Monday 29 December 2014

ਪੰਜਾਬ ਜ਼ਿੰਦਾਬਾਦ

ਪੰਦਰਾਂ ਕੁ ਸਾਲਾਂ ਦੇ ਜਵਾਕ ਦੀ ਭੁੱਕੀ ਖਾਂਦੇ ਦੀ ਵੀਡਿਓ ਵਾਟਸਐਪਾਂ ਤੇ ਫਿਰਦੀ ਆ।
ਵੀਡਿਓ ਦੇਖਕੇ ਹਰਿੱਕ ਆਹੀ ਆਂਹਦਾ ਸਾਰਾ ਪੰਜਾਬ ਨਸ਼ੇ ਤੇ ਲਾਗਿਆ। ਸਾਰੇ ਮੁਲਖ ਨੂੰ ਇੱਕੋ ਰੱਸੇ ਫਾਹੇ ਲਾਉਣਾ ਕੋਈ ਭੱਦਰਕਾਰੀ ਨਹੀਂ। ਸਾਰੀ ਮੰਡੀਰ ਨਸ਼ੇੜੀ ਨਹੀਂ, ਰੋਜ਼ਾਨਾ ਵਰਜਸ਼ਾਂ ਕਰਕੇ ਜੁੱਸੇ ਫਿਟ ਰੱਖਣ ਦੇ ਸ਼ੁਕੀਨ ਵੀ ਬਥੇਰੇ ਨੇ ।
ਮੰਨਦੇ ਆਂ ਪੰਜਾਬ 'ਚ ਚਿੱਟਾ ਚੁੱਟਾ ਆਮ ਚੱਲਦਾ ਹੁਣ ਪਰ ਫੇਰ ਵੀ ਦਾਅਵੇ ਨਾ ਆਖ ਸਕਦੇ ਆ ਕਿ ਤਕਰੀਬਨ ਅੱਧੀ ਮੰਡੀਰ ਐਹੇ ਜੀ ਹੈਗੀ ਆ ਜੀਹਨੇ ਕਦੇ ਨਸ਼ਾ ਮੂੰਹ ਨਈਂ ਧਰਿਆ। ਹੋਰ ਸੁਣ। ਨਿੱਕੇ ਹੁੰਦੇ ਵੇਖਿਆ ਪਿੰਡਾਂ 'ਚ ਕਈ ਬੰਦੇ ਦੂਜਿਆਂ ਨੂੰ ਜਾਤ ਦਾ ਨਾਂ ਲੈਕੇ ਬੁਲਾਉਂਦੇ ਸੀਗੇ, ਓਏ ਚਮਿਆਰਾ, ਓਏ ਝੜੱਕਾ। ਮਜ੍ਹਬੀ ਸਿੱਖਾਂ ਦਾ ਮੁੰਡਾ ਨਲਕੇ ਤੋਂ ਪਾਣੀ ਪੀ ਜਾਂਦਾਂ ਤਾਂ ਬਾਬੇ ਸਵਾਹ ਨਾਲ ਨਲਕੇ ਦੀ ਹੱਥੀ ਮਾਂਜੀ ਜਾਂਦੇ ਨਾਏ ਗਾਲ੍ਹਾਂ ਕੱਢਦੇ । ਸਮਾਂ ਬਦਲਿਆ ਹੁਣ। ਕਾਲਜ 'ਚ ਅਹੀਂ ਕਈ ਜਣੇ ਸੀਗੇ ਕੱਠੇ। ਕੰਟੀਨ 'ਚ ਸਾਰਿਆਂ ਦੇ ਹੱਥਾਂ 'ਚ ਸਮੋਸੇ ਹੁੰਦੇ ਪਰ ਚਟਣੀ ਸਹੁਰੀ ਇੱਕ ਪਲੇਟ 'ਚ ਹੁੰਦੀ। ਕੁੱਲ ਜਾਤਾਂ ਸੀ ਸਾਡੇ 'ਚ। ਹੋਰ ਸੁਣ।
ਸਰਵੇਖਣ ਦੱਸਦੇ ਨੇ ਨੱਬੇ ਵਿਆਂ ਦੇ ਦਹਾਕੇ 'ਚ ਬਲਾਤਕਾਰ ਵੱਧ ਹੁੰਦੇ ਸੀ, ਬੱਸ ਮੀਡੀਏ ਕਰਕੇ ਥੂ ਥੂ ਘੱਟ ਹੁੰਦੀ ਸੀ। ਹੁਣ ਜੇ ਕੋਈ ਬਾਹਲਾ ਹਲਕਿਆ ਕਿਤੇ ਕਰਤੂਤ ਕਰ ਦੇਂਦਾ ਤਾਂ ਬੀਡਿਓ ਬਣਕੇ ਅਗਲੇ ਦਿਨ ਮੁਲਖ ਦੇ ਮੋਬੈਲਾਂ 'ਚ ਆ ਜਾਂਦੀ ਆ। ਵੇਖਣ ਆਲੇ ਨੂੰ ਲੱਗਦਾ ਬੀ ਖੌਣੀ ਸਾਰਾ ਮੁਲਖ ਈ ਬਲਾਤਕਾਰੀ ਬਣਿਆ ਵਾ । ਮੱਛੀ ਤਲਾਅ ਆਲੀ ਗੱਲ ਆ ਜਰ।
ਭਰੱਪਾ ਭਾਈਚਾਰਾ ਵੀ ਕੈਮ ਆ। ਕਿਸੇ ਇੱਕ ਘਰੇ ਛੱਤ ਪਏ ਤਾਂ ਸਾਰੀ ਪੱਤੀ 'ਚ ਸੂਜ਼ੀ ਦਾ ਪ੍ਰਸ਼ਾਦ ਵੰਡਿਆ ਜਾਂਦਾ , ਵਿਆਹਾਂ ਵੇਲੇ ਦੋ ਲੱਡੂ ਤੇ ਚਹੁੰ ਜਲੇਬਾਂ ਦੀ ਪੱਤਲ ਫੇਰੀ ਜਾਂਦੀ ਆ।
ਬੁੱਧੀਜੀਵੀ ਆਵਦੇ ਲੇਖਾਂ ਨੂੰ ਪ੍ਰਭਾਵੀ ਬਣਾਉਣ ਖਾਤਰ ਕੱਲੀਆਂ ਊਣਤਾਈਆਂ ਨੂੰ ਈ ਹਾਈਲਾਈਟ ਕਰਦੇ ਨੇ। ਪੰਜਾਬ ਦਾ ਜਿਓਦਾ ਜਾਗਦਾ ਸੱਚ ਏਹਵੀ ਹੈਗਾ ...ਬਾਜ਼ਾਂ ਆਲੇ ਦੀ ਸਿੱਟੀ ਚੰਗਿਆੜੀ ਹਜੇ ਹੈਗੀ ਆ....ਪੰਜਾਬ ਜ਼ਿੰਦਾਬਾਦ ਈ ਰਹੂ....ਘੁੱਦਾ

ਗੇਜਾ ਡਰੈਵਰ

ਅੱਜ ਗੇਜੇ ਡਰੈਵਰ ਦਾ ਵਿਆਹ ਸੀ
'ਨੰਦਾਂ ਤੇ ਬਹਿੰਦਿਆਂ ਪਾਠੀ ਸਿੰਘ ਨੇ ਦੋੋਹਾਂ ਜੀਆਂ ਦਾ ਨੌਂ ਲਿਆ
"ਕਾਕਾ ਅੰਗਰੇਜ਼ ਸਿੰਘ ਤੇ ਬੀਬੀ ਹਰਬੰਸ ਕੁਰ"
ਮਾਂ ਮਗਰੋਂ ਪਹਿਲੀ ਵੇਰ ਕਿਸੇ ਗੇਜੇ ਦਾ ਪੂਰਾ ਨਾਂ ਲਿਆ ਸੀ
ਗਰੀਬੀ ਨਾ ਘਸ ਘਸ ਕੇ ਅੰਗਰੇਜ਼ ਸੂੰਹ ਗੇਜਾ ਬਣ ਗਿਆ
ਪਿਛਲੇ ਪਹਿਰ ਡੋਲੀ ਤੁਰੀ
ਚਾਈਂ ਰੱਜੇ ਗੇਜੇ ਨੇ ਦਾਬ ਨਾਲ ਯਈਏ ਦਾ ਜੱਜਾ ਬਣਾਕੇ ਗੀਤ ਛੇੜਿਆ
"ਜਾਰ ਡਰੈਵਰ ਦੀ ਡੀ.ਟੀ ਰੋੜ ਨਾ ਜਾਰੀ"
ਵਿਆਹ ਤੋਂ ਤੀਏ ਦਿਨ ਟਰੱਕ ਮਾਲਕ ਦੀ ਤਾਰ ਮਿਲੀ
ਗੇਜੇ ਨੂੰ ਟਰੱਕ ਲਿਜਾਣਾ ਪੈਣਾ ਸੀ
ਟਰੱਕ ਦੇ ਸ਼ੀਸ਼ਿਆਂ ਨਾਲ ਬੱਧੀਆਂ ਪਰਾਂਦੀਆਂ ਬੰਸੋ ਨੂੰ ਸੱਜਰੀਆਂ ਸੌਕਣਾਂ ਲੱਗੀਆਂ
ਲੰਮਾ ਪੇਚਕਸ ਟੈਰਾਂ ਤੇ ਮਾਰਕੇ ਗੇਜੇ ਨੇ ਸਰਸਰੀ ਜੀ ਹਵਾ ਚੈੱਕ ਕੀਤੀ
ਤੇ ਵੱਡੇ ਬੂਹੇ ਦੀ ਸੱਬਲ ਖੋਲ੍ਹਣ ਲੱਗਾ
ਬੰਸੋ ਦੇ ਕਾਲਜੇ ਤੇ ਬੂਹੇ ਦੀਆਂ ਚੂਲਾਂ ਨੇ ਸਾਂਝੀ ਚੀਕ ਮਾਰੀ
ਸਮਾਂ ਨੰਘਣ ਲੱਗਾ
ਹਫਤੇ ਕੁ ਬਾਅਦ ਗੇਜੇ ਨੇ ਕਲਕੱਤਿਓਂ ਪੰਜਾਬ ਦਾ ਗੇੜਾ ਭਰਿਆ
ਬਿਲਟੀਆਂ ਪਰਮਿਟ ਕਟਾ, ਗੇਜਾ ਡਰੈਵਰ ਸੀਟ ਤੇ ਬੈਠਾ
ਗੇਜੇ ਨੇ ਦਹਾਂ ਗੁਰੂਆਂ ਦੀ ਸਾਂਝੀ ਫੋਟੋ ਨੂੰ ਮੱਥਾ ਟੇਕ ਸਟੇਰਿੰਗ ਫੜ੍ਹਿਆ
ਗੇਜੇ ਨੂੰ ਘਰੋਂ ਤੁਰਨ ਲੱਗਿਆਂ ਬੰਸੋੋ ਦੇ ਪਿਆਰ ਤੇ ਫਿਕਰ ਦੇ ਬੋਲ ਚੇਤੇ ਆਏ
"ਆਵਦਾ ਖਿਆਲ ਰੱਖਿਓ"
ਸਰੂਰ 'ਚ ਆਏ ਗੇਜੇ ਨੇ ਰੇਸ਼ ਪੈਡਲ ਤੇ ਦਾਬ ਦਿੱਤੀ ਨਾਏ ਟੇਪ ਰਿਕਾਰਡਰ ਦਾ ਬੀੜਾ ਨੱਪਿਆ
ਮਾਣਕ ਨੇ ਉੱਤਲੇ ਸੁਰ 'ਚ ਹੀਰ ਦੀ ਕਲੀ ਚੱਕੀ
ਖੁਸ਼ੀਆਂ ਦੀ ਉਮਰ ਥੋੜ੍ਹੀ ਨਿੱਕਲੀ
ਕਿਸੇ ਰਾਹਗੀਰ ਨੂੰ ਬਚਾਉਦਿਆਂ ਤੇਜ਼ ਟਰੱਕ ਰੁੱਖ 'ਚ ਜਾ ਠੁੱਕਾ
ਟੇਪ ਰਿਕਾਡਰ ਦਾ ਸੰਘ ਘੁੱਟਿਆ ਗਿਆ
ਗੇਜਾ ਹੈ ਤੋਂ ਸੀ ਹੋ ਗਿਆ
ਲਿਫਾਫੇ 'ਚ ਵਲ੍ਹੇਟੀ ਗੇਜੇ ਦੀ ਲਾਸ਼ ਪਿੰਡ ਉੱਪੜੀ
ਰੱਬ ਜਾਣੇ ਖੌਣੀਂ ਕਦੋਂ ਬੰਸੋ ਦੀਆਂ ਚੂੜ੍ਹੀਆਂ ਟੋਟੇ ,ਤੇ ਸੁਰਮਾ ਪਾਣੀ ਬਣਿਆ
ਗੇਜੇ ਦੀ ਅਰਥੀ ਦਾ ਕਾਫਲਾ ਸਿਵਿਆਂ ਨੂੰ ਤੁਰਨ ਲੱਗਾ
ਤੇਜ਼ ਟਰੱਕ ਕੋਲ ਦੀ ਲੰਘਿਆ
ਬੰਸੋ ਦੀ ਨਿਗਾਹ ਟਰੱਕ ਪਿੱਛੇ ਲਿਖੇ 'ਮਿਲੇਗਾ ਮੁਕੱਦਰ' ਨਾਲ ਟਕਰਾਈ
ਦੂਰ ਜਾਂਦੇ ਟਰੱਕ 'ਚ ਚੱਲਦੇ ਗੀਤ ਦੀ ਮੱਧਮ ਜਈ ਅਵਾਜ਼ ਬੰਸੋ ਦੇ ਕੰਨੀਂ ਪਈ
"ਯਾਰ ਡਰੈਵਰ ਦੀ ਜੀ.ਟੀ ਰੋਡ ਨਾ ਯਾਰੀ"....ਘੁੱਦਾ

ਪਰਤਿਆਈਆਂ ਬੀਆਂ ਗੱਲਾਂ.....ਛੇਕੜ 2014

ਪਰਤਿਆਈਆਂ ਬੀਆਂ ਗੱਲਾਂ.....ਛੇਕੜ 2014
1. ਛੜਾ ਬੰਦਾ ਵਿਆਹ 'ਚ ਘੱਪ ਦਿਨੇ ਜੋੜੀ ਨੂੰ ਸਲਾਮੀ ਦੇਕੇ ਸਟੇਜੋਂ ਉੱਤਰ ਆਉਦਾਂ ਤੇ ਵਿਆਹਿਆ ਬੰਦਾ ਪਾਸੇ ਖੜ੍ਹਾ ਆਵਦੀ ਜ਼ਨਾਨੀ ਭਾਲਦਾ ਰਹਿੰਦਾ। ਵੇਖਲਿਓ ਬਸ਼ੱਕ।
2. ਪੰਜਾਬੀ ਫਿਲਮਾਂ ਦਾ ਪੱਕਾ ਅਸੂਲ ਆ, ਹੱਥ 'ਚ ਬੰਦੂਕ ਹੁੰਦੀ ਆ ਪੱਟੂ ਦੂਰ ਖੜ੍ਹਕੇ ਗੋਲੀ ਨੀਂ ਚਲਾਉਂਦੇ ਕੋਲ ਆਕੇ ਬੰਦੂਕ ਦਾ ਪੁੱਠਾ ਪਾਸਾ ਈ ਮਾਰਨਗੇ।
3. ਕਿਸੇ ਨੂੰ ਈ ਪੁੱਛਲਿਓ ਭਮਾਂ, ਪੱਕੀ ਆਦਤ ਆ ਜਰ। ਆਪਣਾ ਮੁਲਖ ਜ਼ਮੀਨ ਦੋ ਕਿੱਲੇ ਵੱਧ ਦੱਸੂ ਤੇ ਉਮਰ ਪੰਜ ਸਾਲ ਘਟਾਕੇ ਦੱਸੂ।
4. ਮੋਸਟਲੀ ਸਾਡਾ ਮੁਲਖ ਦਿੱਲੀ ਦੋ ਆਰੀ ਜ਼ਰੂਰ ਜਾਂਦਾ। ਪਹਿਲੀ ਆਰੀ ਕਾਰ ਸੇਵਾ ਆਲੇ ਬਾਬੇਆਂ ਨਾਲ ਤੇ ਦੂਜੀ ਆਰੀ ਜ਼ਹਾਜ਼ ਚੜ੍ਹਨ ਖਾਤਰ।
5. ਮੂੰਫਲੀ ਖਾਂਦਿਆਂ ਨੂੰ ਜਦੋਂ ਰਾਹ ਜਾਂਦੇ ਕੋਈ ਟੱਕਰਦਾ ਤਾਂ ਏਹੀ ਕਹਿਕੇ ਮੂੰਫਲੀ ਮੰਗਦਾ, "ਕਿਮੇਂ ਪਰਧਾਨ ਕੱਲਾ ਕੱਲਾ ਈ"
6. ਸੋਚ ਸੋਚ ਦਾ ਫਰਕ ਹੁੰਦਾ। ਬਾਣੀਆ ਕਿਰਾਏ ਤੇ ਗੱਡੀ ਕਰਾਕੇ ਨੈਣਾ ਦੇਵੀ ਜਾਕੇ ਮੱਥਾ ਟੇਕਣ ਲੱਗਾ ਸੁੱਖ ਸੁਖਦਾ,"ਹੇ ਮਾਤਾ ਰਾਣੀਏ ਕਿਰਪਾ ਕਰੀਂ, ਅਗਲੀ ਆਰੀ ਆਵਦੀ ਗੱਡੀ ਤੇ ਆਈਏ"। ਤੇ ਸ਼ੈਕਲਾਂ ਤੇ ਨੈਣਾ ਦੇਵੀ ਜਾਣ ਆਲੇ ਸੁੱਖ ਸੁੱਖਣਗੇ ਬੀ, " ਹੇ ਮਾਤਾ ਰਾਣੀਏ ਫਲਾਣੀ ਸੁੱਖਣਾ ਪੂਰੀ ਕਰਦੇ 'ਗਾਹਾਂ ਨੂੰ ਰੁੜ ਕੇ ਆਊਂ"
7. . ਚਾਰ ਦਿਨ ਜਿੰਮ ਲਾਕੇ ਆਪਣੇ ਮੁਲਖ ਦਾ ਸਰੀਰ ਬਣੇ ਭਮਾਂ ਨਾ ਬਣੇ, ਪਰ ਕੋਚ ਜ਼ਰੂਰ ਬਣ ਜਾਣਗੇ।.....ਘੁੱਦਾ

ਗੋਬਿੰਦ ਸਿੰਘ ਇੱਕੋ ਸਰਦਾਰ ਸਾਡਾ

ਪੰਜਾਬ ਚੜ੍ਹਦਾ ਜਿੱਤੇ ਚਾਹੇ ਜਿੱਤੇ ਲਹਿੰਦਾ
ਦੋਹੀਂ ਪਾਸੀਂ ਬਰੋਬਰ ਪਿਆਰ ਸਾਡਾ
ਹਰਮੰਦਰ ਸੈਹਬ ਵਿੱਚ ਸਾਡੀ ਰੂਹ ਰਹਿੰਦੀ
ਨਨਕਾਣਾ ਸਾਹਬ ਬਾਡਰੋਂ ਪਾਰ ਸਾਡਾ
ਕੀ ਚੱਟਣਾ ਦਿੱਲੀ ਦਿਆਂ ਤਖਤਾਂ ਨੂੰ
ਤਖ਼ਤ ਅਕਾਲ ਦਾ ਇੱਕੋ ਦਰਬਾਰ ਸਾਡਾ
ਮੋਏ ਸਿੰਘਾਂ ਦੇ ਰਹੇ ਨੇ ਸਿਰ ਵਿਕਦੇ
ਮੰਦੀ ਵਿੱਚ ਵੀ ਮਹਿੰਗਾ ਬਜ਼ਾਰ ਸਾਡਾ
ਜਹਾਂਗੀਰ ਤੋਂ ਲੈਕੇ ਇੰਦਰਾ ਤਾਈਂ
ਰਿਹਾ ਨਿੱਕਲਦਾ ਸਦਾ ਗੁਬਾਰ ਸਾਡਾ
ਕੱਚੀ ਗੜ੍ਹੀ ਦੀ ਪੱਕੀ ਨਿਓਂ ਧਰਗੇ
ਜਿੱਥੇ ਲੜਿਆ ਅਜੀਤ ਜੁਝਾਰ ਸਾਡਾ
ਕੱਦ ਨਿੱਕੇ ਕੰਧਾਂ ਉੱਚੀਆਂ ਸੀ
ਉਸਤੋਂ ਵੀ ਉੱਚਾ ਮਿਆਰ ਸਾਡਾ
ਜਣੇ ਖਣੇ ਮੂਹਰੇ ਨਈਂ ਸਿਰ ਝੁਕਦਾ
ਗੋਬਿੰਦ ਸਿੰਘ ਇੱਕੋ ਸਰਦਾਰ ਸਾਡਾ....ਘੁੱਦਾ

Monday 8 December 2014

ਪਰਤਿਆਈਆਂ ਬੀਆਂ ਗੱਲਾਂ....

ਪਰਤਿਆਈਆਂ ਬੀਆਂ ਗੱਲਾਂ.....
1. ਪਿੰਡ ਦੇ ਬੱਸ ਅੱਡੇ ਤੇ ਜਾਕੇ ਜਦੋਂ ਮਰਜ਼ੀ ਖੜ੍ਹੇ ਬੰਦੇ ਨੂੰ ਪੁੱਛ ਲਿਓ ,"ਪਰਧਾਨ ਬੱਸ ਕਦੋਂ ਕ ਆਊ?" ਅੱਗੋਂ ਅਗਲਾ ਟੰਮਪਰੇਲੀ ਜਾ ਟੈਮ ਦੇਖਕੇ ਆਹੀ ਜਵਾਬ ਦੇਂਦਾ ,"ਬਸ ਪਰਧਾਨ ਆਉਣ ਆਲੀ ਆ"। ਨਾਏ ਪੌਣਾ ਘੈਂਟਾ ਪਿਆ ਹੁੰਦਾ ਬੱਸ ਆਉਣ 'ਚ।
 2. ਬੰਦੇ ਨੂੰ 'ਤੂੰ' ਕਹਿਕੇ ਬੁਲਾਉਣਾ ਕਿ 'ਤੁਸੀਂ' ਕਹਿਕੇ, ਏਹ ਅਗਲੇ ਦੀ ਆਰਥਿਕਤਾ ਤੇ ਨਿਰਭਰ ਕਰਦਾ। ਸੱਠ ਸਾਲ ਦੇ ਸੀਰੀ ਨੂੰ ਅਗਲਾ 'ਤੂੰ' ਆਖਕੇ ਬੁਲਾਉ ਤੇ ਤੀਹ ਸਾਲ ਦੇ ਅਫਸਰ ਨੂੰ ਅਗਲਾ ਦੋੋ ਆਰੀ 'ਤੁਸੀਂ ਕਹਿਣ ਤੱਕ ਜਾਂਦਾ। 
3. ਸੱਥ 'ਚ ਬੈਠੇ ਨੰਗ ਬੰਦੇ ਦੀ ਜੇਬ 'ਚ ਭਮਾਂ ਦਵਾਨੀ ਨਾ ਹੋਵੇ ਤਾਂਵੀ ਕਿਸੇ ਦੀ ਗੱਲ ਸੁਣਕੇ ਆਹ ਗੱਲ ਜ਼ਰੂਰ ਆਖੂ ,"ਆਹ ਸ਼ੇਰਾ ਤੂੰ ਲੱਖ ਰੁਪਏ ਦੀ ਗੱਲ ਕਰੀ ਆ"। 
4. ਕਦੇ ਦੇਖ ਲਿਓ ਮੋਸਟਲੀ ਫੌਜੀ ਵਹੀਕਲਾਂ ਦੀ ਲੈਟਾਂ ਸਿਖਰ ਦੁਪੈਹਰੇ ਵੀ ਜਾਗਦੀਆਂ ਹੋਣਗੀਆਂ। ਖੌਣੀ ਕਨੂੰਨ ਆ, ਖੌਣੀ ਘੌਲ ਈ ਆ। 
5. ਛੁੱਟੀ ਆਏ ਫੌਜੀ ਨੂੰ ਘਰਾਂ 'ਚੋਂ ਲੱਗਦਾ ਚਾਚਾ ਤਾਇਆ ਆਹ ਸਵਾਲ ਲਾਜ਼ਮੀ ਕਰਦਾ, " ਫੌਜੀਆ ਸਮਾਨ ਸਮੂਨ ਈ ਦਵਾ ਲਿਆ ਜਰ ਕੰਟੀਂਨ 'ਚੋ, ਦੱਸਦੇ ਫਰਕ ਆ ਰੇਟਾਂਂ ਦਾ ਬਾਹਰ ਨਾੲੋਂ। 
6. ਪੰਜਾਬ ਦੇ ਤਕਰਬੀਨ ਸਾਢੇ ਕ ਬਾਰਾਂ ਹਜ਼ਾਰ ਪਿੰਡ ਨੇ। ਪਰ ਮੋਗੇ ਜਿਲ੍ਹੇ ਦੇ ਪਿੰਡ ਸਭ ਤੋਂ ਵੱਧ ਫੇਮਸ ਨੇ। ਜਿਮੇਂ ਢੁੱਡੀਕੇ, ਪੱਤੋ, ਚੜਿੱਕ,ਕੋਕਰੀ, ਰੋਡੇ ਤੇ ਹੋਰ। 
7 .ਐਟਲਸ ਦੇ ਸੈਕਲ, ਫੋਰਡ ਦੇ ਟਰੈਕਟਰ, ਸਜ਼ੂਕੀ ਦੀਆਂ ਗੱਡੀਆਂ, ਚੇਤਕ ਦੇ ਸਕੂਟਰ ਕਦੇ ਫੇਲ੍ਹ ਨੀਂ ਹੁੰਦੇ। ਫੁੱਲ ਮਾਰਕਿਟ ਰਹੀ ਆ ਏਹਨਾਂ ਦੀ। 
8. ਜਦੋਂ ਦੋੋ ਬੰਦੇ ਬੈਠੇ ਕਿਸੇ ਨੂੰ ਯਾਦ ਕਰੀ ਜਾਂਦੇ ਹੋਣ ਤੇ ਓਹੀ ਸਾਵਾਂ ਬੰਦਾ ਮੌਕੇ ਤੇ ਆਜੇ , ਉਹਨੂੰ ਆਹ ਗੱਲ ਲਾਜ਼ਮੀ ਆਖੀ ਜਾਂਦੀ ਆ ," ਤੂੰ ਕੰਜਦਿਆ ਲੱਤਾਂ ਘੜੀਸ ਘੜੀਸ ਮਰੇਂਗਾ, ਬਾਹਲੀ ਲੰਮੀ ਉਮਰ ਆ".....ਘੁੱਦਾ

ਖਬਰਾਂ

ਹੋਏ ਦਕੰਮਣ, ਚੇਲੇ ਕੰਬਣ
ਭੇਜੇ ਸੰਮਣ, ਲੁਕਗੇੇ ਬਾਬੇ


ਕਰਕੇ ਜੇਰੇ, ਪਾਕੇ ਘੇਰੇ
ਵੜਗੇ ਡੇਰੇ, ਮਾਰਕੇ ਦਾਬੇ


ਬਣੇ ਹਥਿਆਰ, ਬੰਦੇ ਬੰਬਾਰ
ਵਾਹਗਿਓਂ ਪਾਰ, ਧਮਾਕੇ ਕਰਗੇ


ਝੰਡੇ ਲਹਿਗੇ, ਕੀਰਨੇ ਪੈਗੇ
ਸੱਥਰੀਂ ਬਹਿਗੇ, ਬੇਦੋਸ਼ੇ ਮਰਗੇ


ਵੱਜਣ ਜੁੱਤੀਆਂ, ਜ਼ਮੀਰਾਂ ਸੁੱਤੀਆਂ
ਕੰਧਾਂ ਤੇ ਕੁੱਤੀਆਂ, ਲੋਕੀਂ ਚੜ੍ਹਾਉਂਦੇ


ਦੇਣ ਬਦਸੀਸਾਂ, ਹੱਡਾਂ ਨੂੰ ਚੀਸਾਂ
ਵਧੀਆਂ ਫੀਸਾਂ , ਧਰਨੇ ਲਾਉਂਦੇ


ਸਕੌਰਟੀ ਲਾਕੇ, ਫਰਿੱਜੀਂ ਪਾਕੇ,
ਸਮਾਧੀ ਲਵਾਕੇ , ਸਾਧ ਨੇ ਸਾਂਭੇ


ਧੌਣਾਂ ਲਾਹੁੰਦੇ, ਵੀਡਿਓ ਬਣਾਉਂਦੇ
ਨੈੱਟਾਂ ਤੇ ਪਾਉਂਦੇ, ਛੇੜਦੇ ਕਾਂਬੇ


ਇਸਰਾਇਲੀ ਹਮਲੇ, ਕਰਤੇ ਕਮਲੇ
ਡੇਗਤੇ ਥਮਲੇ, ਸ਼ਹਿ ਅਮਰੀਕੀ


ਕਸ਼ਮੀਰੀ ਵੋਟਾਂ , ਕਾਲਜੇ ਚੋਟਾਂ
ਭਾਰਤੀ ਖੋਟਾਂ , ਕਰਨ ਵਧੀਕੀ


ਹੋਣ ਪੜਤਾਲਾਂ, ਘਾਲਦੇ ਘਾਲਾਂ
ਕਰਨ ਹੜਤਾਲਾਂ, ਅੰਬਾਲੇ ਬਹਿਕੇ


ਜੇਲ੍ਹੀਂ ਤੜੀਆਂ, ਜਵਾਨੀਆਂ ਚੜ੍ਹੀਆਂ
ਉਮਰਾਂ ਬੜੀਆਂ, ਤਸੀਹੇ ਸਹਿਗੇ........ਘੁੱਦਾ

ਲੋਕ- ਤੱਥ

ਧੀ ਦੇ ਸਹੁਰੀਂ ਜਾਕੇ ਐਵੇਂ ਮੱਤਾਂ ਦਈਏ ਨਾ
ਗੱਲ ਗੱਲ ਉੱਤੇ ਬਹੁਤਾ ਜੀ ਜੀ ਕਹੀਏ ਨਾ
ਗਹਿਣਾ ਗੱਟਾ ਪਹਿਣ ਕੇ ਨਾ ਮੇਲੇ ਵੜੀਏ
ਨਾ ਭਾਈਆਂ ਬਿਨ੍ਹਾਂ ਸਰੇ ਭਾਵੇਂ ਨਿੱਤ ਲੜੀਏ
ਸਦਾ ਲੋੜ ਤੋਂ ਵਧੇਰੇ ਬੋਝੇ ਪੈਸੇ ਰੱਖੀਏ
ਦਾਰੂ ਦੇ ਪਿਆਕ ਦਾ ਨਾ ਜੂਠਾ ਚੱਖੀਏ

ਲਾਗੀ ਕੰੰਮੀ ਖੁਸ਼ੀ ਤੇ ਨਾ ਖਾਲੀ ਮੋੜੀਏ
ਗੁਰੂ ਦੀ ਹਜ਼ੂਰੀ 'ਚ ਨਾ ਗੱਪ ਰੋੜ੍ਹੀਏ
ਪੱਟੀਏ ਨਾ ਘਰ ਨੂੰ ਬਿਗਾਨੀ ਝਾਕ 'ਤੇ
ਵਿਗੜੂ ਨਿਆਣਾ ਰੱਖੀਏ ਨਾ ਢਾਕ ਤੇ
ਤੋਰ ਆਪਣੀ ਵਿਗਾੜੀਏ ਨਾ ਵੇਖ ਮੋਰਾਂ ਦੀ
ਭਰੀਏ ਨਾ ਜਾਮਨੀ ਜੀ ਵੈਲੀ, ਚੋਰਾਂ ਦੀ
ਘੜੀ ਬਿਨਾਂ ਖੇਤ ਪਾਣੀ ਲਾਉਣ ਜਾਈਏ ਨਾ
ਕਰ ਅਹਿਸਾਨ ਦੁੱਖ 'ਚ ਜਤਾਈਏ ਨਾ
ਪੋਹ ਦੇ ਮਹੀਨੇ ਨਾ ਕੁਵੇਲੇ ਤੁਰੀਏ
ਲੰਘ ਗੇ ਸਮੇਂ ਨੂੰ ਬਹੁਤਾ ਨਾ ਝੁਰੀਏ
ਸਾਧ ਡੇਰੇ ਘੱਲੀਏ ਨਾ ਧੀ ਕਵਾਰੀ ਨੂੰ
ਰਕਮ ਉਧਾਰੀ ਦਈਏ ਨਾ ਜੁਆਰੀ ਨੂੰ....ਘੁੱਦਾ

ਬਲਤੇਜ ਚਮਕੀਲਾ

ਅਸੀਂ ਸਾਰੇ ਫਰੀਦਕੋਟ 'ਕੱਠੇ ਪੜ੍ਹਦੇ ਹੁੰਦੇ ਸੀ। ਅੱਡੋ ਅੱਡੀ ਜਿਲ੍ਹਿਆਂ ਦੇ ਕਈ ਮਿੱਤਰ ਪਿਆਰੇ ਸੀਗੇ। ਕੋਈ ਪਰਨੇ ਨੂੰ ਸਾਫਾ ਆਖਦਾ ਕੋਈ ਮੂਕਾ ਤੇ ਕੋਈ ਸਮੋਸਾ ਕਹਿੰਦਾ। ਲੱਛਣਾਂ ਘਦਿੱਤਾਂ ਮੁਤਾਬਿਕ ਸਾਰਿਆਂ ਦੇ ਅੱਡੋ ਅੱਡ ਨਾਂ ਰੱਖੇ ਬਏ ਸੀ।
ਸਾਡੇ 'ਚ ਇੱਕ ਜਣੇ ਨੂੰ ਅਹੀਂ 'ਚਮਕੀਲਾ' ਕਹਿ ਕੇ ਬੁਲਾਉਂਦੇ। ਚਮਕੀਲੇ ਦੀ ਇੱਕ ਥਾਂ ਯਾਰੀ ਲੱਗੀ ਵਈ ਸੀ।
ਵੱਧ ਪੱਤੀ ਦੀਆਂ ਚਾਹਾਂ ਪੀਕੇ ਜਦੋਂ ਚਾਂਬਲ ਜਾਂਦੇ ਤਾਂ ਚਮਕੀਲੇ ਨੂੰ ਆਖਦੇ , ਬਈ ਬਣਦਾ ਭਾਬੀ ਦੀ ਫੋਟੋ ਤਾਂ ਦਖਾਦੇ ਜਰ"।
ਬਟੂਏ ਦੀ ਚੋਰ ਬੋਝੀ 'ਚੋਂ ਚਮਕੀਲਾ ਕੁੜੀ ਦੀ ਪਾਸਪੋਰਟ ਸੈਜ਼ ਫੋਟੋ ਕੱਢਕੇ ਦਿਖਾ ਛੱਡਦਾ, ਜੀ੍ਹਦੇ ਤੇ ਕਿਸੇ ਸਕੂਲ ਦੀ ਅੱਧੀ ਮੋਹਰ ਲੱਗੀ ਹੁੰਦੀ । ਮੰਨਿਆ ਤੂਤ ਦਾ ਮੋਸ਼ਾ ਤਕੜਾ ਹੁੰਦਾ, ਪਰ ਚਮਕੀਲੇ ਦੀ ਯਾਰੀ ਅਰਗਾ ਨਹੀਂ ਹੋਣਾ। ਮਾਘੀ ਨੇੜਲੀਆਂ ਠੰਡੀਆਂ ਰਾਤਾਂ 'ਚ ਚਮਕੀਲਾ ਕਈ ਆਰੀ ਕੁੜੀ ਨੂੰ ਮਿਲਣ ਜਾਂਦਾ ਰਿਹਾ ਪਰ ਕਦੀ ਲੀਕ ਨਈਂ ਟੱਪਿਆ। ਲੰਮਾ ਪੰਧ ਮਾਰਕੇ ਕਈ ਆਰੀ ਸਿਰਫ ਕੁੜੀ ਨੂੰ ਦੂਰੋਂ ਵੇਖਕੇ ਈ ਮੁੜ ਆਉਂਦਾ। ਗੱਲ ਘਰੇ ਤੁਰੀ, ਜਟਵੈਹੜਾਂ ਦਾ ਟੱਬਰ ਸੀ, ਜੀਅਾਂ ਨੇ ਕਈ ਆਰੀ ਨੰਨੇ ਪਾ ਛੱਡੇ। ਸਮਾਂ ਸਮਰੱਥ ਹੁੰਦਾ। ਸੱਤ- ਅੱਠ ਸਾਲਾਂ ਦੀ ਯਾਰੀ ਰੰਗ ਲਿਆਈ।
ਕੱਲ ਆਥਣੇ ਚਮਕੀਲੇ ਦਾ ਫੋਨ ਆਇਆ ਆਂਹਦਾ ,"ਪਰਧਾਨ ਖੁਸ਼ਖਬਰੀ ਆ"। ਮਖਾ ਫੁੱਟ ਮਾਮਾ। ਕਹਿੰਦਾ ਬਾਈ ਓਸੇ ਕੁੜੀ ਨਾ ਮੰਗਣੀ ਹੋਗੀ, ਸ਼ਗਨ ਲਾਗਿਆ, ਅਗਲੇ ਸਾਲ ਵਿਆਹ ਦਖਾਮਾਂਗੇ"। ਚਮਕੀਲੇ ਨਾੲੋਂ ਜਾਦਾ ਖੁਸ਼ੀ ਸਾਨੂੰ ਆ । ਯਾਰੀਆਂ ਜ਼ਿੰਦਾਬਾਦ ਰਹੀਆਂ।....ਘੁੱਦਾ

Tuesday 28 October 2014

ਹੈਦਰ

ਪਿਛਲੇ ਸਿਆਲਾਂ ਦੀ ਗੱਲ ਆ। ਸਾਡੇ ਪਿੰਡ ਕਿਸੇ ਦਾ ਪ੍ਰਾਹੁਣਾ ਆਇਆ ਬਾ ਸੀ ਤੇ ਉਹ 'ਚ ਜੰਮੂ ਕਸ਼ਮੀਰ ਬੰਨੀਂ CRPF 'ਚ ਡਿਔਟੀ ਤੇ ਸੀ। ਰਾਤੀਂ ਗੱਲੀਂ ਪੈਗੇ। ਫੌਜੀ ਨੇ ਦੱਸਿਆ ਕਹਿੰਦਾ ਬਾਈ ਜਦੋਂ ਫੌਜ ਕਿਸੇ ਅੱਤਬਾਦੀ ਨੂੰ ਮਾਰਦੀ ਆ ਤਾਂ ਅੱਧੇ ਹਥਿਆਰ ਲਕੋਕੇ ਅੱਧੇ ਮੀਡੀਏ 'ਚ ਪੇਸ਼ ਕਰ ਦਈ ਦੇ ਆ। ਤੇ ਜਦੋਂ ਖਾਧੀ ਪੀਤੀ 'ਚ ਆਮ ਬੰਦਾ ਮਰਜੇ ਫੇਰ ਬਾਕੀ ਹਥਿਆਰ ਲਾਸ਼ ਕੋਲ ਰੱਖਕੇ ਉਹਨੂੰ ਵੀ ਅੱਤਵਾਦੀ ਗਰਦਾਨ ਦਈਦਾ।
ਜੰਮੂ ਕਸ਼ਮੀਰ ਤੇ ਪੰਜਾਬ। ਹਾਲਾਤ ਦੋਹਾਂ ਦੇ ਇੱਕੇ ਜਿੱਕੇ ਰਹੇ ਨੇ। ਓਥੇ ਵੀ ਮੁਕਾਬਲੇ ਬਣੇ ਤੇ ਏਧਰ ਵੀ। ਰੰਡੀਆਂ ਜਨਾਨੀਆਂ ਤੇ ਯਤੀਮ ਜਵਾਕ ਦੋਹਾਂ ਰਾਜਾਂ 'ਚ ਨੇ।
ਅਨੁਰਾਗ ਸਿੰਘ ਹੋਣਾਂ "ਪੰਜਾਬ 1984 " ਬਣਾਈ ਸੀ। ਵਾਹਵਾ ਚੱਲੀ । ਤੇ ਹੁਣ ਭਾਰਦਵਾਜ ਹੋਣਾਂ ਕਸ਼ਮੀਰ ਦੇ ਇੰਨ ਬਿੰਨ ਹਾਲਾਤਾਂ ਨੂੰ ਪੇਸ਼ ਕਰਦੀ "ਹੈਦਰ" ਬਣਾਈ ਆ। ਕਾਬਲੇ ਗੌਰ ਆ ਹਿੰਦੀ ਮੀਡੀਏ ਨੇ ਹੈਦਰ ਨੂੰ ਬਾਹਲਾ ਪਰਮੋਟ ਨਹੀਂ ਕਰਿਆ।
Indian express ਤੇ Hindustan times ਦੀਆਂ ਸਾਈਟਾਂ ਤੇ ਵੇਖਿਓ ਬਹੁਗਿਣਤੀ ਲੋਕਾਂ ਨੇ ਫਿਲਮ ਨਿਰਮਾਤੇਆਂ ਨੂੰ ਗਾਹਲਾਂ ਕੱਢੀਆਂ । ਅਗਲਾ ਦੋ ਸਾਲ ਮਿਹਨਤ ਕਰਕੇ ਕਰੋੜਾਂ ਖਰਚਕੇ ਫਿਲਮ ਬਣਾਉਂਦਾ ਤੇ ਏਧਰ ਮੇਰੇ ਤੇਰੇ ਅਰਗਾ ਬੰਦਾ ਪੰਜਾਹਾਂ ਦਾ ਸੜਾ ਜਾ ਨੈੱਟ ਪੈਕ ਪਵਾਕੇ ਸਟੇਟਸ ਪਾਕੇ ਫਿਲਮ ਦੀ ਧੇਲਾ ਕਰ ਦੇਂਦਾ। ਡਾਇਰੈਕਸ਼ਨ, ਡਾਇਲੌਗ, ਗਾਣਾ ਗੱਪਾ, ਐਕਟਿੰਗ, ਸਟੋਰੀ ਕਿਸੇ ਪੱਖੋਂ ਕਮੀਂ ਨਹੀਂ ਫਿਲਮ 'ਚ। ਮੁਕੰਮਲ ਫਿਲਮ ਆ। ਜੇ ਫੌਹ ਪਿਆ ਤਾਂ "ਹੈਦਰ" ਲਾਜ਼ਮੀ ਵੇਖਿਓ। ਬਾਕੀ ਜੇ ਕੱਲੇ ਪੱਟ ਪੁੱਟ ਦੇਖਣੇ ਆ ਫੇਰ ਜੇਹੜੀ ਮਰਜ਼ੀ ਦੇਖਣ ਬਗਜਿਓ...ਘੁੱਦਾ

ਯਾਰਾਂ ਦਾ ਚੇਤਕ

1989 'ਚ ਤਾਏ ਅਰਗਿਆਂ ਨੇ ਫਰੀਦਕੋਟੋਂ ਜੈਂਸੀ 'ਚੋਂ ਨਮਾਂ ਚੇਤਕ ਕਢਾਇਆ ਸੀਗਾ । ਮਾੜੇ ਚੰਗੇ ਸਮਿਆਂ 'ਚ ਤਾਏ ਹੋਣਾਂ ਸਾਰਾ ਪੰਜਾਬ ਏਸੇ ਤੇ ਗਾਹਿਆ। ਹੁਣ ਏਹ ਸਕੂਟਰ ਮੇਰੇ ਕੋ ਹੁੰਦਾ। ਪਿੱਛੇ ਜੇ ਚੋਂਦੇ ਚੋਂਦੇ ਤਿੰਨ ਚਾਰ ਗੀਤ ਆਗੇ ਸਕੂਟਰਾਂ ਤੇ । ਸਾਡੇ ਨਾਲਦੇ ਪਿੰਡ ਆਲੇ ਕਹਿੰਦੇ ਤੇਰੇ ਸਕੂਟਰ ਨੂੰ ਰੰਗ ਕਰਾਉਣੇ ਆ। ਵਿੱਚੇ ਸਾਡੇ ਆਲਾ ਨਿੱਕਾ ਗਰਨੈਬ ਕਹਿੰਦਾ ਪਰਧਾਨ ਲੋਟ ਕਰਾ ਬਾਹਰ ਅੰਦਰ ਜਾਇਆ ਕਰਾਂਗੇ ਏਹਤੇ।
ਅਸੀਂ ਪਿੰਡ ਦੇ ਮਿਸਤਰੀ ਨਾ ਗੱਲ ਕਰਲੀ। ਮਿਸਤਰੀ ਕਹਿੰਦਾ ਪਰਧਾਨ ਇੰਜਣ ਦਾ ਪੱਚੀ ਕ ਸੌ ਲੱਗੂ ਬਾਕੀ ਐਬਰੇਜ ਵਧਾਉਣ ਖਾਤਰ ਕਾਰਬੋਰੇਟਰ ਪਾਮਾਂਗੇ, ਦੋ ਕ ਹਜ਼ਾਰ ਉਹਦਾ ਰੱਖ। ਚਾਰ ਕੁ ਹਜ਼ਾਰ 'ਚ ਗੱਲ ਨਿੱਬੜਗੀ। ਪੰਜ- ਸੱਤ ਦਿਨਾਂ ਬਾਅਦ ਸਕੂਟਰ ਲੋਟ ਕਰਕੇ ਮਿਸਤਰੀ ਨੇ ਸਾਢੇ ਛਿਆਲੀ ਸੌ ਦਾ ਬਿੱਲ ਬਣਾਤਾ ਪੱਟੂ ਨੇ। ਕਰ ਕਰਾ ਕੇ ਕਿਆਲੀ ਸੌ 'ਚ ਝੌਕਾਂ ਚੱਕਤਾ। ਸਕੂਟਰ ਲੋਟ ਨਾ ਹੋਇਆ ਭੈਦਣਾ। ਜਦੋਂ ਮੈਂ ਕੱਲਾ ਤੋਰਿਆ ਕਰਾਂ ਤਾਂ ਤੁਰਪੇ ਜੇ ਇੱਕ ਮਗਰਲੀ ਸ਼ੀਟ ਤੇ ਬੈਠੇ ਫੇਰ ਬੰਦ ਹੋਜੇ। ਮਿਸਤਰੀ ਅਣਜਾਣ ਸੀ । ਮਿਸਤਰੀ ਸਕੂਟਰ ਲੈਕੇ ਨਾਲਦੇ ਪਿੰਡ ਦੇ ਮਿਸਤਰੀ ਕੋਲ ਬਾਗਿਆ। ਉਹ ਮਿਸਤਰੀ ਸਕੂਟਰ ਲੋਟ ਕਰਕੇ ਟਰਾਈ ਲੈਣ ਲਾਗਿਆ। ਮੋੜਨ ਲੱਗੇ ਨੇ ਸਕੂਟਰ ਸਵਿੱਫਟ 'ਚ ਠੋਕਿਆ। ਮਿਸਤਰੀ ਦੀ ਢੂਈ ਹਿੱਲਗੀ, ਪੰਦਰਾਂ ਹਜ਼ਾਰ ਲਾਗਿਆ ਨਾਏ ਮਿਸਤਰੀ ਨੇ ਦਸ ਹਜ਼ਾਰ ਕਾਰ ਆਲੇ ਨੂੰ ਦਿੱਤਾ। ਸਕੂਟਰ ਮੇਰਾ ਮੁਖਤ 'ਚ ਭੰਨਤਾ ਪਤਿਓਹਰਿਆਂ ਨੇ। ਹੁਣ ਜਾਰਾਂ ਦਾ ਸਕੂਟਰ ਮਿਸਤਰੀ ਘਰੇ ਕੰਧ ਬੰਨੀਂ ਮੂੰਹ ਕਰੀ ਖੜ੍ਹਾ ਰੁੱਸੀ ਬਹੂ ਅੰਨੂ। ਫਿਲਹਾਲ ਤਬਲਿਆਂ ਦਾ ਮੁੱਲ ਤੌੜਿਆਂ ਤੇ ਲਾਗਿਆ.....ਘੁੱਦਾ

ਕਲਾਕਾਰੀ ਤੇ ਮਜ਼ਬੂਰੀ

ਥੋੜ੍ਹੇ ਕ ਦਿਨ ਪਹਿਲਾਂ ਕਿਸੇ ਰਸਾਲੇ 'ਚ ਕਾਮੇਡੀਅਨ ਰਾਣੇ ਰਣਬੀਰ ਦਾ ਲੇਖ ਪੜ੍ਹਿਆ ਸੀਗਾ। ਰਾਣੇ ਨੇ ਕਿਸੇ ਦੱਖਣੀ ਫਿਲਮ ਦਾ ਹਾਂਪੱਖੀ ਰੀਵਿਊ ਲਿਖਕੇ ਦੱਸਿਆ ਬਾ ਸੀ ਕਿ ਪੰਜਾਬ ਕੋਲ ਵੀ ਨਾਨਕ ਸਿੰਘ ਹੋਣਾਂ ਦੀਆਂ ਐਹੇ ਜੀਆਂ ਕਹਾਣੀਆਂ ਹੈਗੀਆਂ ਨੇ ਜੇਹਨਾਂ ਤੇ ਸਿਰਾ ਫਿਲਮਾਂ ਬਣ ਸਕਦੀਆਂ। ਫੋਨ ਲਾਲਿਆ, ਮਖਾ ਵੱਡੇ ਬਾਈ ਪੰਜਾਬੀ ਆਲੇ ਚੱਜਦੀਆਂ ਫਿਲਮਾਂ ਬਣਾਉਂਦੇ ਕਾਹਤੋਂ ਨੀਂ? ਰਾਣੇ ਹੋਣੀਂ ਕਹਿੰਦੇ ਕੋਈ ਪਰੋਡਿਊਸਰ ਐਹੇ ਜੀ ਚੰਗੀ ਫਿਲਮ ਬਣਾਉਣ ਦਾ ਰਿਸਕ ਨਹੀਂ ਲੈਂਦਾ ਬੀ ਕਿਤੇ ਊਂ ਨਾ ਜੁੱਲੀਆਂ ਵਿਕ ਜਾਣ। ਗੱਲ ਵੀ ਠੀਕ ਆ।
ਪੈਸੇ ਕਮਾਉਣ ਖਾਤਰ ਕਾਕੜੇ ਹੋਣਾਂ ਨੂੰ ਵੀ ਲਿਖਣਾ ਪੈਂਦਾ 'ਤੇਰਾ ਜਾਂਦਾ ਤਿਲਕਦਾ ਪੈਰ ਕੁੜੇ ਮੁੜੇ ਚੱਕਣ ਨੂੰ ਤਿਆਰ ਖੜ੍ਹੇ ਆ'। ਤੇ ਦੂਜੇ ਪਾਸੇ ਰਾਜ ਕਾਕੜੇ ਹੋਣੀਂ ਰਿਸਕ ਲੈਕੇ 'ਕੌਮ ਦੇ ਹੀਰੇ' ਅਰਗੀਆਂ ਫਿਲਮਾਂ ਬਣਾਉਂਦੇ ਆ ਬਚਾਰੇ।
ਜੈਜੀ ਬੈਂਸਲ ਅਰਗੇ ਦੁਮਾਲੇ ਬੰਨ੍ਹਕੇ ਗਾਣੇ ਗਾਉਂਦੇ ਰਹੇ ਆ,"ਸੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ"। ਤੇ ਜਦੋਂ ਧਰਮਕੀ ਗੀਤਾਂ ਨਾਲ ਰੋਟੀ ਟੁੱਕ ਨਹੀਂ ਪੂਰਾ ਪੈਂਦਾ ਫੇਰ ਜੂਜੇ ਵੀ ਗਾਉਣੇ ਪੈਂਦੇ ਆ 'ਮਿਤਰਾਂ ਦੇ ਬੂਟੇ' ਅਰਗੇ। ਕੱਲੇ ਸਿਆਣਫਪੁਣੇ ਨਾਲ ਢਿੱਡ ਨੀਂ ਭਰਦਾ ਜਰ।
ਮਾਵਾਂ ਭੈਣਾਂ ਦੇ ਗੀਤ ਗਾਉਣ ਆਲੇ ਪਾਲੀ ਦੇਤਆਲੀਏ ਅਰਗੇ ਮੂਤ ਦੀ ਝੱਗ ਅੰਗੂ ਬਹਿਗੇ, ਰੜਕੇ ਆ ਕਦੇ? ਭੱਠੇਆਂ ਤੇ ਇਟਾਂ ਢੋਣ ਆਲੇ ਆਸ਼ਿਆਂ ਤੋਂ ਲੈਕੇ ਕੁੱਲ ਵੋਲਵੋ ਬੱਸਾਂ ਤੀਕ ਆਹੀ ਗਾਣਾ ਵੱਜਦਾ ਹੁਣ। ਮੋਟੀ ਜੀ ਗੱਲ ਆ ਜਰ ਹੈਸੇ ਗਾਣੇ ਦੇ ਯੂ ਟਿਊਬ ਤੇ ਕਈ ਲੱਖ ਰੀਵਿਊ ਨੇ, ਥੋਡੇ ਭਾਅ ਦੀ ਜਿੰਬਾਵੇ ਆਲਿਆਂ ਨੇ ਸੁਣਿਆ ਹੋਊ, ਆਹੀ ਪੰਜਾਬੀ ਮੁਲਖ ਈ ਸੁਣਦਾ ਏਹੋ ਜੇ ਗਾਣਿਆਂ ਨੂੰ।
ਜਿੰਨਾ ਚਿੱਕਰ ਸਾਡੇ ਮੁਲਖ ਦਾ ਗੀਤਾਂ ਦਾ ਟੇਸਟ ਚੇਂਜ ਨਹੀਂ ਹੁੰਦਾ, ਓਨਾ ਚਿਰ ਆਹੀ ਚੱਕ ਧਰ ਆਲੇ ਗਾਣੇ ਕੱਢਣਗੇ ਅਗਲੇ।
ਬਾਕੀ ਸਿਰੇ ਗੈਕਾਂ ਕਲਾਕਾਰਾਂ ਨੂੰ ਗਾਲ੍ਹਾਂ ਕੱਢਣ ਦਾ ਕੀ ਦਮ ਆ ਏਹਨਾਂ ਦੀ ਤਾਂ ਓਹੀ ਗੱਲ ਆ, "ਮਾਰ ਵੇ ਜੱਟਾ ਮਾਰ ਮੇਰੀ ਸੁੱਥਣ ਦਾ ਘੱਟਾ ਝਾੜ".....ਘੁੱਦਾ

ਦੀਵਾਲੀ

ਨਿੱਕੇ ਹੁੰਦਿਆਂ ਮੈਂ ਤੇ ਬਾਪੂ ਹੁਣੀਂ ਹਰਿੱਕ ਸਾਲ ਦੀਵਾਲੀ ਤੋਂ ਦੋ ਤਿੰਨ ਦਿਨ ਪਹਿਲਾਂ ਸ਼ੈਹਰ ਜਾਦੇਂ ਤੇ ਕੇਲੇ , ਸਿਓ ਤੇ ਹੋਰ ਅਲਮੇ ਸ਼ਲਮੇਂ ਦੇ ਦੋ ਤਿੰਨ ਡੱਬੇ ਲਿਆਕੇ ਫਰਿੱਜ 'ਚ ਰੱਖ ਦੇਂਦੇ।ਨਾਲੇ ਚਾਅ ਨਾਲ ਕੁੱਕੜ ਭੜਾਕਿਆਂ ਤੋਂ ਲੈਕੇ ਸੁੱਬੀ ਬੰਬ ਤੀਕ ਕੁੱਲ ਭੜਾਕਿਆਂ ਦਾ ਲਫਾਫਾ ਭਰ ਲਿਆਉਂਦੇ। ਤੜਕੇ ਉੱਠਕੇ ਬੇਬੇ ਹੋਣੀਂ ਬੱਠਲ 'ਚ ਦੀਵੇ ਭਿਓਂ ਦਿੰਦੀਆ। ਆਥਣੇ ਜੇ ਨਾਏ ਤਾਂ ਦੀਵੇਆਂ ਜੋਗੀਆਂ ਬੱਤੀਆਂ ਵੱਟੀ ਜਾਂਦੀਆਂ ਨਾਏ ਸਾਨੂੰ ਆਖਦੀਆਂ,"ਵੇ ਜਵਾਕੋ ਬੰਦੇ ਬਣਜੋ, ਪਿਛਲੀ ਦੀਵਾਲੀ ਜਗਰਾਵਾਂ ਆਲੇ ਪ੍ਰੀਤੇ ਦੇ ਮੁੰਡੇ ਦੀ ਅੱਖ ਨਿੱਕਲਗੀ ਸੀ ਭੜਾਕਾ ਵੱਜਕੇ, ਪੱਥਰ ਦਾ ਡੇਲਾ ਪਿਐ ਵਚਾਰੇ ਦੇ"। ਝਿੜਕ 'ਚ ਹਦਾਇਤ ਰਲੀ ਹੁੰਦੀ।
ਆਥਣੇ ਪਿੰਡ ਦੀਆਂ ਬੁੜ੍ਹੀਆਂ ਥਾਲ 'ਚ ਦੋ ਦੀਵੇ ਤੇ ਨਾਲ ਦੋ ਬੁੱਕ ਦਾਣੇ ਪਾਕੇ, ੳੁੱਤੋਂ ਕਰੋਸ਼ੀਏ ਦੇ ਬੁਣੇ ਰੁਮਾਲ ਨਾਲ ਕੱਜਕੇ ਬਾਬੇ ਘੁੱਦੇ ਦੀ ਸਮਾਧ ਤੇ ਦੀਵੇ ਜਗਾਉਣ ਆਉਂਦੀਆਂ। ਅਸੀਂ ਪਾਥੀਆਂ ਮੂਧੀਆਂ ਮਾਰਕੇ ਉਤੇ ਦੀਵੇ ਜਗਾਕੇ ਛੱਪੜ 'ਚ ਤਾਰਦੇ ਰਹਿੰਦੇ। ਹਵਾ ਨਾਲ ਪਾਥੀਆਂ ਛੱਪੜ 'ਚ ਤਰਦੀਆਂ ਫਿਰਦੀਆਂ।
ਦੀਵੇ ਲਾਉਣ ਦਾ ਵੀ ਤਰੀਕਾ ਹੁੰਦਾ। ਇੱਕ ਦੀਵਾ ਖੇਤ ਮਟੀ ਤੇ , ਇੱਕ ਰੂੜ੍ਹੀ ਤੇ, ਦੋੋ ਦੀਵੇ ਬੂਹੇ ਦੇ ਦੋਹੇਂ ਕੌਲਿਆਂ ਤੇ ਬਣੇ ਆਲਿਆਂ 'ਚ ਜਗਾਏ ਜਾਂਦੇ। ਬਾਕੀ ਪਸੂਆਂ ਆਲੇ ਛੱਤੜਿਆਂ ਤੋਂ ਲੈਕੇ ਵਸੋਂ ਆਲੇ ਕੋਠਿਆਂ ਦੇ ਬਨੇਰਿਆਂ ਤੀਕ ਦੀਵੇ ਰੱਖੇ ਹੁੰਦੇ। ਗਿੱਦੜਪੀੜ੍ਹੀ ਤੇ ਵੜੇਮੇਂ ਪਾਕੇ ਮਸਾਲ ਬਾਲਕੇ ਕੌਲੇ ਤੇ ਧਰਦੇ। ਬਾਂਸ ਪੌੜੀ ਲਾਕੇ ਚੁਬਾਰੇ ਚੜ੍ਹਕੇ ਵੇਖਦੇ ਤਾਂ ਸਿਕਲੀਗਰ ਜਨਾਨੀ ਦੀ ਚੁੰਨੀ ਅੰਗੂ ਸਾਰਾ ਪਿੰਡ ਜਗਮਗ ਜਗਮਗ ਕਰਦਾ ਦੀਂਹਦਾ। ਏਸ ਗੱਲ ਦੀ ਕੋਈ ਜ਼ਿਰਿਆ ਨਈਂ ਕਰਦਾ ਸੀ ਬੀ ਦੀਵਾਲੀ ਕਾਹਤੋਂ ਮਨਾਈ ਜਾਂਦੀ ਆ। ਪਿੰਡਾਂ 'ਚ ਭਾਈਵਾਲੀ ਹਜੇ ਵੀ ਕਾਇਮ ਆ, ਜੇ ਕਿਸੇ ਦਾ ਸਕਾ ਸੋਧਰਾ ਮਰਿਆ ਹੋਵੇ ਤਾਂ ਸ਼ਰੀਕੇ ਦਾ ਕੋਈ ਘਰ ਦੀਵਾ ਨਈਂ ਲਾਉਂਦਾ।
ਸਮਾਂ ਬਦਲ ਗਿਆ, ਹਰਿੱਕ ਚੇਹਰੇ ਤੇ ਪਲੱਤਣਾਂ ਫਿਰਗੀਆਂ, ਬੁੱਲ੍ਹਾਂ ਤੇ ਸਿੱਕਰੀਆਂ ਜੰਮਗੀਆਂ, ਨੰਘਦਾ ਟੱਪਦਾ ਬੰਦਾ ਸੈਕਲ ਰੋਕਕੇ ਦੂਜੇ ਨੂੰ ਪੁੱਛਦਾ ,"ਹੋਰ ਪਰਧਾਨ ਕੀ ਕਹਿੰਦੀ ਆ ਦੀਵਾਲੀ?"। ਅੱਗੋਂ ਜਵਾਬ ਆਉਂਦਾ ,"ਕੁਸ ਨੀਂ ਜਰ ਖੁਸ਼ਕ ਜੀ ਆ ਦੀਵਾਲੀ ਸੌਹਰੀ"।
ਚਾਈਨਾ ਮੇਡ ਲੜੀਆਂ ਨੇ ਕੰਧਾਂ ਘਰਾਂ ਤੇ ਤਾਂ ਚਾਨਣ ਕਰਤਾ ਪਰ ਕਾਲਜਿਆਂ 'ਚ ਨੇਹਰਾ ਬੈਠਾ। ਸਰਬੰਸਦਾਨੀ ਠੰਢ ਵਰਤਾਈਂ। ਹੈਪੀ ਦੀਵਾਲੀਆਂ ਸਾਰਿਆਂ ਨੂੰ.....ਘੁੱਦਾ

ਕਵੀਸ਼ਰੀ

ਸਾਡੇ ਵੱਡੇ ਵਡੇਰੇ ਬਾਪੂ ਸਿਰਦਾਰ ਤਾਰਾ ਸਿੰਘ ਜੀ ਮੁਗਲਾਂ ਨਾਲ ਖੈਸਰਲੀਆਂ ਲੜਾਈਆਂ ਲੜਦੇ "ਵਾਂ" ਪਿੰਡ ਵਿਖੇ 1725 ਨੂੰ ਸ਼ਹੀਦ ਹੋਗੇ ਸੀ।
"ਵਾਂ" ਪਿੰਡ ਖੇਮਕਰਨ ਤੇ ਝਬਾਲ ਲਿਵੇ ਬਾਡਰ ਏਰੀਏ 'ਚ ਪੈਂਦਾ। ਉਹਨਾਂ ਦੀ ਯਾਦ ਨੂੰ ਚੇਤਿਆਂ 'ਚ ਤਾਜ਼ਾ ਰੱਖਣ ਖਾਤਰ ਹਰਿੱਕ ਸਾਲ ਮਾਘੀ ਨੂੰ ਵਾਂ ਪਿੰਡ 'ਚ ਤਕੜਾ ਮੇਲਾ ਭਰਦਾ, ਤੇ ਲੱਗਦੀ ਵਾਹ ਅਸੀਂ ਲਾਜ਼ਮੀ ਜਾਈਦਾ।
ਦੋ ਤਿੰਨ ਦਿਨ ਕਵੀਸ਼ਰੀਆਂ ਸੁਣੀਂਦੀਆਂ। ਕਸ਼ਮੀਰੀ ਰਾਸ਼ਿਆਂ ਤੋਂ ਖ੍ਰੀਦੀਆਂ ਓਸਵਾਲ ਦੀਆਂ ਲੋਈਆਂ ਦੀਆਂ ਬੁੱਕਲਾਂ ਮਾਰਕੇ ਮਝੈਲ ਪੂਸੇ ਝੋਨੇ ਦੀ ਪਰਾਲੀ ਤੇ ਲੱਤਾਂ ਪਸਾਰ ਕੇ ਬੈਠੇ ਹੁੰਦੇ ਨੇ। ਸਾਹਮਣੇ ਸਟੇਜ ਤੇ ਖਲੋਤੇ ਚਹੁੰ ਕਵੀਸ਼ਰਾਂ 'ਚੋਂ ਇੱਕ ਜਣਾ ਲਾਂਘ ਪੁੱਟਕੇ ਮੂਹਰੇ ਆਕੇ ਮੈਕ 'ਚ ਆਵਦੀ ਗੱਲ ਨੂੰ ਜਾਰੀ ਰੱਖਦਿਆਂ ਬੋਲਦਾ," ਕਲਗੀਧਰ ਸੱਚੇ ਪਾਸ਼ਾ ਪੁੱਤ ਅਜੀਤ ਸਿੰਘ ਨੂੰ ਕਿਸਰਾਂ ਜੰਗ ਦੇ ਮੈਦਾਨ ਨੂੰ ਤੋਰਦੇ ਨੇ, ਓਸ ਸਮੇਂ ਦਾ ਵਾਕਿਆ ਮੇਜਰ ਸਿੰਘ ਦਾ ਜਥਾ , ਇਓਂ ਬੇਨਤੀ ਕਰਦਾ".........
ਤੇ ਫੇਰ ਇੱਕ ਕਵੀਸ਼ਰ ਆਕੇ ਕਵੀਸ਼ਰੀ 'ਰੰਭ ਕਰਦਾ , ਤੇ ਫੇਰ ਦੂਜੇ ਦੋਹੇਂ ਕਵੀਸ਼ਰ 'ਵਾਜ਼ ਰਲਾਕੇ ਛੰਦ ਚੁੱਕਦੇ ਨੇ।
ਬੋਲਾਂ 'ਚ ਐਨੀ ਕ ਕਰੜਾਈ ਹੁੰਦੀ ਆ , ਚੋਬਰਾ ਦੀਆਂ ਅੱਖਾਂ 'ਚ ਗੁਸੈਲਾ ਜਾ ਪਾਣੀ ਤਰਨ ਲੱਗਦਾ। ਧੁੜਧੜੀ ਜੀ ਉੱਠਕੇ ਸਾਰੇ ਪਿੰਡੇ ਦਾ ਲੂੰ ਕੰਡਾ ਉੱਠ ਖਲੋਂਦਾ। ਡਲੇ ਨਾਲ ਕੜਾਹੇ ਮਾਂਜਦੇ ਸੇਵਾਦਾਰਾਂ ਦੇ ਹੱਥ ਰੁਕਕੇ, ਨਿਗਾਹ ਸਟੇਜ ਤੇ ਜਾ ਟਿਕਦੀ ਆ। ਘੜੁੱਕਿਆਂ, ਟਰੈਕਟਰਾਂ ਤੇ ਆਏ ਮਝੈਲ ਐਨੇ ਕ ਗਹੁ ਨਾਲ ਕਵੀਸ਼ਰੀ ਸੁਣਦੇ ਨੇ, ਜਿਮੇਂ ਸਾਰੇ ਦਾ ਸਾਰਾ ਸਰੀਰ ਈ ਕੰਨ ਬਣ ਗਿਆ ਹੋਵੇ।
ਗੱਲ ਕਹਿਣ ਦਾ ਮਲਬ ਕਵੀਸ਼ਰੀ 'ਚ ਐਨੀ ਕ ਜਾਨ ਸਮਰੱਥਾ ਹੁੰਦੀ ਆ, ਤੇ ਏਸ ਗੱਲ ਨੂੰ ਸਮਝ ਓਹੀ ਸਕਦਾ, ਜੇਹੜਾ ਕਵੀਸ਼ਰੀ ਤੋਂ ਬਾਗਫ ਆ।
ਹੁਣ ਸੋਡੇ ਫੇਵਰਟ ਢਿੱਡਲ ਜੇ ਗੈਕਾਰ ਗਿੱਲਾਂ ਦੇ ਨਛੱਤਰ ਨੇ ਗਾਣਾ ਕੱਢਿਆ, "ਕੁੜੀ ਲੈਕਚਰ ਲਾਕੇ ਨਿੱਕਲੀ"। ਤੇ ਤਰਜ਼ ਕਵੀਸ਼ਰਾਂ ਤੋਂ ਚੋਰੀ ਕਰੀ ਬਈ ਆ। ਕੁੜੀ ਦਿਓ ਖਸਮੋਂ ਗੰਦ ਪਾਉਣਾ ਤਾਂ ਹੋਰ ਤਰਜ਼ਾਂ ਤੇ ਪਾਲੋ। ਜੇਹੜੀ ਤਰਜ਼ 'ਚ ਸਿੰਘ ਸੂਰਮਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਘੱਟੋ ਘੱਟ ਏਸ ਤਰਜ਼ ਦਾ ਤਾਂ ਨਾਂ ਦਲੀਆ ਕਰੋ। ਨਾਏ ਨਛੱਤਰ ਗਿੱਲ ਅਰਗੇਆਂ ਨੂੰ ਨਿੱਕਾ ਜਾ ਸਿਨਿਆ ਲਾਇਓ, ਐਹੋ ਜੇ ਗਾਣੇ ਤਾਂ ਸਾਡੇਆਲਾ ਨਿੱਕਾ ਗਰਨੈਬ ਜੰਗਲ ਪਾਣੀ ਬੈਠਾ ਬੈਠਾ ਜੋੜ ਦਿੰਦਾ। ਜਿੰਨੇ ਮਰਜ਼ੀ ਲੈਜੇ ਗਾਣੇ, ਨਾਏ ਮੁਖਤ...ਘੁੱਦਾ

Sunday 12 October 2014

ਬਿਨਾਂ ਕਿਸੇ ਕੰਮ ਨਾ

ਆਸ਼ਕ ਤਾਂਘ ਬਿਨਾਂ
ਮੁਰਗਾ ਬਾਂਗ ਬਿਨਾਂ
ਚੌਂਕੀਦਾਰ ਡਾਂਗ ਬਿਨਾਂ,ਕਿਸੇ ਕੰਮ ਨਾ
ਸੌਦਾ ਦਲਾਲ ਬਿਨਾਂ
ਮਛੇਰਾ ਜਾਲ ਬਿਨਾਂ
ਐਂਬੂਲ਼ੈਂਸ ਕਾਹਲ ਬਿਨਾਂ, ਕਿਸੇ ਕੰਮ ਨਾ

ਘੋੜੀ ਖੁਰਾਂ ਬਿਨਾਂ
ਗਾਇਕੀ ਸੁਰਾਂ ਬਿਨਾਂ
ਪੰਜਾਬ ਗੁਰਾਂ ਬਿਨਾਂ, ਕਿਸੇ ਕੰਮ ਨਾ
ਪਾਂਧਾ ਟੇਵੇ ਬਿਨਾਂ
ਮੈਸ੍ਹ ਲੇਵੇ ਬਿਨਾਂ
ਕੁੱਕੜੀ ਸੇਵੇ ਬਿਨਾਂ, ਕਿਸੇ ਕੰਮ ਨਾ
ਡਰੈਵਰੀ ਗੌਰ ਬਿਨਾਂ
ਬਾਜੀ ਜੌਹਰ ਬਿਨਾਂ
ਫੁੱਫੜ ਟੌਹਰ ਬਿਨਾਂ, ਕਿਸੇ ਕੰਮ ਨਾ
ਸਫਲ ਫੇਲ੍ਹ ਬਿਨਾਂ
ਮਸ਼ੀਨਰੀ ਤੇਲ ਬਿਨਾਂ
ਵਿਆਹ ਮੇਲ ਬਿਨਾਂ, ਕਿਸੇ ਕੰਮ ਨਾ
ਘੁਮਾਰ ਚੱਕ ਬਿਨਾਂ
ਨਚਾਰ ਲੱਕ ਬਿਨਾਂ
ਕੌਮਾਂ ਹੱਕ ਬਿਨਾਂ, ਕਿਸੇ ਕੰਮ ਨਾ
ਸਵਾਰੀ ਰਕਾਬ ਬਿਨਾਂ,
ਕਨੈਟਰ ਹਸਾਬ ਬਿਨਾਂ
ਭਾਰਤ ਪੰਜਾਬ ਬਿਨਾਂ, ਕਿਸੇ ਕੰਮ ਨਾ
ਜਵਾਨੀ ਹਾਣੀ ਬਿਨਾਂ
ਸਿੱਖ ਬਾਣੀ ਬਿਨਾਂ
ਮਾਸ਼ਕੀ ਪਾਣੀ ਬਿਨਾਂ, ਕਿਸੇ ਕੰਮ ਨਾ
ਪੈਸਾ ਜ਼ੇਰੇ ਬਿਨਾਂ
ਚੋਰ ਹਨੇਰੇ ਬਿਨਾਂ
ਪਖੰਡੀ ਡੇਰੇ ਬਿਨਾਂ , ਕਿਸੇ ਕੰਮ ਨਾ.....ਘੁੱਦਾ

ਰੇਲਵੇ ਸਟੇਸ਼ਨ ਦਾ ਮਹੌਲ

ਜੰਗਸ਼ੈਨ ਬਠਿੰਡੇ ਦੇ ਰੇਲਾਂ ਆਣ ਚੁਫੇਰਿਓਂ ਵੜੀਆਂ
ਟੈਮ ਕਿਸੇ ਦੇ ਕੋਲ ਨਈਂ ਹਰ ਗੁੱਟ ਤੇ ਬੱਧੀਆਂ ਘੜੀਂਆਂ
ਲੋਕ ਉੱਤਰ ਟਰੇਨਾਂ 'ਚੋਂ ਘਰਾਂ ਵੱਲ ਨੂੰ ਲਹਿ ਪੇ
ਕਈ ਬਾਰੀਆਂ ਵਿੱਚ ਲਮਕੇ ਕਈ ਆਏ ਲੰਮੇ ਪੈਕੇ
ਕਈ ਖੜ੍ਹਕੇ ਟੇਸ਼ਨ ਤੇ ਖਾਂਦੇ ਫਿਰਨ ਭਟੂਰੇ
ਭਾਰ ਸਿਰ ਤੇ ਕੁਲੀਆਂ ਦੇ ਤਾਂਹੀ ਤੁਰਦੇ ਹੋ ਹੋ ਦੂਹਰੇ
ਚੜ੍ਹ ਰਹੇ ਪੌੜੀਆਂ ਤੇ ਹੋਗੇ ਸਾਹੋ ਸਾਹੀ ਲਾਲੇ
ਵਿੱਚ ਉਹਵੀ ਬੈਠੇ ਨੇ ਜੇਹੜੇ ਜੇਬ ਕੱਟਣ ਨੂੰ ਕਾਹਲੇ
ਕੋਟ ਕਾਲੇ ਟੀਟੀਆਂ ਦੇ ਚੈੱਕ ਕਰਦੇ ਫਿਰਦੇ ਟਿਗਟਾਂ
ਛੱਲੇ ਬਣਦੇ ਧੂੰਏਂ ਦੇ ਕਈ ਖਿੱਚੀ ਜਾਂਦੇ ਸਿਗਟਾਂ
ਮੋਟਰਸੈਕਲ ਫੌਜੀਆਂ ਦੇ ਹਨ ਬੋਰੀਆਂ ਵਿੱਚ ਵਲ੍ਹੇਟੇ
ਚਾਹ ਬਣੇ ਸਟਾਲਾਂ ਤੇ ਪਾ ਪਾ ਕੇ ਦੁੱਧ ਸਪਰੇਟੇ
ਫੜ੍ਹ ਅਖਬਾਰਾਂ ਸੱਜਰੀਆਂ ਵੇਚਣ ਲਈ ਹੋਕੇ ਦਿੰਦੇ
ਧੋਤੀ, ਪੈਂਟ, ਪਜਾਮੇ ਜੀ ਹਰ ਰਾਜ ਦੇ ਇੱਥੇ ਬਾਸ਼ਿੰਦੇ
ਵਿਆਹ ਰਚਿਆ ਡਾਹਢੇ ਨੇ ਸਭ ਜੱਗ ਦੇ ਵਿੱਚ ਪਰੀਹੇ
ਯਾਰ ਵਿਛੋੜਕੇ ਕਈਆਂ ਦੇ ਘੁੱਦਿਆ ਪੈਗੀਆਂ ਰੇਲਾਂ ਲੀਹੇ

ਲੋਕ ਤੱਥ

ਕਹਿਣਾ ਕਦੇ ਮੋੜੀਏ ਨਾ ਪੰਚੈਤ ਦਾ
ਮਾਪਿਆਂ ਨੂੰ ਮੌਕਾ ਦਈਏ ਨਾ ਸ਼ਕੈਤ ਦਾ
ਸਾਂਝੀ ਵੱਟ ਤੋਂ ਨਾ ਪੁੱਛੇ ਬਿਨਾਂ ਰੁੱਖ ਵੱਢੀਏ
ਸੱਥ 'ਚ ਖਲੋ ਕੇ ਨਾ ਜੀ ਗਾਲ੍ਹ ਕੱਢੀਏ
ਚੌਂਕੀਦਾਰ ਨਾਲ ਕਦੇ ਵੈਰ ਪਾਈਏ ਨਾ
ਚੱਕਵੇਂ ਜਏ ਬੰਦੇ ਦੀ ਬਰਾਤ ਜਾਈਏ ਨਾ

ਮਾਰੀਏ ਨਾ ਭਾਨੀ ਕਿਤੇ ਹੁੰਦੇ ਸਾਕ ਨੂੰ
ਐਬੀ ਕੋਲ ਜਾਣ ਦੇਈਏ ਨਾ ਜਵਾਕ ਨੂੰ
ਬੁਲਾਈਏ ਨਾ ਕਦੇ ਆਖ 'ਓਏ' ਰਾਹੀ ਨੂੰ
ਮਾਂਜ ਰੇਤੇ ਨਾਲ ਧੋਈਏ ਨਾ ਕੜਾਹੀ ਨੂੰ
ਮੌਤ 'ਤੇ ਸ਼ਰੀਕ ਘਰ ਜਾਣੋਂ ਰਹੀਏ ਨਾ
ਭੈਣ ਦੇ ਚੁੱਲ੍ਹੇ ਤੇ ਬਹੁਤਾ ਚਿਰ ਬਹੀਏ ਨਾ
ਘਰ ਦਾ ਨਾਂ ਭੇਤ ਜੱਗ ਜ਼ਾਹਰ ਕਰੀਏ
ਆਖੀਏ ਪਨੀਰ ਭਾਵੇਂ ਦਾਲ ਧਰੀਏ
ਆਵਦੇ ਤੋਂ ਵੱਡੇ ਨੂੰ ਨਾਂ ਧੀ ਤੋਰੀਏ
ਹੋਜੇ ਬੱਗੀ ਦਾਹੜੀ ਨਾ ਠਰਕ ਭੋਰੀਏ
ਸਫਰ ਦੇ ਵਿੱਚ ਕਦੇ ਬਹੁਤਾ ਖਾਈਏ ਨਾ
ਨਿੱਤ ਸਹੁਰੇ ਜਾਕੇ ਕਦਰ ਘਟਾਈਏ ਨਾ
ਔਲਾਦ ਦਾ ਨਾ ਮਿਹਣਾ ਦਈਏ ਕਦੇ ਬਾਂਝ ਨੂੰ
ਚੁਗਲੀ ਤੇ ਸ਼ੱਕ ਤੋੜ ਦਿੰਦੇ ਸਾਂਝ ਨੂੰ
ਸ਼ਾਬਾਸ਼ੇ ਨਾ ਬਹੁਤੀ ਕਦੇ ਦਈਏ ਪੁੱਤ ਨੂੰ
ਅਣਕੱਜਾ ਰੱਖੀਏ ਕਦੇ ਨਾ ਦੁੱਧ ਨੂੰ
ਸੋਗ ਵੇਲੇ ਕੱਢੀਏ ਨਾ ਬਹੁਤਾ ਟੌਹਰ ਨੂੰ
ਏਹਨਾਂ ਗੱਲਾਂ ਉੱਤੇ 'ਘੁੱਦੇ' ਕਰੀਂ ਗੌਰ ਤੂੰ

Thursday 25 September 2014

ਖੜ੍ਹਜਾ ਬਾਬਾ ਸੁਣਕੇ ਜਾਂਈਂ

ਮੀਂਹ ਪਛੇਤੇ ਵਰ੍ਹਦੇ ਪਾਂਡੋ ਖੁਰਗੀ ਛੱਤਾਂ ਤੋਂ
ਸ਼ੋਸ਼ਲ ਮੀਡੀਏ ਚੱਲਪੇ ਰੌਣਕ ਉੱਡਗੀ ਸੱਥਾਂ 'ਚੋਂ
ਚੁੱਲ੍ਹਾ ਚੌਂਕਾ, ਧਾਰਾਂ , ਭਾਂਡੇ ਸੌ ਕੰਮ ਨੇ ਸੱਸਾਂ ਨੂੰ
ਨੂੰਹ ਅੰਦਰ ਟੀਵੀ ਤੇ ਵੇਖੇ ਸਟਾਰ ਪਲੱਸਾਂ ਨੂੰ
ਮੀਂਹ ਨੇ ਬਾਹਰ ਿਭਓਤੀਆਂ ਮੰਜੀਆਂ ਸਨ ਨਵਾਰ ਦੀਆਂ
ਖੜ੍ਹਜਾ ਬਾਬਾ ਸੁਣਕੇ ਜਾਂਈਂ ਗੱਲਾਂ ਸੰਸਾਰ ਦੀਆਂ!


ਨਰਮੇ ਜਮਾਂ ਵਿਛਾਤੇ ਨਾਲੇ ਔਖਾ ਜ਼ੀਰੀ ਦਾ
ਰੇਹ ਸਪਰੇਅ ਪੱਲੇ ਪੈਜੂ ਨਾਏ ਖਰਚਾ ਸੀਰੀ ਦਾ
ਤਾਂਹੀ ਜੱਟ ਵੇਚ ਜ਼ਮੀਨਾਂ ਜੌਰਜੀਆਂ ਨੂੰ ਚੜ੍ਹਗੇ
ਅੰਬੈਸੀ ਜਦੋਂ ਵੀਜ਼ੇ ਤੋਂ ਮੁੱਕਰੀ ਸੰਘ 'ਚ ਆਕੇ ਅੜਗੇ
ਬੇਰੁਜ਼ਗਾਰ ਜਵਾਨੀ ਫਲਾਈਟਾਂ ਫੜ੍ਹਗੀ ਬਾਹਰ ਦੀਆਂ
ਖੜ੍ਹਜਾ ਬਾਬਾ ਸੁਣਕੇ ਜਾਂਈ..........

ਉਤਰਾਖੰਡ ਤੋਂ ਪਿੱਛੋਂ ਆਈ ਕਸ਼ਮੀਰ ਦੀ ਵਾਰੀ
ਅੱਤਵਾਦ ਤਾਂ ਮੁੱਕਣਾ ਕੀ ਸੀ ਮੱਤ ਹੜ੍ਹਾਂ ਨੇ ਮਾਰੀ
ਫਰਿੱਜ 'ਚ ਪਾਕੇ ਰੱਖਿਆ ਬਾਬਾ ਜ਼ੈੱਡ ਸਕੌਰਟੀ ਲਾਕੇ
ਕੇਸ ਰੱਦ ਕਰਾਗਿਆ ਸਾਧ ਦਬਾਅ ਸਿਆਸੀ ਪਾਕੇ
ਕਰਦਾ ਸੀਗਾ ਨਕਲਾਂ ਗੋਬਿੰਦ ਸਿੰਘ ਸਰਦਾਰ ਦੀਆਂ
ਖੜ੍ਹਜਾ ਬਾਬਾ ਸੁਣਕੇ..........

ਪੜ੍ਹਕੇ ਕਲਮਾਂ, ਫੇਰਕੇ ਕਾਚੂ ਧੌਣਾਂ ਲਾਹਤੀਆਂ
ਬਣਾਕੇ ਵੀਡਿਓ ਖਸਮਾਂ ਨੇ ਨੈੱਟ ਤੇ ਪਾਤੀਆਂ
ਸ਼ਰੀਫ ਸਾਬ ਵੀ ਵਿਗੜੇ ਔਖਾ ਪਾਕਿਸਤਾਨ ਦਾ
ਮੂੰਹ ਬੁਰਕੇ 'ਚੋਂ ਨਾ ਕੁੜੀ ਕੱਢੇ ਡਰ ਤਾਲਿਬਾਨ ਦਾ
ਤਾਂਹੀ ਮਲਾਲਾ ਬਣਗੀ ਖਬਰਾਂ ਅਖਬਾਰ ਦੀਆਂ
ਖੜ੍ਹਜਾ ਬਾਬਾ ਸੁਣਕੇ ਜਾਂਈਂ ਗੱਲਾਂ ਸੰਸਾਰ ਦੀਆਂ......ਘੁੱਦਾ

ਆਉਣ ਕਨੇਡਿਓਂ ਈ-ਮੇਲਾਂ

ਕੱਚੀ ਪਹਿਲੀ ਤੋਂ ਦਸਮੀਂ ਤਾਂਈ ਇੱਕੋ ਬੈਂਚ ਤੇ ਬਹਿੰਦੇ
ਪੈਂਸਿਲ ਨਟਰਾਜ ਦੀ ਤੋੜ ਵਿਚਾਲਿਓਂ ਦੋ ਟੋਟੇ ਕਰ ਲੈਂਦੇ
ਮਿੱਠੇ ਚਾਰ ਦੀ ਧਰਕੇ ਫਾੜੀ ਅੱਧੀ ਛੁੱਟੀ ਰੋਟੀ ਖਾਂਦੇ
ਸੂਏ ਦੀ ਢਾਲ ਤੋਂ ਰੇੜ੍ਹਕੇ ਸੈਕਲ ਕੱਠੇ ਘਰਾਂ ਨੂੰ ਜਾਂਦੇ
ਚੱਕ ਟੋਕੇ ਮੂਹਰੋਂ ਚੱਬਦੇ ਡੋਡੀਆਂ ਕੱਚੀ ਜਵਾਰ ਦੀਆਂ
ਆਉਣ ਕਨੇਡਿਓਂ ਈ- ਮੇਲਾਂ ਹੁਣ ਉਸ ਮੁਟਿਆਰ ਦੀਆਂ


ਪੇਪਰਾਂ ਆਲੇ ਫੁੱਟੇ ਤੇ ਮੈਂ ਇਕਓਂਕਾਰ ਸੀ ਲਿਖਿਆ
ਜਮਾਂ, ਘਟਾ, ਤਕਸੀਮ ਦਾ ਚੱਜ ਉਹਤੋਂ ਸੀ ਸਿਖਿਆ
ਨੌਹਰੇ ਵਿੱਚ ਆ ਲਿੰਬਦੀ ਸੀ ਗੀਹਰੇ ਪਾਥੀਆਂ ਦੇ
ਚੋਰ ਸ਼ਪਾਹੀ ਖੇਡਦਾ ਸੀ ਮੈਂ ਵੀ ਨਾਲ ਸਾਥੀਆਂ ਦੇ
ਚੜ੍ਹਾ ਕਾਪੀ ਤੇ ਰੱਖਦੀ ਜਿਲਤਾਂ ਫਿਲਮੀ ਅਖਬਾਰ ਦੀਆਂ
ਆਉਣ ਕਨੇਡਿਓਂ ਈ....................

ਬੱਠਲ ਵਿੱਚ ਪੰਡ ਧਰਕੇ ਜਾ ਲੀੜੇ ਧੋਦੀਂ ਖਾਲਾਂ ਤੇ
ਸੀ ਗੁੰਦਦੀ ਮੀਢੀਆਂ ਤੇਲ ਖੋਪੇ ਦਾ ਲਾਕੇ ਵਾਲਾਂ ਤੇ
ਕੰਮਾਂ ਨੂੰ ਸੀ ਛੋਹਲੀ ਆਥਣੇ ਕੱਢਦੀ ਧਾਰਾਂ ਨੂੰ
ਸੌ ਸੌ ਪੜਦੇ ਕਰਕੇ ਸੀ ਫੇਰ ਬੁਲਾਉਂਦੀ ਜਾਰਾਂ ਨੂੰ
ਨਿਆਣਪੁਣੇ ਵਿੱਚ ਲੰਘੇ ਨਾ ਕਦੇ ਲੀਕਾਂ ਪਿਆਰ ਦੀਆਂ
ਆਉਣ ਕਨੇਡਿਓਂ ..............

ਮੇਲਿਓਂ ਮੈਂ ਛਪਾਇਆ ਬਾਂਹ ਤੇ ਦਿਲ ਸੀ ਤੀਰ ਟਪਾਕੇ
ਉਹਦੇ ਨੌਂ ਦਾ ਪਹਿਲਾ ਅੱਖਰ ਲਿਖਿਆ ਵਿੱਚ ਜਚਾਕੇ
ਸਵੈਟਰ ਉਹਨੇ ਘੱਲਿਆ ਸੀ ਬੁਣਕੇ ਨਾਭੀ ਪੱਛਮ ਪਾਕੇ
ਨਿਡਰ ਜੱਟੀ ਨੇ ਘੁੱਦਾ ਲਿਖਿਆ ਚਾਦਰਾਂ ਉਤੇ ਸਜਾਕੇ
ਸਮਝ ਨਾ ਆਈਆਂ ਛੇਤੀ ਗੱਲਾਂ ਅਗਲੇ ਪਾਰ ਦੀਆਂ
ਆਉਣ ਕਨੇਡਿਓਂ ਈ-ਮੇਲਾਂ ਹੁਣ ਓਹ ਮੁਟਿਆਰ ਦੀਆਂ

ਫਾਡੀ ਪੰਜਾਬ

ਪਿਛਲੇ ਹਫਤੇ ਮੈਂ ਤੇ ਸਾਡੇਆਲਾ ਨਿੱਕਾ ਗਰਨੈਬ ਯੂਪੀ , ਉਤਰਾਂਚਲ ਬੰਨੀਂ ਗਏ ਸੀ।
ਖੇਤਾਂ ਦੀਆਂ ਪੱਕੀਆਂ ਵੱਟਾਂ ਤੇ ਲੱਗੇ ਸਫੈਦੇ, ਪਾਪੂਲਰਾਂ ਤੇ ਸਾਗਵਾਨ ਆਲੇ ਦਾਲੇ ਨੂੰ ਹਰਿਆਲੀ ਬਖਸ਼ਦੇ ਨੇ। ਜਵਾਕ ਅੰਬ ਚੂਪ ਕੇ ਹਿੜਕ ਸੁੱਟਦੇ ਓਥੇ ਈ ਬੂਟਾ ਉੱਗਰ ਆਉਂਦਾ।
ਸਰਦੇ ਘਰਾਂ ਦੇ ਅੰਬ, ਜਾਂਮਣਾਂ, ਲੀਚੀਆਂ, 'ਮਰੂਦਾਂ ਦੇ ਵਾਧੂ ਬੂਟੇ ਲੱਗੇ ਵਏ ਨੇ। ਸੰਘਣੇੇ ਪਿਲਕਣ ਦੇ ਰੁੱਖਾਂ ਤੇ ਬੈਠੇ ਕਾਂ, ਘੁੱਗੀਆਂ, ਚਿੜੀਆਂ ਸਾਰੇ ਜਨੌਰ ਆਮ ਦੇਖੇ ਜਾ ਸਕਦੇ ਨੇ। ਦੂਜੇ ਪਾਸੇ ਆਪਣੇ ਜਦੋਂ ਬੀਬੀ ਅਰਗੀਆਂ ਤੰਦੂਰੇ ਰੋਟੀਆਂ ਲਾਉਣ ਖਾਤਰ ਪਰਾਂਤ 'ਚ ਪੇੜੇ ਕਰਦੀਆਂ ਸੀ ਤਾਂ ਚਿੜੀਆਂ ਆ ਆ ਠੁੰਗਾਂ ਮਾਰੀ ਜਾਂਦੀਆਂ ਸੀ। ਹੁਣ ਪਿੰਡ ਪਿੰਡ ਟਾਵਰ ਕਾਹਦੇ ਲਾਗੇ, ਚਿੜੀਆਂ, ਕਾਂ, ਕਬੂਤਰ ਪੰਜਾਬ ਦੀ ਧਰਤੀ ਨੂੰ ਪੱਕੀ ਫਤਿਹ ਬੁਲਾਗੇ।
ਘਰਾਂ 'ਚ ਅਸੀਂ ਰੁੱਖ ਨਈਂ ਲਾਉਂਦੇ ਬੀ ਪੱਤੇ ਖਿਲਰਦੇ ਆ, ਖੇਤ ਅਗਲਾ ਤਾਂ ਕਰਕੇ ਰੁੱਖ ਨਈਂ ਲਾਉਦਾਂ ਬੀ ਚਾਰ ਪੰਜ ਮਰਲੇ ਫਸਲ ਮਰਦੀ ਆ। ਕਣਕ ਝੋਨੇ ਦੇ ਇੱਕ ਇੱਕ ਕਿੱਲੇ ਨੂੰ ਤਿੰਨ ਤਿੰਨ ਗੱਟੇ ਅਗਲਾ ਯੂਰੀਆ ਦੇ ਸਿੱਟਦਾ ਬਾਕੀ ਡੀ.ਏ. ਪੀ। ਆਲੂਆਂ ਨੂੰ ਛੇ ਸੱਤ ਗੱਟੇ ਪਾ ਦੇਂਦਾ। ਤੜਕੇ ਆਥਣੇ ਜ਼ਹਿਰ ਪਕਾ ਪਕਾ ਢਿੱਡ 'ਚ ਸਿੱਟੀ ਆਉਣੇ ਆ। ਗੋਡੇ ਗੋਡੇ ਨੀਰਾ ਹੁੰਦਾ, ਅਗਲਾ ਓਤੋਂ ਦੀ ਹੋਰ ਜੂਰੀਆ ਸਿੱਟ ਦੇਂਦਾ । ਰੇਹ ਸਰਪੇਹ ਆਲਾ ਨੀਰਾ ਖਾ ਖਾ ਛੇ ਛੇ ਮਹੀਨੇਆਂ ਦੀਆਂ ਗੱਭ ਮੱਝਾਂ ਖਾਲੀ ਲਿੱਕਲ ਜਾਂਦੀਆਂ। ਹਰਵਰਿਆਏ ਪਸੂ ਦੱਬਾ ਕੱਢਣ ਲਾਗੇ।
ਬਾਹਲੀ ਗੱਲ ਕੀ ਆ, ਜਵਾਕ ਜੰਮਣ ਮਗਰੋਂ ਕੁੜੀਆਂ ਮਾਨੀਆਂ ਨੂੰ ਦੁੱਧ ਉੱਤਰਨੋਂ ਹਟ ਗਿਆ। ਲਾ ਲਾ ਜਰਦੇ ਚੋਬਰਾਂ ਦੇ ਪਿੰਡੇ ਵੀ ਤੋਕੜ ਮੈਸ੍ਹ ਅਰਗੇ ਹੋਗੇ। ਬਿਨਾਂ ਵਰਜਸ਼ੋ ਮੰਡੀਰ ਬੀਨਾਂ ਅਰਗੇ ਢਿੱਡ ਕੱਢਕੇ ਤੁਰੀਂ ਫਿਰਦੀ ਆ ਜਿਮੇਂ ਨੌਮਾਂ ਲੱਗਾ ਹੁੰਦਾ। ਪੈਹੇ, ਤਕਨੀਕ, ਅਕਲਾਂ 'ਚ ਤਾਂ ਅਸੀਂ ਵੱਡੇ ਹੋਗੇ ਪਰ ਸੇਹਤ ਪੱਖੋਂ ਸਾਡੇ ਪੰਜਾਬੀ ਜਮਾਂ ਫਾਡੀ ਨੇ ਹੁਣ । ਅੱਗੇ ਨਾਨਕ ਜਾਣਦਾ.....ਘੁੱਦਾ

ਬੋਹੜ ਬਾਬੇ- ਸਾਡੇ ਵੰਡੇ ਦੇ ਨਾਵਲਕਾਰ

ਸ੍ਰੀ ਹਰਮੰਦਰ ਸੈਹਬ ਦੀ ਦੱਖਣੀ ਬਾਹੀ ਦੀ ਪਹਿਲੀ ਮੰਜ਼ਿਲ ਤੇ ਬਣੀ ਸਿੱਖ ਰੈਂਫਰੈਂਸ ਲਾਇਬਰੇਰੀ ਦੀਆਂ ਅਲਮਾਰੀਆਂ ਵਿੱਚ ਸਤ੍ਹਾਰਵੀਂ, ਠਾਰਵੀਂ , ਉਨਮੀਂ , ਵੀਹਵੀਂ ਤੇ ਏਹਤੋਂ ਵੀ ਪੁਰਾਣਾ ਇਤਿਹਾਸ ਲੁਕੋਈ ਹਜ਼ਾਰਾਂ ਕਿਤਾਬਾਂ ਘੂਕ ਸੁੱਤੀਆਂ ਪਈਆਂ ਨੇ।
ਕਈ ਤਾਂ ਹੱਥ ਲਾਇਆਂ ਭੁਰਦੀਆਂ ਨ। ਗੁਰੂ ਕਾਲ ਤੋਂ ਗੰਡਾ ਸਿੰਘ , ਕਿਰਪਾਲ ਸਿੰਘ ਤੇ ਹੋਰ ਇਤਿਹਾਸਕਾਰਾਂ ਨੇ ਸਿੱਖ ਇਤਿਹਾਸ ਤੇ ਪੰਜਾਬ ਨੂੰ ਜਿੱਲਤਾਂ 'ਚ ਕੈਦ ਕਰਕੇ ਸਾਡੀ ਤੀਕ ਪਹੁੰਚਦਾ ਕਰਿਆ। ਭਾਈ ਵੀਰ ਸਿੰਘ ਹੋਣਾਂ ਕਵਿਤਾ ਦੀ ਕਮਾਣ ਸੰਭਾਲੀ। ਫੇਰ ਵਾਰੀ ਆਈ ਜਸਵੰਤ ਸਿੰਘ ਕੰਵਲ ,ਨਾਨਕ ਸਿੰਘ ਤੇ ਗੁਰਦਿਆਲ ਸਿੰਘ ਹੋਣਾਂ ਦੀ ਜੇਹਨਾਂ ਲੋਕਾਂ ਦੀ ਭਾਸ਼ਾ ਵਰਤਕੇ ਲੋਕਾਂ ਦੀ ਗੱਲ ਲਿਖੀ ਜਿਮੇਂ ਫੇਰ ਪੰਜਾਬ ਨੂੰ ਤਰੁੱਪ ਇੱਕ ਕਰਤਾ ਹੋਵੇ। ਕਿਵੇਂ ਸਿਖਰ ਦੁਪੈਹਰੇ ਦਹੀਂ ਦੇ ਫੁੱਟ ਵਰਗੇ ਖਿੜੇ ਨਰਮੇ ਦੇ ਵਾਹਣਾਂ ਵਿੱਚ 'ਪੂਰਨਮਾਸ਼ੀ' ਦੇ ਪਾਤਰ ਰੂਪ ਤੇ ਚੰਨੋ ਦੁਨੀਆਂ ਤੋਂ ਚੋਰੀ ਮਿਲਦੇ ਨੇ, ਪਰ ਲੀਕ ਨਈਂ ਟੱਪਦੇ । ਕਿਵੇਂ 'ਮੜ੍ਹੀ ਦੇ ਦੀਵੇ' ਦੇ ਪਾਤਰ ਜਗਸੀਰ ਨੂੰ ਭਾਨੋ ਪੁੱਛਦੀ ਆ ," ਵੇ ਮੇਰੇ ਨੱਕ ਦੀ ਤਿੱਲੀ ਨੂੰ ਕੀ ਹੋਇਆ"। ਜਗਸੀਰ ਵੇਖਕੇ ਨੀਵੀਂ ਪਾ ਲੈਂਦਾ ਤੇ ਆਖਦਾ, "ਕਿੰਨਾ ਕ ਚਿਰ ਕੋਈ ਸੂਰਜ ਬੰਨੀਂ ਦੇਖ ਸਕਦਾ"। ਤੇ ਫੇਰ ਪਿਛਲੀ ਉਮਰੇ ਭਾਨੋ ਆਖਦੀ ਆ ,"ਜੇ ਹੈਗੀ ਕੋਈ ਕਣੀ ਤਾਂ ਲੈਜਾ ਕੱਢਕੇ" ਤੇ ਅੱਗੋਂ ਜਗਸੀਰ ਬੋਲਦਾ ,"ਜੇ ਆਹੀ ਗੰਦ ਪਾਉਣਾ ਹੁੰਦਾ ਤਾਂ ਜਵਾਨੀ ਵੇਲੇ ਈ ਪਾ ਲੈਂਦੇ"।
ਮੋਗੇ ਜਿਲ੍ਹੇ ਨੂੰ ਮਾਣ ਆ ਸਿਰਮੌਰ ਨਾਵਲਕਾਰ ਪੈਦਾ ਕਰਨ ਲਈ। ਬਲਦੇਵ ਸਿੰਘ ਹੋਣਾਂ ਨੇ ਭਗਤ ਸਿੰਘ, ਭਾਈ ਜੈਤਾ ਜੀ, ਦੁੱਲਾ ਭੱਟੀ ਤੇ ਹੋਰ ਗਭਰੂਆਂ ਤੇ ਰਿਸਚਰਚ ਕਰਕੇ ਬਸ ਅੰਤ ਈ ਕਰਾਤਾ।
ਹੁਣ ਵੀ ਮੁੰਡੇ ਕਵਤਾਵਾਂ, ਗਜ਼ਲਾਂ ਲਿਖਦੇ ਨੇ। ਖੌਣੀ ਸਹੁਰੇ ਕੇਹੜੇ ਟੋਏ 'ਚ ਬਹਿਕੇ ਡੂੰਘੀ ਫੀਲਿੰਗ ਨਾ ਲਿਖਦੇ ਨੇ ਤੇਰੇ ਮੇਰੇ ਅਰਗੇ ਦੀ ਸਮਝੋਂ ਬਾਹਰ ਹੁੰਦੀ ਆ ਗੱਲ। ਕਾਬਲੇ ਗੌਰ ਆ ਬਾਬੇ ਕੰਵਲ ਤੇ ਗੁਰਦਿਆਲ ਸਿੰਘ ਹੋਣੀਂ ਨਦੀ ਕਿਨਾਰੇ ਲਿਫੇ ਦਰੱਖਤ ਅਰਗੇ ਨੇ, ਮਾਅਰਾਜ ਨਾ ਕਰੇ ਖੌਣੀ ਕਦੇ ਅਖਬਾਰ ਦੇ ਤੀਜੇ ਸਫੇ ਦੇ ਭੋਗ ਦਾ ਇਸ਼ਤਿਹਾਰ ਛਪਜੇ। ਫਿਲਹਾਲ ਬਲਦੇਵ ਸਿੰਘ ਹੋਣਾਂ ਤੇ ਆਸਾਂ ਖੜ੍ਹੀਆਂ ਨੇ। ਅੱਗੇ ਹੋਰ ਪੰਜਾਬ 'ਚ ਕੋਈ ਨਮਾਂ ਕੌਣ ਉੱਠਦਾ, ਆਸਾਂ ਉਮੀਦਾਂ ਕੈਮ ਨੇ....ਨਾਨਕ ਭਲੀਆਂ ਕਰੇ......ਘੁੱਦਾ

ਕੌਮ ਕਾਹਦੀ ਭੁੱਲੇ ਜੇਹੜੀ ਇਤਿਹਾਸ ਨੂੰ

ਕਾਸਦਾ ਲਲਾਰੀ ਜੀਹਦਾ ਰੰਗ ਲਹਿ ਗਿਆ
ਕਾਹਦਾ ਉਹ ਨਚਾਰ ਜੇਹੜਾ ਸੰਗ ਬਹਿ ਗਿਆ
ਗੱਲ ਰਾਹ ਨਾ ਪਾਵੇ ਉਹ ਵਕੀਲ ਕਾਸਦਾ
ਆਸ਼ਕ ਉਹ ਕਾਹਦਾ ਜੋ ਸ਼ੌਕੀਨ ਮਾਸਦਾ
ਹੁਸਨ ਈ ਕਾਹਦਾ ਜੇ ਹੰਕਾਰ ਹੋ ਗਿਆ
ਭੇਤ ਕਾਹਦਾ ਜੇਹੜਾ ਜੱਗ ਜ਼ਾਹਰ ਹੋ ਗਿਆ
ਕਾਸਦਾ ਵਿਚੋਲਾ ਜੇ ਗੱਲ ਪੂਰੀ ਖੋਲ੍ਹਜੇ
ਸੌਕਣ ਉਹ ਕਾਹਦੀ ਜੇਹੜੀ ਘੱਟ ਬੋਲਜੇ
ਪੁੱਤ ਕਾਹਦਾ ਮਾਪਿਆਂ ਦੀ ਮੰਨੇ ਇੱਕ ਨਾ
ਵਿਛੋੜਾ ਕਾਹਦਾ ਮਿਲਣ ਦੀ ਹੋਵੇ ਸਿੱਕ ਨਾ
ਪਾਠੀ ਕਾਹਦਾ ਉੱਠਣ ਦੀ ਘੌਲ ਕਰਜੇ
ਕਾਸਦੀ ਜਵਾਨੀ ਜੀਹਦਾ ਖੂਨ ਠਰਜੇ
ਮੌਤ ਕਾਹਦੀ ਜੀਹਦਾ ਕੋਈ ਮਨਾਵੇ ਸੋਗ ਨਾ
ਵੈਦ ਕਾਹਦਾ ਜੇਹੜਾ ਕੱਟ ਸਕੇ ਰੋਗ ਨਾ
ਸੀ ਸ਼ਹਿ ਸਰਕਾਰੀ ਹੇਠ ਵਾਪਰੀ ਤ੍ਰਾਸਦੀ
ਕਰੇ ਇਕਤਰਫੇ ਨਿਆਂ ਸਰਕਾਰ ਕਾਸਦੀ
ਘੁੱਦੇ ਚੋਬਰ ਹਜ਼ਾਰਾਂ ਫਾਹੇ ਚੜ੍ਹੇ ਕਾਸ ਨੂੰ
ਕੌਮ ਕਾਹਦੀ ਭੁੱਲੇ ਜੇਹੜੀ ਇਤਿਹਾਸ ਨੂੰ

Saturday 30 August 2014

ਸਿੱਖ ਗੱਭਰੂ

ਸੌ ਵਲ ਭੰਂਨਕੇ ਰਾਜਸਥਾਨ ਦੇ ਬੁੱਢਾ ਜੌੜ ਵਿਖੇ ਖਬਰ ਪੁੱਜੀ ਕਿ ਮੱਸਾ ਰੰਘੜ ਹਰਮੰਦਰ ਸਾਬ੍ਹ 'ਚ ਕੰਜਰੀਆਂ ਨਚਾਉਦਾਂ ਨਾਏ ਪੈੱਗ ਸ਼ੈੱਗ ਚੱਲਦਾ। ਚੋਬਰਾਂ ਦਾ ਲੂੰ ਕੰਡਾ ਖੜ੍ਹਾ ਹੋਇਆ ਤੇ ਜਾ ਮੱਸੇ ਪਰਧਾਨ ਦਾ ਸਿਰ ਨੇਜ਼ੇ ਟੰਗਿਆ। ਦੁਨੀਆਂ ਆਖੇ ਅਹੁ ਜਾਂਦੇ ਨੇ ਸ਼ੇਰਾਂ ਦੇ ਬੱਚੇ।
ਜ਼ਕਰੀਆ ਖਾਨ ਆਂਹਦਾ ਸਿੱਖ ਮੁੱਕਗੇ। ਫੇਰ ਬਾਬਾ ਬੋਤਾ ਤੇ ਗਰਜਾ ਸਿੰਘ ਹੋਣਾਂ ਹਕੂਮਤ ਨੂੰ ਸਿਨਿਆਂ ਘੱਲਿਆ, ਸਿੱਖ ਮੁੱਕੇ ਨਈਂ , ਥੋਡੇ ਫੁੱਫੜ ਬੈਠੇ ਆ ਹਜੇ। ਗੱਭਰੂ ਪਿੱਠਾਂ ਜੋੜ ਕੇ ਲੜੇ ਤੇ ਸ਼ਹੀਦ ਹੋਗੇ। ਅਫਗਾਨਿਸਤਾਨ ਦੀ ਹੱਦ ਲਿਵੇ ਸਾਰਾਗੜ੍ਹੀ ਨਾਂ ਦੇ ਥਾਂ ਤੇ ਇੱਕੀ ਸਿੱਖ ਗੱਭਰੂਆਂ ਨੇ ਦੁਸ਼ਮਣਾਂ ਦੀ ਜੀਭ ਤਾਲੂਏ ਨਾਲ ਜਾ ਲਾਈ। 1897 ਵਿੱਚ ਬ੍ਰਿਟਿਸ਼ ਪਾਰਲੀਮੈਂਟ ਨੇ ਏਹਨਾਂ ਸਿੱਖਾਂ ਨੂੰ ਸ਼ਰਧਾਂਜਲੀ ਦਿੱਤੀ। ਫਰਾਂਸੀਸੀ ਸਕੂਲਾਂ 'ਚ ਬਕਾਇਦਾ ਸਾਰਾਗੜ੍ਹੀ ਵਾਕੇ ਬਾਰੇ ਦਰਜ਼ ਕਰਿਆ ਵਾ।
ਫੇਰ ਦੱਸਦੇ ਆ ਦੋਹੇਂ ਵੱਡੇ ਸੰਸਾਰ ਯੁੱਧਾਂ 'ਚ ਨੱਬੇ ਹਜ਼ਾਰ ਸਿੱਖ ਫੌਜੀ ਸ਼ਹੀਦ ਹੋਏ ।
ਓਤਲੀਆਂ ਗੱਲਾਂ ਦਾ ਮਤਲਬ ਏਹ ਆ ਕਿ ਘੱਟ ਗਿਣਤੀ ਸਿੱਖ ਕੌਮ ਆਵਦੀ ਬਹਾਦਰੀ ਕਰਕੇ ਮੁੱਢੋਂ ਈ ਦੁਨੀਆਂ ਨੂੰ ਆਵਦੇ ਵੱਲ ਖਿੱਚਦੀ ਰਹੀ। ਕੋਈ ਚੰਗਾ ਬੰਦਾ ਲੱਖ ਚੰਗੇ ਕੰਮ ਕਰੇ, ਲੋਕ ਸ਼ਾਬਾਸ਼ੇ ਨਈਂ ਦੇਂਦੇ। ਪਰ ਜੇ ਚੰਗੀ ਇਮੇਜ ਆਲਾ ਬੰਦਾ ਇੱਕ ਵੀ ਮਾੜੀ ਕਰਤੂਤ ਕਰਜੇ ਤਾਂ ਸਾਰਾ ਮੁਲਖ ਉਹਦੇ ਤੇ ਥੂ ਥੂ ਕਰਦਾ।
ਕਿਰਕਿਟ ਮੈਚਾਂ ਅੰਗੂ ਪਰਸੋਂ ਸਾਰਿਆਂ ਦੇ ਟੀਵੀ ਤੇ ਕਮਲੇ ਸਿੱਖਾਂ ਦੀ ਕੁਰੂਕਸ਼ੇਤਰ ਆਲੀ ਕਰਤੂਤ ਈ ਲਗਾਤਾਰ ਚੱਲਦੀ ਰਹੀ । ਦੋਹੇਂ ਪਾਸੀਂ ਪੱਗਾਂ ਆਲੇ ਸੀਗੇ , ਦੇ ਡਾਂਗ ਤੇ ਡਾਂਗ। ਦਿਰ ਫਿਟੇਮੂੰਹ ਸਾਡੇ। ਘੱਲੂਘਾਰਿਆਂ ਵੇਲੇ ਸਿੱਖ ਮਰੇ ਪਰ ਅਣਖ ਨਾ ਮਰੀ। ਹੁਣ ਏਹਤੋਂ ਮਾੜਾ ਸਮਾਂ ਕੇਹੜਾ ਹੋ ਸਕਦਾ , ਮਹਾਨ ਕੌਮ ਦੇ ਬੰਦੇ ਸੌਹਰੇ ਪੈਸੇ ਖਾਤਰ ਡਾਂਗੋ ਸੋਟੀ ਹੋ ਰਹੇ ਨੇ। ਬਾਬੇ ਕੰਵਲ ਨੇ ਸਹੀ ਗੱਲ ਲਿਖੀ ਸੀ, ਹੁਣ ਸ਼ੇਰਾਂ ਦੀ ਕੌਮ ਨੂੰ ਗਧੇ ਹੱਕੀ ਫਿਰਦੇ ਨੇ। ਅੱਗੇ ਕੀ ਬਣਦਾ , ਨਾਨਕ ਭਲੀਆਂ ਕਰੇ......ਘੁੱਦਾ

ਝੁੰਬੇ ਆਲਾ ਚਰਨਾ

ਸਾਡੇ ਪਿੰਡ ਤੋਂ ਪਹਾੜ ਬੰਨੀਂ ਦੋ ਕੁ ਕਿਲੋਮੀਟਰ ਦੀ ਵਿੱਥੇ ਤੇ ਝੁੰਬਾ ਪਿੰਡ ਪੈਂਦਾ। ਨਿੱਕੇ ਹੁੰਦਿਆਂ ਝੁੰਬੇ ਪਿੰਡ ਦਾ ਸਿੱਧ ਪਧਰਾ ਬੰਦਾ 'ਚਰਨਾ' ਸਾਡੇ ਪਿੰਡ ਮੰਗਣ ਆਉਂਦਾ ਰਿਹਾ। ਜਵਾਕ ਡਰਾਉਣ ਖਾਤਰ ਬੀਬੀਆਂ ਧਮਕੀਆਂ ਦਿਆ ਕਰਨ ,"ਵੇ ਛੋਹਰੋ ਟਿਕਜੋ , ਚਰਨਾ ਕਮਲਾ ਆਗਿਆ ਝੁੰਬੇ ਆਲਾ'।
ਜਵਾਕ ਸ਼ੈਂ ਵੱਟ ਜਾਂਦੇ । ਸੱਥ 'ਚ ਜਿੱਥੇ ਚਾਰ ਬੈਠੇ ਹੁੰਦੇ ਚਰਨਾ ਕੋਲ ਜਾਕੇ ਆਖਦਾ ,"ਬਾਈ ਪੜ੍ਹਈਆ ਦੇਦੇ"। ਅਗਲਾ ਗੀਝੇ 'ਚੋਂ ਕੱਢਕੇ ਰੁਪਈਆ ਚਰਨੇ ਦੀ ਥੇਹਲੀ ਤੇ ਧਰ ਦੇਂਦਾ ਤੇ ਚਰਨਾ ਯਮਲਾ ਤੋਂ ਮਾਣਕ ਵਾਇਆ ਹੁੰਦਾ ਹੋਇਆ ਗੁਰਦਾਸ ਮਾਨ ਦੇ ਗੀਤਾਂ ਤੇ ਆ ਰੁਕਦਾ। ਚਰਨਾ ਹਰੇਕ ਗੀਤ 'ਚ ਆਵਦਾ ਨੌਂ , ਤੇ ਆਵਦੇ ਕਿਸੇ ਗੁਰੂ ਦਾ ਨੌਂ ਜ਼ਰੂਰ ਪਾਉਂਦਾ।
ਤਿੰਨ ਚਹੁੰ ਸਾਲਾਂ ਪਿੱਛੋਂ ਰਾਤ ਚਰਨਾ ਫੇਰ ਟੱਕਰ ਗਿਆ। ਅਸੀਂ ਚਰਨੇ ਨੂੰ ਰੋਕ ਕੇ ਆਖਿਆ ,"ਚਰਨੇ ਗੀਤ ਸੁਣਾ ਜਰ"।
ਚਰਨੇ ਨੇ ਓਹੀ ਵਰ੍ਹਿਆਂ ਪੁਰਾਣਾ ਗੀਤ ਛੇੜਿਆ ," ਕਾਲੇਪਾਣੀਓਂ ਕਿਸਨੇ ਨੇ ਖਤ ਮੌੜ ਨੂੰ ਪਾਇਆ , ਝੁੰਬੇ ਆਲਾ ਚਰਨਾ ਭੈਣੇ ਮਾਂ ਦਾ ਜਾਇਆ"
ਹਰੇਕ ਗੀਤ ਤੋਂ ਬਾਅਦ ਚਰਨਾ ਏਹੋ ਕਹਿੰਦਾ, "ਬਾਈ ਪੜ੍ਹਈਆ ਦੇਦੇ"। ਚਰਨਾ ਕਿਸੇ ਲਾਲਚ ਕਰਕੇ ਪੈਸੇ ਨਈਂ ਮੰਗਦਾ, ਬਸ ਰੱਟਾ ਈ ਲੱਗਾ ਬਾ। ਸਾਡੇ 'ਚੋਂ ਇੱਕ ਮੁੰਡਾ ਆਂਹਦਾ, "ਚਰਨੇ ਚਮਕੀਲਾ ਸੁਣਾਦੇ"। ਚਰਨੇ ਨੇ ਨਾਂ 'ਚ ਸਿਰ ਫੇਰਿਆ।
ਅਸੀਂ ਆਖਿਆ, "ਚਲ ਚਰਨਿਆ ਤੇਰੇ ਘਰੇ ਛੱਡ ਆਈਏ ਤੈਨੂੰ"। ਚਰਨਾ ਤ੍ਰਬਕ ਕੇ ਬੋਲਿਆ , "ਨਾ ਬਾਈ ਕੱਲ੍ਹ ਭਾਬੀ ਨੇ ਕੁੱਟਿਆ ਸੀ, ਅੱਜ ਫੇਰ ਕੁੱਟੂ"। ਸੱਜੇ ਹੱਥ ਚੱਪਲਾਂ ਫੜ੍ਹੀ ਤੇ ਖੱਬੀ ਕੱਛ 'ਚ ਕੱਪੜੇ ਦੇ ਗੋਲ ਥਾਨ 'ਚੋਂ ਨਿਕਲੀ ਸੋਟੀ ਘੁੱਟਕੇ ਚਰਨਾ ਕਾਹਲੇ ਪੈਰੀਂ ਹਨੇਰੇ 'ਚ ਸ਼ਿਤਮ ਹੋ ਗਿਆ।
ਦੁਨੀਆਂ ਦੀ ਸਟੇਜ ਤੇ ਚਰਨੇ ਵਰਗੇ ਹਜ਼ਾਰਾਂ ਪਾਤਰ ਨਾਟਕ ਖੇਡ ਰਹੇ ਨੇ। ਚਰਨੇ ਅਰਗੇਆਂ ਲਈ ਤਾਂ ਲੰਮੀ ਉਮਰ ਦੀ ਦੁਆ ਕਰਨੀ ਵੀ ਸਹੁਰਾ ਪਾਪ ਜਾ ਲੱਗਦਾ। ਸਰਬੰਸਦਾਨੀ ਠੰਢ ਵਰਤਾਈਂ.....ਘੁੱਦਾ

ਪੰਥਕ ਸਰਕਾਰਾਂ ਤੋਂ ਆ ਖਤਰਾ

ਧਰਤੀ ਸਾਰੀ ਨਸ਼ੇ ਤੇ ਲਾਲੀ ਸਿੱਟਕੇ D.A.P, ਜਿੰਕ ਤੇ ਯੂਰੀਆ
ਨਰਮੇ ਦਾ ਭਾਅ ਸ਼ੈਤ ਚੰਗਾ ਮਿਲਜੇ ਮੇਦ ਐਂਰਕੀ ਪੂਰੀ ਆ
ਕਿੱਲੇ ਦਾ ਲੱਖ ਬਾਸਮਤੀ ਦੇਗੀ ਗਵਾਰਾ ਮੁੜਿਆ ਤੀਹ ਹਜ਼ਾਰ ਤੋਂ
ਡੰਗਰ ਵੀ ਹੁਣ ਮੂੰਹ ਨੀਂ ਮਾਰਦੇ ਚਿੱਤ ਅੱਕਗੇ ਜਵਾਰ ਤੋਂ
ਸੰਤਾਲੀ ਹਜ਼ਾਰ ਦੀ ਆਉਂਦੀ ਆ ਮੱਛੀ ਮੋਟਰ ਪੰਦਰਾਂ ਦੀ
P.T.O ਸ਼ਾਫਟ ਤੇ ਜਗਨੇਟਰ ਘੁਕਦੇ ਲੈਟ ਨਾ ਟਿਕੇ ਪਤੰਦਰਾਂ ਦੀ
ਦਸ ਫੁੱਟ ਦਾ ਟੋਟਾ ਪਾਉਣਾ ਪੈਂਦਾ ਫੇਰ ਹੋਗੇ ਪਾਣੀ ਡੂੰਘੇ
ਮੈਕਡੀ ਤੋਂ ਘੱਟ ਜਵਾਕ ਬਰਗਰ ਨੀਂ ਖਾਂਦੇ ਮੰਗਣੋਂ ਹਟਗੇ ਰੂੰਗੇ
ਭੁੱਕੀ ਡੋਡੇ ਤੇ ਲਾਤੀ ਪਬੰਦੀ ਚਿੱਟਾ ਆਉਂਦਾ ਬਾਡਰੋਂ ਸ਼ੂਕਦਾ
ਤੜਕੇ ਉੱਠਕੇ ਲੱਸੀ ਮੰਗਦੇ ਰਾਤੀਂ ਲਾਹਣ ਨੇ ਢਿੱਡ ਫੂਕਤਾ
ਢਾਈ ਕਰੋੜ ਅਬਾਦੀ ਆ ਪੰਜਾਬ ਦੀ ਤੇ ਚਾਲੀ ਲੱਖ ਬੇਰੁਜ਼ਗਾਰ ਆ
'ਫਸਗੀ' 'ਫਸਗੀ' ਕਰਦੇ ਫਿਰਦੇ ਐਹੇ ਜੇ ਨਿੱਕਿਆ ਪਿਆਰ ਆ
ਕੀਮੋਥਰੈਪੀਆਂ ਤੇ ਜ਼ੋਰ ਮੁਲਖ ਦਾ, ਹਰਿੱਕ ਘਰੇ ਹੁਣ ਕੈਂਸਰ ਆ
ਟੀਚਰਾਂ ਦੇ ਕੁੱਟ ਕੁੱਟ ਪੁੜੇ ਸੇਕਤੇ ਧਰਨਿਆਂ ਤੇ ਵੀ ਸੈਂਸਰ ਆ
ਹਾਰਕੇ ਮੁੰਡੇ ਕਨੇਡਾ ਨੂੰ ਚੜ੍ਹਗੇ ਬੈਅ ਕਰਕੇ ਦੋ ਦੋ ਕਨਾਲਾਂ ਨੂੰ
ਗਲ ਪਾਕੇ ਖੰਡਾ ਕਲਾਕਾਰ ਵੀ ਬਣਗੇ ਜੈੱਲ ਜੀ ਲਾਕੇ ਵਾਲਾਂ ਨੂੰ
ਉਡਵੈਰ ਦਾ ਵੈਰੀ ਛਾਪਲਿਆ ਬੈਠਾ ਖੋਲ੍ਹੋ ਉਧਮ ਦੀ ਕਿਤਾਬ ਨੂੰ
ਪੰਥਕ ਸਰਕਾਰਾਂ ਤੋਂ ਆ ਖਤਰਾ ਘੁੱਦਿਆ ਹੁਣ ਰੰਗਲੇ ਪੰਜਾਬ ਨੂੰ

ਗੁਰੂ ਕੀ ਢਾਬ ਦੇ ਕਵੀਸ਼ਰ

ਪਿਛਲੇ ਸਾਲ ਦੇ ਸੱਤਮੇਂ ਮਹੀਨੇ ਦੀ ਗੱਲ ਆ। ਮੈਂ ਤੇ ਸਾਡੇਆਲਾ ਨਿੱਕਾ ਗਰਨੈਬ ਸਾਡੀ ਕੁੜੀ ਦੇ ਸਹੁਰੀਂ ਜਾਕੇ ਪਿੰਡ ਨੂੰ ਮੁੜੇ ਆਉਂਦੇ ਸੀ। ਮੁੜਦਿਆਂ ਅਸੀਂ ਵਿਓਂਤ ਕਰੀ ਬੀ ਜੈਤੋ ਲਿਵੇ ਗੁਰੂ ਕੀ ਢਾਬ ਗੁਰਦੁਆਰਾ ਸਾਬ ਚੱਲਦੇ ਆਂ।
ਓਦਨ ਕੁਦਰਤੀਏਂ ਕੋਈ ਪੁੰਨਿਆ ਮੱਸਿਆ ਦਾ ਦਿਨ ਸੀ। ਤਾਂ ਕਰਕੇ ਵਾਹਵਾ ਰੌਣਕ ਸੀ। ਦਰਬਾਰ ਸਾਹਬ 'ਚ ਨਮਸ਼ਕਾਰ ਕਰਕੇ ਅਸੀਂ ਜਦੋਂ ਸੱਜੇ ਹੱਥ ਬਾਹਰ ਨਿਕਲੇ ਤਾਂ ਓਥੇ ਕਵੀਸ਼ਰ ਲੱਗੇ ਹੋਏ ਸੀ।
ਧੌਹਲੀਆਂ ਦਾਹੜੀਆਂ ਦੱਸਦੀਆਂ ਸੀ ਕਿ ਓਹਨ੍ਹਾਂ ਕਵੀਸ਼ਰਾਂ ਦੀ ਉਮਰ ਤਕਰੀਬਨ ਸੱਠ ਪੈਂਹਟ ਦੇ ਗੇੜ 'ਚ ਹੋਣੀਂ ਆਂ। ਕਵੀਸ਼ਰ ਦੇ ਸੱਜੇ ਹੱਥ ਦੀਆਂ ਉਂਗਲਾਂ ਢੱਡ ਤੇ ਵਾਰੋ ਵਾਰੀ ਵੱਜਕੇ ਬੋਲਾਂ ਨਾਲ ਰਲਗੱਡ ਹੋ ਹੋ ਜਾਂਦੀਆਂ। ਕਵੀਸ਼ਰ ਤਕੜੀ ਸਾਖੀ ਛੋਹੀ ਖੜ੍ਹੇ ਸੀ। ਮੰਦਭਾਗੀ ਗੱਲ ਏਹ ਸੀ ਕਿ ਕਵੀਸ਼ਰਾਂ ਦੇ ਸਾਹਮਣੇ ਵਿਛੀਆਂ ਦੋ ਦਰੀਆਂ ਤੇ ਇੱਕ ਵੀ ਸਰੋਤਾ ਹੈਨੀ ਸੀ ਸੁਨਣ ਖਾਤਰ। ਅਸੀਂ ਪੰਦਰਾਂ ਕ ਮਿੰਟ ਬੈਠੇ । ਅਸੀਂ ਅਕਲ ਵਰਤੀ ਤੇ ਬੋਝਿਓਂ ਚਾਰ ਪੈਹੇ ਕੱਢਕੇ ਕਵੀਸ਼ਰਾਂ ਨੂੰ ਭੇਂਟ ਕਰੇ ਤਾਂ ਉਹਨ੍ਹਾਂ ਨੇ ਅੱਖਾਂ ਵਿੱਚਦੀ ਜਿਮੇਂ ਸਾਡਾ ਧੰਨਵਾਦ ਕਰਿਆ, ਬੀ ਸ਼ਾਬਾਸ਼ੇ।
ਹੁਣ ਕਿਸੇ ਤੋਂ ਪਤਾ ਲੱਗਾ ਬੀ ਹਰੇਕ ਪੁੰਨਿਆ ਨੂੰ ਗੁਰੂ ਕੀ ਢਾਬ ਗਾਉਣ ਆਲੇ ਕਵੀਸ਼ਰਾਂ ਨੂੰ ਬਸ ਇੱਕੋ ਸੌ ਰੁਪਇਆ ਦਿੱਤਾ ਜਾਂਦਾ। ਨਿੱਕੇ ਹੁੰਦੇ ਮਾਘੀ ਦੇ ਮੇਲੇ ਤੇ ਲੋੋਈਆਂ ਦੀਆਂ ਬੁੱਕਲਾਂ ਮਾਰਕੇ ਪਰਾਲੀ ਤੇ ਬਹਿਕੇ ਜਦੋਂ ਕਵੀਸ਼ਰੀ ਸੁਣਦੇ , ਤਾਂ ਕਵੀਸ਼ਰਾਂ ਦੇ ਬੋਲ ਸੁਣਕੇ ਲੂੰ ਕੰਢਾ ਖੜ੍ਹਾ ਹੋਜਿਆ ਕਰੇ ਨਾਏ ਧੁੜਧੜੀਆਂ ਉੱਠਿਆ ਕਰਨ। ਸਾਡੀ ਕੌਮ ਲਈ ਏਹਤੋਂ ਵੱਡੀ ਸਾਹੜਸਤੀ ਕੀ ਹੋਣੀ ਆਂ। ਵਿਆਹਾਂ ਸ਼ਾਦੀਆਂ ਤੇ ਹਰਿੱਕ ਬੰਦਾ ਤੀਹ ਤੀਹ ਹਜ਼ਾਰ ਆਰਕੈਹਟਰਾ ਗਰੁੱਪ ਤੇ ਲਾ ਦੇਂਦਾ ਨਾਏ ਮੇਰੇ ਤੇਰੇ ਅਰਗੇ ਲਾਹਣ ਨਾਲ ਡੱਕਕੇ ਪੈਸੇ ਟੁੱਟੇ ਕਰਾ ਕਰਾ ਮੂਵੀ ਮੂਹਰੇ ਹੋ ਹੋ ਉੱਤੋਂ ਦੀ ਸਿੱਟਦੇ ਆ ਬੀ ਟੌਹਰ ਬਣੇ।
ਅਨੰਦਪੁਰ ਤੋਂ ਭੱਜਿਆਂ ਨੂੰ ਤਾਂ ਖਿਦਰਾਣੇ ਦੀ ਢਾਬ ਤੇ ਆਕੇ ਬੇਦਾਵਾ ਪਾੜਕੇ ਮੁਆਫੀ ਮਿਲਗੀ ਸੀ । ਪਰ ਹੁਣ ਆਪਾਂ ਤਾਂ ਮੁਆਫੀਆਂ ਦੀ ਮਿਆਦ ਵੀ ਪੁਗਾ ਹਟੇ। ਕੇਹੜੇ ਮੂੰਹ ਨਾਲ ਆਖੀਏ ਕਿ ਸਰਬੰਸਦਾਨੀ ਠੰਢ ਵਰਤਾ....ਘੁੱਦਾ

ਜੇ ਹੱਕ 'ਚ ਖੜ੍ਹੀ ਸਰਕਾਰ ਹੁੰਦੀ

ਪੈਂਤੀ ਲੱਖ ਤੋਂ ਮੁੜਿਆ ਕਿੱਲਾ, ਰੇਟ ਟੁੱਟਗੇ ਫੇਰ ਜ਼ਮੀਨਾਂ ਦੇ
ਹੁਣ ਸੈਂਸ ਨੇ ਕਰੀ ਆ ਤਰੱਕੀ, ਤੇ ਕੰਮ ਹੁੰਦੇ ਕੁੱਲ ਮਸ਼ੀਨਾਂ ਤੇ
ਬਾਬਿਆਂ ਦੇ ਜੂਰਿਕ ਐਸੜ ਵੱਧਗੇ, ਗਠੀਆ ਵਾਅ ਨੇ ਹੱਡ ਜੋੜਤੇ
ਜਰਾਬਾਂ ਪਾਕੇ ਖੇਤ ਲਾਦੇ ਪਾਣੀ , ਫੱਟੀ ਚੱਕਕੇ ਨੱਕਾ ਮੋੜਦੇ
ਲਿਮਟਾਂ ਚੱਕਕੇ ਐੱਫ ਡੀ ਕਰਾਉਂਦੇ , ਜਗਾੜ ਲਾਏ ਆ ਜੱਟਾਂ ਨੇ
ਧੌਲ ਮਾਰਕੇ ਹੰਦਿਆਂ ਤੇ ਸਿੱਟਦੇ ਜਾਫੀ, ਮਾਰਕੇ ਥਾਪੀ ਪੱਟਾਂ ਤੇ
ਵਧੇ ਵਿਆਜ ਹੁਣ ਮੂਲ ਨਈਂ ਮੁੜਦੇ, ਨੰਗ ਰਹੇ ਆ ਧੁਰ ਤੋਂ
ਤਾਂਵੀ ਡੱਬਾਂ ਵਿੱਚ ਪੱਟੂ ਟੰਗਦੇ ਅਸਲੇ, ਲਿਆਕੇ ਕਾਨਪੁਰ ਤੋਂ
ਹਿੱਕ ਦੇ ਜ਼ੋਰ ਤੇ ਪੈਂਦੀਆਂ ਵੋਟਾਂ ,ਕੇਹੜਾ ਕੈਂਹਦਾ ਏਹ ਲੋਕਤੰਤਰ ਆ
ਗਾਂਧੀ ਦੀ ਸ਼ਿਫਾਰਸ਼ ਚੱਲਦੀ ,ਹੋਰ ਬਾਦਲ ਕੋਲ ਕੇਹੜਾ ਮੰਤਰ ਆ
ਕੰਧਾਂ ਤੋਂ ਸਮਿੰਟ ਝਰਗੇ ਤੇ ,ਛੱਤਾਂ ਖੜ੍ਹੀਆਂ ਮਸਾਂ ਬਾਲਿਆਂ ਤੇ
'ਬੁਲੰਦ ਹੌਸਲੇ' ਲਿਖਿਆ ਹੁੰਦਾ ਤਾਂਵੀ, ਟਰੈਲੀ ਦਿਆਂ ਡਾਲਿਆਂ ਤੇ
ਜਦ ਵੀ ਹਿੰਦ ਨੇ ਕਿਤੇ ਜੰਗ ਲੜੀ ,ਸਿੱਖ ਫੌਜ ਸੀ ਬਾਡਰੋਂ ਪਾਰ ਹੁੰਦੀ
ਘੁੱਦਿਆ ਵੇਂਹਦਾ ਰੰਗ ਪੰਜਾਬੀਆਂ ਦੇ, ਜੇ ਹੱਕ 'ਚ ਖੜ੍ਹੀ ਸਰਕਾਰ ਹੁੰਦੀ

Friday 1 August 2014

ਸਿੱਖ ਤੇ ਫੇਸਬੁੱਕੀ ਵਿਦਵਾਨ

ਮਾਰਕ ਜ਼ੁਕਰਬਰਗ ਨੇ ਫੇਸਬੁੱਕ ਦੀ ਕਾਢ ਕੱਢੀ ਬੀ ਕਾਲਜਾਂ ਸਕੂਲਾਂ ਦੇ ਨਿੱਖੜੇ ਮਿੱਤਰ ਪਿਆਰੇ ਮਿਲਕੇ ਦੁੱਖ ਸੁੱਖ ਫਰੋਲਿਆ ਕਰਨਗੇ। ਹੁੰਦਾ ਵੀ ਏਵੇਂ ਈ ਆ। ਸਾਰੇ ਦਿਨ ਦੇ ਕੰਮਾਂ ਕਾਰਾਂ ਦਾ ਨਿਹਾਤ ਹੋਇਆ ਬੰਦਾ ਆਥਣੇ ਦਸ ਮਿੰਟ ਫੇਸਬੁੱਕ ਖੋਲ੍ਹਦਾ ਬੀ ਚਲੋ ਚਿੱਤ ਹੌਲਾ ਕਰੀਏ। ਪਰ ਜਦੋਂ ਪਾਸਵਡ ਭਰਨ ਸਾਰ ਫੇਸਬੁੱਕ ਖੁੱਲ੍ਹਦੀ ਆ , ਅੱਗੇ ਸੱਥਰ ਵਿਛਿਆ ਬਾ ਹੁੰਦਾ। ਡੱਕੇ ਵਿਦਵਾਨ ਊਂਈ ਗਾਲ੍ਹੋ ਗਾਲ੍ਹੀ ਹੋ ਕੇ ਗੱਲਾਂ ਦੇ ਪੜੁੱਲ ਬੰਨ੍ਹੀ ਜਾਣਗੇ।
ਜੇਹੜਾ ਬੰਦਾ ਸਾਰੀ ਰਾਤ ਆਵਦੀ ਜਨਾਨੀ ਬੰਨੀਂ ਕੰਡ ਕਰਕੇ ਸੁੱਤਾ ਰੈਂਹਦਾ ਓਹ ਬੰਦਾ ਤੜਕੇ ਉੱਠਕੇ ਚਾਹ ਤੋਂ ਪਹਿਲਾਂ ਈ ਫੇਸਬੁੱਕ ਤੇ ਸਟੇਟਸ ਚਾੜ੍ਹ ਦੇਂਦਾ ਬੀ ਫਲਾਣਾ ਸੰਤ ਮਾੜਾ, ਫਲਾਣਾ ਗੁਰੂ ਮਾੜਾ ਜੀ , ਫਲਾਣੇਆਂ ਦਾ ਤਾਂ ਗਰੰਥ ਈ ਮਾੜਾ।
ਬਹੁਤੇ ਫੇਸਬੁੱਕੀ ਇਨਕਲਾਬੀਏ , ਆਵਦੇ ਆਪ ਨੂੰ ਹਾਈਲਾਈਟ ਕਰਨ ਖਾਤਰ ਸਿੱਖਾਂ ਖਿਲਾਫ ਡੂਢ ਡੂਢ ਫੁੱਟੇ ਲੇਖ ਲਿਖਕੇ ਨੌਤੀ ਸੌ ਜਣੇ ਨੂੰ ਟੈਗ ਕਰ ਦੇਂਦੇ ਨੇ। ਲੰਮੇ ਲੰਮੇ ਕਮਿੰਟ ਕਰਨੇ , ਫੇਸਬੁੱਕ ਤੇ ਬਹਿਸਾਂ ਕਰਨੀਆਂ, ਏਹੋ ਜੀਆਂ ਘਤਿੱਤਾਂ ਕਰਨ ਆਲੇ ਵਿਦਵਾਨਾਂ ਤੋਂ ਦੂਰ ਰਿਹੋ। ਹੈਰਾਨੀ ਏਸ ਗੱਲ ਦੀ ਆ ਜਰ ਬੀ ਏਹਨਾਂ ਦੇ ਇਨਕਲਾਬ ਨੂੰ ਸਿੱਖਾਂ ਤੋਂ ਖੌਣੀ ਕਾਹਦਾ ਖਤਰਾ।
ਕਾਬਲੇ ਗੌਰ ਆ ਕਿ ਜਲ੍ਹਿਆਂ ਵਾਲਾ ਬਾਗ ਹੋਵੇ ਜਾਂ ਚਾਬੀਆਂ ਦਾ ਮੋਰਚਾ ਜਾਂ ਗਦਰ ਲਹਿਰ, ਸਾਰੇ ਕਿਤੇ ਸਿੱਖਾਂ ਵੱਡਾ ਹਿੱਸਾ ਪਾਇਆ ਸੀਗਾ।
ਸਿੱਖ ਤੇ ਹਿੰਦੂ ਭੈਣ -ਭਰਾ ਇੱਕ ਦੂਜੇ ਖਿਲਾਫ ਏਥੇ ਕਦੇ ਜ਼ਹਿਰ ਨਈਂ ਗਲੱਛਦੇ ਦੇਖੇ। ਪਰ ਏਹ ਢੇਕੇ ਵਿਦਵਾਨ ਪੁਣੇ ਦੇ ਊਂਈ ਸਾਰੇਆਂ ਦੇ ਉਂਗਲਾਂ ਲਾਈ ਜਾਣਗੇ।
ਗੁਰੂ ਗਰੰਥ ਸਾਹਬ ਨੂੰ ਗਲਤ ਸਿੱਧ ਕਰਨ ਆਲੇਓ ਗੁਰਬਾਣੀ ਦੀ ਨਿੱਕੀ ਜੀ ਤੁਕ ,"ਬੰਦੇ ਖੋਜਿ ਦਿਲ ਹਰ ਰੋਜ਼" ਤੇ ਵਿਚਾਰ ਕਰਿਓ। ਦੂਜੇਆਂ ਨੂੰ ਸੁਧਾਰਨ ਤੋਂ ਪਹਿਲਾਂ ਅੰਦਰ ਨਿਗਾਹ ਮਾਰਿਓ। ਗੁੰਨ੍ਹਣੇ ਆਟੇ ਤੇ ਕਰਨੀਆਂ ਬਦਮਾਸ਼ੀਆਂ.....ਘੁੱਦਾ

ਅਸਲ ਜ਼ਿੰਮੇਵਾਰ

ਦੱਸਦੇ ਆ ਲਖਨਊ ਬੰਨੀਂ ਫੇਰ ਕੁੱਤਪੌ ਹੋਇਆ। ਚਹੁੰ ਮਸ਼ਟੰਡਿਆਂ ਰਲਕੇ ਬਲਾਤਕਾਰ ਕਰਿਆ ਨਾਏ ਕੁੜੀ ਦਾ ਕਤਲ। ਬਾਹਲੀ ਮਾੜੀ ਕਰੀ ਕੰਜਦੇਆਂ ਨੇ।
ਆਪਣੇ ਮੁੰਡੇ ਕੁੜੀਆਂ ਨੇ ਫੇਸਬੁੱਕ ਤੇ ਕੁੜੀ ਦੇ ਪੱਖ 'ਚ ਹਾਅ ਦਾ ਨਾਅਰਾ ਮਾਰਿਆ। ਅਸਲੀ ਗੱਲ ਏਹ ਆ ਕਿ ਸਾਡੇ ਦਮਾਗ ਈ ਏਥੇ ਸੈੱਟ ਹੋਗੇ ਬੀ 'ਖਬਾਰ 'ਚ ਛਪੀਆਂ ਦਸ ਹੋਰ ਖਬਰਾਂ ਛੱਡਕੇ ਸਭ ਤੋਂ ਪਹਿਲਾਂ ਬਲਾਤਕਾਰ ਆਲੀ ਖਬਰ ਪੜ੍ਹਾਂਗੇ। ਦੋ ਕੁ ਮੀਹਨੇਆ ਪਿੱਛੋਂ ਕਿਤੇ ਨਾ ਕਿਤੇ ਬਲਾਤਕਾਰ ਹੁੰਦਾ, ਧਰਨੇ ਮੁਜ਼ਾਹਰੇ ਲਾਕੇ ਲੋਕ ਹੰਭ ਕੇ ਬਚਾਰੇ ਫੇਰ ਟਿਕ ਜਾਂਦੇ ਨੇ। ਪਰ ਏਹ ਬਲਾਤਕਾਰ ਆਪੇ ਨੀਂ ਹੁੰਦੇ ,ਕਰਾਏ ਜਾਂਦੇ ਨੇ। ਉਹ ਪੁੱਛ ਕਿਮੇਂ?
ਹੁਣ ਵੀ ਹਰਿੱਕ ਥਾਂ ਕੁੜੀ ਨੂੰ ਚੀਜ਼ ਬਣਾਕੇ ਪੇਸ਼ ਕਰਿਆ ਜਾਂਦਾ। ਬਾਹਲੀ ਗੱਲ ਕੀ ਆ, ਸਾਰੀਆਂ ਕੰਪਨੀਆਂ ਆਵਦੇ ਪ੍ਰੋਡੱਕਟ ਵੇਚਣ ਖਾਤਰ ਕੁੜੀਆਂ ਵਰਤੀਆਂ। ਸਾਬਣ ਨਾਲ ਝੱਗੋ ਝੱਗ ਹੋਏ ਟੱਬ 'ਚ ਬੈਠੀ ਕੁੜੀ ਸਾਬਣ ਦੀ ਚੱਕੀ ਫੜ੍ਹਕੇ ਆਂਹਦੀ ਆ,"ਮੇਰੀ ਸੁੰਦਰਤਾ ਕਾ ਰਾਜ਼, ਲਕਸ ਸਾਬੁਣ, ਆਪ ਬੀ ਬਰਤੀਏ"। ਕੋਕਾ ਕੋਲਾ ਪੀਂਦੀ ਕੁੜੀ ਦੱਸਦੀ ਆ," ਪਰਧਾਨ ਮੇਰੀ ਧੌਣ ਪੇ ਕਿਆ ਦੇਖਤੇ ਹੋ ਬੋਤਲ ਦੀ ਧੌਣ ਤੇ ਰੇਟ ਲਿਖਿਆ ਬਾ"। ਮਸ਼ਹੂਰੀ 'ਚ ਜਦੋਂ ਮੁੰਡਾ ਆਵਦੇ ਪਿੰਡੇ ਤੇ ਡਿਊ ਛਿੜਕਦਾ ਪੰਜ ਸੱਤ ਕੁੜੀਆਂ ਭੂੰਡਾਂ ਦੇ ਖੱਖਰ ਅੰਗੂ ਉਹਦੇ ਦਾਲੇ ਹੋ ਜਾਂਦੀਆਂ।
ਕਈ ਆਰੀ ਤਾਂ ਟੀਵੀ ਤੇ ਐਹੇ ਜੀ ਮਸ਼ਹੂਰੀ ਆਉਂਦੀ ਆ ਬੀ ਬੰਦਾ ਟੱਬਰ 'ਚ ਬੈਠਾ ਕਚਿਆਈ ਦਾ ਮਾਰਾ ਬਾਹਰ ਉਠਕੇ ਜਾਣ ਜੋਗਰਾ ਵੀ ਨੀਂ ਰੈਂਹਦਾ। ਕੋਈ ਸਾਈਟ ਖੋਲ੍ਹਲੋ ਕਿਤੇ ਨਾ ਕਿਤੇ ਤਾਂ ਵਿੱਚ ਦੂਜੀਆਂ ਸਾਈਟਾਂ ਦਾ ਲਿੰਕ ਜ਼ਰੂਰੀ ਪਿਆ ਹੁੰਦਾ। ਬਾਕੀ ਸਿਰੇ ਹਰਿੱਕ ਦੇ ਮੋਬਾਇਲ 'ਚ ਹੇਟ ਸਟੋਰੀਆਂ ਦੇ ਟਰੇਲਰ ਪਏ ਈ ਹੁੰਦੇ ਨੇ। ਅਗਲਾ ਮੋੜ ਮੋੜ ਕੇ ਦਸ ਆਰੀ ਦੇਂਹਦਾ। ਸ਼ਹਿਰ 'ਚ ਦੋ ਦੋ ਕਰਮਾਂ ਦ ਪੋਸਟਰ ਲੱਗੇ ਬਏ ਨੇ ਜੀਹ'ਚ ਸਰਬੀਨ ਚਾਵਲਾ ਨੇ ਢੂਈ ਦਾ ਗੈਰਕਨੂੰਨੀ ਪੋਜ਼ ਦਿੱਤਾ ਬਾ। ਕਾਬਲੇ ਗੌਰ ਐਹੋ ਜੇ ਮਟੀਰੀਅਲ ਨੂੰ ਸਾਡੇ ਸੈਂਸਰ ਈ ਪਾਸ ਕਰਦੇ ਨੇ। ਤੇ ਫਿਰ ਜੇਹੋ ਜਾ ਬੀਜਿਆ ਜਾਂਦਾ ਵੱਡਣਾ ਤਾਂ ਪੈਣਾ ਈ ਆ। ਦਿੱਲੀ, ਮੁੰਬਈ, ਯੂਪੀ, ਗੰਧੜ, ਲਖਨਊ, ਅੱਗੇ ਦੇਖੋ ਕੀ ਬਣਦਾ.....ਘੁੱਦਾ

ਪੰਜ ਦਾ ਛੰਦ

ਸਿਆਸੀ ਘੇਰੇ, ਡਾਂਗ ਤੇ ਡੇਰੇ
ਦੋਗਲੇ ਚੇਹਰੇ, ਦੇਖ ਚੁਫੇਰੇ
ਹਨ ਬਥੇਰੇ, ਮੁਆਇਨੇ ਕੀਤੇ

ਗੱਲਾਂ ਗੰਢੀਆਂ, ਕੀਤੀਆਂ ਭੰਡੀਆਂ
ਲਾਹਲੀਆਂ ਡੰਡੀਆਂ, ਇੱਜ਼ਤਾਂ ਵੰਡੀਆਂ
ਅਦਾਲਤਾਂ ਠੰਡੀਆਂ, ਦਹਾਕੇ ਬੀਤੇ

ਪੁਰਾਣੇ ਵੈਰ, ਬਣੇ ਉਡਵੈਰ
ਕਾਲਜੇ ਫੈਰ, ਘੋਲਦੇ ਜ਼ਹਿਰ
ਗਲਾਂ ਨੂੰ ਟੈਰ, ਕੰਬੀ ਲੋਕਾਈ

ਬਣਕੇ ਬਾਜ਼, ਸਿੱਟਣ ਜ਼ਹਾਜ਼
ਨਵਾਂ ਰਵਾਜ, ਮਿਜ਼ਾਇਲੀ ਰਾਜ਼
ਸੁਣੇ ਨਾ ਵਾਜ਼, ਮਰਨ ਅਣਿਆਈ

ਹੌਂਸਲੇ ਢਾਹਤੇ, ਨਸ਼ੇ ਤੇ ਲਾਤੇ
ਘਰੀਂ ਪਹੁੰਚਾਤੇ, ਹੱਡੀਂ ਰਚਾਤੇ
ਕਿੱਲੇ ਵਿਕਾਤੇ, ਜਵਾਨੀ ਖਾਗੇ

ਪਾਤੀਆਂ ਖੱਲੀਆਂ, ਬੋੜੇ ਨੂੰ ਛੱਲੀਆਂ
ਬਿੱਲੀ ਨੂੰ ਟੱਲੀਆਂ, ਗੱਲਾਂ ਦੁਵੱਲੀਆਂ
ਦੇਣ ਤਸੱਲੀਆਂ, ਲਾਰੇ ਲਾਗੇ

ਹੱਦਾਂ ਮੁਕਾਈਆਂ, ਵਾਂਗ ਕਸਾਈਆਂ
ਧੌਣਾਂ ਲਾਹੀਆਂ, ਵੀਡਿਓ ਬਣਾਈਆਂ
ਨੈੱਟ ਤੇ ਪਾਈਆਂ, ਧੁੜਧੜੀ ਉੱਠੇ

ਨਾਨਕ ਜਾਣੇ, ਵਰਤਗੇ ਭਾਣੇ
ਊਤਗੇ ਲਾਣੇ, ਜ਼ੋਰ ਧਿੰਗਾਣੇ
ਵੱਢੇ ਨਿਆਣੇ, ਲਾਕੇ ਗੁੱਠੇ....ਘੁੱਦਾ

ਪਰਤਿਆਈਆਂ ਬੀਆਂ ਗੱਲਾਂ......ਏਕਰਾਂ ਫੇਰ

ਪਰਤਿਆਈਆਂ ਬੀਆਂ ਗੱਲਾਂ......ਏਕਰਾਂ ਫੇਰ
1. ਜਟਵੈੜਾਂ ਕੋਲ ਚਾਰ ਪੈਸੇ ਵੱਧ ਆ ਜਾਣ ਲੱਗਦੀ ਵਾਹ ਬਲੈਰੋ ਈ ਖਰੀਣਗੇ ਤੇ ਸਿਆਣੇ ਬਾਣੀਏ ਕੋਲ ਜਿੰਨਾ ਮਰਜ਼ੀ ਪੈਹਾ ਹੋਵੇ ਛੇਤੀ ਕੀਤੇ Wagonr ਤੇ Ritz ਈ ਖਰੀਦਣਗੇ।
2.. ਬਚਨੇ ਮਝੈਲ ਦੇ ਆਖਣ ਅੰਗੂ ਜਦੋਂ ਕੁੜੀ ਆਲੇ ਮੁੰਡਾ ਦੇਖਣ ਆਉਂਦੇ ਨੇ ਓਦੋਂ ਪਿਓ ਹੁੱਬਕੇ ਦੱਸਦਾ ਬੀ ਸਾਡੇ ਮੁੰਡੇ ਨੂੰ ਸੋਲਾਂ ਕਿੱਲੇ ਆਉਦੇ ਆ ।
ਤੇ ਜਦੋਂ ਕਣਕ ਵੱਢਕੇ ਹਸਾਬ ਕਰਨ ਲੱਗਿਆਂ ਕਰਪੈਨ ਆਲਾ ਪੁੱਛਦਾ ਬਾਈ ਕਿੰਨੀ ਜ਼ਮੀਨ ਆ ਓਦੋਂ ਆਖਣਗੇ ,"ਦੇਖਲਾ ਬਾਈ ਮਸੀਂ ਚੌਦਾਂ ਕ ਕਿੱਲੇ ਥਾਂ ਬਣਦਾ ਜਰ"।
3. ਬੱਸ ਸਵਾਰੀਆਂ ਨਾਲ ਭਮਾਂ ਕਿੰਨੀ ਮਰਜ਼ੀ ਭਰੀ ਹੋਵੇ ਪਰ ਕਨੈਟਰ ਆਹੀ ਗੱਲ ਕਹਿੰਦੇ ਨੇ," ਪਰਧਾਨ 'ਗਾਹਾਂ ਹੋਜੋ ਜਰ ਸਾਰੀ ਬੱਸ ਬੇਹਲੀ ਪਈ ਆ "।
4. ਬੰਦਾ ਸਾਰੀ ਰਾਤ ਸੁੱਤਾ ਰਹੇ , ਠੀਕ ਆ, ਪਰ ਤੜਕੇ 'ਲਾਰਮ ਬੰਦ ਕਰਕੇ ਸੌਣ ਦਾ ਬਾਹਲਾ ਸਬਾਦ ਆਉਂਦਾ ਜਰ।
5.ਗਾਡਰਾਂ ਤੇ ਤਖਤਪੋਸ਼ ਰੱਖਕੇ ਪੰਜਾਬੀਆਂ ਨੇ ਇੱਕੋ ਵਹੀਕਲ ਬਣਾਇਆ, ਤੇ ਜਦੋਂ ਵਹੀਕਲ ਬਣ ਗਿਆ ਪਤੰਦਰਾਂ ਨੇ ਨਾਂ ਧਰਤਾ ,"ਘੜੁੱਕਾ"
6. ਗੋੋਰੇ ਰੰਗ ਦਾ ਤਾਂ ਕੋਈ ਵਿਰਲਾ ਈ ਦੀਂਹਦਾ ਏਥੇ ਮਾਂ ਦਾ ਸ਼ੇਰ ਬੱਗਾ। ਆਪਣੇ ਮੁਲਖ ਦੇ ਰੰਗ ਮੇਨਲੀ ਦੋ ਈ ਹੁੰਦੇ ਨੇ , ਜਾਂ ਤਾਂ ਕਾਲਾ ਤੇ ਜਾਂ ਬਾਹਲਾ ਕਾਲਾ।.....ਘੁੱਦਾ

Friday 11 July 2014

ਚੰਗਾ ਭੂਸ਼ੇ

ਸਾਡੇ ਘਰਾਂ ਦੇ ਪਿਛਲੇ ਪਾਸੇ ਛੱਪੜ ਦੇ ਨਾਲ ਲੱਗਮੇਂ ਥਾਂ 'ਚ ਅਸੀਂ ਨਿੱਕੇ ਹੁੰਦੇ ਆਥਣੇ ਜਦੋਂ ਬਾਂਦਰ ਕਿੱਲਾ, ਕਿਰਕਟ ਜਾਂ ਹੋਰ ਖੇਡਾਂ ਖੇਡਦੇ ਜਾਂ ਜਦੋਂ ਐਤਬਾਰ ਨੂੰ ਆਥਣੇ ਰਲਕੇ ਚਾਰ ਆਲੀ ਫਿਲਮ ਦੇਖਦੇ ਓਦੋਂ ਭੂਸ਼ਾ ਚੁੱਪ ਕਰਕੇ ਸਾਡੇ ਕੋਲ ਬੈਠਾ ਰਹਿੰਦਾ।
ਵੱਡੇਆਂ ਦੇ ਦੱਸਣ ਮੁਤਾਬਕ ਭੂਸ਼ਾ ਸਾਥੋਂ ਉਮਰ 'ਚ ਸੱਤ-ਅੱਠ ਸਾਲ ਵੱਡਾ ਸੀ। ਅਸੀਂ ਪੰਜਮੀਆਂ, ਸੱਤਮੀਆਂ, ਦਸਮੀਆਂ ਬਾਰ੍ਹਮੀਆਂ ਕਰਕੇ ਗੱਭਰੂ ਜੇ ਹੋਗੇ ਪਰ ਭੂਸ਼ਾ ਫੇਰ ਵੀ ਸਾਥੋਂ ਨਿੱਕਾ ਰਿਹਾ। ਭੂਸ਼ਾ ਮੁੱਢੋਂ ਈ ਅਣਬੁੱਝੀ ਜੀ ਬਿਮਾਰੀ ਕਰਕੇ ਸਰੀਰਕ ਪੱਖੋਂ ਸਾਥੋਂ ਨਿੱਕਾ ਰਿਹਾ।
ਹੁਣ ਤੀਹ ਕੁ ਸਾਲਾਂ ਦਾ ਭੂਸ਼ਾ ਸੇਹਤ ਪੱਖੋਂ ਹਲੇ ਵੀ ਨਿਆਣਾ ਈ ਜਾਪਦਾ ਸੀ।
ਅੱਜ ਤੜਕੇ ਪੌਣੇ ਪੰਜ ਵਜੇ ਬੀਤ ਨੇ ਆਕੇ ਮੇਰੇ ਹੁੱਜ ਮਾਰੀ ਤੇ ਕਹਿੰਦਾ ,"ਪਰਧਾਨ ਬਿੰਦਰ ਕਾ ਭੂਸ਼ਾ ਪੂਰਾ ਹੋ ਗਿਆ"। ਨੀਰਾ ਪੱਠਾ ਪਾਕੇ ਅਸੀਂ ਭੂਸ਼ੇ ਕੇ ਘਰ ਨੂੰ ਸਿੱਧੇ ਹੋਗੇ।
ਗਲੀ ਰਾਹ 'ਚੋਂ ਨੰਘਦੇ ਟੱਪਦੇ ਜਦੋਂ ਭੂਸ਼ਾ ਟੱਕਰਦਾ ਤਾਂ ਸੋਬਤ ਈ ਹਾਲ ਪੁੱਛਦੇ ,"ਭੂਸ਼ੇ ਕਿਮੇਂ ਆ"?
ਭਰਵੱਟੇ ਉਤਾਂਹ ਜੇ ਚੱਕਕੇ ਭੂਸ਼ਾ ਸੰਖੇਪ ਜਾ ਜਵਾਬ ਦੇਂਦਾ ,"ਠੀਕ ਆ"। ਭੂਸ਼ਾ ਬਹੁਤਾ ਚੁੱਪ ਈ ਰਹਿੰਦਾ ਸੀ।
ਅੱਜ ਭੂਸ਼ੇ ਦੀ ਚੁੱਪ ਸਦਾ ਲਈ ਚੁੱਪ ਹੋਗੀ। ਤਪਦੀ ਦੁਪੈਹਰ 'ਚ ਨਿਕਲੀ ਸਿਵੇ ਦੀ ਲਾਟ ਨਾਲ ਭੂਸ਼ਾ ਹਵਾ ਹੋ ਗਿਆ।
ਖੂਹ ਦੀ ਕੰਧ 'ਚ ਉੱਗੇ ਪਿੱਪਲ ਅਰਗੀ ਸੀ ਭੂਸ਼ੇ ਦੀ ਜ਼ਿੰਦਗੀ, ਜੇਹਾ ਜੰਮਿਆ ਤੇ ਜੇਹਾ ਨਾ ਜੰਮਿਆ। ਅਰਦਾਸ ਕਰਦੇਂ ਆ ਬਾਬਾ ਨਾਨਕ ਭੂਸ਼ੇ ਨੂੰ ਚਰਨਾਂ ਲਿਵੇ ਰੱਖੇ....ਚੰਗਾ ਬਈ ਭੂਸ਼ੇ.....ਘੁੱਦਾ

ਨਿੱਕੇ ਦਾ ਏ. ਸੀ

ਕੇਰਾਂ ਭਰਾਵਾ ਆਹੀ ਦਿਨ । ਹਾੜ੍ਹ ਦਾ ਵਿਚਾਲੜਾ ਜਾ ਪੱਖ ਸੀਗਾ। ਹੁਣ ਅੰਗੂ ਇੱਕ ਦੋ ਮੀਂਹ ਪੈਕੇ ਗਰਮੈਸ਼ ਜੀ ਵੱਧ ਜਿਆ ਕਰੇ, ਧਰਤੀ 'ਚੋਂ ਭੜਧਾਹ ਲਿੱਕਲਿਆ ਕਰੇ । ਤਾਏ ਅਰਗੇ ਨਿੱਕੇ ਨੂੰ ਆਖਿਆ ਕਰਨ ਨਿੱਕਿਆ ਬੈਠਕ 'ਚ ਬਹਿ ਕੇ ਪੜ੍ਹ ਲਿਆ ਕਰ ਚਾਰ ਅੱਖਰ। ਸਾਡੇਆਲਾ ਤਾਏ ਨੂੰ ਸਿੱਧਾ ਹੋਗਿਆ, ਕੈਂਹਦਾ ਤਾਇਆ ਜਰ ਜੇ ਪੜ੍ਹਾਉਣਾ ਤਾਂ ਬੈਠਕ 'ਚ ਏ ਸੀ ਲਵਾਦੇ ਬਾਈ ਬਣੇ। ਸਾਡੇ ਦਾਤੀ ਫਰੇ ਆਲੇ ਲਾਣੇ ਨੇ ਪਹਿਲੀ ਆਰੀ ਏ ਸੀ ਲਫਜ਼ ਸੁਣਿਆ ਸੀਗਾ।
ਆਅਅ ਕੀ ਅਗਲੇ ਦਿਨ ਤਾਏ ਅਰਗੇਆਂ ਨੇ ਮਿਸਤਰੀ ਸੱਦ ਲਿਆ ਰਾਇ ਲੈਣ ਖਾਤਰ। ਬੈਠਕ ਵੇਖਕੇ ਮਿਸਤਰੀ ਕਹਿੰਦਾ ਪਰਧਾਨ ਤੂੜੀ ਆਲੀ ਸਬ੍ਹਾਤ ਜਿੱਡੀ ਬੈਠਕ ਬਗਲੀ ਬੈਠੇ ਆਂ, ਏਥੇ ਘੱਟੋ ਘੱਟੋ ਡੇਢ ਟਨ ਦਾ ਏ. ਸੀ ਲੱਗੂ।
ਤਾਏ ਅਰਗੇਆਂ 'ਚ ਚਿੱਤ 'ਚ ਬੱਜੀ ਬੀ ਖੌਣੀ ਏ. ਸੀ ਦਾ ਵਜ਼ਨ ਈ ਡੇਢ ਟਨ ਹੁੰਦਾ। ਪੈਸੇ ਪੂਸੇ ਫੜ੍ਹਲੇ ਆੜ੍ਹਤ ਤੋਂ ਬੀ ਏ. ਸੀ ਲੈ ਕੇ ਆਉਣਾ। ਤਾਏ ਅਰਗੇਆਂ ਨੇ ਸੋਚਿਆ ਬੀ ਨਿੱਗਰ ਆ ਕੰਮ, ਚੱਕਾ ਚਕਾਈ ਖਾਤਰ ਚਾਰ ਬੰਦੇ ਲੈਜੀਏ ਨਾਲ। ਟਰੈਲੀ ਦੇ ਟੈਰਾਂ 'ਚ ਫੂਕ ਫਾਕ ਫੁੱਲ ਕਰਲੀ ਭਰਾਵਾ। ਲੱਕੜ ਦੇ ਗੁਟਕੇ ਗਟਕੇ ਧਰਲੇ ਬਿੱਚੇ। ਦੋ ਤਿੰਨ ਲਾਸਾਂ ਸਿੱਟਲੀਆਂ ਟਰੈਲੀ 'ਚ ਬੀ ਬਜ਼ਨਦਾਰ ਚੀਜ਼ ਲਿਆਉਣੀ ਆ, ਖਿੱਚਾ ਖਚਾਈ ਖਾਤਰ ਲਾਸ ਚਾਹੀਦੀ ਆ। ਸਾਰੇ ਪਿੰਡ 'ਚ ਫੁੱਲ ਚਰਚਾ। ਬਿੱਲਵਟਨ ਦੀ ਪੈਂਟ ਪਾਕੇ ਸਾਡੇਆਲਾ ਟਰੈਲੀ ਦੇ ਟੂਲ ਤੇ ਪੈਰ ਧਰਕੇ ਘੱਪ ਦਿਨੇ ਬਿੱਚ ਬਹਿ ਗਿਆ। ਸੱਥ 'ਚੋਂ ਸਾਰੀ ਪੱਠੇ ਵੱਢ ਜੰਤਾ ਲੱਦਲੀ । ਚੁੰਝਾਂ ਆਲੀ ਮੁਗਸਰੀ ਜੁੱਤੀ ਪਾਕੇ ਤਾਏ ਨੇ ਟੈਟਰ ਖਿੱਚਤਾ ਬਠਿੰਡੇ ਨੂੰ। ਸ਼ਹਿਰ ਵੜਨ ਸਾਰ ਚਾਹ ਆਲੀ ਰੇਹੜੀ ਦੇਖਕੇ ਤਾਏ ਨੂੰ ਚਾਹ ਦੀ ਭਲ ਉੱਠ ਖੜ੍ਹੀ। ਸ਼ੈਹਰੀਏ ਬਿੜਕਾਂ ਕੱਢਣ ਬੀ ਏਧਰ ਖੌਣੀ ਕੇਹੜਾ ਜਰਗ ਦਾ ਮੇਲਾ ਲੱਗਾ ਬਾ। ਚਾਹ ਨਾ ਬਾਲੂਸ਼ਾਹੀਆਂ ਖਾਕੇ ਮੁਲਖ ਫੇਰ ਬਹਿਗਿਆ ਟੈਟਰ ਤੇ। ਹਨੂੰਮਾਨ ਚੌਂਕ ਮੁੜਕੇ ਟਰੈਟ ਲਿਜਾਕੇ ਦੁਕਾਨ ਮੂਹਰੇ ਲਾਤਾ। ਏ. ਸੀ ਦੇਖਕੇ ਤਾਏ ਅਰਗੇ ਸੋਚਣ ਨੂੰ ਬੀ ਬਕਸਾ ਜਾ ਹੈ ਤਾਂ ਨਿੱਕਾ ਈ ਆ, ਊਂਈ ਵਜ਼ਨ ਬਾਹਲਾ ਹੋਊ।
ਬਿੱਲ ਬੁਲ ਕਟਾਕੇ ਤਾਏ ਅਰਗੇ ਕੁੜਤੇ ਦੀਆਂ ਕਫਾਂ ਮੋੜੀ ਜਾਣ ਬੀ ਹੁਣ ਵਜ਼ਨ ਚੱਕਣਾ। ਸਾਡੇਆਲਾ ਟਰੈਲੀ 'ਚੋਂ ਲਾਸਾਂ ਚੁੱਕੀ ਲਿਆਵੇ । ਗਿੱਠਮੁਠੀਏ ਜੇ ਦੋ ਬਈਆਂ ਨੇ ਏ. ਸੀ ਚਾਕੇ ਘੱਪ ਦਿਨੇ ਟਰੈਲੀ 'ਚ ਧਰਤਾ। ਜਦੋਂ ਤਾਇਆ ਕਣੱਖਾ ਜਾ ਝਾਕਿਆ ਸਾਡੇਆਲਾ ਨਿੱਕਾ ਊਸ਼ਾ ਦੇ ਪੱਖੇ ਅਰਗਾ ਮੂੰਹ ਕਰਕੇ ਟੈਟਰ ਦੇ ਮਰਗਾੜ ਦੇ ਬਹਿ ਗਿਆ ਕੱਚਾ ਜਾ ਹੋਕੇ। ਐਹੇ ਜੇ ਹੁੰਦੇ ਆ ਪਿੰਡਾਂ ਆਲੇ....ਘੁੱਦਾ

ਛੰਦ - ਖਬਰਨਾਮਾ ਹਾੜ੍ਹ ਦਾ

ਦੁਖਦੇ ਗੋਡੇ, ਰੋਕਤੇ ਡੋਡੇ
ਸਿਆਸੀ ਜੁਗਤਾਂ, ਮਿਲੀਆਂ ਭੁਗਤਾਂ
ਮਾੜੇ ਤੇ ਚੜ੍ਹਦੇ, ਕਿੱਲੋ ਨੂੰ ਫੜ੍ਹਦੇ
ਟਰੱਕ ਟਪਾਉਂਦੇ
ਅਫਸਰੀ ਬਾਤਾਂ, ਹੋਟਲੀਂ ਰਾਤਾਂ
ਇੱਜ਼ਤਾਂ ਟੰਗੀਆਂ, ਨਚਾਉਂਦੇ ਨੰਗੀਆਂ
ਛੋਟੀਆਂ ਸੋਚਾਂ, ਪੀਣ ਸਕੌਚਾਂ
ਪੈੱਗ ਮੰਗਾਉਂਦੇ
ਹਿੱਲੇ ਇਰਾਕ, ਮਰੇ ਜਵਾਕ
ਗਰਦਾਂ ਚੜ੍ਹੀਆਂ, ਬੰਦੂਕਾਂ ਫੜ੍ਹੀਆਂ
ਅਮਰੀਕੀ ਨੀਤੀ, ਮੋਢੇ ਤੇ ਫੀਤੀ
ਕਾਲਜੇ ਕਸਕਾਂ
ਭੁੱਲਕੇ ਮੱਦਾਂ, ਟੱਪਕੇ ਹੱਦਾਂ
ਚੀਨੀ ਚੜ੍ਹਗੇ, ਭਾਰਤ ਨੂੰ ਵੜਗੇ
ਰੂਸ ਤੇ ਪਾਕਿ, ਕਰਨਗੇ ਸਾਕ
ਸਾਂਝੀਆਂ ਮਸ਼ਕਾਂ
ਵਧੇ ਕਿਰਾਏ, ਚੰਗੇ ਦਿਨ ਆਏ
ਚੱਕਤੇ ਤੇਲ, ਬਣਾਤੀ ਰੇਲ
ਕਲਪੇ ਜੱਟ, ਲੰਮੇ ਨੇ ਕੱਟ
ਹੋਰ ਸਿਆਪੇ
ਮਹਿਕਮੇ ਡੱਕੇ, ਖੋਲ੍ਹਤੇ ਨੱਕੇ
ਰੁੜ੍ਹੇ ਜਵਾਕ, ਚੌਵੀ ਹਲਾਕ
ਕੱਢਣ ਲਕੀਰਾਂ, ਚੱਕ ਤਸਵੀਰਾਂ
ਉਡੀਕਣ ਮਾਪੇ
ਪੱਲੇ ਨਾ ਧੇਲੀ, ਜਵਾਨੀ ਵੇਹਲੀ
ਬੋਝੇ ਰੱਕੜਾਂ, ਛੱਡਦੇ ਯੱਕੜਾਂ
ਪੁਲਸ ਹੱਥ ਸੋਟੇ, ਰਾਖਵੇਂ ਕੋਟੇ
ਲਾਉਂਦੇ ਨੇ ਧਰਨੇ
ਲਮਕਗੇ ਮੁੱਦੇ, ਵੇਖਲੀਂ ਘੁੱਦੇ
ਸਣੇ ਕਸ਼ਮੀਰ, ਦੇਣਗੇ ਚੀਰ
ਫੇਰ ਜਨਾਬ, ਤੁਰੂ ਪੰਜਾਬ
ਬੰਨ੍ਹਕੇ ਪਰਨੇ

ਪਰਤਿਆਈਆਂ ਬੀਆਂ ਗੱਲਾਂ

ਪਰਤਿਆਈਆਂ ਬੀਆਂ ਗੱਲਾਂ.......ਭਾਊ ਏਕਰਾਂ ਫੇਰ ਪੜ੍ਹਿਆ ਜੇ
1. ਪੜ੍ਹੇ ਲਿਖੇ ਲੋਕਾਂ ਦਾ ਨਿੱਕਾ ਜਵਾਕ ਜਦੋਂ ਬੋਲਣ ਜੋਗਰਾ ਹੋ ਜਾਂਦਾ ਤਾਂ ਘਰ ਦੇ ਜੀਅ ਜਵਾਕ ਨੂੰ ਸਿਖਾਉਣਗੇ ,"ਬੇਟਾ ਅੰਕਲ ਕੋ ਨਮਸਤੇ ਬੋਲੋ, ਚਲੋ ਚਲੋ , ਪਾਪਾ ਕੋ ਬਾਏ ਬੋਲੋ ਬੇਟਾ"। ਤੇ ਜੂਜੇ ਪਾਸੇ ਜਦੋਂ ਪਿੰਡਾਂ ਆਲੇਆਂ ਦਾ ਜਵਾਕ ਬੋਲਣ ਜੋਗਾ ਹੁੰਦਾ ਉਹਨੂੰ ਅਈਂ ਪੁੱਛੀ ਜਾਣਗੇ ," ਓਏ ਛੋਹਰਾ ਅਾਪਣਾ ਕੱਟਾ ਕਿਮੇਂ ੜਿੰਗਦਾ ਓਏ ?
2. ਕੋਈ ਨਮੀਂ ਫਿਲਮ ਦੇਖਣ ਤੋਂ ਪਹਿਲਾਂ ਪੜ੍ਹੇ ਲਿਖੇ ਲੋਕ ਪੁੱਛਣਗੇ ,"ਡਾਇਰੈਕਟ ਕਿਸਨੇ ਕੀ ਆ? ਕੌਣਸੇ ਹੀਰੋ ਕੀ ਫਿਲਮ ਹੈ"। ਦੂਜੀ ਸੈੜ ਪਿੰਡਾਂ ਆਲੇ ਜਵਾਕ ਫਿਲਮ ਦੇਖਣ ਤੋਂ ਪਹਿਲਾਂ ਆਹੀ ਪੁੱਛਦੇ ਨੇ ,"ਪਰਧਾਨ ਲੜਾਈ ਕਿੰਨੀ ਕ ਆ "
3. ਪੜ੍ਹਿਆ ਲਿਖਿਆ ਬੰਦਾ ਜਦੋਂ ਜਵਾਕ ਦੇ ਸਕੂਲ ਜਾਂਦਾ ਤਾਂ ਕਹਿੰਦਾ ," ਰਮੇਸ਼ ਸਰ ਹਮਾਰੇ ਬੱਚੇ ਕੋ ਡਾਂਟੀਏ ਮਤ, ਪਿਆਰ ਸੇ ਪੜ੍ਹਾਨਾ ਇਸਕੋ।" ਜਦੋਂ ਪਿੰਡ ਆਲਾ ਬੰਦਾ ਸਕੂਲ ਜਾਂਦਾ ਤਾਂ ਉਈਂ ਆਖੀ ਜਾਊ ,"ਮਾਹਟਰਾ ਜੇ ਸਾਡਾ ਛੋਹਰ ਨਾ ਪੜ੍ਹਦਾ ਦਿਸੇ ਮਾਰ ਮਾਰ ਲੰਬ 'ਠਾਦੀਂ ਕੰਜਦੇ ਦੀ। ਜਵਾਕ ਡਰਦਾ ਕੋਲੇ ਐਂ ਖੜ੍ਹਾ ਹੁੰਦਾ ਜਿਮੇਂ ਫਾਟਕਾਂ ਤੋਂ ਗਾਂ ਡਰੀ ਹੁੰਦੀ ਆ.
4. ਕਾਲਜਾਂ ਸਕੂਲਾਂ ਦੇ ਰਿਜ਼ਲਟ ਆਉਂਦੇ ਨੇ , ਕਿਤੇ ਮਰਜ਼ੀ ਦੇਖਲਿਓ ਟੌਪਰਾਂ 'ਚ ਅਗਰਵਾਲ, ਮਿਸ਼ਰੇ, ਜਾਂ ਗੁਪਤੇ ਹੋਣਾਂ ਦੇ ਮੁੰਡੇ ਈ ਪਹਿਲ , ਦੁੱਗ ਤੇ ਆਉਂਦੇ ਨੇ। ਨਾਏ ਸਾਰੇਆਂ ਦੇ ਐਨਕਾਂ ਲਾਜ਼ਮੀ ਲੱਗੀਆਂ ਹੋਣਗੀਆਂ।
5. ਜਦੋਂ ਦਾ ਬਾਈ ਲਾਦੇਨ ਮੁੱਕ ਗਿਆ, ਓਦੋਂ ਦੀਆਂ ਅਜੀਤ ਅਰਗੇ ਅਖਬਾਰਾਂ ਕੋਲ ਖਬਰਾਂ ਵੀ ਹੈਨੀ ਛਾਪਣ ਨੂੰ । ਕੰਜਦੇ ਸਾਬਣ ਦੀ ਮਸ਼ਹੂਰੀ ਈ ਦਈ ਰੱਖਣਗੇ ਪਹਿਲੇ ਪੇਜ ਤੇ।
6. ਏਹਨਾਂ ਗਰਮੀ ਦੇ ਦਿਨਾਂ 'ਚ ਗਲੀ ਰਾਹ ਤੋਂ ਨੰਘਣ ਲੱਗਿਆ ਹਰੇਕ ਬੰਦਾ ਇੱਕ ਦੂਜੇ ਨੂੰ ਆਹੀ ਗੱਲ ਕਹਿੰਦਾ ,"ਕਿਮੇਂ ਆ ਜੋਰਿਆ, ਮੀਹ ਮੂੰਹ ਪਵਾਦੇ ਕੰਜਦੇਆ, ਐਨੀ ਗਰਮੀ ਕਰਾਈ ਆ"। ਊਈਂ ਲਾਂਭੇ ਦਈ ਜਾਣਗੇ ਡੱਕੇ ਬਏ।..........ਘੁੱਦਾ

Friday 20 June 2014

ਧਰਮ

ਏਸੇ ਸਾਲ ਦੇ ਮਾਰਚ ਮਹੀਨੇ ਅਸੀਂ ਹਜ਼ੂਰ ਸਾਬ੍ਹ ਗਏ ਬਏ ਸੀ।
ਹਜ਼ੂਰ ਸਾਹਬੋਂ ਮੁੜਦਿਆਂ ਰੇਲਗੱਡੀ ਮੱਧ ਪ੍ਰਦੇਸ਼ ਦੇ ਸ਼ਹਿਰ 'ਖੰਡਵਾ' ' ਦੇ ਟੇਸ਼ਨ ਤੇ ਆਕੇ ਰੁਕੀ। ਮੂੰਹ ਨੇਹਰੇ ਦਾ ਵੇਲਾ ਸੀ।। ਚਾਰ ਪੰਜ ਚੋਬਰ ਮੁਸਲਮਾਨ ਮੁੰਡੇ ਗੱਡੀਓਂ ਉੱਤਰੇ ਤੇ ਚਾਦਰ ਵਿਛਾ ਕੇ ਨਮਾਜ਼ ਅਦਾ ਕਰਨ ਲਾਗੇ। ਕੋਲ ਖੜ੍ਹਾ ਸਾਡਾ ਡੱਕਿਆ ਪੰਜਾਬੀ ਮੁਲਖ ਹਿੜ ਹਿੜ ਦੰਦ ਕੱਢੀ ਜਾਬੇ ਉਹਨ੍ਹਾਂ ਨੂੰ ਦੇਖਕੇ। ਮੁਸਲਮਾਨ ਮੁੰਡਿਆਂ ਦਾ ਢੰਗ ਵਧੀਆ ਲੱਗਾ ਸਾਨੂੰ । ਸਤਾਨਵਿਆਂ ਦਾ ਸੜਾ ਜਾ ਨੈੱਟ ਪੈਕ ਪਵਾਕੇ ਮੁਲਖ ਫੇਸਬੁੱਕ ਤੇ ਜੈਨੀਆਂ ਨੂੰ ਗਾਲ੍ਹਾਂ ਕੱਢਦਾ ਬੀ ਓਹ ਮੂੰਹ ਤੇ ਪੱਟੀਆਂ ਬੰਨ੍ਹਦੇ ਨੇ, ਥਾਂ ਸੁੰਭਰ ਕੇ ਬਹਿੰਦੇ ਨੇ, ਨੰਗੇ ਪੈਰ ਕਾਹਤੋਂ ਤੁਰਦੇ ਨੇ। ਤੁਸੀਂ ਜਰ ਡੋਡੇ ਲੈਣੇ ਆ ਅਗਲੇ ਦੇ ਧਰਮ ਤੋਂ। ਅਸੀਂ ਅੱਜ ਆਵਦੇ ਪਿਓ ਦੇ ਆਖੇ ਨਈਂ ਲੱਗਦੇ ਪਰ ਜੈਨੀ ਬੋਧੀ ਸਦੀਆਂ ਪਹਿਲਾਂ ਕਿਸੇ ਗੁਰੂ ਦੀ ਆਖੀ ਗੱਲ ਨੂੰ ਠੋਕ ਕੇ ਵਜਾਉਂਦੇ ਨੇ।
ਬਾਹਲੀਆਂ ਸਿਆਣਫਾਂ, ਸਮਝੌਤਿਆਂ, ਅਕਲਾਂ, ਦਲੀਲਾਂ, ਵਿਅੰਗਾਂ ਨਾਲ ਜ਼ਿੰਦਗੀ ਨਈਂ ਟੱਪਦੀ ਹੁੰਦੀ। ਗੱਲ ਗੱਲ ਤੇ ਟੋਕਾ ਟੋਕੀ , ਐਮੈਂ ਨਜ਼ੈਜ਼ ਕਿਸੇ ਧਰਮ ਖਿਲਾਫ ਲੇਖ ਲਿਖਕੇ ਫੇਸਬੁੱਕ ਤੇ ਆਵਦੀ ਵਾਹ ਵਾਹ ਕਰਾਉਣੀ ਕਿੱਧਰਲੀ ਭੱਦਰਕਾਰੀ ਆਲੀ ਗੱਲ ਆ।
ਕਈਂ ਫੇਸਬੁੱਕ ਤੇ ਵੇਖੇ ਆ ਕਹਿੰਦੇ ਬੀ "ਸਿੱਖ ਬਾਹਮਣ ਆ, ਏਹੇ ਮੀਟ ਨਈਂ ਖਾਂਦੇ" । ਖਾਓ ਮੀਟ ਕੋਈ ਚੱਕਰ ਨਈਂ, ਪਰ ਸਿੱਖਾਂ ਨੂੰ ਟਿੱਚਰ ਕਰਨੀ ਕੇਹੜੀ ਸਿਆਣਫ ਆ। ਨਿੱਤ ਮੁਰਗੇ ਦੀ ਦਾਲ ਨਾ ਰੋਟੀ ਖਾਣ ਆਲੇ ਡਾਕਟਰ ਤੋਂ ਟੀਕਾ ਲਵਾਉਣ ਵੇਲੇ ਆਪ ਚਿੱਤੜ ਜੇ ਕੱਠੇ ਕਰੀ ਜਾਣਗੇ। ਪਰਧਾਨ ਜਾਨ ਹਰਿੱਕ 'ਚ ਹੁੰਦੀ ਆ। ਜੋ ਮਰਜ਼ੀ ਖਾਓ ਪੀਓ ਪਰ ਦੂਜੇਆਂ ਦੇ ਧਰਮਾਂ ਨੂੰ ਟਿੱਚਰਾਂ ਨਾ ਕਰਿਆ ਕਰੋ, ਨਹੀਂ ਸੰਤਾਲੀ, ਚੌਰਾਸੀ ਦੂਰ ਨਹੀਂ....ਨਾਨਕ ਭਲੀਆਂ ਕਰੇ.....ਘੁੱਦਾ

ਸਾਡਾ ਸਾਂਝਾ ਪੰਜਾਬ

ਤੜਕੇ ਰੋਟੀ ਤੋਂ ਪਹਿਲਾਂ ਵੇਹੜੇ ਆਲਿਆਂ ਦਾ ਨਿੱਕਾ ਨਿਆਣਾ ਕੇਨੀ ਚਾਕੇ ਕਿਸੇ ਸਰਦੇ ਘਰ ਜਾਕੇ
ਆਖਦਾ ," ਅੰਬੋ , ਅੰਬੋ ਬਣਕੇ ਲੱਸੀ ਪਾਦੇ"
ਤਵੇ ਤੋਂ ਰੋਟੀ ਥੱਲਕੇ ਅੰਬੋ ਚਾਮਟੇ ਤੇ ਪਈ ਤੌੜੀ ਨੂੰ ਟੇਢੀ ਕਰਕੇ ਜਵਾਕ ਦੀ ਕੇਨੀ ਲੱਸੀ ਨਾ ਨੱਕੋ ਨੱਕ ਭਰ ਦੇਂਦੀ ਆ।
ਕਿਸੇ ਦੀ ਨਿੱਕੀ ਕੁੜੀ ਗਾਰੇ ਨਾਲ ਕੱਢੀ ਚਾਰ ਇੰਚੀ ਕੰਧ ਤੇ ਖਲੋ ਕੇ ਗਵਾਂਢਣ ਨੂੰ ਪੁੱਛਦੀ ਆ ,"ਚਾਚੀ ਤੁਸੀਂ ਕਾਹਦੀ ਦਾਲ ਧਰੀ ਆ? ਮੇਰੀ ਬੇਬੇ ਨੇ ਕਰੇਲੇ ਧਰੇ ਆ ਮੈਨੂੰ ਜਮੀਂ ਚੰਗੇ ਨਈਂ ਲੱਗਦੇ , ਚਾਚੀ ਬਣੇ ਮੈਨੂੰ ਥੋਡੇ ਘਰੋਂ ਦਾਲ ਦੀ ਕੌਲੀ ਦੇਦੇ"।
ਜਾਂ ਸੱਥ 'ਚ ਖੜ੍ਹੇ ਤਾਇਆ ਭਤੀਜਾ ਵੋਟਾਂ ਦੀ ਗੱਲ ਤੋਂ ਲੜ ਪੈਂਦੇ ਨੇ, ਗੁੱਭ ਗਲ੍ਹਾਟ ਕੱਢ ਕੇ ਘਰੋ ਘਰੀ ਤੁਰ ਜਾਂਦੇ ਨੇ। ਫੇਰ ਦੋ ਘੈਂਟਿਆ ਮਗਰੋਂ ਭਤੀਆ ਆਕੇ ਪੁੱਛਦਾ ,"ਤਾਇਆ ਜਰ ਥੋਡਾ ਸੁਹਾਗਾ ਵੇਹਲਾ ਜਰ, ਚਾਹੀਦਾ ਸੀ"। ਸੱਥ 'ਚ ਹੋਈ ਲੜਾਈ ਨੂੰ ਭੁੱਲਕੇ ਤਾਇਆ ਜਵਾਬ ਦੇਂਦਾ ," ਲੈਜਾ ਭਤੀਜ, ਤੈਥੋਂ ਸੁਹਾਗਾ ਚੰਗਾ ਕਿਤੇ, ਵਾੜੇ 'ਚ ਪਿਆ ਜਦੋਂ ਮਰਜ਼ੀ ਲੈਜੀਂ"।
ਆਹ ਨਿੱਕੀਆਂ ਨਿੱਕੀਆਂ ਗੱਲਾਂ ਪੰਜਾਬੀਆਂ ਦੀ ਸਾਂਝ ਵਧਾਉਂਦੀਂਆ ਨੇ, ਛੋਟੀਆਂ ਛੋਟੀਆਂ ਲੜਾਈਆਂ , ਠਰਕਾਂ, ਸਾਂਝਾਂ, ਬੀੜ੍ਹੀ ਬੱਟੇ ਈ ਪੰਜਾਬ ਨੂੰ ਜਿਓਦਾ ਕਰਦੇ ਨੇ। ਮਾਝਾ, ਮਾਲਵਾ, ਦੁਆਬਾ ਇੱਕ ਦੂਜੇ ਦੇ ਦੁੱਖ ਸੁੱਖ ਦੇ ਸੀਰੀ ਬਣਦੇ ਰਹੇ ਨੇ। ਔਖੇ ਸਮਿਆਂ ਵਿੱਚ ਸਾਰਾ ਮਾਲਵਾ ਮਾਝੇ ਦਾ ਹਸਪਤਾਲ ਹੁੰਦਾ ਸੀ। ਜੇ ਪੰਜਾਬ ਦੇ ਲੋਕ ਵਿਆਹਾਂ ਸਮੇਂ ਪਰੀਹੇ ਬਣਨਾ ਜਾਣਦੇ ਨੇ ਤਾਂ ਮਾੜੇ ਸਮੇਂ ਮੁਕਾਣਾਂ ਬਣ ਕੇ ਦੁੱਖ ਵੀ ਵੰਡਾਉਂਦੇ ਨੇ। ਨਾਨਕ ਦੀ ਖੜਾਂਵ ਦੇ ਖੜਕੇ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਵਾਇਆ ਹੁੰਦਾ ਹੋਇਆ ਪੰਜਾਬ ਅੱਜ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ। ਡਰਿਆ ਨਾ ਕਰੋ ਮੋਦੀ ਛੱਡੋ ਬਸ਼ੱਕ ਮੋਦੀ ਦਾ ਪਿਓ ਆਜੇ, ਗੁਰੂ ਘਰਾਂ ਦੇ ਨਿਸ਼ਾਨ ਇਓਂ ਈ ਝੁੱਲਦੇ ਰਹਿਣਗੇ....ਨਾਨਕ ਭਲੀਆਂ ਕਰੇ....ਘੁੱਦਾ

ਛਬੀਲਾਂ

ਕੇਰਾਂ ਨਰਮੇ ਕਰੰਡ ਹੋ ਹਟੇ। ਦੁਬਾਰੇ ਉੱਗਰ ਪੇ ਹੁਣ। ਝੋਨੇ 'ਚ ਪੰਜ ਸੱਤ ਦਿਨ ਹੈਗੇ ਨੇ ਹਲੇ।
ਓਤੋਂ ਅੱਗ ਲਾਉਂਦਾ ਜੂਨ ਮਹੀਨਾ ਚੜ੍ਹ ਪਿਆ। ਤੱਤੀ ਲੋਅ ਪਿੰਡਾ ਸਾੜਦੀ ਆ ਤੇ ਚੁਰਾਸੀ ਦੀ ਅੱਗ ਕਾਲਜੇ।
ਹੁਣ ਸਾਡੇ ਲੋਕ ਉਗਰਾਹੀ ਕਰਕੇ ਬੱਸ ਅੱਡੇਆਂ ਤੇ ਤਖਤਪੋਸ਼ ਰੱਖਕੇ, ਵੱਡੇ ਲੀਲੇ ਡਰੰਮਾਂ 'ਚ ਰੂਹ ਅਫਜੇ ਦੀ ਬੋਤਲਾਂ ਘੋਲਕੇ ਛਬੀਲਾਂ ਲਾ ਰਹੇ ਨੇ। ਤੋਕੜ ਮੈਸ੍ਹਾਂ ਦਾ ਗਾਰ ਅਰਗਾ ਸੰਘਣਾ ਦੁੱਧ ਛਬੀਲ ਦੇ ਜਲ ਨੂੰ ਗੁਲਾਬੀ ਰੰਗਤ ਬਖਸ਼ਦਾ। ਬੱਸਾਂ ਗੱਡੀਆਂ ਨੂੰ ਰੋਕ ਰੋਕ ਪਾਣੀ ਪਿਆਇਆ ਜਾਂਦਾ। ਨੈਰੋ ਪਜਾਮਿਆਂ ਦੇ ਪਹੁੰਚੇ ਹੇਠੋਂ ਮੋੜਕੇ ਸ਼ੌਕੀਨ ਮੁਲਖ ਸੇਵਾ ਕਰਦਾ। ਤੇਜ਼ ਗੱਡੀਆਂ ਆਲੇ ਕਈ ਆਰੀ ਨਹੀਂ ਰੋਕਦੇ ਬੀ ਕਿਤੇ ਸ਼ੀਸ਼ਾ ਖੋਲ੍ਹੇ ਤੋਂ ਕੂਲਿੰਗ ਬਾਹਰ ਨਾ ਬਗਜੇ।
ਸ਼ਕੂਟਰ, ਮੋਟਰਸ਼ੈਕਲ ਆਲੇ ਮਾਤੜ੍ਹਾਂ ਨੂੰ ਛਬੀਲ ਦਾ ਪਾਣੀ ਪੰਡਤਾਂ ਦੀ ਖੀਰ ਅੰਗੂ ਮਿਲਦਾ। ਕਈ ਫੇਸਬੁੱਕੀ ਵਿਦਵਾਨ ਛਬੀਲ ਤੇ ਜਾਕੇ ਕੂਹਣੀ ਜਿੱਡੇ ਤਿੰਨ ਤਿੰਨ ਗਲਾਸ ਸੜ੍ਹਾਕ ਜਾਂਦੇ ਨੇ ਨਾਲੇ ਘਰੇ ਜਵਾਕਾਂ ਜੋਗਰਾ ਪਾਣੀ ਡੋਲੂ 'ਚ ਪਵਾ ਲਿਆਉਂਦੇ ਨੇ। ਤੇ ਮੁੜਨ ਲੱਗੇ ਪੜਦੇ ਜੇ ਨਾਲ ਰੂ ਆਫਜੇ ਦੀਆਂ ਖਾਲੀ ਬੋਤਲਾਂ ਗਾਸ ਲਿਆਉਂਦੇ ਆ ਬੀ ਬੋਤਲਾਂ ਬੱਟੇ ਕੁਲਫੀ ਆਲੇ ਤੋਂ ਕੁਲਫੀਆਂ ਖਾਮਾਂਗੇ।
ਫੇਰ ਐਹੇ ਜੇ ਸ਼ਖਸ਼ ਘਰੇ ਆਕੇ ਕੰਮੂਟਰ ਮੂਹਰੇ ਬਹਿਕੇ ਸਟੇਟਸ ਲਿਖਦੇ ਨੇ ਬੀ ਡੱਕੇ ਸਿੱਖ ਛਬੀਲਾਂ ਲਾਕੇ ਟਰੈਫਿਕ ਡਿਸ਼ਟਰਬ ਕਰਦੇ ਨੇ, ਏਹ ਫਜ਼ੂਲ ਖਰਚੀ ਆ ਜੀ।
ਸੁੱਥਣਾਂ ਸਵਾਉਣ ਆਲੇ ਮੂਤਣ ਨੂੰ ਰਾਹ ਪਹਿਲਾਂ ਰੱਖਦੇ ਨੇ। ਜੇ ਸਾਡੇ ਕਮਲੇ ਨਿਹੰਗ ਛਬੀਲਾਂ ਲਾਉਂਦੇ ਨੇ ਤਾਂ ਪੱਲਿਓਂ ਪੈਸੇ ਖਰਚਕੇ ਰਾਹੀਆਂ ਨੂੰ ਮਿੱਠਾ ਪਾਣੀ ਪਿਆਉਂਦੇ ਨੇ।
ਅੱਤ ਦੀ ਗਰਮੀ 'ਚ ਠੰਡਾ ਪਾਣੀ ਪੀਕੇ ਅਗਲੇ ਦਾ ਢਿੱਡ 'ਸੀਸਾਂ ਦੇਂਦਾ ਜਾਂਦਾ।
ਸਿਆਣੇ, ਸੂਝਵਾਨ ਤੇ ਦਲੀਲੀ ਲੋਕਾਂ ਤੋਂ ਦੂਰ ਰਿਹੋ, ਕਮਲੇ ਬੂਝੜ ਲੋਕਾਂ ਨਾਲ ਯਾਰੀ ਰੱਖੋ।
ਦੱਬੀ ਆਓ ਕਿੱਲੀ.....ਬਾਕੀ ਸਰਬੰਸਦਾਨੀ ਆਪਣੇ ਨਾਲ ਆ....ਘੁੱਦਾ

ਅਕਾਲ ਤਖਤ ਸਾਹਬ

ਸ੍ਰੀ ਅਕਾਲ ਤਖਤ ਸਾਹਬ। ਗੱਲ ਤਾਂ ਕੁਛ ਵੀ ਨਹੀਂ। ਜੇ ਅਕਾਲ ਤਖਤ ਸ਼ੀਮੈਂਟ, ਬੱਜਰੀ, ਇੱਟਾਂ, ਸਰੀਏ ਨਾਲ ਬਣੀ ਸਿਰਫ ਇਮਾਰਤ ਈ ਹੁੰਦੀ ਤਾਂ ਗੱਲ ਕਦੋਂ ਦੀ ਭੁੱਲ ਭੁਲਾ ਜਾਂਦੇ। ਦਸ ਜਮਾਤਾਂ ਪਾਸ ਕਰਕੇ ਚਾਰ ਹੋਰ ਕਿਤਾਬਾਂ ਪੜ੍ਹਕੇ ਜਦੋਂ ਕੋਈ ਆਵਦੀ ਵਿਦਵਤਾ ਦੇ ਹੰਕਾਰ 'ਚ ਅਕਾਲ ਤਖਤ ਸਾਹਬ ਬਾਰੇ ਉੱਚਾ ਨੀਮਾਂ ਬੋਲਦਾ ਤਾਂ ਇਓਂ ਲੱਗਦਾ ਜਿਮੇਂ ਕਿਸੇ ਨੇ ਚਾਰ ਬੰਦੇਆਂ ਦੀ ਸਾਨੂੰ ਭੈਣ ਦੀ ਗਾਲ੍ਹ ਕੱਢੀ ਹੋਵੇ।
ਛੇ ਜੂਨ , ਉੱਨੀ ਸੌ ਚੁਰਾਸੀ। ਗੱਲ ਏਥੇ ਵੀ ਨਹੀਂ ਮੁੱਕੀ।
ਜਦੋਂ ਯੂਪੀ , ਦਿੱਲੀ ਬੰਨੀਂ ਗਏ ਹੋਈਏ ਤਾਂ ਓਧਰਲੇ ਬੰਦੇ ਮੂੰਹ 'ਚ ਸੌ ਗਰਾਮ ਤਲਬ ਚੱਬਕੇ ਸਿੱਖ ਦੇ ਪੈਰ ਲਿਵੇ ਥੁੱਕ ਦੀ ਪਿਚਕਾਰੀ ਮਾਰਨਗੇ ਨਾਲੇ ਆਖਣਗੇ ,"ਏ ਸਰਦਾਰ ਦਿਖਤਾ ਨਈਂ ਕਿਆ"?
ਚਾਂਦਨੀ ਚੌਂਕ ਉੱਤਰਕੇ ਜਦੋਂ ਗੁਰਦੁਆਰਾ ਸੀਸ ਗੰਜ ਵੱਲ ਨੂੰ ਜਾਈਦਾ ਤਾਂ ਬੇਹੱਦ ਟਰੈਫਿਕ ਹੁੰਦੀ ਆ। ਭੀੜ ਭੜੱਕ , ਧੱਕਾ- ਮੁੱਕੀ ਵੇਖਕੇ ਸੋਚੀਦਾ ਬੀ ਪਰਧਾਨ ਰੱਬ ਨਾ ਕਰੇ ਜੇ ਹੁਣ ਫੇਰ ਚੁਰਾਸੀ ਵਾਪਰਦਾ ਤਾਂ ਸਿੱਖਾਂ ਦੇ ਬਚਣ ਨੂੰ ਥਾਂ ਅੱਜ ਵੀ ਹੈਨੀ।
ਭਾਰਤ ਮਾਂ ਦੇ ਮਤੇਏ ਪੁੱਤ ਪੰਜਾਬ ਨਾਲ ਦਰਿਔਤ ਈ ਹੁੰਦੀ ਆ । ਪੰਜਾਬ ਦਾ ਬੰਦਾ ਬਾਹਰਲੇ ਸੂਬੇ 'ਚ ਜ਼ਮੀਨ ਲੈਕੇ ਪੋਲੇ ਪੈਰੀਂ ਆਵਦੇ ਨਾਂ ਨਈਂ ਕਰਾ ਸਕਦਾ । ਪਰ ਪੰਜਾਬ ਨੂੰ ਜੇਹੜਾ ਮਰਜ਼ੀ ਬੈਅ ਖਰੀਦਲੇ। ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਭਰਤੀਆਂ ਵਿੱਚ ਪੰਜਾਬ ਮੁਕਾਬਲੇ ਹਰਿਆਣੇ ਨੂੰ ਪਹਿਲ ਆ। ਅਸੀਂ ਹਰਿਆਣੇ ਖਿਲਾਫ ਨਹੀਂ ਪਰ ਪੰਜਾਬ ਵਿਚਾਰਾ ਕਿੱਥੇ ਜਾਵੇ ਰੁਜ਼ਗਾਰ ਖਾਤਰ।
ਤਾਂਹੀ ਕਿਹਾ ਗੱਲ ਉੱਨੀ ਸੌ ਚੁਰਾਸੀ ਤੇ ਨਹੀਂ ਮੁੱਕਦੀ, ਘੱਲੂਘਾਰੇ ਜਾਰੀ ਨੇ।
ਨਾਨਕ ਭਲੀਆਂ ਕਰੇ ,ਫੇਰ ਓਹੀ ਸਮਾਂ ਨਾ ਆਵੇ ਬੀ ਪੰਜਾਬ ਦੇ ਗੱਭਰੂਆਂ ਦੇ ਪਿੰਡੇ ਤੇ ਕਮਾਦਾਂ ਦੇ ਚੀਰ ਪੈਣ, ਤਾੜ ਤਾੜ ਚੱਲਦੇ ਫੈਰਾਂ ਦੇ ਖੜ੍ਹਾਕ ਮਾਵਾਂ ਨੂੰ ਨਾ ਸੁਨਣੇ ਪੈਣ। ਕੱਲੇ ਪੰਜਾਬ ਦਾ ਨਹੀਂ ਸਰਬੰਸਦਾਨੀ ਸਰਬੱਤ ਦਾ ਭਲਾ ਕਰੇ....ਘੁੱਦਾ

ਚਾਰ ਦਾ ਛੰਦ

ਕਾਲਜੇ ਸੜੇ, ਆਪੋ 'ਚ ਲੜੇ
ਤਖਤ ਤੇ ਚੜ੍ਹੇ, ਤਮਾਸ਼ੇ ਬੜੇ
ਪੰਥ ਨੇ ਕਰਤੇ
ਅਕਲੋਂ ਨੰਗ, ਕਸੂਤੇ ਢੰਗ
ਲਾਹਤੀ ਸੰਗ, ਘਰੇਲੂ ਜੰਗ
ਤੇ ਭਾਣੇ ਵਰਤੇ
ਕੁੱਕੜ ਲੜਾਈਆਂ, ਪੱਗਾਂ ਲਹਾਈਆਂ
ਤੇਗਾਂ ਵਾਹੀਆਂ, ਝੇਡਾਂ ਕਰਾਈਆਂ
ਚੁਫੇਰੇ ਚਰਚੇ
ਵਿੱਚੇ ਸਦਾਲੇ, ਮੀਡੀਆ ਵਾਲੇ,
ਕੈਮਰੇ ਲਾਲੇ, ਤਖ਼ਤ ਦੁਆਲੇ
ਤੇ ਹੋਗੇ ਪਰਚੇ
ਹੁੰਦੇ ਨੇ ਬੋਕ, ਸਿਆਸੀ ਲੋਕ
ਪਿੰਡੇ ਤੇ ਜੋਕ, ਹੱਕਾਂ ਨੂੰ ਰੋਕ
ਹਮੇਸ਼ਾ ਲਾਉਂਦੇ
ਕਾਹਦੇ ਮੀਤ, ਬਦਲਗੀ ਨੀਤ
ਛੱਡਕੇ ਰੀਤ, ਚਿੱਟੇ ਦੇ ਗੀਤ
ਗਾਇਕ ਨੇ ਗਾਉਂਦੇ
ਪਾਹੜੇ ਖਰਾਬ, ਨੇਫੇ ਸ਼ਰਾਬ
ਕਾਹਦਾ ਪੰਜਾਬ, ਡੁੱਲ੍ਹੇ ਤੇਜ਼ਾਬ
ਤੇ ਬਣਦੀ ਸੁਰਖੀ
ਜਿੱਤਗੀ ਬੋਦੀ, ਚੱਕਕੇ ਗੋਦੀ
ਬਣਾਤਾ ਮੋਦੀ, ਚੁੱਪ ਵਿਰੋਧੀ
ਮੰਨਗੇ ਘੁਰਕੀ
ਬਾਡਰੋਂ ਪਾਰ, ਲੰਘਕੇ ਤਾਰ
ਕਰਦੇ ਵਾਰ, ਕੁੜੀ ਦੇ ਜਾਰ
ਉਲਝਗੇ ਮੁੱਦੇ
ਚੁਫੇਰਿਓਂ ਘੇਰਾ, ਕੌਮ ਤੇ ਨੇਹਰਾ
ਪਰਖਦੇ ਜੇਰਾ, ਛੰਦ ਲੰਮੇਰਾ
ਰੋਕਦੇ ਘੁੱਦੇ

Friday 23 May 2014

ਤੇਜਾ ਤੇ ਜੀਤੋ

ਚੜ੍ਹਦੇ ਸੂਰਜ ਦੀ ਤਿੱਖੀ ਧੁੱਪ ਬੋਹੜ ਦੇ ਪੱਤਿਆਂ ਵਿੱਚੋਂ ਛਣਕੇ
ਪਰੈਮਰੀ ਸਕੂਲ ਦੇ ਖੁੱਲ੍ਹੇ ਵੇਹੜੇ ਵਿੱਚ ਜਾ ਖਿੱਲਰਦੀ
ਦੋਂਹ ਗੁੱਤਾਂ ਤੇ ਲਾਲ ਰੀਬਨ ਪਾਉਣ ਆਲੀ ਨਿੱਕੀ ਜੀਤੋ
ਯੂਰੀਏ ਦਾ ਖਾਲੀ ਗੱਟਾ ਵਿਛਾਕੇ ਤੇਜੇ ਜੋਗੀ ਥਾਂ ਮੱਲ ਲੈਂਦੀ
ਸ਼ੈਕਲ ਰੋੜ੍ਹੀ ਲਿਆਉਂਦੇ ਤੇਜੇ ਨੂੰ ਵੇਖ ਜੀਤੋ ਨੇ ਵਾਜ਼ ਮਾਰੀ
"ਆਜਾ ਤੇਜੇ ਮੈਂ ਤੇਰੇ ਜੋਗਰੀ ਥਾਂ ਮਲੱਕੀ ਆ"
ਝੋਲਾ ਮੋਢਿਓਂ ਲਾਹੁੰਦਿਆਂ ਤੇਜੇ ਨੇ ਖੁਸ਼ੀ ਦੱਸੀ
"ਜੀਤੋ ਮੈਂ ਕੈਂਚੀ ਸਿੱਖ ਗਿਆ ਸ਼ੈਕਲ ਦੀ, ਹੁਣ ਕਾਠੀ ਚਲਾਊਂਗਾ"
ਇੱਕੋ ਦਵਾਤ 'ਚੋਂ ਸ਼ਾਹੀ ਨਾਲ ਕਲਮਾਂ ਭਿਓਂ ਦੋਂਹੇ 'ਪੈਂਤੀ ਅੱਖਰੀਂ' ਲਿਖਦੇ
"ਹੈਂ ਨੀਂ ਜੀਤੋ , ਣਾਣੇ ਮੇਨੇ ਕੀ ਹੁੰਦਾ" ਤੇਜੇ ਨੇ ਪੁੱਛਿਆ
ਪੁੱਠੇ ਹੱਥ ਨਾ ਮੂੰਹ ਪੂੰਝ ਜੀਤੋ ਨੇ ਜਵਾਬ ਦਿੱਤਾ
"ਣਾਣਾ ਤਾਂ ਖਾਲੀ ਹੁੰਦਾ ਜਮਾਂ ਈ, ਨਾਲੇ ਤੂੰ ਪੜ੍ਹਕੇ ਵੱਡਾ ਅਪਸਰ ਬਣੀਂ,
ਆਪਾਂ ਦੋਮੇਂ ਵੱਡੋ ਹੋਕੇ ਵਾਹ ਕਰਾਮਾਂਗੇ"
ਚਾਅ ਨਾਲ ਤੇਜੇ ਨੇ ਗੀਤ ਛੇੜਿਆ, "ਇੱਕ ਤਾਰਾ ਵੱਜਦਾ ਵੇ...."
ਸਮਾਂ ਬੀਤਣ ਲੱਗਾ
ਸਕੂਲ ਦੇ ਬੋਹੜ ਦੀ ਜਗਾ ਬਹੁਮੰਜ਼ਲੀ ਇਮਾਰਤ ਬਣੀ
ਤੇਜਾ ਸ਼ੈਹਰ ਜਾ ਕੇ ਕਾਲਜ ਦਾਖਲ ਹੋਇਆ
ਪੀਰਡ ਲੈਕਚਰ ਬਣੇ, ਤੇ ਭੈਣਜੀਆਂ ਪਰੋਫੈਸਰ ਬਣੀਆਂ
ਉੱਚ ਪੜ੍ਹਾਈਆਂ ਕਰਕੇ ਤੇਜਾ ਨੌਕਰੀਆਂ ਲੱਭਣ ਲੱਗਾ
ਫਾਰਮ ਕਾਲੇ ਕਰ ਕਰ ਭੇਜਦਾ ਰਿਹਾ
ਤੇਜਾ ਅਫਸਰਾਂ ਨੂੰ ਚਾਹ ਪਾਣੀ ਨਾ ਦੇ ਸਕਿਆ
ਦਸਮੀਂ ਦੇ ਸਰਟੀਫਿਕੇਟ ਮੁਤਾਬਕ ਜੀਤੋ ਸਤਾਈ ਵਰ੍ਹਿਆਂ ਦੀ ਹੋਈ
ਵਿਆਹ ਦੀ ਗੱਲ ਤੁਰਦਿਆਂ ਜੀਤੋ ਨੇ ਬਾਪੂ ਮੂਹਰੇ ਤੇਜੇ ਦਾ ਜ਼ਿਕਰ ਕੀਤਾ
ਦੋ ਕਿੱਲੇ ਜ਼ਮੀਨ ਦਾ ਮਾਲਕ ਤੇਜਾ ਜੀਤੋ ਦੇ ਪਿਓ ਨੂੰ ਨਾਪਸੰਦ ਸੀ
ਘੱਟ ਕਮਾਈ ਤੇ ਬੇਰੁਜ਼ਗਾਰੀ ਤੇਜੇ ਦੇ ਇਸ਼ਕ ਤੇ ਭਾਰੂ ਬਣੀ
ਅੱਜ ਜੀਤੋ ਦਾ ਵਿਆਹ ਸੀ
ਸੱਥ 'ਚ ਬੈਠਿਆਂ ਮੁੰਡਿਆਂ ਤੇਜੇ ਨੂੰ ਟਕੋਰ ਲਾਈ
"ਤੂੰ ਤੇਜਿਆ ਕਿਮੇਂ ਬੋਤੇ ਅੰਨੂੰ ਬੁੱਲ੍ਹ ਸਿੱਟੇ ਆ?"
ਭਰੇ ਗੱਚ ਨਾ ਤੇਜੇ ਤੋਂ ਬੋਲ ਨਾ ਹੋਇਆ
ਕਸੀਆ ਚੁੱਕ ਖੇਤ ਨਰਮੇ 'ਚੋਂ ਕੱਖ ਮਾਰਨ ਚਲਾ ਗਿਆ
ਆਥਣੇ ਚਾਰ ਕ ਵਜੇ ਪਿੰਡ ਬੰਨੋਂ ਫੁੱਲਾਂ ਨਾ ਸਜੀ
ਗੱਡੀ ਫਿਰਨੀ ਮੁੜਕੇ ਪੱਕੀ ਸੜਕੇ ਪੈ ਗਈ
ਸੈਂਕੜੇ ਮਣ ਬੋਝ ਲੈਕੇ ਜੀਤੋ ਸਿਓਨੇ ਨਾ ਲੱਦੀ ਬੈਠੀ ਸੀ
ਕਸੀਏ ਦੇ ਬਾਂਹੇ ਤੇ ਠੋਡੀ ਰੱਖ ਤੇਜਾ ਵੇਂਹਦਾ ਰਿਹਾ
ਕੋਲ ਖੜ੍ਹੀ ਟਾਹਲੀ ਤੋਂ ਕੋਈ ਜਨੌਰ ਉੱਡਿਆ
ਅੱਖਾਂ 'ਚੋਂ ਕੈਦ ਅੱਥਰੂਆਂ ਨੇ ਸਬਰ ਤੋੜਿਆ
ਮੂਕੇ ਦੇ ਲੜ ਨਾਲ ਅੱਖਾਂ ਪੂੰਝ ਭਰੇ ਗੱਚ ਨਾਲ
ਤੇਜੇ ਨੇ ਗੀਤ ਛੇੜਿਆ
"ਇੱਕ ਤਾਰਾ ਵੱਜਦਾ ਵੇ".........ਘੁੱਦਾ

ਪੰਜਾਬ ਦੀ ਚੋਰੀ

ਕੇਰਾਂ ਕਿਸੇ ਬਾਣੀਏ ਦੀ ਪ੍ਰਚੂਨ ਦੀ ਹੱਟ ਤੇ ਚੋਰੀ ਹੋਗੀ। ਚੋਰ ਕੰਜਦੇ ਦਾਲਾਂ ਦੂਲਾਂ , ਮਿਰਚ ਮਸਾਲੇ ਬਿੱਚੇ ਤੱਕੜੀ ਬੱਟੇ ਲੈਗੇ ਚਾਕੇ।
ਲਾਗੇ ਤਾਗੇ ਦੇ ਸਾਰੇ ਬਾਣੀਏ ਤੇ ਹੋਰ ਲਿਹਾਜ਼ ਢਾਬ ਆਲੇ ਪਤਾ ਲੈਣ ਆਉਣ ਬੀ ਪੁੱਛੀਏ ਕਿੰਨਾ ਕ ਨੁਕਸਾਨ ਹੋਇਆ ਬਾ।
ਬਾਣੀਏ ਲਿਵੇ ਮੂੰਗਫਲੀ ਦੀ ਬੋਰੀ ਪਈ ਸੀਗੀ। ਜੇਹੜਾ ਪਤਾ ਲੈਣ ਆਇਆ ਕਰੇ ਆਉਣ ਸਾਰ ਬੋਰੀ 'ਚੋਂ ਮੂੰਫਲੀ ਦਾ ਬੁੱਕ ਭਰਕੇ ਗਪਲ ਗਪਲ ਖਾ ਜਿਆ ਕਰੇ। ਬਾਣੀਏ ਨੇ ਠਾਣੇ ਰਪਟ ਲਿਖਾਤੀ। ਪੁਲਸ ਆਲੇ ਮੌਕਾ ਦੇਖਣ ਆਗੇ, ਪਸੇਰੀ ਪੱਕੀ ਮੂੰਫਲੀ ਪੁਲਸੀਏ ਸੁੰਭਰਗੇ ਗੱਲਾਂ ਗੱਲਾਂ 'ਚ। ਆਥਣੇ ਜੇ ਪਿੰਡ ਬਾਣੀਏ ਦੇ ਲਿਹਾਜ਼ੀ ਜੱਟ ਬੂਟ ਨੂੰ ਬਿੜਕ ਲਾਗੀ ਬੀ ਬਾਣੀਏ ਦੇ ਚੋਰੀ ਹੋਗੀ। ਜੱਟ ਪਤਾ ਲੈਣ ਆਗਿਆ। ਆਕੇ ਬੋਰੀ 'ਚੋਂ ਮੂੰਫਲੀ ਦਾ ਬੁੱਕ ਭਰਕੇ ਕੈਂਹਦਾ, "ਲਾਲਾ ਮਾੜੀ ਕਰੀ ਸਹੁਰਿਆਂ ਨੇ, ਕਿੰਨਾ ਕ ਨਸ਼ਕਾਨ ਹੋਗਿਆ ਭਲਾ?"
ਬਾਣੀਆ ਕੈਂਹਦਾ," ਜੋਰਾ ਸਿੰਹਾਂ ਨਸ਼ਕਾਨ ਤਾਂ ਹਜੇ ਹੋਈ ਜਾਂਦਾ , ਪਤਾ ਲੈਣ ਆਇਆ ਮੁਲਖ ਮੂੰਫਲੀ ਦੀ ਬੋਰੀ ਮੁਖਤ 'ਚ ਈ ਸੁੰਭਰ ਗਿਆ"।
ਆਹੀ ਹਾਲਾਤ ਪੰਜਾਬ ਦੇ ਨੇ। ਚੁੁਰਾਸੀ ਸਮੇਂ ਡਾਕੂਆਂ ਨੇ ਪੰਜਾਬ ਲੁੱਟਿਆ ਸੀ। ਨੁਕਸਾਨ ਹਲੇ ਤੱਕ ਹੋਈ ਜਾਂਦਾ।
ਕਦੇ ਬਾਦਲ ਕਾ ਭਣੋਈਆ ਮੋਦੀ ਚੁਰਾਸੀ ਮੁੱਦੇ ਤੇ ਸਿੱਖਾਂ ਨੂੰ ਬਿਰਿਆ ਕੇ ਵੋਟਾਂ ਮੰਗਦਾ ਤੇ ਕਦੇ ਇਟਲੀ ਦਾ ਦੋਹਤਾ ਰਹੌਲ ਗਾਂਧੀ ਭਾਜਪਾ ਨੂੰ ਜੁੰਮੇਆਰ ਕੈਂਹਦਾ। ਸਾਡੇ ਪੱਗਾਂ ਆਲੇ ਸਿੱਖ ਝਖੇੜੇ 'ਚ ਆਈ ਬੱਕਰੀ ਅੰਗੂ ਔਟਲੇ ਫਿਰਦੇ ਨੇ ਕਦੇ ਪੱਗ ਦਾ ਰੰਗ ਬਦਲ ਲੈਂਦੇ ਨੇ ਤੇ ਕਦੇ ਟੋਪੀ ਸਿਰ ਧਰਦੇ ਨੇ । ਵਾਗਰੂ ਜਾਣੇ ਨੁਕਸਾਨ ਕਦ ਤੱਕ ਹੋਣਾ। ਨਾਨਕ ਭਲੀਆਂ ਕਰੇ....ਘੁੱਦਾ

ਭਗਵੰਤ ਮਾਨ ਉਰਫ ਜੁਗਨੂੰ

1997- 98 ਦੀਆਂ ਗੱਲਾਂ ਨੇ। ਕੈਹਰੇ ਜੇ ਜੁੱਸੇ ਤੇ ਗਿੱਚੀ ਤੱਕ ਲੰਮੇ ਵਾਲਾਂ ਆਲਾ ਮੁੰਡਾ ਜਲੰਧਰ ਦੂਰਦਰਸ਼ਨ ਤੇ ਗੀਤ ਗਾਉਂਦਾ ਹੁੰਦਾ ਸੀ, "ਹਰ ਕੁੜੀ ਨੂੰ ਮਸ਼ੂਕ ਕਹਿਣ ਵਾਲੇਓ , ਥੋੜ੍ਹੀ ਬਹੁਤ ਸ਼ਰਮ ਕਰੋ"।
ਫੇਰ ਏਹੀ ਮੁੰਡਾ ਭਗਵੰਤ ਮਾਨ ਦੇ ਨੌਂ ਨਾਲ "ਕੁਲਫੀ ਗਰਮਾ ਗਰਮ" ਅਰਗੇ ਡਾਇਲੌਗਾਂ ਨਾ ਮਸ਼ਹੂਰ ਹੋਇਆ।
ਬੀਬੀ ਭੂਆ, ਝੰਡਾ ਅਮਲੀ ਜੇਹੇ ਪੇਡੂੰ ਪਾਤਰਾਂ ਦੀ ਸਿਰਜਣਾ ਕਰਕੇ ਉਹਨ੍ਹਾਂ ਰਾਹੀਂ ਠੇਠ ਮਲਵਈ ਭਾਸ਼ਾ ਬੋਲਦਾ ਰਿਹਾ।
ਕੈਸ਼ਟਾਂ ਆਲੇ ਨੂੰ ਬੀਹ ਰੁਪਈਏ ਦੇਕੇ ਭਗਵੰਤ ਮਾਨ ਦੀਆਂ ਰੀਲਾਂ ਭਰਾਉਂਦੇ ਹੁੰਦੇ ਸੀ। ਪਿੰਡ ਸਤੌਜ ਦੇ ਗੱਭਰੂ ਦੀ ਕਾਮੇਡੀ ਪੰਜਾਬੀਆਂ ਦੇ ਬੱਖਲ ਕੱਠੇ ਕਰਦੀ ਰਹੀ। ਬੀਨੂੰ ਢਿੱਲੋਂ, ਜੱਗੀ ਤੇ ਅਨਮੋਲ ਅਰਗੇ ਨਮੇਂ ਕਾਮੇਡੀ ਮੁੰਡੇ ਭਗਵੰਤ ਮਾਨ ਦੀ ਈ ਪੈਦਾਇਸ਼ ਨੇ। ਪਰੈਮਰੀ ਸਕੂਲਾਂ ਦੇ ਸੀਨ ਤੇ ਹੋਰ ਹਾਸੇ ਆਲੀਆਂ ਵੀਡੀਓ ਕਲਿੱਪਾਂ ਹਰਿੱਕ ਦੇ ਫੂਨਾਂ 'ਚ ਆਮ ਹੁੰਦੀਆਂ ਨੇ। ਭਗਵੰਤ ਮਾਨ ਮੁੱਢੋਂ ਈ ਲੋਕਾਂ ਦਾ ਕਲਾਕਾਰ ਬਣਿਆ ਰਿਹਾ, ਤਾਹੀਂ ਬੇਬੇ ਅਰਗੀਆਂ ਟੀਵੀ ਤੇ ਪੜੱਕ ਦਿਨੇ ਭਗੰਤ ਮਾਨ ਨੂੰ ਸਿਆਹਣ ਲੈਂਦੀਆਂ।
ਛਣਕਾਟੇ ਆਲੇ ਪਰੋਫੈਸਰਾਂ ਅੰਗੂ ਦੋ ਅਰਥੀ ਕਾਮੇਡੀ ਕਰਕੇ ਭਗਵੰਤ ਮਾਨ ਨੇ ਪੈਸੇ ਨਈਂ ਕਮਾਏ। ਫਿਲਮਾਂ 'ਚ ਇੱਜ਼ਤਦਾਰ ਜਾ ਕੰਮ ਕੀਤਾ ਸਾਰੇ ਕਿਤੇ। ਕੋਈ ਉਮੀਦਵਾਰ ਜਿਤਣ ਮਗਰੋਂ ਬਸ਼ੱਕ ਬਦਲਜੇ ਪਰ ਆਪਣਾ ਚਿੱਤ ਆਖਦਾ ਭਗਵੰਤ ਮਾਨ ਲੋਕਾਂ ਈ ਬਣਕੇ ਰਹੂਗਾ।
ਤੀਹ ਨੂੰ ਵੋਟਾਂ ਪੈਣੀਆਂ ਤੇ ਸੋਲ੍ਹਾਂ ਨੂੰ ਕੱਟੀ ਕੱਟਾ ਨਿਕਲ ਜਾਣਾ। ਬਾਹਲੇ ਜਾਬਾਂ ਦੇ ਭੇੜ 'ਚ ਪੈਣ ਦੀ ਲੋੜ ਨਈਂ। ਫੇਸਬੁੱਕ ਤੇ ਜਿੰਨੇ ਵੀ ਗੱਭਰੂ ਸੰਗਰੂਰ ਹਲਕੇ ਦੇ ਸਾਡੇ ਨਾਲ ਜੁੜੇ ਬਏ ਨੇ ਇੱਕੋ ਮਿੰਨਤਬਾੜੀ ਆ, "ਬਸ ਪਰਧਾਨ ਸਿਰਾ ਈ ਕਰਾਦੋ ਐਰਕੀਂ"। ਜੁਗਨੂੰ ਜਿੱਤਣਾ ਚਾਹੀਦਾ....ਬਾਕੀ ਸਰਬੰਸਦਾਨੀ ਆਪਣੇ ਨਾਲ ਆ....ਲਾ ਦੋ ਮੋਂਦੇ......ਘੁੱਦਾ

ਵੋਟ ਨਤੀਜਾ - ਟੇਵਾ

MP ਤੋਂ ਕੰਬਾਇਨਾਂ ਪੰਜਾਬ ਆਗੀਆਂ ਮੂਹਰੇ ਟੰਗੇ ਸਕੂਟਰ
ਲੋਕ ਸਭਾ ਦੀ ਚਰਚਾ ਪੂਰੀ ਬੱਜਦੇ ਫਿਰਦੇ ਹੂਟਰ
ਅੰਬਰਸਰ ਨਈਂ ਛੱਡਦਾ ਐਂਤਕੀ ਅਰੂਸਾ ਦਾ ਆੜੀ
ਤੂੰਵੀ ਘੁੱਦਿਆ ਲੈ ਲਾ ਸਿਰੋਪਾ ਲੰਮੀ ਕਰਲਾ ਦਾਹੜੀ
ਸੰਨੀ ਦਿਓਲ ਨੇ ਧੇਲਾ ਕਰਾਲੀ ਢੀਂਡਸੇ ਖਾਤਰ ਆਕੇ
ਸੰਗਰੂਰ ਆਲਿਓ ਪਾ ਦੋ ਮੋਸ਼ੇ ਭਗਵੰਤ ਮਾਨ ਜਿਤਾਕੇ
ਗੁਰਬਾਣੀ ਨੂੰ ਕਰੇਂ ਟਿੱਚਰਾਂ ਫਿਟ ਮੂੰਹ ਨਿੱਕਿਆ ਤੇਰੇ
ਖੌਣੀ ਕੀਹਨੂੰ ਸਮੱਰਥਨ ਦੇਣਾ ਚੁੱਪ ਬੈਠੇ ਨੇ ਡੇਰੇ
ਜਾਖੜ ਸ਼ੈਤ ਮਾਰਜੇ ਬਾਜ਼ੀ ਫਾਡੀ ਰਹੂ ਘੁਬਾਇਆ
ਨੰਨ੍ਹੀ ਛਾਂ ਦਾ ਔਖਾ ਐਂਤਕੀ ਤਾਂਹੀ ਮੋਦੀ ਬੁਲਾਇਆ
ਦਿਖਾਉਣ ਲੋਂਕੀ ਕਾਲੀਆਂ ਝੰਡੀਆਂ ਥੂ ਥੂ ਨਾਲੇ ਕਰਦੇ
ਦਿਓਰ ਨਾਲ ਪੰਗਾ ਲੈ ਲਿਆ ਬਠਿੰਡਿਓਂ ਕਾਗਜ਼ ਭਰਕੇ
ਬੀਬਾ ਗੁਲਸ਼ਨ ਛੱਡਦੇ ਕੁਰਸੀ ਪੰਜਗਰਾਈਆਂ ਮਾਰੂ
ਫਰੀਦਕੋਟ ਤੋਂ ਆਮ ਆਦਮੀ ਸਾਧੂ ਸਿੰਘ ਖਾਸਾ ਭਾਰੂ
'ਨੰਦਪੁਰ ਮਾਰੂ ਅੰਬਿਕਾ ਸੋਨੀ ਚੰਦੂਮਾਜਰੇ ਬਰੋਬਰ ਖੜ੍ਹਕੇ
ਗੈਕ ਮੱਖਣ ਨੂੰ ਕੀ ਲੱਭਾ ਮਾਇਆਵਤੀ ਦੇ ਗੋਦੀ ਚੜ੍ਹਕੇ
ਕਿਸੇ ਪਾਸਿਓਂ ਹਵਾ ਨਾ ਵਗਦੀ ਜਮਾਂ ਚੁੱਪ ਲੁਧਿਆਣਾ
ਕੱਛ 'ਚੋਂ ਮੂਲਾ ਕੱਢ ਸਕਦਾ ਉੱਠਿਆ ਐਡਵੋਕੇਟ ਪੁਰਾਣਾ
ਗੁੱਡ ਨੈਟ ਰੱਖ ਸਿਰਹਾਣੇ ਘੁੱਦਾ ਜਾ ਖੇਸ ਵਿੱਚ ਵੜਿਆ
ਸੋਲ੍ਹਾਂ ਮਈ ਨੂੰ ਨਤੀਜਾ ਦੇਖ ਲਿਓ ਆਹ ਐਮੇਂ ਟੁੱਲ ਘੜਿਆ

ਤੁਕ ਬੰਦੀ - ਛੰਦ

ਕਣਕ ਵਸਾਕੇ, ਢੋਲੀਂ ਪਾਕੇ
ਤੂੜੀ ਬਣਾਕੇ , ਕੰਮ ਜੇ ਮੁੱਕਗੇ
ਫੇਰ ਬਿਰਿਆ ਕੇ, ਵੋਟਾਂ ਪਵਾਕੇ
ਲੋਕ ਲੜਾ ਕੇ, ਲੀਡਰ ਲੁੱਕਗੇ
ਕਣਕਾਂ ਪੱਕੀਆਂ, ਬੋਰੀਆਂ ਚੱਕੀਆਂ
ਗੱਡੀਆਂ ਹੱਕੀਆਂ ਤੇ ਬਾਬੇ ਆਗੇ
ਵੇਚ ਉਗਰਾਹੀ, ਮੱਛੀ ਧਰਾਈ
ਬੋਤਲ ਮੰਗਾਈ ਤੇ ਪੀਕੇ ਬਾਗੇ
ਉੱਡਗੀ ਫੱਕੀ, ਸੀ ਜੰਤਾ ਅੱਕੀ
ਬਹੁਕਰ ਚੱਕੀ ,ਵੱਡੀਆਂ ਆਸਾਂਂ
ਦੇਣੇ ਠਾਰ, ਪੰਥਕ ਸਰਕਾਰ
ਚੜ੍ਹੇ ਹੰਕਾਰ, ਫੁੱਲੀਆਂ ਨਾਸਾਂ
ਕਾਲੇ ਦੌਰ, ਸਿੰਘ ਤੇ ਕੌਰ
ਮਾਰਤੇ ਭੌਰ, ਫੇਕ ਰਪੋਟਾਂ
ਤਖਤ ਨੂੰ ਢਾਹ, ਵਿਕੇ ਗਵਾਹ
ਕੀਹਦਾ ਵਸਾਹ, ਸਿਆਸੀ ਸਪੋਟਾਂ
ਠੋਕਰਾਂ ਖਾਕੇ, ਸਮਾਂ ਲੰਘਾਕੇ
ਪਿੱਛੋਂ ਪਛਤਾਕੇ, ਅਕਲ ਜੀ ਆਗੀ
ਨਸ਼ੇੜੀ ਪੁੱਤ, ਮਾਸ ਦੇ ਬੁੱਤ
ਚੰਦਰੀ ਰੁੱਤ , ਜਵਾਨੀ ਖਾਗੀ.....ਘੁੱਦਾ

ਵੋਟ ਨਤੀਜਾ - ਲੋਕ ਸਭਾ

ਮੁਕਾਬਲੇ ਸਖ਼ਤ, ਬਦਲਗੇ ਤਖ਼ਤ
ਪੈਗੇ ਨੇ ਵਖ਼ਤ, ਥੋੜ੍ਹਿਓ ਲੋਕੋ
ਪੁੱਤ ਤੇ ਮਾਂ, ਹਾਰੇ ਥਾਂ ਥਾਂ
ਬੋਲਗੇ ਕਾਂ, ਕੂਕਦੀ ਕੋਕੋ
ਕਰਤੀ ਧੇਲਾ, ਜੇਤਲੀ ਵੇਹਲਾ
ਲੁੱਟਕੇ ਮੇਲਾ, ਰਾਜਾ ਲੈ ਗਿਆ
ਵੋਟ ਵੰਡ ਕਾਣੀ, ਸਾਂਸਦ ਪੁਰਾਣੀ
ਹਾਰਗੀ ਰਾਣੀ, ਭੱਠਾ ਬਹਿ ਗਿਆ
ਸੰਗਰੂਰ ਜਿਤਾਕੇ, ਅੱਤ ਕਰਾਕੇ
ਢੀਂਡਸਾ ਹਰਾਕੇ, ਡੇਗਲੀ ਟੀਸੀ
ਗੁਲਸ਼ਨ ਬਹਿਗੀ, ਅੰਬਿਕਾ ਰਹਿਗੀ
ਭਾਬੀ ਲੈਗੀ, ਹੋਗੀ ਪਰ ਘੀਸੀ
ਵਿਕੇ ਅਖਬਾਰ, ਕੁੜੀ ਦੇ ਜਾਰ
ਮੋਦੀ ਸਟਾਰ, ਏਹਨਾਂ ਬਣਾਤਾ
ਬੈਂਕ ਦੀ ਘੁਰਕੀ, ਜ਼ਮੀਨੀ ਕੁਰਕੀ
ਲੰਘੇ ਨਾ ਬੁਰਕੀ, ਫਾਹਾ ਲਵਾਤਾ
ਸਿਆਸੀ ਖੇਡ, ਸਾਨ੍ਹਾਂ ਦਾ ਭੇੜ
ਸਮੇਂ ਦਾ ਗੇੜ, ਬਚੀ ਕਿਰਸਾਨਾਂ
ਛੜੇ ਹੱਥ ਡੋਰ, ਬਣਾਊ ਮੋਰ
ਧਰਮੀ ਸ਼ੋਰ , ਹੱਥੀਂ ਕਿਰਪਾਨਾਂ......ਘੁੱਦਾ

ਪਰਤਿਆਈਆਂ ਬੀਆਂ ਗੱਲਾਂ......ਗੌਰ ਕਰਿਓ

ਪਰਤਿਆਈਆਂ ਬੀਆਂ ਗੱਲਾਂ......ਗੌਰ ਕਰਿਓ
1 ਖੀਰਾ ਚੀਰਣ ਲੱਗੇ ਬਾਹਲੇ ਵੇਖੇ ਆ, ਥੋੜ੍ਹਾ ਜਾ ਖੀਰਾ ਚੀਰਕੇ ਘਸਾਈ ਜੇ ਜਾਣਗੇ, ਭੇਡਚਾਲ ਜ਼ਰੂਰ ਆ, ਰੀਜ਼ਨ ਕਿਸੇ ਨੂੰ ਨੀਂ ਪਤਾ।
2 . ਨਿੱਕੇ ਹੁੰਦੇ ਫਿਲਮਾਂ ਦੇਖਣ ਵੇਲੇ ਮੂਹਰੋਂ ਅੱਖਰ ਜੇ ਟਪਾ ਕੇ ਫਿਲਮ ਦੇਂਹਦੇ ਸੀ, ਹੁਣ ਅੱਖਰ ਉਚੇਚੇ ਤੌਰ ਤੇ ਪੜ੍ਹੇ ਜਾਂਦੇ ਨੇ ਬੀ ਡਰੈਕਟਰ ਕੌਣ ਆ।
3 . ਜੇਹੜੀਆਂ ਫਿਲਮਾਂ ਨੂੰ ਚੰਗੇ ਅਵਾਰਡ ਮਿਲਦੇ ਨੇ ਉਹ ਆਮ ਲੋਕਾਂ ਤੱਕ ਪਹੁੰੰਚਦੀਆਂ ਈ ਨਈਂ। ਪੰਜਾਬੀ ਫਿਲਮ 'ਨਾਬਰ', 'ਕਿੱਸਾ' ਏਹਦੀ ਉਦਾਹਰਨ ਨੇ।
4. ਪਹਿਲਾਂ ਤਾਂ ਖੈਰ ਕੋਈ ਨੀਂ ਜਾਣਦਾ ਸੀ ਹੁਣ ਜਿੱਦਣ ਦੀ ਬਾਦਲ ਦੀ ਪੋਤੀ ਨੇ ਵੋਟ ਪਾਈ ਆ, ਓਦੇਂ ਦੀ ਬਾਦਲ ਕੀ ਕੁੜੀ ਦੀ ਫੋਟੋ ਹਰਿੱਕ ਦੇ ਵਟਸਐਪ ਫੋਲਡਰ 'ਚ ਲਾਜ਼ਮੀ ਪਈ ਆ।
5. ਸੱਠ ਪਰਸਿੰਟ ਜੰਤਾ ਕੋਲ ਦੋ ਫੂਨ ਹੁੰਦੇ ਨੇ। ਇੱਕ ਫੋਨ ਫੇਸਬੁੱਕ ਚਲਾਉਣ ਖਾਤਰ ਤੇ ਦੂਜਾ ਸਸਤਾ ਜਾ ਫੂਨ ਮਸ਼ੂਕਾਂ ਸਾਂਭਣ ਖਾਤਰ।
6. ਪੰਜਾਬੀ ਬੰਦਾ ਆਪ ਭਮਾਂ ਕਿੰਨਾ ਈ ਲਾਪਰਵਾਹ ਹੋਵੇ, ਪਰ ਸ਼ੜਕ ਤੇ ਮੋਟਰਸੈਕਲ ਲਈ ਆਉਂਦੇ ਦੂਜੇ ਬੰਦੇ ਨੂੰ ਜ਼ਰੂਰ ਆਹ ਗੱਲ ਕੈਂਹਦਾ ,"ਪਰਧਾਨ ਸ਼ਟੈਂਡ ਚੱਕਲਾ ਸ਼ਟੈਡ"। .....ਘੁੱਦਾ

Monday 21 April 2014

ਨਿੱਕੇ ਦੀ ਟਰੇਨਿੰਗ

ਤਾਏ ਅਰਗੇਆਂ ਨੇ ਸਾਡੇ ਆਲੇ ਨਿੱਕੇ ਗਰਨੈਬ ਨੂੰ ਬੀ.ਟੈੱਕ ਕਰਨ ਲਾਇਆ ਬਾ । ਤਕੜੇ ਵਾਹਣ ਦੇ ਠੇਕੇ ਜਿੰਨੀ ਫੀਸ ਆ ਛਿਮਾਹੀ ਦੀ।
ਓਦੇਂ ਪੇਪਰ ਪੂਪਰ ਨਬੇੜ ਕੇ ਨਿੱਕਾ ਕਾਲਜੋਂ ਤੁਰਿਆ ਆਬੇ। 'ਗਾਹਾਂ ਆਉਦਿਆਂ ਨੂੰ ਤਾਏ ਅਰਗੇ ਲਸਣ 'ਚ ਸਵਾਹ ਖਿਲਾਰਕੇ ਗੁੱਡ ਪਾਈ ਜਾਣ। ਨਿੱਕਾ ਗੌਲਫ ਆਲਿਆਂ ਅੰਨੂੰ ਟੀ- ਸ਼ਲਟ ਪੈਂਟ ਦੇ ਵਿੱਚ ਕਰੀ ਫਿਰੇ ਪ੍ਰਭਾਵ ਪਾਉਣ ਖਾਤਰ। ਨਿੱਕਾ ਤਾਏ ਨੂੰ ਕੈਂਹਦਾ ," ਤਾਇਆ ਜਰ ਟਰੇਨਿੰਗ ਲਵਾਉਣੀ ਆ ਚੰਡੀਗੜ੍ਹ , ਪੈਸੇ ਟਕੇ ਦਾ ਰੇਜਮੈਂਟ ਕਰਦੇ"।
ਤਾਏ ਦੇ ਚਿੱਤ 'ਚ ਵੱਜੀ ਬੀ ਖੌਣੀ ਫੌਜੀਆਂ ਅੰਗੂ ਟਰੇਨਿੰਗ ਹੁੰਦੀ ਹੋਣੀ ਆ। ਤਾਏ ਨੂੰ ਐਂ ਜਚਗੀ ਬੀ ਨਿੱਕੇ ਨੂੰ ਤੜਕੇ ਸੰਦੇਹਾਂ 'ਠਾਕੇ ਫੌਜੀ ਦਬੱਲਿਆ ਕਰਨਗੇ ਨਾਲੇ ਰੱਸੇ ਰੁੱਸਿਆਂ ਤੇ ਲਮਕਾਇਆ ਕਰਨਗੇ। ਤਾਏ ਨੇ ਆਥਣੇ ਧਾਰਾਂ ਧੂਰਾਂ ਕੱਢਕੇ ਦੁੱਧ ਕੜਾਹੀ 'ਚ ਲੱਦ ਲਿਆ ਖੋਆ ਮਾਰਨ ਖਾਤਰ ਬੀ ਨਿੱਕਾ ਕਿਤੇ ਟਰੇਨਿੰਗ 'ਚ ਕਮਜ਼ੋਰੀ ਨਾ ਮੰਨਜੇ।
ਮਾਤਾ ਅਰਗੀਆਂ ਨੇ ਜੇਹੜਾ ਘਿਓ ਥਿੰਦਾ ਜੋੜਿਆ ਸੀ ,ਓਹਦੀ ਚੱਕਕੇ ਪੰਜੀਰੀ ਰਲਾਤੀ ਨਿੱਕੇ ਨੂੰ। ਸਾਰਾ ਟੱਬਰ ਨਿੱਕੇ ਨੂੰ ਬੱਸ ਸ਼ਟੈਂਡ ਤਾਂਈ ਸੀ ਔਫ ਕਰਨ ਗਿਆ ਫੌਜੀਆਂ ਅੰਨੂੰ। ਕੁਦਰਤੀਏਂ ਅੱਡੇ ਤੇ ਖੜ੍ਹੇ ਕਿਸੇ ਸਿਆਣੇ ਬੰਦੇ ਨੇ ਤਾਏ ਨੂੰ ਦੱਸਿਆ ਬੀ ਨਿੱਕੇ ਦੀ ਟਰੇਨਿੰਗ ਤਾਂ ਕੰਪੂਟਰ ਤੇ ਈ ਲੱਗੀ ਆ, ਬਹਿ ਕੇ ਕਰਨ ਆਲਾ ਕੰਮ ਆ ਸਾਰਾ।
ਆਅਅਅ ਕੀ ਤਾਏ ਨੇ ਖੋਏ ਪੰਜੀਰੀ ਆਲੀਆਂ ਦੋਹੇਂ ਪੀਪੀਆਂ ਨਿੱਕੇ ਤੋਂ ਖੋਹ ਕੇ ਸ਼ੈਂਕਲ ਦੇ ਹੈਂਡਲ ਤੇ ਟੰਗਕੇ ਘਰ ਨੂੰ ਸ਼ੂਟ ਬੱਟਤੀ। ਸਾਡੇ ਆਲਾ ਚੌਲਾਂ ਦੀ ਪਿੰਨੀ ਅਰਗਾ ਬੇਹਾ ਜਾ ਮੂੰਹ ਕਰਕੇ ਸੈੜ ਤੇ ਹੋ ਗਿਆ। ਐਹੇ ਜੇ ਹੁੰਦੇ ਆ ਪਿੰਡਾਂ ਆਲੇ......ਘੁੱਦਾ

ਬਿਮਾਰ ਪੰਜਾਬ

ਪੰਜਾਬ ਦੇ ਬੱਸ ਅੱਡੇਆਂ ਅਤੇ ਰੇਲਵੇ ਸ਼ਟੇਸ਼ਨਾਂ ਦੀਆਂ ਕੰਧਾਂ ਤੇ ਨਾਲੇ ਜੀ.ਟੀ ਰੋਡ ਤੇ ਦੂਰੋਂ ਨਜ਼ਰੀਂ ਪੈਂਦੇ ਮੋਟਰਾਂ ਆਲੇ ਕੋਠਿਆਂ ਤੇ ਛੇ ਇੰਚੀ ਬੁਰਸ਼ ਨਾਲ ਵੱਡਾ ਕਰਕੇ ਲਿਖਿਆ ਬਾ ਹੁੰਦਾ," ਮਰਦਾਨਾ ਤਾਕਤ ਹਾਸਲ ਕਰੋ, ਜਾਂ ਬੇਔਲਾਦ ਜੋੜੇ ਮਿਲੋ"।
ਪੰਜਾਬੀ ਅਖਬਾਰਾਂ ਤੇ ਐਹੇ ਜੇ ਇਸ਼ਤਿਹਾਰ ਆਮ ਈ ਲੱਗਦੇ ਰੈਂਹਦੇ ਨੇ। ਇੱਕ ਰਪੋਟ ਮੁਤਾਬਕ ਸਭ ਤੋਂ ਵੱਧ ਇਨਫਰਟੀਲਿਟੀ ਸੈਂਟਰ ਪੰਜਾਬ 'ਚ ਖੁੱਲ੍ਹੇ ਨੇ। ਕਿੱਡੀ ਨਮੋਸ਼ੀ ਦੀ ਗੱਲ ਆ ਬੀ ਅੱਜ ਸਾਡੇ ਪੰਜਾਬੀ ਜਵਾਕ ਜੰਮਣ ਜੋਗੇ ਵੀ ਨਈਂ ਰਹੇ।
ਸਾਡਾ ਜਥੇਦਾਰ ਕੈਂਹਦਾ ਹਰੇਕ ਜੋੜਾ ਚਾਰ ਚਾਰ ਜਵਾਕ ਜੰਮੇ। ਉਹਨੂੰ ਹੁਣ ਕੇਹੜਾ ਦੱਸੇ ਬੀ ਪਰਧਾਨ ਪੰਜਾਬ 'ਚ ਕਿਰਾਏ ਦੀ ਕੁੱਖ ਤੇ ਮੁੱਲ ਦਾ ਸੀਮਨ ਲੈਕੇ ਜਵਾਕ ਜੰਮੇ ਜਾਂਦੇ ਨੇ, ਚਾਰ ਛੱਡ ਇੱਕ ਜੰਮਣਾ ਔਖਾ ਹੋਇਆ ਪਿਆ।
ਆਪਣੀਆਂ ਕੁੜੀਆਂ ਜ਼ੀਰੋ ਸੈਜ ਫਿੱਗਰਾਂ ਦੇ ਚੱਕਰ 'ਚ ਭੁੱਖੀਆਂ ਤਿਹਾਈਆਂ ਤੁਰਦੀਆਂ ਫਿਰਦੀਆਂ। ਟਮੰਟੀ ਏਟ ਲੱਕ ਤੇ ਸੰਤਾਲੀ ਕਿੱਲੋ ਭਾਰ ਆਲੀ ਕੁੜੀ ਬਿਚਾਰੀ ਹਰੀ ਸਿੰਘ ਨਲੂਆ ਕਿੱਥੋਂ ਜੰਮਦੂ ਹੁਣ।
ਜਦੋਂ ਆਪਣੇ ਬਾਬੇ ਹੋਣੀਂ ਸ਼ੇਰ ਹੁੰਦੇ ਸੀ ਓਦੋਂ ਪੱਟ ਤੇ ਮੋਰਨੀਆਂ ਛਪਾਉਂਦੇ ਹੁੰਦੇ ਸੀ।
ਹੁਣ ਅਸੀਂ ਗਿੱਦੜ ਬਣਗੇ ਤਾਂ ਕਰਕੇ ਡੌਲਿਆਂ ਤੇ ਸ਼ੇਰ ਛਪਾਕੇ ਫੀਲਿੰਗਾਂ ਲੈਣੇ ਆਂ। ਪਰੋਟੀਨਾਂ ਦੇ ਡੱਬੇ ਖਾਕੇ ਡੌਲੇ ਮੋਟੇ ਕਰਨ ਨਾਲ ਤੰਦਰੁਸਤੀਆਂ ਨਈਂ ਆਉਂਦੀਆਂ। ਜਦੋਂ ਪੰਜਾਬੀ ਤਕੜੇ ਹੁੰਦੇ ਸੀ, 'ਖਾੜੇ 'ਚ ਜਾਕੇ ਘੋਲ ਘੂਲ ਕਰ ਲੈਂਦੇ ਸੀ। ਹੁਣ ਜ਼ੋਰ ਮੁੱਕ ਗਿਆ ਤਾਂ ਕਰਕੇ ਟਰੈਕਟਰਾਂ ਦੇ ਟੋਚਨ ਪਵਾਕੇ ਝੱਸ ਪੂਰਾ ਕਰਨ ਲਾਗੇ।
ਦੁੱਧ ਪੀਂਦੇਆਂ ਜਦੋਂ ਦੁੱਧ ਤੇ ਮਲਾਈ ਆ ਜਾਂਦੀ ਆ ਸਾਡੇ ਮੁੰਡੇ ਮਲਾਈ ਲਾਹਕੇ ਗਲਾਸ ਦੀ ਕੰਨੀਂ ਤੇ ਰੱਖ ਦੇਂਦੇ ਨੇ ਬੀ ਕਿਤੇ ਮੇਹਦੇ 'ਚ ਤਰਿਆਉਤੀ ਨਾ ਹੋਜੇ । ਜ਼ਰਵਾਨਿਆਂ ਦੀ ਧਰਤੀ ਪੰਜਾਬ ਤੇ ਹੋਰ ਕੀ ਕੀ ਹੋਣਾ, ਏਹ ਬਾਬਾ ਨਾਨਕ ਈ ਜਾਣਦਾ। ਸਰਬੰਸਦਾਨੀ ਠੰਢ ਵਰਤਾਂਈ....ਘੁੱਦਾ

ਨਿਰਲੱਜਾਂ ਦਾ ਹਾਸਾ

ਚਿੱਟੇ ਦੁੱਧ ਰੰਗੇ ਸਿਰਹਾਣੇਆਂ ਵਿੱਚ ਬੈਠੇ ਸੇਠ ਨੇ
ਪਤਲੇ ਫਰੇਮ ਦੀ ਐਨਕ ਵਿੱਚਦੀ ਸੁਰਜਨ ਸਿਹੁੰ ਵੱਲ ਵੇਖਿਆ
" ਸੁਰਜਨ ਸੈਂਅ ਹੋ ਗਿਆ ਭਾਈ ਤੇਰਾ ਹਸਾਬ, ਡੂਢ ਲੱਖ ਟੁੱਟਦਾ ਤੇਰੇ ਸਿਰ,
ਜੱਟ ਭਰਾ ਆਂ ਤੂੰ, ਦੋ ਰੁਪੈ ਵਿਆਜ ਈ ਲਾਇਆ ਸੈਂਕੜੇ ਨੂੰ"
ਕਿਸੇ ਆਸ ਨਾਲ ਪਿੰਡੋਂ ਲਿਆਂਦਾ ਜਵਾਰ ਦੇ ਬੀਅ ਆਲਾ ਖਾਲੀ
ਝੋਲਾ ਸੁਰਜਨ ਨੇ ਦੋਂਹ ਹੱਥਾਂ ਨਾਲ ਘੁੱਟਿਆ
ਖੱਬੇ ਪੈਰ ਦੇ ਪੱਬ ਤੇ ਟੰਗਕੇ ਜੁੱਤੀ ਨੂੰ ਝਾੜਿਆ
ਬੋਲੀ ਉਂਗਲ ਦੀ ਮਦਦ ਨਾਲ ਜੁੱਤੀ ਪਾਈ
ਤੇ ਪਿੰਡ ਦੀ ਮਿੰਨੀ ਬੱਸ ਜਾ ਚੜ੍ਹਿਆ
ਬੱਸ 'ਚ ਬਾਂਹ ਤੇ ਬਾਲਟੀ ਟੰਗੀ ਫਿਰਦੇ ਭਈਏ ਨੇ 'ਵਾਜ਼ ਕੱਢੀ
"ਛੋਲੇ ਛੋਲੇ ਦਾਲੇ ਦਾਲੇ, ਨਮਕੀਨੇ ਟੇਸਟੀ"
ਸੁਰਜਨ ਦੀ ਨਿਗਾਹ ਡਰੈਬਰ ਦੇ ਖੱਬੇ ਹੱਥ ਲੱਗੀ
ਨਾਨਕ ਦੀ ਫੋਟੋ ਤੇ ਟਿਕੀ ਰਹੀ
"ਹਾਂ ਬੁੜ੍ਹਿਆ ਕਿੱਥੇ ਜਾਣਾ , ਪੀਨਕ ਲਾਈ ਆ?"
ਕਨੈਟਰ ਦੇ ਖਰਵੇ ਬੋਲਾਂ ਨੇ ਸੁਰਜਨ ਸਿਹੁੰ ਨੂੰ ਜਗਾਇਆ
"ਘੁੱ.....ਘੁੱ.....ਘੁੱਦੇ ਜਾਣਾ ਭਾਈ"
ਕੁੜਤੇ ਦੀ ਉੱਤਲੀ ਜੇਬ ਦੀ ਲੁੱਪੀ ਖੋਲ੍ਹ ਸੁਰਜਨ ਨੇ ਬਟੂਆ ਕੱਢਿਆ
ਆੜ੍ਹਤੀਏ ਦੀ ਪਰਚੀ ਤੋਂ ਬਿਨ੍ਹਾਂ ਬੀਹਾਂ ਦਾ ਨੋਟ ਨਿਕਲਿਆ
ਘਰ ਦਾ ਮੋੜ ਮੁੜਦਿਆਂ ਕਿਸੇ ਬੋਲ ਮਾਰਿਆ
"ਕਿਮੇਂ ਸੁਰਜਨਾ ਵੇਚ ਆਇਆ ਕਣਕ ਕੁਣਕ"
ਸੱਜੀ ਬਾਂਹ ਖੜ੍ਹੀ ਕਰ ਸੁਰਜਨ ਸਿਹੁੰ ਨੇ ਹਾਂ 'ਚ ਜਵਾਬ ਦਿੱਤਾ
ਹੱਥ ਫੜ੍ਹਿਆ ਖਾਲੀ ਝੋਲਾ ਕਿੱਲੀ ਤੇ ਟੰਗ ਸੁਰਜਨ
ਅੰਦਰ ਜਾ ਵੜਿਆ
ਕਣਕ ਦੇ ਢੋਲ ਤੇ ਪਿਆ ਸਰਪੇਅ ਦਾ ਲੀਟਰ ਦੂਰੋਂ ਦਿੱਸਿਆ
ਖੱਬੇ ਹੱਥ ਨਾਲ ਕਾਕ ਮਰੋੜ ਸੁਰਜਨ ਸਿਹੁੰ
ਲੀਟਰ ਇੱਕੋ ਸਾਹੇ ਸੂਤ ਗਿਆ
ਹਾਰੇ 'ਚ ਪਾਉਣ ਜੋਗੀਆਂ ਪਾਥੀਆਂ ਚੁੱਕੀ ਆਉਂਦੀ ਬਚਨੋ
ਨੇ ਲੇਰ ਛੱਡੀ, " ਵੇ ਆਹ ਕੀ ਚੰਦ ਚਾੜ੍ਹਤਾ ਦੁਸ਼ਮਨਾ?"
ਸੁਰਜਨ ਦਾ ਨਿੱਕਾ ਪੁੱਤ ਮਾਂ ਦੀ ਸਲਵਾਰ ਨੂੰ ਚੁੰਬੜਿਆ
"ਹਾਏ ਬੀਬੀਏ ਭਾਪੇ ਨੂੰ ਕੀ ਹੋ ਗਿਆ?"
ਕਿਸੇ ਪਾਹੜੇ ਮੁੰਡੇ ਨੇ ਐਬੂਲੈਂਸ ਨੂੰ ਫੋਨ ਕੀਤਾ
ਪਿੰਡ ਦੀਆਂ ਗਲੀਆਂ ਵਿੱਚ ਧੂੜਾਂ ਪੱਟਦੀ ਐਬੂਲੈਂਸ ਪਿੰਡੋਂ ਬਾਹਰ ਹੋਈ
ਖੇਤ ਕੋਲੋਂ ਲੰਘਣ ਲੱਗਿਆਂ ਸੁਰਜਨ ਸਿਹੁੰ ਨੇ ਹਿਝਕੀ ਲਈ
ਮੂੰਹੋਂ ਝੱਗ ਨਿੱਕਲਕੇ ਦਾਹੜੀ ਵਿੱਚ ਜਾ ਰਲੀ
ਸਰੀਰ ਨੀਲਾ ਤੇ ਠੰਢਾ ਹੋਣਾ ਲੱਗਾ
ਟੱਬਰ ਦੀਆਂ ਚੀਕਾਂ ਕੂਕਾਂ ਹੋਰ ਉੱਚੀਆਂ ਹੋਣ ਲੱਗੀਆਂ
ਐਬੂਲੈਂਸ ਦੇ ਬਾਹਰਲੇ ਪਾਸੇ ਫੋਟੋ ਵਿੱਚ ਬੈਠਾ
ਚਿੱਟੀ ਦਾਹੜੀ ਤੇ ਨੀਲੀ ਪੱਗ ਆਲਾ
ਕੋਈ ਨਿਰਲੱਜ ਲੀਡਰ ਬੇਬਾਕ ਹੱਸ ਰਿਹਾ ਸੀ.....ਘੁੱਦਾ

ਨੀਲੀਆਂ ਪੱਗਾਂ ਆਲੇ

ਨੀਲੀਆਂ ਪੱਗਾਂ ਆਲੇ ਪਿਓ ਪੁੱਤ ਹਰਿੱਕ ਭਾਸ਼ਣ 'ਚ ਚੌੜੀਆਂ ਸ਼ੜਕਾਂ ਤੇ ਫਲਾਈਓਵਰਾਂ ਦੀ ਗੱਲ ਕਰਦੇ ਨੇ, ਮਨੋਂ ਆਖਦੇ ਨੇ ਬੀ ਤਰੱਕੀ ਹੋਗੀ । ਕੰਜਦਿਓ ਭੁੱਖਾ ਢਿੱਡ ਰੋਟੀ ਮੰਗਦਾ ਹੁੰਦਾ ਸ਼ੜਕਾਂ ਨੂੰ ਚੱਕ ਨਈਂ ਵੱਢਣੇ। ਏਹਤਾ ਸਮਾਂ ਦੀ ਸ਼ਰਮ ਦੀ ਗੱਲ ਆ ਬੀ ਸਤਾਹਟ ਸਾਲਾਂ 'ਚ ਹਲੇ ਸ਼ੜਕਾਂ ਈ ਬਣੀਆਂ ਕੱਲੀਆਂ। ਦਿਰ ਫਿਟੇ ਮੂੰਹ।
ਅੰਦਾਜ਼ਾਂ ਬੀ ਪੰਜਾਬ 'ਚ ਤੀਹ ਚਾਲੀ ਗੱਭਰੂ ਬੇਰੁਜ਼ਗਾਰ ਨੇ। ਡਿਗਰੀਆਂ ਕਰਕੇ ਸਾਡਾ ਮੁਲਖ ਪੰਜਾਹਾਂ ਦੀ ਫਾਈਲ 'ਚ ਸਲਟੀਫਿਕੇਟ ਲਾਕੇ ਟਰੰਕ 'ਚ ਸਾਂਭ ਦੇਦਾ ਵਚਾਰਾ। ਰੁਪਈਏ ਦੇ ਕਾਗਜ਼ ਤੇ ਰਜ਼ਿਊਮ ਬਣਾਕੇ ਮੁੰਡੇ ਡਿੱਕਾਂ ਡੋਲੇ ਤੁਰੇ ਫਿਰਦੇ ਨੇ। ਹੁਣ ਡਿਗਰੀ ਕਰਕੇ ਮੁੰਡੇ ਕੁੜੀਆਂ ਵੱਧੋ ਵੱਧ ਕਿਸੇ ਪੌਲੀਟੈਕਨਿਕ ਕਾਲਜ 'ਚ ਪੰਜ ਛੇ ਹਜ਼ਾਰ ਤੇ ਲੈਕਚਰਾਰ ਲੱਗ ਸਕਦੇ ਨੇ, ਏਦੂੰ ਵੱਧ ਕੱਖ ਨੀਂ।
ਗੀਤਾਂ 'ਚ ਬੜ੍ਹਕਾਂ ਨੇ ਊਂ ਸਾਡੀ ਮੰਡੀਰ ਦੇ ਮੋਟਰਸੈਕਲ ਰਜ਼ਰਬ 'ਚ ਈ ਰੈਂਹਦੇ ਨੇ, ਪਟਰੌਲ ਜੋਗਰੇ ਪੈਸੇ ਨੀਂ ਹੁੰਦੇ ਲਿਵੇ।
ਹਜ਼ਾਰਾਂ ਕੁੜੀਆਂ ਬੀ.ਐੱਡਾਂ ਤੇ ਹੋਰ ਭੜਾਈਆਂ ਕਰਕੇ ਘਰੇ ਰੋਟੀਆਂ ਥੱਪਣ ਜੋਗੀਆਂ ਰਹਿ ਜਾਂਦੀਆਂ। ਜੇ ਕਿਤੇ ਠੇਕੇ ਤੇ ਕਿਸੇ ਮਹਿਕਮੇ 'ਚ ਲੱਗ ਜਾਂਦੀਆਂ ਤਾਂ ਪੱਕੇ ਵਰਕਰ ਠਿੱਠ ਕਰਦੇ ਨੇ।
ਜਦੋਂ ਸ਼ੈਹਰ ਲਾਲ ਬੱਤੀਆਂ ਤੇ ਕਾਰਾਂ ਰੁਕਦੀਆਂ ਓਦੋਂ ਨਿੱਕੇ ਨਿੱਕੇ ਜਵਾਕ ਗੱਡੀ ਦੇ ਮੂਹਰਲੇ ਸ਼ੀਸ਼ੇ ਤੇ ਲੀੜਾ ਮਾਰਕੇ ਭੀਖ ਮੰਗਦੇ ਨੇ। ਰੁਪਈਏ ਦਾ ਢਾਲਾ ਵੀ ਅਗਲੇ ਨੱਕ ਮਾਰਕੇ ਫੜ੍ਹਦੇ ਨੇ। ਕਾਲੀ ਸਰਕਾਰ ਲੋਕਾਂ ਨੂੰ ਰੁਪਈਏ ਕਿੱਲੋ ਆਟਾ ਦਾਲ ਦੇਕੇ ਮੰਗਤਿਆਂ ਤੋਂ ਵੀ ਨੀਚ ਬਣਾ ਰਹੀ ਆ । ਕੁੜੀ ਦਿਓ ਖਸਮੋਂ ਲੋਕਾਂ ਨੂੰ ਰੁਜ਼ਗਾਰ ਚਾਹੀਦਾ , ਆਟਾ ਦਾਲ ਆਪ ਵੀ ਖਰੀਦ ਲੈਣਗੇ।
ਬਾਹਲੀਆਂ ਗੱਲਾਂ ਨਈਂ। ਸਾਰੇ ਪੜ੍ਹੇ ਲਿਖੇ ਨੇ, ਜਿੱਥੇ ਮਰਜ਼ੀ ਵੋਟਾਂ ਪਾਓ। ਪਰ ਘਰੇ ਤਾਏ ਅਰਗੇਆਂ ਨੂੰ ਸਿਨਿਆਂ ਲਾਦਿਓ ਬੀ ਜੇ ਸੋਲਾਂ ਸੌ ਨੜਿੱਨਮੇਂ ਦੀ ਵਸਾਖੀ ਨੂੰ ਸਜਾਇਆ ਗੋਬਿੰਦ ਸਿੰਘ ਦਾ ਪੰਥ ਬਚਾਉਣਾ ਤਾਂ ਆਹ ਕਾਲੀਆਂ ਦਾ ਪੰਥ ਛੱਡਣਾ ਪਊ....ਅੱਗੇ ਪੰਜਾਬ ਦੇ ਮੁਕੱਦਰ.....ਘੁੱਦਾ

Wednesday 9 April 2014

ਕੁੜੀਆਂ ਦੀ ਅਜ਼ਾਦੀ

ਖਾਸੀ ਪੁਰਾਣੀ ਗੱਲ ਆ। ਕੇਰਾਂ ਸਾਡੇ ਪਿੰਡ ਦੇ ਵਿਚਾਲੇ ਵੱਡੀ ਸੱਥ 'ਚ ਕਈ ਸਮਾਜ ਸੁਧਾਰਕ ਬੁਲਾਰੇ ਆਏ ਵਏ ਸੀ।
ਮੁਲਖ ਪੱਲੀਆਂ ਤੇ ਚੌਂਕੜੇ ਮਾਰ ਕੇ ਬਹਿ ਗਿਆ ਬੁਲਾਰੇ ਨੂੰ ਸੁਨਣ ਖਾਤਰ। ਬੁਲਾਰਾ ਭਾਸ਼ਣ ਦੇਣ ਲੱਗਾ ਬੀ ਅੱਜ ਦੇ ਜੁੱਗ 'ਚ ਕੁੜੀਆਂ ਅਜ਼ਾਦ ਨੇੇ, ਹਰਿੱਕ ਖੇਤਰ 'ਚ ਮੁੰਡਿਆਂ ਦੇ ਬਰੋਬਰ ਨੇ, ਸਾਰੇ ਕੰਮ ਕਰ ਸਕਦੀਆਂ ਕੋਈ ਡਰ ਡੁੱਕਰ ਨਈਂ।
ਸਾਡੇ ਪਿੰਡ ਦੇ ਇੱਕ ਬਜ਼ੁਰਗ ਦਾ ਗੱਭਰੂ ਪੁੱਤ ਭਰ ਜਵਾਨੀ 'ਚ ਚੱਲ ਵਸਿਆ ਸੀ ਤੇ ਫੇਰ ਬਜ਼ੁਰਗ ਦੀਆਂ ਤਿੰਨ ਮੁਟਿਆਰਾਂ ਕੁੜੀਆਂ ਈ ਰਹਿ ਗੀਆਂ ਸੀ। ਬੁਲਾਰੇ ਦੀਆਂ ਗੱਲਾਂ ਸੁਣਕੇ ਬਾਬਾ ਦਸ ਕ ਮਿੰਟ ਤਾਂ ਔਖਾ ਸੌਖਾ ਬੈਠਾ ਰਿਹਾ ਪਰ ਹਾਨੀਸਾਰ ਨੂੰ ਬਾਬਾ ਮੂਕਾ ਲੋਟ ਕਰਕੇ ਉੱਠ ਖੜ੍ਹਿਆ। ਬਾਬਾ ਬੁਲਾਰੇ ਨੂੰ ਕੈਂਹਦਾ ਪਰਧਾਨ,"ਮੇਰਾ ਗੱਭਰੂ ਪੁੱਤ ਰਾਤ ਨੂੰ ਦੋ ਵਜੇ ਖੇਤ ਪਾਣੀ ਲਾਉਣ ਜਾਂਦਾ ਸੀ, ਹੁਣ ਦਸ ਅੱਧੀ ਰਾਤ ਮੈਂ ਆਵਦੀ ਕੁੜੀ ਨੂੰ ਪਾਣੀ ਲਾਉਣ ਭੇਜ ਦਿਆਂ ਕਰਾਂ?"
ਬਸ਼ੱਕ ਬੁਲਾਰੇ ਸਮੇਤ ਲੋਕਾਂ ਨੂੰ ਬਾਬੇ ਦੀ ਗੱਲ ਨਾ ਜਚੀ ਹੋਵੇ ਪਰ ਅੱਜ ਵੀ ਸੱਚ ਏਹੋ ਈ ਆ।
ਕੁੜੀਆਂ ਅਜ਼ਾਦ ਨੇ ਜੀ ਏਹ ਫੈਸਲੇ ਲੈ ਸਕਦੀਆਂ, ਮਰਦਾਂ ਦੇ ਬਰੋਬਰ ਨੇ। ਆਹ ਸਾਰੀਆਂ ਗੱਲਾਂ ਫੂਕ ਛਕਾਉਣ ਖਾਤਰ ਈ ਨੇ।
ਕਿਸੇ ਦਾ ਮੁੰਡਾ ਮਰਜ਼ੀ ਨਾਲ ਵਿਆਹ ਕਰਾਲੇ ਤਾਂ ਕੋਈ ਚੱਕਰ ਨੀਂ। ਪਰ ਜੇ ਕੁੜੀ ਆਪੇ ਵਿਆਹ ਕਰਾਉਣ ਨੂੰ ਆਖੇ ਪਿਓ ਪੱਬਾਂ ਤੇ ਹੋਕੇ ਲਫੇੜਾ ਮਾਰਦਾ ਖੱਬੇ ਕੰਨ ਤੇ । ਘਰੋਂ ਅੱਡੇ ਤੱਕ ਕੁੜੀ ਨੇ ਜਾਣਾ ਹੋਵੇ ਤਾਂਵੀ ਘਰਦਾ ਕੋਈ ਜੀਅ ਨਾਲ ਜਾਂਦਾ ਬੀ ਲਗੌੜ੍ਹ ਨਾ ਮਗਰ ਲੱਗਜੇ ।
ਖੁੰਢ ਤੇ ਬੈਠੇ ਬੰਦੇ ਨੂੰ ਕੁੜੀ ਦਿਸਜੇ ਨਿਗਾਹ ਨਾਲ ਈ ਪੱਟ ਮਿਣੀ ਜਾਂਦਾ ਜਿੰਨਾ ਚਿੱਕਰ ਅਗਲੀ ਮੋੜ ਨੀਂ ਮੁੜਦੀ । ਮੁੰਡਾ ਘਰੋਂ ਬਾਹਰ ਗਿਆ ਹੋਵੇ ਕੋਈ ਟੈਸ਼ਨ ਨਈਂ ਪਰ ਜੇ ਕੁੜੀ ਬਾਹਰੇ ਹੋਵੇ ਤਾਂ ਘਰਦੇ ਦਿਨ 'ਚ ਦਸ ਫੂਨ ਕਰਦੇ ਨੇ ।
ਜਿੰਨਾ ਆਧੁਨਿਕ ਪੁਣਾ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆਂ ਐਨੇ ਡਿਵੈਲਪ ਤਾਂ ਆਪਾਂ ਹੋਏ ਈ ਨਹੀਂ ਹਲੇ ਕੁੜੀਆਂ ਦੀ ਅਜ਼ਾਦੀ ਦੀ ਗੱਲ ਤਾਂ ਬਾਹਲੀ ਦੂਰ ਆ ......ਘੁੱਦਾ

ਬਾਂਦਰ ਲੀਡਰ...ਬੂਝੜ ਲੋਕ

ਲੋਕ ਸਭਾ ਚੋਣਾਂ ਨੇੜੇ ਨੇ। ਬਾਂਦਰਾਂ ਦੀਆਂ ਬਾਦਰ ਟਪੂਸੀਆਂ ਜਾਰੀ ਨੇ, ਕੰਜਰਦੇ ਕਰੂੰਬਲਾਂ ਫੜ੍ਹਕੇ ਈ ਦੂਜੇ ਦਰੱਖਤ ਦੇ ਡਾਹਣੇ ਤੇ ਲਮਕ ਜਾਂਦੇ ਨੇ।
ਹੱਦ ਦਰਜੇ ਦੀ ਨੀਚ ਸਿਆਸਤ ਸਾਰੇਆਂ ਦੀ। ਜੇਹੜੀ ਪਾਰਟੀ ਨੂੰ ਲੀਡਰ ਸਾਰੀ ਉਮਰ ਨਿੰਦਦੇ ਰਹਿੰਦੇ ਨੇ ਫੇਰ ਓਸੇ 'ਚ ਆਕੇ ਰਲ ਜਾਂਦੇ ਨੇ ਏਹੇ। ਅਣਖ ਨੌਂ ਦਾ ਲਫਜ਼ ਹੈ ਈ ਨਈਂ ਸੌਹਰੇਆਂ 'ਚ। ਸਾਂਝੇ ਪੈਸੇ ਪਾਕੇ ਬੋਤਲ ਫੜ੍ਹਦੇ ਨੇ ਠੇਕੇ ਤੋਂ ਕੱਠੇ ਬਹਿਕੇ ਪੇਗ ਲਾਉਂਦੇ ਨੇ ਏਹੇ ।
ਪਿੰਡਾਂ 'ਚ ਦੋ ਸਕੇ ਭਰਾਵਾਂ 'ਚੋਂ ਇੱਕ ਕਾਲੀ ਦਲ ਨੂੰ ਵੋਟ ਪਾ ਦੇਂਦਾ ਦੂਜਾ ਕਾਂਗਰਸ ਨੂੰ। ਦੋਹੇਂ ਭਰਾ ਪੰਜ ਸਾਲ ਇੱਕ ਦੂਜੇ ਬੰਨੀਂ ਕਣੱਖਾ ਈ ਝਾਕਦੇ ਨੇ ਬੀ ਏਹਨੇ ਸਾਲੇ ਨੇ ਵੋਟ ਦੂਜੀ ਪਾਲਟੀ ਨੂੰ ਪਾਈ ਸੀ। ਹਲ, ਜਿੰਦਰੇ ਦੀ ਸਾਂਝ ਤੋੜ ਲੈਂਦੇ ਨੇ ਸਕੇ ਭਰਾ ਤੇ ਦੂਜੇ ਪਾਸੇ ਲੀਡਰ ਵੋਟਾਂ ਤੋਂ ਅਗਲੇ ਦਿਨ ਈ ਵਿਰੋਧੀ ਪਾਰਟੀ ਆਲੇ ਦੇ ਘਰੇ ਬੈਠੇ ਮਰਿੰਡੇ ਨਾਲ ਕੁਰਕੁਰੇ ਖਾਂਦੇ ਹੋਣਗੇ।
ਵੱਡੇ ਭਾਈ ਛਿਆਹਟ ਸਤਾਹਟ ਸਾਲ ਹੋਗੇ, ਹੁਣ ਤਾਂ ਬੰਦੇ ਬਣੋ। ਹੁਣ ਤਾਂ ਅਕਲ ਆ ਜਾਣੀ ਚਾਹੀਦੀ ਆ ਏਹਨਾਂ ਨੇ ਆਵਦੇ ਪੁੱਤ ਪੋਤੇ ਮੰਤਰੀ ਬਣਾਉਣੇ ਨੇ, ਥੋਡੇ ਜਵਾਕਾਂ ਨੂੰ ਤਾਂ ਮਰਨ ਖਾਤਰ ਈ ਮੂਹਰੇ ਕਰਨਗੇ। ਹੁਣ ਐਮੇਂ ਨਾ ਮੁਖਤ ਦੀ ਲਾਹਣ ਪੀਕੇ ਸਕੇ ਚਾਚੇ ਤਾਏਆਂ ਦੇ ਸਿਰ ਪਾੜਿਓ, ਬੰਦੇ ਬਣੋ।
ਆਹ ਵੋਟਾਂ ਪੈ ਲੈਣ ਦਿਓ ਸਾਰੇ ਲੀਡਰ ਮਲੇਸ਼ੀਆ ਆਲੇ ਜ਼ਹਾਜ਼ ਅੰਗੂ ਫੇਰ ਗੈਬ ਈ ਹੋਣਗੇ....ਸੋਡੇ ਸਾਹਮਣੇ ਆ....ਘੁੱਦਾ

ਵੇਹੜੇ ਆਲੇਆਂ ਦਾ ਮੁੰਡਾ ਭੂਸ਼ਾ

ਕੇਰਾਂ ਵੇਹੜੇ ਆਲੇਆਂ ਦਾ ਮੁੰਡਾ ਭੂਸ਼ਾ ਚੌਂਕੇ 'ਚ ਆਵਦੀ ਬੇਬੇ ਕੋਲ ਬੈਠਾ ਰੋਟੀ ਖਾਈ ਜਾਏ। ਅੰਨ੍ਹੇ ਦੀ ਹਿੱਕ ਅਰਗੇ ਪੰਜ ਸੱਤ ਮੰਨ ਡੇਲਿਆਂ ਦੇ ਚਾਰ ਨਾਲ ਪਾੜ ਕੇ ਉੱਤੋਂ ਦੀ ਲੱਸੀ ਦਾ ਕੌਲਾ ਡੀਕ ਲਾਕੇ ਸੂਤ ਗਿਆ। ਮੁੱਛਾਂ ਤੇ ਹੱਥ ਹੁੱਥ ਮਾਰਕੇ ਕਹਿੰਦਾ ਬੇਬੇ ਜੇ ਆਪਣੇ ਪਿੰਡ ਆਲਾ ਸਰਪੈਂਚ ਮਰਜੇ ਫੇਰ ਭਲਾਂ ਸਰਪੰਚ ਕੌਣ ਬਣੂਗਾ? ਬੇਬੇ ਕਹਿੰਦੀ ਫੇਰ ਉਹਦਾ ਭਰਾ ਸਰਪੰਚ ਬਣਜੂ।
ਭੂਸ਼ਾ ਕਹਿੰਦਾ ਬੇਬੇ ਜੇ ਉਹਦਾ ਭਰਾ ਮਰਜੇ ਫੇਰ ਕੌਣ ਬਣੂੰ। ਪਾਥੀ ਭੰਨਕੇ ਬੇਬੇ ਕਹਿੰਦੀ ਫੇਰ ਉਹਦਾ ਮੁੰਡਾ ਸਰਪੰਚ ਬਣਜੂ।
ਭੂਸ਼ੇ ਦਾ ਚਿੱਤ ਨਾ ਟਿਕਿਆ ਫੇਰ ਕਹਿੰਦਾ ਬੇਬੇ ਜੇ ਉਹਦਾ ਮੁੰਡਾ ਮਰ ਗਿਆ ਫੇਰ ਕੌਣ ਬਣੂੰ। ਹਾਰਕੇ ਭੂਸ਼ੇ ਦੀ ਬੇਬੇ ਕਹਿੰਦੀ ਪੁੱਤ ਭਮਾਂ ਸਾਰਾ ਪਿੰਡ ਮਰਜੇ ਪਰ ਤੂੰ ਸਰਪੰਚ ਨਈਂ ਬਣ ਸਕਦਾ। ਏਹ ਗੱਲ ਗਿਆਨੀ ਗੁਰਦਿੱਤ ਸਿੰਘ ਨੇ 'ਮੇਰਾ ਪਿੰਡ' 'ਚ ਲਿਖੀ ਸੀ।
ਏਹੀੌ ਗੱਲ ਅੱਜ ਦੇ ਭੂਸ਼ੇ ਅਰਗੇ ਬੁੱਧੀਜੀਵੀਆਂ ਤੇ ਲਾਗੂ ਹੁੰਦੀ ਆ। ਕੱਤੀ ਮਾਰਚ ਕਰਕੇ ਡੂਢ ਸੌ ਦੀਆਂ ਤਿੰਨਾਂ ਬੋਤਲਾਂ ਆਉਂਦੀਆਂ ਸੀ ਪਰਸੋਂ। ਸਸਤੀ ਲਾਹਣ ਪੀ ਪੀ ਕੇ ਮੁਲਖ ਸੱਥਾਂ , ਫੇਸਬੁੱਕਾਂ ਤੇ ਲੰਮੀਆਂ ਲੰਮੀਆਂ ਸਪੀਚਾਂ ਦੇਦਾਂ ਸਿਆਸਤ ਬਾਰੇ।
ਜਿੱਡੀ ਲੰਮੀ ਪੂਛ ਹੋਊ ਘੋੜਾ ਆਵਦਾ ਈ ਪਿੱਛਾ ਸਵਾਰੂ। ਢੀਡਸੇ ਨੇ ਆਵਦਾ ਮੁੰਡਾ ਮੰਤਰੀ ਬਣਾਲਿਆ, ਮਲੂਕੇ ਨੇ ਆਵਦਾ , ਬਾਦਲ ਨੇ ਸੁੱਖਾ ਮੰਤਰੀ ਬਣਾਤਾ। ਜਿੱਦੇਂ ਥੋਡੇ 'ਚੋਂ ਕੋਈ ਭੂਸ਼ਾ ਮੰਤਰੀ ਬਣ ਗਿਆ ਫੇਰ ਦੱਸਿਓ । ਤਾਂਹੀ ਕਹਿਣੇ ਆਂ ਏਹਨਾਂ ਨੇ ਕੁਛ ਨੀਂ ਦੇਣਾ। ਮੌਸਮ ਚੇਂਜ ਹੋ ਗਿਆ, ਮਲੇਰੀਆ ਨਾ ਕਰਾ ਲਿਓ ਕਿਤੇ ਚੌੜ ਚੌੜ 'ਚ ਗੁਡ ਨੈਟ ਆਲੀ ਧੂਫ ਚਕਰੀ ਸਿਰਹਾਣੇ ਲਾਕੇ ਖੇਸ ਨੱਪ ਲਿਆ ਕਰੋ ਟੈਮ ਨਾ.....ਘੁੱਦਾ

ਪਰਤਿਆਈਆਂ ਬੀਆਂ ਗੱਲਾਂ.....( ਆਫਟਰ ਲੌਂਗ ਟਾਈਮ )

ਪਰਤਿਆਈਆਂ ਬੀਆਂ ਗੱਲਾਂ.....( ਆਫਟਰ ਲੌਂਗ ਟਾਈਮ )
1. ਸਾਡੇ ਆਲੀ ਜੰਤਾ ਸਭ ਤੋਂ ਵੱਧ ਗਾਲ੍ਹਾਂ ਕਾਮੇਡੀਅਨ ਨੂੰ ਕੱਢਦੀ ਆ। ਉਹ ਪੁੱਛ ਕਿਮੇਂ? ਨਾਲੇ ਤਾਂ ਕਾਮੇਡੀ ਸੁਣ ਸੁਣ ਹੱਸੀ ਜਾਣਗੇ ਨਾਲੇ ਆਖਣਗੇ ,"ਆਹ ਮੇਰਾ ਸਾਲਾ ਬਾਹਲੀ ਸਿਰੇ ਲਾਉਂਦਾ" ।
2. ਪੰਜਾਬ 'ਚ ਜੇ ਕਿਸੇ ਦਾ ਮੈਰਜ ਪੈਲਸ ਫੇਲ੍ਹ ਹੋਜੇ ਤਾਂ ਉਹਨੂੰ ਗੋਦਾਮ ਬਣਾ ਦੇਂਦਾ ਨੇ ਤੇ ਜੇ ਕਿਸੇ ਦਾ ਗੋਦਾਮ ਫੇਲ੍ਹ ਹੋਜੇ ਫੇਰ ਸਹੁਰੇ ਘਾਹ ਘੂਹ ਲਾਕੇ , ਅੰਦਰ ਚਾਨਣੀਆਂ ਬੰਨ੍ਹਕੇ ਮੈਰਜ ਪੈਲਸ ਬਣਾ ਦੇਂਦੇ ਨੇ।
3. Gucci, Armani ਅਰਗੇ ਬਰੈਂਡਾਂ ਨੂੰ ਕੰਪਨੀਆਂ ਨੇ ਓਨਾ ਪਰਮੋਟ ਨਈਂ ਕੀਤਾ ਜਿਨ੍ਹਾਂ ਪੰਜਾਬੀ ਗੈਕਾਰਾਂ ਨੇ ਪਰਮੋਟ ਕੀਤਾ । ਹਰਿੱਕ ਗੀਤ 'ਚ ਗੁੱਚੀ, ਅਰਮਾਨੀ ਦਾ ਜ਼ਿਕਰ ਕਰਿਆ ਬਾ ਹੁੰਦਾ।
4. ਕਿਸੇ ਆਏ ਗਏ ਤੋਂ ਮਾਤਾ ਅਰਗੀਆਂ ਨੂੰ ਦੋ ਕੱਪ ਚਾਹ ਬਣਾਉਣ ਖਾਤਰ ਸੁਨੇਹਾ ਲਾਈਦਾ। ਪਰਤਿਆਈ ਗੱਲ ਆ ਚਾਰ ਪੰਜ ਬੰਦਿਆਂ ਜੋਗਰੀ ਚਾਹ ਮੱਲੋ ਮੱਲੀ ਵੱਧ ਬਣਾ ਦੇਂਦੀਆਂ।
5. ਸੱਥ 'ਚ ਖੜ੍ਹੇ ਨਿੱਕੇ ਜਵਾਕ ਦੀ ਗੱਲ੍ਹ ਪੱਟਕੇ ਹਰੇਕ ਬੰਦਾ ਆਹੀ ਸਵਾਲ ਪੁੱਛਦਾ, "ਤੇਰੀ ਮੰਮੀ ਦਾ ਕੀ ਹਾਲ ਆ ਓਏ"।
ਪਿਓ ਦਾ ਹਾਲ ਨੀਂ ਪੁੱਛਦੇ ਕੰਜਦੇ ਜਾਣਕੇ।
6.ਵਿਆਹ ਤੋਂ ਬਾਅਦ ਤਿੰਨ ਚਾਰ ਦਿਨ ਬੰਦਾ ਸੱਥ 'ਚ ਜਾਣੋਂ ਸੰਗਦਾ ਕਿਓਂਕੇ ਮੰਡੀਰ ਪੱਤਰਕਾਰਾਂ ਅੰਗੂ ਬਹੁਤ ਕੱਬੇ ਸਵਾਲ ਪੁੱਛਦੀ ਆ।
7.. ਟੀਬੀ ਤੇ ਆਉਣ ਆਲੇ ਏਜੰਟਾਂ ਰਾਂਹੀ ਜੇਹੜੇ ਮੁੰਡੇ ਬਾਹਰ ਉੱਡ ਜਾਂਦੇ ਨੇ, ਉਹਨ੍ਹਾਂ ਨੂੰ ਕਾਲੀ ਦਲ ਦਾ ਸ਼ੇਰ ਬੱਗਾ ਰਾਮੂਆਲੀਆ ਈ ਮੋੜ ਕੇ ਲਿਆਉਂਦਾ, ਜਗਾੜੀ ਆ ਪੱਟੂ ਸਿਰੇ ਦਾ।
8. ਸ਼ੈਹਰੀ ਬੰਦਾ ਘਰੇ ਰੁੱਸਜੇ ਤਿੰਨ ਦਿਨ ਰੋਟੀ ਨਈਂ ਖਾਦਾਂ। ਆਖੂ ," ਨਹੀਂ ਮੇਰਾ ਮੂਡ ਠੀਕ ਨਹੀਂ ਹੈ, ਮੁਝੇ ਭੂਖ ਨਈਂ"। ਜੂਜੇ ਪਾਸੇ ਪੇਂਡੂ ਬੰਦਾ ਘਰਆਲੀ ਨਾਲ ਰੁੱਸਜੇ ਤਾਂ ਚਾਰ ਰੋਟੀਆਂ ਵੱਧ ਪਾੜਦਾ ਬੀ ਆਪੇ ਆਟਾ ਗੁੰਨ੍ਹਦੀ ਫਿਰੂ ਦਬਾਰੇ....ਘੁੱਦਾ

ਬੇਬੇ

ਰਾਤੀਂ ਸੁੱਤੇ ਪਿਆਂ ਰਾਤ ਇੱਕ ਦੋ ਵਜੇ ਅਾਪਣੇ ਅਰਗੇਆਂ ਦਾ ਕੰਬਲ ਮੰਜੇ ਤੋਂ ਹੇਠਾਂ ਡਿੱਗਾ ਪਿਆ ਹੁੰਦਾ। ਬੇਬੇ ਹੋਣੀਂ ਉੱਠਕੇ ਹੇਠੋਂ ਕੰਬਲ ਚੱਕਕੇ ਉੱਤੇ ਦੇਂਦੇ ਨੇ। ਚੁੱਲ੍ਹੇ ਕੋਲ ਰੋਟੀਆਂ ਪਕਾਉਂਦੀ ਬੇਬੇ ਹਾਕ ਮਾਰ ਕੇ ਕਹਿੰਦੀ ਆ, " ਵੇ ਛਾਬੇ 'ਚੋਂ ਬਾਟੀ ਚੱਕਕੇ ਤੌੜੀ 'ਚੋਂ ਦਾਲ ਪਾਕੇ ਮੇਰੇ ਕੋਲ ਬਹਿਕੇ ਤੱਤੀ ਤੱਤੀ ਰੋਟੀ ਖਾਲਾ ਪਹਿਲਾਂ, ਫੇਰ ਜਿੱਥੇ ਮਰਜ਼ੀ ਕੁੱਤੇ ਭਕਾਉਂਦਾ ਫਿਰੀਂ"।
ਫੁੱਲੀ ਰੋਟੀ ਦੀ ਉੱਤਲੀ ਤਹਿ ਨੂੰ ਪਾੜਕੇ ਵਿੱਚ ਮਖਣੀ ਭਰਕੇ ਖਵਾਉਣ ਆਲੀਆਂ ਬੇਬੇ ਹੋਰੀਂ ਈ ਹੁੰਦੀਆਂ ਨੇ। ਚੜ੍ਹਦੇ ਸਿਆਲ ਬੇਬੇ ਦਾ ਇਹੋ ਬਿਆਨ ਹੁੰਦਾ ," ਵੇ ਰਿੱਛਾ ਜਿਆ ਚਾਰ ਸੇਰ ਘਿਓ ਲੈ ਆ ਕਿਸੇ ਪਾਸਿਓਂ ਤੈਨੂੰ ਪੰਜੀਰੀ ਰਲਾ ਦਿਆਂ"।
ਬੇਬੇ ਦੀਆਂ ਝਿੜਕਾਂ ਦੇ ਵਿੱਚ ਫਿਕਰ ਰਲਿਆ ਹੁੰਦਾ।
ਕਿਤੇ ਘਰੋਂ ਬਾਹਰ ਜਾਣਾ ਹੋਵੇ ਬੇਬੇ ਹੋਣੀਂ ਤਿੰਨ ਚਾਰ ਵਾਰ ਇੱਕੋ ਗੱਲ ਰਪੀਟ ਕਰਦੀਆਂ, "ਵੇ ਛੋਹਰਾ ਬਟੂਆ ਕੁੜਤੇ ਦੀ ਉੱਤਲੀ ਜੇਬ 'ਚ ਪਾਲਾ, ਜੇ ਕਿਸੇ ਕੱਢ ਲਿਆ ਫੇਰ ਝਾਕੇਗਾਂ ਤਾਂਹ ਠਾਂਹ" ।
ਧੀਆਂ ਪੁੱਤ ਕਿੱਡੇ ਈ ਹੋ ਜਾਣ ਬੇਬੇ ਹੋਣਾਂ ਲਈ ਜਵਾਕ ਈ ਹੁੰਦੇ ਨੇ ਤਾਂਹੀਓ ਬਾਹਲੀ ਕਲਪਨਾ ਕਰਦੀਆਂ ਨੇ । ਧੀ ਜੰਮੇ ਤਾਂ ਜਾਪੇ 'ਚ ਪਈ ਬੇਬੇ ਨੂੰ ਈ ਦਾਜ ਦਾ ਫਿਕਰ ਹੋਣ ਲੱਗਦਾ। ਪੱਖੀਆਂ, ਸਿਰਹਾਣੇ, ਚਾਦਰਾਂ, ਚੰਦੇ, ਟਰੰਕਾਂ ਦੇ 'ਛਾੜ ਤੇ ਹੋਰ ਨਿੱਕ ਸੁੱਕ ਕੱਠਾ ਕਰਕੇ ਕੁੜੀ ਦੇ ਵਿਆਹ ਤੱਕ ਬੇਬੇ ਹੋਣੀਂ ਪੇਟੀਆਂ ਭਰ ਲੈਂਦੀਆਂ। ਜੇ ਪੁੱਤ ਜੰਮੇ ਤਾਂ ਬੇਬੇ ਨੂੰ ਨੂੰਹ ਦੇ ਸਿਰੋਂ ਪਾਣੀ ਵਾਰਨ ਦਾ ਚਾਅ ਹੁੰਦਾ।
ਏਹੀ ਬੇਬੇ ਦਾ ਜਵਾਕਾਂ ਨਾਲ ਮੋਹ ਹੁੰਦਾ, ਜਦੋਂ ਕਿਤੇ ਚਾਣ ਚੱਕ ਸੱਟ ਫੇਟ ਵੱਜੇ ਤਾਂ ਮੂੰਹੋਂ ਆਹੀ ਲਫਜ਼ ਨਿੱਕਲਦਾ, "ਹਾਏ ਬੀਬੀਏ"।
ਹਰਮੰਦਰ ਸੈਹਬ ਸਰੋਵਰ ਕੰਢੇ ਪਰਕਰਮਾ 'ਚ ਬਹਿ ਕੇ ਸੁਣੀ ਬਾਣੀ ਵਰਗੇ ਬੇਬੇ ਹੋਣਾਂ ਦੇ ਬੋਲ ਸਦਾ ਗੂੰਜਦੇ ਰਹਿਣ.....ਸਰਬੰਸਦਾਨੀ ਠੰਢ ਵਰਤਾਂਈ.....ਘੁੱਦਾ

Thursday 20 March 2014

ਹੀਰਾ ਪੁੱਤ

ਬਾਹਰਲੇ ਬੂਹੇ ਦਾ ਸੰਗਲੀ ਆਲਾ ਕੁੰਡਾ ਖੜਕਿਆ
ਮੰਜੇ ਦੀਆਂ ਬਾਹੀਆਂ ਨੂੰ ਹੱਥ ਪਾਕੇ ਪ੍ਰਕਾਸ਼ ਕੁਰ ਬੈਠੀ ਹੋਗੀ
ਗੁੱਛੂ ਮੁੱਛੂ ਕਰਕੇ ਚੁੰਨੀ ਸਿਰ ਤੇ ਧਰਦੀ ਨੇ ਪੁੱਛਿਆ
"ਕੇਹੜਾ ਵੇ ਭਾਈ ਐਸ ਵੇਲੇ, ਸੁੱਖ ਆ?
"ਤਾ..ਤਾ..ਤਾਈ ਮੈਂ ਜੱਸਾ , ਹੀ..ਹੀ..ਹੀਰਾ ਬਾਈ ਘਰੇ ਆ"?
"ਨਾ ਪੁੱਤ ਓਹਤਾ ਪਾਣੀ ਲਾਉਣ ਗਿਆ ਟਾਹਲੀ ਆਲੇ"
ਜੱਸੇ ਦੇ ਥਿਕਰਦੇ ਬੋਲ ਸੁਣਕੇ ਪ੍ਰਕਾਸ਼ ਕੁਰ ਦਾ ਅੰਦਰ ਕੰਬ ਗਿਆ
ਤੌੜੇ 'ਚੋਂ ਕੱਢਕੇ ਡੋਹਰੀ ਨਾਲ ਪਾਣੀ ਪੀਤਾ
ਟਾਣ ਤੇ ਰੱਖੇ ਟੈਮਪੀਸ ਨੇ ਪੰਜ ਕ ਵਜੇ ਦਾ ਟੈਮ ਦੱਸਿਆ
ਹਰਮੰਦਰ ਸੈਹਬ ਦੀ ਬਾਣੀ ਸੁਨਣ ਖਾਤਰ
ਅੱਬੜਵਾਹੇ ਕਿੱਲੀ ਤੇ ਟੰਗੇ ਰੇਡੀਏ ਦੀ ਸੁੱਚ ਜਾ ਨੱਪੀ
ਚਾਣਚੱਕ ਕਿਸੇ ਹੋਰ ਟੇਸ਼ਨ ਤੋਂ ਗੀਤ ਚੱਲਣ ਲੱਗਾ
"ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ......"
ਸੈਂਕੜੈ ਭੁਚਾਲ ਪ੍ਰਕਾਸ਼ ਕੁਰ ਦੇ ਪੈਰਾਂ ਹੇਠ ਸੈਂਕਣ ਲੱਗੇ
ਸਰਕਾਰੀ ਜੀਪਾਂ ਨੇ ਪਾਣੀ ਲਾਉਂਦੇ ਹੀਰੇ ਨੂੰ ਜਾ ਘੇਰਿਆ
ਝੋਨੇ ਦੇ ਵਾਹਣ 'ਚੋਂ ਟੱਕ ਭਰਕੇ ਹੀਰਾ ਨੱਕਾ ਬੰਦ ਕਰੀ ਜਾਂਦਾ ਸੀ
ਵਧੇ ਢਿੱਡ ਆਲੇ ਪੁਲਸੀਏ ਨੇ ਸਿਰੋਂ ਟੋਪੀ ਲਾਹ
ਸੱਜੀ ਕੱਛ 'ਚ ਨੱਪਦਿਆਂ ਡੰਡਾ ਹਵਾ 'ਚ ਘੁਕਾਇਆ
"ਚੱਲ ਓਏ ਵੱਡੇਆ ਸੂਰਮਿਆ ਬਹਿ ਜੀਪ 'ਚ"
"ਜਨਾਬ ਮੇਰਾ ਕਸੂਰ"
"ਸਾਲੇਆ ਗਿੱਠ ਗਿੱਠ ਦਾਹੜੀ ਵਧਾਈ ਆ, ਹਜੇ ਕਸੂਰ ਪੁੱਛਦਾਂ"
ਦੋਂਹ ਜੀਪਾਂ ਨਾ ਲੱਤਾਂ ਬੰਨ੍ਹਕੇ ਵਿਚਾਲਿਓਂ ਪਾੜਿਆ ਗੁਰਬਖਸ਼ਾ
ਹੀਰੇ ਦੀਆਂ ਅੱਖਾਂ ਅੱਗੋਂ ਘੁਕਣ ਲੱਗਾ
ਹੀਰੇ ਦੇ ਯਾਰ ਜੀਤੇ ਦੇ ਨਹੁੰ ਕੱਢਤੇ ਸੀ ਪੁਲਸ ਨੇ
ਪੁਲਸ ਨੂੰ ਝਕਾਣੀ ਦੇਕੇ ਹੀਰੇ ਨੇ ਸ਼ੂਟ ਵੱਟੀ
ਕਾਲਜ ਸਮੇਂ ਦੇ ਅਥਲੀਟ ਹੀਰੇ ਨੇ ਪੁਲਸ ਨੂੰ ਡਾਹ ਨਾ ਦਿੱਤੀ
ਚਾਰ ਛਾਲਾਂ ਮਾਰਕੇ ਸੂਏ ਦੀ ਪੱਟੜੀ ਤੇ ਜਾ ਚੜ੍ਹਿਆ
ਪਰ ਐਂਤਕੀ ਹੋਣੀ ਭਾਰੂ ਸੀ
ਪੁਲੀ ਤੇ ਖੜ੍ਹੇ ਛੋਹਲੇ ਪੁਲਸੀਆਂ ਨੇ ਹੀਰੇ ਨੂੰ ਅੱਗੋਂ ਆ ਘੇਰਿਆ
ਠਾਣੇਦਾਰ ਦੇ ਸੱਜੇ ਹੱਥ ਨੇ ਡੱਬ 'ਚੋਂ ਰਿਵਾਲਵਰ ਜਾ ਕੱਢਿਆ
ਚੜ੍ਹਦੇ ਵੱਲੋਂ ਪਹੁ ਫੁੱਟ ਰਹੀ ਸੀ
ਕਾਅਅੜੜ ਕਰਦੀ ਗੋਲੀ ਹੀਰੇ ਦੀ ਛਾਤੀ ਤੋਂ ਪਾਰ ਹੋਈ
ਰੁੱਖਾਂ ਤੇ ਬੈਠੇ ਸੈਂਕੜੇ ਪੰਛੀਆਂ ਨੇ ਉਡਾਣ ਭਰੀ
ਭਰਮੇਂ ਜੁੱਸੇ ਦਾ ਛੇ ਫੁੱਟਾ ਜਵਾਨ ਦੜ ਕਰਕੇ ਜ਼ਮੀਨ ਤੇ ਡਿੱਗਾ
ਘੱਤਰ ਦੀ ਜੰਗ ਦੇ ਅਵਾਰਡੀ ਫੌਜੀ ਦਾ ਇਕਲੌਤਾ ਪੁੱਤ ਹੀਰਾ
ਸੂਏ ਦੀ ਪਟੜੀ ਤੇ ਨਿੱਸਲ ਪਿਆ ਸੀ
ਕਰਮ ਕੁ ਦੀ ਵਿੱਥ ਤੇ ਹੀਰੇ ਦੀ ਛੇ ਲੜੀ ਪੱਗ ਪਈ ਸੀ
ਪ੍ਰਕਾਸ਼ ਕੁਰ ਵਾਹੋਦਾਹੀ ਨੰਗੇ ਪੈਂਰੀ ਭੱਜੀ ਆਉਂਦੀ ਸੀ
ਸਰਕਾਰੀ ਜੀਪਾਂ ਗਰਦੋ- ਗਾਰਦ ਕਰਦੀਆਂ
ਕਿਸੇ ਹੋਰ ਹੀਰੇ ਨੂੰ ਲੱਭਣ ਚਲੀਆਂ ਗਈਆਂ
ਪਿੰਡ ਦੇ ਗੁਰੂ ਘਰ ਦੇ ਸੌ ਫੁੱਟ ਉੱਚੇ ਨਿਸ਼ਾਨ ਸਾਹਬ ਤੇ
ਲੱਗਾ ਕੇਸਰੀ ਨਿਸ਼ਾਨ ਅਜ਼ਾਦ ਭਾਰਤ ਦੀ
ਗੁਲਾਮ ਹਵਾ ਵਿੱਚ ਬੇਖੌਫ ਝੂਲ ਰਿਹਾ ਸੀ......ਘੁੱਦਾ

ਗੁਰੂ ਪੰਜਵੇਂ ਸ਼ਹੀਦੀ ਦੀ ਚਿਣਗ ਲਾਈ

ਗੁਰੂ ਪੰਜਵੇਂ ਸ਼ਹੀਦੀ ਦੀ ਚਿਣਗ ਲਾਈ
ਤੇ ਫਿਰ ਸਿਰਜਦਾ ਗਿਆ ਇਤਿਹਾਸ ਸਾਡਾ
ਜੰਮੂਰ ਤਲਵਾਰਾਂ ਸੀ ਓਦੋਂ ਬੇਵੱਸ ਹੋਏ
ਬੜਾ ਚੀਹੜਾ ਨਿਕਲਿਆ ਮਾਸ ਸਾਡਾ
ਦੇਗੇ ਚਰਖੜੀਆਂ ਸਮੇਂ ਬੜਾ ਕੰਮ ਆਇਆ
ਜਪੁਜੀ ਸਾਹਬ ਅਤੇ ਰਹਿਰਾਸ ਸਾਡਾ
ਸਦਾ ਭਂਲਾ ਸਰਬੱਤ ਦਾ ਲੋੜਦੇ ਰਹੇ
ਭਾਈ ਘਨ੍ਹਈਏ ਜੇਹਾ ਧਰਵਾਸ ਸਾਡਾ
ਗੁੱਟ ਕੜਾ ਤੇ ਸਿਰ ਦਸਤਾਰ ਕਰਕੇ
ਮੁੱਢੋਂ ਵੱਖਰਾ ਰਿਹਾ ਲਿਬਾਸ ਸਾਡਾ
ਬੇਸ਼ੱਕ ਕੁੱਲ ਦੁਨੀਆਂ ਤੇ ਖਿੱਲਰੇ ਅਸੀਂ
ਪਰ ਨਗਰ ਅਨੰਦਪੁਰ ਇੱਕੋ ਖਾਸ ਸਾਡਾ....ਘੁੱਦਾ

ਰੋਗੀ ਪੰਜਾਬ

ਕਿਹਾ ਜਾਂਦਾ ਪੰਜਾਬੀ ਸਿਹਤ ਪੱਖੋਂ ਬੜੇ ਜਰਵਾਨੇ ਹੁੰਦੇ ਨੇ।
ਏਹ ਗੱਲਾਂ ਫਾਨੇ ਲਾਉਣ ਖਾਤਰ ਈ ਨੇ। ਅਸਲ ਨਕਸ਼ਾ ਏਹਤੋਂ ਉਲਟ ਆ। ਬਿਹਾਰ ਯੂਪੀ ਬੰਨੀਂ ਦੀਆਂ ਤੰਦਰੁਸਤ ਔਰਤਾਂ ਤੁਰੀਆਂ ਜਾਂਦੀਂਆ ਘੱਸ ਦਿਨੇ ਜਵਾਕ ਜੰਮ ਦੇਂਦੀਆਂ। ਦੂਜੇ ਪਾਸੇ ਪੰਜਾਬ 'ਚ ਜਵਾਕ ਦੀ ਨਿਓਂ ਟਿਕਣ ਤੋਂ ਜਵਾਕ ਜੰਮਣ ਤੀਕ ਹਸਪਤਾਲਾਂ ਦੇ ਗੇੜੇ ਲਾਜ਼ਮੀ ਵੱਜਦੇ ਨੇ।
ਸਾਡਾ ਮੁਲਖ ਬਿਹਾਰੋਂ ਯੂਪੀਓਂ ਆਏ ਬਈਆਂ ਨੂੰ ਬਹੁਤ ਮੇਹਨਤੀ ਸਮਝਦਾ। ਅਸਲ 'ਚ ਅਸੀਂ ਜਦੋਂ ਦੇ ਕੰਮਚੋਰ ਹੋਗੇ ਓਦੋਂ ਤੋਂ ਉਹ ਮੇਹਨਤੀ ਹੋਗੇ ਨੇ।
ਕੋਟਕਪੂਰੇ ਆਲਾ ਫਾਟਕ ਜਦੋਂ ਦਸ ਮਿੰਟ ਬੰਦ ਹੋਜੇ ਓਦੋਂ ਸੰਧਵਾਂ ਤੀਕ ਕਾਰਾਂ ਗੱਡੀਆਂ ਦਾ ਜਾਮ ਲੱਗ ਜਾਂਦਾ। ਵਰਨਾ, ਅਨਡੈਵਰਾਂ, ਡਸਟਰਾਂ, ਸਵਿੱਫਟਾਂ ਦੀ ਲੰਮੀ ਲੈਨ ਲੱਗੀ ਬੀ ਹੁੰਦੀ ਆ। ਏਹਤੋਂ ਸਿੱਧ ਹੁੰਦਾ ਪੰਜਾਬ ਕੋਲ ਕਿੰਨਾ ਕ ਪੈਸਾ ਹੈਗਾ। ਅਮੀਰ ਹੋਣੇ ਕਰਕੇ ਸਾਡਾ ਮੁਲਖ ਸਰੀਰਕ ਮੇਹਨਤ ਛੱਡ ਗਿਆ। ਤੜਕੇ ਉੱਠਕੇ ਮੁਲਖ ਪਾਰਕਾਂ 'ਚ ਘਾਹ ਮਿੱਧਦਾ ਫਿਰਦਾ ਮੌਰਨਿੰਗ ਵਾਕ ਕਰਦਾ। ਦੂਜੇ ਪਾਸੇ ਘਰੇ ਕੰਮ ਖਾਤਰ ਨੌਕਰ ਰੱਖੇ ਵਏ ਹੁੰਦੇ ਨੇ। ਜਿੰਮਾਂ ਯੋਗੇਆਂ ਦੀ ਲੋੜ ਓਦੋਂ ਈ ਪਈ ਆ ਜਦੋਂ ਅਸੀਂ ਕੰਮ ਚੋਰ ਹੋਗੇ ਨਹੀਂ ਆਪਣੇ ਦਾਦੇ ਅਰਗੇ ਕੇਹੜੀਆਂ ਬੈਂਚ ਪਰੈੱਸਾਂ ਲਾਉਂਦੇ ਸੀ।
ਆਪਾਂ ਹੁਣ ਬਾਹਲੇ ਦਲਿੱਦਰੀ ਹੋਗੇ। ਖੇਤ ਚਾਹ ਲਿਜਾਣੀ ਹੋਵੇ ਤਾਂਵੀ ਮੋਟਰਸ਼ੈਕਲ ਚਾਹੀਦਾ। ਸੈਕਲ ਤੇ ਚੜ੍ਹਨ 'ਚ ਅਸੀਂ ਹੱਤਕ ਸਮਝਦੇ ਆਂ । ਤਾਂਹੀ ਸਾਡੇ ਮੁਲਖ ਦੇ ਢਿੱਡ ਹਾਈਬ੍ਰਿੱਡ ਪੇਠਿਆਂ ਅੰਗੂ ਫੈਲਰੇ ਪਏ ਨੇ।
ਬੀ.ਪੀ ਜਾਂ ਸ਼ੂਗਰ ਦਾ ਮਰੀਜ਼ ਹਰਿੱਕ ਘਰੇ ਆ ਤਾਂਹੀ ਵਿਆਹਾਂ ਸ਼ਾਦੀਆਂ 'ਚ ਫਿੱਕੀ ਚਾਹ ਦੀ ਕੇਨੀ ਅੱਡ ਧਰੀ ਵਈ ਹੁੰਦੀ ਆ ਹੁਣ। ਸੇਹਤ ਪੱਖੋਂ ਪੰਜਾਬ ਦਾ ਭਵਿੱਖ ਬਾਹਲਾ ਚੰਗਾ ਨਈਂ ਦੀਂਹਦਾ । ਦੇਖੋ ਅੱਗੇ ਕੀ ਬਣਦਾ.ਸਰਬੰਸਦਾਨੀ ਠੰਢ ਵਰਤਾਂਈ....ਘੁੱਦਾ

Monday 3 March 2014

ਲੋਕ ਗੀਤ

ਜਦੋਂ ਅਾਪਣੇ ਬਾਪੂ ਹੋਣੀ ਗੱਭਰੂ ਹੁੰਦੇ ਸੀ ਓਦੋਂ ਕਦੇ ਕਦਾਈਂ ਕਿਸੇ ਪਿੰਡ ਅਖਾੜਾ ਲੱਗਦਾ ਸੀ।
ਟੀਪ ਕੀਤੇ ਬਨੇਰਿਆਂ ਤੇ ਲਟੋਪੀਂਘ ਹੋਇਆ ਮੁਲਖ ਸਮੱਧਰ ਜੇ ਕੱਦ ਦੇ ਕਲਾਕਾਰ ਦੇ ਗੀਤ ਸੁਣਦਾ। ਜੁੜਮੇਂ ਮੰਜਿਆਂ ਦੀਆਂ ਦੌਣਾਂ ਨਾਲ ਬੱਧੇ ਸਪੀਕਰਾਂ 'ਚੋਂ ਲੋਕ ਗੀਤ ਦੀ 'ਵਾਜ਼ ਨਿੱਕਲਕੇ ਕੰਨਾਂ ਵਿੱਚਦੀ ਹੁੰਦੀ ਹੋਈ ਕਲੇਜਿਆਂ ਵਿੱਚ ਜਾ ਬਹਿੰਦੀ। ਬਜ਼ੁਰਗਾਂ ਦੇ ਕੰਧਾੜੇ ਚੁੱਕੇ ਜਵਾਕ ਤੁਰਲੇ ਆਲੀ ਪੱਗ ਤੇ ਧੂੰਵੇਂ ਚਾਦਰੇ ਆਲੇ ਕਲਾਕਾਰ ਦੇ ਗੀਤ ਸੁਣਦੇ। ਗਾਇਕ ਦੇ ਸੱਜੇ ਹੱਥ ਦੀ ਬੋਲੀ ਉਂਗਲ ਤੂੰਬੀ ਦੀ ਤਾਰ ਨੂੰ ਛੇੜਦੀ ਤੇ ਹਜ਼ਾਰਾਂ ਧੌਣਾਂ ਸੰਗੀਤ ਦੀ ਲੈਅ ਨਾਲ ਹਿੱਲਣ ਲੱਗਦੀਆਂ। ਅਖਾੜਾ ਬਾਬੇ ਨਾਨਕ ਦੇ ਗੀਤ ਤੋਂ ਸ਼ੁਰੂ ਹੋਕੇ ਮਲਕੀ ਕੀਮਾ ਵਾਇਆ ਹੁੰਦਾ ਹੋਇਆ ਮਿਰਜ਼ੇ ਦੀ ਹਿਣਕਦੀ ਖਾਲੀ ਘੋੜੀ ਵੇਖ ਰੋਂਦੀ ਮਿਰਜ਼ੇ ਦੀ ਭੈਣ ਤੇ ਆਕੇ ਮੁੱਕ ਜਾਂਦਾ।
ਸਮਾਂ ਬਦਲ ਗਿਆ। ਯਮਲੇ ਦੀ ਫੋਟੋਆਂ ਸਮੇਤ ਤੂੰਬੀ, ਕਾਟੋ, ਅਲਗੋੋਜ਼ੇ ਅਜੈਬਘਰਾਂ ਦਾ ਸ਼ਿੰਗਾਰ ਬਣਗੇ।
ਤੁਰਲੇਦਾਰ ਪੱਗਾਂ ਦੀ ਥਾਂ ਖੜ੍ਹੇ ਵਾਲਾਂ ਆਲੇ ਕਲਾਕਾਰ ਆਗੇ। ਕੁੜੀਆਂ ਤੇ ਗੀਤ ਬਨਣ ਲੱਗੇ। ਲੰਮੀ ਧੌਣ, ਚਿੱਟੇ ਦੰਦ ਤੇ ਜੁਲਫਾਂ ਤੇ ਹੇਠਾਂ ਆਕੇ ਕੁੜੀਆਂ ਮਾਨੀਆਂ ਦੀਆਂ ਹਿੱਕਾਂ ਤੇ ਗੀਤ ਬਣਨ ਲੱਗੇ ਤੇ ਫੇਰ ਕਲਾਕਾਰਾਂ ਨੇ ਹੋਰ ਹੇਠਾਂ ਆਕੇ ਲੱਕ ਤੇ ਗੀਤ ਗਾਏ।
ਰੀਲਾਂ ਤੋਂ ਸੀਡੀਆਂ ਤੱਕ ਦਾ ਸਫਰ ਸੀ ਏਹ। ਸਮੇਂ ਦਾ ਲਫੇੜਾ ਵੱਜਿਆ ਅਸੀਂ ਵੀ ਬੇਸ਼ਰਮ ਹੋਗੇ। ਨਮੇਂ ਕਲਾਕਾਰ ਮਸ਼ੂਹਰ ਤਾਂ ਹੋਗੇ ਪਰ ਮਹਾਨ ਨਾ ਬਣ ਸਕੇ । ਗੀਤ ਤਾਂ ਹਜ਼ਾਰਾਂ ਬਣਗੇ ਪਰ ਲੋਕ ਗੀਤ ਕੋਈ ਨਾ ਬਣਿਆ। ਲੋਕ ਗੀਤਾਂ ਦੇ ਰਚੇਤਾ ਕਰਨੈਲ ਪਾਰਸ ਹੋਣੀਂ ਬਣਦਾ ਹਿੱਸਾ ਪਾਕੇ ਚੱਲ ਵਸੇ। ਉਮੀਦਾਂ ਕੈਮ ਨੇ, ਊੱਠੂਗਾ ਕੋਈ ਮਾਈ ਦਾ ਲਾਲ ...ਸਰਬੰਸਦਾਨੀ ਚੜ੍ਹਦੀਆਂ ਕਲਾ ਰੱਖੀਂ .......ਘੁੱਦਾ

ਗਾਣਾ ਹਿੱਟ ਕਰਨ ਦੇ ਫਾਰਮੂਲੇ

ਟੀਵੀ ਤੇ ਗਾਣਾ ਹਿੱਟ ਕਰਨ ਦੇ ਫਾਰਮੂਲੇ....
---ਗੀਤ ਦੇ ਮਾਡਲ ਮੁੰਡੇ ਦੇ ਡੱਬੀਦਾਰ ਮੂਕਾ ਬੰਨ੍ਹਕੇ, ਮੋਢੇ ਕਹੀ ਧਰਕੇ ਖੇਤ ਪਾਣੀ ਲਾਉਂਦਾ ਦਿਖਾਇਆ ਜਾਵੇ ਤੇ ਦੂਜੇ ਪਾਸੇ ਕੁੜੀ ਮੂਧੀ ਪੈਕੇ ਬੈੱਡ ਤੇ ਲੈਪਟੌਪ ਧਰਕੇ ਫੇਸਬੁੱਕ ਵਰਤਦੀ ਦਿਖਾਈ ਜਾਬੇ।
-----ਕੁੜੀ ਦਾ ਪਿਓ ਗੰਜਾ ਜਾ ਹੋਵੇ , ਮਾਡਲ ਮੁੰਡੇ ਦਾ ਪਿਓ ਪੱਗ ਦਾਹੜੀ ਆਲਾ ਹੋਵੇ ਤੇ ਲੱਗਦੀ ਵਾਹ ਰੋਂਦਾ ਈ ਦਿਖਾਇਆ ਜਾਵੇ।
----ਮੁੰਡਾ ਮੰਗਮੇਂ ਫੋਰਡ ਤੇ ਵਾਹਣ ਵਾਹੁੰਦਾ ਹੋਵੇ ਤੇ ਦੂਜੀ ਸੈੜ ਕੁੜੀ ਕੋਲ ਗੰਨਿਆਂ ਆਲੀ ਟਰੈਲੀ ਜਿੱਡੀ ਲੰਮੀ ਗੱਡੀ ਦਿਖਾਈ ਜਾਵੇ।
----ਕੁੜੀ ਮੈਕਡੀ ਆਲਿਆਂ ਦੇ ਬੈਠੀ ਬਰਗਰ ਖਾਂਦੀ ਦਿਖਾਈ ਜਾਵੇ ਤੇ ਦੂਜੇ ਪਾਸੇ ਮੁੰਡਾ ਬਾਟੀ 'ਚ ਚਾਹ ਪੀਂਦਾ ਸ਼ੋਅ ਕੀਤਾ ਜਾਵੇ।
(ਨੋਟ- ਮੁੰਡੇ ਦੇ ਕੁੜਤਾ ਪਜ਼ਾਮਾ ਪਾਇਆ ਬਾ ਹੋਵੇ ਤੇ ਕੁੜੀ ਦੇ ਫੁੱਲ ਟੈਟ ਜੀਨ ਪਾਈ ਬੀ ਹੋਵੇ)

ਸੌ ਪਰਸਿੰਟ ਗਰੰਟੀ ਆ ਬੀ ਗਾਣਾ ਲਾਜ਼ਮੀ ਹਿੱਟ ਹੋਊ ਜੇ ਨਾਂ ਗੀਤ ਚੱਲੇ ਬਸ਼ੱਕ ਆਕੇ ਧੌਣੋਂ ਫੜ੍ਹ ਲਿਓ, ਸਾਡੇ ਆਲੇ ਨਿੱਕੇ ਗਰਨੈਬ ਨੂੰ.....ਘੁੱਦਾ

ਅਸਲ ਲੜਾਈ ਦੇ ਜੇਤੂ

2004- 2005 ਦੇ ਲਾਗੇ ਤਾਗੇ ਜੇ ਮੋਬਾਇਲ ਪੇਂਡੂ ਲੋਕਾਂ ਦੇ ਗੀਝੇਆਂ 'ਚ ਖੜਕਣ ਲੱਗੇ।
ਓਦੋਂ ਨੋਕੀਆ ਗਿਆਰਾਂ ਸੌ ਪੰਤਾਲੀ ਕ ਸੌ ਦਾ ਹੁੰਦਾ ਸੀ। ਹਰਿੱਕ ਦੇ ਵਸੋਂ ਬਾਹਰ ਸੀ ਗੱਲ। ਐਨ ਓਸੇ ਸਮੇਂ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਚਾਈਨਾ ਮੇਡ ਫੂਨ ਆਉਣ ਲੱਗੇ।
ਡੈੱਕ, ਰੀਲਾਂ, ਟੇਪ ਰਕਾੜ ਖੂੰਜੇ ਧਰਤੇ ਲੋਕਾਂ ਨੇ ਤੇ ਗਾਣੇਆਂ ਆਲੇ ਚੈਨਾ ਮੇਡ ਮੋਬਾਇਲ ਜਣੇਂ ਖਣੇਂ ਨੇ ਖਰੀਦੇ। ਗਰੀਬ ਦੇ ਵਿਆਹ 'ਚ ਧਰੇ ਪਨੀਰ ਪਕੌੜਿਆਂ ਅੰਗੂ ਚੈਨਾ ਦੇ ਫੂਨ ਜੰਤਾ ਨੇ ਮਿੰਟੋ ਮਿੰਟੀ ਚੱਕਲੇ। ਮੇਹਨਤੀ ਚੀਨੀ ਲੋਕਾਂ ਦੀਆਂ ਬਣਾਈਆਂ ਚੀਨ ਦੀਆਂ ਬੈਟਰੀਆਂ, ਲੜੀਆਂ , ਜਵਾਕਾਂ ਦੀਆਂ ਖੇਡਾਂ, ਲੇਜ਼ਰਾਂ ਤੇ ਹੋਰ ਤਾਤਾ ਬਾਤਾ ਭਾਰਤੀ ਬਜ਼ਾਰ 'ਚ ਵਿਕਿਆ। ਬਾਹਲੀ ਗੱਲ ਕੀ ਆ ਪਰਸੋਂ ਨਿੱਕੇ ਜੇ ਪਰੋਗਰਾਮ ਖਾਤਰ ਤੜਕੇ ਤੜਕੇ ਬਠਿੰਡੇ ਮੰਡੀ 'ਚ ਸਬਜ਼ੀ ਖਰੀਦਣ ਗਏ ਸੀਗੇ।
ਜਾਕੇ ਦੁਕਾਨਦਾਰ ਨੂੰ ਕਿਹਾ ,"ਪਰਧਾਨ ਦਸ ਕਿੱਲੋ ਖੀਰੇ ਜ਼ੋਖਦੇ"। ਦੁਕਾਨਦਾਰ ਬਣਾ ਸਵਾਰਕੇ ਕਹਿੰਦਾ ,"ਭਾਈ ਸਾਹਬ ਖੀਰੇ ਇੰਡੀਅਨ ਚਾਹੀਏ ਕਿ ਚਾਈਨੀਜ਼"। ਦੁਕਾਨਦਾਰ ਨੇ ਦੱਸਿਆ ਹੁਣ ਮੰਡੀਆਂ 'ਚ ਮੋਸਟਲੀ ਚੀਨ ਦੇ ਖੀਰੇ ਈ ਵਿਕਦੇ ਨੇ, ਦੂਜੇਆਂ ਨੂੰ ਕੋਈ ਬੇਰਾਂ ਬੱਟੇ ਨੀਂ ਪੁੱਛਦਾ।
ਭਾਰਤ ਆਲੇ ਅਰੁਣਾਚਲ ਪ੍ਰਦੇਸ਼ ਬੰਨੀਂ ਰਾਮਗੜ੍ਹੋਂ ਟਰੇਨਿੰਗ ਦੇਦੇ ਕੇ ਫੌਜ ਢੋਈ ਜਾਂਦੇ ਨੇ ਹਿੰਦ-ਚੀਨ ਬਾਡਰ ਦੀ ਰਾਖੀ ਕਰਨ ਖਾਤਰ। ਪਿੱਛੇ ਜੇ ਬਾਡਰ ਤੇ ਕਰੋੜਾਂ ਖਰਚਕੇ ਹਵਾਈ ਪੱਟੜੀ ਬਣਾਈ ਆ ਟੈਂਕ , ਤੋਪਾਂ ਢੋਣ ਖਾਤਰ। ਚੰਗੇ ਸਫੈਦੇ ਜਿੱਡੀਆਂ ਮਜ਼ੈਲਾਂ ਬਣਾ ਬਣਾ ਪਰਖੀ ਜਾਂਦਾ ਆਪਣਾ ਮੁਲਖ।
ਚੀਨ ਆਲੇ ਬਿਨਾਂ ਹਥਿਆਰੋਂ ਲੜਾਈ ਜਿੱਤੀ ਵੀ ਜਾਂਦੇ ਨੇ। ਹਲੇ ਤਾਂ ਅਗਲੇਆਂ ਦੀਆਂ ਅੱਖਾਂ ਮਿਚੀਆਂ ਜੀਆਂ ਰਹਿੰਦੀਆਂ ਮੈਨੂੰ ਮੇਦ ਜੇ ਪੂਰੀਆਂ ਖੁੱਲ੍ਹੀਆਂ ਹੁੰਦੀਆਂ ਅਮਰੀਕਾ ਦਾ ਸ਼ਕਾਟ ਕੇਹੜਾ ਨਾ ਪਵਾ ਦੇਂਦੇਂ। .....ਘੁੱਦਾ

Sunday 23 February 2014

ਸਾਂਭਕੇ ਪੰਜਾਬ ਰੱਖਿਓ---ਦੂਜਾ

ਪੀਚੋ, ਪਿੱਲ ਚੋਟ, ਸ਼ੱਕਰਭੁੱਜੀ ਖੇਡ ਦੱਸਿਓ
ਧੌਲ, ਜੱਫਾ, ਕੈਂਚੀ ਪੈਂਦੀ ਰੇਡ ਦੱਸਿਓ
ਗੱਫਾ, ਬੁੱਕ, ਮੁੱਠ ਨਾਲੇ ਓਕ ਦੱਸਿਓ
ਪੱਠ, ਲੇਲਾ, ਬਲੂੰਗੜਾ ਤੇ ਬੋਕ ਦੱਸਿਓ
ਵਿੱਘੇ, ਮਰੱਬੇ, ਕਿੱਲੇ ਦਾ ਹਸਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

ਕਿਲਕਾਰੀ, ਚੀਕ, ਦਹਾੜ ਤੇ ਬੜ੍ਹਕ ਦੱਸਿਓ
ਚੋਜ, ਅਣਖ, ਨਖਰਾ , ਮੜ੍ਹਕ ਦੱਸਿਓ
ਪੀਹਲਾਂ, ਤੂਤੀਆਂ , ਨਮੋਲੀਆਂ ,ਬੇਰ ਦੱਸਿਓ
ਪਸੇਰੀ , ਅੱਧ ਪਾ, ਪਾਈਆ ਨਾਲੇ ਸੇਰ ਦੱਸਿਓ
ਲਗਾਮ, ਕਾਠੀ ਪੈਰਾਂ 'ਚ ਰਕਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ .............

ਲੱਠਾ, ਛੱਬੀ, ਖੱਦਰ ਤੇ ਮਲਮਲ ਦੱਸਿਓ
ਪਰ , ਪਰਸੋਂ ,ਭਲਕ ਤੇ ਕੱਲ੍ਹ ਦੱਸਿਓ
ਪੰਜਾ, ਜੈਤੋ, ਨਨਕਾਣਾ, ਨੀਲਾ ਤਾਰਾ ਦੱਸਿਓ
ਤਵੀ, ਚਰਖੜੀ, ਦੇਗ ਦਾ ਨਜ਼ਾਰਾ ਦੱਸਿਓ
ਚੇਤੇ ਫੂਲਾ, ਨਲੂਆ, ਕਪੂਰ ਨਵਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ...............

ਜੰਡ, ਵਣ, ਸ਼ਰੀਹ ਤੇ ਸਾਗਵਾਨ ਦੱਸਿਓ
ਲੋਕ ਤੱਥ, ਮੁਹਾਵਰੇ , ਅਖੌਤਾਂ ਅਖਾਣ ਦੱਸਿਓ
ਸਾਹਲ, ਗੁਨੀਆਂ, ਰੰਦਾ, ਕਰੰਡੀ, ਤੇਸੀ ਦੱਸਿਓ
ਭੂਰਾ, ਕੰਬਲ , ਲੋਈ ਨਾਲੇ ਖੇਸੀ ਦੱਸਿਓ
ਮਿੱਠੇ ਬੋਲ ਵੀਰ, ਭਾਜੀ ਤੇ ਜਨਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ...................

ਪੂਰਨ, ਘਨ੍ਹਈਆ, ਜੈਤਾ, ਬੁੱਧੂ ਸ਼ਾਹ ਦੱਸਿਓ
ਬੀਹੀ, ਗਲੀ, ਡੰਡੀ , ਕੱਚਾ ਰਾਹ ਦੱਸਿਓ
ਪੋਠੋਹਾਰ, ਮਾਝਾ, ਮਾਲਵਾ , ਦੁਆਬਾ ਦੱਸਿਓ
ਸੁਨਾਮ, ਖੜਕੜ ਕਲਾਂ ਤੇ ਸਰਾਭਾ ਦੱਸਿਓ
"ਘੁੱਦੇ" ਡੇਰੇ, ਸਾਧ, ਬਾਬੇ ਬੇਨਕਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ


ਪੀਲੂ, ਵਾਰਸ, ਹਾਸ਼ਮ ਤੇ ਕਾਦਰਯਾਰ ਦੱਸਿਓ
ਲਾਲ, ਤੇਜੇ, ਗੰਗੂ, ਕਿਰਪਾਲ ਜਹੇ ਗੱਦਾਰ ਦੱਸਿਓ
ਪਟਨਾ, ਚਮਕੌਰ, ਸਰਹੰਦ, ਮਾਛੀਵਾੜਾ ਦੱਸਿਓ
ਛਿੰਝ, ਕੁਸ਼ਤੀ, ਬਾਜ਼ੀ ਤੇ ਅਖਾੜਾ ਦੱਸਿਓ
ਸਭਰਾਓ, ਮੁੱਦਕੀ, ਚੇਤੇ ਖਿਦਰਾਣਾ ਢਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ

ਹਸਾਉਣੀ, ਕਹਾਣੀ, ਸਾਖੀ ਜਾਂ ਬਾਤ ਦੱਸਿਓ
ਤ੍ਰਿਕਾਲਾਂ, ਲੌਹਢਾ, ਮੂੰਹ ਨੇਹਰਾ, ਪ੍ਰਭਾਤ ਦੱਸਿਓ
ਕਹੀ, ਰੰਬੀ, ਤੰਗਲੀ, ਜਿੰਦਰਾ, ਸਲੰਘ ਦੱਸਿਓ
ਪੀੜ੍ਹੀ , ਮੰਜਾ, ਮੂਹੜਾ ਤੇ ਪਲੰਘ ਦੱਸਿਓ
ਸਾਂਭ ਚੂਰੀ, ਤੀਰ ,ਘੜਾ ,ਪੱਟ ਦਾ ਕਬਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ....................

ਦਾਦੇ, ਨਾਨਕੇ, ਪਤੀਅਸ , ਪਤਿਓਅਰੇ ਦੱਸਿਓ
ਕੁੜਮ, ਸ਼ਰੀਕੇ, ਪੇਕੇ , ਸਹੁਰੇ ਦੱਸਿਓ
ਦੰਦਾਸਾ, ਨੱਥ, ਸੁਰਮਾ ਤੇ ਮੱਥੇ ਲਟ ਦੱਸਿਓ
ਭਾਠ, ਡੰਗੋਤਰੇ, ਮਰਾਸੀ ਜਾਤ ਨੱਟ ਦੱਸਿਓ
ਛੰਭ, ਟੋਭਾ ਖੂਹ ਤੇ ਸਾਂਭ ਕੇ ਤਲਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ...................

ਠੱਕਾ, ਪੱਛੋਂ ਤੇ ਪੁਰੇ ਦੀ ਪੌਣ ਦੱਸਿਓ
ਦੁੱਲਾ, ਜੱਗਾ, ਜਿਓਣਾ ਸਨ ਕੌਣ ਦੱਸਿਓ
ਗਲੋਟਾ, ਛਿੱਕੂ, ਪੂਣੀ, ਖੱਡੀ ਤਾਣੀ ਦੱਸਿਓ
ਜਪੁ, ਰਹਿਰਾਸ, ਸੋਹਿਲਾ ਅਨੰਦ ਬਾਣੀ ਦੱਸਿਓ
ਲੇਹਾ, ਭੱਖੜਾ, ਸੂਲਾਂ ਸਾਂਭਕੇ ਗੁਲਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ .........

ਰੁੱਗ, ਥੱਬੀ, ਸੱਥਰੀ ਤੇ ਪੰਡ ਦੱਸਿਓ
ਨਖੱਤਾ, ਛੜਾ, ਦੁਹਾਜੂ ਨਾਲੇ ਰੰਡ ਦੱਸਿਓ
ਟੱਪੇ, ਸਿੱਠਣੀ , ਘੋੜੀਆਂ, ਸੁਹਾਗ ਦੱਸਿਓ
ਦੁਪੱਟਾ, ਚੁੰਨੀ, ਫੁਲਕਾਰੀਆਂ ਤੇ ਬਾਗ ਦੱਸਿਓ
ਢੱਡ,ਇਕਤਾਰਾ ਤੇ ਸਾਂਭਕੇ ਰਬਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ......ਘੁੱਦਾ

ਟੀਚਰ ਬਨਾਮ ਸੀਰੀ

ਕਈ ਦਿਨ ਪਹਿਲਾਂ ਬਠਿੰਡੇ EGS ਟੀਚਰਾਂ ਨੇ ਧਰਨਾ ਲਾਇਆ ਬਾ ਸੀ। ਦਿਨ ਰਾਤ ਲਾਏ ਧਰਨੇ 'ਚ ਇੱਕ ਟੀਚਰ ਦੇ ਕੁੱਛੜ ਚੁੱਕੀ ਚੌਦਾਂ ਮਹੀਨੇਆਂ ਦੀ ਨਿਆਣੀ ਠੰਢ ਨਾ ਚਲ ਵਸੀ।
ਕਾਬਲੇ ਗੌਰ ਆ ਕਿ ਸਰਕਾਰ ਨੇ 2009 'ਚ ਏਹ ਟੀਚਰ ਹਟਾਕੇ ਘਰਾਂ ਨੂੰ ਭੇਜਤੇ ਸੀਗੇ। ਹੁਣ ਲੋਕਾਂ ਦੀ ਤਕੜੀ ਹਮੈਤ ਕਰਕੇ ਸਰਕਾਰ ਨੇ ਟੀਚਰਾਂ ਦੀਆਂ ਮੰਗਾਂ ਮੰਨਲੀਆਂ ਨੇ। ਹੁਣ ਹਰਿੱਕ ਟੀਚਰ ਪੰਜ ਹਜ਼ਾਰ ਮਹੀਨਾ ਤਨਖਾਹ ਤੇ ਰੱਖ ਲਿਆ ਸਰਕਾਰ ਨੇ। ਏਸ ਹਸਾਬ ਨਾਲ ਸਾਲ ਦੀ ਤਨਖਾਹ ਬਾਰੋਂ ਪਾਂਜੀ ਸੱਠ ਹਜ਼ਾਰ ਬਣਦੀ ਆ। ਗੌਰ ਕਰਿਓ, ਇੱਕ ਅਨਪੜ੍ਹ ਸੀਰੀ ਕਿਸੇ ਜੱਟ ਨਾਲ ਸੱਠ ਪੈਂਹਟ ਹਜ਼ਾਰ 'ਚ ਲੱਗਦਾ ਨਾਏ ਤਿੰਨੇ ਟੈਮ ਰੋਟੀ ਅਗਲੇ ਘਰੋਂ ਖਾਂਦਾ। ਮਲਬ ਪੜ੍ਹੇ ਲਿਖੇ ਟੀਚਰਾਂ ਨਾਲੋਂ ਸੀਰੀ ਵੀ ਵੱਧ ਕਮਾ ਸਕਦਾ ਹੁਣ।
ਟਿੱਚਰਾਂ ਕਰਦੇ ਨੇ ਟੀਚਰਾਂ ਨਾਲ । ਟੈਡ ਸਰਫ ਨਾਲ ਧੋਤੇ ਲੀੜੇ ਪਾਕੇ ਮੰਤਰੀ ਨਿੱਤ ਅਖਬਾਰਾਂ ਤੇ ਪਿੱਛੇ ਮੂੰਹ ਕਰਕੇ ਫੋਟੋ ਖਿਚਾ ਛੱਡਦੇ ਨੇ। ਖੌਣੀ ਸੌਹਰੇ ਕੇਹੜੀ ਤਰੱਕੀ ਦੀਆਂ ਟਾਹਰਾਂ ਮਾਰਦੇ ਨੇ । । ਅਖੇ ਮਾਂ ਮਰਗੀ ਭੁੱਖ ਨਾ, ਪਿਓ ਮਰ ਗਿਆ ਦੁੱਖ ਨਾ, ਮੁੰਡੇ ਦਾ ਨਾਂ ਰਾਜਕੁਮਾਰ...ਆਹ ਹਾਲ ਆ ਏਹਨਾਂ ਦਾ....ਘੁੱਦਾ

ਰਾਤੀ ਖਾਕੇ ਸਾਗ ਨਾ ਰੋਟੀ

ਰਾਤੀ ਖਾਕੇ ਸਾਗ ਨਾ ਰੋਟੀ ਬਾਬਾ ਲੰਮੇ ਪੈ ਗਿਆ
ਤੜਕੇ ਜੇ ਪਤਾ ਲੱਗਾ ਏਹਤਾ ਸੁੱਤਾ ਈ ਰਹਿ ਗਿਆ
ਕਾਹਲੀ ਵਿੱਚ ਫੋਨ ਘੁਕਾਤੇ ਕੁੱਲ ਰਿਸ਼ਤੇਦਾਰਾਂ ਨੂੰ
ਕੁੜਮ ਕਬੀਲਾ ਸਾਰਾ ਦੱਬੀ ਆਉਂਦਾ ਕਾਰਾਂ ਨੂੰ
ਭੰਨ ਬਰਫ ਚੁਫੇਰੇ ਲਾਤੀ ਮਰੇ ਵਏ ਪ੍ਰਾਣੀ ਨੂੰ
ਕੀੜੀ ਤੋਂ ਡਰਦਿਆਂ ਪਾਵੇਆਂ ਹੇਠ ਰੱਖਤਾ ਪਾਣੀ ਨੂੰ

ਵਿਛੀਆਂ ਪੱਲੀਆਂ ਆ ਲੋਕੀਂ ਸੱਥਰ ਤੇ ਬਹਿਗੇ ਨੇ
ਭਰਕੇ ਟਰੈਲੀ ਲੱਕੜਾਂ ਦੀ ਸਿਵੇ ਬੰਨੀਂ ਲੈਗੇ ਨੇ
ਵੈਣ ਕਲੇਜਾ ਚੀਰਣ ਕੇਹੜਾ ਵਰ੍ਹਾਵੇ ਧੀਆਂ ਨੂੰ
ਸਬਰ ਮੁੱਲ ਨਈਂ ਮਿਲਦਾ ਟੱਬਰ ਦਿਆਂ ਜੀਆਂ ਨੂੰ
ਜਾਂਦੀ ਵਾਰੀ ਨਹਾਉਣ ਕਰਾਤਾ ਸਕਿਆਂ ਭਾਈਆਂ ਨੇ
ਭੱਜੀਆਂ ਬਾਹਾਂ ਅੰਤ ਸਮੇਂ ਗਲ ਨੂੰ ਆਈਆਂ ਨੇ

ਚਹੁੰ ਜਣੇਆਂ ਅਰਥੀ ਚੁੱਕੀ ਪਿੱਛੇ ਲੋਕੀਂ ਬਾਹਲੇ ਨੇ
ਘੜੀ ਮੁੜੀ ਘੜੀਆਂ ਦੇਖਣ ਸਾਰੇ ਜਾਣ ਨੂੰ ਕਾਹਲੇ ਨੂੰ
ਬੰਦ ਮੁੱਠੀਆਂ ਨਾਲ ਜੰਮੇ ਹੱਥ ਖੋਲ੍ਹ ਕੇ ਤੁਰ ਜਾਣੇ
ਸਰਾਂ ਵਿੱਚ ਮੁਸਾਫਰ ਬੈਠੇ, ਆਖਰ ਨੂੰ ਮੁੜ ਜਾਣੇ
ਲਟ-ਲਟ ਦੇਹੀ ਬਲਦੀ "ਹਊਮੈਂ" ਧੂੰਆਂ ਬਣ ਜਾਂਦੀ
ਘੁੱਦੇ ਕੰਮ ਓਦੇਂ ਈ ਮੁੱਕਦੇ ਜਿੱਦੇ ਚਾਦਰ ਤਣ ਜਾਂਦੀ

ਦੱਸ ਖਾਂ ਦਿੱਲੀਏ

ਵੀਹ ਵੀਹ ਲੱਖ ਘਰਾਂ ਤੇ ਲਾਤੇ ਸੱਤ ਸੱਤ ਲੱਖ ਦੀਆਂ ਕਾਰਾਂ
ਗੀਝੇਆਂ ਵਿੱਚ ਆਈਫੋਨ ਖੜਕਦੇ ਬਟੂਏ 'ਚ ਨੋਟ ਹਜ਼ਾਰਾ
ਨਹਿਰਾਂ ਵਿੱਚੋਂ ਸੂਏ ਕੱਢਤੇ ਅੱਗੋਂ ਕੱਢਤੀਆਂ ਕੱਸੀਆਂ
ਤਿੰਨ ਤਿੰਨ ਸੌ ਫੁੱਟ ਬੋਰ ਕਰਾਕੇ ਵਿੱਚ ਸਿੱਟਤੀਆਂ ਮੱਛੀਆਂ
ਇੱਕ ਡੀ.ਏ.ਪੀ ਤਿੰਨ ਯੂਰੀਆ ਗੱਟੇ ਕਿੱਲੇ ਵਿੱਚ ਖਲਾਰੇ
ਕੰਪੂਟਰ ਕਰਾਹੇ ਕੁੱਲ ਰਕਬੇ ਨੂੰ ਲਾਕੇ ਜੱਟਾਂ ਸਵਾਰੇ
ਤਿੰਨ ਮੋਟਰਾਂ ਬਣੇ ਪੱਕੇ ਖਾਲੇ ਪਾਣੀ ਇੱਕੇ ਮੂੰਹੇ ਪੈਂਦੇ
ਟੌਲ ਪਲਾਜੇ ਪੱਕੀਆਂ ਸੜਕਾਂ ਗੇਰ ਨਾ ਬਦਲਣੇ ਪੈਂਦੇ
ਟੂ- ਵੇਅ ਹੁਣ ਬਣਗੀਆਂ ਰੋੜਾਂ ਨਾ ਮਾਰ ਨਿੱਕਿਆ ਹਾਰਨ
ਸੱਤ ਪਚਵੰਜਾ ਸਵਰਾਜ ਬੁੱਕਦੇ ਜਾਂ ਫੋਰਡ ਫਰਾਟੇ ਮਾਰਨ
ਕੰਬਾਇਨਾਂ ਦੀ ਹੁਣ ਮਾਰਫਤ ਆ ਹੜੰਬੇ ਸੈੜ ਤੇ ਧਰਤੇ
ਕੁੱਲ ਜ਼ਮੀਨ ਤੇ ਚੱਕੀਆਂ ਲਿਮਟਾਂ ਬੈਕਾਂ ਦਾਬੂ ਕਰਤੇ
ਕਣਕ, ਚੌਲ ਪੰਜਾਬ ਪੈਦਾ ਕਰਕੇ ਕੁੱਲ ਭਾਰਤ ਨੂੰ ਘੱਲੇ
ਬੇ- ਸ਼ੁਕਰਿਆਂ ਨੇ ਕਦਰ ਪਾਈ ਕਰੇ ਚੌਰਾਸੀ ਵਿੱਚ ਹੱਲੇ
'ਘੁੱਦੇ' ਟੈਂਕਾਂ, ਫੌਜਾਂ, ਕਤਲੋਗਾਰਦ ਆਇਆ ਸਾਡੇ ਹਿੱਸੇ
ਦੱਸ ਖਾਂ ਦਿੱਲੀਏ ਪੰਜਾਬ ਤੇਰੇ ਨਾਲੋਂ ਕੇਹੜੀ ਗੱਲੋਂ ਪਿੱਛੇ

ਰਾਬਣ ਦੇ ਮੁੰਡੇ ਦੇ ਵਿਆਹ ਤੇ

ਬਾਹਲੀ ਪੁਰਾਣੀ ਗੱਲ ਆ। ਅੱਧ ਮਾਘ ਦੇ ਦਿਨ ਸੀਗੇ। ਲੈਂਕਾ ਆਲੇ ਰਾਬਣ ਅਰਗੇ ਕਣਕਾਂ ਕੁਣਕਾਂ ਬੀਜ ਕੇ ਵੇਹਲੇ ਸੀ ਜਮਾਂ। ਰਾਵਣ ਦਾ ਮੁੰਡਾ ਮੇਘਨਾਥ ਆਪਦੇ ਪਿਓ ਨੂੰ ਕੈਂਹਦਾ ," ਭਾਪਾ ਜਰ ਵਿਆਹ ਕਰਦੇ ਮੇਰਾ"। ਕੁੰਭਕਰਨ ਵੀ ਨੀਂਦ ਤੋਂ ਜਾਗਿਆ ਬਾ ਸੀ। ਚਾਰ ਪੰਜ ਦਿਨਾਂ 'ਚ ਕੁੜੀ ਆਲੇਆਂ ਨਾਲ ਗੱਲ ਕਰਕੇ ਕਾਡ ਕੂਡ ਛਪਾਲੇ । ਜੈਤੋ ਲਿਵੇ ਚੰਦਭਾਨ ਜੰਨ ਆਉਣੀ ਸੀ। ਰਾਵਣ ਕਿਆਂ ਨੇ ਬੱਸ ਕਰਾਲੀ ਕਿਰਾਏ ਤੇੇ ਜੰਨ ਖਾਤਰ। ਬੱਸ 'ਚ ਵੜਨ ਲੱਗਿਆਂ ਰਾਬਣ ਦੇ ਸਿਰ ਫਸਗੇ। ਹਾਰਕੇ ਰਾਵਣ ਨੂੰ 'ਤਾਹਾਂ ਛੱਤ ਤੇ ਬਹਾਤਾ। ਜੰਨ ਆਗੀ ਭਰਾਵਾ। ਰੀਬਨ ਕੱਟਣ ਲੱਗਿਆਂ ਕੁੰਭਕਰਨ ਨੇ ਗੀਝੇ 'ਚੋਂ ਝੱਗ ਜੀ ਕੱਢਕੇ ਕੁੜੀਆਂ ਤੇ ਛਿੜਕਤੀ ਤੇ ਰਾਵਣ ਅਰਗੇਆਂ ਨੇ ਬੁੱਲ੍ਹ ਫਰਕਵੇਂ ਲਲਕਾਰੇ ਛੱਡਦੇ।
ਕੁੜੀ ਆਲੇ ਚੁੱਪ ਰਹੇ ਬੀ ਕਾਹਨੂੰ ਕਲੇਸ ਪਾਉਣਾ। ਵੇਟਰ ਗਲਾਸਾਂ 'ਚ ਦੋ ਦੋ ਘੁੱਟਾਂ ਪਾਕੇ ਦਾਰੂ ਵਰਤਾਉਂਦੇ ਫਿਰਨ। ਰਾਬਣ ਨੇ ਦਾਰੂ ਆਲਾ ਡਾਲਾ ਰਖਾ ਲਿਆ ਕੋਲੇ। ਕੁੰਭਕਰਨ ਸੋਫੀ ਸੀ ਬੰਦਾ। ਉਹ ਜਾਕੇ ਫਰੂਟ ਚਾਟ ਆਲੇ ਕੋਲ ਬਹਿ ਗਿਆ, ਸਾਬਤੇ ਕੇਲੇ ਛਿਲ ਛਿਲ ਸਿੱਟੀ ਜਾਬੇ ਅੰਦਰ। ਨੰਦ ਹੋਗੇ ਤੇ ਸਲਾਮੀਆਂ ਦੇਤੀਆਂ ਮੁਲਖ ਨੇ।
ਆਥਣੇ ਡੋਲੀ ਤੁਰਨ ਦੇ ਟੈਮ ਨੂੰ ਰਾਬਣ ਨੇ ਗਲਾਰੀ ਪਾਲੀ , ਕੈਂਹਦਾ ਮੁੰਡੇ ਨੂੰ ਦਾਜ 'ਚ ਗੱਡੀ ਚਾਹੀਦੀ ਆ। ਮੰਡੀਰ ਅੱਕੀ ਬੈਠੀ ਸੀ। ਆਅਅ ਕੀ ਸ਼ੂਸ਼ਕ ਆਲੀ ਪੰਜੀਰੀ ਅੰਗੂ ਟੁੱਟਕੇ ਪੈਗੀ ਮੰਡੀਰ, ਖੜ੍ਹਜਾ ਕੈਂਹਦੇ ਅਸੀਂ ਦੇਣੇ ਆ ਫੌਰਚਿਊਨਰ। ਥੱਲ ਥੱਲ ਕੁੱਟਿਆ ਰਾਬਣ ਨੂੰ।
ਓਧਰੋਂ ਬੁੜ੍ਹੀਆਂ ਨੇ ਝਾੜ ਕਰੇਲਿਆਂ ਦੀ ਵੱਲ ਅੰਗੂ ਪਿੱਛੋਂ ਜੱਫਾ ਮਾਰਕੇ ਕੁੰਭਕਰਨ ਸਿੱਟ ਲਿਆ। ਪਾਣੀ ਪਿਆ ਪਿਆ ਕੁੱਟਿਆ ਜੰਤਾ ਨੇ ਦੋਹਾਂ ਨੂੰ ਦਮ ਲੈ ਲੈ ਕੇ। ਹਾਰਕੇ ਸਿਆਣੇ ਬੰਦਿਆਂ ਨੇ ਛਡਾਇਆ ਭਰਾਵਾ ਘੈਂਟੇ ਡੂਢ ਘੈਂਟੇ ਬਾਅਦ। ਰਾਬਣ ਅਰਗੇ ਭੱਜਕੇ ਜੰਨ ਆਲੀ ਬੱਸ ਤੇ ਚੜ੍ਹੇ। ਸੰਤਾਲੀ ਆਲੀ ਰੇਲ ਗੱਡੀ ਅੰਗੂ ਬਾਰੀਆਂ 'ਚ ਲਮਕਦੇ ਜਾਣ ਬਰਾਤੀ....ਐਹੇ ਜੇ ਵਿਆਹ ਹੁੰਦੇ ਸੀ ਓਦੋਂ.....ਘੁੱਦਾ

ਪੰਜਾਬੀ ਮਾਂ ਬੋਲੀ

ਬੌਲੀਵੁੱਡ ਆਲੇ ਆਵਦੀਆਂ ਫਿਲਮਾਂ ਹਿੱਟ ਕਰਨ ਖਾਤਰ ਪੰਜਾਬੀ ਗਾਣੇ ਪਾਉਂਦੇ ਨੇ। ਦੂਜੇ ਪਾਸੇ ਆਪਣੇ ਆਲਾ ਊਤ ਲਾਣਾ ਪੰਜਾਬੀ ਫਿਲਮ ਬਣਾਕੇ ਨਾਂ ਵੀ ਅੰਗਰੇਜ਼ੀ 'ਚ ਰੱਖਦਾ। ਆਹ ਹਾਲ ਆ।
ਪਰਸੋਂ ਚੌਥ ਕਿਸੇ ਕੰਮ ਖਾਤਰ ਕਿਸੇ ਘਰੇ ਗਏ। ਦੋਂਹ ਗੁੱਤਾਂ ਆਲੀ ਨਿੱਕੀ ਨਿਆਣੀ ਨੂੰ ਉਹਦੇ ਭਾਪੇ ਦਾ ਨੰਬਰ ਪੁੱਛਿਆ। ਸਾਡੇ ਲੀੜੇ ਲੱਤੇ ਦੇਖਕੇ ਸੌਹਰੀ ਨੇ ਪ੍ਰਭਾਵ ਪਾਉਣ ਖਾਤਰ ਨੰਬਰ ਵੀ ਅੰਗਰੇਜ਼ੀ 'ਚ ਦੱਸਿਆ। ਸਕੂਲਾਂ ਆਲੇ ਆਵਦੇ ਪੋਸਟਰਾਂ ਤੇ ਹੁੱਬ ਕੇ ਲਿਖਦੇ ਨੇ ਬੀ ਸਾਡੇ ਸਕੂਲ 'ਚ ਪੰਜਾਬੀ ਬੋਲਣਾ ਅਲਾਊਡ ਨਹੀਂ। ਕੇਰਲਾ ਬੰਨੀਂ ਦੀਆਂ ਸਾੜ੍ਹੀ ਆਲੀਆਂ ਟੀਚਰਾਂ ਜਵਾਕਾਂ ਦੇ ਚਿੱਤੜ ਕੁੱਟ ਕੁੱਟਕੇ ਕਸ਼ਮੀਰੀ ਸਿਓ ਅਰਗੇ ਕਰ ਦੇਂਦੀਆਂ ਜੇ ਕੋਈ ਪੰਜਾਬੀ ਬੋਲਦਾ ਬਾਕੀ ਅਗਲੇ ਜੁਰਮਾਨਾ ਵੀ ਮਾੜੇ ਸਕੂਲ ਦੀ ਫੀਸ ਜਿੰਨਾ ਕਰ ਦੇਂਦੇ ਨੇ। ਸ਼ਹਿਰਾਂ 'ਚ ਲੱਗੇ ਹੋਰਡਿੰਗ ਬੋਰਡਾਂ ਤੇ , ਵਿਆਹਾਂ ਦੀਆਂ ਐਲਬੰਬਾਂ 'ਚ ਦੇਖਿਓ ਪੰਜਾਬੀ ਦੀਆਂ ਕਿੰਨੀਆਂ ਗਲਤੀਆਂ ਹੁੰਦੀਆਂ ਨੇ। ਟਿੱਪੀ, ਬਿੰਦੀ, ਅੱਧਕ ਦੀ ਬਾਹਲੀ ਗਲਤੀ ਵੇਖੀ ਆ। ਸਾਡੇ ਲੋਕ ਟੌਹਰ ਖਾਤਰ ਲਿਆਉਂਦਾ, ਫੜ੍ਹਾਉਂਦਾ, ਆਉਂਦਾ ਵਰਗੇ ਲਫਜ਼ਾਂ ਨੂੰ ਲਿਆਂਦਾ, ਫੜਾਦਾਾਂ, ਆਦਾਂ ਈ ਆਖਦੇ ਨੇ। ਗੌਰ ਕਰਿਓ ਪੰਜਾਬੀ ਭਾਸ਼ਾ ਤੇ ਏਹਦੀ ਵਿਆਕਰਣ ਬੜੀ ਔਖੀ ਆ, ਕੇਰਾਂ ਹੱਥੋਂ ਖੁੱਸਗੀ ਫੇਰ ਪੱਤਣੋਂ ਪਾਣੀ ਨਈਂ ਮੁੜਨੇ। ਗੀਤਾਂ ਫਿਲਮਾਂ ਆਲੇ ਤਾਂ ਫਾਨੇ ਲਾਉਂਦੇ ਨੇ ਬੀ ਪੰਜਾਬੀ ਬੱਕਰੇ ਬੁਲਾਉਂਦੇ ਆ, ਫੱਟੇ ਚੱਕ ਦੇਣਗੇ। ਕਦੇ ਸਮਾਰ ਕੇ ਗਲੋਬ ਘੁਕਾ ਕੇ ਦੇਖਿਓ ਦੁਨੀਆਂ ਕਿੱਡੀ ਆ ਤੇ ਵਿੱਚ ਪੰਜਾਬ ਕਿੱਡਾ ਕ ਆ।
ਸੋ ਭਾਈ ਅੰਗਰੇਜ਼ੀ ਅਰਗੀ ਅੰਤਰਰਾਸ਼ਟਰੀ ਭਾਸ਼ਾ ਨੂੰ ਬੋਲਣਾ, ਲਿਖਣਾ ਕੋਈ ਗਿਣਾਂ ਨਈਂ ਪਰ ਓਸ ਪੰਜਾਬੀ ਦਾ ਖਿਆਲ ਰੱਖਿਓ ਜੇਹੜੀ ਆਪਣੇ ਨਾਲ ਦਾਈ ਦੀਆਂ ਵਧਾਈਆਂ ਨਾਲ ਸ਼ੁਰੂ ਹੋਈ ਸੀ ਤੇ ਵੈਣਾਂ ਤੀਕ ਜਾਂਦੀ ਆ। ਨਹੀਂ ਹੋਰ ਦਸਾਂ ਸਾਲਾਂ ਨੂੰ ਆਪਾਂ ਕਨੌੜੇ ਅਰਗਾ ਮੂੰਹ ਬਣਾਕੇ ਬੈਠੇ ਹੋੋਮਾਂਗੇ ਜਦੋਂ ਨਮੇਂ ਜੰਮੇ ਜਵਾਕਾਂ ਨੇ ਊੜੇ ਨੂੰ ਈ ਸਿਹਾਰੀ ਬਿਹਾਰੀ ਲਾਤੀ...ਗੌਰ ਕਰਿਓ......ਘੁੱਦਾ

ਮਰਨ ਪਿੱਛੋਂ

ਲੱਖਣ ਲਾਉਣ ਸਿਆਣੇ ਮੀਂਹ ਜ਼ਰੂਰ ਪੈਂਦਾ
ਟਟੀਹਰੀ ਟਿਆਕੇ ਤੇ ਬੀਂਡੇ ਜਦੋਂ ਬੋਲਦੇ ਨੇ
ਟੇਢੀ ਅੱਖ ਨਾਲ ਪੂਰੀ ਨਿਰਖ ਕਰੀਏ
ਸ਼ਾਹ ਹੱਟ ਤੇ ਸੌਦਾ ਜਦੋਂ ਤੋਲਦੇ ਨੇ
ਚੜ੍ਹਦੀ ਉਮਰ ਤੇ ਬੰਦਸ਼ਾਂ ਲਾਉਣ ਲੋਕੀਂ
ਆਈ ਜਵਾਨੀ ਤੋਂ ਹਾਣ ਜਦੋਂ ਟੋਲਦੇ ਨੇ
ਬਹੁਤਾ ਭੇਤ ਨਾ ਦੇਈਏ ਸਿਖਾਂਦਰੂ ਨੂੰ
ਠਾਣੇ ਅੜੇ ਤੋਂ ਭੇਤ ਛੇਤੀ ਖੋਲ੍ਹਦੇ ਨੇ
ਗੋਲੀ ਨੀਂਦ ਦੀ ਪਾਕੇ ਮਾਪਿਆਂ ਨੂੰ
ਵੇਖੇ ਖੇਹ ਖਾਂਦੇ ਤੇ ਪੱਤਾਂ ਰੋਲਦੇ ਨੇ
ਜਿਓਂਦੇ ਬੰਦੇ ਦਾ ਨਾ ਲੋਕੀਂ ਹਾਲ ਪੁੱਛਦੇ
ਮਰਨ ਪਿੱਛੋਂ ਈ ਸਿਵਾ ਫਰੋਲਦੇ ਨੇ.....ਘੁੱਦਾ

Sunday 9 February 2014

ਸਾਂਭ ਕੇ ਪੰਜਾਬ ਰੱਖਿਓ

ਪੀਲੂ, ਵਾਰਸ, ਹਾਸ਼ਮ ਤੇ ਕਾਦਰਯਾਰ ਦੱਸਿਓ
ਲਾਲ, ਤੇਜੇ, ਗੰਗੂ, ਕਿਰਪਾਲ ਜਹੇ ਗੱਦਾਰ ਦੱਸਿਓ
ਪਟਨਾ, ਚਮਕੌਰ, ਸਰਹੰਦ, ਮਾਛੀਵਾੜਾ ਦੱਸਿਓ
ਛਿੰਝ, ਕੁਸ਼ਤੀ, ਬਾਜ਼ੀ ਤੇ ਅਖਾੜਾ ਦੱਸਿਓ
ਸਭਰਾਓ, ਮੁੱਦਕੀ, ਚੇਤੇ ਖਿਦਰਾਣਾ ਢਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ

ਹਸਾਉਣੀ, ਕਹਾਣੀ, ਸਾਖੀ ਜਾਂ ਬਾਤ ਦੱਸਿਓ
ਤ੍ਰਿਕਾਲਾਂ, ਲੌਹਢਾ, ਮੂੰਹ ਨੇਹਰਾ, ਪ੍ਰਭਾਤ ਦੱਸਿਓ
ਕਹੀ, ਰੰਬੀ, ਤੰਗਲੀ, ਜਿੰਦਰਾ, ਸਲੰਘ ਦੱਸਿਓ
ਪੀੜ੍ਹੀ , ਮੰਜਾ, ਮੂਹੜਾ ਤੇ ਪਲੰਘ ਦੱਸਿਓ
ਸਾਂਭ ਚੂਰੀ, ਤੀਰ ,ਘੜਾ ,ਪੱਟ ਦਾ ਕਬਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ....................

ਦਾਦੇ, ਨਾਨਕੇ, ਪਤੀਅਸ , ਪਤਿਓਅਰੇ ਦੱਸਿਓ
ਕੁੜਮ, ਸ਼ਰੀਕੇ, ਪੇਕੇ , ਸਹੁਰੇ ਦੱਸਿਓ
ਦੰਦਾਸਾ, ਨੱਥ, ਸੁਰਮਾ ਤੇ ਮੱਥੇ ਲਟ ਦੱਸਿਓ
ਭਾਠ, ਡੰਗੋਤਰੇ, ਮਰਾਸੀ ਜਾਤ ਨੱਟ ਦੱਸਿਓ
ਛੰਭ, ਟੋਭਾ ਖੂਹ ਤੇ ਸਾਂਭ ਕੇ ਤਲਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ...................

ਠੱਕਾ, ਪੱਛੋਂ ਤੇ ਪੁਰੇ ਦੀ ਪੌਣ ਦੱਸਿਓ
ਦੁੱਲਾ, ਜੱਗਾ, ਜਿਓਣਾ ਸਨ ਕੌਣ ਦੱਸਿਓ
ਗਲੋਟਾ, ਛਿੱਕੂ, ਪੂਣੀ, ਖੱਡੀ ਤਾਣੀ ਦੱਸਿਓ
ਜਪੁ, ਰਹਿਰਾਸ, ਸੋਹਿਲਾ ਅਨੰਦ ਬਾਣੀ ਦੱਸਿਓ
ਲੇਹਾ, ਭੱਖੜਾ, ਸੂਲਾਂ ਸਾਂਭਕੇ ਗੁਲਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ .........

ਰੁੱਗ, ਥੱਬੀ, ਸੱਥਰੀ ਤੇ ਪੰਡ ਦੱਸਿਓ
ਨਖੱਤਾ, ਛੜਾ, ਦੁਹਾਜੂ ਨਾਲੇ ਰੰਡ ਦੱਸਿਓ
ਟੱਪੇ, ਸਿੱਠਣੀ , ਘੋੜੀਆਂ, ਸੁਹਾਗ ਦੱਸਿਓ
ਦੁਪੱਟਾ, ਚੁੰਨੀ, ਫੁਲਕਾਰੀਆਂ ਤੇ ਬਾਗ ਦੱਸਿਓ
ਢੱਡ,ਇਕਤਾਰਾ ਤੇ ਸਾਂਭਕੇ ਰਬਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ......ਘੁੱਦਾ

ਸਾਡੇ ਸਮੇਂ ਦੇ ਭਰਮ- ਭੁਲੇਖੇ ਤੇ ਰਿਵਾਜ

ਕੇਰਾਂ ਮੈਂ ਤੇ ਸਾਡੇ ਪਿੰਡ ਆਲੇ ਢਿੱਲੋਆਂ ਦਾ ਅਮਨਾ ਫਰੀਦਕੋਟੋਂ ਪਿੰਡ ਨੂੰ ਆਈ ਜਾਂਦੇ ਸੀ। ਮੈਨੂੰ ਮੇਦ ਆ 2009 ਦੀ ਗੱਲ ਆ ਏਹੇ। ਪਿੰਡ ਆਲੀ ਮਿੰਨੀ ਬੱਸ ਦੀ ਪਿਛਲੀ ਬਾਰੀ ਨੇੜਲੀਆਂ ਸੀਟਾਂ ਤੇ ਕਈ ਬਜ਼ੁਰਗ ਬੈਠੇ ਸੀ। ਉਹਨ੍ਹਾਂ ਵਿੱਚ ਇੱਕ ਅੱਧਖੜ ਉਮਰ ਦਾ ਪੜ੍ਹਿਆ ਲਿਖਿਆ ਬੰਦਾ ਬੈਠਾ ਸੀ। ਸੱਜੀ ਬਾਂਹ ਤੇ ਝੋਲਾ ਟੰਗੀ ਕਨੈਟਰ ਟਿਕਟਾਂ ਤੋਂ ਵੇਹਲਾ ਹੋਕੇ ਬਾਰੀ ਲਿਵੇ ਜਰਦਾ ਮਲਣ ਲਾਗਿਆ।  ਬਾਬੇਆਂ ਨੇ ਵਿਆਹਾਂ ਤੇ ਹੁੰਦੇ ਰਸਮੋ ਰਿਵਾਜਾਂ ਦਾ ਮੁੱਦਾ ਛੇੜ ਲਿਆ। ਮੁੱਦਾ ਬੜਾ ਚੰਗਾ ਸੀ। ਮੈਂ ਤੇ ਅਮਨਾ ਵੀ 'ਤਾਹਾਂ ਪੈਪ ਨੂੰ ਹੱਥ ਪਾਕੇ ਲੋਟ ਹੋਕੇ ਖੜ੍ਹਗੇ। ਗੱਲਬਾਤ ਬੜੀ ਲੰਮੀ ਸੀ। ਸੰਖੇਪ 'ਚ ਦੱਸਦਾਂ । ਬਾਬਿਆਂ ਦੀ ਗੱਲ ਦਾ ਮੁੱਢ ਏਹ ਸੀ ਕਿ ਪੁਰਾਣੇ ਸਮੇਂ ਦੀਆਂ ਲੋੜਾਂ ਅੱਜ ਦੇ ਸਮੇਂ ਵਿੱਚ ਰੀਤੀ ਰਿਵਾਜ ਬਣਗੇ ਨੇ।

ਪੁਰਾਣੇ ਸਮੇਂ ਬਰਾਤਾਂ, ਜੰਝਾਂ ਨੂੰ ਰਾਹਾਂ 'ਚ ਘੇਰਕੇ ਡਾਕੂ ਲੁੱਟ ਖੋਹ ਕਰ ਲੈਂਦੇ ਸੀ। ਏਸੇ ਕਰਕੇ ਲਾੜੇ ਦੇ ਹੱਥ ਆਵਦੀ ਰੱਖਿਆ ਖਾਤਰ ਤਲਵਾਰ ਫੜ੍ਹਾਈ ਜਾਂਦੀ ਸੀ। ਤੇ ਜੇ ਕਿਤੇ ਮਾਰਧਾੜ 'ਚ ਲਾੜਾ ਮਾਰਿਆ ਜਾਂਦਾ ਤਾਂ ਕੁੜੀ ਨੂੰ ਸਰਬਾਲੇ ਨਾਲ ਤੋਰ ਦਿੱਤਾ ਜਾਂਦਾ ਸੀ। ਏਸ ਕਰਿਆ ਸਰਬਾਲਾ ਲਾੜੇ ਦਾ ਹਾਣੀ ਈ ਬਣਾਇਆ ਜਾਂਦਾ ਸੀ।
ਜਦੋਂ ਸਹੁਰੇ ਘਰ ਬਾਰਾਤ ਢੁਕਦੀ ਤਾਂ ਲਾਗੀ ਦਰਵਾਜ਼ੇ ਦੀਆਂ ਚੂਲਾਂ ਤੇ ਸਰੋਂ ਦਾ ਤੇਲ ਚੋਂਦਾ ਸੀ ਤਾਂਕਿ ਚਿਰਰਰ ਚਿਰਰ ਦੀ ਅਵਾਜ਼ ਨਾ ਆਵੇ।  ਬਰਾਤ ਦੀ ਵਾਪਸੀ ਵੇਲੇ ਕੁੜੀ ਦੀ ਮਾਂ ਗੱਡੇ ਦੇ ਲੱਕੜ ਆਲੇ ਪਹੀਆਂ ਤੇ ਪਾਣੀ ਪਾਉਦੀ ਕਿਓਕੇ ਪਾਣੀ ਪਾਏ ਤੋਂ ਲੱਕੜ ਦੇ ਟੈਰ ਫੁੱਲ ਜਾਂਦੇ ਨਾਲੇ ਚੀਕੂੰ ਚੀਕੂੰ ਦੀ ਵਾਜ਼ ਨਾ ਕਰਦੇ। ਅੱਜ ਕੱਲ੍ਹ ਡੱਕੇਆ ਮੁਲਖ ਡਸਟਰ ਦੇ ਟੈਰਾਂ ਤੇ ਈ ਪਾਣੀ ਪਾਈ ਜਾਂਦਾ ਹੁੰਦਾ । ਮੁੱਕਦੀ ਗੱਲ ਏਹ ਆ ਕਿ ਪੁਰਾਣੇ ਵੇਲੇ ਦੀਆਂ ਲੋੜਾਂ ਅੱਜ ਦੇ ਸਮੇਂ ਵਿੱਚ ਰੀਤੀ ਰਿਵਾਜ ਨੇ।

ਪੰਜਾਬ ਦੇ ਵਹਿਮਾਂ ਭਰਮਾਂ ਅਤੇ ਰੀਤ ਰਿਵਾਜਾਂ ਬਾਰੇ ਸਤਿਕਾਰਯੋਗ ਗਿਆਨੀ ਗੁਰਦਿੱਤ ਸਿੰਘ ਤੇ ਵਣਜਾਰਾ ਬੇਦੀ ਸਾਹਬ ਨੇ ਬੜਾ ਜਚਾ ਕੇ ਵਿਸਥਾਰ ਨਾਲ ਲਿਖਿਆ ਵਾ। ਓਪਰੋਕਤ ਦੋਵੇਂ ਸਿਰਮੌਰ ਲੇਖਕ ਬਾਈ ਹੁਣ ਦੁਨੀਆਂ ਨੂੰ ਫਤਹਿ ਬੁਲਾ ਗਏ ਨੇ । ਉਹਨ੍ਹਾਂ ਨੇ 1960 ਦੇ ਨੇੜੇ ਤੇੜੇ ਦੇ ਮਹੌਲ ਬਾਰੇ ਲਿਖਿਆ। ਅੱਜ ਦੇ ਸਮੇਂ ਓਸ ਸਮੇਂ ਦੇ ਮਹੌਲ ਨਾਲੋਂ ਚੋਖਾ ਫਰਕ ਹੋਣ ਕਰਕੇ ਲੋਕਾਂ ਦੇ ਕੁਝ ਕ ਸ਼ਗਨ ਵਿਹਾਰ ਤੇ ਵਿਸ਼ਵਾਸ ਵੀ ਬਦਲਗੇ ਨੇ। ਏਹੇ ਸਾਰਾ ਲੇਖ ਕਿਸੇ ਵਿਸ਼ਵਾਸ, ਵਹਿਮ ਭਰਮ ਦੇ ਖਿਲਾਫ ਜਾਂ ਹੱਕ ਵਿੱਚ ਨਹੀਂ , ਬਸ ਸੋਬਤ ਈ ਮੌਜੂਦਾ ਲੋਕ ਵਿਸ਼ਵਾਸਾਂ ਤੇ ਚਾਨਣਾ ਪਾਉਣ ਬਾਬਤ ਈ ਆ।

ਪਿੰਡਾਂ ਦਿਆਂ ਲੋਕਾਂ ਦਾ ਹਰਿੱਕ ਕੰਮ ਵਹਿਮਾਂ ਭਰਮਾਂ ਨਾਲ ਈ ਸ਼ੁਰੂ ਹੋਕੇ, ਅਣਦੇਖੇ ਰੱਬ ਦੀ ਓਟ ਨਾਲ ਆਪੇ ਬਣਾਏ ਵਿਸ਼ਵਾਸਾਂ ਨਾਲ ਈ ਖਤਮ ਹੁੰਦਾ। ਨਿੱਕੇ ਹੁੰਦਿਆਂ ਜਦੋਂ ਕਦੇ ਦੰਦ ਹਿਲਦਾ ਹੁੰਦਾ ਤਾਂ ਕਰੜਾ ਜਾ ਜੇਰਾ ਕਰਕੇ ਪੱਟ ਲੈਂਦੇ। ਜਦੋਂ ਪੱਟਿਆ ਦੰਦ ਬੇਬੇ ਮੂਹਰੇ ਜਾਕੇ ਪੇਸ਼ ਕਰਨਾ ਤਾਂ ਉਹਨਾਂ ਏਹੋ ਦੱਸਣਾ ,"ਪੁੱਤ ਦੰਦ ਸੂਰਜ ਨੂੰ ਦੇਦੇ, ਫੇਰ ਨਮਾਂ ਆਜੂਗਾ" । ਦੰਦ ਨੂੰ ਰੂੰ 'ਚ ਵਲ੍ਹੇਟ ਕੇ ਕੋਠੇ ਤੇ ਖੜ੍ਹਕੇ ਸੂਰਜ ਨੂੰ ਆਖਣਾ ," ਸੂਰਜਾ ਸੂਰਜਾ ਪੁਰਾਣਾ ਦੰਦ ਲੈਜਾ , ਤੇ ਨਮਾਂ ਦੰਦ ਦੇਜਾ" । ਕਿਆ ਵਿਸ਼ਵਾਸ ਸੀ ।

ਜਦੋੋਂ ਕਿਸੇ ਘਰੇ ਮੁੰਡਾ ਜੰਮਦਾ ਤਾਂ ਕਿਸੇ ਹੱਥ ਸਿਨਿਆਂ ਭੇਜ ਲਾਗੀ ਨੂੰ ਸੱਦਿਆ ਜਾਂਦਾ। ਸੂਤਰੀ ਨਾਲ ਗੰਢਾਂ ਦੇ ਦੇ ਨਿੰਮ ਬੂਹੇ ਵਿੱਚ ਬੰਨ੍ਹਿਆ ਜਾਂਦਾ, ਵਿੱਚ ਛਣਕਣੇ ਜਾਂ ਬੁਲਬਲੇ ਫਲਾਕੇ ਬੰਨ੍ਹੇ ਜਾਂਦੇ ਨੇ। ਨਾਲੇ ਤਾਂ ਮੁੰਡਾ ਜੰਮੇ ਦੀ ਨਿਸ਼ਾਨੀ , ਨਾਲੇ ਓਪਰੀਆਂ ਰੂਹਾਂ ਤੋਂ ਬਚਾਓ। ਸੁਨਿਆਰੀ ਕਾਲੇ ਧਾਗੇ 'ਚ ਘੁੰਗਰੂ ਪਰੋ ਕੇ ਤੜਾਗੀ ਬਣਾ ਕੇ ਨਿਆਣੇ ਦੇ ਲੱਕ ਨਾਲ ਬੰਨ੍ਹ ਜਾਂਦੀ। ਅਖੇ ਚੰਗੀ ਹੁੰਦੀ ਆ ਏਹਵੀ। ਕਈ ਲੋਕ ਹੁਣ ਵੀ ਦਸੀ , ਪੰਜੀ 'ਚ ਮੋਰੀ ਕਰਕੇ ਧਾਗਾ ਪਾਕੇ ਨਿਆਣੇ ਦੇ ਗਲ ਪਾ ਦੇਂਦੇ ਨੇ। ਜੇ ਕਿਸੇ ਘਰ ਮਸਾਂ ਮਸਾਂ ਮੁੰਡਾ ਹੋਇਆ ਹੋਵੇ ਤਾਂ ਸੱਤ ਵੱਖ ਵੱਖ ਜਾਤਾਂ ਦੇ ਘਰਾਂ ਤੋਂ ਪੈਸੇ ਕੱਠੇ ਕਰਕੇ ਮੁੰਡੇ ਦੇ ਕੰਨ ਨੱਤੀ ਪਾਈ ਜਾਂਦੀ ਆ।

ਜੇ ਕਦੇ ਘਰੇ ਸੱਪ ਦਿਸ ਜਾਂਦਾ ਮਾਤਾ ਹੋਣੀਂ ਹੱਟੀ ਤੋਂ ਸਵਾ ਰੁਪੈ ਦੀ ਸ਼ੱਕਰ ਮੰਗਾਕੇ ਵੰਡ ਦੇਂਦੀਆਂ ਨੇ। ਨਾਲੇ ਕੱਚੀ ਲੱਸੀ ਦਾ ਛਿੱਟਾ ਦਿੱਤਾ ਜਾਂਦਾ । ਕਿਹਾ ਜਾਂਦਾ ਸੱਪ ਨੂੰ ਮਾਰਿਓ ਨਾ, ਨਹੀਂ ਤਾਂ ਸੱਪਣੀ ਵੈਰ ਪੈ ਜਾਂਦੀ ਆ ਬੰਦੇ ਦੇ। ਅਖੇ ਸੱਪ ਦੀਆਂ ਅੱਖਾਂ ਵਿੱਚ ਫੋਟੋ ਆ ਜਾਂਦੀ ਆ ਮਾਰਨ ਆਲੇ ਦੀ। ਖੌਣੀ ਸਹੁਰਾ ਕੇਹੜੇ ਲੈਂਜ਼ ਨਾਲ ਫੋਟੋ ਖਿੱਚਦਾ ਬੰਦੇ ਦੀ।
ਸੱਪ ਤੋਂ ਬਚਣ ਖਾਤਰ ਗੁੱਗਾ ਪੂਜਿਆ ਜਾਂਦਾ। ਆਟੇ ਦੇ ਸੱਪ ਬਣਾਏ ਜਾਂਦੇ ਨੇ । ਰੋਹੀ ਬੰਨੀਂ ਕਰੀਰਾਂ ਕੋਲ ਜਾਕੇ ਮੱਥਾ ਟੇਕਿਆ ਜਾਂਦਾ। ਸੇਵੀਆਂ ਬਣਾਕੇ ਸ਼ਗਨ ਵਿਹਾਰ ਜਾ ਕਰਦੀਆਂ ਬੀਬੀਆਂ।

ਹਾੜ੍ਹ ਸਾਉਣ ਮੀਂਹ ਦੀ ਕਿੱਲਤ ਹੋਣ ਤੇ ਗੁੱਡੀ ਫੂਕਦੇ ਨੇ ਲੋਕ। ਕੁੜੀਆਂ ਚਿੜੀਆਂ ਨਕਲੀ ਜਾ ਹਊ ਕਲਾਪ ਵੀ ਕਰਦੀਆਂ ਨੇ। ਸਾਡੇ ਹੁਣ ਵੀ ਰਬਾਜ ਹੈਗਾ । ਲੱਕੜਾਂ ਆਲੇ ਬੋਹੜ ਕੋਲ ਅਰਥੀ ਲਿਜਾਕੇ ਗੁੱਡੀ ਫੂਕੀ ਜਾਂਦੀ ਆ। ਨਿੱਕੇ ਹੁੰਦੇ ਅਸੀਂ ਬੋਹੜ ਦੀ ਦਾਹੜੀ ਨਾਲ ਝੂਟੇ ਲਈ ਜਾਂਦੇ ਤੇ ਬੀਬੀਆਂ ਗੁੱਡੀ ਫੂਕਦੀਆਂ। ਗੁਲਗਲਿਆਂ ਦੇ ਪੰਜ ਸੱਤ ਟੋਕਰੇ ਪਕਾਏ ਜਾਂਦੇ । ਅਸੀਂ ਤੇਲ ਆਲੇ ਗੁਲਗਲੇ ਜੇਬਾਂ 'ਚ ਪਾ ਲੈਂਦੇ ਤਾਂ ਲੀੜੇ ਥਿੰਦੇ ਹੋ ਜਾਂਦੇ, ਜੇਸ ਕਰਕੇ ਘਰੋਂ ਸਿਰੋਪੇ ਵੀ ਪੈਂਦੇ ਰਹੇ। ਏਹ ਖੌਣੀ ਕੀ ਵਰਤਾਰਾ ਹੁੰਦਾ ਸੀ, ਮੇਰੀ ਸੰਭਾਲਾ 'ਚ ਗੁੱਡੀ ਫੂਕਦਿਆਂ ਫੂਕਦਿਆਂ ਦੋ ਆਰੀ ਪੂਰਾ ਕਿਆਰੇ ਭਰ ਮੀਂਹ ਵਰ੍ਰਿਆ ਸੀ। ਕੁਦਰਤੀ ਹੀ ਸਹੀ, ਪਰ ਕਰੈਡਿਟ ਗੁੱਡੀ ਫੂਕਣ ਨੂੰ ਮਿਲ ਜਾਂਦਾ।

ਸੱਜਰ ਮਹਿੰ ਦੇ ਗਲ ਛਿੱਤਰ ਵੱਢਕੇ ਪਾਇਆ ਜਾਂਦਾ ਹੁਣ ਵੀ। ਜੇ ਕਿਸੇ ਡੰਗ ਮਹਿੰ ਨਾ ਮਿਲੇ ਕਿਹਾ ਜਾਂਦਾ ਫਲਾਣੇ ਦੀ ਨਜ਼ਰ ਲਾਗੀ। ਫੇਰ ਪੰਡਤ ਤੋਂ ਪਾਣੀ ਕਰਾਕੇ ਮਹਿੰ ਦੇ ਪਿੰਡੇ ਤੇ ਛਿੱਟੇ ਮਾਰੇ ਜਾਂਦੇ । ਨਿੱਕੇ ਹੁੰਦੇ ਕਈ ਵੇਰਾਂ ਪੰਡਤ ਤੋਂ ਪਾਣੀ ਕਰਾਉਣ ਮੈਨੂੰ ਭੇਜਿਆ ਜਾਂਦਾ। ਗੱਦੀ ਤੇ ਬੈਠਾ ਪੰਡਤ ਮੰਤਰ ਪੜ੍ਹਕੇ ਪਾਣੀ ਆਲੇ ਡੋਲੂ 'ਚ ਫੂਕਾਂ ਮਾਰਦਾ। ਬੇਬੇ ਹੋਣੀ ਨਜ਼ਰ ਲੱਗਣ ਨੂੰ "ਪਸੂ ਟਪਾਰਿਆ ਗਿਆ" ਵੀ ਕਹਿੰਦੇ ਨੇ।
ਚੰਗੀ ਮਹਿੰ ਦੀ ਤਰੀਫ ਇਓ ਕੀਤੀ ਜਾਂਦੀ ,"ਪਰਧਾਨ ਮੱਝ ਤਾਂ ਫਲਾਣੇ ਦੀ ਆ ਜਰ, ਉੱਤੇ ਮੰਜਾ ਡਹਿੰਦਾ" । ਮੰਜਾ ਡਾਹਕੇ ਖੌਣੀ ਕੀ ਸੌਹਰੇਆਂ ਨੇ ਤਾਸ਼ ਖੇਡਣੀ ਹੁੰਦੀ ਆ ਉੱਤੇ ਬਹਿ ਕੇ । ਨਜ਼ਰ ਲਾਉਣ ਆਲੇ ਦੇ ਪੈਰ ਦੀ ਮਿੱਟੀ ਚਾਕੇ ਚੁੱਲ੍ਹੇ ਸਾੜੀ ਜਾਂਦੀ । ਮਿਰਚਾਂ ਆਲੇ ਟੂਣੇ ਦਾ ਪਤਾ ਈ ਆ ਸਾਰੇਆਂ ਨੂੰ।

ਕੇਰਾਂ ਚੌਥੀ 'ਚ ਪੜ੍ਹਦਿਆਂ ਮੇਰੀ ਸੱਜ ਲੱਤ ਤੇ ਪਿਲਕਰੇ ਜੇ ਹੋਗੇ ਸੀਗੇ। ਪਿਲਕਰਿਆਂ 'ਚ ਪਾਣੀ ਜਾ ਭਰਕੇ ਫਿੱਸ ਜਿਆ ਕਰਨ। ਹਰੇਕ ਆਖਿਆ ਕਰੇ ਪਰਧਾਨ ਕੀੜਾ ਛੂਹ ਗਿਆ । ਸੱਪ ਛੂਹਣ ਨੂੰ ਕੀੜਾ ਛੂਹਣਾ ਕਿਹਾ ਜਾਂਦਾ। ਬੇਬੇ ਦੇ ਹੁਕਮ ਮੁਤਾਬਕ ਮੈਂ ਪਿੰਡ 'ਚ ਬਾਬੇ ਦਰਬਾਰੇ ਕੋਲੋਂ ਥੌਹਲਾ ਪਵਾਉਣ ਜਾਂਦਾ ਸੀ। ਅੱਕ ਦੀ ਡਾਹਣੀ ਨਾਲ ਬਾਬਾ ਥੱਲੇ ਬਹਿਕੇ ਥੌਹਲਾ ਪਾਇਆ ਕਰੇ। ਥੌਹਲਾ ਪਾਉਣ ਸਮੇਂ ਬਾਬਾ ਬਾਹਲੀਆਂ ਉਬਾਸੀਆਂ ਲੈਂਦਾ ਸੀ । ਵੱਧ ਉਬਾਸੀਆਂ ਆਉਣਾ ਏਸ ਗੱਲ ਦੀ ਪਕਿਆਈ ਹੁੰਦੀ ਸੀ ਬੀ ਹਾਂ ਸੱਚਿਓਂ ਸੱਪ ਛੂਹਿਆ ਏਹਦੇ ਤਾਂ। ਸ਼ੱਕਰ ਵੰਡਣ ਆਲਾ ਫਾਰਮੂਲਾ ਫੇਰ ਰਪੀਟ ਕੀਤਾ ਜਾਂਦਾ ਸੀ।

ਕੁਦਰਤੀ ਕਰੋਪੀ ਤੋਂ ਬਚਣ ਖਾਤਰ ਹੜਿੱਪਾ ਜਾਂ ਮੁਹਿੰਜਦੋੜੋ ਦੇ ਲੋਕ ਈ ਹੀਲਾ ਨਹੀਂ ਸਨ ਕਰਦੇ । ਮੇਰੇ ਪਿੰਡ ਘੁੱਦੇ ਦੇ ਲੋਕ ਵੀ ਕੁਦਰਤੀ ਕਰੋਪੀ ਤੋਂ ਬਚਣ ਖਾਤਰ ਮਿੰਨਤ ਤਰਲਾ ਕਰਦੇ ਨੇ। ਹਰੇਕ ਸਾਲ ਸਾਡੇ ਪਿੰਡੋਂ ਦਾਣਿਆਂ ਦੀ ਟਰੈਲੀ ਭਰਕੇ ਸਾਡੇ ਗੁਆਂਢੀ ਪਿੰਡ ਕੋਟਲੀ ਦੇ ਡੇਰੇ ਮੱਥਾ ਟੇਕਿਆ ਜਾਂਦਾ। ਦਹਾਕਿਆਂ ਪੁਰਾਣੀ ਇਹ ਮਿੱਥ ਆ ਲੋਕਾਂ ਦੀ ਕਿ ਕੋਟਲੀ ਮੱਥਾ ਟੇਕਣ ਨਾਲ ਪਿੰਡ ਦਾ ਗੜੇ ਕਾਕੜੇ ਤੋਂ ਬਚਾਅ ਹੋ ਜਾਂਦਾ।  ਕੇਰਾਂ ਮੈਨੂੰ ਯਾਦ ਆ ਸਾਡੀ ਸਭ ਤੋਂ ਵੱਡੀ ਭੈਣ ਦਾ ਵਿਆਹ ਬੰਨ੍ਹਿਆ ਵਾ ਸੀ । ਰਾਤ ਨੂੰ ਚੰਗਾ ਮੀਂਹ ਪਿਆ ਤੇ ਵਾਹਵਾ ਗੜੇ ਡਿੱਗੇ। ਬਾਪੂ ਹੋਣਾਂ ਨੇ ਵੱਡੀ ਭੈਣ ਤੋਂ ਗੜ੍ਹੇ ਭੰਨਾਏ ਸੀਗੇ। ਏਹ ਮਿੱਥ ਆ ਲੋਕਾਂ ਦੀ ਕਿ ਜੇ ਜੇਠੀ ਧੀ ਗੜ੍ਹੇ ਭੰਨੇ ਤਾਂ ਗੜ੍ਹਾ ਕਾਕੜਾ ਰੁਕ ਜਾਂਦਾ।

ਬਿਜਲੀ ਕੜ੍ਹਕਦਿਆਂ ਮਾਮੇ ਭਾਣਜੇ ਨੂੰ ਕੱਠਿਆਂ ਨਹੀਂ ਬੈਠਣ ਦਿੱਤਾ ਜਾਂਦਾ। ਕੇਰਾਂ ਬਿਜਲੀ ਕੜ੍ਹਕਦਿਆਂ ਦਾਦੀ ਨੇ ਮੈਨੂੰ ਆਖਿਆ ਸੀ ਕਿ ਬਿਜਲੀ ਕੜਕਣ ਸਮੇਂ "ਧੰਨ ਬਾਬਾ ਫਰੀਦ " ਆਖਣਾ ਚਾਹੀਦਾ। ਪੁੱਛਣ ਤੇ ਦਾਦੀ ਨੇ ਦੱਸਿਆ ਸੀ ਕਿ ਇੱਕ ਆਰੀ ਬਾਬੇ ਫਰੀਦ ਨੇ ਅਸਮਾਨੀ ਬਿਜਲੀ ਨੂੰ ਤੌੜੇ 'ਚ ਕੈਦ ਕਰਕੇ ਸਿਰਹਾਣੇ ਰੱਖ ਲਿਆ ਸੀ। ਫੇਰ ਬਾਬੇ ਫਰੀਦ ਨੇ ਏਹ ਸ਼ਰਤ ਤੇ ਬਿਜਲੀ ਨੂੰ ਰਿਹਾਅ ਕੀਤਾ ਸੀ ਕਿ ਜਿੱਥੇ ਬਾਬੇ ਫਰੀਦ ਦਾ ਨੌਂ ਲਿਆ ਜਾਵੇਗਾ ਓਥੇ ਬਿਜਲੀ ਕਦੇ ਨਈਂ ਡਿੱਗੂਗੀ। ਨਿੱਕੇ ਦਿਮਾਗ 'ਚ ਏਹ ਗੱਲਾਂ ਬੜਾ ਘਰ ਕਰਦੀਆਂ ਸੀ।  ਕਿਆ ਕਹਾਣੀ ਆ , ਝੂਠ ਹੀ ਸਹੀ ਪਰ ਪਿਆਰਾ ਤਾਂ ਹੈ।

ਵਿਆਹਾਂ ਵੇਲੇ ਲਾਈ ਮਹਿੰਦੀ ਜੇਹੜੀ ਕੁੜੀ ਦੇ ਵੱਧ ਗੂਹੜੀ ਚੜ੍ਹੇ ਤਾਂ ਸਮਝਿਆ ਜਾਂਦਾ ਉਹਦਾ ਸੱਸ ਨਾਲ ਪਿਆਰ ਵਧੇਰੇ ਆ। ਏਮੇਂ ਜਿਮੇਂ ਚੁੱਲ੍ਹੇ ਮੂਹਰੇ ਬੈਠਿਆ ਜਿਸ ਬੰਨੀਂ ਧੂੰਆਂ ਆਵੇ ਉਹਨੂੰ ਵੀ ਸੱਸ ਦਾ ਪਿਆਰਾ ਸਮਝਿਆ ਜਾਂਦਾ। ਪੀੜ੍ਹੀ ਦਾ ਮੂਧਾ ਮਾਰਨਾ ਮਾੜਾ ਸਮਝਿਆ ਜਾਂਦਾ, ਅਖੇ ਇਓ ਕਰਕੇ ਪੀੜ੍ਹੀ ਮੂਧੀ ਵੱਜ ਜਾਂਦੀ ਆ ਮਲਬ ਕਿ ਅੱਗੇ ਅਣਸ ਵਿੱਚ ਵਾਧਾ ਨਈਂ ਹੁੰਦਾ। ਕਿਸੇ ਦੇ ਉੱਤੋਂ ਦੀ ਲੰਘਣਾ ਮਾੜਾ ਹੁੰਦਾ ਅਖੇ ਏਸ ਤਰਾਂ ਕਰਨ ਨਾਲ ਅਗਲੇ ਦਾ ਕੱਦ ਨਿੱਕਾ ਰਹਿ ਜਾਂਦਾ।  ਘਰੇ ਅਨਾਰ, ਬੋਹੜ , ਪਿੱਪਲ ਵਰਗੇ ਰੁੱਖਾਂ ਦਾ ਹੋਣਾ ਬੁਰਾ ਸਮਝਿਆ ਜਾਂਦਾ ਬੀ ਬੋਹੜ ਪਿੱਪਲ ਸਾਧ ਹੁੰਦੇ ਨੇ ਏਹੇ ਉਜਾੜ ਭਾਲਦੇ ਨੇ।  ਅਸਲ ਕਾਰਨ ਏਹ ਹੋ ਸਕਦਾ ਕਿ ਬੋਹੜ ਵਰਗੇ ਰੁੱਖ ਥਾ ਬਾਹਲੀ ਘੇਰਦੇ ਨੇ ਤਾਂ ਕਰਕੇ ਏਹਨਾਂ ਦਾ ਘਰੇ ਹੋਣਾ ਸੂਤ ਨਈਂ ਆਉਂਦਾ।

ਮਾਲਵੇ 'ਚ ਖਾਸ ਕਰ ਬਠਿੰਡੇ ਜਿਲ੍ਹੇ 'ਚ ਖੇਤਪਾਲ ਤੇ ਲਾਲਾਂ ਆਲੇ ਬਾਬੇ ਦੀ ਬੜੀ ਪੂਜਾ ਕਰੀ ਜਾਂਦੀ ਆ ਹੁਣ ਵੀ। ਸਾਡੇ ਬੜੇ ਲੋਕ ਗਰਮੀ ਦੀ ਰੁੱਤੇ ਰੋਟ ਪਕਾਉਂਦੇ ਨੇ। ਧਰਤੀ ਨੂੰ ਤਪਾ ਕੇ ਗੁੜ ਤੇ ਹੋਰ ਨਿੱਕ ਸੁੱਕ ਪਾਕੇ ਮੋਟਾ ਸਾਰਾ ਰੋਟ ਪਕਾਇਆ ਜਾਂਦਾ। ਰੋਟ ਪਕਾਉਣ ਆਲਾ ਘਰ ਆਂਢ ਗੁਆਂਢ 'ਚ ਸੱਦਾ ਦੇ ਜਾਂਦਾ। ਅਸੀਂ ਘਰੋਂ ਲਫਾਫਾ ਲੈ ਜਾਂਦੇ ਤੇ ਮੁੱਠੀ 'ਚ ਇੱਕ ਦੋ ਰੁਪੈ ਜਾਂ ਦੋ ਕ ਲੱਪ ਦਾਣੇ ਲੈ ਜਾਂਦੇ ਮੱਥਾ ਟੇਕਣ ਜੋਗਰੇ। ਮੈਂ ਕਦੇ ਮੱਥਾ ਨਹੀਂ ਟੇਕਿਆ ਸੀ ਪਰ ਰੋਟਾਂ ਦਾ ਲਿਫਾਫਾ ਜ਼ਰੂਰ ਭਰਕੇ ਲਿਆਈਦਾ ਸੀ। ਗਰਮੀ ਦੇ ਦੁਪੈਹਰਿਆਂ ਦੀ ਭੁੱਖ ਸ਼ਾਤ ਕਰਨ ਖਾਤਰ ਵਾਹਵਾ ਰੋਟ ਚੱਬੇ ਜਾਂਦੇ। ਏਹ ਰੋਟ ਲਾਲਾਂ ਆਲੇ ਬਾਬੇ ਅਤੇ ਮਲੇਰਕੋਟਲੇ ਆਲੇ ਬਾਬੇ ਨੂੰ ਖੁਸ਼ ਕਰਨ ਖਾਤਰ ਪਕਾਏ ਜਾਂਦੇ ਨੇ।

ਸਾਡੇ ਘਰਾਂ ਨੇੜਲੇ ਜੰਡ ਤੇ ਹਲੇ ਵੀ ਖੰਭਣੀਆਂ ਤੇ ਸੰਧੂਰ ਦਾ ਢੇਰ ਲੱਗਾ ਰਹਿੰਦਾ। ਬੀਬੀਆਂ ਖਾਣ ਚੀਜ਼ ਦਾ ਮੱਥਾ ਟੇਕ ਜਾਂਦੀਆਂ ਤੇ ਜਿਓ ਈ ਬੀਬੀਆਂ ਦੂਜੇ ਪਾਸੇ ਮੂੰਹ ਭਉਂਦੀਆਂ , ਕੁੱਤਿਆਂ ਜੋਗੀ ਚੰਗੀ ਖੁਰਾਕ ਜੰਡ ਦੇ ਮੁੱਡ ਨਾਲ ਪਈ ਹੁੰਦੀ ਆ। ਕੁੱਤਾ ਤਾਂ ਬੰਦੇ ਨੂੰ ਸਮਝਾਉਂਦਾ ਪਰ ਬੰਦਾ ਨਈਂ ਸਮਝਦਾ ਹਲੇ।

ਖੂਹ ਪੱਟਣ ਵੇਲੇ ਜਾਂ ਨਮਾਂ ਬੋਰ ਕਰਨ ਵੇਲੇ ਮਿਸਤਰੀ ਅੱਜ ਵੀ ਖਵਾਜੇ ਪੀਰ ਨੂੰ ਥਿਆਉਂਦੇ ਨੇ। ਵਿਆਹ ਸਮੇਂ ਕੜਾਹੀ ਚੜ੍ਹਾਉਣ ਵੇਲੇ ਅਤੇ ਨਮੇਂ ਮਕਾਨ ਦੀ ਨਿਓ ਧਰਨ ਵੇਲੇ ਵੀ ਏਹੋ ਜਾ ਸ਼ਗਨ ਵਿਹਾਰ ਕੀਤਾ ਜਾਂਦਾ। ਗੁੜ ਦੀ ਡਲੀ, ਸਰੋਂ ਦਾ ਤੇਲ ਤੇ ਜਰੀ ਕੁ ਹਲਦੀ, ਮੁੱਠ ਕ ਕਣਕ ਦੇ ਦਾਣੇ ਏਸ ਕੰਮ ਖਾਤਰ ਵਰਤੇ ਜਾਂਦੇ ਨੇ। ਮੱਥਾ ਟੇਕਕੇ ਗੁੜ ਵੰਡ ਦਿੱਤਾ ਜਾਂਦਾ ।

ਲੰਘੇ ਸਾਲ ਦੀ ਇੱਕੀ ਨਵੰਬਰ ਨੂੰ ਸਾਡੀ ਦਾਦੀ ਹੋਣੀ ਚਲ ਵਸੇ । ਸਸਕਾਰ ਤੋਂ ਤੀਏ ਦਿਨ ਫੁੱਲ ਚੁਗਣ ਦੀ ਰਸਮ ਸੀ। ਸਿਵੇ ਦੇ ਸਿਰ ਆਲੇ ਪਾਸੇ ਚਾਰ ਡੰਡੀਆਂ ਗੱਡਕੇ ਉੱਤੋਂ ਕੱਚਾ ਧਾਗਾ ਵਲੇਟਿਆ ਗਿਆ। ਚਾਰ ਖੁਸ਼ਕ ਰੋਟੀਆਂ ਰੱਖਕੇ ਉੱਤੇ ਚੌਲਾਂ ਦੇ ਦਾਣੇ ਤੇ ਗੁੜ ਦੀਆਂ ਚਾਰ ਭੇਲੀਆਂ ਰੱਖਤੀਆਂ । ਹਾਸੋ ਹੀਣਾ ਕੰਮ ਸੀ, ਕਿਓਕੇ ਸਾਡੀ ਦਾਦੀ ਨੇ ਸਾਰੀ ਉਮਰ ਐਨੀ ਮਾੜੀ ਰੋਟੀ ਨਈਂ ਖਾਧੀ ਸੀ। ਫੁੱਲ ਚੁਗਕੇ ਉੱਤੇ ਲੋਈ ਪਾਕੇ ਸਿਵਾ ਕੱਜਤਾ। ਕਿਹਾ ਜਾਂਦਾ ਔਰਤ ਦੇ ਪੇਕਿਆਂ ਤੋਂ ਲਿਆਂਦੇ ਲੀੜੇ ਨਾਲ ਈ ਸਿਵਾ ਕੱਜਿਆ ਜਾਂਦਾ। ਮਰਕੇ ਵੀ ਪੇਕਿਆਂ ਤੋਂ ਆਸ ਦੀ ਆਸ ਰੱਖੀ ਜਾਂਦੀ ਆ ।

ਏਕਰਾਂ ਜੂਨ ਦੀਆਂ ਛੁੱਟੀਆਂ ਸਮੇਂ ਅਸੀਂ ਕਿੱਕਰਾਂ ਛਾਵੇਂ ਮੰਜੀ ਡਾਹੀ ਬੈਠੇ ਸੀ । ਓਦੋਂ ਜੇ ਬੀਬੀ ਦੀ ਜਾੜ੍ਹ ਵਾਹਵਾ ਦੁਖਦੀ ਸੀ। ਦੇਸੀ ਨੁਸਖਿਆਂ ਨੇ ਕੰਮ ਨਾ ਕੀਤਾ। ਕੋਲੋਂ ਲੰਘੇ ਜਾਂਦੇ ਜੋਗੀ ਨੂੰ ਰੋਕਕੇ ਸਾਰੀ ਮਰਜ਼ ਦੱਸੀ। ਜੋਗੀ ਤੇ ਕਹਿਣ ਤੇ ਮੈਂ ਘਰੋਂ ਨਟ ਬੋਲਟਾਂ ਆਲੇ ਡੱਬੇ 'ਚੋਂ ਮੇਖ ਚੁੱਕ ਲਿਆਇਆ । ਜੋਗੀ ਨੇ ਮੰਤਰ ਜਾ ਪੜ੍ਹਕੇ ਮੇਖ ਮੰਦਰਕੇ ਫੜ੍ਹਾਤੀ। ਜੋਗੀ ਦੇ ਦੱਸਣ ਮੁਤਾਬਕ ਮੇਖ ਕਿੱਕਰ 'ਚ ਗੱਡਤੀ ਜੀਹਨੂੰ ਜਾੜ੍ਹ ਠੇਕਣਾ ਕਿਹਾ ਜਾਂਦਾ। ਦੋ ਚਹੁੰ ਦਿਨਾਂ ਬਾਅਦ ਸਬੱਬੀਂ ਦਰਦ ਠੀਕ ਹੋ ਗਿਆ ਤੇ ਬੇਬੇ ਦਾ ਜੋਗੀਆਂ ਤੇ ਯਕੀਨ ਹੋਰ ਪੱਕਾ ਹੋ ਗਿਆ।

ਸਾਡੇ ਐਥੇ ਛੱਪੜ ਦੇ ਨਾਲ ਮੜ੍ਹੀਆਂ ਬਣੀਆਂ ਵਈਆਂ ਨੇ। ਨਵੀਆਂ ਵਿਆਹੀਆਂ ਜੋੜੀਆਂ ਏਥੇ ਆਕੇ ਮਿੱਟੀ ਕੱਢਦੀਆਂ। ਦੋ ਕੁ ਮੁੱਠ ਮਿੱਟੀ ਕੱਢਕੇ ਸੈੜ ਤੇ ਕਰ ਦੇਂਦੇ ਨੇ। ਏਹਨੂੰ ਚੰਗਾ ਸ਼ਗਨ ਮੰਨਿਆ ਜਾਂਦਾ। ਪਰਾਰ ਨਰੇਗਾ ਆਲੇ ਮਜ਼ਦੂਰਾਂ ਨੇ ਸਾਰੇ ਛੱਪੜ ਦੀ ਮਿੱਟੀ ਕੱਢੀ ਸੀ। ਜੇ ਐਨੀ ਮਿੱਟ ਕੱਢਣ ਦੇ ਬਾਵਜੂਦ ਉਹਨ੍ਹਾਂ ਦਾ ਕੋਈ ਭਲਾ ਨਈਂ ਹੋਇਆ ਤਾਂ ਦੋ ਕੁ ਲੱਪ ਮਿੱਟੀ ਕੱਢਣ ਵਾਲੇਆਂ ਦਾ ਭਲਾ ਕਿਮੇਂ ਹੋ ਸਕਦਾ?
ਏਹ ਭੇਦ ਮੈਨੂੰ ਸਮਝ ਨਈਂ ਆਇਆ।

ਸਾਡੇ ਘਰੇ ਕਰੂਏ ਦੇ ਵਰਤ ਰੱਖਣ ਦਾ ਰਿਵਾਜ ਮੁੱਢਾਂ ਤੋਂ ਈ ਹੈਨੀ। ਪਰ ਜਦੋਂ ਦੀਵੇ ਦੇਣ ਆਲੀ ਬੇਬੇ ਘਰੇ ਆਉਂਦੀ ਆ ਤਾਂ ਉਹ ਕਰੂਏ ਦੀਆਂ ਠੂਠੀਆਂ ਵੀ ਦੇ ਜਾਂਦੀ ਆ। ਦੀਵੇ ਤੇ ਕਰੂਏ ਦੀਆਂ ਠੂ੍ਠੀਆਂ ਵੱਟੇ ਉਹਨੂੰ ਦਾਣੇ ਪਾਏ ਜਾਂਦੇ ਨੇ। ਦੀਵਾਲੀ ਆਲੇ ਦਿਨ ਲੋਕ ਆਵਦੇ ਜਵਾਕਾਂ ਨੂੰ ਬਾਬਾ ਆਖ ਕੇ ਰੋਟੀ ਖਵਾਉਂਦੇ ਨੇ ਨਾਲੇ ਨਮੇਂ ਲੀੜੇ ਸਮਾਕੇ ਦਿੱਤੇ ਜਾਂਦੇ ਨੇ ਬਾਬਿਆਂ ਦੇ ਨੌਗੇ ਦੇ। ਸਾਡੀ ਇੱਕ ਗੁਆਂਢਣ ਬੇਬੇ ਸਬ੍ਹਾਤ ਦੇ ਆਲੇ 'ਚ ਗਿੱਦੜਪੀੜੀ ਰੱਖਦੀ ਆ ਹਲੇ ਵੀ। ਦੀਵਾਲੀ ਆਲੇ ਦਿਨ ਵੱਡੇ ਦੀਵੇ 'ਚ ਗਿੱਦੜਪੀੜੀ , ਵੜੇਵੇਂ ਤੇ ਸਰੋਂ ਦਾ ਤੇਲ ਪਾਕੇ ਕੌਲੇ ਤੇ ਰੱਖਕੇ ਬਾਲਿਆ ਜਾਂਦਾ। ਗਿੱਦੜਪੀੜੀ ਵੱਡੇ ਤੜਕੇ ਤੱਕ ਬਲਦੀ ਰਹਿੰਦੀ ਆ, ਜੇਹਨੂੰ ਚੰਗਾ ਮੰਨਿਆ ਜਾਦਾਂ।

ਏਹੋ ਜੇ ਨਿੱਕੇ ਨਿੱਕੇ ਵਹਿਮ ਭਰਮ ਹਰੇਕ ਸੱਭਿਆਚਾਰ 'ਚ ਲਾਜ਼ਮੀ ਹੁੰਦੇ ਨੇ। ਲੋਕਾਂ ਦੇ ਜੀਵਨ ਦੀ ਹਰੇਕ ਘਟਨਾ ਏਹਨਾਂ ਨਾਲ ਅੰਦਰੋਂ ਜੁੜੀ ਵਈ ਹੁੰਦੀ ਆ। ਸਭ ਤੋਂ ਖਾਸ ਗੱਲ ਕਿਸੇ ਸੱਭਿਆਚਾਰ ਦੇ ਰੀਤੀ ਰਿਵਾਜਾਂ, ਅਖਾਣਾਂ, ਲੋਕ - ਤੱਥਾਂ ਨੂੰ ਸਾਭ ਕੇ ਰੱਖਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਮਰਦਾਂ ਮੁਕਾਬਲੇ ਬੀਬੀਆਂ ਵੱਡਾ ਹਿੱਸਾ ਪਾਉਂਦੀਆਂ ਨੇ। ਬਾਬੇਆਂ ਦੀ ਵਰੋਸਾਈ ਪੰਜਾਬ ਦੀ ਧਰਤੀ ਤੇ ਮੁੱਢਾਂ ਤੋਂ ਤੁਰੇ ਆਉਂਦੇ ਇਹ ਭਰਮ ਭੁਲੇਖੇ ਖੌਣੀ ਕਦ ਤੱਕ ਜਾਰੀ ਰਹਿਣ। ਜੇ ਨਿੱਕੇ ਨਿੱਕੇ ਵਹਿਮ ਪਾਲਕੇ ਬੇਬੇ ਹੋਣਾਂ ਨੂੰ ਮਾਨਸਿਕ ਤ੍ਰਿਪਤੀ ਮਿਲਦੀ ਆ ਤਾਂ ਏਹਤੋਂ ਸਸਤਾ ਸੌਦਾ ਕੋਈ ਨਈਂ। ਸਰਬੰਸਦਾਨੀ ਠੰਢ ਵਰਤਾਈਂ।
                                                                                                               

                                                                                                                ਅੰਮ੍ਰਿਤ ਪਾਲ ਸਿੰਘ
                                                                                                                ਪਿੰਡ ਤੇ ਡਾਕ- ਘੁੱਦਾ
                                                                                                               ਜਿਲ੍ਹਾ ਵਾ ਤਹਿ- ਬਠਿੰਡਾ