Sunday 29 July 2012

ਦਾਹੜੀ ਦੇ ਉਲਝੇ ਵਾਲਾਂ ਨੂੰ


ਜਦੋਂ ਕੰਘਾ ਨਾ ਕਦੇ ਨਸੀਬ ਹੋਇਆ ਦਾਹੜੀ ਦੇ ਉਲਝੇ ਵਾਲਾਂ ਨੂੰ
ਢੂਈ ਕਰਲੀ ਕੁੱਬੀ ਚੱਕ ਕਹੀ ਮੋਘੇ ਤਾਂਈ ਰਹੇ ਸਮਾਰਦੇ ਖਾਲਾਂ ਨੂੰ
ਜਦੋਂ ਆਹਣ ਸਮੇਟ ਗਿਆ ਫਸਲਾਂ ਤੇ ਘੁਣ ਲੱਗ ਗਿਆ ਬਾਗਾਂ ਨੂੰ
ਦੁੱਧ ਦੀ ਕਿੱਲਤ ਓਤੋਂ ਗੱਭਣ ਮਹਿੰ ਤੂਅ ਗਈ ਮਾੜੇ ਭਾਗਾਂ ਨੂੰ
ਲਿਮਟ ਬੈਂਕ ਦੀ ਸਿਰ ਟੁੱਟਗੀ ਤਸੀਲੋਂ ਆਡਰ ਆਗੇ ਕੁਰਕੀ ਦੇ
ਤੇਜਾ ਤੋਰੀ ਅੰਗੂ ਬੋਹੜ ਨਾ ਲਮਕੇ ਭੋਗ ਪਾਤੇ ਬਾਣੀ ਧੁਰਕੀ ਦੇ

ਫੇਫੜਿਆਂ ਤੱਕ ਪੁੱਜਕੇ ਦਮਾ ਬਣਗੀ ਧੂੜ ਖੇਤ ਦਿਆਂ ਰਾਹਾਂ ਦੀ
ਗੁਰੂ ਘਰ ਦਾ ਬਾਬਾ ਕੈਂਹਦਾ ਫਲਾਣਾ ਪੂੰਜੀ ਭੋਗ ਗਿਆ ਸਾਹਾਂ ਦੀ
ਦਾਜ ਕੁੜੀ ਦਾ ਬਣਾਉਣ ਖਾਤਰ ਚੱਕ ਟਾਹਲੀ ਵੱਢਤੀ ਦਾਦੇ ਦੀ
ਪੈਲੀ ਦੋ ਕਨਾਲਾਂ ਬੈ ਕਰਤੀ ਗੱਲ ਨਾਂ ਨਿੱਕਿਆ ਨੇਕ ਇਰਾਦੇ ਦੀ
ਚਿੱਟੇ ਪਾਲੇ ਲੀੜੇ ਤੇ ਕੰਨੀਂ ਪਾਲੀਆਂ ਮੁੰਦਰਾਂ ਵਾਂਗ ਨਚਾਰਾਂ ਦੇ
ਪੈਰ ਤੇ ਮਿੱਟੀ ਨਾ ਪੈਣ ਦੇਂਦਾ ਕਹਿੰਦਾ ਬੋਲਟ ਘੁੰਮਦੇ ਯਾਰਾਂ ਦੇ

ਵੰਡ ਸਵਾ ਰੁਪਏ ਦੀ ਸ਼ੱਕਰ ਬੁੜ੍ਹੇ ਸਿਰ ਮਿੱਧਦੇ ਰਹਿਗੇ ਨਾਗਾਂ ਦੇ
ਬਿਨ੍ਹਾਂ ਮਾਲੀਆਂ ਕਾਟੋ ਹੋਰੀਂ ਪਟਵਾਰੀ ਬਣ ਗਏ ਉੱਜੜੇ ਬਾਗਾਂ ਦੇ
ਚੱਕਲੇ ਫੀਤੇ ਪਟਵਾਰੀਆਂ ਛੱਡ ਗੱਲ ਨਬੇੜਤੀਂ ਜ਼ਰੀਬਾਂ ਦੀ
ਚੱਕ ਸ਼ਾਮਲਾਟ ਵਿੱਚ ਪਾਤੀ ਚੱਕਕੇ, ਸੀ ਥਾਂ ਘਰੂ ਗਰੀਬਾਂ ਦੀ
ਵੀਹ ਮਰਲਿਆਂ ਦੀ ਇੱਕ ਕਨਾਲ ਤੇ ਕਿੱਲਾ ਅੱਠ ਕਨਾਲਾਂ ਦਾ
ਛੱਤੀ ਤੇ ਚਾਲੀ ਕਰਮਾਂ ਦੀ ਬਾਹੀ ਹੋਰ ਰੌਲਾ ਨਹੀਂ ਖਾਲਾਂ ਦਾ

ਕਣਕ, ਝੋਨਾ ਤੇ ਨਰਮਾ ਜਾਂ ਬਸ ਧਰਨੇ ਚੌਕਾਂ ਵਿੱਚ ਲਾਉਣੇ ਨੂੰ
ਜਾਂ ਜੂਨ ਕਿਰਸਾਨ ਦੀ ਬਣੀ ਆ ਬਈ ਲੋਕਾਂ ਨੂੰ ਅੰਨ ਖਵਾਉਣੇ ਨੂੰ
ਜੰਮਦੇ ਨੂੰ ਦੇ ਕੇ ਗੁੜ ਦੀ ਗੁੜ੍ਹਤੀ ਫਿਰ ਤੇਰ੍ਹੀਂ ਸਾਲੀਂ ਹਾਲੀ ਕਢਦੇ ਨੇ
ਕੋਨਮੈਂਟ ਤੋਂ ਡਰਦੇ ਗੌਲਮੈਂਟੀ ਸਕੂਲ 'ਚ ਮਸਾਂ ਦਸਮੀਂ ਈ ਕਰਦੇ ਨੇ
ਜਵਾਕਾਂ ਮੂੰਹੋ ਦੁੱਧ ਖੋਹਕੇ ਦੋਧੀ ਨੂੰ ਪਾ ਆਪ ਫੇਰ ਸੁੱਕੀ ਖਾਂਦੇ ਨੇ
ਓਦੋਂ ਈ ਫਿਕਰ ਮੁੱਕਦੇ "ਘੁੱਦਿਆ" ਜਦੋਂ ਫੁੱਲ ਕੀਰਤਪੁਰ ਜਾਂਦੇ ਨੇ

ਬਹਿ ਕਿੱਕਰ ਦੀ ਛਾਮੇਂ ਜਦੋਂ ਪੋਣਾ ਖੋਲ੍ਹਿਆ ਦੁਪੈਹਰ ਦੀ ਰੋਟੀ ਦਾ
ਦੋ ਫੁਲਕੇ ਉੱਤੇ ਅੰਬ ਦੀ ਫਾੜੀ ਬਸ ਸਿਆਪਾ ਕਿਸਮਤ ਖੋਟੀ ਦਾ
ਤਸੀਲ,ਕਚੈਹਰੀ,ਵਕੀਲ ਤੇ ਬਾਕੀ ਕਈ ਲਾਤੇ ਦੁੱਖ ਬਿਮਾਰੀਆਂ ਨੇ
ਕੌਡੀ ਦੇ ਰੇਡਰ ਨੂੰ ਲਾਲਿਆ ਡਾਹਢਾ ਜੱਫਾ ਹਾਏ ਕਬੀਲਦਾਰੀਆਂ ਨੇ
ਦਾਤੀ ਪੱਲੀ ਰਹਿਗੀ ਪੱਲੇ ਜਾਂ ਵੱਢਣ ਨੂੰ ਰਹਿਗੇ ਟੱਕ ਜਵਾਰਾਂ ਦੇ
ਸਾਥੋਂ ਚੰਗੇ ਕਸਾਬ ਹੋਰੀਂ ਵੀ ਬਣਗੇ ਸਕੇ ਜਵਾਈ ਸਰਕਾਰਾਂ ਦੇ ....ਘੁੱਦਾ

Saturday 28 July 2012

ਸਮ ਪੀਪਲ ਕੈਨ ਨੇਵਰ ਚੇਂਜ



ਕਿਸੇ ਇੰਜਨੀਅਰਿੰਗ ਕਾਲਜ ਤੇ ਏ.ਸੀ ਕੈਂਪਸ 'ਚ ਬੈਠੀ ਹੋਣੀ
ਠੋਡੀ ਦਾ ਭਾਰ ਖੱਬੇ ਹੱਥ ਦੀ ਹਥੇਲੀ ਤੇ ਰੱਖਕੇ
ਲੈਪੀ ਤੇ ਵਾਈ ਫਾਈ ਚਲਦਾ ਹੋਣਾ
ਵੀਣੀ ਤੇ ਲਿਖੇ ਮੇਰੇ ਨੌਂ ਤੇ ਕਾਟੀ
ਮਾਰਕੇ ਕਿਸੇ ਦਾ ਬਰੈੱਸਲੇਟ ਪਾਇਆ ਹੋਣਾ
ਚਿੜੀ ਉੱਡ ਕਾਂ ਉੱਡ ਦੀ ਥੌਂ ਤੇ ਹੋਰ ਖੇਡਾਂ ਹੋਣਗੀਆਂ
ਪੀਚੋ ਬੱਕਰੀ ਦੀ ਥਾਂ ਬਡਮਿੰਟਨ ਖੇਡਦੀ ਹੋਣੀ
ਹੁਣ ਨਮੀਂ ਕਿਤਾਬ ਖੋਲ੍ਹਕੇ ਵਧੇ
ਜੇ ਵਰਕੇ ਨੂੰ ਲੱਕੀ ਨਹੀਂ ਸਮਝਦੀ ਹੋਣੀ
ਭੁੱਲਗੀ ਹੋਣੀ ਮਿੱਟੀ ਤੇ ਛਿੜਕੇ ਪਾਣੀ ਦੀ ਖੁਸ਼ਬੂ
ਗਿਫਟ ਪੈਕਿੰਗ ਦੇ ਕੰਮ ਆਉਂਦੇ
ਹੋਣਗੇ ਗੁੱਤਾਂ ਆਲ਼ੇ ਲਾਲ ਰੀਬਨ
ਮੈਂਹਗੀ ਕਾਰ ਡ੍ਰਾਈਵ ਕਰਦੀ ਭੁੱਲਗੀ ਹੋਣੀ
ਸੈਕਲ ਦੀ ਕੈਂਚੀ ਸਿਖਾਉਣ ਆਲ਼ੇ ਨੂੰ
ਬੱਡੇ ਮਾਲਾਂ 'ਚ ਸ਼ੌਪਿੰਗ ਕਰਦੀ ਰੇਟ ਦੇਖਕੇ ਕਹਿੰਦੀ ਹੋਣੀ ਆ
"ਵਾਓਓਓ......ਓਨਲੀ ਨਾਈਨਟੀਨ ਹੰਡਰਡ"
ਅੱਡੇ ਤੇ ਲਿਖੀ ਸਪ੍ਰੇਅ ਦੀ ਮਸ਼ਹੂਰੀ ਨੀਂ ਪੜ੍ਹਨੋ ਹਟੇ ਅਸੀਂ
" ਲੀਡਰ, ਗੁੱਲੀ ਡੰਡਾ ਗੁੱਲ, ਝਾੜ ਪੂਰਾ ਫੁੱਲ"
ਯੱਗਾਂ ਤੇ ਰੰਗ ਬਰੰਗੇ ਚੌਲ ਖਾਣ ਦੀ ਆਦਤ ਸਾਡੀ
ਛਬੀਲਾਂ ਦਾ ਮਿੱਠਾ ਪਾਣੀ ਪੀ ਪੀ ਅਫਰੇਵਾਂ ਕਰਾਉਣ ਦੀ
ਦਸਮੀਂ ਦੇ ਦਿਨ ਮਟੀ ਤੇ ਲੱਸੀ ਪਾਉਣਾ
ਟਰੈਲੀਆਂ ਦੇ ਡਾਲਿਆਂ ਪਿੱਛੇ ਲਮਕਣ ਦੀ ਆਦਤ
ਮੀਂਹ ਝੜੀ 'ਚ ਯੂਰੀਆ ਦੇ ਗੱਟੇ ਦੀ ਛੱਤਰੀ ਬਣਾਉਣੀ
ਮੁੱਠੀ 'ਚੋਂ ਰੇਤਾ ਕੇਰ ਕੇ ਹਵਾ ਦਾ ਰੁੱਖ ਵੇਖਣਾ
ਬਹੁਕਰ ਦੀਆਂ ਤੀਲਾਂ ਪਾ ਮੋਮੀਜਾਮੇ ਦਾ ਪਤੰਗ ਬਣਾਉਣਾ
ਮਾਤਾ ਤੋਂ ਚੋਰਿਓਂ ਮਸ਼ੀਨ 'ਚੋਂ ਰੀਲਾਂ ਚਾਕੇ ਪਤੰਗ ਚੜ੍ਹਾਉਣਾ
ਕਦੇ ਕਦਾਈਂ ਫੇਹਬੁੱਕ ਤੇ ਫੋਟਮਾਂ ਵੇਖਕੇ ਕਹਿੰਦੀ ਹੋਣੀ ਆ
"ਸਮ ਪੀਪਲ ਕੈਨ ਨੇਵਰ ਚੇਂਜ"..ਘੁੱਦਾ

ਮੀਂਹ ਪਿੱਛੋਂ


ਹੈਂ ਬਾਈ ਜਿਦੇਂ ਕਿਤੇ ਮੀਂਹ ਪੈਜੇ ਫਿਰ ਪਿੰਡਾਂ ਆਲਿਆਂ ਦੀਆਂ ਗੱਲਾ ਫਿਰ ਐਮੇਂ ਹੁੰਦੀਆਂ..
-ਹੈਂ ਬਾਈ ਨਾਥਿਆ ਗੁੱਡੀ ਫੂਕੀ ਕਰਗੀ ਕੰਮ। ਮੈਨੂੰ ਦੀਹਦੀਂ ਅੱਜ ਤਾਂ ਦਸ ਦਸ ਉਂਗਲਾਂ ਮੀਂਹ ਪਾਤਾ ਰੱਬ ਨੇ। ਅੱਗੋਂ ਨਾਥਾ ਅਬਜੈਕਸ਼ਨ ਲਾ ਦੇਂਦਾ ਅਖੇ ਨਾ ਨਾ ਐਨਾ ਕਿੱਥੇ ਮਸੀਂ ਪੰਜ ਪੰਜ ਉਂਗਲਾਂ ਹੋਊ। ਆਹਾ ਉਂਗਲਾਂ ਆਲਾ ਪਤਾ ਨੀਂ ਕਿਹੜਾ ਮੀਟਰ ਆ ਜਰ।
-- ਜੇ ਕਿਤੇ ਮੀਂਹ ਨਾ ਪਵੇ ਮਲਬ ਔੜ ਲੱਗੀ ਹੋਵੇ ਫਿਰ ਊਂਈ ਲਾਂਭੇ ਦੇਂਦੇ ਫਿਰਣਗੇ । ਉਅ ਹੋਰ ਬਾਈ ਬੰਬਰਾ ਮੀਂਹ ਮੂੰਹ ਈ ਪਵਾਦੇ ਕਿਉਂ ਐਨੀ ਗਰਮੀਂ ਕਰਾਈ ਆ। ਬੰਦਾ ਪੁੱਛੇ ਬੀ ਬੰਬਰ ਕਿਹੜਾ ਇੰਦਰ ਦੇਵਤੇ ਦਾ ਪੀ ਏ ਲੱਗਿਆ ਬੀ ਸਫਾਰਸ਼ ਲਾਦੂ
---ਮੀਂਹ ਪੈਂਦੇ ਚ ਚੰਦਭਾਨ ਆਲੀ ਭੂਆ ਨੂੰ ਫੂਨ ਲਾਉਣਗੇ ,"ਭੂਆ ਸੋਡੇ ਬੰਨੀਂ ਮੀਂਹ ਕਿਮੇਂ ਆ" ਭੂਆ ਬੋਲਦੀ ਆ ਅੱਗੋਂ ਬੇ ਬਾਧੂ ਮੀਂਹ ਤਾਂ ਪਨਾਲੇ ਚੱਲਪੇ , ਜਵਾਕ ਲੀੜੇ ਲਾਹਕੇ ਪਿੱਤ ਮਾਰੀ ਜਾਂਦੇ ਆ ਬੇ ਗੁੜ ਘੋਲੀਂ ਬੈਠੀ ਆਂ ਮੈਂ ਤਾਂ ਤੇਰਾ ਫੁੱਫੜ ਕੈਂਹਦਾ ਗੁਲਗੁਲੇ ਕੱਢਕੇ ਦੇ। ਮੁੜਕੇ ਐਮੇਂ ਈ ਨਜੈਜ਼ ਠਰਕ ਭੋਰੀ ਜਾਣਗੇ ਬੀ ਭੂਆ ਭੂਆ ਬਣਕੇ ਗੁਲਗਲੇ ਘੱਲਦੇ ਫੂਨ ਵਿੱਚਦੀ ਹੀਹੀਹੀਹੀਹੀ
---ਅੱਛਾ ਐਂ ਦੱਸਣ ਦਾ ਬੀ ਤਰੀਕਾ ਹੋਰੂੰ ਹੁੰਦਾ ਬੀ ਮੀਂਹ ਕਿੰਨਾ ਕ ਪਿਆ
ਜੇ ਮੀਂਹ ਥੋੜਾ ਹੋਵੇ ਫਿਰ ਆਖਣਗੇ ਚਾਦਰ ਭਿਉਂ ਮੀਂਹ ਆ
ਜੇ ਮੀਂਹ ਪੈਜੇ ਬਾਹਲਾ ਫੇਰ ਆਖਣਗੇ ਬੀ ਕਿਆਰੇ ਭਰ ਮੀਂਹ ਆ ਜਰ
ਤੇ ਜੇ ਜਿਆਦੇ ਈ ਮੀਂਹ ਪੈਜੇ ਫ਼ੇਰ ਆਖਣਗੇ ਨਾਥਿਆ ਅੱਜ ਤਾਂ ਭੈਣਦੇਣਾ ਬੱਦਲ ਪਾਟ ਈ ਗਿਆ ਜਰ । ਬੀ ਬੰਦਾ ਪੁੱਛੇ ਬੱਦਲ ਭਮਾਂ ਦੀ ਮੋਮੀਜਾਮਾ ਕੋਈ ਜਰ ਜੇਹੜਾ ਐਂ ਪਾਟਜੂ
ਮੁੜਕੇ ਕਹੀ ਤੇ ਬੱਠਲ ਚਾਕੇ ਚੋਂਦੇ ਕੋਠੇ ਤੇ ਮਿੱਟੀ ਪਾਈ ਜਾਣਗੇ ਨਾਲੇ ਕਹਿਣਗੇ "ਮਾਰਤੇ ਭੈਣ ਦੇ ਬੀਰ ਰੱਬ ਨੇ"..ਘੁੱਦਾ

ਖੱਡੀ ਤਾਣੀ


ਖੱਡੀ ਤਾਣੀ, ਸਿਖਰ ਦੁਪਹਿਰੇ , 'ਚਾਰ ਨਾ ਰੋਟੀ
ਰੌਸ਼ਨਦਾਨ ਦੇ ਟੁੱਟੇ ਸ਼ੀਸ਼ੇ ਦੀ ਪੜਗਾਹ ਲੈਕੇ
ਬੈਠੀ ਘੁੱਗੀ ਦੀ ਡੂੰਘੀ ਜੀ ਸੁਣਦੀ ਘੂੰ ਘੂੰ
ਢਾਣੀ ਆਲਿਆਂ ਦੇ ਘਰੇ ਪੈਂਦੇ ਭੋਗ ਦੀ
ਹਵਾ ਦੇ ਬੁੱਲੇ ਨਾਲ ਉੱਡਕੇ ਆਉਂਦੀ 'ਵਾਜ਼
ਖੇਤਾਂ ਬੰਨੀਂ ਘਾਹ ਖੋਤਦੀਆਂ ਵਿਹੜੇ ਦੀਆਂ ਜਨਾਨੀਆਂ
'ਚੋਂ ਕਿਸੇ ਦੀ ਉੱਡਦੀ ਚੁੰਨੀ ਦੀ ਪੈਂਦੀ ਝਲਕ
ਕੁਲਫੀ ਆਲੇ ਦਾ ਪਾਂਪੂੰ ਸੁਣ ਮਾਵਾਂ ਦੀ ਸੁੱਥਣ ਖਿੱਚਕੇ
ਪੈਹੇ ਮੰਗਣ ਖਾਤਰ ਭੁੰਜੇ ਅੱਡੀਆ ਰਗੜਦੇ ਨਿਆਣੇ
ਅੱਡੇ 'ਤੇ ਭਿੱਜੀ ਬੋਰੀ ਨਾ ਵਲ੍ਹੇਟੇ ਤੌੜੇ 'ਚੋਂ ਗਲਾਸ ਭਰ ਓਕ ਲਾਕੇ
ਪਾਣੀ ਪੀਂਦੀਆਂ ਬੀਬੀਆਂ ਬਿੰਦੇ ਝੱਟੇ ਬੱਸ ਦਾ ਟੈਮ ਪੁੱਛਦੀਆਂ
ਐਕਟਿਵਾ ਤੇ ਮੂੰਹ ਸਿਰ ਵਲ੍ਹੇਟੀ ਜਾਂਦੀਆਂ ਕੁੜੀਆਂ ਨੂੰ ਤਾੜਦੀਆਂ
ਪੱਠੇ ਲੱਦੀ ਆਉਦਾਂ ਕੋਈ ਗੱਡੇ ਤੇ
ਬੈਠਾ ਜਵਾਰ ਦੇ ਟਾਂਡੇ ਚੱਬਦਾ
'ਗਾਲਾ ਪੱਟੀ ਬੈਠੇ ਪਸੂਆਂ ਦੇ ਮੂੰਹ 'ਚੋਂ ਡਿੱਗਦੀ ਝੱਗ
ਤੇ ਅੱਖਾਂ ਦੀ ਰੜਕਦੀ ਨੀਂਦ
ਧੁੱਪ ਆਉਣ ਤੇ ਛਾਂ ਬੰਨੀਂ ਮੰਜਾ ਘੜੀਸਦਾ ਬੋਹੜ ਹੇਠਾਂ ਬੈਠਾ ਬਜ਼ੁਰਗ
ਮਿੱਟੀ ਤੇ ਓੱਕਰੀ ਹੋਈ ਘੜੀਸੇ ਮੰਜੇ ਦੇ ਪਾਵਿਆਂ ਦੀ ਲੀਕ
ਕਾਮਰੇਟ ਦੇ ਚੁਬਾਰੇ 'ਚ ਪੇਪਰਵੇਟ ਹੇਠਾਂ ਦੱਬੇ
ਹਵਾ ਨਾਲ ਹਿੱਲਦੇ ਲੈਨਿਨ ਦੀ ਕਿਤਾਬ ਦੇ ਵਰਕੇ
ਕੋਲੇ ਮੂਧੀ ਪਈ ਐਨਕ ਦੇ ਮੋਟੇ ਸ਼ੀਸ਼ੇ ਦੱਸਦੇ ਨੇ ਕਾਮਰੇਡ ਦੀ ਉਮਰ
ਸਾਹਮਣੀ ਕੰਧ ਤੇ ਲੱਗੀ ਹਵਾ ਨਾ ਉੱਖੜੀ ਭਗਤ ਸਿਹੁੰ ਦੀ ਫੋਟੋ
ਸੜਕ ਤੋਂ ਲੰਘਦੇ ਟਰੈਕਟਰਾਂ ਤੇ ਬੱਜਦੇ ,ਸੁਣਦੇ ਗਾਣੇ
ਹੌਲੀ ਹੌਲੀ ਘਟਦੀ 'ਵਾਜ਼ ਜਿਓਂ ਜਿਓਂ ਦੂਰ ਜਾਂਦੇ ਨੇ
ਐਥੇ ਧੁੱਪ ,ਫਿਰ ਬੱਦਲਾਂ ਅੱਗੇ ਸੂਰਜ ਕਿੱਲੇ ਕੁ ਪੰਧ ਤੇ ਛਾਂ
ਹੁਣੇ ਉੱਠਕੇ ਸੱਥ 'ਚ ਆਏ ਮੱਖਣ ਦੀ ਢੂਈ ਤੇ ਛਪਿਆ
'ਵਾਣ ਦੇ ਮੰਜੇ ਦਾ ਡਜ਼ੈਨ
ਦੋ ਕਿੱਕਰਾਂ ਦੇ ਸੰਨ੍ਹ ਵਿੱਚਦੀ ਦੀਂਹਦਾ
ਗੁਰੂ ਘਰ ਦਾ ਨਿਸ਼ਾਨ ਸਾਬ੍ਹ ਦੇਖਕੇ
ਸੱਥ 'ਚੋਂ ਉੱਠਣ ਲੱਗਾ ਜਥੇਦਾਰ ਨਿਓਂ ਕੇ ਮੱਥਾ ਟੇਕਦਾ
"ਸੁੱਖ ਰੱਖੀਂ ਬਾਜ਼ਾਂ ਆਲ਼ਿਆ"....ਘੁੱਦਾ

ਰੱਬ


ਬੱਸ ਅੱਡੇ ਦੇ ਮੂਤਖਾਣੇ ਦੀ ਸਫਾਈ ਕਰਕੇ
ਲੋਕਾਂ ਤੋਂ ਰੁਪਈਆ ਰੁਪਈਆ ਉਗਰੌਹਣ ਆਲੇ ਲਈ ਉਹੀ ਰੱਬ ਆ
ਡੋਲੂ 'ਚ ਤੇਲ ਪਾਕੇ ਸ਼ਨੀਆਰ ਨੂੰ ਲੋਕਾਂ ਤੋਂ ਪੈਹੇ
ਮੰਗਣ ਆਲੇ ਲਈ ਉਹੀ ਰੱਬ ਆ
ਸੀਵਰੇਜ 'ਚ ਵੜਕੇ ਬਾਲਟੀਆਂ ਨਾਲ
ਗੰਦ ਕੱਢਣ ਆਲੇ ਲਈ ਉਹੀ ਥਾਂ ਰੱਬ ਆ
ਸੈਕਲਾਂ ਆਲੇ ਸੇਮੀ ਖਾਤਰ
ਪੈਂਚਰ ਲਵਾਉਣ ਤੁਰਿਆ ਆਉਂਦਾ ਬੰਦਾ ਈ ਰੱਬ ਆ
ਵਿਹੜੇ ਵਾਲਿਆਂ ਦੀ ਬਚਨੋ ਨੂੰ ਝੋਟੀਆਂ ਖਾਤਰ
ਨੀਰੇ ਦੀ ਪੰਡ ਚਕਾਉਣ ਆਲਾ ਵੀ ਉਹਦੇ ਲਈ ਰੱਬ ਆ
ਓਵਰ ਬਰਿੱਜ ਥੱਲੇ ਠੁਰ ਠੁਰ ਕਰਦੇ ਭਈਏ ਨੂੰ
ਕੰਬਲ ਦੇਣ ਆਲਾ ਈ ਉਹਦੇ ਲਈ ਰੱਬ ਆ
ਮੁੜ੍ਹਕਾ ਪੂੰਝਦੇ ਰਿਕਸ਼ੇ ਆਲੇ ਨੂੰ ਦਿੱਸਿਆ
ਤੁਰਿਆ ਆਉਂਦਾ ਰਾਹਗੀਰ ਵੀ ਉਹਦੇ ਲਈ ਰੱਬ ਆ
ਬੇਸਵਾ ਦੇ ਭੀੜੇ ਕਮਰੇ 'ਚ ਪੈਹਿਆਂ ਖਾਤਰ ਖੇਹ ਖਾਣ
ਆਲਾ ਗਾਹਕ ਵੀ ਉਹਦੇ ਲਈ ਰੱਬ ਆ
ਵਹਿੰਗੀ ਦੇ ਦੋਹੀਂ ਪਾਸੀਂ ਸੱਪ ਚੱਕੀਂ ਫਿਰਦੇ ਜੋਗੀ
ਖਾਤਰ ਉਹੀ ਰੱਬ ਨੇ
ਆਹਾ ਰੱਬ ਕੋਈ 'ਤਾਹਾਂ ਤੋਂ ਨੀਂ ਡਿੱਗਦਾ
ਪੱਥਰਾਂ ਪੁੱਥਰਾਂ 'ਚੋਂ ਕਾਹਨੂੰ ਨਿੱਕਲਦਾ ਏਹੇ
ਫੁੱਲ, ਬੁੱਤ , ਕਿਤਾਬਾਂ ਮਿਥਿਹਾਸ, ਸੈਂਸ
ਅੰਦਰ ਬਾਹਰ ਬੰਦੇ ਦੇ ਕੋਈ ਰੱਬ ਨੀਂ
ਲੁੱਚਪੁਣਾ ਭਰਿਆ ਪਿਆ ਸਾਰੇ ਕਿਤੇ
ਜੰਤਾ ਨੂੰ ਜੁੰਡੋ ਜੁੰਡੀ ਕਰਾਉਣ ਦਾ ਤਰੀਕਾ ਆ ਰੱਬ
ਲੋਕਾਂ ਦੀ ਛਿੱਲ ਲਾਹੁਣ ਦਾ ਤਰੀਕਾ ਆ ਰੱਬ
ਜਿੱਥੋਂ ਆਥਣ ਦੀ ਰੋਟੀ ਦਾ ਜੁਗਾੜ ਹੋਜੇ ਉਹੀ ਥੌਂ ਰੱਬ ਆ....ਘੁੱਦਾ

Friday 6 July 2012

ਮੇਰੀ ਥਾਂਵੇਂ ਮੈਥ ਆਲ਼ੇ ਮਾਸਟਰ ਨੂੰ


ਅੱਧੀ ਛੁੱਟੀ ਵੇਲੇ ਬਾਸ਼ਨਾ ਖਿੱਲਰਦੀ ਰੋਟੀ ਨਾ ਅੰਬ ਦੇ 'ਚਾਰਾਂ ਦੀ
ਤਲੇ ਕਰੇਲਿਆਂ ਨਾਲ ਲਿਆਉਦੀ ਸੀ ਤੂੰ ਵਲੇਟ੍ਹ ਕੇ ਰੋਟੀ ਜਾਰਾਂ ਦੀ
ਤੂੰ ਹੇਠੋਂ ਜਾਮਣਾਂ ਚੁਗਦੀ ਸੀ ਜੋੜੇ ਲਾਹ ਦਰਖਤ ਤੇ ਮੈਂ ਚੜ੍ਹਦਾ ਸੀ
ਛੱਡ ਚੱਪਲਾਂ ਓਮੀਂ ਲਹਿ ਪੈਂਦੇ ਜਦੋਂ ਕੋਈ ਜਾਮਣਾਂ ਤੋੜਨੋ ਲੜਦਾ ਸੀ
ਕਰੀਰਾਂ ਤੋਂ ਡੇਲੇ ਤੋੜਦੇ ਸੀ ਨਾਲੇ ਤੂੰ ਕਿੱਕਰਾਂ ਤੋਂ ਤੁੱਕੇ ਤੁੜਾਉਂਦੀ ਸੀ
ਮੇਰੀ ਥਾਂਵੇਂ ਮੈਥ ਆਲ਼ੇ ਮਾਸਟਰ ਨੂੰ ਤੂੰ ਭਾਹੜੇ ਆਪ ਸੁਣਾਉਂਦੀ ਸੀ

ਜਿਲਤ ਚੜ੍ਹਾਉਂਦੀ ਸੀ ਕਤਾਬਾਂ ਤੇ ਕੱਠੇ ਕਰਕੇ ਪੁਰਾਣੇ ਅਖਬਾਰਾਂ ਨੂੰ
ਮੇਰਾ ਛੁੱਟੀਆਂ ਦਾ ਤੂੰ ਆਪੇ ਕੰਮ ਕਰਦੇਂ ਨਾ ਫਿਕਰ ਹੁੰਦਾ ਸੀ ਜਾਰਾਂ ਨੂੰ
ਝੋਂਪੜੀ ਵਾਹੁੰਦੇ ਵਰਕੇ ਤੇ ਲਿਖਦੇ ਸੁੰਦਰ ਲਿਖਾਈਆਂ ਦੇ ਤੀਹ ਪੇਜ ਕੁੜੇ
ਓਦੂੰ ਥਬਾਕ ਵੀ ਹੁੰਦਾ ਬਾਹਲਾ ਸੀ ਸੱਚੀਂਓ ਕਰਦੇ ਸੀ ਸਾਰੇ ਹੇਜ ਕੁੜੇ
ਗੁੱਸੇ ਹੋਏ ਮਿੱਤਰਾਂ ਨੂੰ ਸੰਤਰੇ ਆਲੀਆਂ ਟੌਫੀਆਂ ਨਾਲ ਮਨਾਉਂਦੀ ਸੀ
ਮੇਰੀ ਥਾਂਵੇਂ ਮੈਥ ਆਲ਼ੇ ਮਾਸਟਰ ਨੂੰ ਤੂੰ ਭਾਹੜੇ ਆਪ ਸੁਣਾਉਂਦੀ ਸੀ

ਬੰਨ੍ਹਕੇ ਦੌਣ ਨਾਲ ਘੋੜੀ ਨੀ ਤੂੰ ਨੱਪ ਨੱਪ ਆਟੇ ਦੇ ਰੁੱਗ ਲਾਉਂਦੀ ਸੀ
ਮੰਜਿਆਂ ਦੇ ਪਾਵਿਆਂ ਤੇ ਬੰਨ੍ਹ ਰੱਸੀਆਂ ਨੀ ਸੇਵੀਆਂ ਸੁੱਕਣੇ ਪਾਉਂਦੀ ਸੀ
ਚੌੜ ਨਾਲ ਕਈ ਆਰੀ ਖੋਲ੍ਹੇ ਸੀ ਗੁੱਤਾਂ ਤੇ ਬਣਾਏ ਰੀਬਨ ਦੇ ਫੁੱਲ ਕੁੜੇ
ਆਪਾਂ ਰਲਕੇ ਜਣ ਮਣ ਗਣ ਗਾਉਂਦੇ ਰਹੇ ਵਾਜ਼ ਚੱਕਕੇ ਪੂਰੀ ਫੁੱਲ ਕੁੜੇ
ਤਿੱਖੜ ਦੁਪੈਹਰੇ ਗਰਮੀ ਦੇ ਨੀ ਤੂੰ ਖੱਡੀਆਂ ਬੁਣ ਬੁਣ ਲੰਘਾਉਂਦੀ ਸੀ
ਮੇਰੀ ਥਾਂਵੇਂ ਮੈਥ ਆਲ਼ੇ ਮਾਸਟਰ ਨੂੰ ਤੂੰ ਭਾਹੜੇ ਆਪ ਸੁਣਾਉਂਦੀ ਸੀ

ਦੂਏ ਪਿੰਡ ਤਾਂਈ ਸੁਣਦੇ ਸੀ ਤੇਰੇ ਵੈਣ ਕੁੜੇ ਜਦੋਂ ਗੁੱਡੀ ਫੂਕਣ ਜਾਂਦੇ ਸੀ
ਕੁਦਰਤੀਓਂ ਈ ਉਦੋਂ ਮੀਂਹ ਪੈ ਜਾਂਦਾ ਚਾਅ ਚੜ੍ਹਦਾ ਗੁਲਗੁਲੇ ਖਾਂਦੇ ਸੀ
ਹਾਲੇ ਤੀਕਰ ਲੱਭਦੇ ਕਿਤਾਬਾਂ 'ਚੋਂ ਤੇਰੀ ਵਿੱਦਿਆ ਮਾਤਾ ਦੇ ਪੱਤੇ ਨੀਂ
ਮੋਰ ਪੈਂਖੀ ਵੀ ਸਾਂਭ ਕੇ ਰੱਖਿਆ ਨੀਂ ਨਾਲੇ ਸਾਂਭੇ ਪੇਪਰਾਂ ਆਲੇ ਗੱਤੇ ਨੀ
ਵਿਆਹ ਸ਼ਾਦੀ ਆਲੇ ਘਰ ਜਾ ਕੇ ਨੀ ਤੂੰ ਬਹੁਤ ਘੋੜੀਆਂ ਗਾਉਂਦੀ ਸੀ
ਮੇਰੀ ਥਾਂਵੇਂ ਮੈਥ ਆਲ਼ੇ ਮਾਸਟਰ ਨੂੰ ਤੂੰ ਭਾਹੜੇ ਆਪ ਸੁਣਾਉਂਦੀ ਸੀ

ਡਿੱਗੀ ਨੂੰ ਚੱਕਿਆ ਕਈ ਆਰੀ ਜਦੋਂ ਕੈਂਚੀ ਸੈਕਲ ਦੀ ਸਿੱਖਦੀ ਸੀ
ਵਿੱਚ ਬਹਿਕੇ ਨੀਂ ਦਰਬਾਜੇ ਦੇ ਤੂੰ ਪੱਖੀਆਂ ਤੇ "ਘੁੱਦਾ" ਲਿਖਦੀ ਸੀ
ਚੜ੍ਹਦੇ ਸਿਆਲ ਚਾਅ ਨਾ ਦਿੱਤਾ ਸੀ ਤੂੰ ਸਵਾਟਰ ਨਾਭੀ ਬੁਣਕੇ ਨੀ
ਡਰਕੇ ਚੂੜੀਆਂ ਥੱਲੇ ਲਕੋ ਲਿਆ ਸੀ ਨੌਂ ਵੀਣੀ ਤੇ ਮੇਰਾ ਖੁਣਕੇ ਨੀਂ
ਜਦੋਂ ਮੁੜਦਾ ਸੀ ਚੱਕੀਓਂ ਪੀਹਣ ਪਿਹਾ ਤੂੰ ਫੱਟ ਬੂਹੇ ਤੇ ਆਉਂਦੀ ਸੀ
ਮੇਰੀ ਥਾਂਵੇਂ ਮੈਥ ਆਲ਼ੇ ਮਾਸਟਰ ਨੂੰ ਤੂੰ ਭਾਹੜੇ ਆਪ ਸੁਣਾਉਂਦੀ ਸੀ .....ਘੁੱਦਾ

ਨਮੀਆਂ ਖਬਰਾਂ


ਹੈਂ ਬਈ ਜਦੋਂ ਕਿਤੇ ਮੀਂਹ ਬਿਨ੍ਹਾਂ ਝੋਨਾ ਸੁੱਕਦਾ, ਨਰਮੇ ਨੂੰ ਮਿਲੀਬੱਗ ਪੈਦਾਂ ਜਾਂ
ਹੋਰ ਦੁੱਖ ਸੁੱਖ ਹੁੰਦਾ ਤਾਂ ਆਪਣੇ ਆਲ਼ੀ ਜੰਤਾ 'ਤਾਂਹਾਂ ਨੂੰ ਮੂੰਹ ਚਾਕੇ ਹੱਥ ਜੋੜਕੇ ਆਖਿਆ
ਕਰੇ ਲੀਲੀ ਛੱਤ ਆਲਿਆ ਤੂੰਹੀ ਆ। ਮਲਬ ਬੀ ਆਪਾਂ ਤਾਂ ਐਂਈ ਸਮਝਦੇ ਸੀ ਬੀ ਜਿਹੜਾ ਕੁਸ ਲੀਲਾ ਕਾਲਾ ਜਾ 'ਤਾਂਹਾ ਦੀਂਹਦਾ ਏਹੀ ਰੱਬ ਆ। ਰੱਬ ਤਾਂ ਕੱਲ੍ਹ ਵਿਗਿਆਨੀਆਂ ਨੇ ਲੱਭਿਆ ਭਰਾਵਾ ਮਸ਼ੀਨਾਂ ਨਾ ਸਵਿਟਜ਼ਰਲੈਂਡ ਕੋਲੇ ਲੁਕਿਆ ਬੈਠਾ ਸੀ
ਸੱਚਿਓਂ ਸਦੀ ਦੀ ਵੱਡੀ ਖਬਰ ਆ ਆਹਤਾ..ਐਸ ਸਾਬ੍ਹ ਨਾ ਆਉਦੇਂ ਸਮੇਂ 'ਚ ਐਹੋ ਜੀਆਂ ਖਬਰਾਂ ਆਉਣਗੀਆਂ

--ਚੀਨੀ ਲੋਕਾਂ ਦੀਆਂ ਅੱਖਾਂ ਚੱਜ ਨਾਲ ਖੋਲ੍ਹਣ ਦਾ ਸਫਲ ਅਪ੍ਰੇਸ਼ਨ
---ਮਾਉਂਟ ਐਬਰੈਸਟ ਤੇ ਗੁੱਲੀ ਡੰਡਾ ਖੇਡਦੇ ਜਵਾਕਾਂ 'ਚੋਂ ਇੱਕ ਜਖ਼ਮੀ
---ਤਾਜ ਮੈਹਲ 'ਚ ਸ਼ਾਹ ਜਹਾਂ ਦੀ ਬੇਗਮ ਮੁਮਤਾਜ ਦੇ ਜਿੰਦਾ ਹੋਣ ਦੇ ਸਬੂਤ ਮਿਲੇ
----ਔਰਤਾਂ ਦੀ ਥਾਂ ਬੰਦੇ ਤੋਂ ਜਵਾਕ ਪੈਦਾ ਕਰਾਉਣ 'ਚ ਵਿਗਿਆਨੀ ਸਫਲ
----ਸ੍ਰੀ ਰਾਮੂ ਜੀ ਪੰਜਾਬ ਦੇ ਅਗਲੇ ਮੁੱਖ ਮੰਤਰੀ ( ਝੋਨਾ ਲਾਉਣ ਤੋਂ ਮੁੱਖ ਮੰਤਰੀ ਬਨਣ ਤੱਕ ਦਾ ਸਫਰ)
----ਆਈਫਲ ਟਾਵਰ ਤੇ ਡੰਡਾ ਟੁੱਕ ਖੇਡਣ ਤੇ ਪਾਬੰਦੀ
----ਨੜਿੱਨਵੇਂ ਭਰਾਵਾਂ ਦਾ ਕਤਲ ਕਰਕੇ ਗੱਦੀ ਤੇ ਬੈਠੇ ਰਾਜੇ ਅਸ਼ੋਕ ਦੀ ਗ੍ਰਿਫਤਾਰੀ ਦੇ ਵਰੰਟ ਜਾਰੀ
----ਪਿੰਡ ਘੁੱਦਾ 'ਚ ਜਵਾਕਾਂ ਨੇ ਗਾਟੀ ਪਾਕੇ ਮਿਗ-125 ਜ਼ਹਾਜ਼ ਛੱਪੜ 'ਚ ਸੁੱਟਿਆ
----ਲਾਲ ਕਿਲ੍ਹੇ ਦੀ ਇਮਾਰਤ ਬਣਾਉਣ ਵੇਲੇ ਵੀ ਹੋਇਆ ਸੀ ਬੱਡਾ ਘਪਲਾ..ਮਹਿਮੂਦ ਗਜ਼ਨਵੀ ਤੇ ਮੁਹੰਮਦ ਗੌਰੀ
ਅਰਗਿਆਂ ਖਲਾਫ ਦੋਸ਼ ਆਇਦ ਪੰਜ ਦਿਨਾਂ ਪੁਲਸ ਰਿਮਾਂਡ ਤੇ ਜੇਲ਼੍ਹ 'ਚ ਬੰਦ
-----ਐਬਟਾਬਾਦ 'ਚ ਮਾਰਿਆ ਗਿਆ ਲਾਦੇਨ ਨਕਲੀ ਸੀ--ਬਰਾਕ ਓਬਾਮਾ
ਬਾਕੀ ਦੀਆਂ ਖਬਰਾਂ ਕਮੱਰਸ਼ੀਅਲ ਬਰੇਕ ਤੋਂ ਬਾਅਦ..ਘੁੱਦਾ

Sunday 1 July 2012

ਨਾਂ ਫਿਰ ਵੀ ਪੰਜਾਬ ਦਾ ਪੰਜਾਬ ਰਹੂ


ਰੱਤ ਹੋਰ ਨਾ ਡੁੱਲ੍ਹੇ ਜ਼ਮੀਨ ਉੱਤੇ ਰੰਗ ਫਿੱਕੇ ਨਾ ਪੈਣ ਕਦੇ ਮਹਿੰਦੀਆਂ ਦੇ
ਚਿੱਟੇ ਰੰਗ ਨਾ ਸੋਹਦੇਂ ਨਾਰਾਂ ਨੂੰ ਛਣਕਾਟੇ ਸੁਨਣ ਵੰਗਾਂ ਖਹਿੰਦੀਆਂ ਦੇ
ਜੋਬਨ ਰੁੱਤੇ ਨਾ ਕੋਈ ਰੰਡਾਪ ਕੱਟੇ ਔਲਾਦੋਂ ਸੱਖਣੀ ਨਾ ਕੋਈ ਕੁੱਖ ਹੋਵੇ
ਫਿਫਰੇ ਉੱਭਰੇ ਦਿਸਣ ਮਾਸ ਵਿੱਚੋਂ ਰੱਬਾ ਐਹੇ ਜੀ ਨਾ ਕਿਧਰੇ ਭੁੱਖ ਹੋਵੇ
ਕਿਤੇ ਧਰਤੀ ਖਾਏ ਤਰੇੜਾਂ ਬਿਨਾਂ ਪਾਣੀਆਂ ਤੋਂ ਕਿਤੇ ਚੱਤੋਪੈਰ ਸਲ੍ਹਾਬ ਰਹੂ
ਭਾਵੇਂ ਰਹਿੰਦਾ ਪਾਣੀ ਵੀ ਵੰਡ ਦਿਓ ਨਾਂ ਫਿਰ ਵੀ ਪੰਜਾਬ ਦਾ ਪੰਜਾਬ ਰਹੂ

ਮੋਹ ਰਹੂ ਹਮੇਸ਼ਾ ਸੱਥਾਂ ਦਾ ਲੱਖ ਫੈਲਣਗੇ ਹੋਰ ਕਲਚਰ ਪੱਬ ਕਲੱਬਾਂ ਦੇ
ਕਿਰਕਿਟ ਕੀ ਮਿੱਤਰਾ ਰੀਸ ਕਰੂ ਨਜ਼ਾਰੇ ਗੁੱਲੀ ਡੰਡੇ ਦੀਆਂ ਗੱਭਾਂ ਦੇ
ਮਨ ਮਰ ਗਿਆ ਭਾਵੇਂ ਦੁਨੀਆਂ ਤੋਂ ਪਰ ਭੁੱਲਦਾ ਨੀਂ ਮੋਹ ਜਮਾਤੀਆਂ ਦਾ
ਓਦੋਂ ਕੁੱਛੜ ਸੀ ਮੈਂ ਬੇਬੇ ਦੇ ਜਦੋਂ ਕੇਰਾਂ ਜੇ ਲਿਆ ਸੀ ਝੂਟਾ ਹਾਥੀਆਂ ਦਾ
ਦੇਖ ਸਪੀਕਰ ਜੋੜ ਕੇ ਲਾਏ ਮੰਜਿਆਂ ਤੇ ਚਾਅ ਚੜ੍ਹਦਾ ਬੇਹਿਸਾਬ ਰਹੂ
ਭਾਵੇਂ ਰਹਿੰਦਾ ਪਾਣੀ ਵੀ ਵੰਡ ਦਿਓ ਨਾਂ ਫਿਰ ਵੀ ਪੰਜਾਬ ਦਾ ਪੰਜਾਬ ਰਹੂ

ਪੰਡ ਬੰਨ੍ਹੀਦੀ ਕਿਮੇਂ ਨਿੱਕਿਆ ਨੀਰੇ ਦੀ ਬੇੜ ਵੱਟਕੇ ਕੱਚੀ ਜਵਾਰ ਦੀ
ਕਿਮੇਂ ਨਿਆਣਾ ਪਾ ਗਾਂ ਚੋਈ ਦੀ ਜਿਹੜੀ ਹੋਵੇ ਛੜਾਂ ਬਾਹਲੀਆਂ ਮਾਰਦੀ
ਸੇਪੀ ਆਲੇ ਬਾਈ ਮਿਸਤਰੀ ਤੋਂ ਕਿਮੇਂ ਟੁੱਟੇ ਮੰਜੇ ਵਿੱਚ ਚੂਲ ਠਕਾਈਦੀ
ਚੁੰਗ ਦੋ ਮੁੱਠੀਆਂ ਲੈਂਦੀ ਬੇਬੇ ਝਿਊਰਾਂ ਦੀ ਭੱਠੀ ਵਿੱਚ ਦਾਣੇ ਭੁਨਾਈ ਦੀ
ਜੱਟ ਸੀਰੀ ਦੀ ਸਾਂਝ ਬੜੀ ਪੁਰਾਣੀ ਇਉਂ ਚੱਲਦਾ ਹਸਾਬ ਕਤਾਬ ਰਹੂ
ਭਾਵੇਂ ਰਹਿੰਦਾ ਪਾਣੀ ਵੀ ਵੰਡ ਦਿਓ ਨਾਂ ਫਿਰ ਵੀ ਪੰਜਾਬ ਦਾ ਪੰਜਾਬ ਰਹੂ

ਹੀਰ ਰਾਂਝੇ ਦਾ ਕਿੱਸਾ ਦੱਸੂ ਆੜੀਆ ਕਿਮੇਂ ਬਣ ਜੋਗੀ ਕੰਨ ਪੜਵਾਈਦੇ
ਸਸਤੀ ਨੀਂ ਮਿਲਦੀ ਯਾਰਾ ਹੀਰ ਦੀ ਚੂਰੀ ਵੱਗ ਬਾਰ੍ਹਾਂ ਸਾਲ ਚਰਾਈਦੇ
ਵੇਖੀਂ ਕਿਮੇਂ ਵਲੈਤੀ ਯਾਰ ਨੂੰ ਲੱਭਦੀ ਸੱਸੀ ਥਲਾਂ ਦੇ ਰੇਤੇ ਲਾਲ ਰੱਤੇ 'ਚੋਂ
ਸੌਂਜੀ ਨਾ ਮਿੱਤਰਾ ਜੰਡ ਦੀ ਛਾਵੇਂ ਨਹੀਂ ਟੁੱਟੇ ਤੀਰ ਲੱਭਣਗੇ ਭੱਤੇ 'ਚੋਂ
ਸੋਹਣੀ ਮਹੀਆਲ ਦੇ ਕਿੱਸੇ ਅੰਦਰ ਸਦਾ ਜਿਓਦਾਂ ਦਰਿਆ ਚਨਾਬ ਰਹੂ
ਭਾਵੇਂ ਰਹਿੰਦਾ ਪਾਣੀ ਵੀ ਵੰਡ ਦਿਓ ਨਾਂ ਫਿਰ ਵੀ ਪੰਜਾਬ ਦਾ ਪੰਜਾਬ ਰਹੂ

ਪੜ੍ਹ ਚਿੱਠੀ ਕਿਸ਼ਨੇ ਭਾਈ ਦੀ ਫੇਰ ਜਿਓਣਾ ਡੋਗਰ ਨੂੰ ਸੋਧਾ ਲਾਉਂਦਾ ਸੀ
ਭੇਸ ਵਟਾ ਬਣ ਸਾਧ ਬੂਬਨਾ ਕਿਮੇਂ ਨੈਣਾ ਦੇਵੀ ਦੇ ਛਤਰ ਚੜ੍ਹਾਉਦਾ ਸੀ
ਸਿਓਂ ਕੇ ਪਾਟਾ ਸਾਲੂ ਦੁੱਲੇ ਭੱਟੀ ਦੱਸੇ ਕਿਮੇਂ ਕੁੜੀਆਂ ਦੀ ਪੱਤ ਬਚਾਈਦੀ
ਚਲਾ ਸੰਗਤ ਪੰਗਤ ਦੀ ਰੀਤ ਬਾਬਾ ਨਾਨਕ ਆਖੇ ਇੱਕੋ ਜਾਤ ਲੋਕਾਈ ਦੀ
ਚਰਖੇ ਆਲੇ ਮੌਸਮੀ ਡੱਡੂ ਨਿਕਲੇ ਚੇਤੇ ਭਗਤ ਸਿਹੁੰ ਦਾ ਇੰਨਕਲਾਬ ਰਹੂ
ਭਾਵੇਂ ਰਹਿੰਦਾ ਪਾਣੀ ਵੀ ਵੰਡ ਦਿਓ ਨਾਂ ਫਿਰ ਵੀ ਪੰਜਾਬ ਦਾ ਪੰਜਾਬ ਰਹੂ

ਔਖਾ ਸਾਂਭਣਾ ਨਮੀਂ ਚੜ੍ਹੀ ਜਵਾਨੀ ਨੂੰ ਤਾਂਹੀ ਗੇੜੇ ਛੇੜੇ ਬਾਹਲੇ ਬੱਜਦੇ ਨੇ
"ਪੰਜਾਬ ਵੱਸਦਾ ਗੁਰਾਂ ਦੇ ਨਾਂ ਉੱਤੇ" ਠੀਕ ਪੂਰਨ ਸਿੰਘ ਹੁਣੀਂ ਦੱਸਦੇ ਨੇ
ਗੱਲ ਚੱਲੂ ਮਾਘੀਆਂ ਬਸਾਖੀਆਂ ਦੀ ਗੇੜ ਚੱਲੂ ਇਉਂ ਸਾਉਣੀ ਹਾੜ੍ਹੀ ਦਾ
ਲਾਲ ਵਹੀਆਂ ਵਿੱਚ ਸਦਾ ਕੈਦ ਰਹਿਣਾ ਕਿੱਸਾ ਜੱਟਾਂ ਸ਼ਾਹਾਂ ਦੀ ਆੜੀ ਦਾ
ਰਾਹਗੀਰਾਂ ਦੀ ਠਾਹਰ ਲਈ "ਘੁੱਦਿਆ" ਸਦਾ ਝੂਲ਼ਦਾ ਨਿਸ਼ਾਨ ਸਾਹਬ ਰਹੂ
ਭਾਵੇਂ ਰਹਿੰਦਾ ਪਾਣੀ ਵੀ ਵੰਡ ਦਿਓ ਨਾਂ ਫਿਰ ਵੀ ਪੰਜਾਬ ਦਾ ਪੰਜਾਬ ਰਹੂ...ਘੁੱਦਾ

ਜੰਤਾ ਦੇ ਖਾਸ ਲੱਛਣ



ਆਪਣੇ ਆਲੀ ਜੰਤਾ ਦੇ ਖਾਸ ਲੱਛਣ ਹੇਠ ਲਿਖੇ ਹਨ
- ਜਦੋਂ ਕੋਈ ਰਿਸ਼ਤੇਦਾਰ ਆਉਦਾਂ ਨਾਲੇ ਤਾਂ ਜੱਫੀ ਪਾ ਕੇ ਮਿਲੀ ਜਾਣਗੇ ਨਾਲੇ ਕਹਿਣਗੇ ਹੋਰ ਫੁੱਫੜਾ "ਆਗੇ"
ਬੰਦਾ ਪੁੱਛੇ ਜੇ ਆਏ ਆ ਤਾਂਹੀ ਮਿਲੀ ਜਾਣੇ ਆ
--ਜੇ ਕੋਈ ਪੁੱਛਲੇ ਬੀ ਥੋਡੇ ਐਂਤਕੀ ਕਣਕ ਕੁਣਕ ਕਿੰਨੀ ਕ ਨਿਕਲੀ ਆ ਤਾਂ ਐਂ ਦੱਸਦੇ ਆ
ਤੂੰ ਸਾਬ੍ਹ ਲਾਲਾ ਬਾਈ ਇੱਕ ਗੇੜਾ ਲਾਕੇ ਓਹ ਟਾਹਲੀ ਤੱਕ ਜਾਕੇ ਕੰਪੈਨ ਦੀ ਟੈਂਕੀ ਭਰਗੀ ਸੀ
ਅਗਲਾ ਕੱਚਾ ਜਾ ਹੁੰਦਾ ਉਂਈ ਕਹਿ ਦੇਂਦਾ ਬਹੁਤ ਆ ਫਿਰ ਤਾਂ ਝਾੜ
---ਸ਼ਹਿਰ ਜਾਕੇ ਮਾਲ 'ਚ ਜਦੋਂ ਵੜਦੇ ਨੇ ਤਾਂ ਓਥੇ ਲੱਗੇ ਫਰਸ਼ ਦੀ ਤਰੀਫ ਕਰਦੇ ਆ
" ਭੈਂ..ਫਰਸ਼ ਵੇਖ ਜਰ ਭਮਾਂ ਦੀ ਭੁੰਜੇ ਧਰਕੇ ਰੋਟੀ ਖਾਲਾ
--ਕਿਸੇ ਮੱਝ ਦੀ ਤਰੀਫ ਐਂ ਕਰਦੇ ਨੇ
"ਭੈਂ,,ਮੱਝ ਤਾਂ ਬਾਈ ਫਲਾਣਿਆਂ ਦੀ ਆ ਉੱਤੇ ਮੰਜਾ ਡਾਹਲਾ ਭਮਾਂ ਦੀ"
--ਬਾਹਲੇ ਤਾਂ ਕਾਰ ਗੱਡੀ ਚਲਾਉਣ ਵੇਲੇ ਇੰਡੀਕੇਟਰ ਜਾ ਜਗਾ ਕੇ ਵੀ ਤਸੱਲੀ ਨੀ ਮੰਨਦੇ
ਸੱਜਾ ਹੱਥ ਜ਼ਰੂਰ ਕੱਢਕੇ ਬਾਹਰ ਹਲਾਉਂਦੇ ਨੇ
---ਜੇ ਕਿਸੇ ਜਵਾਕ ਦੇ ਪੇਪਰਾਂ 'ਚੋਂ ਬਾਹਵਾ ਨੰਬਰ ਆ ਜਾਣ ਤਾਂ ਐਂ ਪੁੱਛਦੇ ਆ
"ਮੇਰਿਆ ਸਾਲਿਆ ਕੀਹਤੋਂ ਦੇਖਕੇ ਕੀਤਾ ਸੀ"
--ਕਿਸੇ ਦਾ ਨਮਾ ਸਕੂਟਰ , ਮੋਟਰਸੈਕਲ ਵੇਖਕੇ ਵਧਾਈਆਂ ਨੀਂ ਦੇਂਦੇ
ਓਤੋਂ ਐਂ ਪੁੱਛਦੇ ਨੇ,,,"ਭੈਣਦੇਣਿਆ ਆਹਾ ਕੀਹਦਾ ਓਏ"
-----ਜੇ ਕਿਤੇ ਭੁੱਲ ਭੁਲੇਖੇ ਸ਼ੈਹਰ ਜਾਕੇ ਲੀੜੇ ਕੱਪੜੇ ਆਲ਼ੀ ਦੁਕਾਨ 'ਚ ਵੜ ਜਾਣ ਤਾਂ ਹੋਰ ਸਿਆਪਾ ਪੈਂਦਾ
ਜਿਹੜੇ ਨਕਲੀ ਜੇ ਬੁੱਤਾਂ ਦੇ ਲੀੜੇ ਪਾਕੇ ਖੜ੍ਹਾਏ ਹੁੰਦੇ ਆ ਉਹਨ੍ਹਾਂ ਨੂੰ ਈ ਵੇਖੀਂ ਜਾਣਗੇ ਨਾਲੇ ਕਹਿਣਗੇ
"ਕਮਾਲ ਆ ਜਰ ਬਸ ਬੋਲਦੇ ਨੀਂ ਉਂ ਤਾਂ ਜਮਾਂ ਈ ਬੰਦਿਆਂ ਅਰਗੇ ਆ"
--ਸ਼ੋ -ਰੂਮਾਂ ਦੇ ਗੇਟਾਂ ਤੇ ਲਿਖੇ PULL ਤੇ PUSH ਨੂੰ ਦੇਖਕੇ ਪੱਕਾ ਉਲਝਦੇ ਆ ਬੀ ਖਿੱਚ ਕੇ ਖੁੱਲੂ ਕੇ ਧੱਕਕੇ
----ਸੜਕ ਤੇ ਜਾਂਦੇ ਟਰੱਕਾਂ ਤੇ ਲਿਖੇ ਸ਼ੇਅਰ ਸ਼ੂਅਰ ਜੇ ਓਦੋਂ ਤੱਕ ਪੜ੍ਹੀ ਜਾਣਗੇ ਜਦੋਂ ਤੀਕ ਟਰੱਕ ਦਿਸਣੋਂ ਨੀਂ ਹੱਟਦਾ
ਗੱਲਾਂ ਤਾਂ ਹੋਰ ਬੀ ਬਾਹਲੀਆਂ ਫੇਰ ਦੱਸੂੰਗਾਂ..ਘੁੱਦਾ