Saturday 11 August 2012

ਸਿਲੇਬਸ


ਗੱਗੂ ਕੱਟੇ ਤੇ ਮੋਤੀ ਕੁੱਤੇ ਆਲੀ ਕਹਾਣੀ ਪੜ੍ਹ ਦਸਮੀਂ ਤੱਕ ਓਪੜੀਦਾ
ਫੇਰ ਨੱਥੇ, ਜਗਨੇ ਤੇ ਦੀਨੇ ਆਲੇ ਨਾਵਲ ਨਾ ਗਾਟੀ ਪੈਂਦੀ ਆ
ਸ਼ਰਾਰਤਾਂ ਦਾ ਕੁੱਜਾਂ ਜਗਨਾ
ਮਾਪਿਆਂ ਦਾ ਫਿਕਰ ਕਰਨ ਆਲਾ ਜੁੰਮੇਆਰ ਜਾ ਪਾਤਰ ਨੱਥਾ
ਗਰਮ ਖਿਆਲੀ ਵਿਚਾਰਾਂ ਆਲਾ ਦੀਨਾ
ਫੇਰ ਪੰਜਾਬੀ ਗਰਾਮਰ ਵਿਸ਼ੇਸ਼ਣ, ਕਾਰਕ, ਨਾਂਵ, ਪੜਨਾਂਵ
ਅੰਗਰੇਜ਼ੀ ਦੀ ਕਿਤਾਬ 'ਚ ਪਾਏ ਵਏ
ਵਿੱਦਿਆ ਭੜਾਈ ਦੇ ਪੱਤੇ ਨਾਲੇ ਮੋਰ ਪੈਂਖੀ
ਵਰਬ ਦੀਆਂ ਫਾਰਮਾਂ, ਟੈਂਸਸ, ਸਿੰਗਲਰ ਪਲੂਰਰ
ਮੈਡਮ ਆਖਿਆ ਕਰੇ, ਡੱਲ, ਡੱਫਰ ਜਾਂ ਮਾਤਾ ਦਾ ਮਾਲ
ਪੁੱਠੇ ਹੱਥ ਨਾ ਨਲੀ ਪੂੰਝ ਫੇਰ ਡੈੱਸਕ ਤੇ ਬਹਿ ਜਿਆ ਕਰੀਏ
ਹਿੰਦੀ 'ਚ ਪੜ੍ਹਿਆ ਕਰੀਏ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ "ਗੋਦਾਮ"
ਸੁਨੀਤਾ ਮੈਡਮ ਦੇ ਸੈਂਸ ਦੇ ਪੀਰਡ ਦੀ ਚੌਥੀ ਘੈਂਟੀ
" ਪ੍ਰਯੋਗ ਦੁਆਰਾ ਸਿੱਧ ਕਰੋ ਕਿ ਆਕਸੀਜਨ ਅੱਗ ਦੇ ਜਲਣ ਲਈ ਜ਼ਰੂਰੀ ਹੈ"
ਮੋਮਬੱਤੀ ਬਾਲ ਕੇ ਉੱਤੇ ਗਲਾਸ ਮੂਧਾ ਮਾਰਿਆ ਕਰੀਏ,
ਮੋਮਬੱਤੀ ਬੰਦ , ਨਾਲੇ ਮੈਡਮ ਦਾ ਬੀ ਮੂੰਹ ਬੰਦ
"ਵਾਹ ਛੋਟੇ ਤੁਮ ਤੋ ਬਹੁਤ ਇੰਟੈਲੀਜੈਂਟ ਹੋ"
ਭੁੱਖਿਆਂਆਲੀ ਪਿੰਡ ਦਾ ਬਲਜਿੰਦਰ ਮਾਹਟਰ ਸਮਾਜਿਕ ਨੂੰ
ਧਰਤੀਆਂ, ਉਲਕਾ ਪਿੰਡ, ਲਾਵਾ, ਨੀਲ ਨਦੀਆਂ,
ਇਤਿਹਾਸ, ਭੂਗੋਲ, ਨਾਗਰਿਕ ਸ਼ਾਸ਼ਤਰ ਦਾ
ਸਮੂਹਿਕ ਬਲਾਤਕਾਰ ਇੱਕੋ ਪੀਰਡ 'ਚ
ਬਠਿੰਡੇ ਆਲੀ ਮਮਤਾ ਮੈਡਮ ਦਾ ਪੀਰਡ "ਮੈਥ" ਦੀ ਘੈਂਟੀ
BODMAS ਆਲਾ ਫਾਰਮੂਲ਼ਾ, ਸੈਨ , ਥੀਟੇ, ਐਕਸ ਵਾਈਆਂ,ਵਰਗਮੂਲ
ਮੈਡਮ ਦੇ ਬੁੱਲ੍ਹਾਂ 'ਚੋਂ ਨਿਕਲੇ ਚੰਦ ਸ਼ਬਦ "ਨਲੈਕ ਭਰਤੀ ਕੀਤੇ ਆ ਕਲਾਸ 'ਚ"
ਸੇਠਾਂ ਦੀ ਕੁੜੀ ਮੈਡਮ ਪੜ੍ਹਾਇਆ ਕਰੇ ਚੋਣਵਾਂ ਵਿਸ਼ਾ "ਖੇਤੀਬਾੜੀ"
ਤੰਗਲੀ, ਕਹੀ, ਸਰਪੇਅ, ਯੂਰੀਆ, ਗੰਡੋਏ, ਦੀਨ ਬੰਧੂ ਗੋਬਰ ਗੈਸ ਪਲਾਟ
ਮੈਡਮ ਆਖਿਆ ਕਰੇ,
"ਥੋਨੂੰ ਕੀ ਪੜਾਮਾਂ, ਮੈਥੋਂ ਵੱਧ ਤਾਂ ਥੋਨੂੰ ਆਉਂਦਾ"
ਸੱਚਿਓਂ ਸਕੂਲ਼ 'ਚੋਂ ਐਂ ਨਿਕਲਿਆ ਕਰੀਏ
ਜਿਮੇਂ ਮੈਡਮ ਨੂੰ ਪੜ੍ਹਾ ਕੇ ਆਏ ਹੁੰਨੇ ਆਂ...ਘੁੱਦਾ

No comments:

Post a Comment