹ ਕੁਛ ਸਿਖਾਓਣ ਲਈ। ਇਹੀ ਕੁਛ ਗੁਰਾਂ ਦੀ ਬਾਣੀ ਕਹਿੰਦੀ ਆ। 
ਦਿੱਲੀ ਜਾਕੇ ਮੈਂ ਮੈਂ ਛੱਡਕੇ ਤੇਰਾ ਤੇਰਾ ਕਰ ਰਹੇ ਹਾਂ। ਏਸੇ ਮੰਤਰ ‘ਚ ਸਾਡੀ ਜਿੱਤ ਆ....ਘੁੱਦਾ