Friday 19 April 2013

ਆਹ ਨਜ਼ਾਰੇ ਨਾ ਮਿੱਤਰਾ

ਗਾਲਾ ਕਰਦੇ ਪਸੂਆਂ ਮੂੰਹੋਂ ਡਿੱਗੇ ਝੱਗ ਜਿੱਥੇ
ਰੋਹੀਆਂ ਬੰਨੀਂ ਮਿਆਂਕਣ ਬੱਕਰੀਆਂ ਦੇ ਵੱਗ ਜਿੱਥੇ
'ਖੰਡ ਪਾਠ ਦੀ ਬਾਣੀ ਸੁਣਦੀ ਟਿਕੀ ਦੁਪੈਹਰ ਨੂੰ
ਬੂਹੇ ਖਲੋਤਾ ਜੋਗੀ ਜਿੱਥੇ ਮੰਗੇ ਖੈਰ ਨੂੰ
ਸੱਥੀਂ ਬੈਠੇ ਬਾਬੇ ਰੌਲੇ ਦੀਆਂ ਗੱਲਾਂ ਸੁਣਾਉਂਦੇ ਨੇ
ਆਹ ਨਜ਼ਾਰੇ ਨਾ ਮਿੱਤਰਾ ਪੰਜਾਬੋਂ ਬਾਹਰ ਥਿਆਉਂਦੇ ਨੇ

ਤੌੜਿਆਂ ਉੱਤੇ ਚੱਪਣ ਉੱਤੇ ਛਾਵਾਂ ਬੋਹੜ ਦੀਆਂ
ਹੱਥ ਜੋੜਕੇ ਦਾਦੀਆਂ ਟੱਬਰਾਂ ਦੀ ਸੁੱਖ ਲੋੜਦੀਆਂ
ਹਲ ਗਿਆਰ੍ਹਾਂ ਖਿੱਚਦੇ ਸੁਨਣ ਫੁੰਕਾਰੇ ਫੋਰਡਾਂ ਦੇ
ਗਲੀਸ ਗੋਢਿਆਂ ਦੇ ਮੁੱਕੇ ਦਰਦ ਸਤਾਉਂਦੇ ਜੋੜਾਂ ਦੇ
ਢੂਈ ਹਿੱਲਜੇ ਤਾਂ ਕੱਕੜ ਵੈਦ ਜਿੱਥੇ ਬਾਰੇ ਲਾਉਂਦੇ ਨੇ
ਆਹ ਨਜ਼ਾਰੇ ਨਾ ਮਿੱਤਰਾ ...............

ਸਾਗ ਘੋਟਣਾ, ਦੁੱਧ ਰਿੜਕਣਾ ਕੰਮ ਸੁਆਣੀਆਂ ਦੇ
ਰੂੰਘਾ ਦੇਣੋਂ ਝਿਜਕਣ ਹੱਟੀ ਆਲੇ ਪੁੱਤ ਬਾਣੀਆਂ ਦੇ
ਪਿੰਡ ਕੱਠਾ ਹੋ ਬਹਿੰਦਾ ਮਰਨੇ ਜਾਂ ਵਿਆਹਾਂ ਤੇ
ਵਸੀਅਤ ਪੋਤੇ ਨਾਂ ਕਰਾਗਿਆ ਸੀ ਬਾਬਾ ਸਾਹਾਂ ਤੇ
ਲਾ ਬਿਗਾਨੇ ਉਂਗਲਾਂ ਘਰੀਂ ਕੰਧ ਕਢਾਉਂਦੇ ਨੇ
ਆਹ ਨਜ਼ਾਰੇ ਨਾ ਮਿੱਤਰਾ .....................

ਪੜਛੱਤੇ ਤੋਂ ਦਾਤੀਆਂ ਚੱਕੀਆਂ ਰੁੱਤ ਆਗੀ ਹਾੜ੍ਹੀ ਦੀ
ਜਿੱਥੇ ਧੰਦੂਰੇ ਲਹਿੰਦੀ ਰੋਟੀ ਜਾਂ ਫਿਰ ਚੁੱਲ੍ਹੇ ਰਾੜ੍ਹੀ ਦੀ
ਜਵਾਕ ਖੇਡਦੇ ਜਿੱਥੇ ਪਾ ਮਿਆਨੀ ਆਲੀਆਂ ਨਿਕਰਾਂ ਨੀਂ
ਦਾਤਾ ਦੋ ਟੈਮਾਂ ਦੀ ਰੋਟੀ ਦੇਦੇ ਨਾ ਹੋਰ ਨਾ ਫਿਕਰਾਂ ਨੀਂ
ਢੋਲ ਕਣਕ ਦੇ ਭਰਕੇ ਤੂੜੀ ਦੇ ਕੁੱਪ ਬਣਾਉਂਦੇ ਨੇ
ਆਹ ਨਜ਼ਾਰੇ ਨਾ ਮਿੱਤਰਾ.....................

ਸੂਏ, ਕੱਸੀਆਂ, ਪੁਲੀਆਂ ਕੱਚੇ ਧੋਰੀ ਖਾਲ ਬੜੇ
ਰੂਟ ਨਾ ਮਿੰਨੀਆਂ ਦੇ ਬਦਲਣ ਹੋਗੇ ਸਾਲ ਬੜੇ
ਰੁੱਗ ਹੜੰਬੇ ਤੇ ਲਾਉਣੇ ਮਾਰੇ ਵਏ ਮੜਾਸੇ ਨੀ
ਸੰਤਾਲੀ, ਚੌਰਾਸੀ ਦੇ ਚੰਡੇ ਤਿੱਖੇ ਕਰੇ ਗੰਡਾਸੇ ਨੀਂ
ਪੰਥਕ ਆਗੂ ਘੁੱਦਿਆ ਹੱਕਾਂ ਤੇ ਪਾਬੰਦੀ ਲਾਉਂਦੇ ਨੇ
ਆਹ ਨਜ਼ਾਰੇ ਨਾ ਮਿੱਤਰਾ ਪੰਜਾਬੋਂ ਬਾਹਰ ਥਿਆਉਂਦੇ ਨੇ.....ਘੁੱਦਾ

No comments:

Post a Comment