Monday 21 April 2014

ਨਿੱਕੇ ਦੀ ਟਰੇਨਿੰਗ

ਤਾਏ ਅਰਗੇਆਂ ਨੇ ਸਾਡੇ ਆਲੇ ਨਿੱਕੇ ਗਰਨੈਬ ਨੂੰ ਬੀ.ਟੈੱਕ ਕਰਨ ਲਾਇਆ ਬਾ । ਤਕੜੇ ਵਾਹਣ ਦੇ ਠੇਕੇ ਜਿੰਨੀ ਫੀਸ ਆ ਛਿਮਾਹੀ ਦੀ।
ਓਦੇਂ ਪੇਪਰ ਪੂਪਰ ਨਬੇੜ ਕੇ ਨਿੱਕਾ ਕਾਲਜੋਂ ਤੁਰਿਆ ਆਬੇ। 'ਗਾਹਾਂ ਆਉਦਿਆਂ ਨੂੰ ਤਾਏ ਅਰਗੇ ਲਸਣ 'ਚ ਸਵਾਹ ਖਿਲਾਰਕੇ ਗੁੱਡ ਪਾਈ ਜਾਣ। ਨਿੱਕਾ ਗੌਲਫ ਆਲਿਆਂ ਅੰਨੂੰ ਟੀ- ਸ਼ਲਟ ਪੈਂਟ ਦੇ ਵਿੱਚ ਕਰੀ ਫਿਰੇ ਪ੍ਰਭਾਵ ਪਾਉਣ ਖਾਤਰ। ਨਿੱਕਾ ਤਾਏ ਨੂੰ ਕੈਂਹਦਾ ," ਤਾਇਆ ਜਰ ਟਰੇਨਿੰਗ ਲਵਾਉਣੀ ਆ ਚੰਡੀਗੜ੍ਹ , ਪੈਸੇ ਟਕੇ ਦਾ ਰੇਜਮੈਂਟ ਕਰਦੇ"।
ਤਾਏ ਦੇ ਚਿੱਤ 'ਚ ਵੱਜੀ ਬੀ ਖੌਣੀ ਫੌਜੀਆਂ ਅੰਗੂ ਟਰੇਨਿੰਗ ਹੁੰਦੀ ਹੋਣੀ ਆ। ਤਾਏ ਨੂੰ ਐਂ ਜਚਗੀ ਬੀ ਨਿੱਕੇ ਨੂੰ ਤੜਕੇ ਸੰਦੇਹਾਂ 'ਠਾਕੇ ਫੌਜੀ ਦਬੱਲਿਆ ਕਰਨਗੇ ਨਾਲੇ ਰੱਸੇ ਰੁੱਸਿਆਂ ਤੇ ਲਮਕਾਇਆ ਕਰਨਗੇ। ਤਾਏ ਨੇ ਆਥਣੇ ਧਾਰਾਂ ਧੂਰਾਂ ਕੱਢਕੇ ਦੁੱਧ ਕੜਾਹੀ 'ਚ ਲੱਦ ਲਿਆ ਖੋਆ ਮਾਰਨ ਖਾਤਰ ਬੀ ਨਿੱਕਾ ਕਿਤੇ ਟਰੇਨਿੰਗ 'ਚ ਕਮਜ਼ੋਰੀ ਨਾ ਮੰਨਜੇ।
ਮਾਤਾ ਅਰਗੀਆਂ ਨੇ ਜੇਹੜਾ ਘਿਓ ਥਿੰਦਾ ਜੋੜਿਆ ਸੀ ,ਓਹਦੀ ਚੱਕਕੇ ਪੰਜੀਰੀ ਰਲਾਤੀ ਨਿੱਕੇ ਨੂੰ। ਸਾਰਾ ਟੱਬਰ ਨਿੱਕੇ ਨੂੰ ਬੱਸ ਸ਼ਟੈਂਡ ਤਾਂਈ ਸੀ ਔਫ ਕਰਨ ਗਿਆ ਫੌਜੀਆਂ ਅੰਨੂੰ। ਕੁਦਰਤੀਏਂ ਅੱਡੇ ਤੇ ਖੜ੍ਹੇ ਕਿਸੇ ਸਿਆਣੇ ਬੰਦੇ ਨੇ ਤਾਏ ਨੂੰ ਦੱਸਿਆ ਬੀ ਨਿੱਕੇ ਦੀ ਟਰੇਨਿੰਗ ਤਾਂ ਕੰਪੂਟਰ ਤੇ ਈ ਲੱਗੀ ਆ, ਬਹਿ ਕੇ ਕਰਨ ਆਲਾ ਕੰਮ ਆ ਸਾਰਾ।
ਆਅਅਅ ਕੀ ਤਾਏ ਨੇ ਖੋਏ ਪੰਜੀਰੀ ਆਲੀਆਂ ਦੋਹੇਂ ਪੀਪੀਆਂ ਨਿੱਕੇ ਤੋਂ ਖੋਹ ਕੇ ਸ਼ੈਂਕਲ ਦੇ ਹੈਂਡਲ ਤੇ ਟੰਗਕੇ ਘਰ ਨੂੰ ਸ਼ੂਟ ਬੱਟਤੀ। ਸਾਡੇ ਆਲਾ ਚੌਲਾਂ ਦੀ ਪਿੰਨੀ ਅਰਗਾ ਬੇਹਾ ਜਾ ਮੂੰਹ ਕਰਕੇ ਸੈੜ ਤੇ ਹੋ ਗਿਆ। ਐਹੇ ਜੇ ਹੁੰਦੇ ਆ ਪਿੰਡਾਂ ਆਲੇ......ਘੁੱਦਾ

ਬਿਮਾਰ ਪੰਜਾਬ

ਪੰਜਾਬ ਦੇ ਬੱਸ ਅੱਡੇਆਂ ਅਤੇ ਰੇਲਵੇ ਸ਼ਟੇਸ਼ਨਾਂ ਦੀਆਂ ਕੰਧਾਂ ਤੇ ਨਾਲੇ ਜੀ.ਟੀ ਰੋਡ ਤੇ ਦੂਰੋਂ ਨਜ਼ਰੀਂ ਪੈਂਦੇ ਮੋਟਰਾਂ ਆਲੇ ਕੋਠਿਆਂ ਤੇ ਛੇ ਇੰਚੀ ਬੁਰਸ਼ ਨਾਲ ਵੱਡਾ ਕਰਕੇ ਲਿਖਿਆ ਬਾ ਹੁੰਦਾ," ਮਰਦਾਨਾ ਤਾਕਤ ਹਾਸਲ ਕਰੋ, ਜਾਂ ਬੇਔਲਾਦ ਜੋੜੇ ਮਿਲੋ"।
ਪੰਜਾਬੀ ਅਖਬਾਰਾਂ ਤੇ ਐਹੇ ਜੇ ਇਸ਼ਤਿਹਾਰ ਆਮ ਈ ਲੱਗਦੇ ਰੈਂਹਦੇ ਨੇ। ਇੱਕ ਰਪੋਟ ਮੁਤਾਬਕ ਸਭ ਤੋਂ ਵੱਧ ਇਨਫਰਟੀਲਿਟੀ ਸੈਂਟਰ ਪੰਜਾਬ 'ਚ ਖੁੱਲ੍ਹੇ ਨੇ। ਕਿੱਡੀ ਨਮੋਸ਼ੀ ਦੀ ਗੱਲ ਆ ਬੀ ਅੱਜ ਸਾਡੇ ਪੰਜਾਬੀ ਜਵਾਕ ਜੰਮਣ ਜੋਗੇ ਵੀ ਨਈਂ ਰਹੇ।
ਸਾਡਾ ਜਥੇਦਾਰ ਕੈਂਹਦਾ ਹਰੇਕ ਜੋੜਾ ਚਾਰ ਚਾਰ ਜਵਾਕ ਜੰਮੇ। ਉਹਨੂੰ ਹੁਣ ਕੇਹੜਾ ਦੱਸੇ ਬੀ ਪਰਧਾਨ ਪੰਜਾਬ 'ਚ ਕਿਰਾਏ ਦੀ ਕੁੱਖ ਤੇ ਮੁੱਲ ਦਾ ਸੀਮਨ ਲੈਕੇ ਜਵਾਕ ਜੰਮੇ ਜਾਂਦੇ ਨੇ, ਚਾਰ ਛੱਡ ਇੱਕ ਜੰਮਣਾ ਔਖਾ ਹੋਇਆ ਪਿਆ।
ਆਪਣੀਆਂ ਕੁੜੀਆਂ ਜ਼ੀਰੋ ਸੈਜ ਫਿੱਗਰਾਂ ਦੇ ਚੱਕਰ 'ਚ ਭੁੱਖੀਆਂ ਤਿਹਾਈਆਂ ਤੁਰਦੀਆਂ ਫਿਰਦੀਆਂ। ਟਮੰਟੀ ਏਟ ਲੱਕ ਤੇ ਸੰਤਾਲੀ ਕਿੱਲੋ ਭਾਰ ਆਲੀ ਕੁੜੀ ਬਿਚਾਰੀ ਹਰੀ ਸਿੰਘ ਨਲੂਆ ਕਿੱਥੋਂ ਜੰਮਦੂ ਹੁਣ।
ਜਦੋਂ ਆਪਣੇ ਬਾਬੇ ਹੋਣੀਂ ਸ਼ੇਰ ਹੁੰਦੇ ਸੀ ਓਦੋਂ ਪੱਟ ਤੇ ਮੋਰਨੀਆਂ ਛਪਾਉਂਦੇ ਹੁੰਦੇ ਸੀ।
ਹੁਣ ਅਸੀਂ ਗਿੱਦੜ ਬਣਗੇ ਤਾਂ ਕਰਕੇ ਡੌਲਿਆਂ ਤੇ ਸ਼ੇਰ ਛਪਾਕੇ ਫੀਲਿੰਗਾਂ ਲੈਣੇ ਆਂ। ਪਰੋਟੀਨਾਂ ਦੇ ਡੱਬੇ ਖਾਕੇ ਡੌਲੇ ਮੋਟੇ ਕਰਨ ਨਾਲ ਤੰਦਰੁਸਤੀਆਂ ਨਈਂ ਆਉਂਦੀਆਂ। ਜਦੋਂ ਪੰਜਾਬੀ ਤਕੜੇ ਹੁੰਦੇ ਸੀ, 'ਖਾੜੇ 'ਚ ਜਾਕੇ ਘੋਲ ਘੂਲ ਕਰ ਲੈਂਦੇ ਸੀ। ਹੁਣ ਜ਼ੋਰ ਮੁੱਕ ਗਿਆ ਤਾਂ ਕਰਕੇ ਟਰੈਕਟਰਾਂ ਦੇ ਟੋਚਨ ਪਵਾਕੇ ਝੱਸ ਪੂਰਾ ਕਰਨ ਲਾਗੇ।
ਦੁੱਧ ਪੀਂਦੇਆਂ ਜਦੋਂ ਦੁੱਧ ਤੇ ਮਲਾਈ ਆ ਜਾਂਦੀ ਆ ਸਾਡੇ ਮੁੰਡੇ ਮਲਾਈ ਲਾਹਕੇ ਗਲਾਸ ਦੀ ਕੰਨੀਂ ਤੇ ਰੱਖ ਦੇਂਦੇ ਨੇ ਬੀ ਕਿਤੇ ਮੇਹਦੇ 'ਚ ਤਰਿਆਉਤੀ ਨਾ ਹੋਜੇ । ਜ਼ਰਵਾਨਿਆਂ ਦੀ ਧਰਤੀ ਪੰਜਾਬ ਤੇ ਹੋਰ ਕੀ ਕੀ ਹੋਣਾ, ਏਹ ਬਾਬਾ ਨਾਨਕ ਈ ਜਾਣਦਾ। ਸਰਬੰਸਦਾਨੀ ਠੰਢ ਵਰਤਾਂਈ....ਘੁੱਦਾ

ਨਿਰਲੱਜਾਂ ਦਾ ਹਾਸਾ

ਚਿੱਟੇ ਦੁੱਧ ਰੰਗੇ ਸਿਰਹਾਣੇਆਂ ਵਿੱਚ ਬੈਠੇ ਸੇਠ ਨੇ
ਪਤਲੇ ਫਰੇਮ ਦੀ ਐਨਕ ਵਿੱਚਦੀ ਸੁਰਜਨ ਸਿਹੁੰ ਵੱਲ ਵੇਖਿਆ
" ਸੁਰਜਨ ਸੈਂਅ ਹੋ ਗਿਆ ਭਾਈ ਤੇਰਾ ਹਸਾਬ, ਡੂਢ ਲੱਖ ਟੁੱਟਦਾ ਤੇਰੇ ਸਿਰ,
ਜੱਟ ਭਰਾ ਆਂ ਤੂੰ, ਦੋ ਰੁਪੈ ਵਿਆਜ ਈ ਲਾਇਆ ਸੈਂਕੜੇ ਨੂੰ"
ਕਿਸੇ ਆਸ ਨਾਲ ਪਿੰਡੋਂ ਲਿਆਂਦਾ ਜਵਾਰ ਦੇ ਬੀਅ ਆਲਾ ਖਾਲੀ
ਝੋਲਾ ਸੁਰਜਨ ਨੇ ਦੋਂਹ ਹੱਥਾਂ ਨਾਲ ਘੁੱਟਿਆ
ਖੱਬੇ ਪੈਰ ਦੇ ਪੱਬ ਤੇ ਟੰਗਕੇ ਜੁੱਤੀ ਨੂੰ ਝਾੜਿਆ
ਬੋਲੀ ਉਂਗਲ ਦੀ ਮਦਦ ਨਾਲ ਜੁੱਤੀ ਪਾਈ
ਤੇ ਪਿੰਡ ਦੀ ਮਿੰਨੀ ਬੱਸ ਜਾ ਚੜ੍ਹਿਆ
ਬੱਸ 'ਚ ਬਾਂਹ ਤੇ ਬਾਲਟੀ ਟੰਗੀ ਫਿਰਦੇ ਭਈਏ ਨੇ 'ਵਾਜ਼ ਕੱਢੀ
"ਛੋਲੇ ਛੋਲੇ ਦਾਲੇ ਦਾਲੇ, ਨਮਕੀਨੇ ਟੇਸਟੀ"
ਸੁਰਜਨ ਦੀ ਨਿਗਾਹ ਡਰੈਬਰ ਦੇ ਖੱਬੇ ਹੱਥ ਲੱਗੀ
ਨਾਨਕ ਦੀ ਫੋਟੋ ਤੇ ਟਿਕੀ ਰਹੀ
"ਹਾਂ ਬੁੜ੍ਹਿਆ ਕਿੱਥੇ ਜਾਣਾ , ਪੀਨਕ ਲਾਈ ਆ?"
ਕਨੈਟਰ ਦੇ ਖਰਵੇ ਬੋਲਾਂ ਨੇ ਸੁਰਜਨ ਸਿਹੁੰ ਨੂੰ ਜਗਾਇਆ
"ਘੁੱ.....ਘੁੱ.....ਘੁੱਦੇ ਜਾਣਾ ਭਾਈ"
ਕੁੜਤੇ ਦੀ ਉੱਤਲੀ ਜੇਬ ਦੀ ਲੁੱਪੀ ਖੋਲ੍ਹ ਸੁਰਜਨ ਨੇ ਬਟੂਆ ਕੱਢਿਆ
ਆੜ੍ਹਤੀਏ ਦੀ ਪਰਚੀ ਤੋਂ ਬਿਨ੍ਹਾਂ ਬੀਹਾਂ ਦਾ ਨੋਟ ਨਿਕਲਿਆ
ਘਰ ਦਾ ਮੋੜ ਮੁੜਦਿਆਂ ਕਿਸੇ ਬੋਲ ਮਾਰਿਆ
"ਕਿਮੇਂ ਸੁਰਜਨਾ ਵੇਚ ਆਇਆ ਕਣਕ ਕੁਣਕ"
ਸੱਜੀ ਬਾਂਹ ਖੜ੍ਹੀ ਕਰ ਸੁਰਜਨ ਸਿਹੁੰ ਨੇ ਹਾਂ 'ਚ ਜਵਾਬ ਦਿੱਤਾ
ਹੱਥ ਫੜ੍ਹਿਆ ਖਾਲੀ ਝੋਲਾ ਕਿੱਲੀ ਤੇ ਟੰਗ ਸੁਰਜਨ
ਅੰਦਰ ਜਾ ਵੜਿਆ
ਕਣਕ ਦੇ ਢੋਲ ਤੇ ਪਿਆ ਸਰਪੇਅ ਦਾ ਲੀਟਰ ਦੂਰੋਂ ਦਿੱਸਿਆ
ਖੱਬੇ ਹੱਥ ਨਾਲ ਕਾਕ ਮਰੋੜ ਸੁਰਜਨ ਸਿਹੁੰ
ਲੀਟਰ ਇੱਕੋ ਸਾਹੇ ਸੂਤ ਗਿਆ
ਹਾਰੇ 'ਚ ਪਾਉਣ ਜੋਗੀਆਂ ਪਾਥੀਆਂ ਚੁੱਕੀ ਆਉਂਦੀ ਬਚਨੋ
ਨੇ ਲੇਰ ਛੱਡੀ, " ਵੇ ਆਹ ਕੀ ਚੰਦ ਚਾੜ੍ਹਤਾ ਦੁਸ਼ਮਨਾ?"
ਸੁਰਜਨ ਦਾ ਨਿੱਕਾ ਪੁੱਤ ਮਾਂ ਦੀ ਸਲਵਾਰ ਨੂੰ ਚੁੰਬੜਿਆ
"ਹਾਏ ਬੀਬੀਏ ਭਾਪੇ ਨੂੰ ਕੀ ਹੋ ਗਿਆ?"
ਕਿਸੇ ਪਾਹੜੇ ਮੁੰਡੇ ਨੇ ਐਬੂਲੈਂਸ ਨੂੰ ਫੋਨ ਕੀਤਾ
ਪਿੰਡ ਦੀਆਂ ਗਲੀਆਂ ਵਿੱਚ ਧੂੜਾਂ ਪੱਟਦੀ ਐਬੂਲੈਂਸ ਪਿੰਡੋਂ ਬਾਹਰ ਹੋਈ
ਖੇਤ ਕੋਲੋਂ ਲੰਘਣ ਲੱਗਿਆਂ ਸੁਰਜਨ ਸਿਹੁੰ ਨੇ ਹਿਝਕੀ ਲਈ
ਮੂੰਹੋਂ ਝੱਗ ਨਿੱਕਲਕੇ ਦਾਹੜੀ ਵਿੱਚ ਜਾ ਰਲੀ
ਸਰੀਰ ਨੀਲਾ ਤੇ ਠੰਢਾ ਹੋਣਾ ਲੱਗਾ
ਟੱਬਰ ਦੀਆਂ ਚੀਕਾਂ ਕੂਕਾਂ ਹੋਰ ਉੱਚੀਆਂ ਹੋਣ ਲੱਗੀਆਂ
ਐਬੂਲੈਂਸ ਦੇ ਬਾਹਰਲੇ ਪਾਸੇ ਫੋਟੋ ਵਿੱਚ ਬੈਠਾ
ਚਿੱਟੀ ਦਾਹੜੀ ਤੇ ਨੀਲੀ ਪੱਗ ਆਲਾ
ਕੋਈ ਨਿਰਲੱਜ ਲੀਡਰ ਬੇਬਾਕ ਹੱਸ ਰਿਹਾ ਸੀ.....ਘੁੱਦਾ

ਨੀਲੀਆਂ ਪੱਗਾਂ ਆਲੇ

ਨੀਲੀਆਂ ਪੱਗਾਂ ਆਲੇ ਪਿਓ ਪੁੱਤ ਹਰਿੱਕ ਭਾਸ਼ਣ 'ਚ ਚੌੜੀਆਂ ਸ਼ੜਕਾਂ ਤੇ ਫਲਾਈਓਵਰਾਂ ਦੀ ਗੱਲ ਕਰਦੇ ਨੇ, ਮਨੋਂ ਆਖਦੇ ਨੇ ਬੀ ਤਰੱਕੀ ਹੋਗੀ । ਕੰਜਦਿਓ ਭੁੱਖਾ ਢਿੱਡ ਰੋਟੀ ਮੰਗਦਾ ਹੁੰਦਾ ਸ਼ੜਕਾਂ ਨੂੰ ਚੱਕ ਨਈਂ ਵੱਢਣੇ। ਏਹਤਾ ਸਮਾਂ ਦੀ ਸ਼ਰਮ ਦੀ ਗੱਲ ਆ ਬੀ ਸਤਾਹਟ ਸਾਲਾਂ 'ਚ ਹਲੇ ਸ਼ੜਕਾਂ ਈ ਬਣੀਆਂ ਕੱਲੀਆਂ। ਦਿਰ ਫਿਟੇ ਮੂੰਹ।
ਅੰਦਾਜ਼ਾਂ ਬੀ ਪੰਜਾਬ 'ਚ ਤੀਹ ਚਾਲੀ ਗੱਭਰੂ ਬੇਰੁਜ਼ਗਾਰ ਨੇ। ਡਿਗਰੀਆਂ ਕਰਕੇ ਸਾਡਾ ਮੁਲਖ ਪੰਜਾਹਾਂ ਦੀ ਫਾਈਲ 'ਚ ਸਲਟੀਫਿਕੇਟ ਲਾਕੇ ਟਰੰਕ 'ਚ ਸਾਂਭ ਦੇਦਾ ਵਚਾਰਾ। ਰੁਪਈਏ ਦੇ ਕਾਗਜ਼ ਤੇ ਰਜ਼ਿਊਮ ਬਣਾਕੇ ਮੁੰਡੇ ਡਿੱਕਾਂ ਡੋਲੇ ਤੁਰੇ ਫਿਰਦੇ ਨੇ। ਹੁਣ ਡਿਗਰੀ ਕਰਕੇ ਮੁੰਡੇ ਕੁੜੀਆਂ ਵੱਧੋ ਵੱਧ ਕਿਸੇ ਪੌਲੀਟੈਕਨਿਕ ਕਾਲਜ 'ਚ ਪੰਜ ਛੇ ਹਜ਼ਾਰ ਤੇ ਲੈਕਚਰਾਰ ਲੱਗ ਸਕਦੇ ਨੇ, ਏਦੂੰ ਵੱਧ ਕੱਖ ਨੀਂ।
ਗੀਤਾਂ 'ਚ ਬੜ੍ਹਕਾਂ ਨੇ ਊਂ ਸਾਡੀ ਮੰਡੀਰ ਦੇ ਮੋਟਰਸੈਕਲ ਰਜ਼ਰਬ 'ਚ ਈ ਰੈਂਹਦੇ ਨੇ, ਪਟਰੌਲ ਜੋਗਰੇ ਪੈਸੇ ਨੀਂ ਹੁੰਦੇ ਲਿਵੇ।
ਹਜ਼ਾਰਾਂ ਕੁੜੀਆਂ ਬੀ.ਐੱਡਾਂ ਤੇ ਹੋਰ ਭੜਾਈਆਂ ਕਰਕੇ ਘਰੇ ਰੋਟੀਆਂ ਥੱਪਣ ਜੋਗੀਆਂ ਰਹਿ ਜਾਂਦੀਆਂ। ਜੇ ਕਿਤੇ ਠੇਕੇ ਤੇ ਕਿਸੇ ਮਹਿਕਮੇ 'ਚ ਲੱਗ ਜਾਂਦੀਆਂ ਤਾਂ ਪੱਕੇ ਵਰਕਰ ਠਿੱਠ ਕਰਦੇ ਨੇ।
ਜਦੋਂ ਸ਼ੈਹਰ ਲਾਲ ਬੱਤੀਆਂ ਤੇ ਕਾਰਾਂ ਰੁਕਦੀਆਂ ਓਦੋਂ ਨਿੱਕੇ ਨਿੱਕੇ ਜਵਾਕ ਗੱਡੀ ਦੇ ਮੂਹਰਲੇ ਸ਼ੀਸ਼ੇ ਤੇ ਲੀੜਾ ਮਾਰਕੇ ਭੀਖ ਮੰਗਦੇ ਨੇ। ਰੁਪਈਏ ਦਾ ਢਾਲਾ ਵੀ ਅਗਲੇ ਨੱਕ ਮਾਰਕੇ ਫੜ੍ਹਦੇ ਨੇ। ਕਾਲੀ ਸਰਕਾਰ ਲੋਕਾਂ ਨੂੰ ਰੁਪਈਏ ਕਿੱਲੋ ਆਟਾ ਦਾਲ ਦੇਕੇ ਮੰਗਤਿਆਂ ਤੋਂ ਵੀ ਨੀਚ ਬਣਾ ਰਹੀ ਆ । ਕੁੜੀ ਦਿਓ ਖਸਮੋਂ ਲੋਕਾਂ ਨੂੰ ਰੁਜ਼ਗਾਰ ਚਾਹੀਦਾ , ਆਟਾ ਦਾਲ ਆਪ ਵੀ ਖਰੀਦ ਲੈਣਗੇ।
ਬਾਹਲੀਆਂ ਗੱਲਾਂ ਨਈਂ। ਸਾਰੇ ਪੜ੍ਹੇ ਲਿਖੇ ਨੇ, ਜਿੱਥੇ ਮਰਜ਼ੀ ਵੋਟਾਂ ਪਾਓ। ਪਰ ਘਰੇ ਤਾਏ ਅਰਗੇਆਂ ਨੂੰ ਸਿਨਿਆਂ ਲਾਦਿਓ ਬੀ ਜੇ ਸੋਲਾਂ ਸੌ ਨੜਿੱਨਮੇਂ ਦੀ ਵਸਾਖੀ ਨੂੰ ਸਜਾਇਆ ਗੋਬਿੰਦ ਸਿੰਘ ਦਾ ਪੰਥ ਬਚਾਉਣਾ ਤਾਂ ਆਹ ਕਾਲੀਆਂ ਦਾ ਪੰਥ ਛੱਡਣਾ ਪਊ....ਅੱਗੇ ਪੰਜਾਬ ਦੇ ਮੁਕੱਦਰ.....ਘੁੱਦਾ

Wednesday 9 April 2014

ਕੁੜੀਆਂ ਦੀ ਅਜ਼ਾਦੀ

ਖਾਸੀ ਪੁਰਾਣੀ ਗੱਲ ਆ। ਕੇਰਾਂ ਸਾਡੇ ਪਿੰਡ ਦੇ ਵਿਚਾਲੇ ਵੱਡੀ ਸੱਥ 'ਚ ਕਈ ਸਮਾਜ ਸੁਧਾਰਕ ਬੁਲਾਰੇ ਆਏ ਵਏ ਸੀ।
ਮੁਲਖ ਪੱਲੀਆਂ ਤੇ ਚੌਂਕੜੇ ਮਾਰ ਕੇ ਬਹਿ ਗਿਆ ਬੁਲਾਰੇ ਨੂੰ ਸੁਨਣ ਖਾਤਰ। ਬੁਲਾਰਾ ਭਾਸ਼ਣ ਦੇਣ ਲੱਗਾ ਬੀ ਅੱਜ ਦੇ ਜੁੱਗ 'ਚ ਕੁੜੀਆਂ ਅਜ਼ਾਦ ਨੇੇ, ਹਰਿੱਕ ਖੇਤਰ 'ਚ ਮੁੰਡਿਆਂ ਦੇ ਬਰੋਬਰ ਨੇ, ਸਾਰੇ ਕੰਮ ਕਰ ਸਕਦੀਆਂ ਕੋਈ ਡਰ ਡੁੱਕਰ ਨਈਂ।
ਸਾਡੇ ਪਿੰਡ ਦੇ ਇੱਕ ਬਜ਼ੁਰਗ ਦਾ ਗੱਭਰੂ ਪੁੱਤ ਭਰ ਜਵਾਨੀ 'ਚ ਚੱਲ ਵਸਿਆ ਸੀ ਤੇ ਫੇਰ ਬਜ਼ੁਰਗ ਦੀਆਂ ਤਿੰਨ ਮੁਟਿਆਰਾਂ ਕੁੜੀਆਂ ਈ ਰਹਿ ਗੀਆਂ ਸੀ। ਬੁਲਾਰੇ ਦੀਆਂ ਗੱਲਾਂ ਸੁਣਕੇ ਬਾਬਾ ਦਸ ਕ ਮਿੰਟ ਤਾਂ ਔਖਾ ਸੌਖਾ ਬੈਠਾ ਰਿਹਾ ਪਰ ਹਾਨੀਸਾਰ ਨੂੰ ਬਾਬਾ ਮੂਕਾ ਲੋਟ ਕਰਕੇ ਉੱਠ ਖੜ੍ਹਿਆ। ਬਾਬਾ ਬੁਲਾਰੇ ਨੂੰ ਕੈਂਹਦਾ ਪਰਧਾਨ,"ਮੇਰਾ ਗੱਭਰੂ ਪੁੱਤ ਰਾਤ ਨੂੰ ਦੋ ਵਜੇ ਖੇਤ ਪਾਣੀ ਲਾਉਣ ਜਾਂਦਾ ਸੀ, ਹੁਣ ਦਸ ਅੱਧੀ ਰਾਤ ਮੈਂ ਆਵਦੀ ਕੁੜੀ ਨੂੰ ਪਾਣੀ ਲਾਉਣ ਭੇਜ ਦਿਆਂ ਕਰਾਂ?"
ਬਸ਼ੱਕ ਬੁਲਾਰੇ ਸਮੇਤ ਲੋਕਾਂ ਨੂੰ ਬਾਬੇ ਦੀ ਗੱਲ ਨਾ ਜਚੀ ਹੋਵੇ ਪਰ ਅੱਜ ਵੀ ਸੱਚ ਏਹੋ ਈ ਆ।
ਕੁੜੀਆਂ ਅਜ਼ਾਦ ਨੇ ਜੀ ਏਹ ਫੈਸਲੇ ਲੈ ਸਕਦੀਆਂ, ਮਰਦਾਂ ਦੇ ਬਰੋਬਰ ਨੇ। ਆਹ ਸਾਰੀਆਂ ਗੱਲਾਂ ਫੂਕ ਛਕਾਉਣ ਖਾਤਰ ਈ ਨੇ।
ਕਿਸੇ ਦਾ ਮੁੰਡਾ ਮਰਜ਼ੀ ਨਾਲ ਵਿਆਹ ਕਰਾਲੇ ਤਾਂ ਕੋਈ ਚੱਕਰ ਨੀਂ। ਪਰ ਜੇ ਕੁੜੀ ਆਪੇ ਵਿਆਹ ਕਰਾਉਣ ਨੂੰ ਆਖੇ ਪਿਓ ਪੱਬਾਂ ਤੇ ਹੋਕੇ ਲਫੇੜਾ ਮਾਰਦਾ ਖੱਬੇ ਕੰਨ ਤੇ । ਘਰੋਂ ਅੱਡੇ ਤੱਕ ਕੁੜੀ ਨੇ ਜਾਣਾ ਹੋਵੇ ਤਾਂਵੀ ਘਰਦਾ ਕੋਈ ਜੀਅ ਨਾਲ ਜਾਂਦਾ ਬੀ ਲਗੌੜ੍ਹ ਨਾ ਮਗਰ ਲੱਗਜੇ ।
ਖੁੰਢ ਤੇ ਬੈਠੇ ਬੰਦੇ ਨੂੰ ਕੁੜੀ ਦਿਸਜੇ ਨਿਗਾਹ ਨਾਲ ਈ ਪੱਟ ਮਿਣੀ ਜਾਂਦਾ ਜਿੰਨਾ ਚਿੱਕਰ ਅਗਲੀ ਮੋੜ ਨੀਂ ਮੁੜਦੀ । ਮੁੰਡਾ ਘਰੋਂ ਬਾਹਰ ਗਿਆ ਹੋਵੇ ਕੋਈ ਟੈਸ਼ਨ ਨਈਂ ਪਰ ਜੇ ਕੁੜੀ ਬਾਹਰੇ ਹੋਵੇ ਤਾਂ ਘਰਦੇ ਦਿਨ 'ਚ ਦਸ ਫੂਨ ਕਰਦੇ ਨੇ ।
ਜਿੰਨਾ ਆਧੁਨਿਕ ਪੁਣਾ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆਂ ਐਨੇ ਡਿਵੈਲਪ ਤਾਂ ਆਪਾਂ ਹੋਏ ਈ ਨਹੀਂ ਹਲੇ ਕੁੜੀਆਂ ਦੀ ਅਜ਼ਾਦੀ ਦੀ ਗੱਲ ਤਾਂ ਬਾਹਲੀ ਦੂਰ ਆ ......ਘੁੱਦਾ

ਬਾਂਦਰ ਲੀਡਰ...ਬੂਝੜ ਲੋਕ

ਲੋਕ ਸਭਾ ਚੋਣਾਂ ਨੇੜੇ ਨੇ। ਬਾਂਦਰਾਂ ਦੀਆਂ ਬਾਦਰ ਟਪੂਸੀਆਂ ਜਾਰੀ ਨੇ, ਕੰਜਰਦੇ ਕਰੂੰਬਲਾਂ ਫੜ੍ਹਕੇ ਈ ਦੂਜੇ ਦਰੱਖਤ ਦੇ ਡਾਹਣੇ ਤੇ ਲਮਕ ਜਾਂਦੇ ਨੇ।
ਹੱਦ ਦਰਜੇ ਦੀ ਨੀਚ ਸਿਆਸਤ ਸਾਰੇਆਂ ਦੀ। ਜੇਹੜੀ ਪਾਰਟੀ ਨੂੰ ਲੀਡਰ ਸਾਰੀ ਉਮਰ ਨਿੰਦਦੇ ਰਹਿੰਦੇ ਨੇ ਫੇਰ ਓਸੇ 'ਚ ਆਕੇ ਰਲ ਜਾਂਦੇ ਨੇ ਏਹੇ। ਅਣਖ ਨੌਂ ਦਾ ਲਫਜ਼ ਹੈ ਈ ਨਈਂ ਸੌਹਰੇਆਂ 'ਚ। ਸਾਂਝੇ ਪੈਸੇ ਪਾਕੇ ਬੋਤਲ ਫੜ੍ਹਦੇ ਨੇ ਠੇਕੇ ਤੋਂ ਕੱਠੇ ਬਹਿਕੇ ਪੇਗ ਲਾਉਂਦੇ ਨੇ ਏਹੇ ।
ਪਿੰਡਾਂ 'ਚ ਦੋ ਸਕੇ ਭਰਾਵਾਂ 'ਚੋਂ ਇੱਕ ਕਾਲੀ ਦਲ ਨੂੰ ਵੋਟ ਪਾ ਦੇਂਦਾ ਦੂਜਾ ਕਾਂਗਰਸ ਨੂੰ। ਦੋਹੇਂ ਭਰਾ ਪੰਜ ਸਾਲ ਇੱਕ ਦੂਜੇ ਬੰਨੀਂ ਕਣੱਖਾ ਈ ਝਾਕਦੇ ਨੇ ਬੀ ਏਹਨੇ ਸਾਲੇ ਨੇ ਵੋਟ ਦੂਜੀ ਪਾਲਟੀ ਨੂੰ ਪਾਈ ਸੀ। ਹਲ, ਜਿੰਦਰੇ ਦੀ ਸਾਂਝ ਤੋੜ ਲੈਂਦੇ ਨੇ ਸਕੇ ਭਰਾ ਤੇ ਦੂਜੇ ਪਾਸੇ ਲੀਡਰ ਵੋਟਾਂ ਤੋਂ ਅਗਲੇ ਦਿਨ ਈ ਵਿਰੋਧੀ ਪਾਰਟੀ ਆਲੇ ਦੇ ਘਰੇ ਬੈਠੇ ਮਰਿੰਡੇ ਨਾਲ ਕੁਰਕੁਰੇ ਖਾਂਦੇ ਹੋਣਗੇ।
ਵੱਡੇ ਭਾਈ ਛਿਆਹਟ ਸਤਾਹਟ ਸਾਲ ਹੋਗੇ, ਹੁਣ ਤਾਂ ਬੰਦੇ ਬਣੋ। ਹੁਣ ਤਾਂ ਅਕਲ ਆ ਜਾਣੀ ਚਾਹੀਦੀ ਆ ਏਹਨਾਂ ਨੇ ਆਵਦੇ ਪੁੱਤ ਪੋਤੇ ਮੰਤਰੀ ਬਣਾਉਣੇ ਨੇ, ਥੋਡੇ ਜਵਾਕਾਂ ਨੂੰ ਤਾਂ ਮਰਨ ਖਾਤਰ ਈ ਮੂਹਰੇ ਕਰਨਗੇ। ਹੁਣ ਐਮੇਂ ਨਾ ਮੁਖਤ ਦੀ ਲਾਹਣ ਪੀਕੇ ਸਕੇ ਚਾਚੇ ਤਾਏਆਂ ਦੇ ਸਿਰ ਪਾੜਿਓ, ਬੰਦੇ ਬਣੋ।
ਆਹ ਵੋਟਾਂ ਪੈ ਲੈਣ ਦਿਓ ਸਾਰੇ ਲੀਡਰ ਮਲੇਸ਼ੀਆ ਆਲੇ ਜ਼ਹਾਜ਼ ਅੰਗੂ ਫੇਰ ਗੈਬ ਈ ਹੋਣਗੇ....ਸੋਡੇ ਸਾਹਮਣੇ ਆ....ਘੁੱਦਾ

ਵੇਹੜੇ ਆਲੇਆਂ ਦਾ ਮੁੰਡਾ ਭੂਸ਼ਾ

ਕੇਰਾਂ ਵੇਹੜੇ ਆਲੇਆਂ ਦਾ ਮੁੰਡਾ ਭੂਸ਼ਾ ਚੌਂਕੇ 'ਚ ਆਵਦੀ ਬੇਬੇ ਕੋਲ ਬੈਠਾ ਰੋਟੀ ਖਾਈ ਜਾਏ। ਅੰਨ੍ਹੇ ਦੀ ਹਿੱਕ ਅਰਗੇ ਪੰਜ ਸੱਤ ਮੰਨ ਡੇਲਿਆਂ ਦੇ ਚਾਰ ਨਾਲ ਪਾੜ ਕੇ ਉੱਤੋਂ ਦੀ ਲੱਸੀ ਦਾ ਕੌਲਾ ਡੀਕ ਲਾਕੇ ਸੂਤ ਗਿਆ। ਮੁੱਛਾਂ ਤੇ ਹੱਥ ਹੁੱਥ ਮਾਰਕੇ ਕਹਿੰਦਾ ਬੇਬੇ ਜੇ ਆਪਣੇ ਪਿੰਡ ਆਲਾ ਸਰਪੈਂਚ ਮਰਜੇ ਫੇਰ ਭਲਾਂ ਸਰਪੰਚ ਕੌਣ ਬਣੂਗਾ? ਬੇਬੇ ਕਹਿੰਦੀ ਫੇਰ ਉਹਦਾ ਭਰਾ ਸਰਪੰਚ ਬਣਜੂ।
ਭੂਸ਼ਾ ਕਹਿੰਦਾ ਬੇਬੇ ਜੇ ਉਹਦਾ ਭਰਾ ਮਰਜੇ ਫੇਰ ਕੌਣ ਬਣੂੰ। ਪਾਥੀ ਭੰਨਕੇ ਬੇਬੇ ਕਹਿੰਦੀ ਫੇਰ ਉਹਦਾ ਮੁੰਡਾ ਸਰਪੰਚ ਬਣਜੂ।
ਭੂਸ਼ੇ ਦਾ ਚਿੱਤ ਨਾ ਟਿਕਿਆ ਫੇਰ ਕਹਿੰਦਾ ਬੇਬੇ ਜੇ ਉਹਦਾ ਮੁੰਡਾ ਮਰ ਗਿਆ ਫੇਰ ਕੌਣ ਬਣੂੰ। ਹਾਰਕੇ ਭੂਸ਼ੇ ਦੀ ਬੇਬੇ ਕਹਿੰਦੀ ਪੁੱਤ ਭਮਾਂ ਸਾਰਾ ਪਿੰਡ ਮਰਜੇ ਪਰ ਤੂੰ ਸਰਪੰਚ ਨਈਂ ਬਣ ਸਕਦਾ। ਏਹ ਗੱਲ ਗਿਆਨੀ ਗੁਰਦਿੱਤ ਸਿੰਘ ਨੇ 'ਮੇਰਾ ਪਿੰਡ' 'ਚ ਲਿਖੀ ਸੀ।
ਏਹੀੌ ਗੱਲ ਅੱਜ ਦੇ ਭੂਸ਼ੇ ਅਰਗੇ ਬੁੱਧੀਜੀਵੀਆਂ ਤੇ ਲਾਗੂ ਹੁੰਦੀ ਆ। ਕੱਤੀ ਮਾਰਚ ਕਰਕੇ ਡੂਢ ਸੌ ਦੀਆਂ ਤਿੰਨਾਂ ਬੋਤਲਾਂ ਆਉਂਦੀਆਂ ਸੀ ਪਰਸੋਂ। ਸਸਤੀ ਲਾਹਣ ਪੀ ਪੀ ਕੇ ਮੁਲਖ ਸੱਥਾਂ , ਫੇਸਬੁੱਕਾਂ ਤੇ ਲੰਮੀਆਂ ਲੰਮੀਆਂ ਸਪੀਚਾਂ ਦੇਦਾਂ ਸਿਆਸਤ ਬਾਰੇ।
ਜਿੱਡੀ ਲੰਮੀ ਪੂਛ ਹੋਊ ਘੋੜਾ ਆਵਦਾ ਈ ਪਿੱਛਾ ਸਵਾਰੂ। ਢੀਡਸੇ ਨੇ ਆਵਦਾ ਮੁੰਡਾ ਮੰਤਰੀ ਬਣਾਲਿਆ, ਮਲੂਕੇ ਨੇ ਆਵਦਾ , ਬਾਦਲ ਨੇ ਸੁੱਖਾ ਮੰਤਰੀ ਬਣਾਤਾ। ਜਿੱਦੇਂ ਥੋਡੇ 'ਚੋਂ ਕੋਈ ਭੂਸ਼ਾ ਮੰਤਰੀ ਬਣ ਗਿਆ ਫੇਰ ਦੱਸਿਓ । ਤਾਂਹੀ ਕਹਿਣੇ ਆਂ ਏਹਨਾਂ ਨੇ ਕੁਛ ਨੀਂ ਦੇਣਾ। ਮੌਸਮ ਚੇਂਜ ਹੋ ਗਿਆ, ਮਲੇਰੀਆ ਨਾ ਕਰਾ ਲਿਓ ਕਿਤੇ ਚੌੜ ਚੌੜ 'ਚ ਗੁਡ ਨੈਟ ਆਲੀ ਧੂਫ ਚਕਰੀ ਸਿਰਹਾਣੇ ਲਾਕੇ ਖੇਸ ਨੱਪ ਲਿਆ ਕਰੋ ਟੈਮ ਨਾ.....ਘੁੱਦਾ

ਪਰਤਿਆਈਆਂ ਬੀਆਂ ਗੱਲਾਂ.....( ਆਫਟਰ ਲੌਂਗ ਟਾਈਮ )

ਪਰਤਿਆਈਆਂ ਬੀਆਂ ਗੱਲਾਂ.....( ਆਫਟਰ ਲੌਂਗ ਟਾਈਮ )
1. ਸਾਡੇ ਆਲੀ ਜੰਤਾ ਸਭ ਤੋਂ ਵੱਧ ਗਾਲ੍ਹਾਂ ਕਾਮੇਡੀਅਨ ਨੂੰ ਕੱਢਦੀ ਆ। ਉਹ ਪੁੱਛ ਕਿਮੇਂ? ਨਾਲੇ ਤਾਂ ਕਾਮੇਡੀ ਸੁਣ ਸੁਣ ਹੱਸੀ ਜਾਣਗੇ ਨਾਲੇ ਆਖਣਗੇ ,"ਆਹ ਮੇਰਾ ਸਾਲਾ ਬਾਹਲੀ ਸਿਰੇ ਲਾਉਂਦਾ" ।
2. ਪੰਜਾਬ 'ਚ ਜੇ ਕਿਸੇ ਦਾ ਮੈਰਜ ਪੈਲਸ ਫੇਲ੍ਹ ਹੋਜੇ ਤਾਂ ਉਹਨੂੰ ਗੋਦਾਮ ਬਣਾ ਦੇਂਦਾ ਨੇ ਤੇ ਜੇ ਕਿਸੇ ਦਾ ਗੋਦਾਮ ਫੇਲ੍ਹ ਹੋਜੇ ਫੇਰ ਸਹੁਰੇ ਘਾਹ ਘੂਹ ਲਾਕੇ , ਅੰਦਰ ਚਾਨਣੀਆਂ ਬੰਨ੍ਹਕੇ ਮੈਰਜ ਪੈਲਸ ਬਣਾ ਦੇਂਦੇ ਨੇ।
3. Gucci, Armani ਅਰਗੇ ਬਰੈਂਡਾਂ ਨੂੰ ਕੰਪਨੀਆਂ ਨੇ ਓਨਾ ਪਰਮੋਟ ਨਈਂ ਕੀਤਾ ਜਿਨ੍ਹਾਂ ਪੰਜਾਬੀ ਗੈਕਾਰਾਂ ਨੇ ਪਰਮੋਟ ਕੀਤਾ । ਹਰਿੱਕ ਗੀਤ 'ਚ ਗੁੱਚੀ, ਅਰਮਾਨੀ ਦਾ ਜ਼ਿਕਰ ਕਰਿਆ ਬਾ ਹੁੰਦਾ।
4. ਕਿਸੇ ਆਏ ਗਏ ਤੋਂ ਮਾਤਾ ਅਰਗੀਆਂ ਨੂੰ ਦੋ ਕੱਪ ਚਾਹ ਬਣਾਉਣ ਖਾਤਰ ਸੁਨੇਹਾ ਲਾਈਦਾ। ਪਰਤਿਆਈ ਗੱਲ ਆ ਚਾਰ ਪੰਜ ਬੰਦਿਆਂ ਜੋਗਰੀ ਚਾਹ ਮੱਲੋ ਮੱਲੀ ਵੱਧ ਬਣਾ ਦੇਂਦੀਆਂ।
5. ਸੱਥ 'ਚ ਖੜ੍ਹੇ ਨਿੱਕੇ ਜਵਾਕ ਦੀ ਗੱਲ੍ਹ ਪੱਟਕੇ ਹਰੇਕ ਬੰਦਾ ਆਹੀ ਸਵਾਲ ਪੁੱਛਦਾ, "ਤੇਰੀ ਮੰਮੀ ਦਾ ਕੀ ਹਾਲ ਆ ਓਏ"।
ਪਿਓ ਦਾ ਹਾਲ ਨੀਂ ਪੁੱਛਦੇ ਕੰਜਦੇ ਜਾਣਕੇ।
6.ਵਿਆਹ ਤੋਂ ਬਾਅਦ ਤਿੰਨ ਚਾਰ ਦਿਨ ਬੰਦਾ ਸੱਥ 'ਚ ਜਾਣੋਂ ਸੰਗਦਾ ਕਿਓਂਕੇ ਮੰਡੀਰ ਪੱਤਰਕਾਰਾਂ ਅੰਗੂ ਬਹੁਤ ਕੱਬੇ ਸਵਾਲ ਪੁੱਛਦੀ ਆ।
7.. ਟੀਬੀ ਤੇ ਆਉਣ ਆਲੇ ਏਜੰਟਾਂ ਰਾਂਹੀ ਜੇਹੜੇ ਮੁੰਡੇ ਬਾਹਰ ਉੱਡ ਜਾਂਦੇ ਨੇ, ਉਹਨ੍ਹਾਂ ਨੂੰ ਕਾਲੀ ਦਲ ਦਾ ਸ਼ੇਰ ਬੱਗਾ ਰਾਮੂਆਲੀਆ ਈ ਮੋੜ ਕੇ ਲਿਆਉਂਦਾ, ਜਗਾੜੀ ਆ ਪੱਟੂ ਸਿਰੇ ਦਾ।
8. ਸ਼ੈਹਰੀ ਬੰਦਾ ਘਰੇ ਰੁੱਸਜੇ ਤਿੰਨ ਦਿਨ ਰੋਟੀ ਨਈਂ ਖਾਦਾਂ। ਆਖੂ ," ਨਹੀਂ ਮੇਰਾ ਮੂਡ ਠੀਕ ਨਹੀਂ ਹੈ, ਮੁਝੇ ਭੂਖ ਨਈਂ"। ਜੂਜੇ ਪਾਸੇ ਪੇਂਡੂ ਬੰਦਾ ਘਰਆਲੀ ਨਾਲ ਰੁੱਸਜੇ ਤਾਂ ਚਾਰ ਰੋਟੀਆਂ ਵੱਧ ਪਾੜਦਾ ਬੀ ਆਪੇ ਆਟਾ ਗੁੰਨ੍ਹਦੀ ਫਿਰੂ ਦਬਾਰੇ....ਘੁੱਦਾ

ਬੇਬੇ

ਰਾਤੀਂ ਸੁੱਤੇ ਪਿਆਂ ਰਾਤ ਇੱਕ ਦੋ ਵਜੇ ਅਾਪਣੇ ਅਰਗੇਆਂ ਦਾ ਕੰਬਲ ਮੰਜੇ ਤੋਂ ਹੇਠਾਂ ਡਿੱਗਾ ਪਿਆ ਹੁੰਦਾ। ਬੇਬੇ ਹੋਣੀਂ ਉੱਠਕੇ ਹੇਠੋਂ ਕੰਬਲ ਚੱਕਕੇ ਉੱਤੇ ਦੇਂਦੇ ਨੇ। ਚੁੱਲ੍ਹੇ ਕੋਲ ਰੋਟੀਆਂ ਪਕਾਉਂਦੀ ਬੇਬੇ ਹਾਕ ਮਾਰ ਕੇ ਕਹਿੰਦੀ ਆ, " ਵੇ ਛਾਬੇ 'ਚੋਂ ਬਾਟੀ ਚੱਕਕੇ ਤੌੜੀ 'ਚੋਂ ਦਾਲ ਪਾਕੇ ਮੇਰੇ ਕੋਲ ਬਹਿਕੇ ਤੱਤੀ ਤੱਤੀ ਰੋਟੀ ਖਾਲਾ ਪਹਿਲਾਂ, ਫੇਰ ਜਿੱਥੇ ਮਰਜ਼ੀ ਕੁੱਤੇ ਭਕਾਉਂਦਾ ਫਿਰੀਂ"।
ਫੁੱਲੀ ਰੋਟੀ ਦੀ ਉੱਤਲੀ ਤਹਿ ਨੂੰ ਪਾੜਕੇ ਵਿੱਚ ਮਖਣੀ ਭਰਕੇ ਖਵਾਉਣ ਆਲੀਆਂ ਬੇਬੇ ਹੋਰੀਂ ਈ ਹੁੰਦੀਆਂ ਨੇ। ਚੜ੍ਹਦੇ ਸਿਆਲ ਬੇਬੇ ਦਾ ਇਹੋ ਬਿਆਨ ਹੁੰਦਾ ," ਵੇ ਰਿੱਛਾ ਜਿਆ ਚਾਰ ਸੇਰ ਘਿਓ ਲੈ ਆ ਕਿਸੇ ਪਾਸਿਓਂ ਤੈਨੂੰ ਪੰਜੀਰੀ ਰਲਾ ਦਿਆਂ"।
ਬੇਬੇ ਦੀਆਂ ਝਿੜਕਾਂ ਦੇ ਵਿੱਚ ਫਿਕਰ ਰਲਿਆ ਹੁੰਦਾ।
ਕਿਤੇ ਘਰੋਂ ਬਾਹਰ ਜਾਣਾ ਹੋਵੇ ਬੇਬੇ ਹੋਣੀਂ ਤਿੰਨ ਚਾਰ ਵਾਰ ਇੱਕੋ ਗੱਲ ਰਪੀਟ ਕਰਦੀਆਂ, "ਵੇ ਛੋਹਰਾ ਬਟੂਆ ਕੁੜਤੇ ਦੀ ਉੱਤਲੀ ਜੇਬ 'ਚ ਪਾਲਾ, ਜੇ ਕਿਸੇ ਕੱਢ ਲਿਆ ਫੇਰ ਝਾਕੇਗਾਂ ਤਾਂਹ ਠਾਂਹ" ।
ਧੀਆਂ ਪੁੱਤ ਕਿੱਡੇ ਈ ਹੋ ਜਾਣ ਬੇਬੇ ਹੋਣਾਂ ਲਈ ਜਵਾਕ ਈ ਹੁੰਦੇ ਨੇ ਤਾਂਹੀਓ ਬਾਹਲੀ ਕਲਪਨਾ ਕਰਦੀਆਂ ਨੇ । ਧੀ ਜੰਮੇ ਤਾਂ ਜਾਪੇ 'ਚ ਪਈ ਬੇਬੇ ਨੂੰ ਈ ਦਾਜ ਦਾ ਫਿਕਰ ਹੋਣ ਲੱਗਦਾ। ਪੱਖੀਆਂ, ਸਿਰਹਾਣੇ, ਚਾਦਰਾਂ, ਚੰਦੇ, ਟਰੰਕਾਂ ਦੇ 'ਛਾੜ ਤੇ ਹੋਰ ਨਿੱਕ ਸੁੱਕ ਕੱਠਾ ਕਰਕੇ ਕੁੜੀ ਦੇ ਵਿਆਹ ਤੱਕ ਬੇਬੇ ਹੋਣੀਂ ਪੇਟੀਆਂ ਭਰ ਲੈਂਦੀਆਂ। ਜੇ ਪੁੱਤ ਜੰਮੇ ਤਾਂ ਬੇਬੇ ਨੂੰ ਨੂੰਹ ਦੇ ਸਿਰੋਂ ਪਾਣੀ ਵਾਰਨ ਦਾ ਚਾਅ ਹੁੰਦਾ।
ਏਹੀ ਬੇਬੇ ਦਾ ਜਵਾਕਾਂ ਨਾਲ ਮੋਹ ਹੁੰਦਾ, ਜਦੋਂ ਕਿਤੇ ਚਾਣ ਚੱਕ ਸੱਟ ਫੇਟ ਵੱਜੇ ਤਾਂ ਮੂੰਹੋਂ ਆਹੀ ਲਫਜ਼ ਨਿੱਕਲਦਾ, "ਹਾਏ ਬੀਬੀਏ"।
ਹਰਮੰਦਰ ਸੈਹਬ ਸਰੋਵਰ ਕੰਢੇ ਪਰਕਰਮਾ 'ਚ ਬਹਿ ਕੇ ਸੁਣੀ ਬਾਣੀ ਵਰਗੇ ਬੇਬੇ ਹੋਣਾਂ ਦੇ ਬੋਲ ਸਦਾ ਗੂੰਜਦੇ ਰਹਿਣ.....ਸਰਬੰਸਦਾਨੀ ਠੰਢ ਵਰਤਾਂਈ.....ਘੁੱਦਾ