Friday 19 April 2013

ਕੰਮ ਲੋਕਾਈ ਦੇ

ਵੱਡੀ ਨੂੰਹ ਕੋਲ ਕਾਕਾ ਜੰਮਿਆ, ਗਿਆ ਨਿੰਮ ਦਰਵਾਜ਼ੇ ਬੰਨ੍ਹਿਆ
ਚੁਫੇਰਿਓਂ ਮਿਲਣ ਵਧਾਈਆਂ ਜੀ
ਚਾਚੀਆਂ ਤਾਈਆਂ ਕੁੱਲ ਸਕੀਰੀਆਂ ਮੁੰਡਾ ਵੇਖਣ ਆਈਆਂ ਜੀ
ਖੰਡ ਪਾਠ ਦਾ ਭੋਗ ਪਵਾਤਾ, ਮੁਲਖ ਜਲੇਬੀਆਂ ਨਾਲ ਡਕਾਤਾ
ਬਸਤਾ ਮੋਢੇਆਂ ਉੱਤੇ ਪਾਤਾ, ਪੁੱਤ ਨੂੰ ਪੜ੍ਹਨ ਸਕੂਲ ਘਲਾਤਾ
ਚਾਰ ਜਮਾਤਾਂ ਪੜ੍ਹਜੂਗਾ, ਟੱਬਰ ਲਾਉਂਦਾ ਆਸਾਂ ਕਿਤੇ ਪੜ੍ਹਕੇ ਅੜਜੂਗਾ
ਚੜ੍ਹੀ ਜਵਾਨੀ, ਛੱਡ ਨਾਦਾਨੀ, ਨਿੱਕਾ ਕਰਗੇਆ ਦਸਮੀਂ ਜੀ
ਦੋ ਕਤਾਬਾਂ ਹੱਥ ਵਿੱਚ ਫੜ੍ਹਗੇ,
ਕਾਲਜ ਦੀ ਬੱਸ ਚੜ੍ਹ ਗਿਆ ਪਾਕੇ ਜ਼ੀਨ ਜੀ ਫਸਮੀਂ ਜੀ
ਪੱਚੀਮੇਂ ਵਰ੍ਹੇ ਤੀਕ ਨਾ ਮੁੱਕਣ ਏਹ ਕਾਰੋਬਾਰ ਪੜ੍ਹਾਈ ਦੇ
ਨਾ ਮੁੱਕਣ ਸਿਵਿਆਂ ਤੀਕਰ ਨਿੱਕਿਆ ਕੰਮ ਲੋਕਾਈ ਦੇ

ਬੁੱਢੇਆਂ ਹੁੰਦਿਆਂ ਤੱਕ ਜੋ ਘੜਦੇ ਰਹੇ ਵੱਟਾਂ ਨੂੰ
ਵੇਹਲੜ ਲੁੱਟਦੇ ਬੁੱਲ੍ਹੇ, ਭੋਰਾ ਵਿਹਲ ਨਾ ਜੱਟਾਂ ਨੂੰ
ਕਿਤੇ ਲਿਮਟ ਬੈਂਕ ਦੀ ਭਰਨੀ, ਸਪਰੇਅ ਗੁੱਲੀ ਡੰਡੇ ਤੇ ਕਰਨੀ
ਵੱਢਤੀ ਕਣਕ ਬੀਜਤੀ ਜ਼ੀਰੀ, ਪੈਸੇ ਲੈਕੇ ਟੱਪ ਗਿਆ ਸੀਰੀ
ਕਿਤੇ ਪੱਕੀ ਤੇ ਮੀਂਹ ਵਰ੍ਹ ਗਿਆ, ਰੱਬ ਜੱਗੋਂ ਤੇਰ੍ਹਮੀਂ ਕਰ ਗਿਆ
ਮੱਛੀ ਛੱਡਗੀ ਡੂੰਘਾ ਪਾਣੀ, ਹਾਏ ਓ ਡੁੱਬਦੀ ਜਾਏ ਕਿਸਾਨੀ
ਕੱਟ ਬਿਜਲੀ ਦੇ ਲੰਮੇ ਤੇ ਡੀਜ਼ਲ ਮਹਿੰਗਾ ਹੋ ਰਿਹੈ
ਚਿੱਟੀ ਦਾਹੜੀ ਬਾਬਾ ਕੈਲਾ ਬਹਿ ਮੋਟਰ ਤੇ ਰੋ ਰਿਹੈ
ਪੈਸੇ ਆੜ੍ਹਤ ਦੇ ਸਿਰ ਟੁੱਟਗੇ, ਪੁੱਤਰਾ ਕਰਮ ਆਪਣੇ ਫੁੱਟਗੇ
ਖੀਸੇ ਖਾਲੀ ਹੋਗੇ ਕਾਕਾ ਖਰਚੇ ਨਾ ਹੋਰ ਗਿਣਾਈ ਦੇ
ਨਾ ਮੁੱਕਦੇ ਸਿਵਿਆਂ ਤੀਕਰ ਨਿੱਕਿਆ ਕੰਮ ਲੋਕਾਈ ਦੇ

ਕਿਤੇ ਵਿਆਹ ਤੇ ਕਿਤੇ ਮਕਾਣਾਂ, ਪੈਂਦਾ ਹਰ ਇੱਕ ਥਾਂ ਤੇ ਜਾਣਾ
ਕਦੇ ਠਾਣਾ ਕਦੇ ਕਚੈਹਰੀ ਕਈ ਹੋਰ ਸਿਆਪੇ ਨੇ
ਪੰਦਰਾਂ ਹਜ਼ਾਰ ਲਵਾਤਾ ਨਿੱਕੀ ਕੁੜੀ ਦੇ ਜਾਪੇ ਨੇ
ਮੁੱਕਿਆ ਪਿਆ ਪਸੂਆਂ ਦਾ ਦਾਣਾ , ਉਹ ਵੀ ਪਿਹਾਉਣ ਚੱਕੀ ਤੇ ਜਾਣਾ
ਜਮਾਂਬੰਦੀ ਦੀ ਫਰਦ ਲਿਆਉਣੀ, ਵਿਰਾਸਤ ਪੁੱਤਰਾਂ ਨਾਂ ਚੜ੍ਹਾਉਣੀ
ਸਾਂਝੇ ਖਾਤੇ ਤਕਸੀਮ ਕਰਾਉਣੀ ,ਮਿਣਤੀ ਕਰਨੀ ਜ਼ਰੀਬ ਲਿਆਉਣੀ
ਉੱਤੋਂ ਕਾਰੀਗਰ ਨੂੰ ਘਰ ਸੱਦ ਲਿਆ ਨਮੀਂ ਬੈਠਕ ਪਾਉਣ ਲਈ
ਇੱਕ ਜਗਾੜੀ ਮਕੈਨਿਕ ਸੱਦਿਆ ਮੀਟਰ ਨੂੰ ਖੜ੍ਹਾਉਣ ਲਈ
ਢਿੱਡ ਆਵਦਾ ਨੰਗਾ ਹੁੰਦਾ ਘੁੱਦੇਆ ਝੱਗੇ ਨਹੀਂ ਉਠਾਈ ਦੇ
ਨਾ ਮੁੱਕਦੇ ਸਿਵਿਆਂ ਤੀਕਰ ਨਿੱਕਿਆ ਕੰਮ ਲੋਕਾਈ ਦੇ........ਘੁੱਦਾ

ਮੱਸਿਆ ਤੋਂ ਲਿਆਕੇ ਚੂੜ੍ਹੀਆਂ ਨੀਂ

ਗੱਲ ਹੁੰਦੀ ਸੱਥਾਂ ਤੇ ਪਿੰਡ ਵਿੱਚ ਰੌਲਾ ਪੈ ਗਿਆ
ਨਪੜ੍ਹ ਜਾ ਜੱਟ ਸਿਧਰਾ ਮੈਨੂੰ ਲਬਜੂ ਕਹਿ ਗਿਆ
ਖੇਹ ਕਰਾਲੀ ਸਖੀਆਂ 'ਚ ਨੀਂ ਮੈਂ ਲੂੰਬੜ ਜੇ ਨਾ ਲਾਕੇ
ਮੱਸਿਆ ਤੋਂ ਲਿਆਕੇ ਚੂੜ੍ਹੀਆਂ ਨੀਂ ਗਿਆ ਤੀਆਂ ਵਿੱਚ ਫੜ੍ਹਾਕੇ

ਮੈਂ ਪੱਥਾਂ ਪਾਥੀਆਂ ਨੀਂ ਉਹ ਵਾੜੇ ਮੂਹਰੇ ਗੇੜੇ ਮਾਰੇ
ਖੜ੍ਹ ਮੋੜਾਂ ਉੱਤੇ ਨੀ ਚੋਬਰ ਬਿੜਕਾਂ ਲੈਂਦੇ ਸਾਰੇ
ਚਿੱਤ ਕੰਬਦਾ ਹਾਥੀ ਦੇ ਕੰਨ ਵੰਗੂ ਕੀ ਦੱਸਾਂ ਮਾਂ ਨੂੰ ਜਾਕੇ
ਮੱਸਿਆ ਤੋਂ ਲਿਆਕੇ ਚੂੜ੍ਹੀਆਂ ਨੀਂ ਗਿਆ ਤੀਆਂ ਵਿੱਚ ਫੜ੍ਹਾਕੇ

ਕੱਲ੍ਹ ਗਦੈਲੇ ਭਰਾਉਣ ਗਈ ਮੈਂ ਤਾੜੇ ਆਲੇ ਭਾਈ ਕੋਲੋਂ
ਬੈਠਾ ਖਤ ਕੱਢੇ ਦਾਹੜੀ ਦੇ ਮੋਚਨਾ ਲੈ ਕੇ ਨਾਈ ਕੋਲੋਂ
"ਹੋਅਅ ਥੋਡੀ ਭਾਬੀ ਓਏ" ਆਖੇ ਮੁੰਡਿਆਂ ਨੂੰ ਮੈਨੂੰ ਸੁਣਾਕੇ
ਮੱਸਿਆ ਤੋਂ ਲਿਆਕੇ ਚੂੜ੍ਹੀਆਂ ਨੀਂ ਗਿਆ ਤੀਆਂ ਵਿੱਚ ਫੜ੍ਹਾਕੇ

ਪਿਛਲੇ ਮਹੀਨੇ ਦਿੱਤਾ ਸੀ ਕਮੀਜ਼ ਪਜਾਮਾ ਸਿਓਂ ਕੇ
ਕੱਛ ਦੇਹੜਲੀ ਕੁੜਤੇ ਦੀ ਪੰਡ ਚੱਕਣ ਲੱਗਾ ਸੀ ਨਿਓਂ ਕੇ
ਭਨਾ ਸੁਨਿਆਰ ਤੋਂ ਨੱਤੀਆਂ ਨੀਂ ਦੇਗਿਆ ਪਿੱਪਲ ਪੱਤੀਆਂ ਘੜਾਕੇ
ਮੱਸਿਆ ਤੋਂ ਲਿਆਕੇ ਚੂੜ੍ਹੀਆਂ ਨੀਂ ਗਿਆ ਤੀਆਂ ਵਿੱਚ ਫੜ੍ਹਾਕੇ

ਸ਼ਰਦਈ ਜਾ ਸੂਟ ਕਹਿੰਦਾ ਤੇਰੇ ਬਰਡੇ ਤੇ ਗਿਪਟ ਕਰਨਾ
ਹਾਂ ਪੰਚੈਤ 'ਚ ਆਖ ਦਈਂ ਕਹਿੰਦਾ ਤੇਰੇ ਬਿਨ ਨੀਂ ਸਰਨਾ
ਹਿੰਡ ਪੈ ਗਿਆ ਜਬਾਕਾਂ ਬੰਗੂ ਨੀਂ ਆਖੇ ਛੱਡੂ ਹਾਂ ਕਰਾਕੇ
ਮੱਸਿਆ ਤੋਂ ਲਿਆਕੇ ਚੂੜ੍ਹੀਆਂ ਨੀਂ ਗਿਆ ਤੀਆਂ ਵਿੱਚ ਫੜ੍ਹਾਕੇ......ਘੁੱਦਾ

ਆਹ ਨਜ਼ਾਰੇ ਨਾ ਮਿੱਤਰਾ

ਗਾਲਾ ਕਰਦੇ ਪਸੂਆਂ ਮੂੰਹੋਂ ਡਿੱਗੇ ਝੱਗ ਜਿੱਥੇ
ਰੋਹੀਆਂ ਬੰਨੀਂ ਮਿਆਂਕਣ ਬੱਕਰੀਆਂ ਦੇ ਵੱਗ ਜਿੱਥੇ
'ਖੰਡ ਪਾਠ ਦੀ ਬਾਣੀ ਸੁਣਦੀ ਟਿਕੀ ਦੁਪੈਹਰ ਨੂੰ
ਬੂਹੇ ਖਲੋਤਾ ਜੋਗੀ ਜਿੱਥੇ ਮੰਗੇ ਖੈਰ ਨੂੰ
ਸੱਥੀਂ ਬੈਠੇ ਬਾਬੇ ਰੌਲੇ ਦੀਆਂ ਗੱਲਾਂ ਸੁਣਾਉਂਦੇ ਨੇ
ਆਹ ਨਜ਼ਾਰੇ ਨਾ ਮਿੱਤਰਾ ਪੰਜਾਬੋਂ ਬਾਹਰ ਥਿਆਉਂਦੇ ਨੇ

ਤੌੜਿਆਂ ਉੱਤੇ ਚੱਪਣ ਉੱਤੇ ਛਾਵਾਂ ਬੋਹੜ ਦੀਆਂ
ਹੱਥ ਜੋੜਕੇ ਦਾਦੀਆਂ ਟੱਬਰਾਂ ਦੀ ਸੁੱਖ ਲੋੜਦੀਆਂ
ਹਲ ਗਿਆਰ੍ਹਾਂ ਖਿੱਚਦੇ ਸੁਨਣ ਫੁੰਕਾਰੇ ਫੋਰਡਾਂ ਦੇ
ਗਲੀਸ ਗੋਢਿਆਂ ਦੇ ਮੁੱਕੇ ਦਰਦ ਸਤਾਉਂਦੇ ਜੋੜਾਂ ਦੇ
ਢੂਈ ਹਿੱਲਜੇ ਤਾਂ ਕੱਕੜ ਵੈਦ ਜਿੱਥੇ ਬਾਰੇ ਲਾਉਂਦੇ ਨੇ
ਆਹ ਨਜ਼ਾਰੇ ਨਾ ਮਿੱਤਰਾ ...............

ਸਾਗ ਘੋਟਣਾ, ਦੁੱਧ ਰਿੜਕਣਾ ਕੰਮ ਸੁਆਣੀਆਂ ਦੇ
ਰੂੰਘਾ ਦੇਣੋਂ ਝਿਜਕਣ ਹੱਟੀ ਆਲੇ ਪੁੱਤ ਬਾਣੀਆਂ ਦੇ
ਪਿੰਡ ਕੱਠਾ ਹੋ ਬਹਿੰਦਾ ਮਰਨੇ ਜਾਂ ਵਿਆਹਾਂ ਤੇ
ਵਸੀਅਤ ਪੋਤੇ ਨਾਂ ਕਰਾਗਿਆ ਸੀ ਬਾਬਾ ਸਾਹਾਂ ਤੇ
ਲਾ ਬਿਗਾਨੇ ਉਂਗਲਾਂ ਘਰੀਂ ਕੰਧ ਕਢਾਉਂਦੇ ਨੇ
ਆਹ ਨਜ਼ਾਰੇ ਨਾ ਮਿੱਤਰਾ .....................

ਪੜਛੱਤੇ ਤੋਂ ਦਾਤੀਆਂ ਚੱਕੀਆਂ ਰੁੱਤ ਆਗੀ ਹਾੜ੍ਹੀ ਦੀ
ਜਿੱਥੇ ਧੰਦੂਰੇ ਲਹਿੰਦੀ ਰੋਟੀ ਜਾਂ ਫਿਰ ਚੁੱਲ੍ਹੇ ਰਾੜ੍ਹੀ ਦੀ
ਜਵਾਕ ਖੇਡਦੇ ਜਿੱਥੇ ਪਾ ਮਿਆਨੀ ਆਲੀਆਂ ਨਿਕਰਾਂ ਨੀਂ
ਦਾਤਾ ਦੋ ਟੈਮਾਂ ਦੀ ਰੋਟੀ ਦੇਦੇ ਨਾ ਹੋਰ ਨਾ ਫਿਕਰਾਂ ਨੀਂ
ਢੋਲ ਕਣਕ ਦੇ ਭਰਕੇ ਤੂੜੀ ਦੇ ਕੁੱਪ ਬਣਾਉਂਦੇ ਨੇ
ਆਹ ਨਜ਼ਾਰੇ ਨਾ ਮਿੱਤਰਾ.....................

ਸੂਏ, ਕੱਸੀਆਂ, ਪੁਲੀਆਂ ਕੱਚੇ ਧੋਰੀ ਖਾਲ ਬੜੇ
ਰੂਟ ਨਾ ਮਿੰਨੀਆਂ ਦੇ ਬਦਲਣ ਹੋਗੇ ਸਾਲ ਬੜੇ
ਰੁੱਗ ਹੜੰਬੇ ਤੇ ਲਾਉਣੇ ਮਾਰੇ ਵਏ ਮੜਾਸੇ ਨੀ
ਸੰਤਾਲੀ, ਚੌਰਾਸੀ ਦੇ ਚੰਡੇ ਤਿੱਖੇ ਕਰੇ ਗੰਡਾਸੇ ਨੀਂ
ਪੰਥਕ ਆਗੂ ਘੁੱਦਿਆ ਹੱਕਾਂ ਤੇ ਪਾਬੰਦੀ ਲਾਉਂਦੇ ਨੇ
ਆਹ ਨਜ਼ਾਰੇ ਨਾ ਮਿੱਤਰਾ ਪੰਜਾਬੋਂ ਬਾਹਰ ਥਿਆਉਂਦੇ ਨੇ.....ਘੁੱਦਾ

ਪਰਤਿਆਈਆਂ ਬੀਆਂ ਗੱਲਾਂ (ਸ਼ੀਜ਼ਨ ਥਿਰੀ)

ਪਰਤਿਆਈਆਂ ਬੀਆਂ ਗੱਲਾਂ (ਸ਼ੀਜ਼ਨ ਥਿਰੀ)
1. ਹਰਿੱਕ ਬੰਦਾ ਪਟਰੌਲ ਪੰਪ ਤੇ ਵਹੀਕਲ 'ਚ ਤੇਲ ਪਵਾਉਣ ਜਾਂਦਾ ਪਰ ਹਰੇਕ ਪੈਸਿਆਂ ਆਲੇ ਮੀਟਰ ਬੰਨੀਂ ਈ ਨਿਗ੍ਹਾ ਰੱਖਦਾ । ਆਹ ਚੀਜ਼ ਬਹੁਤ ਘੱਟ ਲੋਕ ਨੋਟ ਕਰਦੇ ਨੇ ਬੀ ਤੇਲ ਕਿੰਨੇ ਲੀਟਰ ਪਾਇਆ ਗਿਆ।
2.ਜੇਹੜਾ ਮੁੰਡਾ ਘਰਦੇਆਂ ਨੇ ਸੁੱਖਾਂ ਸੁੱਖ ਕੇ ਜੰਮਿਆ ਹੁੰਦਾ ਤੇ ਬਾਹਲੇ ਲਾਡ ਪਿਆਰ ਨਾ ਪਾਲਿਆ ਹੁੰਦਾ , ਪਰਤਿਆਇਆ ਵਾ ਉਹ ਜਵਾਕ ਨੂੰ ਬੋਲਣ ਦੀ ਸੂੰਹ ਬਾਹਲੀ ਘੱਟ ਹੁੰਦੀ ਆ।
3. ਹੁਣ ਤਾਂ ਖੈਰ ਕੋਠੀਆਂ ਬਣਗੀਆਂ ਤੇ ਛੱਤਾਂ ਪੱਕੀਆਂ ਹੋਗੀਆਂ ਪਹਿਲਾਂ ਮੱਚੇ ਵਏ ਬਲਬ, ਸੈਕਲਾਂ ਦੇ ਪੁਰਾਣੇ ਟੈਰ ਤੇ ਖਾਲੀ ਤੌੜੇ ਸਿਰਫ ਗੁਥਲਖਾਨਿਆਂ ਦੀਆਂ ਛੱਤਾਂ ਤੇ ਈ ਪਏ ਹੁੰਦੇ ਸੀ
4. ਜੇਹੜੇ ਗੀਤ 'ਚ ਕੁੜੀ ਤੇ ਮੁੰਡੇ ਦੇ ਆਰਥਿਕ ਹਾਲਾਤਾਂ ਦਾ ਫਰਕ ਦਿਖਾਇਆ ਹੋਵੇ, ਉਹ ਗੀਤ ਲਾਜ਼ਮੀ ਹਿੱਟ ਹੁੰਦਾ।
5. ਕਿਸੇ ਘਰ ਅਖੰਡ ਪਾਠ ਤੇ ਜੰਤਾ ਕਦੇ ਕੀਰਤਨ ਜਾਂ ਪਾਠ ਸੁਣਨ ਨਹੀਂ ਜਾਂਦੀ, ਬਸ ਐਸ ਕਰਕੇ ਜਾਂਦੇ ਆ ਬੀ ਕੱਲ੍ਹ ਨੂੰ ਅਗਲਾ ਐਂ ਨਾ ਆਖੇ ਬੀ ," ਪਰਧਾਨ ਤੂੰ ਜਰ ਸਾਡੇ ਖੰਡ ਪਾਠ ਤੇ ਈ ਨੀਂ ਆਇਆ "?
6.ਕਿਸੇ ਸ਼ਹਿਰੀ ਕਲੋਨੀ ਦੀ ਭੀੜੀ ਗਲੀ 'ਚ ਖੁੱਲ੍ਹਦੇ ਬਾਰ ਆਲੇ ਘਰੇ ਜੰਮਿਆ ਜਵਾਕ ਕਦੇ ਸ਼ਹਿਰੀ ਹੋਣ ਦਾ ਮਾਣ ਨੀਂ ਕਰਦਾ। ਪਰ ਪਿੰਡ ਦਾ ਮੋਟੇ ਮੋਟੇ ਡੇਲਿਆਂ ਆਲਾ ਅਣਕੱਟੇ ਨੌਹਾਂ ਆਾਲਾ ਲਿੱਬਲ ਜਾ ਜਵਾਕ ਹਿੱਕ ਤੇ ਹੱਥ ਮਾਰਕੇ ਆਖਦਾ ਬੀ ਮੈਂ ਪੇਡੂੰ ਆਂ...ਘੁੱਦਾ

ਨਮਾਂ ਕੰਪੂਟਰ

ਨੌਂਮੀ 'ਚ ਹੁੰਦੇ ਸੀ ਭਰਾਵਾ ਉਦੋਂ. ਦੋ ਹਜ਼ਾਰ ਛੀ ਦੀ ਗੱਲ ਆ। ਕੰਪੂਟਰ ਨਮੇਂ ਨਮੇਂ ਆਏ ਸੀ ਪਿੰਡਾਂ ਬੰਨੀਂ । ਅਸੀਂ ਰੋਟੀ ਟੁੱਕ ਛੱਡਤਾ ਤੇ ਘਰੇ ਗਰਾਰੀ ਪਾਲੀ ਬੀ ਕੰਪੂਟਰ ਚਾਹੀਦਾ ਤੇ ਹਾਰਕੇ ਬਾਪੂ ਅਰਗੇਆਂ ਨੇ ਕੰਪੂਟਰ ਲਿਆਂਦਾ ਭਰਾਵਾ। ਜਿੱਦੇ ਕੰਪੂਟਰ ਲਿਆਉਣਾ ਸੀ ਅਸੀਂ ਬਿੰਦੇ ਬਿੰਦੇ ਕੋਠੇ ਚੜ ਕੇ ਅੱਡੇ ਬੰਨੀਂ ਬੇਖੀਏ ਬੀ ਬਾਪੂ ਅਰਗੇ ਹੁਣ ਵੀ ਆਏ ਹੁਣ ਵੀ ਆਏ। ਹਾਣੀਸਾਰ ਨੂੰ ਆਥਣੇ ਸੱਤ ਕ ਬਜੇ ਆਗੇ ਭਰਾਵਾ। ਸਾਡੇਆਲੇ ਸੁਰਮੇਰੰਗੇ ਜੇ ਸ਼ਕੂਟਰ ਦੇ ਮੂਹਰੇ ਪੈਰ ਧਰਨ ਆਲੀ ਥਾਂ ਤੇ ਚੋਕ ਤੋਂ ਉੱਤਲੀ ਕੁੰਡੀ ਜੀ ਨਾ ਸੀ. ਪੀ. ਯੂ ਬੰਨਿਆ ਵਾ ਸੀ ਤੇ ਪਿਛਲੀ ਸੀਟ ਆਲੇ ਦੇ ਪੱਟਾਂ ਤੇ ਮੋਨੀਟਰ ਧਰਿਆ ਵਾ ਤੇ ਸਮੇਤ ਯੂ. ਪੀ. ਇੱਸ ਸੈੜ ਆਲੀ ਡਿੱਗੀ 'ਚ ਸਾਰਾ ਨਿੱਕ ਸੁੱਕ ਪਿਆ ਸੀ। ਆ ਕੀ ਭਰਾਵਾ ਪਹਿਲਾਂ ਤਾਂ ਦੋ ਕ ਦਿਨ ਜਕੇ ਜੇ ਬੀ ਕਿਤੇ ਨੇਜਾਣੀਏ ਸੁੱਚ ਸਂਚ ਜੀ ਗਲਤ ਨਾ ਨੱਪ ਦੀਏ । ਮੁੜਕੇ ਤਾਂ ਝਕਾ ਜੀ ਖੁੱਲਗੀ ਤੇ ਕੰਮੂਟਰ ਜਾ ਕੰਧਾਂ ਨਾ ਵੱਜ ਵੱਜ ਮੁੜਿਆ ਕਰੇ। ਚੋਰ ਸ਼ਪਾਹੀ ਖੇਡਣ ਆਲੀ ਸਾਰੀ ਜੰਤਾ ਆਜੇਆ ਕਰੇ ਭਰਾਬਾ। ਹੌਲੀਬੁੱਡ ਆਲੀਆਂ ਫਿਲਮਾਂ ਈ ਚੱਲਿਆ ਕਰਨ । ਅੰਗਰੇਜ਼ੀ ਤਾਂ ਉਤੌਂ ਦੀ ਟੱਪ ਜਿਆ ਕਰੇ ਊਂ ਫਿਲਮ 'ਚ ਗੱਲਾਂ ਘੱਟ ਕਰਿਆ ਕਰਨ ਤੇ ਘਸੁੰਨ ਬਾਹਲੇ ਧਰਦੇ ਸੀ । ਗਿੱਦੜਬਾਹੇਉਂ ਸਪੈਸਲ ਮੇਚ ਬਣਾਲਿਆ ਕੰਪੂਟਰ ਖਾਤਰ। ਦੋ ਸਪੀਕਰ 'ਤਾਹਾਂ ਕਣਸ ਤੇ ਧਰੇ ਵਏ ਸੀ ਮਲਬ ਬੀ ਪੂਰਾ ਜ਼ਬਦਰ ਕੰਮ ਸੀ ਫੁੱਲ। ਮੁਲਖ ਬੂਫ਼ਰਾਂ ਨੂੰ ਤੌੜੇ 'ਚ ਧਰਦਿਆ ਕਰੇ ਬੀ ਧਮਕ ਵੱਧ ਬਣੂੰ। ਮੁੜਕੇ ਪਿੰਨ ਡਰੈਬਾਂ ਨਾ ਗੇਮਾਂ ਭਰਲੀਆਂ , ਰੇਸਾਂ ਆਲੀਆਂ ਗੇਮਾਂ ਕੀਬੋਰਡ ਤੇ ਬਹਿ ਬਹਿ ਖੇਡਦੇ। ਛੇ ਸੱਤ ਸਾਲ ਹੰਢ ਗਿਆ ਕੰਪੂਟਰ । ਹੁਣ ਖਰਾਬ ਹੋਗਿਆ ਤੇ ਲੋਟ ਕਰਨਾ ਦਿੱਤਾ ਸੀ ਬਠਿੰਡੇ ਗੋਲ ਡਿੱਗੀ ਲਿਵੇ। ਪਰਸੋਂ ਪੁੱਛਣ ਗਿਆ ਬੀ ਸੂਤ ਹੋਗਿਆ ਕਿ ਨਹੀਂ। ਦੁਕਾਨ ਆਲਾ ਕਹਿੰਦਾ ਪਰਧਾਨ ਪੰਡ ਬੰਨੀ ਪਈ ਆ ਲੈਜਾ, ਏਹਦੇ ਪੁਰਜੇ ਨੀਂ ਮਿਲਦੇ ਹੁਣ......ਘੁੱਦਾ

ਸਾਡੇ ਬੰਨੀਂ ਤਾਂ ਨੰਗਾਂ ਨੇ

ਕਰੜ ਬਰੜੀਆਂ ਦਾਹੜੀਆਂ, ਝੱਗੇ ਮੁੜਕੇ ਨਾ ਗੜੁੱਚ ਕੁੜੇ
ਧੱਕੜ ਨੇ ਖੇਡ ਕਬੱਡੀ ਜਹੇ ਕੱਢਣਾ ਜਾਣਦੇ ਖੁੱਚ ਕੁੜੇ
ਸਦੀਆਂ ਬਦਲੇ ਭਾਗ ਨਾ ਬਦਲੇ ਲੇਖਾਂ ਨੂੰ ਲੱਗਾ ਜੰਗ ਕੁੜੇ
ਸਾਡੇ ਬੰਨੀਂ ਤਾਂ ਨੰਗਾਂ ਨੇ ਰਹਿਣਾ ਸਦਾ ਈ ਨੰਗ ਕੁੜੇ

ਲੰਮੇ ਪੈਕੇ ਰੋਕੀਆਂ ਰੇਲਾਂ, ਆਰੇ ਚਰਖੜੀਆਂ ਪਰਤਿਆਉਦੇਂ ਰਹੇ
ਅੱਸੀ ਰਪੈ ਮੁੱਲ ਸਿਰਾਂ ਦੇ ਪੁੱਤ ਬਿਗਾਨੇ ਲਾਉਦੇਂ ਰਹੇ
ਨੀਲੇ ਚੋਲੇ ਤੇੜ ਕਛਿਹਰੇ, ਨੀਤੀ ਗੁਰੀਲਾ ਜੰਗ ਕੁੜੇ
ਸਾਡੇ ਬੰਨੀਂ ਤਾਂ ਨੰਗਾਂ ਨੇ ......

ਕੱਤੇ ਦੀ ਖਿੜੀ ਕਪਾਹ ਵਰਗੇ ਏਹ ਵੱਢੀ ਕਣਕ ਦੇ ਕਰਚੇ ਨੀਂ
ਏਹ ਜਪੁਜੀ ਸਾਬ ਦੀ ਤੁੱਕ ਵਰਗੇ ਜਾਂ ਗਦਰ ਲਹਿਰ ਦੇ ਪਰਚੇ ਨੀਂ
ਏਹ ਰੰਗ ਮੰਚ ਦੇ ਪਾਤਰ ਨੀਂ ਦੀਂਹਦੇ ਪਰ ਬੇਰੰਗ ਕੁੜੇ
ਸਾਡੇ ਬੰਨੀਂ ਤਾਂ ਨੰਗਾਂ ਨੇ .....

ਲੋਈਆਂ ਵਿੱਚ ਸੰਤਾਲੀਆਂ ਲੁਕਾ ਕੇ ਫੇਰ ਬੋਲਟ ਤੇ ਬਹਿੰਦੇ ਸੀ
ਮਜ਼ਲੂਮਾਂ ਨੂੰ ਜਦੋਂ ਮੁਲਾਜ਼ਮ ਮਾਰਕੇ ਮੁਜ਼ਲਮ ਕਹਿੰਦੇ ਸੀ
ਏਹ ਅੱਥਰੂ ਪੂੰਝਦੀ ਉਂਗਲ ਜਏ ਸੁਹਾਗਣ ਦੀ ਤਿੜਕੀ ਵੰਗ ਕੁੜੇ
ਸਾਡੇ ਬੰਨੀਂ ਤਾਂ ਨੰਗਾਂ ਨੇ ਰਹਿਣਾ ਸਦਾ ਈ ਨੰਗ ਕੁੜੇ .....ਘੁੱਦਾ

ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ

ਕੇਰਾਂ ਜੇ ਅਖਬਾਰ ਚ ਕਿਸੇ ਵਿਦੇਸ਼ੀ ਪੰਜਾਬੀ ਲੇਖਕ ਦਾ ਲੇਖ ਛਪਿਆ ਸੀ। ਲੇਖ ਤਾਂ ਭੁੱਲ ਗਿਆ ਪਰ ਇੱਕ ਗੱਲ ਚੇਤੇ ਆ ਉਸ ਲੇਖ ਦੀ।
ਲੇਖਕ ਕਹਿੰਦਾ ਬੀ ਕੇਰਾਂ ਮੈਂ ਕਿਸੇ ਹੋਟਲ ਦੇ ਕਮਰੇ ਚ ਬੈਠੇ ਨੇ ਫੋਨ ਕਰਕੇ ਪਾਣੀ ਦੀ ਬੋਤਲ ਮੰਗਾਲੀ। ਕਹਿੰਦਾ ਜਦੋਂ ਵੇਟਰ ਬੋਤਲ ਲੈਕੇ ਆਇਆ ਤਾਂ ਮੈਂ ਉਸਦੇ ਮੂੰਹੋਂ ਡਾਲਰਾਂ ਜਾਂ ਪੌਡਾਂ 'ਚ ਪਾਣੀ ਦੀ ਬੋਤਲ ਦਾ ਰੇਟ ਸੁਣਕੇ ਹਰਾਨ ਹੋਗਿਆ । ਉਸ ਟੈਮ ਕਹਿੰਦਾ ਮੈਨੂੰ ਪੰਜਾਬ ਦੀਆਂ ਸ਼ੜਕਾ ਚੇਤੇ ਆਗੀਆਂ ਜਿੱਥੇ ਗਰਮੀ ਰੁੱਤੇ ਕਾਰਾਂ ਬੱਸਾਂ ਨੂੰ ਰੋਕ ਰੋਕ ਚੋਬਰਾ ਦੀਆਂ ਟੋਲੀਆਂ ਵੱਲੋਂ ਮਿੱਠਾ ਪਾਣੀ ਪਿਆਇਆ ਜਾਂਦਾ।
ਵਲੈਤ ਰਹਿੰਦੇ ਪੰਜਾਬੀਆਂ ਨੇ ਪਿੱਛੇ ਜੇ "ਗੁਰੂ ਨਾਨਕ ਫਰੀ ਕਿਚਨ " ਦੇ ਨੌਂ ਹੇਠ ਵਲੈਤਾਂ 'ਚ ਲੰਗਰ ਲਾਏ ਤਾਂ ਗੋਰੇ ਹਰਾਨ ਬੀ ਪਰਧਾਨ ਆਹ ਕੈਹੇ ਜੀ ਕੌਮ ਆ ਬੀ ਮੁਖਤ ਈ ਰੋਟੀ ਟੁੱਕ ਚਲਾਤਾ।
ਕੱਲ ਏਹੋ ਕੁਸ ਦਮਦਮਾ ਸਾਬ ਵੇਖਿਆ। ਫਰੀ ਗੰਨੇ ਦਾ ਰਸ, ਲੱਸੀਆਂ, ਚਾਹਾਂ, ਰੋਟੀ ਟੁੱਕ , ਲੱਖਾਂ ਦਾ ਕੱਠ, ਹਜ਼ਾਰਾਂ ਸੇਵਾਦਾਰ, ਭਾਂਡੇਆਂ ਦੀ ਸੇਵਾ ਖਾਤਰ ਉਲਝਦੇ ਸੈਂਕੜੇ ਹੱਥ, ਲਤੜਦੇ ਪੈਰ, ਨੱਕ ਦੇਆਂ ਵਾਲਾਂ ਨਾ ਹੱਥੋਪਾਈ ਹੁੰਦੀ ਕੜਾਹ ਪਰਸ਼ਾਦ ਦੀ ਮਹਿਕ ,ਪਾਣੀਆਂ ਦੀ ਛਬੀਲਾਂ, ਕੈਟਰਾਂ ਟਰੈਟਰ ਟਰਾਲੀਆਂ ਤੇ ਆਉਦਾਂ ਮੁਲਖ, ਰੰਗ ਬਰੰਗੀਆਂ ਪੱਗਾਂ ਨਾਲ ਨੱਕੋ ਨੱਕ ਭਰਿਆ ਤਖਤ, ਸਰੋਵਰਾਂ 'ਚ ਹੁੰਦੇ ਇਸ਼ਨਾਨ , ਜੋੜਾ ਘਰ ਦੀਆਂ ਉੱਤੋਂ ਤੀਕ ਭਰੀਆਂ ਅਲਮਾਰੀਆਂ, ਢਾਡੀ ਸਿੰਘਾਂ ਦੀਆਂ ਵਾਰਾਂ, ਸਿੱਖ ਕੌਮ ਦੇ ਪੰਜ ਕ ਸੌ ਸਾਲ ਦੇ ਇਤਿਹਾਸ ਬਾਰੇ ਦੱਸਦੀਆਂ ਫੋਟਮਾਂ, । ਜਿਮੇਂ ਏਹ ਸਾਰੀਆਂ ਗੱਲਾਂ ਰਲਕੇ ਪਰੋਫੈਸਰ ਪੂਰਨ ਸਿੰਘ ਦੇ ਲਿਖੇ ਬੋਲਾ ਨੂੰ ਸਹੀ ਸਿੱਧ ਕਰ ਰਹੀਆਂ ਹੋਣ
"ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ"....ਘੁੱਦਾ

ਇੱਕ ਚਿੱਠੀ ਯਾਰਾ

ਨਵਾਰ ਆਲਾ ਮੰਜਾ ਢਿੱਲੀ ਦੌਣ ਲਿਖਦੀਂ
ਛੱਤਾ ਮਾਖੋ ਮਖਿਆਲ ਕੀੜੇਆਂ ਦਾ ਭੌਣ ਲਿਖਦੀਂ
ਚੁੰਨੀਂ, ਗੋਟਾ, ਫੁਲਕਾਰੀ ਘੱਗਰੇ ਦੀ ਲੌਣ ਲਿਖਦੀਂ
ਸਾਉਣ, ਤੀਆਂ, ਗਿੱਧਾ ਘਟਾ ਘਨਘੋਰ ਲਿਖਦੀਂ
ਇੱਕ ਚਿੱਠੀ ਯਾਰਾ ਪਿੰਡੋਂ ਹੋਰ ਲਿਖਦੀਂ

ਟਰੈਲੀ, ਡਹੀ , ਡਾਲਾ ਨਾਲੇ ਹੁੱਕ ਲਿਖਦੀਂ
ਸਰੋਂ ਦੀ ਪਲੋਂ ਆਲੀ ਮੈਸਾਂ ਹੇਠ ਸੁੱਕ ਲਿਖਦੀਂ
ਖੇਡ ਪਿੱਲ ਚੋਟ, ਪਿੱਠੂ, ਡੰਡਾ ਟੁੱਕ ਲਿਖਦੀਂ
ਥੱਪਾ ਕੰਡ ਉੱਤੇ ਲਾਉਣਾ ਪੈਂਦਾ ਸ਼ੋਰ ਲਿਖਦੀਂ
ਇੱਕ ਚਿੱਠੀ ਯਾਰਾ ਪਿੰਡੋਂ ਹੋਰ ਲਿਖਦੀਂ

ਟੋਕੇ ਆਲੀ ਮਸ਼ੀਨ ਨਾ ਵੱਢਿਆ ਹੱਥ ਲਿਖਦੀਂ
ਕਿਰਸਾਨੀ ਦੀਆਂ ਗੱਲਾਂ ਪਿੰਡ ਦੀ ਸੱਥ ਲਿਖਦੀਂ
ਪਿਉ ਸੀ ਕਮਾਊ ਪੁੱਤ ਨਿਕਲੇ ਜੋ ਲੱਥ ਲਿਖਦੀਂ
ਨਹਿਰੀ ਬੰਦੀ ਨਾਲੇ ਛੱਡ ਗਿਆ ਪਾਣੀ ਬੋਰ ਲਿਖਦੀਂ
ਇੱਕ ਚਿੱਠੀ ਯਾਰਾ ਪਿੰਡੋਂ ਹੋਰ ਲਿਖਦੀਂ

ਪੰਡ ਚੱਕੀ ਭਾਰੀ ਤਾਂ ਚੜੀ ਨਾੜ ਲਿਖਦੀਂ
ਕਿੱਕਰਾਂ ਦੇ ਝਾਫੇ ਖੇਤਾਂ ਦਾਲੇ ਵਾੜ ਲਿਖਦੀਂ
ਪੋਹ ਮਾਘ ਦਾ ਸਿਆਲ ਗਰਮੀ ਚ ਹਾੜ ਲਿਖਦੀਂ
ਘੁੱਦੇ ਪਤਝੜ ਦੀ ਉਦਾਸੀ ਬਸੰਤ ਦੀ ਲੋਰ ਲਿਖਦੀਂ
ਇੱਕ ਚਿੱਠੀ ਯਾਰਾ ਪਿੰਡੋਂ ਹੋਰ ਲਿਖਦੀਂ

ਘਰਾਂ ਨੁੰ ਜਿੰਦੇ ਤੇ ਜੇਲੀਂ ਡੱਕੇ ਪੁੱਤ ਲਿਖਦੀਂ
ਚੌਕਾਂ ਚ ਖਲੋਤੇ ਰੋਂਦੇ ਸ਼ਹੀਦਾਂ ਦੇ ਨੇ ਬੁੱਤ ਲਿਖਦੀਂ
ਕਈ ਵਰਿਆਂ ਪੁਰਾਣੀ ਗੁਲਾਮੀ ਦੀ ਏਹ ਰੁੱਤ ਲਿਖਦੀਂ
ਹੱਕਾਂ ਨੂੰ ਲਗਾਮ, ਜਰਵਾਣਿਆਂ ਦਾ ਜ਼ੋਰ ਲਿਖਦੀਂ
ਇੱਕ ਚਿੱਠੀ ਯਾਰਾ ਪਿੰਡੋਂ ਹੋਰ ਲਿਖਦੀਂ
ਇੱਕ ਚਿੱਠੀ ਯਾਰਾ ਪਿੰਡੋਂ ਹੋਰ ਲਿਖਦੀਂ......ਘੁੱਦਾ