Saturday 25 August 2012

ਹੈਪੀ ਇੰਡੀਪੈਨਡਸ ਡੇ


ਜੇਹਨਾਂ ਦਾ ਕੁੜਤਾ ਮੁੜ੍ਹਕੇ ਨਾ ਭਿੱਜ ਢੂਈ ਨਾ ਚੁੰਬੜਿਆ ਹੋਵੇ
ਅੱਡੀਆਂ ਦੀਆਂ ਪਾਟੀਆਂ ਬਿਆਈਆਂ ਰੇਤੇ ਨਾ ਭਰੀਆਂ ਹੋਣ
ਜੇਹਨਾਂ ਕੋ ਸੈਕਲ ਦੇ ਨਮਾਂ ਮਗਰਾੜ ਪਵਾਉਣ ਜੋਗੇ ਪੈਸੇ ਨੀਂ ਹੁੰਦੇ
ਰਾਤਾਂ ਮਸ਼ੂਕ ਦੇ ਗਮ 'ਚ ਤਾਰੇ ਗਿਣਕੇ ਨਹੀਂ
ਸਵਾ ਰੁਪਈਆ ਪ੍ਰਤੀ ਸੈਂਕੜੇ ਦੇ ਵਿਆਜ ਦਾ ਹਸਾਬ ਲਾਕੇ ਲੰਘਦੀਆਂ ਹੋਣ
ਜੇਹੜੇ ਸੱਤਰ ਸਾਲੇ ਹੋਕੇ ਵੀ ਸ਼ਹਿਰ ਰਿਕਸ਼ੇ ਵਾਹੁੰਦੇ ਨੇ
ਜੇਹਨਾਂ ਨੂੰ ਮੱਟੀ 'ਚ ਮੁੱਕੇ ਆਟੇ ਦਾ ਫਿਕਰ ਹੋਵੇ
"ਰੇਨੀ ਸੀਜ਼ਨ" 'ਚ ਚੋਂਦੇ ਕੋਠਿਆਂ ਦੀ ਚਿੰਤਾ ਹੋਵੇ
ਕੁੜੀ ਦੀ ਸ਼ੂਸ਼ਕ ਜੋਗੇ ਪੈਹੇ ਨਾ ਹੋਣ
ਜੇਹਨਾਂ ਤੇ ਬਦਚਲਨ ਦਾ ਠੱਪਾ ਲਾਇਆ ਵਾ
ਘਾਹ ਖੋਤਦੀਆਂ ਵਿਹੜੇ ਦੀਆਂ ਜ਼ਨਾਨੀਆਂ ਨੂੰ
ਪੈਨਸ਼ਨਾਂ ਖਾਤਰ ਲੜਦੇ ਮੈਡਲ ਵਿਜੇਤਾ ਸਾਬਕਾ ਫੌਜੀਆਂ ਨੂੰ
ਈ.ਟੀ ਟੀ ਆਂ ਕਰਕੇ ਟੈਂਕੀਆਂ 'ਤੇ ਚੜ੍ਹਨ ਆਲੇ ਟੀਚਰਾਂ ਨੂੰ
ਸਤਾਈ ਵਰ੍ਹਿਆ ਪਿੱਛੋਂ ਇੰਸਾਫ ਦਾ ਠੂਠਾ ਚੱਕੀ ਫਿਰਦੀ
ਚਿੱਟੇ ਵਾਲਾਂ ਆਲੀ ਸਿੱਖ ਬੀਬੀ ਨੂੰ
ਚੌਰਾਸੀ, ਗੋਧਰਾ, ਉੜੀਸਾ ਕਾਡਾਂ 'ਚ
ਚਿੱਟੀਆਂ ਚੁੰਨੀਆਂ ਨਾ ਸਿਰ ਕੱਜਣ ਆਲੀਆਂ ਨੂੰ
ਫੁੱਟਪਾਥਾਂ ਤੇ ਪੈਕੇ ਗੱਡੀਆਂ ਦੀਆਂ ਤੇਜ਼
ਲੈਟਾਂ ਨਾ ਅੱਖਾਂ ਝਮੱਕਣ ਆਲਿਆਂ ਨੂੰ
ਨਾਲੇ ਜੇਹਨਾਂ ਤੇ "ਸਲੱਮਡਾਗ ਮਿਲੀਏਨਰ" ਅਰਗੀਆਂ ਫਿਲਮਾਂ ਬਣਦੀਆਂ ਨੇ
ਮਾਓ ਦੀ ਚੁੱਕ 'ਚ ਆਕੇ
ਸੰਤਾਲੀਆਂ ਚੱਕੀ ਫਿਰਦੇ ਨੰਗ ਧੜੰਗੇ ਜੇ ਮਾਓਵਾਦੀਆਂ ਨੂੰ
ਰੋਟੀ ਖਾਤਰ ਮੱਧਮ ਰੌਸ਼ਨੀ 'ਚ
ਕੁੱਛੜਲੇ ਜਵਾਕ ਦਾ ਮੂੰਹ ਦੂਜੇ ਪਾਸੇ ਨੂੰ ਕਰਾ
ਨਿੱਤ ਨਮੇਂ ਪਿੰਡੇ ਹੰਢਾਉਣ ਆਲੀਆਂ ਨੂੰ
ਵੇਖੀਂ ਕਿਤੇ ਨਿੱਕਿਆ , ਏਹਨਾਂ ਨੂੰ "ਹੈਪੀ ਇੰਡੀਪੈਨਡਸ ਡੇ" ਨਾ ਕਹਿ ਦੀਂ
ਫੇਰ ਨਾ ਆਖੀਂ ਏਹਨਾਂ ਨੇ ਕੰਨ ਦੀ ਜੜ੍ਹ 'ਚ ਥਪੜਾ ਕਾਹਤੋਂ ਧਰਤਾ....ਘੁੱਦਾ

ਏਹਨਾਂ ਤੋਂ ਬਚਾਈਂ


ਗੁੱਟਾਂ ਤੇ ਥੱਬਾ ਪੱਕੀ ਲਾਲ ਖੰਭਣੀ ਵਲ੍ਹੇਟਣੀ
ਫਰੈਂਡਸ਼ਿਪ ਬੈਂਡ ਜੇ ਪਾਉਣੇ
ਵੀਣੀਆਂ ਤੇ ਮਸ਼ੂਕਾਂ ਦੇ ਨੌਂ ਲਿਖਾਉਣੇ
ਚੀਚੀਆਂ ਦੇ ਨਹੁੰ ਵਧਾਉਣੇਂ
ਚੈਨੀਆਂ ਖੈਣੀਆਂ ਖਾਕੇ ਗੁੜਰੰਗੇ ਦੰਦ ਦਿਖਾਉਣੇ
ਕਫਾਂ ਤੇ ਛਾਤੀ ਕੋਲੋਂ ਗੁਦਾਮ ਖੁੱਲ੍ਹੇ ਰੱਖਣੇ
ਨਾਈ ਨੂੰ ਕਹਿਕੇ ਕਲਮਾਂ ਬਰੀਕ ਕਰਾਉਣੀਆਂ
ਦਾਹੜੀ ਦੀ ਮੱਖੀ ਜੀ ਬਣਾ ਕੇ ਰੱਖਣਾ
ਤੇ ਉੱਤੋਂ ਗਲੇ 'ਚ ਖੰਡਾ ਲਮਕਾਉਣਾ
ਇੱਕ ਕੰਨ 'ਚ ਨੱਤੀ ਪਾਉਣਾ
ਪਿੰਡ ਇੱਚ ਦੀ ਟ੍ਰੈਕਟਰ ਤੇ ਡੈੱਕ ਵਜਾ ਕੇ ਲੰਘਣਾ
ਸੱਥ 'ਚ ਬੈਠੇ ਬਾਬਿਆਂ ਨੂੰ ਬੁਲਾਏ ਬਿਨ੍ਹਾਂ
ਕੰਨ ਤੇ ਫੂਨ ਲਾਕੇ ਟੱਪ ਜਾਣਾ
ਉਂਗਲਾਂ 'ਚ ਨਜ਼ੈਜ਼ ਰਾਸ਼ੀ ਨਗ ਜੇ ਪਾਉਣੇ
ਟਿਕਟ ਤੇ ਲੰਬਰ ਲਿਖਕੇ ਕੁੜੀ ਦੀ ਝੋਲੀ 'ਚ ਸੁੱਟਣਾ
ਪੋਚਮੀਂ ਬੰਨ੍ਹਕੇ ਪਿੰਡ 'ਚ ਦੀ ਗੇੜੇ ਲਾਉਣੇ
ਬਾਰੀ ਬਾਰੀ ਪੱਗ 'ਚ ਬਾਜ ਮਾਰਨਾ
ਸਲੈਂਸਰ ਤੇ ਲਿਖਾਉਣਾ,"ਹਾਏ ਤੱਤਾ"
ਤੇ ਨੰਬਰ ਪਲੇਟ ਤੇ ਲਿਖਾਉਣਾ ," ਨੀਂ A ਤਾਂ O C"
ਜਾਂ ਕਈਆਂ ਦੇ ਲਿਖਿਆ ਹੁੰਦਾ ," A A A ਹੱਸਪੀ"
ਭਾਰੇ ਡੂੰਘੇ ਲਫਜ਼ਾਂ ਨਾ ਕਵਿਤਾਵਾਂ ਲਿਖਣੀਆਂ
ਅਖਬਾਰਾਂ 'ਚੋਂ ਪ੍ਰੇਮੀਜਨਾਂ ਦੀਆਂ ਰਾਸ਼ੀਆਂ ਪੜ੍ਹਨਾਂ
ਬਾਜ਼ਾਂ ਆਲਿਆ ਦੂਰ ਰੱਖੀ ਐਹੋ ਜਿਆਂ ਤੋਂ
ਤੇ ਕਿਤੇ ਸਾਡੇ 'ਚ ਐਹੇ ਜੇ ਲੱਛਣ ਦਿਸੇ ਤਾਂ
ਖਿਦਰਾਣੇ ਦੀ ਢਾਬ ਅੰਗੂ ਵਰਕਾ ਪਾੜੀਂ ਨਾਂ
ਤਹਿ ਕਰਲੀ ਜੇਬ 'ਚ ਪਾਲੀਂ ਸਾਡੇ ਵੰਡੇ ਦਾ ਬੇਦਾਵਾ..ਘੁੱਦਾ

Sunday 19 August 2012

ਕੁੜੀਆਂ ਚਿੜੀਆਂ


ਹੱਸਦੀਆਂ ਵੱਸਦੀਆਂ ਰਹਿਣ
ਜੇਹਨਾਂ ਨੂੰ ਡੇਕਾਂ, ਧਰੇਕਾਂ , ਨੰਨੀਆਂ ਛਾਮਾਂ ਕੁੜੀਆਂ ਕਹਿੰਦੇ ਨੇ
ਰੰਗ ਬਰੰਗੇ ਪਰਾਂਦੇ, ਪਟਿਆਲਾ ਸਲਵਾਰਾਂ, ਜੁੱਤੀਆਂ,
ਸੂਟਾਂ ਨਾਲਦੇ ਮੈਚਿੰਗ ਪਰਸ ਹੋਣ, ਝਾਂਜਰਾਂ, ਜੀਨਾਂ,
ਚੜ੍ਹਦੀਆਂ ਕਲਾ 'ਚ ਰੱਖੀਂ ਦਾਤਿਆ ਏਹਨਾਂ ਨੂੰ
ਫਟਦੇ ਸਟੋਵ, ਧਰਨਿਆਂ ਲਾਉਂਦੀਆਂ, ਪਾਣੀ ਦੀਆਂ ਬੁਛਾੜਾਂ
ਨਾ ਆਉਣ ਕਦੇ ਐਹੇ ਜੀਆਂ ਖਬਰਾਂ
ਤੀਆਂ, ਤ੍ਰਿੰਝਣ, ਗਿੱਧੇ , ਤੇ ਕਿੱਕਲੀਆਂ ਪੈਂਦੀਆਂ ਰਹਿਣ
ਬੰਨ੍ਹਦੀਆਂ ਰਹਿਣ ਰੱਖੜੀਆਂ ਤੇ ਗੁੰਦ ਦੀਆਂ ਰਹਿਣ ਵਾਗਾਂ
ਵੇਖੀਂ ਕਿਤੇ ਮੱਲੋ ਮੱਲੀ ਖੇੜਿਆਂ ਨਾ ਨਾਂ ਤੋਰੀਂ ਏਹਨਾਂ ਨੂੰ ਦਾਤਿਆ
ਚੂਰੀਆਂ, ਬੇਲੇ, ਪਯਾਰ ਮੁਹੱਬਤ ਦੇ ਕਿੱਸੇ ਚਲਦੇ ਰਹਿਣ
ਤਾਂਹੀ ਉੱਠਣ ਗੇ ਨਮੇਂ ਵਾਰਸ਼ ਸ਼ਾਹ ਹੋਣੀਂ
ਵੇਖੀਂ ਹੋਸਟਲਾਂ, ਪੀ.ਜੀਆਂ ਕਰਕੇ ਨਿਰਮੋਹੀਆਂ ਨਾ ਹੋ ਜਾਣ ਕਿਤੇ
ਪਿਓ ਗਲ ਲੱਗਕੇ ਰੋਂਦੀਆਂ ਰਹਿਣ ਡੋਲੀ ਚੜ੍ਹਦੀਆਂ
ਪਾਉਂਦੀਆਂ ਰਹਿਣ ਧਾਰੀ ਬੰਨ੍ਹ ਸੁਰਮਾ
ਘੁਕਦੀਆਂ ਰਹਿਣ ਲੱਕ 'ਦਾਲੇ ਲੰਮੀਆਂ ਗੁੱਤਾਂ
ਬੱਡੀਆਂ ਕਾਰਾਂ, ਸੁਪਨੇ, ਮੁੰਦੀਆਂ, ਸਭ ਸ਼ੌਕ ਪੁਗਾਂਈ ਦਾਤਿਆ
ਮੈਲੀਆਂ ਅੱਖਾਂ ਤੋਂ ਬਚਾਈਂ ਏਹਨਾਂ ਨੂੰ
ਸਾਫ ਸੁਥਰੀਆਂ ਬਿਨ੍ਹਾਂ ਦਾਗੋਂ ਉੱਡਦੀਆਂ ਰਹਿਣ ਚੁੰਨੀਆਂ
ਵੇਖੀਂ ਕਿਤੇ "ਲਾਲ ਬੱਤੀ" ਨਾਵਲ ਦੀਆਂ ਪਾਤਰਾਂ ਨਾ ਬਣਾਈਂ ਏਹਨਾਂ ਨੂੰ
ਦੂਰ ਰੱਖੀਂ ਦੇਵਕੀ ਮੌਸੀਆਂ ਤੋਂ
ਦਿੱਲੀ ਦੀਆਂ ਜੇ ਬੀ ਰੋਡਾਂ ਦੀ ਵਾਅ ਨਾ ਲੱਗੇ ਏਹਨਾਂ ਨੂੰ
ਕੱਲੀ ਰੋਟੀ ਖਾਤਰ ਸਟੇਜਾਂ ਤੇ ਨਾਂ ਚੜ੍ਹਾਈਂ ਏਹਨਾਂ ਨੂੰ
ਸਕੂਲ ਦੇ ਸੈਕਲ ਤੋਂ ਲੈ ਜ਼ਹਾਜ਼ਾਂ ਤਾਂਈ ਉੱਡਦੀਆਂ ਰਹਿਣ
ਰਾਗਟਾਂ ਅੰਗੂ ਚੜ੍ਹਦੀਆਂ ਰਹਿਣ ਸੁਨੀਤਾ ਵਿਲਿਅਮਜ਼ ਬਣਕੇ
ਲਾਲ ਰੀਬਨਾਂ ਤੋਂ ਲੈ ਲਾਲ ਸੰਦੂਰ ਨਾ ਸ਼ਿੰਗਾਰੀ ਰੱਖੀਂ ਸਿਰਾਂ ਨੂੰ
ਮੈਡਲਾਂ ਚੁੰਮਦੀਆਂ ਦੀਆਂ ਫੋਟੇ ਛਪੇ, ਨਕਾਬਪੋਸ਼ਾਂ ਦੀਆਂ ਨੀਂ
ਬਸ ਚੜ੍ਹਦੀਆ ਕਲਾ 'ਚ ਰੱਖੀਂ ਬਾਜ਼ਾਂ ਆਲਿਆ
ਤੇ ਆਸਾ ਦੀ ਵਾਰ 'ਚੋਂ ਪੜ੍ਹਕੇ ਉਦਾਹਰਨ ਦੇਂਦਾ ਰਹੇ ਪਾਠੀ ਸਿੰਘ
"ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ"....ਘੁੱਦਾ

Saturday 11 August 2012

ਖਬਰਾਂ ਸੁਣਾਂਈ ਪੁੱਤ ਨਿੱਕਿਆ


ਹਿੰਦੀ ਮੀਡੀਆ ਕਰਦਾ ਟਿੱਚਰਾਂ ਫੌਜਾ ਸਿੰਘ "ਬੁੱਢੇ ਚੋਬਰ" ਨੂੰ,
ਜੇ ਭਾਰ ਝੱਲਦੀਆਂ ਲੱਤਾਂ ਤਾਂ ਮਾੜਾ ਜਾ ਭੱਜਕੇ ਵੇਖੋ ਬਰੋਬਰ ਨੂੰ
ਮੁੱਦਤਾਂ ਤਾਂਈ ਜਿਉਦਾਂ ਰਹਿਣਾ ਨੌਂ ਸਦਾ ਦਾਰਾ ਸਿਹੁੰ ਭਲਵਾਨ ਦਾ
ਗੋਲਡ ਮੈਡਲ ਤੱਕ ਨੀਂ ਪੁੱਜਾ ਕੋਈ ਖਿਡਾਰੀ ਐਸ ਦੇਸ਼ ਮਹਾਨ ਦਾ
ਕਿਰਕਿਟ ਪੈਗੀ ਭਾਰੂ ਸੁਣਿਆ ਹਾਕੀ ਵੀ ਹੁਣ ਸਾਹ ਔਖੇ ਲੈਂਦੀ ਆ
ਖਬਰਾਂ ਪੜ੍ਹਕੇ ਸੁਣਾਂਈ ਪੁੱਤ ਨਿੱਕਿਆ ਦੁਨੀਆਂ ਕੀ ਕਹਿੰਦੀ ਆ

ਪਹਿਲੇ ਸਫੇ ਤੇ ਬੱਡੀ ਸਾਰੀ ਲੱਗੀ ਫੋਟੂ ਤਾਇਆ ਅੰਨਾ ਹਜ਼ਾਰੇ ਦੀ
ਫੇਰ ਜੂਸ ਜਾ ਪੀ ਕੇ ਚੱਕ ਗੱਲ ਨਬੇੜਤੀ ਮਰਨ ਦੇ ਵਰਤਾਰੇ ਦੀ
ਰਾਸ਼ਟਰਪਤੀ ਦੇ ਅਹੁਦੇ ਐਂਤਕੀ ਬੀਬੀ ਦੀ ਥੌਂ ਬੰਦੇ ਨੂੰ ਲਾ ਦਿੱਤਾ
ਨਿੱਤ ਠਾਹ ਠਾਹ ਬੰਬ ਧਮਾਕੇ ਥਾਂ ਥਾਂ ਚੱਕ ਮੁਲਖ ਹਿਲਾ ਦਿੱਤਾ
ਰੇਲ ਗੱਡੀ ਨੂੰ ਲੱਗੀਆਂ ਅੱਗਾਂ ਮਰਿਆਂ ਨੂੰ ਸਰਕਾਰ ਗ੍ਰਾਟਾਂ ਦਿੰਦੀ ਆ
ਖਬਰਾਂ ਪੜ੍ਹਕੇ ਸੁਣਾਂਈ ਪੁੱਤ ਨਿੱਕਿਆ ਦੁਨੀਆਂ ਕੀ ਕਹਿੰਦੀ ਆ

ਨਮਾਂ ਮੁੱਦਾ ਜਾ ਭਾਰੂ ਤਾਇਆ ਜੀਹਨੂੰ ਪਾਹੜੇ "ਰੈਗਿੰਗ" ਕਹਿੰਦੇ ਨੇ
ਵਿੱਚ ਹੋਸਟਲੀ ਵੱਡੇ ਮੁੰਡੇ ਨਿੱਕਿਆਂ ਦੀਆਂ ਨੀਕਰਾਂ ਲਾਹ ਲੈਂਦੇ ਨੇ
ਪਿਛੇ ਜੇ ਫਾਹਾ ਲੈ ਲਿਆ ਤਾਇਆ ਇੱਕ ਬਾਰਾਂ ਸਾਲਾਂ ਦੇ ਜਵਾਕ ਨੇ
ਤਲਾਕੋ ਤਲਾਕੀ ਦੀਆਂ ਖਬਰਾਂ ਨਿੱਤ ਕਚੈਹਰੀ ਟੁੱਟ ਦੇ ਸਾਕ ਨੇ
ਭਾਈ ਭਾਈ ਦੀ ਖੜਕੇ ਏਹਨੂੰ ਕਹਿੰਦੇ ਹਵਾ ਪੱਛੋਂ ਦੀ ਵਹਿੰਦੀ ਆ
ਖਬਰਾਂ ਪੜ੍ਹਕੇ ਸੁਣਾਂਈ ਪੁੱਤ ਨਿੱਕਿਆ ਦੁਨੀਆਂ ਕੀ ਕਹਿੰਦੀ ਆ

ਪੰਜ ਸਾਲਾ ਬੱਚੀ ਨਾ ਜਬਰ ਜਨਾਹ ਸੁਣੀਂ ਕਰੜਾ ਕਰਕੇ ਜੇਰੇ ਨੂੰ
ਮੈਡੀਕਲ ਸਟੋਰਾਂ ਤੇ ਕਹਿੰਦੇ ਬੜੀਆਂ ਰੌਣਕਾਂ ਰੋਜ਼ ਨਮੇਂ ਸਵੇਰੇ ਨੂੰ
ਪਹਿਲਾਂ ਅੰਗੂ ਖੇਤਪਾਲ ਤੇ ਲਾਲਾਂ ਆਲੇ ਬਾਬਿਆਂ ਦੀ ਚੜ੍ਹਾਈ ਆ
ਚੋਟੀ ਦੇ ਡਮਾਕੀ ਇੱਕ "ਨਿਰਮਲ ਬਾਬੇ" ਦੁਨੀਆਂ ਪਿੱਛੇ ਲਾਈ ਆ
ਡਾਕਟਰਾਂ ਅੰਗੂ ਫੂਨਾਂ ਤੇ ਜੰਤਾ ਬਾਬੇ ਤੋਂ ਅੰਪੂਆਇੰਟਮੈਂਟਾਂ ਲੈਂਦੀ ਆ
ਖਬਰਾਂ ਪੜ੍ਹਕੇ ਸੁਣਾਂਈ ਪੁੱਤ ਨਿੱਕਿਆ ਦੁਨੀਆਂ ਕੀ ਕਹਿੰਦੀ ਆ

ਤਾਇਆ ਵਿਚਾਲੇ ਪੜਦੇ ਜੇ ਨਾ ਛਾਪੀ ਫੋਟੋ ਕਿਸੇ ਜੱਟ ਨਿਰਾਸ਼ ਦੀ
ਮੂੰਹ 'ਚੋਂ ਨਿੱਕਲੀ ਝੱਗ ਤੇ ਕੋਲੇ ਪਈ ਆ ਇੱਕ ਗੋਲੀ ਸਲਫਾਸ ਦੀ
ਲਾਲ ਸਲਾਮ ਤੇ "ਭਾਕਿਯੂ" ਦੇ ਝੰਡੇ ਫੋਟੋ ਧਰਨੇ ਆਲੇ ਕਿਸਾਨਾਂ ਦੀ
ਤਾਇਆ 'ਖਾੜੇ ਅੰਗੂ ਹੁੰਦੀ ਬੁਕਿੰਗ ਅੱਜਕੱਲ੍ਹ ਧਰਮਕੀ ਦੀਵਾਨਾਂ ਦੀ
ਗੁਰੂ ਗ੍ਰੰਥ ਦੀਆਂ ਸੜਦੀਆਂ ਬੀੜਾਂ ਦੀ ਖਬਰ ਆਉਂਦੀ ਰਹਿੰਦੀ ਆ
ਪੜ੍ਹਕੇ ਸੁਣਾਈਂ ਖਬਰਾਂ ਪੁੱਤ ਨਿੱਕਿਆ ਦੁਨੀਆਂ ਕੀ ਕਹਿੰਦੀ ਆ

ਲੈ ਜਾਂਦੀ ਆਰੀ ਸੁਣਲਾ ਤਾਇਆ ਹੁਣ ਖਬਰਾਂ ਫਿਲਮੀਂ ਸੰਸਾਰ ਦੀਆਂ
ਕੈਮਰਾ ਨੇੜੇ ਲਾਕੇ ਦਿਖਾਉਂਦੇ ਅਗਲੇ ਜਾਣਕੇ ਛਾਤੀਆਂ ਨਾਰ ਦੀਆਂ
ਪਹਿਲਾਂ ਅੰਗੂ "ਜੱਟ" ਸ਼ਬਦ ਦੀ ਫਿਲਮਾਂ ਇੱਚ ਹੁਣ ਫੇਰ ਚੜ੍ਹਾਈ ਆ
"ਜੱਟ ਜੁਲਟ" ਦਲਜੀਤ ਦੀ ਪਿੱਛੋਂ ਨਮੀਂ "ਕੈਰੀ ਜੱਟਾ" ਆਈ ਆ
ਜਨਰੇਸ਼ਨ ਗੈਪ ਜੇ ਕਰਕੇ "ਘੁੱਦਿਆ" ਸੋਚ ਬਦਲਦੀ ਰਹਿੰਦੀ ਆ
ਪੜ੍ਹਕੇ ਸੁਣਾਈਂ ਖਬਰਾਂ ਪੁੱਤ ਨਿੱਕਿਆ ਦੁਨੀਆਂ ਕੀ ਕਹਿੰਦੀ ਆ....ਘੁੱਦਾ

ਨਾਜ਼ਰ ਤੇ ਮਿੰਦੋ


ਸਕੂਲ ਦੇ ਬੋਹੜ ਦੁਆਲੇ ਬਣੇ ਥੜੇ ਕੋਲ ਜਮਾਤ ਲੱਗਦੀ
ਸਿਆਲਾਂ 'ਚ ਧੁੱਪੇ ਤੇ ਗਰਮੀਆਂ 'ਚ ਬੋਹੜ ਛਾਮੇਂ
ਤੜਕੇ ਈ ਜਮਾਤ 'ਚ ਝੋਲੇ 'ਚੋਂ ਬੋਰੀ ਕੱਢ ਨਾਜ਼ਰ ਨੇ ਬਹਿ ਜਾਣਾ
ਨਾਲ ਮਿੰਦੋ ਦੀ ਬੋਰੀ ਜੋਗੀ ਥਾਂ ਮਲੱਕ ਛੱਡਣੀ
ਇੱਕੋ ਦਵਾਤ 'ਚੋਂ ਪਿਸਟਨ ਜੇ ਆਲੇ ਪੈੱਨ ਭਰਨੇ
ਸਲੇਟ ਜੋਗੀ ਸਲੇਟੀ ਰੱਖ ਬਾਕੀ ਨਾਜ਼ਰ ਨੇ ਚੱਬ ਜਾਣੀ
ਮਿੰਦੋ ਨੇ ਫਿਕਰ ਕਰਨਾ ,"ਵੇ ਤੇਰੇ ਢਿੱਡ 'ਚ ਮਾਉਂ ਪੈਣਗੇ"
'ਕੱਠੇ ਮਟੀਆਂ ਤੇ ਲੱਸੀਆਂ ਪਾਉਣ ਜਾਂਦੇ
ਮਾਹਟਰਾਂ ਭੈਣਜੀਆਂ ਖਾਤਰ ਸਾਗ ਤੋੜਨ ਵੀ
ਮਿੰਦੋ ਦੀ ਢਿਆਨੀ ਦੀ ਮਨਸਾ
ਖਾਤਰ ਨਾਜ਼ਰ ਗਾਲੜ੍ਹਾਂ ਮਾਰਦਾ ਰਿਹਾ
ਗੁੱਗੇ ਵੇਲੇ ਆਟੇ ਦੇ ਸੱਪ ਬਣਾ ਕਰੀਰ ਪੂਜਣ ਜਾਂਦੇ
ਕਿੱਕਰ ਦੇ ਮੁੱਢ ਨਾ ਜੋੜੇ ਲਾਹ
ਨਾਜ਼ਰ ਕਿੱਕਰਾਂ 'ਤੋਂ ਤੁੱਕੇ ਤੋੜਦਾ
ਖੱਬੀ ਅੱਖ ਮੀਚਕੇ ਇੱਕੋ ਰੋੜੇ ਨਾ ਬੇਰ ਸਿੱਟਦਾ
ਜਾਮਣਾਂ ਖਾ ਖਾ ਜਾਮਣੀ ਹੋਈ ਜੀਭ ਮਿੰਦੋ ਨੂੰ ਦਿਖਾਉਂਦਾ
ਨਮੇਂ ਕੈਦੇ ਤੇ ਨਾਜ਼ਰ ਮਿੰਦੋ ਤੋਂ ਨੌਂ ਲਿਖਾਉਦਾ
ਤੇ ਕਹਿੰਦਾ, "ਤੇਰੀ ਲਖਾਈ ਬਾਹਲੀ ਸੋਹਣੀ ਆ"
ਸੂਏ ਕੰਢੇ ਹਰੇ ਕਚਾਹ ਘਾਹ ਤੇ ਬੈਠਿਆਂ ਮਿੰਦੋ ਆਖਿਆ ਕਰੇ
" ਹੋਅਅ ਹਜ਼ਾਜ਼ 'ਚ ਉੱਡੂੰਗੀ ਮੈਂ"
ਸਮੇਂ ਦੇ ਬੋਝਲ ਪਹੀਏ ਘੁਕਦੇ ਰਹੇ
ਪੰਜਮੀਂ, ਸੱਤਮੀਂ, ਦਸਮੀਂ ਟੱਪੀ
ਨਾਜ਼ਰ ਦੇ ਦਾਹੜੀ ਨਾ ਆਈ
ਪਰ ਕਬੀਲਦਾਰੀਆਂ ਪਹਿਲੋਂ ਆ ਪਈਆਂ
ਮਿੰਦੋ ਬੱਦਲਾਂ ਇੱਚਦੀ ਹੋਕੇ ਜਾਂਦੇ ਹਜ਼ਾਜ਼ 'ਚ ਬਹਿਗੀ
ਨਾਜ਼ਰ ਸੈਕਲ ਦੇ ਚੱਕਿਆਂ ਤੇ ਲੀਰ ਮਾਰਦਾ ਰਿਹਾ
ਕਿੱਕਰਾਂ ਨੂੰ ਤੁੱਕੇ ਲੱਗਕੇ ਰਹੇ
ਹਨੇਰੀਆਂ ਨਾ ਪੀਲੇ ਫੁੱਲ ਝੜਦੇ ਰਹੇ
ਆਏ ਸਾਲ ਗੁੱਗੇ ਵੇਲੇ ਕਕੀਰਾਂ ਦੀ ਪੂਜਾ ਹੁੰਦੀ ਰਹੀ
ਦਸਮੀਂ ਦੇ ਦਿਨ ਮਟੀਆਂ ਤੇ ਲੱਸੀਆਂ ਪੈਂਦੀਆਂ ਰਹੀਆਂ
ਪਰ ਮਿੰਦੋ ਨਾ ਮੁੜੀ
ਦੋ ਦਹਾਕੀਂ ਮਿੰਦੋ ਦੇ ਆਉਣ ਦੀ ਕਨਸੋਅ ਮਿਲੀ
ਲੰਮੀ ਕਾਰ ਨੇ ਸੱਥ ਕੋਲ ਆ ਬਰੇਕਾਂ ਮਾਰੀਆਂ
ਸ਼ੀਸ਼ਾ ਡਾਊਨ ਹੋਇਆ
ਖੁੱਲ੍ਹੇ ਵਾਲ, ਗੋਰਾ ਨਿਛੋਹ ਰੰਗ, ਲੰਮਾ ਕੋਟ
ਬੱਡੀਆਂ ਐਨਕਾਂ, ਰੂੰ ਦੇ ਫੰਬਿਆਂ ਅਰਗੇ ਹੱਥ
ਬੰਬਲਾਂ ਆਲ਼ੇ ਖੇਸ ਨਾ ਮੜਾਸਾ ਮਾਰ ਮੂੰਹ ਲਕੋ
ਨਾਜ਼ਰ ਹੋਰਾਂ ਨਾ ਨੇੜੇ ਜਾ ਖਲੋਤਾ
ਐਰਕੀਂ ਮਿੰਦੋ ਕਲਚਰ ਤੇ ਡਾਕੂਮੈਂਟਰੀ ਬਣਾਉਣ ਆਈ ਸੀ
ਗਾਲ੍ਹੜਾਂ, ਬੇਰੀਆਂ ,ਜਾਮਣਾਂ, ਕਰੀਰ, ਦਵਾਤਾਂ ,
ਨਾਜ਼ਰ ਦੀਆਂ ਅੱਖਾਂ ਅੱਗੋਂ ਘੁਕਣ ਲੱਗੀਆਂ
ਸੂਏ ਕਿਨਾਰੇ ਜਾ ਨਾਜ਼ਰ ਨੇ ਬੋਤਲ ਨੂੰ ਮੂੰਹ ਲਾਇਆ
ਤੇ ਇੱਕੋ ਸਾਹੇ ਪੀਕੇ ਕਹਿੰਦਾ
"ਨਾਂ ਮਿੰਦੋ ਹੁਣ ਨੀਂ ਮਾਊਂ ਪੈਂਦੇ ਮੇਰੇ ਢਿੱਡ 'ਚ"...ਘੁੱਦਾ

ਸਾਉਣ ਦੇ ਦਿਨ


ਤੀਜੇ ਘਰੇ ਬਣਦੇ ਜਰਦੇ ਆਲੇ ਚੌਲਾਂ ਦੀ
ਹਵਾ ਤੇ ਸਵਾਰ ਹੋਕੇ ਆਉਂਦੀ ਬਾਸ਼ਨਾ
ਪੂੜੇ ਬਣਾਉਣ ਖਾਤਰ ਪਿੱਪਲਾਂ ਦੇ ਪੱਤੇ ਤੋੜਦੇ ਜਵਾਕ
ਬਰਕੈਨ ਦੇ ਪੱਤਿਆਂ 'ਚੋਂ ਲਰਜ਼ਦੇ ਪਾਣੀ ਦੇ ਤੌਂਕੇ
ਕੜਾਹੀ 'ਚ ਛੱਡੇ ਗੁਲਗੁਲਿਆਂ ਦੀ "ਸ਼ ਸ਼ ਸ਼ " ਦੀ ਅਵਾਜ਼
ਕੜਾਹੀ 'ਚ ਪਾਣੀ ਦੇ ਛਿੱਟੇ ਮਾਰਕੇ ਚੈੱਕ ਕਰਨਾ
ਬੀ ਤੇਲ ਠੰਢਾ ਕਿ ਤੱਤਾ
ਗਿੱਟਿਆਂ 'ਤੋਂ ਉੱਚੀਆਂ ਟੰਗੀਆਂ ਵੀਆਂ ਸੁੱਥਣਾਂ
ਕਿੱਲਿਆਂ 'ਦਾਲੇ ਪ੍ਰਕਾਰ ਅੰਗੂ ਘੋਲ ਘਤੇਰੇ ਵਾਹੁੰਦੇ ਪਸ਼ੂ
ਕੋਈ ਟਾਂਮਾਂ ਟਾਮਾਂ ਦੀਹਦਾ ਵਰਾਂਡੇ ਦੀ ਬਾਲਿਆਂ ਆਲ਼ੀ ਛੱਤ
ਤੇ ਬੱਠਲਾਂ ਨਾ ਮਿੱਟੀ ਪਾਉਦਾਂ
ਕਿਸੇ ਦੇ ਸਿਰ 'ਤੇ ਰੱਖਿਆ ਵਾ ਭਿੱਜਣ ਦੇ ਡਰ ਤੋਂ
ਯੂਰੀਆ ਆਲ਼ੇ ਗੱਟੇ ਦਾ ਕੋਣ ਜਾ ਬਣਾਕੇ
ਛੱਪੜ ਬੰਨੀਓਂ ਆਉਦੇ ਬੌਲਦ ਅੰਗੂ ਬੰਨ ਜੀ ਆਲ਼ੇ ਡੱਡੂ
ਕੰਨ ਪਾੜਮੀਂ ਸੁਣਦੀ ਬੀਡਿਆਂ ਦੀ "ਚਿਰਰਰਰ ਚਿਰਰਰ"
ਕੋਈ ਕੋਸਦਾ ਪਿੰਡ ਦੇ ਮਿਸਤਰੀ ਨੂੰ
ਛੱਤ 'ਚੋਂ ਸਿੰਮਿਆ ਪਾਣੀ ਵੇਖਕੇ
ਝੁੱਗੇ ਲਾਹ ਕੇ ਪਿੱਤ ਮਾਰਦੇ "ਹੂਹੂੜੀੜੀ ਉਉਉਏੱ" ਕਰਕੇ
ਪਨਾਲਿਆਂ ਦੀ ਧਾਰ ਹੇਠ ਸਿਰ ਕਰਕੇ ਨੌਂਹਦੇ ਜਵਾਕ
ਸੱਥਾਂ 'ਚ ਹੁੰਦੀਆਂ ਗੱਲਾਂ ਬੀ ਰੋਹੀ
ਬੰਨੀਂ ਵੱਧ ਮੀਂਹ ਆ ਕਿ ਟੇਲਾਂ ਤੇ
ਹਰੇਕ ਦਾ ਏਹੀ ਸਵਾਲ ," ਬਈ ਕੈ ਉਂਗਲਾਂ ਮੀਂਹ ਹੋਉ ਆਹਾ"
ਸਕੂਲਾਂ ਤੋਂ ਨਿਆਣਿਆਂ ਨੂੰ ਲੈਕੇ ਆਉਂਦੇ ਫਿਕਰਮੰਦ ਜੇ ਮਾਪੇ
ਤੇ ਦੱਸਦੇ ਨੇ ," ਬੇਟਾ ਦਿਸ ਇਸ ਰੇਨੀ ਸੀਜ਼ਨ"
ਹੋਅਅ ਪਿੱਛੇ ਆਉਂਦੇ ਨੇ ਪੱਟਾਂ ਤਾਂਈ ਨੀਕਰਾਂ ਚੜ੍ਹਾਈ
ਮੰਗਮੇਂ ਸੈਕਲ ਦੇ ਘੱਟ ਫੂਕ ਆਲੇ ਟੈਰ ਦੀ ਟੂਪ ਮਸਲਦੇ
ਜਾਣਕੇ ਪਾਣੀ ਇੱਚ ਦੀ ਰੇਸਾਂ ਦੇ ਕੇ ਟੱਪਦੇ
ਬਸ ਏਹਨਾਂ ਦੇ ਮੂੰਹੋਂ ਨਿਕਲਦਾ
"ਰੱਬਾ ਰੱਬਾ ਮੀਂਹ ਵਰ੍ਹਾ ਸਾਡੇ ਕੋਠੀ ਦਾਣੇ ਪਾ"...ਘੁੱਦਾ

ਸਿਲੇਬਸ


ਗੱਗੂ ਕੱਟੇ ਤੇ ਮੋਤੀ ਕੁੱਤੇ ਆਲੀ ਕਹਾਣੀ ਪੜ੍ਹ ਦਸਮੀਂ ਤੱਕ ਓਪੜੀਦਾ
ਫੇਰ ਨੱਥੇ, ਜਗਨੇ ਤੇ ਦੀਨੇ ਆਲੇ ਨਾਵਲ ਨਾ ਗਾਟੀ ਪੈਂਦੀ ਆ
ਸ਼ਰਾਰਤਾਂ ਦਾ ਕੁੱਜਾਂ ਜਗਨਾ
ਮਾਪਿਆਂ ਦਾ ਫਿਕਰ ਕਰਨ ਆਲਾ ਜੁੰਮੇਆਰ ਜਾ ਪਾਤਰ ਨੱਥਾ
ਗਰਮ ਖਿਆਲੀ ਵਿਚਾਰਾਂ ਆਲਾ ਦੀਨਾ
ਫੇਰ ਪੰਜਾਬੀ ਗਰਾਮਰ ਵਿਸ਼ੇਸ਼ਣ, ਕਾਰਕ, ਨਾਂਵ, ਪੜਨਾਂਵ
ਅੰਗਰੇਜ਼ੀ ਦੀ ਕਿਤਾਬ 'ਚ ਪਾਏ ਵਏ
ਵਿੱਦਿਆ ਭੜਾਈ ਦੇ ਪੱਤੇ ਨਾਲੇ ਮੋਰ ਪੈਂਖੀ
ਵਰਬ ਦੀਆਂ ਫਾਰਮਾਂ, ਟੈਂਸਸ, ਸਿੰਗਲਰ ਪਲੂਰਰ
ਮੈਡਮ ਆਖਿਆ ਕਰੇ, ਡੱਲ, ਡੱਫਰ ਜਾਂ ਮਾਤਾ ਦਾ ਮਾਲ
ਪੁੱਠੇ ਹੱਥ ਨਾ ਨਲੀ ਪੂੰਝ ਫੇਰ ਡੈੱਸਕ ਤੇ ਬਹਿ ਜਿਆ ਕਰੀਏ
ਹਿੰਦੀ 'ਚ ਪੜ੍ਹਿਆ ਕਰੀਏ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ "ਗੋਦਾਮ"
ਸੁਨੀਤਾ ਮੈਡਮ ਦੇ ਸੈਂਸ ਦੇ ਪੀਰਡ ਦੀ ਚੌਥੀ ਘੈਂਟੀ
" ਪ੍ਰਯੋਗ ਦੁਆਰਾ ਸਿੱਧ ਕਰੋ ਕਿ ਆਕਸੀਜਨ ਅੱਗ ਦੇ ਜਲਣ ਲਈ ਜ਼ਰੂਰੀ ਹੈ"
ਮੋਮਬੱਤੀ ਬਾਲ ਕੇ ਉੱਤੇ ਗਲਾਸ ਮੂਧਾ ਮਾਰਿਆ ਕਰੀਏ,
ਮੋਮਬੱਤੀ ਬੰਦ , ਨਾਲੇ ਮੈਡਮ ਦਾ ਬੀ ਮੂੰਹ ਬੰਦ
"ਵਾਹ ਛੋਟੇ ਤੁਮ ਤੋ ਬਹੁਤ ਇੰਟੈਲੀਜੈਂਟ ਹੋ"
ਭੁੱਖਿਆਂਆਲੀ ਪਿੰਡ ਦਾ ਬਲਜਿੰਦਰ ਮਾਹਟਰ ਸਮਾਜਿਕ ਨੂੰ
ਧਰਤੀਆਂ, ਉਲਕਾ ਪਿੰਡ, ਲਾਵਾ, ਨੀਲ ਨਦੀਆਂ,
ਇਤਿਹਾਸ, ਭੂਗੋਲ, ਨਾਗਰਿਕ ਸ਼ਾਸ਼ਤਰ ਦਾ
ਸਮੂਹਿਕ ਬਲਾਤਕਾਰ ਇੱਕੋ ਪੀਰਡ 'ਚ
ਬਠਿੰਡੇ ਆਲੀ ਮਮਤਾ ਮੈਡਮ ਦਾ ਪੀਰਡ "ਮੈਥ" ਦੀ ਘੈਂਟੀ
BODMAS ਆਲਾ ਫਾਰਮੂਲ਼ਾ, ਸੈਨ , ਥੀਟੇ, ਐਕਸ ਵਾਈਆਂ,ਵਰਗਮੂਲ
ਮੈਡਮ ਦੇ ਬੁੱਲ੍ਹਾਂ 'ਚੋਂ ਨਿਕਲੇ ਚੰਦ ਸ਼ਬਦ "ਨਲੈਕ ਭਰਤੀ ਕੀਤੇ ਆ ਕਲਾਸ 'ਚ"
ਸੇਠਾਂ ਦੀ ਕੁੜੀ ਮੈਡਮ ਪੜ੍ਹਾਇਆ ਕਰੇ ਚੋਣਵਾਂ ਵਿਸ਼ਾ "ਖੇਤੀਬਾੜੀ"
ਤੰਗਲੀ, ਕਹੀ, ਸਰਪੇਅ, ਯੂਰੀਆ, ਗੰਡੋਏ, ਦੀਨ ਬੰਧੂ ਗੋਬਰ ਗੈਸ ਪਲਾਟ
ਮੈਡਮ ਆਖਿਆ ਕਰੇ,
"ਥੋਨੂੰ ਕੀ ਪੜਾਮਾਂ, ਮੈਥੋਂ ਵੱਧ ਤਾਂ ਥੋਨੂੰ ਆਉਂਦਾ"
ਸੱਚਿਓਂ ਸਕੂਲ਼ 'ਚੋਂ ਐਂ ਨਿਕਲਿਆ ਕਰੀਏ
ਜਿਮੇਂ ਮੈਡਮ ਨੂੰ ਪੜ੍ਹਾ ਕੇ ਆਏ ਹੁੰਨੇ ਆਂ...ਘੁੱਦਾ