Sunday 30 June 2013

ਸਾਡੀ ਖੇਤੀ

ਕਣਕ ਚੌਲਾਂ ਨਾਲ ਲੱਦੇ 'ਠਾਰਾਂ ਟੈਰੇ ਘੋੜੇ ਚਾਰ ਕ ਕਿ:ਮੀ ਪ੍ਰਤਿ ਲੀਟਰ ਦੀ ਐਬਰੇਜ ਦੇਂਦੇ ਸੜਕਾਂ ਦੀ ਹਿੱਕ ਲਤੜਦੇ ਪੰਜਾਬ ਤੋਂ ਬਾਹਰ ਜਾਂਦੇ ਆਮ ਦੀਂਹਦੇਂ ਨੇ। ਜਦੋਂ ਸੰਘਰੀਏ ਦਾ ਭੁੱਕੜ ਜਾਂ ਬੀਕਾਨੇਰੀ ਕਾਲੀ ਡਲੀ ਅੰਦਰ ਜਾਕੇ ਘੁਲਦੀ ਆ ਓਦੋਂ ਅੱਧਖੜ੍ਹ ਜੀ ਉਮਰ ਦਾ ਡਰੈਬਰ ਮੱਲੋ ਮੱਲੀ ਰੇਸ਼ ਪੈਡਲ ਤੇ ਦਾਬ ਦੇਂਦਾ। ਪੰਜਾਬ ਦਾ ਅੰਨ ਟਰਾਲਿਆਂ ਤੇ ਭਾਰਤ ਦੇ ਹਰਿੱਕ ਹਿੱਸੇ ਪਹੁੰਚਾਇਆ ਜਾਂਦਾ।
ਮੁੱਢਾਂ ਤੋਂ ਪੰਜਾਬ ਅੰਨਦਾਤਾ ਰਿਹਾ। ਪਰ ਅੱਜ ਕੱਲ੍ਹ ਮੁਲਖ ਬਾਹਲਾ ਸਿਆਣਾ ਹੋਗਿਆ , ਕੋਈ ਮਾਂ ਪਿਓ ਨੀਂ ਚਾਹੁੰਦਾ ਬੀ ਸਾਡਾ ਜਬਾਕ ਖੇਤੀ ਕਰੇ। ਹਰੇਕ ਦੇ ਇਹੋ ਵਿਊ ਆ ਬੀ ਖੇਤੀ ਘਾਟੇ ਦਾ ਸੌਦਾ , ਨੀਂਵੇ ਪੱਧਰ ਦਾ ਕੰਮ ਆ। ਗੌਰ ਕਰਿਓ ਪਰਧਾਨ। ਆਪਣਾ ਮੁਲਖ ਦੋ ਬਲਦਾਂ ਆਲੇ ਗੱਡਿਆਂ ਤੋਂ ਵਰਨਾ, ਸਵਿਫਟਾਂ, ਅਨਡੈਬਰਾਂ ਤੇ ਪਹੁੰਚ ਗਿਆ। ਟੈਲਾਂ ਬੱਤਿਆਂ ਆਲੇ ਛੱਤਾਂ ਆਲੇ ਘਰ ਢਾਹਕੇ ਪੱਕੇ ਆਰ.ਸੀ.ਸੀ ਲੈਂਟਰਾਂ ਆਲੇ ਘਰ ਬਣਗੇ
ਜੀਹਨਾਂ ਦੀਆਂ ਨੀਕਰਾਂ ਨੂੰ ਬਟ ਚੜ੍ਹੇ ਰੈਂਹਦੇ ਸੀ ਉਹਨ੍ਹਾਂ ਨੂੰ ਜੌਕੀ ਪਾਉਣ ਦਾ ਵੱਲ ਆ ਗਿਆ। ਪਜਾਮੇਆਂ ਤੋਂ ਬਾਅਦ ਪਲੇਟਦਾਰ ਨੈਰੋ ਫੌਰਮਲ ਪੈਂਟਾਂ ਪਾਉਣ ਦਾ ਹਸਾਬ ਆ ਗਿਆ ਹੁਣ।
ਪੰਜਾਬ ਦੀ ਪਚਾਸੀ ਪਰਸਿੰਟ ਜੰਤਾ ਖੇਤੀ ਕਰਦੀ ਆ। ਏਹ ਸਾਰਾ ਕੁਸ ਖੇਤੀ ਨੀਂ ਈ ਦਿੱਤਾ ਪੰਜਾਬ ਨੂੰ । ਹੋਰ ਵੇਖੋ ਪਰਧਾਨ। ਜੇ ਪੜ੍ਹਿਆ ਲਿਖਿਆ ਮੁੰਡਾ ਖੇਤੀ ਕਰੇ ਤਾਂ ਮੁਲਖ ਟਿੱਚਰ ਕਰਦਾ ਬੀ ਜੇ ਵਾਹੀ ਈ ਕਰਨੀ ਸੀ ਤਾਂ ਭੜਾਈ ਕਰਨ ਦਾ ਕੀ ਫੈਦਾ? ਮਲਬ ਆਪਣੇ ਲੋਕ ਖੇਤੀਬਾੜੀ ਨੂੰ ਅਨਪੜ੍ਹਾਂ ਦਾ ਕਿੱਤਾ ਈ ਸਮਝਦੇ ਨੇ। ਆਪਣਾ ਮੁਲਖ ਆਟੋਮੋਬਾਇਲ ਜਾਂ ਮਕੈਨਕੀਲ ਦੀਆਂ ਡਿਗਰੀਆਂ ਕਰਕੇ ਨੋਇਡਾ ਗੁੜਗਾਓਂ ਬੰਨੀਂ ਕਾਰਾਂ ਆਲ਼ੀਆਂ ਕੰਪਨੀਆਂ 'ਚ ਲੱਗਣ ਖਾਤਰ ਭੱਜਦਾ। ਕਦੇ ਕਿਸੇ ਸੁਣਿਆ ਬੀ ਕਿਸੇ ਇੰਜਨੀਅਰ ਨੇ ਘਰੇ ਫੋਰਡ ਖੋਲ੍ਹ ਕੇ ਇੰਜਣ ਬੋਰ੍ਹ ਕੀਤਾ ਹੋਵੇ? ਨਾਲੇ ਜੇ ਖੇਤੀ ਵਾਕਏ ਈ ਘਾਟੇ ਦਾ ਸੌਦਾ ਹੁੰਦਾ ਤਾਂ ਲੋਕ ਪੰਤਾਲੀ ਪੰਤਾਲੀ ਹਜ਼ਾਰ ਨੂੰ ਕਿੱਲਾ ਠੇਕੇ ਲੈਕੇ ਵਾਹੀ ਕਾਹਤੋਂ ਕਰਦੇ ਨੇ ਭਲਾ? ਬਿਨਾਂ ਸ਼ੱਕ ਛੋਟੇ ਕਿਸਾਨਾਂ ਨੂੰ ਫੇਟੀ ਜ਼ਰੂਰ ਪੈਂਦੀ ਆ । ਬਾਕੀ ਖੌਣੀ ਆਪਣਾ ਮੁਲਖ ਪੜ੍ਹ ਗਿਆ ਈ ਬਾਹਲਾ ਗਿਆ ਖੌਣੀ ਸਾਡੀ ਈ ਸੋਚ ਨਿੱਕੀ ਆ ਹਲੇ.....ਘੁੱਦਾ

ਪਰਤਿਆਈਆਂ ਵਈਆਂ ਗੱਲਾਂ....ਗੌਰ ਕਰਿਓ

ਪਰਤਿਆਈਆਂ ਵਈਆਂ ਗੱਲਾਂ....ਗੌਰ ਕਰਿਓ
1.ਦੁਨੀਆਂ 'ਚ ਜਦੋਂ ਵੀ ਕੋਈ ਨਮਾਂ ਧਰਮ ਪੈਦਾ ਹੁੰਦਾ ਤਾਂ ਦੱਬੇ ਕੁਚਲੇ ਜਾਂ ਪਛੜੀਆਂ ਜਾਤੀਆਂ ਆਲੇ ਲੋਕ ਸਭ ਤੋਂ ਪਹਿਲਾਂ ਨਮੇਂ ਧਰਮ ਨੂੰ ਫੌਲੋ ਕਰਦੇ ਨੇ।
2. ਜਦੋਂ ਬੰਦਾ ਡਰੈਬਿੰਗ ਕਰਦਾ ਹੋਵੇ ਤੇ ਜੇ ਓਦੋਂ ਨਾਲ ਦੀ ਸ਼ੀਟ ਤੇ ਤਾਏ ਅਰਗੇ ਬੈਠੇ ਹੋਣ ਤਾਂ ਬੰਦੇ ਨੂੰ ਝੇਪ ਜੀ ਹੁੰਦੀ ਆ ਲਾਜ਼ਮੀ।
3. ਆਹ ਗਰਮੀ ਜੀ ਦੀ ਰੁੱਤ 'ਚ ਪਿੰਡਾਂ ਦੇ ਚੁਬਾਰਿਆਂ 'ਚ ਗੰਢੇ ਈ ਸੁੱਕਣੇ ਪਾਏ ਵਏ ਹੁੰਦੇ ਨੇ।
4. ਲੋਕੀ ਵਿਆਹ ਦਾ ਚੰਗਾ ਭਲਾ ਕਾਡ ਛਪਾ ਕੇ ਹੇਠਾਂ ਜਮੀਂ ਜਲੂਸ ਕੱਢ ਦੇਂਦੇ ਨੇ ਬੀ "ਮੇਲੇ ਚਾਚੂ ਕੀ ਸ਼ਾਦੀ ਮੇਂ ਜਲੂਲ ਜਲੂਲ ਆਣਾ" ਭੈਡਚਾਲ ਕਰਦਾ ਕਰਦਾ ਮੁਲਖ ਬਾਹਲਾ ਜਲੂਸ ਕੱਢਦਾ।
5. ਫੌਜ 'ਚ ਬੰਦਾ ਹੌਲਦਾਰ, ਕਰਨਲ, ਜਰਨਲ ਕਿਸੇ ਅਹੁਦੇ ਤੇ ਵੀ ਹੋਵੇ ਜਦੋਂ ਛੁੱਟੀ ਆਉਦਾ ਪਿੰਡ ਆਲ਼ੇ ਉਹਨੂੰ ਫੌਜੀ ਈ ਕੈਂਹਦੇ ਨੇ।
6. ਹਰਿੱਕ ਘਰੇ ਕੋਈ ਨਾ ਕੋਈ ਕੂਲ਼ਰ ਪੱਖਾ ਐਹੇ ਜਾ ਜ਼ਰੂਰ ਹੁੰਦਾ ਜੀਹਦੀ ਤਾਰ ਪਲੱਗ 'ਚ ਲਾਉਣ ਵੇਲੇ ਬਹੁਕਰ ਦੇ ਡੱਕੇ ਪਲੱਗ 'ਚ ਤੁੰਨਣੇ ਪੈਂਦੇ ਨੇ।
7. ਆਹ ਖਬਰ ਅਖਬਾਰਾਂ 'ਚ ਬਹੁਤ ਆਉਂਦੀ ਆ ਬੀ ਫਲਾਣੇ ਥਾਂ ਬੈਂਕ ਲੁੱਟਕੇ ਡਕੈਤੀ ਸੈਂਟਰੋਂ ਗੱਡੀ 'ਚ ਫਰਾਰ । ਚੋਰਾਂ ਤੋਂ ਸੈਟਰੋਂ ਕਾਰ ਬਰਾਮਦ। ਕੱਲ੍ਹ ਪਰਸੋਂ ਸ੍ਰੀਨਗਰ ਹਮਲੇ ਆਲ਼ੇ ਅੱਤਬਾਦੀ ਵੀ ਸੈਂਟਰੋਂ 'ਚ ਈ ਭੱਜੇ ਸੀ। ਸੈਂਟਰੋਂ 'ਚ ਖੌਣੀ ਕੇਹੜੇ ਰਾਗਟ ਦਾ ਇੰਜਣ ਧਰਿਆ ਵਾ
8. ਜਦੋਂ ਅੰਡਰਗਰੌਂਡ ਪੁਲ ਹੇਠੋਂ ਨੇਹਰੇ ਇੱਚ ਦੀ ਬੱਸ ਗੱਡੀ ਟੱਪਦੀ ਹੋਵੇ ਓਦੋਂ ਆਪਣਾ ਮੁਲਖ ਚੀਕਾਂ ਜ਼ਰੂਰ ਮਾਰਦਾ ਪਰਤਿਆਇਆ ਬਾ ਏਹ ਵੀ। ......ਘੁੱਦਾ

ਨਿੱਕਾ ਗਰਨੈਬ ਖੂਨਦਾਨੀ

ਪਰਾਰ ਸਿਆਲਾਂ ਦੀ ਗੱਲ ਆ ਭਰਾਵਾ। ਏਮੇਂ ਜਿਮੇਂ ਬਾਬੇ ਨੇ ਰੇਡੀਏ 'ਚ ਬੋਲਤਾ ਬੀ ਭਾਈ ਫਲਾਣੇ ਪਿਡ ਖੂਨਦਾਨ ਕੰਪ ਲੱਗਣਾ ਤੇ ਖੂਨਦਾਨ ਕਰਿਓ। ਆਅਅ ਕੀ ਭਾਈ ਤਾਏ ਅਰਗੇਆਂ ਦੀ ਦੇਸ਼ਭਗਤੀ ਜਾਗਪੀ ਬੀ ਚਲੋ ਕਣਕਾਂ ਕੁਣਕਾਂ ਬੀਜ ਕੇ ਬੇਹਲੇ ਈ ਆਂ ਚਲੋ, ਚਲੋ ਖੂਨ ਕਢਾ ਆਈਏ। ਸਾਡਾ ਟੱਬਰ ਟੈਰੀਸਪੂਨ ਦੇ ਕੁੜਤੇ ਪਜਾਮੇ ਪਾਕੇ, ਫੁੱਲ ਬੈਲ ਦੀਆਂ ਫਾੜੀਆਂ ਜੀਆਂ ਆਲੀਆਂ ਪੱਗਾਂ ਬੰਨ੍ਹਕੇ ਤੇ ਪੱਤਰੀ ਜੀ ਨਾਲ ਤੇਲ ਤੂਲ ਮਿਣਕੇ ਟਰੈਟ ਤੇ ਬਹਿ ਗਿਆ। ਸਾਡੇ ਆਲਾ ਨਿੱਕਾ ਗਰਨੈਬ ਭੁੰਜੇ ਲਿਟਣ ਲਾਗਿਆ ਬੀ ਨਾਲ ਜਾਣਾ। ਟਰੈਟ ਦੇ ਖੱਬੇ ਮਰਗਾੜ ਤੇ ਬਹਿ ਗਿਆ ਭਰਾਵਾ ਮੂਹਰ ਨੂੰ ਲੱਤਾਂ ਲਕਮਾ ਕੇ। ਚਪਲੀਆਂ ਲਾਹਕੇ ਏਹਨੇ ਹੱਥਾਂ 'ਚ ਪਾਲੀਆਂ। ਜਾਵੜੇ ਭਾਈ। ਓਥੇ ਕੇਲੇ ਫਰੂਟੀਆਂ ਪੂਰਾ ਫੁੱਲ ਮਹੌਲ। ਸਾਡੇ ਆਲ਼ਾ ਬੋਚ ਕ ਦਨੇ ਡਾਗਟਰ ਨੂੰ ਕੈਂਹਦਾ ਪਰਧਾਨ ਖੂਨ ਕਢਾਉਣਾ ਮੈਂ ਤਾਂ। ਡਾਕਟਰ ਕਹਿੰਦਾ ਖਸਮਾ ਪੰਜ ਪਸੇਰੀਆਂ ਤਾਂ ਤੇਰਾ ਭਾਰ ਨੀਂ, ਢਕਿਆ ਰਹਿ, ਦੰਦਲ ਪੈਜੂ" । ਸਾਡੇ ਆਲ਼ਾ ਬਾਹਲਾ ਹਿੰਡੀ ਆ ਪਹਿਲੇ ਦਿਨੋਂ ਈ। ਹਾਰਕੇ ਡਾਕਟਰ ਨੇ ਬਿੱਡ ਤੇ ਪਾਕੇ ਸੂਈ ਲਾਤੀ ਭਰਾਵਾ ਖੂਨ ਕੱਢਣ ਖਾਤਰ। ਆਅਅ ਕੀ ਓਹੀ ਗੱਲ ਮਸੀਂ ਪਾਈਆ ਕ ਖੂਨ ਨਿਕਲਿਆ ਤੇ ਸਾਡੇ ਆਲ਼ੇ ਨੂੰ ਦੰਦਨ ਪੈਗੀ, ਹਾਥੀ ਦੇ ਕੰਨ ਅੰਗੂ ਕੰਬਣ ਲਾਗਿਆ ਏਹਤਾ, ਅੱਖਾਂ ਜੀਆਂ ਚੜ੍ਹਾਕੇ ਬਹੋਸ਼ ਹੋਗਿਆ ਭਾਈ ਏਹਤਾ। ਡਾਕਟਰਾਂ ਨੇ ਕੀ ਕਰਿਆ, ਜੇਹੜੇ ਹੋਰਾਂ ਦਾ ਖੁਨ ਕੱਢਿਆ ਸੀ ਓਹੀ ਤਿੰਨ ਚਾਰ ਗੁਥਲੀਆਂ ਚੜ੍ਹਾਤਾ ਏਹਦੇ। ਨਰਸਾਂ ਨੇ ਪਾਣੀ ਤਰੌਂਕਤਾ ਏਹਤੇ । ਪੌਣੇ ਕ ਘੈਂਟੇ ਬਾਦ ਉੱਠ ਪਿਆ ਭਰਾਵਾ ਏਹੇ। ਉੱਠ ਕੇ ਕੈ੍ਹਂਦਾ ਡਾਗਟਰ ਸਾਬ੍ਹ ਕੱਢ ਲਿਆ ਖੂਨ ?
ਡਾਕਟਰ ਖਚਰਾ ਜਾ ਹੱਸ ਕੇ ਕਹਿੰਦਾ ਹਾਹੋ ਕੱਢ ਲਿਆ। ਸਾਡੇ ਆਲਾ ਨਾਲੇ ਤਾਂ ਜੂੜੇ ਓਤ ਦੀ ਮੂਕਾ ਵਲ੍ਹੇਟਣ ਲਾਗਿਆ ਨਾਲੇ ਕੈਂਹਦਾ ,"ਕੋਈ ਨਾ ਬਾਈ ਜੇ 'ਗਾਹਾਂ ਤੋਂ ਖੂਨ ਖਾਨ ਦੀ ਲੋੜ ਪਈ ਤਾਂ ਸੰਗਿਓ ਨਾ ਦਬਾਰੇ ਦੱਸਦਿਓ ....ਘੁੱਦਾ

Sunday 23 June 2013

ਨੰਗ ਖੇਡ ਕਬੱਡੀ

ਜਦੋਂ ਅਖੰਡ ਪਾਠਾਂ ਵੇਲੇ ਸਿਆਲਾਂ ਦੀਆਂ ਰਾਤਾਂ ਨੂੰ ਪਾਠੀਆਂ ਨੂੰ ਜਗੌਣ ਖਾਤਰ ਮੁੰਡਿਆਂ ਦੀਆਂ ਡਿਓਟੀਆਂ ਲੱਗੀਆਂ ਹੁੰਦੀਆਂ, ਜਦੋਂ ਪਿੰਡ ਆਲੀ ਮਿੰਨੀ ਦੀ ਡਰੈਬਰ ਸੀਟ ਲਿਵੇ ਇੰਜਣ ਤੇ ਜੰਤਾ ਜੁੜਕੇ ਬੈਠੀ ਹੋਵੇ ਜਾਂ ਵਿਆਹਾਂ ਸ਼ਾਦੀਆਂ ਵੇਲੇ ਜਦੋਂ ਮੁਲਖ ਰਲਕੇ ਗੰਢੇ ਸਬਜੀਆਂ ਚੀਰੀ ਜਾਂਦਾ ਹੁੰਦਾ ਓਦੋਂ ਆਹ ਗੱਲਾਂ ਹੁੰਦੀਆਂ ਬੀ ਫਲਾਣੇ ਟੂਰਨਾਮੈਂਟ ਤੇ ਮੂਣਕਾਂ ਦੇ ਗੁਲਜ਼ਾਰੀ ਨੇ ਕਿੰਨੀਆਂ ਰੇਡਾਂ ਕੱਢੀਆਂ ਸੀ, ਕਿਮੇਂ ਹਠੂਰ ਦਾ ਪੱਕੇ ਜੇ ਰੰਗ ਆਲਾ ਮੁੰਡਾ ਏਕਮ ਜੱਫਾ ਲਾਉਦਾ। ਕਿਮੇਂ ਜੰਡ ਆਲਾ ਬਾਜੀ ਗੁੱਟ ਫੜ੍ਹਕੇ ਰੇਡਰ ਨੂੰ ਠੱਲ੍ਹ ਮਾਰਦਾ। ਜਦੋਂ ਸੱਥ 'ਚ ਮੁਲਖ ਭਾਬੀ ਖੇਡਦਾ ਹੁੰਦਾ ਓਦੋਂ ਬਰਾਟ ਕੋਹਲੀ ਜਾਂ ਸ਼੍ਰੀਸੰਥ ਅਰਗੇਆਂ ਦੀਆਂ ਗੱਲਾਂ ਨੀਂ ਹੁੰਦੀਆਂ। ਓਦੋਂ ਚੂਹੜਚੱਕ ਆਲ਼ੇ ਪੱਪੂ ਅਰਗੇ ਜਾਫੀਆਂ ਦੇ ਭਰਮੇਂ ਜੁੱਸਿਆਂ ਦੀ ਗੱਲ ਹੁੰਦੀ ਆ ਜਾਂ ਗਾਜੀਪੁਰੀਏ ਲੱਖੇ ਅਰਗਿਆਂ ਦੀਆਂ ਚੌੜੀਆਂ ਛਾਤੀਆਂ ਦਾ ਜ਼ਿਕਰ ਛਿੜਦਾ। ਜਦੋਂ ਸਿਆਲਾਂ 'ਚ ਚਾਰ ਬੰਦੇ ਕਾਪੀ ਚੱਕਕੇ ਪਿੰਡ 'ਚ ਕਬੱਡੀ ਟੂਰਨਾਮੈਂਟ ਖਾਤਰ ਵਾਸ਼ ਕੱਠੀ ਕਰਨ ਜਾਂਦੇ ਨੇ ਓਦੋਂ ਹਰਿੱਕ ਗਰੀਬ ਗੁਰਬਾ ਟਾਣ ਦੇ ਛਾੜ ਹੇਠੋਂ ਚੱਕਕੇ ਸੌ ਪੰਜਾਹ ਦਾ ਨੋਟ ਦੇਕੇ ਹਿੱਸਾ ਪਾਉਦਾਂ। ਪਿੰਡ ਦੇ ਸਾਂਝੇ ਪੈਸਿਆਂ ਨਾ ਟੂਰਨਾਮੈਂਟ ਕਰਾਇਆ ਜਾਂਦਾ। ਘਿਓਆਂ ਦੇ ਪੀਪੇ ਤੇ ਬੋਲਟਾਂ , ਬਲੈਰੋਆਂ ਨਾ ਚੋਬਰ ਸਨਮਾਨਤ ਕਰੇ ਜਾਂਦੇ ਨੇ । ਆਹ ਹੁੰਦੀਆਂ ਖੇਡਾਂ ਲੋਕਾਂ ਦੀਆਂ।
ਬਾਦਲ ਕਿਆਂ ਨੂੰ ਸਿਨਿਆਂ ਲਾਦਿਓ ਨਿੱਕਾ ਜਾ ਬੀ ਬਾਈ ਬਣਿਆ ਕਬੱਡੀ ਨੂੰ ਕਰੋੜਾਂ ਅਰਬਾਂ ਦੀ ਖੇਡ ਨਾ ਬਣਾਓ , ਏਹਨੂੰ ਰੁਪਇਆਂ 'ਚ ਈ ਰਹਿਣਦੋ। ਕਰੋੜਾਂ 'ਚ ਪੁੱਜਕੇ ਖੇਡ ਖੇਡ ਨਹੀਂ ਰਹਿੰਦੀ ਬਿਜ਼ਨਸ ਬਣ ਜਾਂਦੀ ਆ। ਨੰਗ ਲੋਕਾਂ ਦੀ ਨੰਗ ਖੇਡ ਕਬੱਡੀ....ਘੁੱਦਾ

ਗੀਤਾਂ ਆਲੇਓ

ਇੱਟ ਪਿੱਲੀ ਗਾਰੇ ਦੀ ਚਿਣਾਈ ਲਿਖਿਓ
ਦੋ ਗਾਡਰਾਂ ਤੇ ਡਾਟ ਫਰਮੇ ਦੀ ਲਾਈ ਲਿਖਿਓ
ਚਿੱਟੀ ਕਲੀ ਨਾ ਕਰੀ ਵੀ ਰੰਗਾਈ ਲਿਖਿਓ
ਤੂੜੀ ਰਲਾ ਘਾਹਣੀ ਕੋਠੇ ਲਾਈ ਲਿਖਿਓ
ਮੀਂਹ ਵਰ੍ਹਦੇ 'ਚ ਵਗਦੇ ਘਰਾਲ ਲਿਖਿਓ
ਗੀਤਾਂ ਆਲੇਓ ਸਾਡਾ ਵੀ ਕਦੇ ਹਾਲ ਲਿਖਿਓ

ਪੱਕੀ ਜਵਾਰ ਦਾ ਬਾਂਹ ਤੇ ਪਿਆ ਚੀਰ ਲਿਖਿਓ
ਬੂਹੇ ਓਹਲੇ ਖਲੋਤੀ ਰੋਂਦੀ ਹੀਰ ਲਿਖਿਓ
ਬੱਲੀ ਕਣਕ ਦਾ ਪਸੂ ਮੂੰਹ ਕਸੀਰ ਲਿਖਿਓ
ਜ਼ਰੂਰ ਮਸ਼ੂਕ ਦਾ ਕੋਮਲ ਸਰੀਰ ਲਿਖਿਓ
ਪਰ ਕੰਘੀਆਂ ਨੂੰ ਤਰਸਦੇ ਵਾਲ ਲਿਖਿਓ
ਗੀਤਾਂ ਆਲੇਓ ਸਾਡਾ ਵੀ ਕਦੇ ਹਾਲ ਲਿਖਿਓ

ਸਾਡੇ ਲਹੂ ਦੀ ਵੀ ਗਰਮ ਤਸੀਰ ਲਿਖਿਓ
ਕੁੱਤੀ ਚੋਰਾਂ ਦੀ ਬਣੀ ਵਜ਼ੀਰ ਲਿਖਿਓ
ਸੱਪ ਲੰਘੇ ਤੋਂ ਰਹੇ ਕੁੱਟਦੇ ਲਕੀਰ ਲਿਖਿਓ
ਛੇ ਜੂਨ ਦੀ ਵੀ ਚੰਦਰੀ ਤਰੀਕ ਲਿਖਿਓ
ਜੱਗੋਂ ਤੇਰ੍ਹਮਾਂ ਚੌਰਾਸੀ ਜੇਹਾ ਸਾਲ ਲਿਖਿਓ
ਗੀਤਾਂ ਆਲੇਓ ਸਾਡਾ ਵੀ ਕਦੇ ਹਾਲ ਲਿਖਿਓ

ਬਸ਼ੱਕ ਮੋਟਰਾਂ ਤੇ ਖੁੱਲ੍ਹਦੇ ਵੀ ਡੱਟ ਲਿਖਿਓ
ਪਰ ਓਸੇ ਖੂਹੇ ਲਮਕਦਾ ਕੋਈ ਜੱਟ ਲਿਖਿਓ
ਚੱਲੇ ਏ.ਸੀ ਠੰਡੀ ਬਾਣੀਏ ਦੀ ਹੱਟ ਲਿਖਿਓ
ਜੀਹਤੇ ਆਇਆ ਨਾ ਖਰੀਂਡ ਓਹੋ ਫੱਟ ਲਿਖਿਓ
ਚਿਹਰੇ ਹੱਸਦੇ ਦਿਲਾਂ 'ਚ ਪਿਆ ਕਾਲ ਲਿਖਿਓ
ਗੀਤਾਂ ਆਲੇਓ ਸਾਡਾ ਵੀ ਕਦੇ ਹਾਲ ਲਿਖਿਓ.......ਘੁੱਦਾ

Friday 21 June 2013

ਮੇਰੇ ਨਾਨਕੇ

ਟੈਲਾਂ ਬੱਤਿਆਂ ਆਲੀ ਛੱਤ ਹੇਠ ਕਣਕਾਂ ਨਾ ਨੱਕੋ ਨੱਕ ਭਰੇ ਢੋਲਾਂ ਕੋਲ ਸਾਡੀ ਨਾਨੀ ਦਾ ਮੰਜਾ ਡੱਠਾ ਹੁੰਦਾ ਸੀ। ਪਾਂਡੋਂ ਮਿੱਟੀ ਦੇ ਵੱਜੇ ਪੋਚਿਆਂ ਦੀ ਹੌਂਕ ਮਗਜ਼ ਨੂੰ ਚੜ੍ਹਦੀ । ਨਿੱਕੀ ਪਲੂੰਘੜੀ ਦੇ ਪਾਵੇਆਂ ਨੂੰ ਰੱਸੇ ਪਾਕੇ ਛੱਤ ਨਾ ਬੰਨ੍ਹਕੇ ਆਰਜ਼ੀ ਜਾ ਪੜਛੱਤਾ ਬਣਾਇਆ ਹੁੰਦਾ ਸੀ। ਨਾਨੀ ਦੀ ਬੈਠਕ ਦੀ ਸਾਹਮਣੀ ਕੰਧ ਤੇ ਬਣੀ ਟਾਣ ਤੇ ਅੱਖਾਂ 'ਚ ਪਾਉਣ ਆਲਾ ਹਰਾ ਦਾਰੂ ਤੇ ਸੁਰਮਚੂ ਪਿਆ ਹੁੰਦਾ ਨਾਲ ਤੇਲ ਨਾਲ ਥਿੰਦਾ ਦੀਵਾ ਤੇ ਕਿਸੇ ਪੁਰਾਣੇ ਸੂਟ ਨੂੰ ਦੇਹੜ ਕੇ ਲਾਈ ਝਾਲਰ ਆਲ਼ੀ ਇੱਕ ਅੱਧੀ ਪੱਖੀ ਪਈ ਹੁੰਦੀ। ਨਾਨੀ ਮੂੰਹੋਂ ਅਸੀਂ ਕਦੇ ਉੱਚਾ ਬੋਲ ਨਹੀਂ ਸੀ ਸੁਣਿਆ। ਝੁਰੜੀਆਂ ਭਰਿਆ ਚੇਹਰਾ , ਕੈਹਰਾ ਜਾ ਸਰੀਰ, ਹੱਥ 'ਚ ਕਿਸੇ ਸੋਟੀ ਦਾ ਸਹਾਰਾ। ਜਦੋਂ ਅਸੀਂ ਸੁਰਤ ਸੰਭਲੇ ਨਾਨੀ ਨੂੰ ਏਮੇਂ ਜਿਮੇਂ ਈ ਵੇਖਿਆ । ਕਣਕਾਂ ਦੇ ਸਿੱਟਿਆਂ ਜਾਂ ਦੂਜੀ ਰੁੱਤੇ ਝੋਨੇ ਦੀਆਂ ਮੁੰਜਰਾਂ ਨਾਲ ਲੱਦੇ ਵਾਹਣਾਂ 'ਚੋਂ ਪਾਣੀ ਚੱਟ ਕੇ ਹਵਾ ਸਿੱਧੀ ਨਾਨੀ ਦੀ ਬੈਠਕ ਵਿੱਚ ਆ ਵੜਦੀ। ਨਾਨੀ ਜਦੋਂ ਘੁੱਦੇ ਆਉਂਦੀ ਤਾਂ ਕਮਰੇ ਦੇ ਜੰਗਲੇ ਕੋਲ ਬਹਿਕੇ ਚਰਖਾ ਕੱਤਦੀ। ਗਰਮੀਆਂ ਦੀਆਂ ਟਿਕੀਆਂ ਦੁਪੈਹਰਾਂ ਨੂੰ ਚਰਖੇ ਦੀ ਘੂਕ ਕੰਧਾਂ ਨਾਲ ਵੱਜ ਦਮ ਤੋੜ ਜਾਂਦੀ ਨਾਲੇ ਨਾਨੀ ਦੇ ਖੱਬੇ ਹੱਥ 'ਚ ਫੜ੍ਹਿਆ ਰੂੰ ਦਾ ਫੰਬਾ ਧਾਗਾ ਬਣ ਜਾਂਦਾ । ਕਰੋਸ਼ੀਆ, ਕਢਾਈ, ਤਰਪਾਈ , ਬੁਣਾਈ ਨਾਨੀ ਦੀਆਂ ਸਰਬੋਤਮ ਕਲਾਕਾਰੀਆਂ ਸੀ। 1947 ਸਮੇਂ ਸਾਡਾ ਨਾਨਕਾ ਪਰਿਵਾਰ ਨਨਕਾਣਾ ਸਾਬ੍ਹ ਦੀ ਧਰਤੀ ਤੋਂ ਖਾਈ ਪਿੰਡ ਛੱਡਕੇ ਚੜ੍ਹਦੇ ਪੰਜਾਬ ਆ ਵਸਿਆ । ਹੁਣ ਫਿਰੋਜ਼ਪੁਰ ਤੋਂ ਪੈਲੇ ਪਾਸੇ ਸਤਲੁਜ ਦੇ ਐਨ ਨੇੜੇ ਪਾਕਿਸਤਾਨ ਦੀ ਕੁੱਛੜੇ ਸਾਡਾ ਨਾਨਕਾ ਪਿੰਡ ਵਸਿਆ। ਪਾਕਿਸਤਾਨ 'ਚ ਨਾਨਕਿਆਂ ਦਾ ਖੁੱਲ੍ਹਾ ਜ਼ਮੀਨ ਭਾਂਡਾ ਸੀ ।
ਦੇਸ਼ ਵੰਡ ਪਿੱਛੋਂ ਦੋਹਾਂ ਦੇਸ਼ਾਂ ਮਾਲ ਵਿਭਾਗ ਦਾ ਰਕਾਡ ਵਟਾ ਲਿਆ । ਓਸੇ ਦੇ ਅਧਾਰ ਤੇ ਨਾਨੇ ਅਰਗੇਆਂ ਨੂੰ ਫਿਰੋਜ਼ਪੁਰ ਲਿਵੇ ਪੰਜਾਹ ਕਿੱਲ੍ਹੇ ਜ਼ਮੀਨ 'ਲਾਟ ਹੋਈ । ਝੋਟੇ ਦੇ ਸਿਰ ਅਰਗੀਆਂ ਪੈਲੀਆਂ ਨੇ ਬੰਦਾ ਪੈਦਾ ਕਰਨ ਆਲ਼ੀਆਂ। ਉੱਨੀ ਸੌ ਘੱਤਰ 'ਚ ਨਾਨੇ ਨੇ ਮੁਕਸਰ ਜੈਂਸੀ 'ਚੋਂ ਠਾਈ ਹਜ਼ਾਰ ਦਾ ਐਂਟਰਨੈਸ਼ਨਲ ਟਰੈਟ ਕਢਾਇਆ । ਠਾਸੀ ਦੇ ਹੜ੍ਹਾਂ ਫੇਰ ਪਰਲੋ ਲਿਆਂਦੀ। ਤਿੰਨ ਚਾਰ ਸਾਲ ਫਸਲ ਰੁੜ੍ਹੀ। ਨਾਨਕੇਆਂ ਦੇ ਕਲੇਜੇ ਜ਼ਹਾਜ਼ੀ ਲੋਹੇ ਦੇ ਬਣੇ ਵਏ ਸੀ। ਕੋਈ ਪਰਵਾਹ ਨਾ ਕਰੀ। ਪੁਰਾਣੇ ਬਜ਼ੁਰਗਾਂ 'ਚ ਜਵਾਕ ਜੱਲੇ ਜੰਮਣ ਦੀ ਟਾਈਮਿੰਗ ਬਾਹਲੀ ਗਲਤ ਸੀ। ਏਸੇ ਕਰਕੇ ਸਾਡਾ ਮਾਮਾ ਸਾਡੀ ਮਾਤਾ ਤੋਂ ਤਕਰੀਬਨ ਪੱਚੀ ਸਾਲ ਵੱਡਾ ਉਮਰ 'ਚ।
ਇੱਕ ਟੈਮ ਰੋਟੀ ਬਿਨ੍ਹਾਂ ਮਾਮਾ ਸਾਰ ਸਕਦਾ ਪਰ ਰੇਡੀਏ ਬਿਨਾਂ ਜਮਾਂ ਨੀਂ । ਕਿੰਗਕਾਂਗ ਤੇ ਦਾਰੇ ਅਰਗੇਆਂ ਨੂੰ ਘੁਲਦਿਆਂ ਮਾਮੇ ਨੇ ਅੱਖੀਂ ਵੇਖਿਆ । ਨਾਨੇ ਨਾਨੀ ਪਿੱਛੋਂ ਨਾਨਕੇ ਦੋ ਕ ਸਾਲ ਬਾਅਦ ਗੇੜਾ ਵੱਜਦਾ ਹੁਣ। ਹੁਣ ਵੀ ਦੋ ਮੋਟਰਾਂ ਵਿਚਾਲੇ ਬਾਣ ਦੇ ਮੰਜੇ ਤੇ ਪਏ ਮਾਮੇ ਸਿਰਹਾਣੇ ਪਏ ਰੇਡੀਏ ਦੇ ਸਪੀਕਰ 'ਚੋਂ ਕਾਲਜੇ ਦੀ ਹੂਕ ਅਰਗਾ ਆਹੀ ਗੀਤ ਨਿਕਲਦਾ
"ਸਾਥੋ ਬਾਬਾ ਖੋਹ ਲਿਆ ਤੇਰਾ ਨਨਕਾਣਾ"....ਘੁੱਦਾ

Friday 7 June 2013

ਦੁੱਲਾ

ਸਾਂਦਲ ਬਾਰ ਦੇ ਇਲਾਕੇ 'ਚ ਲੱਧੀ ਦੇ ਘਰੇ ਦੁੱਲਾ ਜੰਮੇਆ ਸੀ। ਉਹ ਦੁੱਲਾ "ਦੁੱਲੇ ਭੱਟੀ" ਦੇ ਨਾਂ ਨਾਲ ਮਸ਼ਹੂਰ ਹੋਇਆ। ਦੁੱਲੇ ਦੇ ਪਿਓ ਦਾਦੇ ਵੀ ਬਾਗੀ ਸੀਗੇ। ਅਕਬਰ ਖਲਾਫ ਬਗਾਵਤਾਂ ਕਰਦੇ ਰਹੇ। ਤਾਨਾਸ਼ਾਹੀ ਰਾਜੇ ਨੇ ਉਹਨ੍ਹਾਂ ਦਾ ਕਤਲ ਕਰਕੇ ਲਾਸ਼ਾਂ ਵਿੱਚ ਘਾਹ ਖੱਬਲ ਭਰਕੇ ਲਾਹੌਰ ਸ਼ਹਿਰ ਦੇ ਦਰਵਾਜ਼ੇ ਤੇ ਟੰਗਤੀਆਂ ਸੀ। ਦੁੱਲਾ ਵੱਡਾ ਹੋਇਆ ਤਾਂ ਮਾਂ ਲੱਧੀ ਤੋਂ ਪਿਓ ਦੀ ਮੌਤ ਦਾ ਕਾਰਨ ਪਤਾ ਲੱਗਾ। ਦੁੱਲਾ ਵੀ ਬਾਗੀ ਸੀ ਜਾਂ ਕਹਿਲੋ ਅੱਜ ਦੇ ਸਮੇਂ ਮੁਤਾਬਕ ਉਹਵੀ ਖਾੜਕੂ, ਅੱਤਬਾਦੀ ਜਾਂ ਮਾਓਵਾਦੀ ਸੀ। ਸਵਾ ਕ ਛੇ ਫੁੱਟ ਕੱਦ, ਭਾਰਾ ਤੇ ਭਰਮਾਂ ਜੁੱਸਾ। ਏਹ ਦੁੱਲੇ ਦੀ ਸਰੀਰਕ ਰੂਪ ਰੇਖਾ ਸੀ। ਦੁੱਲਾ ਸੂਫੀ ਕਵੀ ਸ਼ਾਹ ਹੁਸੈਨ ਤੇ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸੀ।
ਦੁੱਲੇ ਨੇ ਲੋਕਾਂ ਨੂੰ ਲਗਾਨ ਭਰਨੋਂ ਰੋਕਿਆ ਤੇ ਨਾਬਰ ਹੋਇਆ । ਕੇਰਾਂ ਇੱਕ ਪੰਡਤਾਂ ਦੀ ਕੁੜੀ ਸੁੰਦਰੀ ਤੇ ਅਕਬਰ ਦਾ ਦਿਲ ਆਗਿਆ। ਹਾਨੀਸਾਰ ਨੂੰ ਓਸ ਪੰਡਤ ਨੇ ਦੁੱਲੇ ਕੋਲ ਜਾਕੇ ਪਨਾਹ ਮੰਗੀ। ਦੁੱਲੇ ਨੇ ਓਹ ਕੁੜੀ ਨੂੰ ਧੀ ਬਣਾਕੇ ਹਿੱਕ ਦੇ ਜ਼ੋਰ ਉਹਦਾ ਵਿਆਹ ਹੋਰ ਥਾਂ ਕਰਕੇ ਅਕਬਰ ਦੀ ਹਿੱਕ ਤੇ ਦੀਵਾ ਬਾਲਿਆ । ਆਮ ਜੇ ਪਿੰਡ ਦਾ ਬੰਦਾ ਦੁੱਲਾ ਸ਼ਹਿਨਸ਼ਾਹ ਹਿੰਦ ਅਕਬਰ ਦੀ ਬੈਚੇਨੀ ਦੀ ਵਜ੍ਹਾ ਬਣਿਆ। ਦੁੱਲੇ ਦੀ ਐਨੀ ਕ ਧਾਂਕ ਸੀ ਜਦੋਂ ਅਕਬਰ ਨੇ ਦੁੱਲੇ ਖਿਲਾਫ ਫੌਜ ਘੱਲੀ ਤਾਂ ਪੋਲੇ ਪੈਂਰੀ ਕੋਈ ਸੈਨਾਪਤੀ ਫੌਜ ਦੀ ਅਗਵਾਈ ਕਰਨ ਨੂੰ ਤਿਆਰ ਨਾ ਹੋਇਆ। ਅੰਤ ਧੋਖੇ ਨਾ ਦੁੱਲੇ ਨੂੰ ਕੈਦ ਕਰਿਆ ਗਿਆ। ਢੰਡੋਰਾ ਪਿੱਟਕੇ ਲੋਕਾਂ ਦਾ ਭਾਰੀ ਕੱਠ ਕਰਕੇ ਸ਼ਰੇਆਮ ਦੁੱਲੇ ਨੂੰ ਫਾਹੇ ਲਾਇਆ ਗਿਆ। ਲਹਿੰਦੇ ਸੂਰਜ ਦੀਆਂ ਸੁਰਮਈ ਕਿਰਨਾਂ ਲੋਕਾਂ ਦੇ ਹੰਝੂਆਂ ਤੋਂ ਪਰਵਰਤਿਤ ਹੋ ਕੇ ਦੁੱਲੇ ਦੇ ਲਮਕਦੇ ਭਾਰੇ ਜਿਸਮ ਤੇ ਪੈਂਦੀਆਂ ਰਹੀਆਂ। ਆਹ ਸੀ ਦੁੱਲੇ ਭੱਟੀ ਦੀ ਕਹਾਣੀ
ਅੱਜ ਇੱਕ ਪਰਸਿੱਧ ਪਰ ਮਹਾਂਫੁੱਦੂ ਗੈਕਾਰ ਦਾ ਗੀਤ ਸੁਣਿਆ ਕਹਿੰਦਾ "ਚੁੰਨੀ ਦੇ ਸਿਤਾਰੇ, ਲੱਗਦੇ ਪਿਆਰੇ , ਦੇਦੇ ਨਜ਼ਾਰੇ" । ਨਾਲੇ ਬਿਨ ਲੀੜੇਆਂ ਤੋਂ ਕੁੜੀਆਂ ਨੱਚੀ ਜਾਣ ਨਾਲੇ ਗੀਤ ਦੇ ਅਗਲੇ ਟੱਪੇ 'ਚ ਵਿੱਚੇ ਈ ਦੁੱਲੇ ਭੱਟੀ ਆਲਾ ਸੁੰਦਰ ਮੁੰਦਰੀਏ ਆਲ਼ਾ ਗੀਤ ਗਾਤਾ।
ਕੁੜੀ ਦੇ ਜਾਰੋ ਹੋਰ ਤਾਂ ਨਾ ਸਹੀ ਘੱਟੋ ਘੱਟ ਕਿਸੇ ਸੂਰਮੇ ਦਾ ਨਾਂ ਤਾਂ ਬਦਨਾਮ ਨਾ ਕਰੋ। ਅੱਤ ਘਟੀਆ ਕਲਾਕਾਰ ਲੋਕ ਗੀਤਾਂ ਜਹਾਬੇ...ਘੁੱਦਾ

ਵੋਟਾਂ

ਥੋੜ੍ਹੇ ਕ ਦਿਨ ਪਹਿਲਾਂ ਜਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀਆਂ ਦੀਆਂ ਵੋਟਾਂ ਪੈ ਕੇ ਹਟੀਆਂ।
ਆਮ ਖਾਸ ਹਰਿੱਕ ਬੰਦੇ ਨੂੰ ਨਹੀਂ ਪਤਾ ਬੀ ਏਹ ਵੋਟਾਂ ਕਾਹਦੀਆਂ ਜਾਂ ਕਿਮੇਂ ਸੀ। ਡੱਕੇਆ ਮੁਲਖ ਤੇਲ ਨਾ ਬੋਦੀਆਂ ਚੋਪੜ ਕੇ, ਜਾਂ ਟੂਟੀ ਆਲੀਆਂ ਪੱਗਾਂ ਬੰਨ੍ਹਕੇ, ਦਾਹੜੀਆਂ ਊਤ ਦੀ ਢਾਹਠੀਆਂ ਬੰਨ੍ਹਕੇ, ਪਲੇਟਾਂ ਆਲੀਆਂ ਨੈਰੋ ਪੈਟਾਂ ਪਾਕੇ ਸਦੇਹਾਂ ਈ ਪੋਲਿੰਗ ਬੂਥਾਂ ਤੇ ਬੱਜਿਆ।
ਬੋਟਰ ਪਰਚੀਆਂ ਤੇ ਦਹਾਕਿਆਂ ਪੁਰਾਣੇ ਦੋ ਨਿਸ਼ਾਨ ਛਪੇ ਵਏ ਸੀ। ਤੱਕੜੀ ਤੇ ਪੰਜਾ। ਖੱਬੇ ਹੱਥ ਦੀ ਬੋਲੀ ਉਂਗਲ ਤੇ ਸ਼ਿਆਹੀ ਦਾ ਨਿਸ਼ਾਨ ਲਵਾਕੇ ਮੁਲਖ ਵੋਟਾਂ ਪਾਉਂਦਾ ਰਿਹਾ ਬੀ "ਹਮ ਭਾਰਤਵਰਸ਼ ਕੇ ਨਾਗਰਿਕ ਮਤਦਾਨ ਕਾ ਪਰਯੋਗ ਕਰ ਰਹੇ ਹੈਂ"
ਫੇਰ ਅੱਸਰ ਝੋਟੀ ਦੇ ਪਹਿਲੇ ਸੂਏ ਅੰਗੂ ਚੋਣ ਰਿਜ਼ਲਟ ਦੀ 'ਡੀਕ ਕਰੀ ਗਈ। ਚੋਣ ਨਤੀਜੇ ਦੇਹਦੀਂ ਜੰਤਾ ਨੇ ਚੈਨਲ ਬਦਲ ਬਦਲ ਟੀਵੀਆਂ ਦੇ ਰਮੋਟਾਂ ਦੇ ਸਿੱਲ ਡੌਨ ਕਰਤੇ।
ਥੋਡੇ ਸਾਹਮਣੇ ਆ ਪਰਧਾਨ ਗੱਲ ਨੋਟ ਕਰਲਿਓ ਜੇਹੜਾ ਏਹਨਾਂ ਚੋਣਾਂ 'ਚ ਉਮੀਦਵਾਰ ਜਿੱਤਿਆ , ਥੋਨੂੰ ਉਹਦੇ ਤਾਂਈ ਕਦੇ ਕੰਮ ਨੀਂ ਪਊਗਾ।
ਉਹਦੇ ਹੱਥ ਪੱਲੇ ਡੱਕਾ ਨੀਂ ਹੁੰਦਾ ਨਿਰੀ ਸ਼ੂੰ ਫੈਂ ਤੋਂ ਬਿਨਾਂ। ਆਮ ਪੰਚੈਤ ਮੈਂਬਰ ਦੀ ਬੁੱਕਤ ਏਹਦੇ ਨਾਲੋਂ ਵੱਧ ਹੁੰਦੀ ਆ। ਅਸਲ 'ਚ ਏਹ ਵੋਟਾਂ ਸਰਕਾਰਾਂ ਦਾ ਥਰਮਾਮੀਟਰ ਹੁੰਦਾ ਬੀ ਆਹ ਇਲਾਕੇ 'ਚ ਸਾਡੀ ਕਿੰਨੀ ਕ ਵੋਟ ਹੈਗੀ ਆ। ਐਹੇ ਜੀਆਂ ਵੋਟਾਂ ਅਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਹੁੰਦੀਆਂ ਬਸ। । ਹਰੇਕ ਪਿੰਡ 'ਚ ਸਰਕਾਰਾਂ ਦੇ ........ ਪਾਲਸ਼ ਕਰਨ ਆਲੇ ਵੀ ਲਾਜ਼ਮੀ ਹੁੰਦੇ ਆ । ਜੇਹੜੇ ਆਮ ਘਰਾਂ 'ਚ ਪਾਲਟੀਬਾਜ਼ੀ ਜਾਂ ਧੜੇਬੰਦੀ ਕਰਾਕੇ ਘਰਾਂ ਪਾੜਦੇ ਨੇ। ਜਦੋਂ ਲੋਕ ਪੁਰਾਣੇ ਰੋਸੇ ਸ਼ਕੈਤਾਂ ਭੁਲਾਕੇ ਜੰਦਰੇ ਸੁਹਾਗੇ ਜਾਂ ਬਿੜ੍ਹੀ ਸਿੜ੍ਹੀ ਦੀ ਸਾਂਝ ਦਬਾਰੇ ਪਾਉਣ ਲੱਗਦੇ ਨੇ ਓਦੋਂ ਈ ਕੋਈ ਨਾ ਕੋਈ ਵੋਟਾਂ ਆ ਜਾਂਦੀਆਂ । ਘਟੀਆ ਲੋਕਤੰਤਰ ਦੀ ਦੇਣ ਘਟੀਆ ਚੋਣ ਤਰੀਕੇ......ਘੁੱਦਾ

ਮਿੱਟੀ

ਪਹਿਲੋ ਪਹਿਲ ਬੀ.ਸੀ ਆਰ ਲਿਆਉਂਦੇ। ਜੋਗਰਾਜ ਤੇ ਗੁੱਗੂ ਗਿੱਲ ਅਰਗੇ ਧਮੁੱਕ ਮਾਰ ਮਾਰ ਨਾਸਾਂ ਛਿੱਲ ਦਿਆ ਕਰਨ। ਜਦੋਂ ਕੋਈ ਮਰਿਆ ਕਰੇ ਐਕਟਰ ਕੱਕੇ ਰੇਤੇ ਦਾ ਬੁੱਕ ਭਰਕੇ ਸੌਂਹ ਚੱਕਿਆ ਕਰੇ ਬੀ ਕੱਲ੍ਹ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਕੰਢਾ ਖਿੱਚ ਦੇਣਾ। ਆਅਅ ਕੀ ...ਮੰਜਿਆਂ ਤੇ ਪਲਾਥੀਆਂ ਮਾਰਕੇ ਬਹਿ ਜਾਂਦੇ ਬੀ ਹੁਣ ਜ਼ਰਾਕੇ ਪੈਣਗੇ। ਫਿਲਮਾਂ ਦੀ ਘਾਹਣੀ ਜੱਟਬਾਦ ਦਾਲੇ ਘੁਕਦੀ ਰਹਿੰਦੀ।
ਫੇਰ ਬਦਲਦੇ ਦੌਰ 'ਚ ਇੱਕ ਫਿਲਮ ਬਣੀ,"ਮਹਿੰਦੀ ਆਲੇ ਹੱਥ"। ਬਿਨਾਂ ਸ਼ੱਕ ਏਹ ਚੰਗੀ ਫਿਲਮ ਸੀ ਵਧੀਆ ਸਿਨਿਆਂ ਦਿੰਦੀ ਸੀ। ਓਦੂੰ ਬਾਅਦ ਫੇਰ "ਮਿੱਟੀ" ਫਿਲਮ ਬਣੀ। ਗੋਬਿੰਪੁਰੇ, ਟਰਾਈਡੈਂਟ ਜਾਂ ਹੋਰ ਥਾਂਈ ਕਿਰਸਾਨਾਂ ਖਿਲਾਫ ਹੁੰਦੀਆਂ ਵਧੀਕੀਆਂ ਨੂੰ ਬੜੇ ਢੰਗ ਨਾ ਪੇਸ਼ ਕਰਿਆ ਗਿਆ। ਕਿਸਾਨ ਆਗੂਆਂ ਦੇ ਹੁੰਦੇ ਕਤਲ, ਕਿਸਾਨ ਵਰੋਧੀ ਨੀਤੀਆਂ ਦਿਖਾਈਆਂ ਗਈਆਂ। ਪਰ ਬੁੱਧੀਜੀਬੀਆਂ ਦੇ ਚਲੂਣੇ ਲੜੇ ਬੀ ਏਹ ਫਿਲਮ 'ਚ ਗਾਲ੍ਹਾਂ ਬਹੁਤ ਕੱਢਦੇ ਨੇ, ਮੁਲਖ ਨੇ ਵਰੋਧਤਾ ਵੀ ਕਰੀ।
ਪਿੱਛੇ ਜੇ ਗਾਣਾ ਆਇਆ "ਤੈਨੂੰ ਲੈ ਜਾਣਾ ਪੀਪਣੀ ਬਜਾਕੇ"। ਏਥੇ ਜਵਾਕ ਕੋਈ ਨੀਂ ਸਭ ਨੂੰ ਪਤਾ ਬੀ ਏਹੇ ਪੀਪਣੀਆਂ ਕੀਹਨੂੰ ਆਖਦੇ ਨੇ।
ਇੱਕ ਹੋਰ ਗੀਤ ਬੀ ਡਿਮ ਬੱਤੀ ਜਗਦੀ ਛੱਬੋ ਦੇ ਚੁਬਾਰੇ। ਭੈਣ ਦਿਓ ਬੀਰੋ ਡਿਮ ਬੱਤੀ 'ਚ ਕੇਹੜਾ ਛੱਬੋ ਸੈਂਸ ਦੀਆਂ ਪਰੈਟੀਕਲਾਂ ਬਣਾਉਂਦੀ ਆ। ਐਹੇ ਜੇ ਦੋ ਅਰਥੀ ਗੀਤਾਂ ਜਾਂ ਡਾਇਲੌਗਾਂ ਨਾਲੋਂ ਮਿੱਟੀ ਫਿਲਮ 'ਚ ਕੱਢੀਆਂ ਡਰੈਗਟ ਗਾਲ੍ਹਾਂ ਸੌ ਗੁਣਾਂ ਬੇਹਤਰ ਨੇ....ਘੁੱਦਾ

ਸ਼ਰਮ ਹਯਾ ਤੇ ਅਣਖਾਂ

ਥੋਡੇ ਮਿਣਮਾਂ ਤੁਲਮਾਂ ਖਾਂਦੇ ਫਿਟਨੈੱਸ ਹੈ ਸਰੀਰਾਂ ਦੀ
ਸਾਡੀ ਡਲੇਮਾਰ ਜੀ ਜੰਤਾ ਕੱਢੇ ਧੁੱਕੀ ਖੀਰਾਂ ਦੀ
ਅੱਤ ਦੀ ਗਰਮੀ ਮੁਲਖ ਸਾਡੇ ਦਾ ਨੌਹਣ ਤੇ ਜ਼ੋਰ ਕੁੜੇ
ਥੋਡੇ ਏ.ਸੀ ਠੰਢ ਵਰਤਾਉਂਦੇ ਬੰਦ ਰੱਖੋਂ ਡੋਰ ਕੁੜੇ
ਪੱਕੀਆਂ ਭਿੰਡੀਆਂ ਧਰਕੇ ਠੋਕਣ ਪਾਈਆ ਘਿਓ ਕੁੜੇ
ਤੁਸੀਂ ਸੇਬ ਨੂੰ ਐਪਲ ਆਖੋਂ ਸਾਡੇ ਆਖਣ ਸਿਓ ਕੁੜੇ
ਓ ਮਾਈ ਗੌੜ ਜਾ ਕੈਂਹਦੇ ਥੋਡੇ ਪੈਂਦਾ ਸੋਗ ਕਿਤੇ
ਜੰਤਾ ਤਿੰਨ ਪਿੰਡਾਂ ਦੀ ਜੁੜਜੇ ਸਾਡੇ ਪੈਂਦਾ ਭੋਗ ਕਿਤੇ
ਕਿਰਕਿਟ ਟੈਨਿਸ ਖੇਡਣ ਤੇਰੇ ਬੰਨੀਂ ਲੋਕ ਕੁੜੇ
ਬਾਂਦਰ ਕਿੱਲਾ ਈ ਨਾ ਛੱਡਣ ਸਾਡੇ ਆਲ਼ੇ ਬੋਕ ਕੁੜੇ
ਛਾਤੀ ਵੀ ਨਾ ਕੱਜਣ ਲੀੜੇ ਥੋਡੇ ਕੀ ਕਹਿਣੇ ਨੀਂ
ਸ਼ਰਮ ਹਯਾ ਤੇ ਅਣਖਾਂ ਸਾਡੇ ਲੋਕਾਂ ਦੇ ਗਹਿਣੇ ਨੀਂ......ਘੁੱਦਾ

Thursday 6 June 2013

ਛੇ ਜੂਨ

ਦੁਪੈਹਰੇ ਢਲਣ ਲੱਗੇ। ਕੰਧਾਂ ਦੇ ਪਰਛਾਵੇਂ ਲੰਮੇ ਹੁੰਦੇ ਗਏ। ਜਨੌਰਾਂ ਦਾਣਾ ਨਾ ਚੁਗਿਆ ਬਸ ਕਿਸੇ ਅਣਹੋਣੀ ਤੋਂ ਸਹਿਮੇ ਫੰਗਾਂ ਦੀ ਬੁੱਕਲ ਮਾਰ ਆਲ੍ਹਣਿਆਂ 'ਚ ਜਾਗੋਮੀਟੀ ਵਿੱਚ ਪਏ ਰਹੇ। ਤੱਤੀਆਂ ਲੋਆਂ ਦਾ ਬੁੱਲ੍ਹਾ ਸ਼ੂਕਦਾ, ਰੁੱਖਾਂ ਦੇ ਪੱਤੇ ਧਰੀਕ ਕੇ ਡਰਾਉਣੀ 'ਵਾਜ਼ ਪੈਦਾ ਕਰਦਾ ਜਿਮੇਂ ਪਰਲੋ ਦਾ ਸੰਕੇਤ ਦੇਂਦਾ ਹੋਵੇ। ਕੋਈ ਪੱਤਾ ਡਿੱਗਦਾ, ਪਾਣੀ 'ਚ ਗੋਲ ਘਤੇਰਿਆਂ ਦੀ ਲਹਿਰ ਪੈਦਾ ਹੁੰਦੀ। ਫੇਰ ਚੁੱਪ। ਸਤਲੁਜ ਦੇ ਪਾਣੀ ਜਿਮੇਂ ਸਰਾਪੇ ਗਏ ਹੋਣ ਬਸ ਬੇਦਿਲੇ ਜੇ ਵਗਦੇ ਰਹੇ। ਕਲੇਜੇ ਤੇ ਮਣਾਂਮੂੰਹੀਂ ਭਾਰ ਲੈਕੇ ਸੂਰਜ ਜਾ ਸੁੱਤਾ। ਅਗਲੇ ਦਿਨ ਛੇ ਜੂਨ ਸੀ।
ਮੱਸਾ ਰੰਘੜ ਤੇ ਅਬਦਾਲੀ ਸਮੇਂ ਦੇ ਇਤਿਹਾਸ ਦੇ ਵਰਕਣੇ ਫਰੋਲੇ ਗਏ। ਤਾੜ ਤਾੜ ਕਰਦੇ ਗੋਲੇ ਨਿੱਕਲੇ, ਛੇਵੇਂ ਗੁਰੂ ਦੇ ਵਰੋਸਾਏ ਅਕਾਲ ਤਖਤ ਵਿੱਚ ਵੱਜਕੇ ਬਰੂਦ ਫੱਟਦਾ। ਭਾਰਤ ਦੇ ਸੰਵਿਧਾਨ ਵਿੱਚ ਲਿਖਿਆ ਗਿਆ ਕਿ ਟੈਂਕਾਂ ਤੋਪਾਂ ਦੀ ਵਰਤੋਂ ਸਿਰਫ ਓਦੋਂ ਕੀਤੀ ਜਾ ਸਕਦੀ ਆ, ਜਦੋਂ ਕਿਸੇ ਬਿਗਾਨੇ ਦੇਸ਼ ਨਾ ਜੰਗ ਲੱਗੀ ਹੋਵੇ। ਏਥੋਂ ਸ਼ਪੱਸ਼ਟ ਹੁੰਦਾ ਓਦੋਂ ਕਾਂਗਰਸ ਨੇ ਏਹ ਕਾਰਵਾਈ ਪੰਜਾਬ ਨੂੰ ਵੱਖਰਾ ਸਿੱਖ ਰਾਜ ਸਮਝਕੇ ਕੀਤੀ ਸੀ। ਕਈ ਦਲੀਲ ਦੇਂਦੇ ਨੇ ਏਹ ਫੌਜੀ ਕਾਰਵਾਈ ਸੰਤਾਂ ਨੂੰ ਫੜ੍ਹਨ ਖਾਤਰ ਕੀਤੀ ਗਈ। ਚਲੋ ਮੰਨ ਲੈਨੇਂ ਆ। ਪਰ ਪੰਜਾਬ ਦੇ ਬੱਤੀ ਤੇਤੀ ਹੋਰ ਗੁਰੂਘਰਾਂ ਤੇ ਹਮਲਾ ਭਲਾਂ ਕਾਹਤੋਂ ਕੀਤਾ?
ਪਿੰਡੋ ਪਿੰਡ ਖਬਰ ਪੁੱਜੀ। ਝੁਰੜੀਆਂ ਭਰੇ ਬਜ਼ੁਰਗਾਂ ਦੇ ਚਿਹਰੇ ਗ੍ਰਸੇ ਗਏ। ਅੱਖਾਂ ਤੋਂ ਦਾਹੜੀ ਤੱਕ ਆਉਂਦੇ ਆਉਂਦੇ ਅੱਥਰੂ ਵਾਸ਼ਪਿਤ ਹੋ ਜਾਂਦੇ।
ਸਿੱਖ ਕੌਮ ਨੇ ਗਿੱਲੀਆਂ ਅੱਖਾਂ ਨਾ ਦੁਬਾਰਾ ਅਕਾਲ ਤਖਤ ਬਣਾਇਆ। ਹੋਰ ਵੀ ਚੜ੍ਹਦੀ ਕਲਾ 'ਚ। ਨਿੱਤ ਲੱਖਾਂ ਸੰਗਤ ਨਤਮਸਤਕ ਹੁੰਦੀ ਆ ਅੱਜ ਵੀ। ਨਿੱਤ ਔਸਤਨ ਸੱਠ ਹਜ਼ਾਰ ਸੰਗਤ ਲੰਗਰ ਛਕਦੀ ਆ। ਮੱਸਿਆ, ਸੰਗਰਾਦਾਂ ਵੇਲੇ ਏਹ ਗਿਣਤੀ ਤਿੰਨ ਲੱਖ ਹੁੰਦੀ ਆ। ਓਸੇ ਅਕਾਲ ਤਖਤ ਨਿੱਤ ਆਥਣੇ ਨਗਾਰਾ ਵੱਜਦਾ। ਅਕਾਲ ਤਖਤ ਹੁੰਦੀ ਅਰਦਾਸ 'ਚ ਫਿਰਵੀ ਸਰਬੱਤ ਦਾ ਭਲਾ ਮੰਗਿਆ ਜਾਂਦਾ। ਮੀਰੀ ਪੀਰੀ ਦੇ ਜੁੜਮੇਂ ਨਿਸ਼ਾਨ ਸਾਹਬ ਦੇ ਕੇਸਰੀ ਝੰਡੇ ਅੱਜ ਵੀ ਉੱਤਲੀ ਹਵਾ 'ਚ ਬੇਖੌਫ ਝੁਲਦੇ ਨੇ ਜਿਮੇਂ ਲਾਲ ਕਿਲ੍ਹੇ ਤੇ ਟੰਗੇ ਕਿਸੇ ਤਰੰਗੇ ਨੂੰ ਕਹਿੰਦੇ ਹੋਣ,"ਨਿੱਕਿਆ ਬਚ ਕੇ ਰਿਹਾ ਕਰ"...ਘੁੱਦਾ

Monday 3 June 2013

ਮੈਂ ਬੇਦਾਵਾ ਬਣਜਾਂ

ਦਿੱਲੀ ਚਾਂਦਨੀ ਕੋਈ ਚੌਂਕ, ਵੈਰੀ ਹੱਥ ਤਲਵਾਰ
ਭਾਈ ਜੈਤੇ ਹੱਥ ਫੜ੍ਹਿਆ ਕੋਈ ਸੀਸ ਬਣਜਾਂ
ਛੱਡ ਅਨੰਦਪੁਰ ਕਿਲ੍ਹਾ, ਨਦੀ ਸਰਸਾ ਦੇ ਕੰਢੇ
ਵਿਛੜੇ ਹੋਏ ਟੱਬਰ ਦੀ ਮੈਂ ਚੀਸ ਬਣਜਾਂ
ਕੱਚੀ ਗੜ੍ਹੀ ਚਮਕੌਰ, ਪਰ ਹੌਂਸਲੇ ਦੇ ਪੱਕੇ
ਜਿੱਥੇ ਪੁੱਤ ਵੱਡੇ ਲੜੇ ਉਹ ਪਿੰਡ ਬਣਜਾਂ
ਮਾਛੀਵਾੜਾ ਬੀਆਬਾਨ, ਇੱਕ ਖੂਹ ਦੇ ਸੀ ਨੇੜੇ
ਜੋ ਸਰ੍ਹਾਣੇ ਵਜੋਂ ਰੱਖੀ ਉਹੋ ਟਿੰਡ ਬਣਜਾਂ
ਸਰਹੰਦੋਂ ਖਬਰ ਜੋ ਆਵੇ ,ਹੋਗੇ ਨਿੱਕੇ ਪੁੱਤ ਪੂਰੇ
ਤਿੜ੍ਹ ਘਾਹ ਦੀ ਜੋ ਪੁੱਟੇ ਓਹੋ ਨੋਕ ਬਣਜਾਂ
ਏਹਦਾ ਕੈਹੇ ਜਾ ਕਲੇਜਾ ਜੋ ਹੱਥੀਂ ਪੁੱਤ ਵਾਰੇ
ਏਹੋ ਦੰਦ ਕਥਾ ਕਰਦੇ ਜੋ ਲੋਕ ਬਣਜਾਂ
ਹੋਵੇ ਮੁਗਲਾਂ ਦਾ ਨਾਕਾ ਬਣੇ ਉੱਚ ਦਾ ਉਹ ਪੀਰ
ਚੁੱਕੇ ਮੋਢਿਆਂ ਤੇ ਮੰਜੇ ਦਾ ਕੋਈ ਪਾਵਾ ਬਣਜਾਂ
ਰੱਖ ਪੱਟ ਉੱਤੇ ਸਿਰ ਆਪ ਬਾਜਾਂ ਆਲਾ ਪਾੜੇ
ਹੋਵੇ ਢਾਬ ਖਿਦਰਾਣੇ ਦੀ ਮੈਂ ਬੇਦਾਵਾ ਬਣਜਾਂ......ਘੁੱਦਾ

Saturday 1 June 2013

ਅਗਬਾ ਕੇਸ

ਕੇਰਾਂ ਆਹੀ ਦਿਨ ਵਿਸਾਖ ਦੇ ਪਿਛਲੇ ਜੇ ਪੱਖ ਦੇ। ਪਿੜਾਂ ਦਾ ਟੈਮ ਜਾ ਸੀ। ਉਦੋਂ ਪਿੰਡਾਂ ਚ ਜਵਾਕ ਚੱਕਣ ਆਲੇ ਆਉਂਦੇ ਹੁੰਦੇ ਸੀ। ਸਾਡੇ ਆਲਾ ਨਿੱਕਾ ਗਰਨੈਬ ਤੇ ਹੋਰ ਜਬਾਕ ਗਲੀ ਚ ਦਾਵੀ ਦੁੱਕੜੇ ਖੇਡੀ ਜਾਣ। ਜਵਾਕ ਚੱਕਣ ਆਲੇ ਸੇਠਾਂ ਦਾ ਜਵਾਕ ਚੱਕਣ ਆਗੇ ਭਰਾਵਾ। ਸਾਡੇ ਆਲੇ ਦੇ ਕਤਰਾਂ ਕੱਛੀਆਂ ਆਲਾ ਝੱਗਾ ਪਾਇਆ ਤੇ ਤਿੰਨ ਪਾਸੇ ਮੀਢੀਆਂ ਕਰਕੇ ਬਚਾਲੇ ਜੂੜਾ ਕਰਿਆ ਵਾ ਸੀ। ਬਾਹਲਾ ਸੋਹਣਾ ਲੱਗੇ ਸ਼ੱਕਰਪਾਰੇ ਅਰਗਾ ਬੱਗਾ ਬੱਗਾ। ਆਅਅ ਕੀ ਜਵਾਕ ਚੱਕਣ ਆਲੇ ਸਾਡੇਆਲੇ ਨੂੰ ਈ ਲੈਗੇ ਚਾਕੇ ਭੁਲੇਖੇ ਚ। ਅਗਬਾਕਾਰ ਵੈਨ ਜੀ ਚ ਗੱਲਾਂ ਕਰਨ ਹਮ ਅੰਡਰਵੱਲਡ ਕੇ ਆਦਮੀ ਹੈਂ, ਦਾਊਦ ਕੇ ਬੰਦੇ ਹੈਂ। ਸੀਗੇ ਸਾਰੇ ਈ ਪਤੰਦਰ ਨਰੇਗਾ ਆਲੇ । ਸਾਡੇਆਲੇ ਨੂੰ ਐਂ ਹੋਗਿਆ ਬੀ ਬੱਡੇ ਬੰਦੇ ਆ ਮੁੰਬਈ ਕਲਕੱਤੇ ਬੰਨੀਂ ਲਿਜਾਣਗੇ। ਉਹਨਾਂ ਕੰਜਦੇਆਂ ਨੇ ਪੰਦਰਾਂ ਕ ਮਿੰਟਾਂ ਬਾਅਦ ਗੱਡੀ ਭੁੱਚੋ ਲਾਤੀ। ਆਥਣੇ ਜੇ ਮੋਟੇ ਸੰਤਰੇ ਦੇ ਪਿੱਗ ਲਾਕੇ ਅਗਬਾਕਾਰਾਂ ਨੇ ਸਾਡੇ ਘਰੇ ਤਾਰ ਆਲੇ ਫੂਨ ਤੇ ਫੂਨ ਲਾਤਾ। ਕੁਜਰਤੀਏਂ ਤਾਏ ਨੇ ਚੱਕਲਿਆ। ਅਗਬਾਕਾਰ ਗੱਬਰ ਟੈਪ ਫੀਲਿੰਗ ਲੈਕੇ ਕਹਿੰਦਾ "ਆਪਕਾ ਨਿੱਕਾ ਹਮਾਰੇ ਪਾਸ ਹੈ, ਡੂਢ ਲੱਖ ਦੇ ਦੋ ਬਰਨਾ ਆਪਕੋ ਆਪਕਾ ਬੱਚਾ ਨਹੀਂ ਥਿਆਏਗਾ"। ਤਾਏ ਅਰਗੇ ਦੋ ਦੋ ਪਸੇਰੀਆਂ ਅੰਨ ਪਾੜਕੇ ਬੰਬਲਾਂ ਆਲੇ ਖੇਸ ਤਾਣਕੇ ਟੈਮ ਨਾ ਈ ਰਾਮਦਾਰੀ ਨਾ ਪੈਗੇ। ਪਤਾ ਈ ਸੀ ਹੋਣਹਾਰ ਫਰਜ਼ੰਦ ਦਾ। ਹੋਦਰ ਸਾਡੇ ਆਲੇ ਨੂੰ ਕੁੱਟ ਕੁੱਟ ਡੌਂਗਾ ਬਣਾਤਾ ਅਗਲੇਆਂ ਨੇ। ਸਾਡੇਆਲੇ ਨੂੰ ਲੂਰੀਆਂ ਉੱਠਣ, ਕਹਿੰਦਾ ਬਾਈ ਬਣਿਆ ਚਾਹ ਪਾਣੀ ਤਾਂ ਪੁੱਛਲੋ। ਅੱਗੋਂ ਗੁੜ ਦੀਆਂ ਪਕੌੜੀਆਂ ਅਰਗੇ ਦੰਦ ਕੱਢਕੇ ਅਗਬਾਕਾਰ ਕਹਿੰਦਾ ਕਿਮੇਂ ਬੁਰਜਾਂ ਆਲੀ ਭੂਆ ਕੋ ਆਇਆਂ। ਹਾਨੀਸਾਰ ਨੂੰ ਹਾਰਕੇ ਸਾਡੇ ਆਲੇ ਨੇ ਮੱਝ ਜਿੱਡਾ ਕਲੇਜਾ ਕਰਕੇ ਗਾਲਾਂ ਚਲਾਤੀਆਂ ਡਰੈਗਟ ਈ ਅਲਕੈਦਾ ਜਥੇਬੰਦੀ ਆਲੀਆਂ। ਅਗਬਾਕਾਰਾਂ ਦੇ ਨੱਕ ਤੇ ਮੁੜਕਾ ਆਗੇਆ । ਸਾਡੇਆਲੇ ਨੇ ਗਾਲਾਂ ਕੰਨਟੀਨਿਊਜ ਈ ਰੱਖੀਆਂ। ਆਅਅ ਕੀ ਭਰਾਵਾ ਐਮੇਂ ਆਖੀਏ ਚੰਗੇ ਸੀ ਬਚਾਰੇ ਨਾਲੇ ਤਾਂ ਸਾਡੇਆਲੇ ਨੂੰ ਘਰੇ ਛੱਡਕੇ ਗਏ ਨਾਲੇ ਚਾਹ ਪਾਣੀ ਪੀਕੇ ਸੌ ਸੌ ਸਗਨ ਦੇਗੇ...ਘੁੱਦਾ

ਨਾ ਫੁੱਟਾਂ ਗਜ਼ਾਂ ਦਾ ਹਸਾਬ

ਨਾ ਫੁੱਟਾਂ ਗਜ਼ਾਂ ਦਾ ਹਸਾਬ ਕੁੜੇ
ਸਾਡੇ ਮਿਣਦੇ ਕਿੱਲੇ ਕਨਾਲਾਂ ਨੂੰ
ਮੁੱਲ ਤੈਅ ਕਰਦੇ ਨੇ ਫਸਲਾਂ ਦੇ
ਜੇਹਨਾਂ ਵੇਖਿਆ ਨਾ ਖੇਤ ਖਾਲਾਂ ਨੂੰ
ਦਿੱਲੀ ਬਹਿ ਅੰਦਾਜ਼ੇ ਲਾਉਂਦੇ ਨੇ
ਨਿੱਕਲੂ ਐਨਾ ਕ ਐਂਰਕੀ ਝਾੜ ਕੁੜੇ
ਦਹਾਕੇ ਬੀਤਗੇ ਅਈਂ ਗੁਜ਼ਰੇ ਨੇ
ਸਿਰਾਂ ਸਾਡਿਆਂ ਤੋਂ ਜੇਠ ਹਾੜ ਕੁੜੇ
ਚਿੱਟੇ ਵਾਲ ਗਵਾਹ ਨੇ ਉਮਰਾਂ ਦੇ
ਪੱਬ ਚੌੜੇ ਪਾਟੀਆਂ ਬਿਆਈਆਂ ਨੀਂ
ਪੱਗਾਂ ਆਲੇਆਂ ਨੇ ਏਹੇ ਬਚਾਏ ਸੀ
ਜੇਹਨਾਂ ਖੱਦਰ ਟੋਪੀਆਂ ਪਾਈਆਂ ਨੀਂ
ਸੰਨ ਸੰਤਾਲੀ ਚੌਰਾਸੀ ਸਾਨੂੰ ਪਰਖ ਹਟੇ
ਸਮਾਂ ਫੇਰ ਤਿਆਰ ਪਰਤਿਆਉਣ ਲਈ
ਪਰ ਥੋਡੇ ਘਰ ਜਿੰਨਾ ਥਾਂ ਚਾਹੀਦਾ
ਸਾਡੀ ਪੱਗ ਨੂੰ ਸੁੱਕਣੇ ਪਾਉਣ ਲਈ....ਘੁੱਦਾ

ਸਚੁ ਸੁਣਾਇਸੀ

ਤੇਤੀ ਕਰੋੜ ਦੇਵੀ ਦੇਵਤੇ ਨੇ। ਤਕਰੀਬਨ ਇੱਕ ਅਰਬ ਤੀਹ ਕਰੋੜ ਜੰਤਾ । ਜੇ ਤਕਸੀਮ ਕਰਿਆ ਜਾਵੇ ਤਾਂ ਇੱਕ ਦੇਵਤੇ ਨੂੰ ਚਾਰ ਕ ਬੰਦੇ ਆਉਂਦੇ ਆ। ਹਿੰਦੋਸਤਾਨ ਦਾ ਮੁਲਖ ਫੇਰ ਵੀ ਭੁੱਖਾ ਮਰੀ ਜਾਂਦਾ। ਭੁੱਖ ਨਾਲ ਢਿੱਡ ਢੂਈ ਨਾ ਲੱਗਿਆ ਪਿਆ।
ਲੀਲੀਆਂ ਪੱਗਾਂ ਆਲੇ ਕਹਿ ਰਹੇ ਨੇ ਪੰਜਾਬ ਤਰੱਕੀ ਕਰ ਰਿਹਾ। ਪਹਿਲਾਂ ਸ਼ਰਾਬ ਦੀਆਂ ਗਿਆਰ੍ਹਾਂ ਸਨਅਤਾਂ ਸੀ ਐਂਰਕੀ ਉੱਨੀਂ ਹੋਗੀਆਂ। ਵਾਕਏ ਈ ਤਰੱਕੀ ਆ। ਰਫੈਨਰੀ 'ਚ ਹਿੱਸਾ ਪਾਉਣ ਖਾਤਰ ਲਕਸ਼ਮੀ ਮਿੱਤਲ ਅਰਗੇਆਂ ਨੂੰ ਹਜ਼ਾਰਾਂ ਕਰੋੜ ਬਿਨਾਂ ਵਿਆਜ ਤੋਂ ਦਿੱਤੇ ਜਾਂਦੇ ਆ, ਦੂਜੇ ਪਾਸੇ ਟਰੈਟਰ ਲਿਆਉਣ ਖਾਤਰ ਜੱਟ ਨੂੰ ਕਿੱਲੇ ਦੇ ਨੰਬਰ ਦੇਣੇ ਪੈਂਦੇ ਨੇ। ਆਈ. ਪੀ ਐੱਲਾਂ 'ਚ ਯੋਗਰਾਜ ਦੇ ਮੁੰਡੇ ਅਰਗੇ ਚੌਕਾ ਮਗਰੋਂ ਮਾਰਦੇ ਆ ਚੀਅਰ ਗਲਜ਼ ਪਹਿਲਾਂ ਈ ਸ਼ਟਾਟ ਹੋ ਜਾਂਦੀਆਂ। ਕੁੜੀਆਂ ਚਿੜੀਆਂ ਦੇ ਪੱਟ ਦਖਾਕੇ ਖੇਡ ਪਰਮੋਟ ਕਰੀ ਜਾਂਦੀ ਆ। ਹੇਠਲੇ ਲੈਵਲ ਤੋਂ ਰਿਸ਼ਵਤ ਚੱਲਦੀ ਆ। ਜਮਾਂਬੰਦੀ ਦੀ ਫਰਦ ਖਾਤਰ ਸੌ ਦਾ ਨੋਟ ਲੱਗਦਾ ਪੜਦੇ ਜੇ ਨਾਲ। ਹੁਣ ਸਿੱਖਿਆ ਮੰਤਰੀ ਨੇ ਪਰੈਮਰੀ ਸਕੂਲਾਂ ਖਾਤਰ ਕਿਤਾਬਾਂ ਛਪਾਈਆਂ। ਇੱਕ ਕਿਤਾਬ 'ਚ ਗੀਤ ਲਿਖਿਆ ,:ਰੰਨ ਨਾਹ ਕੇ ਛੱਪੜ 'ਚੋਂ ਨਿਕਲੀ ਸੁਲਫੇ ਦੀ ਲਾਟ ਵਰਗੀ" । ਧਰਮਾਂ ਕਰਕੇ ਸ਼ਹੀਦਾਂ ਨਾਲ ਦਰਿਔਤ ਕਰੀ ਜਾਂਦੀ ਆ। ਮਦਰ ਟੈਰੇਸਾ ਨੂੰ ਕੁਲ ਦੁਨੀਆਂ ਜਾਣਦੀ ਆ, ਪਰ ਪਿੰਗਲਿਆਂ ਦੀ ਹੱਥੀਂ ਸੇਵਾ ਕਰਨ ਆਲੇ ਭਗਤ ਪੂਰਨ ਸਿੰਘ ਨੂੰ ਕੋਈ ਨੀਂ ਜਾਣਦਾ। ਫੌਰਨ ਕੰਟਰੀਆਂ 'ਚ ਚੌਥੀ ਜਮਾਤ 'ਚ ਸਾਰਾਗੜ੍ਹੀ ਦੇ ਇੱਕੀ ਸਿੱਖ ਸ਼ਹੀਦਾਂ ਦੀ ਬਹਾਦਰੀ ਦਾ ਲੈਸਨ ਪੜ੍ਹਾਇਆ ਜਾਂਦਾ। ਏਥੇ ਕੋਈ ਜਾਣਦਾ ਈ ਨੀਂ। ਧਰਮੀ ਵਿਤਕਰੇ ਕਰਕੇ ਹਾਲੇ ਤਾਂਈ ਜਲ੍ਹਿਆਂਆਲੇ ਬਾਗ 'ਚ ਊਧਮ ਸਿੰਘ ਦਾ ਬੁੱਤ ਨਹੀਂ ਲਾਇਆ ਗਿਆ।
ਟਾਕੂਏ ਨਾਲ ਛਟੀ ਦਾ ਖੁੰਗੀਆਂ ਆਲਾ ਡੰਡਾ ਘੜਕੇ ਤਰੰਗਾ ਟੰਗਕੇ ਕੋਠੇ ਤੇ ਖੜ੍ਹਾ ਕਰਦੋ। ਲੰਘਦੇ ਵੜਦੇ ਅੱਡੀਆਂ ਜੋੜਕੇ ਤੇ ਪੱਬ ਖੋਲ੍ਹਕੇ ਸਲੂਟ ਮਾਰਿਆ ਕਰੋ। ਮੁਲਖ ਤਰੱਕੀ ਕਰੂ ਨਾਲੇ ਛੁਣਛੁਣਾ...ਘੁੱਦਾ