Sunday 7 February 2021

ਕੇਸਰੀ ਨਿਸ਼ਾਨ ਦੀ ਤਾਬਿਆ ਹੇਠ

ਨਰਮੇ ਦਾ ਸਰਕਾਰੀ ਰੇਟ 5500 ਬੱਝਿਆ ਸੀ। ਮਲਵਈ ਜਾਣਦੇ ਨੇ ਕਿ ਹੁਣ ਨਰਮਾ ਕਦੇ ਵੀ ਏਸ ਭਾਅ ਹੁਣ ਨਹੀਂ ਵਿਕਿਆ। ਇਹ ਵਪਾਰੀ ਦੇ ਰਹਿਮੋ ਕਰਮ ਤੇ ਵਿਕਦਾ। 
ਜਦੋਂ ਮੰਡੀ ‘ਚ ਨਰਮੇ ਦੀ ਬੋਲੀ ਲੱਗਦੀ ਆ ਤਾਂ ਨਰਮਾ ਪਾਲਣ ਵਾਲ ਜਿੰਮੀਦਾਰ ਕੱਛਾਂ ‘ਚ ਹੱਥ ਦੇਕੇ ਵਿਚਾਰਾ ਬਣਿਆ ਸੈੜ ਤੇ ਖੜ੍ਹਾ ਹੁੰਦਾ। ਸਕੈੱਚਰ ਦੇ ਬੂਟਾਂ ਆਲੇ ਪੰਜ ਸੱਤ ਸੇਠ ਮੁਨੀਮਾਂ ਨਾਲ ਆਓਂਦੇ ਨੇ। ਜਾੜ੍ਹ ਹੇਠ ਨਰਮੇ ਦਾ ਵੜ੍ਹੇਵਾਂ ਚੱਬਕੇ ਮੁੱਲ ਲਾਓਂਦੇ ਨੇ। ਮਸਾਂ 45-4700 ਨੂੰ ਵਿਕਦਾ ਤੇ ਜੇ ਨਰਮੇ ‘ਚ ਮਾੜੀ ਮੋਟ ਪੱਤਰੀ ਹੋਵੇ ਫੇਰ 4000 ਦੇ ਲਾਗੇ ਵਿਕਦਾ। ਝੋਨੇ ਦਾ ਕੁੱਤ ਕਲੇਸ ਏਹਤੋਂ ਵੀ ਜ਼ਿਆਦਾ, ਕਦੇ ਕਾਲਾ, ਬਦਰੰਗ, ਕਿਤੇ ਹੀਟ ਹੋ ਗਿਆ। ਵਪਾਰੀ ਦੇ ਨੱਕ ਥੱਲੇ ਆਓਣਾ ਔਖਾ। ਕੁੱਲ ਮਿਲਾਕੇ ਬਹੁਤ ਕੁੱਤੇ-ਖਾਣੀ ਹੋਣੀ ਅੱਗੇ ।
ਅਗਲੀ ਗੱਲ। ਅੱਜ ਸਾਰਾ ਪੰਜਾਬ ਪੱਬਾਂ ਭਾਰ ਹੋਇਆ ਵਾ। ਲੀਡਰਾਂ ਦੇ ਘਰਾਂ ਮੂਹਰੇ ਧਰਨੇ ਲੱਗੇ। ਲੋਕ ਬਾਦਲ ਪਿੰਡ ਬੈਠੇ ਤੇ ਬਾਦਲ ਕਿਸੇ ਹੋਰ ਫਾਰਮ ਤੇ ਬੈਠਾ ਪੱਚੀ ਤੇ ਏਸੀ ਲਾਕੇ, ਲੱਤਾਂ ਤੇ ਕੰਬਲ ਲੈਕੇ ਮੈਕਸ ਪਲੇਅਰ ਤੇ ਆਸ਼ਰਮ ਦੇਖੀ ਜਾਂਦਾ ਹੋਣਾ। ਸਾਰੇ ਬਾਦਲ ਕੈਪਟਨ ਨੂੰ ਗਾਹਲਾਂ ਕੱਢ ਰਹੇ ਅੱਜ। ਵੋਟਾਂ ਆਓਣ ਦੋ। ਜਦੋਂ ਰੂਬੀਆ ਬੰਨ੍ਹਕੇ ਚੰਗਾ ਲੇਲਨ ਦਾ ਕੁੜਤਾ ਪਜਾਮਾ ਪਾਕੇ ਕੋਈ ਲੀਡਰ ਕਿਸੇ ਪਿੰਡ ਆਕੇ ਦੋਹੇਂ ਹੱਥ ਜੋੜਦਾ ਓਦੋਂ ਏਹੀ ਲੋਕ ਲੀਡਰ ਨੂੰ ਦੇਣ ਤੱਕ ਜਾਂਦੇ ਨੇ। 
ਕਿਸਾਨ ਯੂਨੀਅਨਾਂ ਦੇ ਆਗੂਆਂ ਤੇ ਏਹ ਦੋਸ਼ ਲੱਗਦੇ ਨੇ ਕਿ ਇਹ ਧਰਨਾ ਸਿਖਰ ਚੜ੍ਹਾਕੇ, ਬਿਨ੍ਹਾਂ ਕਿਸੇ ਪ੍ਰਾਪਤੀ ਦੇ ਧਰਨਾ ਚੱਕ ਲੈਂਦੇ ਨੇ ਜਾਂ ਵਿਕ ਜਾਂਦੇ ਨੇ। ਮਹਾਰਾਜ ਕਰੇ ਐਂਤਕੀ ਇਓਂ ਨਾ ਹੋਵੇ। ਲੋਕ ਥੋਡੇ ਮਗਰ ਖੜ੍ਹੇ ਨੇ। ਤਕੜੇ ਰਿਹੋ। 
ਪੰਜਾਬ ਗੁਰਾਂ ਦੀ ਧਰਤੀ ਆ, ਸਾਰੇ ਮੋਰਚੇ ਗੁਰੂ ਦਾ ਨਾਮ ਲੈਕੇ ਸ਼ੁਰੂ ਹੁੰਦੇ ਤੇ ਫਤਹਿ ਹੁੰਦੇ ਨੇ। ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਨਨਕਾਣਾ ਸਾਬ੍ਹ ਦਾ ਮੋਰਚਾ ਏਹਦੀ ਉਦਾਹਰਨ ਨੇ। ਕਿਸਾਨ ਆਗੂਆਂ ਨੂੰ ਬੋਲੇ ਸੋ ਨਿਹਾਲ ਤੋਂ ਅਲਰਜੀ ਨਹੀਂ ਹੋਣੀ ਚਾਹੀਦੀ। ਅੱਜ ਸਾਡੇ ਹੱਥ ਹਰੇ ਝੰਡੇ ਨੇ ਪਰ ਹੱਲ ਓਦਣ ਹੋਣਾ ਜਿੱਦਣ ਇਹ ਇਕੱਠ ਕੇਸਰੀ ਨਿਸ਼ਾਨ ਦੀ ਤਾਬਿਆ ਹੇਠ ਹੋਏ। ਦਸ ਸਾਲ ਲੱਗਣ ਭਾਵੇਂ ਸੌ ਸਾਲ ਲੱਗ....ਘੁੱਦਾ

1 comment:

  1. ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    ReplyDelete