Thursday 6 June 2013

ਛੇ ਜੂਨ

ਦੁਪੈਹਰੇ ਢਲਣ ਲੱਗੇ। ਕੰਧਾਂ ਦੇ ਪਰਛਾਵੇਂ ਲੰਮੇ ਹੁੰਦੇ ਗਏ। ਜਨੌਰਾਂ ਦਾਣਾ ਨਾ ਚੁਗਿਆ ਬਸ ਕਿਸੇ ਅਣਹੋਣੀ ਤੋਂ ਸਹਿਮੇ ਫੰਗਾਂ ਦੀ ਬੁੱਕਲ ਮਾਰ ਆਲ੍ਹਣਿਆਂ 'ਚ ਜਾਗੋਮੀਟੀ ਵਿੱਚ ਪਏ ਰਹੇ। ਤੱਤੀਆਂ ਲੋਆਂ ਦਾ ਬੁੱਲ੍ਹਾ ਸ਼ੂਕਦਾ, ਰੁੱਖਾਂ ਦੇ ਪੱਤੇ ਧਰੀਕ ਕੇ ਡਰਾਉਣੀ 'ਵਾਜ਼ ਪੈਦਾ ਕਰਦਾ ਜਿਮੇਂ ਪਰਲੋ ਦਾ ਸੰਕੇਤ ਦੇਂਦਾ ਹੋਵੇ। ਕੋਈ ਪੱਤਾ ਡਿੱਗਦਾ, ਪਾਣੀ 'ਚ ਗੋਲ ਘਤੇਰਿਆਂ ਦੀ ਲਹਿਰ ਪੈਦਾ ਹੁੰਦੀ। ਫੇਰ ਚੁੱਪ। ਸਤਲੁਜ ਦੇ ਪਾਣੀ ਜਿਮੇਂ ਸਰਾਪੇ ਗਏ ਹੋਣ ਬਸ ਬੇਦਿਲੇ ਜੇ ਵਗਦੇ ਰਹੇ। ਕਲੇਜੇ ਤੇ ਮਣਾਂਮੂੰਹੀਂ ਭਾਰ ਲੈਕੇ ਸੂਰਜ ਜਾ ਸੁੱਤਾ। ਅਗਲੇ ਦਿਨ ਛੇ ਜੂਨ ਸੀ।
ਮੱਸਾ ਰੰਘੜ ਤੇ ਅਬਦਾਲੀ ਸਮੇਂ ਦੇ ਇਤਿਹਾਸ ਦੇ ਵਰਕਣੇ ਫਰੋਲੇ ਗਏ। ਤਾੜ ਤਾੜ ਕਰਦੇ ਗੋਲੇ ਨਿੱਕਲੇ, ਛੇਵੇਂ ਗੁਰੂ ਦੇ ਵਰੋਸਾਏ ਅਕਾਲ ਤਖਤ ਵਿੱਚ ਵੱਜਕੇ ਬਰੂਦ ਫੱਟਦਾ। ਭਾਰਤ ਦੇ ਸੰਵਿਧਾਨ ਵਿੱਚ ਲਿਖਿਆ ਗਿਆ ਕਿ ਟੈਂਕਾਂ ਤੋਪਾਂ ਦੀ ਵਰਤੋਂ ਸਿਰਫ ਓਦੋਂ ਕੀਤੀ ਜਾ ਸਕਦੀ ਆ, ਜਦੋਂ ਕਿਸੇ ਬਿਗਾਨੇ ਦੇਸ਼ ਨਾ ਜੰਗ ਲੱਗੀ ਹੋਵੇ। ਏਥੋਂ ਸ਼ਪੱਸ਼ਟ ਹੁੰਦਾ ਓਦੋਂ ਕਾਂਗਰਸ ਨੇ ਏਹ ਕਾਰਵਾਈ ਪੰਜਾਬ ਨੂੰ ਵੱਖਰਾ ਸਿੱਖ ਰਾਜ ਸਮਝਕੇ ਕੀਤੀ ਸੀ। ਕਈ ਦਲੀਲ ਦੇਂਦੇ ਨੇ ਏਹ ਫੌਜੀ ਕਾਰਵਾਈ ਸੰਤਾਂ ਨੂੰ ਫੜ੍ਹਨ ਖਾਤਰ ਕੀਤੀ ਗਈ। ਚਲੋ ਮੰਨ ਲੈਨੇਂ ਆ। ਪਰ ਪੰਜਾਬ ਦੇ ਬੱਤੀ ਤੇਤੀ ਹੋਰ ਗੁਰੂਘਰਾਂ ਤੇ ਹਮਲਾ ਭਲਾਂ ਕਾਹਤੋਂ ਕੀਤਾ?
ਪਿੰਡੋ ਪਿੰਡ ਖਬਰ ਪੁੱਜੀ। ਝੁਰੜੀਆਂ ਭਰੇ ਬਜ਼ੁਰਗਾਂ ਦੇ ਚਿਹਰੇ ਗ੍ਰਸੇ ਗਏ। ਅੱਖਾਂ ਤੋਂ ਦਾਹੜੀ ਤੱਕ ਆਉਂਦੇ ਆਉਂਦੇ ਅੱਥਰੂ ਵਾਸ਼ਪਿਤ ਹੋ ਜਾਂਦੇ।
ਸਿੱਖ ਕੌਮ ਨੇ ਗਿੱਲੀਆਂ ਅੱਖਾਂ ਨਾ ਦੁਬਾਰਾ ਅਕਾਲ ਤਖਤ ਬਣਾਇਆ। ਹੋਰ ਵੀ ਚੜ੍ਹਦੀ ਕਲਾ 'ਚ। ਨਿੱਤ ਲੱਖਾਂ ਸੰਗਤ ਨਤਮਸਤਕ ਹੁੰਦੀ ਆ ਅੱਜ ਵੀ। ਨਿੱਤ ਔਸਤਨ ਸੱਠ ਹਜ਼ਾਰ ਸੰਗਤ ਲੰਗਰ ਛਕਦੀ ਆ। ਮੱਸਿਆ, ਸੰਗਰਾਦਾਂ ਵੇਲੇ ਏਹ ਗਿਣਤੀ ਤਿੰਨ ਲੱਖ ਹੁੰਦੀ ਆ। ਓਸੇ ਅਕਾਲ ਤਖਤ ਨਿੱਤ ਆਥਣੇ ਨਗਾਰਾ ਵੱਜਦਾ। ਅਕਾਲ ਤਖਤ ਹੁੰਦੀ ਅਰਦਾਸ 'ਚ ਫਿਰਵੀ ਸਰਬੱਤ ਦਾ ਭਲਾ ਮੰਗਿਆ ਜਾਂਦਾ। ਮੀਰੀ ਪੀਰੀ ਦੇ ਜੁੜਮੇਂ ਨਿਸ਼ਾਨ ਸਾਹਬ ਦੇ ਕੇਸਰੀ ਝੰਡੇ ਅੱਜ ਵੀ ਉੱਤਲੀ ਹਵਾ 'ਚ ਬੇਖੌਫ ਝੁਲਦੇ ਨੇ ਜਿਮੇਂ ਲਾਲ ਕਿਲ੍ਹੇ ਤੇ ਟੰਗੇ ਕਿਸੇ ਤਰੰਗੇ ਨੂੰ ਕਹਿੰਦੇ ਹੋਣ,"ਨਿੱਕਿਆ ਬਚ ਕੇ ਰਿਹਾ ਕਰ"...ਘੁੱਦਾ

No comments:

Post a Comment