Sunday 23 June 2013

ਨੰਗ ਖੇਡ ਕਬੱਡੀ

ਜਦੋਂ ਅਖੰਡ ਪਾਠਾਂ ਵੇਲੇ ਸਿਆਲਾਂ ਦੀਆਂ ਰਾਤਾਂ ਨੂੰ ਪਾਠੀਆਂ ਨੂੰ ਜਗੌਣ ਖਾਤਰ ਮੁੰਡਿਆਂ ਦੀਆਂ ਡਿਓਟੀਆਂ ਲੱਗੀਆਂ ਹੁੰਦੀਆਂ, ਜਦੋਂ ਪਿੰਡ ਆਲੀ ਮਿੰਨੀ ਦੀ ਡਰੈਬਰ ਸੀਟ ਲਿਵੇ ਇੰਜਣ ਤੇ ਜੰਤਾ ਜੁੜਕੇ ਬੈਠੀ ਹੋਵੇ ਜਾਂ ਵਿਆਹਾਂ ਸ਼ਾਦੀਆਂ ਵੇਲੇ ਜਦੋਂ ਮੁਲਖ ਰਲਕੇ ਗੰਢੇ ਸਬਜੀਆਂ ਚੀਰੀ ਜਾਂਦਾ ਹੁੰਦਾ ਓਦੋਂ ਆਹ ਗੱਲਾਂ ਹੁੰਦੀਆਂ ਬੀ ਫਲਾਣੇ ਟੂਰਨਾਮੈਂਟ ਤੇ ਮੂਣਕਾਂ ਦੇ ਗੁਲਜ਼ਾਰੀ ਨੇ ਕਿੰਨੀਆਂ ਰੇਡਾਂ ਕੱਢੀਆਂ ਸੀ, ਕਿਮੇਂ ਹਠੂਰ ਦਾ ਪੱਕੇ ਜੇ ਰੰਗ ਆਲਾ ਮੁੰਡਾ ਏਕਮ ਜੱਫਾ ਲਾਉਦਾ। ਕਿਮੇਂ ਜੰਡ ਆਲਾ ਬਾਜੀ ਗੁੱਟ ਫੜ੍ਹਕੇ ਰੇਡਰ ਨੂੰ ਠੱਲ੍ਹ ਮਾਰਦਾ। ਜਦੋਂ ਸੱਥ 'ਚ ਮੁਲਖ ਭਾਬੀ ਖੇਡਦਾ ਹੁੰਦਾ ਓਦੋਂ ਬਰਾਟ ਕੋਹਲੀ ਜਾਂ ਸ਼੍ਰੀਸੰਥ ਅਰਗੇਆਂ ਦੀਆਂ ਗੱਲਾਂ ਨੀਂ ਹੁੰਦੀਆਂ। ਓਦੋਂ ਚੂਹੜਚੱਕ ਆਲ਼ੇ ਪੱਪੂ ਅਰਗੇ ਜਾਫੀਆਂ ਦੇ ਭਰਮੇਂ ਜੁੱਸਿਆਂ ਦੀ ਗੱਲ ਹੁੰਦੀ ਆ ਜਾਂ ਗਾਜੀਪੁਰੀਏ ਲੱਖੇ ਅਰਗਿਆਂ ਦੀਆਂ ਚੌੜੀਆਂ ਛਾਤੀਆਂ ਦਾ ਜ਼ਿਕਰ ਛਿੜਦਾ। ਜਦੋਂ ਸਿਆਲਾਂ 'ਚ ਚਾਰ ਬੰਦੇ ਕਾਪੀ ਚੱਕਕੇ ਪਿੰਡ 'ਚ ਕਬੱਡੀ ਟੂਰਨਾਮੈਂਟ ਖਾਤਰ ਵਾਸ਼ ਕੱਠੀ ਕਰਨ ਜਾਂਦੇ ਨੇ ਓਦੋਂ ਹਰਿੱਕ ਗਰੀਬ ਗੁਰਬਾ ਟਾਣ ਦੇ ਛਾੜ ਹੇਠੋਂ ਚੱਕਕੇ ਸੌ ਪੰਜਾਹ ਦਾ ਨੋਟ ਦੇਕੇ ਹਿੱਸਾ ਪਾਉਦਾਂ। ਪਿੰਡ ਦੇ ਸਾਂਝੇ ਪੈਸਿਆਂ ਨਾ ਟੂਰਨਾਮੈਂਟ ਕਰਾਇਆ ਜਾਂਦਾ। ਘਿਓਆਂ ਦੇ ਪੀਪੇ ਤੇ ਬੋਲਟਾਂ , ਬਲੈਰੋਆਂ ਨਾ ਚੋਬਰ ਸਨਮਾਨਤ ਕਰੇ ਜਾਂਦੇ ਨੇ । ਆਹ ਹੁੰਦੀਆਂ ਖੇਡਾਂ ਲੋਕਾਂ ਦੀਆਂ।
ਬਾਦਲ ਕਿਆਂ ਨੂੰ ਸਿਨਿਆਂ ਲਾਦਿਓ ਨਿੱਕਾ ਜਾ ਬੀ ਬਾਈ ਬਣਿਆ ਕਬੱਡੀ ਨੂੰ ਕਰੋੜਾਂ ਅਰਬਾਂ ਦੀ ਖੇਡ ਨਾ ਬਣਾਓ , ਏਹਨੂੰ ਰੁਪਇਆਂ 'ਚ ਈ ਰਹਿਣਦੋ। ਕਰੋੜਾਂ 'ਚ ਪੁੱਜਕੇ ਖੇਡ ਖੇਡ ਨਹੀਂ ਰਹਿੰਦੀ ਬਿਜ਼ਨਸ ਬਣ ਜਾਂਦੀ ਆ। ਨੰਗ ਲੋਕਾਂ ਦੀ ਨੰਗ ਖੇਡ ਕਬੱਡੀ....ਘੁੱਦਾ

No comments:

Post a Comment