Sunday 7 February 2021

ਮੋਰਚੇ ਦੀ ਰੂਪ ਰੇਖਾ

ਦਿੱਲੀ ਧਰਨੇ ਦੀ ਮੋਟੀ ਮੋਟੀ ਰੂਪ ਰੇਖਾ ਇਹ ਆ ਕਿ ਕੁੰਡਲੀ ਤੇ ਸਿੰਘੂ ਬਾਡਰ ਇੱਕੋ ਸੜਕ ਤੇ ਪੈਂਦਾ। ਪੰਜਾਬ ਤੋਂ ਜਾਂਦਿਆਂ ਪਹਿਲਾਂ ਕੁੰਡਲੀ ਤੇ ਫੇਰ ਬੈਰੀਕੇਡ ਜੇ ਟੱਪਕੇ ਸਿੰਘੂ ਆ ਜਾਂਦਾ।
ਕੁੰਡਲੀ ਤੋਂ ਟਿਕਰੀ ਬਾਡਰ 35 ਕ ਕਿਮੀ ਦੂਰ ਆ ਬਹਾਦਰਗੜ੍ਹ ਆਲੇ ਪਾਸੇ। ਟਿਕਰੀ ਧਰਨਾ ਲਗਭਗ ਵੀਹ ਕ ਕਿਲੋਮੀਟਰ ਲੰਮਾ ।ਦਿਨੋ ਦਿਨ ਵਧ ਰਿਹਾ। 
ਪਿੰਡਾਂ ‘ਚੋਂ ਆਓਣ ਆਲੇ ਬਹੁਤੇ ਕਿਸਾਨ ਭਰਾ ਲੱਕੜ ਬਾਲਣ, ਬਿਸਤਰੇ, ਗੱਦੇ, ਤਰਪਾਲਾਂ ਆਵਦੇ ਜੋਗੀਆਂ ਲੈਕੇ ਆ ਰਹੇ ਨੇ। 
ਤੜਕੋ ਤੜਕੀ ਹਰਿਆਣੇ ਆਲੇ ਦੁੱਧ, ਲੱਸੀ, ਸਬਜ਼ੀ ਦੇ ਕੈਂਟਰ ਲੈਕੇ ਕਾਫ਼ਲੇ ਦੇ ਨਾਲ ਨਾਲ ਤੁਰਕੇ ਸਮਾਨ ਵੰਡਦੇ ਨੇ। ਸਰਵਿਸ ਰੋਡ ਖਾਲੀ ਆ ਦੋਹੇ ਪਾਸੇ ਲਾਂਘੇ ਟਾਪੇ ਨੂੰ। 
ਮੀਡੀਆ, ਲੀਡਰ, ਗਾਇਕਾਂ ਦਾ ਰੁਝਾਨ ਬਹੁਤਾ ਕੁੰਡਲੀ ਸਿੰਘੂ ਬਾਡਰ ਤੇ ਰਹਿੰਦਾ। ਟਿਕਰੀ ਤੇ ਵਿਰਲਾ ਦਿਸਦਾ।
ਦਿੱਲੀ ਦੀ ਸਿੱਖ ਸੰਗਤ ਜੁਰਾਬਾ, ਮਫ਼ਲਰ, ਬੁਰਸ਼, ਪੇਸਟ, ਸਰਫ਼, ਸਾਬਣ, ਮੱਛਰ ਕਰੀਮਾਂ ਵੰਡ ਰਹੀ ਤੇ ਮਾਣ ਪਿਆਰ ਨਾਲ ਨੰਬਰ ਦੇਕੇ ਕਹਿ ਜਾਂਦੇ ਕਿ ਕਾਸੇ ਦੀ ਲੋੜ ਹੋਈ ਤਾਂ ਫ਼ੋਨ ਕਰਿਓ।
ਰੋਹਤਕ ਰੋਡ ਆਲੇ ਪਾਸੇ ਕਿਰਿਆ ਸੋਧਣ ਦੀ ਕੋਈ ਤਕਲੀਫ਼ ਨਹੀਂ। ਪਹੀਆਂ ਤੇ ਜਾਕੇ ਖੇਤੋ ਖੇਤ ਹੋਕੇ ਲੋਕ ਕੰਮ ਨਬੇੜ ਆਓਂਦੇ ਨੇ। ਵੈਨ ਟਾਇਲਟਾਂ ਬਹੁਤ ਖੜ੍ਹੀਆਂ ਪਰ ਕੋਈ ਨਹੀਂ ਵਰਤਦਾ। ਪਾਣੀ ਧਾਣੀ ਦੀ ਸਮੱਸਿਆ ਏਹਦੇ ‘ਚ। ਮੇਨ ਸਟੇਜ ਦੇ ਨੇੜੇ ਟਰਾਲੀਆਂ ਆਲਿਆਂ ਨੂੰ ਨੀਲੇ ਜੇ ਫ਼ਲੱਸ਼ ਬਕਸਿਆਂ ਦੀ ਲੋੜ ਜ਼ਰੂਰ ਆ। 
ਕਾਰ ਸੇਵਾ ਆਲੇ ਬਾਬੇ, ਖਾਲਸਾ ਏਡ ਤੇ ਹੋਰ ਜ਼ੁੰਮੇਵਾਰ ਧਿਰਾਂ ਲੰਗਰ ਦਾ ਪ੍ਰਬੰਧ ਸਾਂਭ ਰਹੀਆਂ। ਬਹੁਤੇ ਪਿੰਡਾਂ ਆਲੇ ਆਪੋ ਆਪਣਾ ਚੁੱਲ੍ਹਾ ਤਪਾ ਕੇ ਰੱਖਦੇ ਨੇ। ਬਿਨ੍ਹਾਂ ਚਾਰਦਵਾਰੀਆਂ ਤੋਂ ਪੁਰਾਣਾ ਪੰਜਾਬ ਵੱਸ ਰਿਹਾ। ਟਰਾਲੀਆਂ ਘਰ ਬਣੀਆਂ ਹੋਈਆਂ। ਕੋਈ ਮਿੱਤਰ ਪਿਆਰਾਂ ਮਿਲਣ ਆਓਂਦਾ ਅਗਲਾ ਘਰ ਵੰਗੂ ਟਰਾਲੀ ‘ਚ ਬਹਾਕੇ ਚਾਹ ਪਿਆਓਂਦਾ, ਨਾਲ ਬਿਸਕੁੱਟ। 
ਐਂਤਕੀ ਸਿਆਲਾਂ ‘ਚ ਸਾਰੇ ਪੰਜਾਬ ਦਾ ਸਾਂਝਾ ਖੋਇਆ ਮਾਰਿਆ। 
ਖਵਾ ਖਵਾ ਪਿੰਨੀਆਂ ਆਂਦਰਾ ਦੀ ਖੁਸ਼ਕੀ ਚੱਕਤੀ ਮੁਲਖ ਦੀ
ਸਮਾਂ ਕੱਢੋ ਤੇ ਏਸ ਇਤਿਹਾਸ ਦਾ ਹਿੱਸਾ ਬਣੋ..ਹੋਰ ਚਾਰ ਦਿਨਾਂ ਨੂੰ ਜਿੱਤ ਤਾਂ ਜਾਣਾ ਈ ਆ..ਦੇਖ ਆਓ ਮਹੌਲ ਲੱਗਦੇ ਹੱਥ....ਘੁੱਦਾ

No comments:

Post a Comment