Wednesday 20 June 2012

ਚਾਹ ਦੀ ਘੁੱਟ ਭਰਦਿਆਂ


ਤੜਕੇ ਚਾਹ ਦੀ ਘੁੱਟ ਭਰਦਿਆਂ ਸਾਹਮਣੇ ਟ੍ਰਾਂਸਫਰਮਰ ਤੇ
ਬੈਠੀ ਘੁੱਗੀ ਦੀ ਘੂੰ ਘੂੰ ਸੁਣਦੀ ਜਿੱਥੇ
ਰਾਹ ਤੋਂ ਟੱਪਦੀਆਂ ਤੇ ਛੱਪੜ ਨੂੰ ਜਾਂਦੀਆਂ ਮੈਸ੍ਹਾਂ ਪਿੱਛੇ
"ਹੋ, ਹੋ" ਕਰਦੇ ਪਾਲੀ ਦੀ 'ਵਾਜ਼ ਸੁਣੇ
ਸੱਜਰ ਮੱਝ ਦੇ ਕੱਟਰੂ ਦਾ ਹੱਥ 'ਚ ਫੜ੍ਹਿਆ ਰੱਸਾ
ਮੱਝ ਦੇ ਰਮੋਟ ਕੰਟਰੋਲ ਤੋਂ ਘੱਟ ਨੀਂ ਹੁੰਦਾ
ਸਰਕਾਰੀ ਮਾਸਟਰ ਦੇ ਸਕੂਟਰ ਦੀ ਸਟਿੱਪਣੀ ਆਲੇ
ਟੈਰ ਤੇ ਚਾੜ੍ਹਿਆ ਵਾ "ਕਲਸੀ ਪੰਪ" ਦਾ ਛਾਪਿਆ ਇਸ਼ਤਿਹਾਰ
ਜਿੱਥੇ ਤੜਕੇ ਉੱਠਕੇ ਬਜ਼ੁਰਗ ਟੀਪ ਕੀਤੀ ਕੰਧ ਤੇ ਲੱਗੇ
ਲੀਡਰ ਸਪਰੇਅ ਨਾ ਮਿਲੇ ਕੈਲੰਡਰ ਤੇ
ਛਪੇ ਬਾਬੇ ਨਾਨਕ ਨੂੰ ਮੱਥਾ ਟੇਕਦਾ
ਦੂਰੋਂ ਈ ਵਾਟਰ ਵਕਸ ਆਲੀ ਲੀਕ ਟੈਂਕੀ ਦੁਆਲ਼ੇ
ਪਾਣੀ ਦੀਆ ਘਰਕਾਲਾ ਦੀਂਹਦੀਆਂ
ਰੇਟ ਦੇ ਵਧਣ ਦੀ ਆਸ ਨਾਲ ਜੱਟ ਜਿੱਥੇ
ਲਫਾਫਾ ਪਾਕੇ ਤੂੜੀ ਆਲੇ ਕੁੱਪਾਂ ਤੇ ਮਿੱਟੀ ਲਾਉਂਦੇ ਨੇ
ਘੁੰਡ ਕੱਢਕੇ ਬੱਸੋਂ ਉੱਤਰੀਆਂ ਮਰਗ ਆਲੇ ਘਰ ਨੂੰ ਜਾਂਦੀਆਂ
ਬੁੜ੍ਹੀਆਂ ਪੱਟਾਂ ਤੇ ਹੱਥ ਮਾਰ ਮਾਰ ਵੈਣ ਪਾਉਂਦੀਆਂ
ਜਿੱਥੇ ਚਾਰ ਬੂੰਦੋਂ ਵਾਲਾ ਉਜਾਲਾ ਨੀ ਵਿਕਦਾ
ਦੋ ਲੀਟਰ ਦੀ ਬੋਤਲ ਭਰਿਆ 'ਚ ਵਾ ਨੀਲ ਵੇਚਣ ਆਲਾ ਭਾਈ
ਆਉਂਦਾ ਸਕੂਟਰ ਤੇ , ਚੰਦੇ ਠੇਕਣ ਦਾ ਕੰਮ ਵੀ ਕਰਦਾ
ਜਿੱਥੇ ਮਾਤਾ ਦੇ ਪੁਰਾਣੇ ਸੂਟ ਨੂੰ ਪਾੜਕੇ ਪੱਖੀਆਂ ਨੂੰ
ਝਾਲਰਾ ਲਾਈਆਂ ਜਾਂਦੀਆਂ ਨੇ
ਕੈਂਚੀ ਸਿੱਖਦੇ ਜਵਾਕ ਦੇ ਡਿੱਗਕੇ ਗੋਢਿਆਂ ਤੋਂ ਰਗੜਿਆ ਪਜਾਮਾ
ਵੇਖ ਗਿੱਚੀ 'ਚ ਧੌਲਾਂ ਵੱਜਦੀਆਂ ਮਾਂ ਤੋਂ
ਜਿੱਥੇ ਨੰਬਰਦਾਰਾਂ ਦੇ ਘਰਾਂ ਵੰਨੀਓਂ ਸੂਰਜ ਚੜ੍ਹਕੇ
ਵਿਹੜਿਆਂ ਆਲਿਆਂ ਦੇ ਘਰੀਂ ਦੀਵੇ ਬਾਲਕੇ ਸੌਂ ਜਾਂਦਾ
ਕਿਸੇ ਪੁਰਾਣੇ ਸੰਘਰਸ਼ੀ ਨੂੰ "ਕਾਮਰੇਟ" ਕਹਿਕੇ
ਬੁਲਾਇਆ ਜਾਂਦਾ
ਜਿੱਥੇ ਆਥਣੇ ਗਰਮੀ ਦਾ ਵੱਟ ਲੱਗਣ ਤੇ ਭਵਿੱਖਬਾਣੀ ਕੀਤੀ ਜਾਂਦੀ ਆ
"ਅੱਜ ਨ੍ਹੇਰੀ ਆਉ ਪੱਕਾ ਟੈਮ ਨਾ ਕੰਮ ਨਬੇੜਲੋ"
ਮੀਂਹ ਪੈਣਤੇ ਸਿਆਣਾ ਬੰਦਾ ਆਥਣੇ ਜੇ ਜਵਾਕਾਂ ਨੂੰ ਕਹਿੰਦਾ
"ਪੁੱਤ ਰੋਟੀ ਖਾਲੋ ਅੱਜ ਭਮੱਕੜ ਨਿਕਲਣਗੇ"..ਘੁੱਦਾ

Friday 15 June 2012

ਇਤਿਹਾਸ

ਪਹੁ ਫੁੱਟੇ ਤੇ ਛੱਡ ਬਰੋਟਿਆਂ ਨੂੰ ਸਭ ਉੱਡ ਗਏ ਨੇ ਝੁੰਡ ਜਨੌਰਾਂ ਦੇ
ਟੱਪ ਵਾਹਗਾ ਤੇ ਕੰਡਿਆਲੀਆਂ ਤਾਰਾਂ ਨੂੰ ਰਾਹ ਪੈਗੇ ਉਹੋ ਲਾਹੌਰਾਂ ਦੇ
ਪੀ ਪਾਣੀ ਹਰਮੰਦਰ ਦੇ ਸਰੋਵਰ 'ਚੋਂ ਨਨਕਾਣੇ ਜਾ ਕੇ ਟੁੱਕ ਖਾਂਦੇ ਨੇ
ਖਟਕੜ ਕਲਾਂ ਦੇ ਘਰ ਦੀ ਝਾਤ ਲੈਕੇ ਸੈਂਟਰਲ ਲਾਹੌਰ ਨੂੰ ਜਾਂਦੇ ਨੇ
ਫੱਟਾ ਖਿੱਚਦੇ ਦੇ ਹੱਥ ਤੇ ਵੱਢ ਦੰਦੀ ਰੱਸੇ ਟੁੱਕਦੇ ਨੇ ਫਾਂਸੀਆਂ ਦੇ
ਯੁੱਧ ਤੱਕਕੇ ਬਕਸਰ ਪਲਾਸੀਆਂ ਦੇ ਹਾਲ ਪੁੱਛਦੇ ਜਾਕੇ ਝਾਂਸੀਆਂ ਦੇ

ਪੰਜ ਤੀਰ ਤੇ ਪੱਚੀ ਸਿੰਘ ਲੈਕੇ ਬੰਦਾ ਸਿੰਘ ਪੰਜਾਬ ਦਾ ਰਾਹ ਮੱਲੇ
ਚੱਪੜਚਿੜੀ ਦਾ ਰੰਗ ਸ਼ਾਹ ਲਾਲ ਹੋਇਆ ਖਾਨ ਵਜ਼ੀਰ ਚਾਲੇ ਪਾ ਚੱਲੇ
ਸਿੱਕਾ ਘੜਿਆ ਗੁਰੂ ਦੀ ਮੋਹਰ ਆਲਾ ਡਾਹਢੀ ਸੂਰਮੇ ਧਾਂਕ ਜਮਾਲੀ ਸੀ
ਕਿੱਥੋਂ ਜਿੱਤ ਹੋਣੀ ਸੀ ਉਦੋਂ ਖਾਲਸੇ ਦੀ ਘਰ ਵਿੱਚੇ ਈ ਫੁੱਟ ਪਾਲੀ ਸੀ
ਕੈਦ ਕਰ ਬੰਦੇ ਤੇ ਬਾਕੀ ਸਿੰਘਾਂ ਨੂੰ ਪਾਣੀ ਫੌਜ ਨੇ ਦਿੱਲੀ ਜਾ ਪੀਤਾ
ਕੁਤਬ ਮੀਨਾਰ ਲਾਗੇ ਜੰਮੂਰ ਚੂੰਡੇ ਪਰ ਮੂੰਹੋ ਨਾ ਬੰਦੇ "ਆਹ" ਕੀਤਾ

ਪਿੱਛੋਂ ਬੰਦੇ ਦੇ ਹੋਏ ਘੱਲੂਘਾਰੇ ਵਾਹਵਾ ਸਿਰਾਂ ਦੇ ਸੀ ਓਦੋਂ ਮੁੱਲ ਪੈਂਦੇ
ਹਰਮੰਦਰ ਵਿੱਚ ਹੋਣ ਮੁਜ਼ਰੇ ਚੱਲੇ ਦਾਰੂ ਤੇ ਮਹਿਫਲੀਂ ਜੁੜ ਬਹਿੰਦੇ
ਗੁਰੀਲਾ ਯੁੱਧ ਸੀ ਓਦੋਂ ਖਾਲਸੇ ਦਾ ਦਿਨੇਂ ਲੁਕਦੇ ਤੇ ਰਾਤੀਂ ਵਾਰ ਕਰਦੇ
ਖਬਰ ਮਿਲੀ ਜਦੋਂ ਮੱਸੇ ਰੰਘੜ ਦੀ ਦੋ ਸਿੰਘਾਂ ਨੂੰ ਫੇਰ ਫਰਾਰ ਕਰਦੇ
ਝੱਟ ਲਾਹ ਗਾਟਾ ਗੁਰੂ ਦੇ ਦੋਖੀ ਦਾ ਅਗਲੇ ਨੇਜ਼ਿਆਂ ਉੱਤੇ ਟਿਕਾਉਂਦੇ ਨੇ
ਰਾਹ ਪੈਕੇ ਬੁੱਢੇ ਜੌੜ ਵਾਲੇ ਘੋੜ-ਸਵਾਰ ਯੋਧੇ ਹਵਾ ਨੂੰ ਗੰਢਾਂ ਪਾਉਂਦੇ ਨੇ

ਅੱਖੋਂ ਕਾਣਾ ਪਰ ਨਜ਼ਰੋਂ ਪੂਰਾ ਸੀ ਫਿਰ ਸ਼ੇਰੇ ਪੰਜਾਬ ਦਾ ਰਾਜ ਆਇਆ
ਕਰ ਛਾਂ ਸਿੱਖੀ ਆਲੇ ਬੂਟੇ ਨੂੰ ਦਿੱਤੀ ਪੜਗਾਹ ਤੇ ਪਾਣੀ ਫੇਰ ਲਾਇਆ
ਕਸ਼ਮੀਰਾਂ ਤੱਕ ਫਿਰ ਰਾਜ ਕੀਤਾ ਰੋਕੀਆਂ ਅਫਗਾਨਾਂ ਦੀਆਂ ਰਾਹਵਾਂ ਨੇ
ਬਾਜ਼ਾਂ ਆਲ਼ੇ ਦੀ ਨਾਲ ਓਟ ਰੈਂਹਦੀ ਰਾਹ ਰੋਕੇ ਸੀ ਅਟਕ ਦਰਿਆਵਾਂ ਨੇ
ਕਿੱਥੇ ਮੁੱਕਣਾ ਸੀ ਰਾਜ ਖਾਲਸੇ ਦਾ ਤੇਜੇ ਲਾਲ ਕੀਤੀਆਂ ਗਦਾਰੀਆਂ ਸੀ
ਸਹੀ ਕਿਹਾ ਸੀ ਸ਼ਾਹ ਮੁਹੰਮਦ ਨੇ ਫੌਜਾ ਜਿੱਤ ਕੇ ਅੰਤ ਨੂ ਹਾਰੀਆਂ ਸੀ

ਗੁਲਾਮੀ ਦੀ ਜਦੋਂ ਬੋ ਆਈ ਫੇਰ ਗਦਰ ਮਚਾਤਾ ਸੀ ਗਦਰੀ ਬਾਬਿਆਂ ਨੇ
ਜੰਤਾ ਅਹਿੰਸਾ ਨੂੰ ਹਥਿਆਰ ਸਮਝੇ ਡਰਾਤਾ ਗੋਰਿਆਂ ਦੇ 'ਗਰੇਜ਼ੀ ਦਾਬਿਆਂ ਨੇ
ਇਨਕਲਾਬ ਨਿੱਕਲੂ ਬੰਦੂਕ ਦੀ ਨਾਲ ਵਿੱਚੋਂ ਕਹਿੰਦਾ ਯੋਧਾ ਸਰਾਭਿਆ ਦਾ
ਕਾਮਾਗਾਟਾਮਾਰੂ ਲੰਡਨੋਂ ਬਰੰਗ ਮੋੜਿਆ ਸੀ ਕੂਕਾ ਲਹਿਰ ਦੇ ਬਾਬਿਆਂ ਦਾ
ਬੰਨ੍ਹ ਤੋਪਾਂ ਮੂਹਰੇ ਅਗਲੇ 'ਫਾਇਰ' ਕਰਦੇ ਤੇ ਲੋਥੇ ਉੱਡਦੇ ਵੇਖੇ ਸਰੀਰਾਂ ਦੇ
ਆਉਦੀਂ ਨਾ ਕੋਈ ਪੈੜ ਦਿਸੀ ਸਦਕੇ ਕਾਲੇਪਾਣੀਆਂ ਵਾਲੇ ਰਾਹਗੀਰਾਂ ਦੇ

ਏਹੇ ਇਤਿਹਾਸ ਨੀਂ ਲੁੱਚਿਆਂ ਲੰਡਿਆਂ ਦਾ ਲਹੂ ਨਾ ਲਿੱਬੜੇ ਵਰਕੇ ਨੇ
ਕੱਲੇ ਚਰਖਿਆਂ ਨਾਲ ਨਾ ਝੁਕਣ ਅਗਲੇ ਸਦਾ ਲੈਣੇ ਪੈਂਦੇ ਹੱਕ ਲੜਕੇ ਨੇ
ਮਤਲਬ ਅਣਖ ਦਾ ਨਾ ਸਿਰਫ ਟੌਹਰ ਹੁੰਦਾ ਪੁੱਛਲੀਂ ਕੈਕਸਟਨ ਹਾਲਾਂ ਤੋਂ
ਪਤਨੀ ਵੀ ਨਾ ਪਛਾਣ ਹੋਈ ਜਦੋਂ ਮੁੜਿਆ ਅਜੀਤ ਸਿਹੁੰ ਚਾਲੀ ਸਾਲਾਂ ਤੋਂ
ਲੰਡੀਆਂ ਜੀਪਾਂ ਨਾਲ ਨਾ ਟੌਰ੍ਹ ਬਣੇ ਘੁੱਦਿਆ ਨਾਲ ਲੈਕੇ ਚਾਰ ਕ ਹਾਣੀਆਂ ਨੂੰ
ਅੱਧਸੜੀਆਂ ਲਾਸ਼ਾਂ ਲੈ ਰੁੜ੍ਹਿਆ ਟੌਰ੍ਹ ਪੁੱਛੀਂ ਸਤਲੁਜ ਦਿਆਂ ਪਾਣੀਆਂ ਨੂੰ....ਘੁੱਦਾ

Monday 11 June 2012

ਲਾਡੋ ਤੇਰੀ ਨਾਰ ਬਣਗੀ

ਚੱਕ ਪੂਣੀਆਂ ਚਕਾਦੇ ਮਾਤਾ ਚਰਖਾ ਨੀਂ ਬੱਦਲਾਂ 'ਸਮਾਨ ਕੱਜਿਆ
ਬੁੱਲਾ ਤੇਜ਼ ਸੀ ਚੁੰਨੀ ਦੂਰ ਓੱਡਗੀ ਨੀਂ ਰੱਬ ਚੱਕ ਦਿੱਤੀ ਲੱਜਿਆ
ਤਾਰ ਬਿਜਲੀ ਦੀ ਕੋਲੋਂ ਹੋਕੇ ਮੁੜਗੀ ਨੀਂ ਥਰ ਥਰ ਹੱਥ ਕੰਬਦੇ
ਕਿਸੇ ਤੱਕਣੇ ਨੀਂ ਚੱਜ ਤੇਰੀ ਧੀ ਦੇ ਆਉਣਗੇ ਵਪਾਰੀ ਚੰਮਦੇ
ਲੱਕ ਨਜ਼ਰਾਂ ਦੇ ਨਾ ਮੇਰਾ ਨਾਪਦੇ ਤੇ ਕਹਿੰਦੇ ਅੱਖ ਤਲਵਾਰ ਬਣਗੀ
ਮਾਤਾ ਲੋਕਾਂ ਦੀ ਅੱਖ ਨਾਲ ਵੇਖੀ ਹੁਣ ਲਾਡੋ ਤੇਰੀ ਨਾਰ ਬਣਗੀ

ਡਰ ਲੱਗਦਾ ਤੀਆਂ ਤ੍ਰਿੰਝਣਾਂ ਤੋਂ ਨੀਂ ਪੀਘਾਂ ਤੇ ਵੀ ਗੀਤ ਬਣਗੇ
ਟੇਢੀ ਅੱਖ ਨਾ ਦੇਂਹਦੇ ਨੇ ਭਰਾ ਬਣਕੇ ਨੀਂ ਰਿਸ਼ਤੇ ਪਲੀਤ ਬਣਗੇ
ਆਰੀ ਫਿਰਗੀ ਪਿੱਪਲ ਦੀ ਜੜ੍ਹ ਤੇ ਨੀਂ ਤੀਆਂ ਆਲੇ ਦਿਨ ਵੱਟਗੇ
ਪੁੱਡਾ ਕਰ ਗਿਆ ਨਿਲਾਮ ਸਾਰਾ ਪਿੰਡ ਨੀਂ ਥਾਂ ਥਾਂ ਪਲਾਟ ਕੱਟਗੇ
ਸਰਪੈਂਚੀ ਹਾਬੜੀ ਵੋਟ ਦੀ ਪਰਚੀ ਤੇ ਵੈਰੀਆਂ ਦੀ ਵਾਹਰ ਬਣਗੀ
ਮਾਤਾ ਲੋਕਾਂ ਦੀ ਅੱਖ ਨਾਲ ਵੇਖੀ ਹੁਣ ਲਾਡੋ ਤੇਰੀ ਨਾਰ ਬਣਗੀ

ਪੈਰ ਥਿਬਦੇ ਕਾਲਜ ਵੰਨੀਂ ਜਾਣਤੋਂ ਉਹਦੇ ਵੀ ਬੜੇ ਚਰਚੇ ਸੁਣੇ
ਕਹਿੰਦੇ ਚੋਬਰ ਬਣਗੇ ਗੋਰਖ ਦੇ ਚੇਲੇ ਬਾਹਾਂ ਤੇ ਸਾਡੇ ਨਾਂ ਨੇ ਖੁਣੇ
ਪਿੱਛੇ ਅੱਥਰੀ ਮੰਡੀਰ ਮੇਰੇ ਪੈਗੀ ਨੀਂ ਇੱਕ ਨੇ ਸੁਨੇਹਾ ਘੱਲਿਆ
ਕੋਲੇ ਬੈਂਚ ਤੇ ਨੰਬਰ ਮੇਰੇ ਰੱਖ ਗਿਆ ਹੋਰ ਨਾ ਕੋਈ ਵੱਸ ਚੱਲਿਆ
ਰੰਗ ਉੱਡ ਗਿਆ ਨੀਂ ਮੇਰੇ ਚਿਹਰੇ ਦਾ ਚੁੱਪ ਵੀ ਇਜ਼ਹਾਰ ਬਣਗੀ
ਮਾਤਾ ਲੋਕਾਂ ਦੀ ਅੱਖ ਨਾਲ ਵੇਖੀ ਹੁਣ ਲਾਡੋ ਤੇਰੀ ਨਾਰ ਬਣਗੀ

ਇੱਕ ਨਮਾਂ ਜਾ ਟਰੈਂਡ ਮਾਤਾ ਚੱਲਿਆ ਮੁੰਡੇ ਬੋਲਟ ਸਵਾਰ ਹੋ ਗਏ
ਚੁੰਨੀਂ ਹਵਾ ਵਿੱਚ ਦਿਸੇ ਉੱਡਦੀ ਮਸ਼ੂਕ ਦੀ ਲੈ ਕਿਧਰੇ ਫਰਾਰ ਹੋ ਗਏ
ਲੁਕ ਲੁਕ ਪਿਓ ਪੜ੍ਹਦਾ ਧੀ ਹੈਡਲਾਈਨ ਐਸੀ ਬਣਗੀ 'ਖਬਾਰ ਦੀ
ਮੂੰਹ ਕੱਜੇ ਆਲੀ ਫੋਟੋ ਮੀਡੀਏ ਨੇ ਛਾਪਤੀ ਕੁੜੀ ਨਾਲ ਨਮੇਂ ਯਾਰ ਦੀ
ਵੀਡਿਓ ਕਲਿੱਪ ਬਣਾਤੀ ਨੀਂ ਜੰਤਾ ਦੇ ਮਬੈਲਾਂ ਦਾ ਸ਼ਿੰਗਾਰ ਬਣਗੀ
ਮਾਤਾ ਲੋਕਾਂ ਦੀ ਅੱਖ ਨਾਲ ਵੇਖੀ ਹੁਣ ਲਾਡੋ ਤੇਰੀ ਨਾਰ ਬਣਗੀ

ਮਾਤਾ ਟੀ.ਵੀ ਆਲੇ ਵੇਚਦੇ ਨੇ ਸਾਬਣਾਂ ਜਿਸਮ ਦਿਖਾਕੇ ਨਾਰਾਂ ਦਾ
ਧੁੰਨੀ ਉੱਤੇ ਆਕੇ ਟਿਕੇ ਕੈਮਰਾ ਕੀ ਕਹਿਣਾ ਫਿਲਮੀ ਸਟਾਰਾਂ ਦਾ
ਨੰਗੇ ਨਾਚ ਨੱਚਦੇ ਨੇ ਵੱਡੇ ਹੋਟਲਾਂ 'ਚ ਨੀਂ ਵੇਖਦੇ ਧਨਾਢ ਆਣਕੇ
ਪੈਸੇ ਬੱਝਮੇਂ ਰੱਖੇ ਨੀ ਇੱਕ ਰਾਤ ਦੇ ਤੇ ਟੱਪ ਜਾਂਦੇ ਮੌਜਾਂ ਮਾਣਕੇ
ਗੁੱਤ ਨਿੱਕੀ ਹੋਕੇ ਪੋਨੀ ਬਣੀ ਘੁੱਦਿਆ ਤੇ ਜ਼ੀਨ ਸਲਵਾਰ ਬਣਗੀ
ਮਾਤਾ ਲੋਕਾਂ ਦੀ ਅੱਖ ਨਾ ਵੇਖੀਂ ਨੀਂ ਹੁਣ ਲਾਡੋ ਤੇਰੀ ਨਾਰ ਬਣਗੀ

ਮਾਤਾ ਕੰਮੂਟਰ ਦੇ ਯੁੱਗ ਵਿੱਚ ਆਕੇ ਵੀ ਗਟਰਾਂ 'ਚੋਂ ਭਰੂਣ ਲੱਭਦੇ
ਸਟੋਵ ਫਟਦੇ ਤੇ ਲੱਗਦੀਆਂ ਅੱਗਾਂ ਆਹਾ ਦੇਖਲੈ ਤਮਾਸ਼ੇ ਰੱਬਦੇ
ਗਲਾ ਘੋਟੇ ਦੇ ਨਿਸ਼ਾਨ ਫਿਰੇ ਲੱਭਦੀ ਟੀਮ ਇੱਕ ਜਾਂਚ ਮਾਹਰਾਂ ਦੀ
ਖੁਦਕੁਸ਼ੀ ਦਾ ਮਾਮਲਾ ਬਣਾਕੇ ਲੈ ਸੁਰਖੀ ਛਾਪਤੀ 'ਖਬਾਰਾਂ ਦੀ
ਦੁੱਖ ਜਰਗੀ ਸੀ ਸੀਤਾ ਜਿਹੜੀ ਬਣਕੇ ਝਾਂਸੀ 'ਚ ਹਥਿਆਰ ਬਣਗੀ
ਮਾਤਾ ਲੋਕਾਂ ਦੀ ਅੱਖ ਨਾਲ ਵੇਖੀ ਹੁਣ ਲਾਡੋ ਤੇਰੀ ਨਾਰ ਬਣਗੀ....ਘੁੱਦਾ

Monday 4 June 2012

ਪਾਸੇ ਰੱਖ ਨਿੱਕਿਆ

ਪਾਸੇ ਰੱਖ ਨਿੱਕਿਆ ਮੋਢੇ ਰੱਖੀ ਰਫਲ ਦੁਨਾਲੀ ਨੂੰ
ਰਾਂਤੀ ਅੱਬੜਵਾਹੇ ਉੱਠਦੀ ਆ ਪੁੱਛ ਮਾਂ ਕਰਮਾਂਆਲੀ ਨੂੰ
ਚੱਤੋਪੈਰ ਰੋਹੀਆਂ ਚੋਂ ਫੈਰਾਂ ਦੀਆਂ 'ਵਾਜ਼ਾ ਆਉਂਦੀਆਂ ਸੀ
ਮੋਟਰਾਂ ਆਲਿਆਂ ਕੋਠਿਆਂ 'ਚੋਂ ਓਦੋਂ ਲਾਸ਼ਾ ਥਿਆਉਂਦੀਆਂ ਸੀ
ਚਿੱਟੀਆਂ ਚੁੰਨੀਆਂ ਧਰੀਆਂ ਸੀ ਸਿਰ ਸੱਜ ਵਿਆਹੀਆਂ ਦੇ
ਬੱਬਰ ਸ਼ੇਰਾਂ ਤੋਂ ਵੱਡੇ ਜਿਗਰੇ ਸੀ ਪੰਜਾਬ ਦੀਆਂ ਜਾਈਆਂ ਦੇ

ਪੇਟੀਆਂ ਤਾਂਈ ਫਰੋਲਦੀਆਂ ਸੀ ਆ ਟੀਮਾਂ ਪੁਲਸਦੀਆਂ
ਲੱਗੇ ਕਰਫੂ ਫਸਲਾਂ ਸੀ ਬਿਨ੍ਹਾਂ ਪਾਣੀਓਂ ਝੁਲਸਦੀਆਂ
ਜੰਗ ਲੱਗਗੀ ਸੀ ਕਹੀਆਂ ਤੇ ਕੁਹਾੜਿਆਂ ਦੇ ਲੋਹੇ ਨੂ
ਅਦਾਲਤਾਂ ਚੋਂ ਲੱਭਦੀ ਮਾਤਾ ਹੁਣ ਵੀ ਪੁੱਤਰ ਖੋਹੇ ਨੂੰ
ਬਾਂ ਬਾਂ ਪਈ ਹੁੰਦੀ ਸੀ ਨਿੱਤ ਕੱਸੀਆਂ ਸੂਇਆਂ ਤੇ
ਬਲੈਕ ਲਿਸਟਾਂ 'ਚ ਨਾਂ ਚਾੜ੍ਹਤੇ ਜਿੰਦੇ ਲਾਗੇ ਬੂਹਿਆਂ ਤੇ

ਵਾਲ ਖੋਲ਼੍ਹਕੇ ਪਿੱਛੇ ਹੱਥ ਬੰਨ੍ਹਕੇ ਠੇਡੇ ਮਾਰੇ ਢੂਈਆਂ ਤੇ
ਬਿਨ ਚਾਰਿਓਂ ਲੇਵੇ ਸੁੱਕਗੇ ਸੀ ਓਦੋਂ ਸੱਜਰ ਸੂਈਆਂ ਦੇ
ਗਿੱਠ ਗਿੱਠ ਘਾਹ ਉੱਗ ਪਿਆ ਜਿੱਥੇ ਬਲਦੇ ਸੀ ਚੁੱਲ੍ਹੇ
ਵਾਇਰਲੈਸਾਂ ਨਾ ਦੂਸ਼ਤ ਹਵਾ ਤੱਤੇ ਵਗਦੇ ਸੀ ਬੁੱਲੇ
ਕਮਾਦਾਂ ਵਿੱਚ ਰੈਣ ਬਸੇਰੇ ਪੈਗੇ ਚੀਰ ਸੀ ਲੱਤਾਂ ਬਾਹਵਾਂ ਤੇ
ਮਰਨ ਮਾਰਨ ਆਲੇ ਸਭ ਪੁੱਤਰ ਸੀ ਪਰ ਇੱਕੋ ਮਾਵਾਂ ਦੇ

ਇੱਕ ਜਨੂੰਨ ਦੂਜਾ ਮੁੱਦਾ ਧਰਮਕੀ ਤੀਜਾ ਜੋਰ ਜਵਾਨੀ ਦਾ
ਫੜ੍ਹ ਸੰਤਾਲੀਆਂ ਰਾਖਾ ਤੁਰਿਆ ਪੱਤ ਧੀ ਭੈਣ ਬਿਗਾਨੀ ਦਾ
ਕਾਲਰ ਦੇ ਵਿੱਚ ਹਰ ਚੋਬਰ ਨੇ ਸਾਈਨੈਡ ਲੁਕਾਇਆ ਸੀ
ਹੱਥੀਂ ਮੌਤ ਸਹੇੜਨ ਗੱਭਰੂ ਏਹੇ ਜਾ ਟੈਮ ਵੀ ਆਇਆ ਸੀ
ਜੰਨ ਚੜ੍ਹਨੇ ਨੂੰ ਕਈ ਪਿੰਡਾਂ ਵਿੱਚ ਕੋਈ ਲਾੜਾ ਨਾ ਬਾਕੀ ਸੀ
ਬਸ ਘੂੰ ਘੂੰ ਕਰਦੀਆਂ ਜੀਪਾਂ ਜਾਂ ਦਿਸਦੀ ਵਰਦੀ ਖਾਕੀ ਸੀ

ਫਿਰ ਲੁੰਗ ਲਾਣਾ ਸੀ ਆ ਚੜ੍ਹਦਾ ਜੇ ਸ਼ੱਕ ਸੀ ਕਿਧਰੇ ਪੈ ਜਾਂਦਾ
ਬੁੱਢੇ ਪਿਓ ਨੂੰ ਟਾਰਚਰ ਕੀਤੇ ਪੁੱਤ ਦਾ ਈ ਝੋਰਾ ਲੈ ਜਾਂਦਾ
ਪੱਟ ਦੁਆਲੇ ਤਾਰ ਵਲ੍ਹੇਟ ਕੇ ਪਲਾਸਾਂ ਨਾ ਫਿਰ ਕੱਸਦੇ ਸੀ
ਭੁੱਕ ਕੇ ਉੱਤੇ ਮਿਰਚਾਂ ਵਾਰਸ ਮੀਰ ਮਨੂੰ ਦੇ ਹੱਸਦੇ ਸੀ
ਹੌਂਕੇ ਮਾਰ ਮਾਰ ਕੇ ਸੁਣਿਆ ਉਂਗਲਾਂ 'ਚੋਂ ਨਹੁੰ ਕੱਢੇ ਸੀ
ਪਲੀਤ ਕਰਨ ਨੂੰ ਸਿੰਘਾਂ ਦਾ ਬਾਣਾ ਪੁਲਸ ਕੈਟ ਵੀ ਛੱਡੇ ਸੀ

ਬੁਲਟ ਪਰੂਫ ਟਰੈਕਟਰਾਂ ਦਾ ਵੀ ਅਗਲੇ ਜ਼ੋਰ ਅਜ਼ਮਾਓਦੇ ਸੀ
ਸਿਰ੍ਹਾਣੇ ਰੱਖ ਰੇਡੀਏ ਵੀ ਬੜੀ ਅੱਗ ਵਰ੍ਹਾਉਂਦੇ ਸੀ
ਚੰਮ ਸੜਨੇ ਦਾ ਮੁਸ਼ਕ ਆਓਂਦਾ ਜਦੋਂ ਲਾਬੂੰ ਲੱਗਦੇ ਸੀ
ਟੁੱਕ ਨਾ ਪਕਾਉਣਾ ਸਾਰੇ ਪਿੰਡ ਨੇ ਤਵੇ ਮੂਧੇ ਵੱਜਦੇ ਸੀ
ਠੱਗਾਂ ਚੋਰਾਂ ਲੈ ਆੜ ਸਿੰਘਾਂ ਦੀ ਡੋਲੇ ਲੁੱਟਲੇ ਵਿੱਚ ਰਾਹਵਾਂ ਦੇ
ਵਾਰਨ ਲਈ ਫੜ੍ਹੇ ਈ ਰਹਿ ਗਏ ਪਾਣੀ ਹੱਥੀਂ ਕਈ ਮਾਵਾਂ ਦੇ

ਚੋਹਲ ਮੋਹਲ ਜੀ ਕਰਦੈਂ ਨਿੱਕਿਆ ਸ਼ੌਕ ਨਾ ਬਣਾ ਹਥਿਆਰਾਂ ਨੂੰ
ਕਾਹਨੂੰ ਫੈਰ ਫੂਰ ਜੇ ਕੱਢਦਾਂ ਮੁੜ ਕੇ ਆਉਣਦੇ ਬਹਾਰਾਂ ਨੂੰ
ਨਮਾਂ ਖੂਨ ਉਬਾਲੇ ਮਾਰਦਾ ਤੇਰਾ ਸੇਕ ਘਟਾ ਲੈ ਅੱਗਾਂ ਦੇ
ਘੁੱਦਿਆ ਅੱਗੇ ਈ ਰਗੜੇ ਤਾਅ ਨੀਂ ਆਏ ਪੱਟੇ ਲਾਈ ਲੱਗਾਂ ਦੇ
ਮੁੜ ਪਿਓ ਦੇਣ ਨਾ ਅੱਗਾਂ ਫੇਰ ਪੁੱਤਾਂ ਦੀਆਂ ਚਿਖਾਵਾਂ ਨੂੰ
ਦੂਰ ਰੱਖੀਂ ਬਾਜ਼ਾਂ ਆਲਿਆ ਕਾਲੀਆਂ ਘਨਘੋਰ ਘਟਾਵਾਂ ਨੂੰ....ਘੁੱਦਾ