Friday 21 June 2013

ਮੇਰੇ ਨਾਨਕੇ

ਟੈਲਾਂ ਬੱਤਿਆਂ ਆਲੀ ਛੱਤ ਹੇਠ ਕਣਕਾਂ ਨਾ ਨੱਕੋ ਨੱਕ ਭਰੇ ਢੋਲਾਂ ਕੋਲ ਸਾਡੀ ਨਾਨੀ ਦਾ ਮੰਜਾ ਡੱਠਾ ਹੁੰਦਾ ਸੀ। ਪਾਂਡੋਂ ਮਿੱਟੀ ਦੇ ਵੱਜੇ ਪੋਚਿਆਂ ਦੀ ਹੌਂਕ ਮਗਜ਼ ਨੂੰ ਚੜ੍ਹਦੀ । ਨਿੱਕੀ ਪਲੂੰਘੜੀ ਦੇ ਪਾਵੇਆਂ ਨੂੰ ਰੱਸੇ ਪਾਕੇ ਛੱਤ ਨਾ ਬੰਨ੍ਹਕੇ ਆਰਜ਼ੀ ਜਾ ਪੜਛੱਤਾ ਬਣਾਇਆ ਹੁੰਦਾ ਸੀ। ਨਾਨੀ ਦੀ ਬੈਠਕ ਦੀ ਸਾਹਮਣੀ ਕੰਧ ਤੇ ਬਣੀ ਟਾਣ ਤੇ ਅੱਖਾਂ 'ਚ ਪਾਉਣ ਆਲਾ ਹਰਾ ਦਾਰੂ ਤੇ ਸੁਰਮਚੂ ਪਿਆ ਹੁੰਦਾ ਨਾਲ ਤੇਲ ਨਾਲ ਥਿੰਦਾ ਦੀਵਾ ਤੇ ਕਿਸੇ ਪੁਰਾਣੇ ਸੂਟ ਨੂੰ ਦੇਹੜ ਕੇ ਲਾਈ ਝਾਲਰ ਆਲ਼ੀ ਇੱਕ ਅੱਧੀ ਪੱਖੀ ਪਈ ਹੁੰਦੀ। ਨਾਨੀ ਮੂੰਹੋਂ ਅਸੀਂ ਕਦੇ ਉੱਚਾ ਬੋਲ ਨਹੀਂ ਸੀ ਸੁਣਿਆ। ਝੁਰੜੀਆਂ ਭਰਿਆ ਚੇਹਰਾ , ਕੈਹਰਾ ਜਾ ਸਰੀਰ, ਹੱਥ 'ਚ ਕਿਸੇ ਸੋਟੀ ਦਾ ਸਹਾਰਾ। ਜਦੋਂ ਅਸੀਂ ਸੁਰਤ ਸੰਭਲੇ ਨਾਨੀ ਨੂੰ ਏਮੇਂ ਜਿਮੇਂ ਈ ਵੇਖਿਆ । ਕਣਕਾਂ ਦੇ ਸਿੱਟਿਆਂ ਜਾਂ ਦੂਜੀ ਰੁੱਤੇ ਝੋਨੇ ਦੀਆਂ ਮੁੰਜਰਾਂ ਨਾਲ ਲੱਦੇ ਵਾਹਣਾਂ 'ਚੋਂ ਪਾਣੀ ਚੱਟ ਕੇ ਹਵਾ ਸਿੱਧੀ ਨਾਨੀ ਦੀ ਬੈਠਕ ਵਿੱਚ ਆ ਵੜਦੀ। ਨਾਨੀ ਜਦੋਂ ਘੁੱਦੇ ਆਉਂਦੀ ਤਾਂ ਕਮਰੇ ਦੇ ਜੰਗਲੇ ਕੋਲ ਬਹਿਕੇ ਚਰਖਾ ਕੱਤਦੀ। ਗਰਮੀਆਂ ਦੀਆਂ ਟਿਕੀਆਂ ਦੁਪੈਹਰਾਂ ਨੂੰ ਚਰਖੇ ਦੀ ਘੂਕ ਕੰਧਾਂ ਨਾਲ ਵੱਜ ਦਮ ਤੋੜ ਜਾਂਦੀ ਨਾਲੇ ਨਾਨੀ ਦੇ ਖੱਬੇ ਹੱਥ 'ਚ ਫੜ੍ਹਿਆ ਰੂੰ ਦਾ ਫੰਬਾ ਧਾਗਾ ਬਣ ਜਾਂਦਾ । ਕਰੋਸ਼ੀਆ, ਕਢਾਈ, ਤਰਪਾਈ , ਬੁਣਾਈ ਨਾਨੀ ਦੀਆਂ ਸਰਬੋਤਮ ਕਲਾਕਾਰੀਆਂ ਸੀ। 1947 ਸਮੇਂ ਸਾਡਾ ਨਾਨਕਾ ਪਰਿਵਾਰ ਨਨਕਾਣਾ ਸਾਬ੍ਹ ਦੀ ਧਰਤੀ ਤੋਂ ਖਾਈ ਪਿੰਡ ਛੱਡਕੇ ਚੜ੍ਹਦੇ ਪੰਜਾਬ ਆ ਵਸਿਆ । ਹੁਣ ਫਿਰੋਜ਼ਪੁਰ ਤੋਂ ਪੈਲੇ ਪਾਸੇ ਸਤਲੁਜ ਦੇ ਐਨ ਨੇੜੇ ਪਾਕਿਸਤਾਨ ਦੀ ਕੁੱਛੜੇ ਸਾਡਾ ਨਾਨਕਾ ਪਿੰਡ ਵਸਿਆ। ਪਾਕਿਸਤਾਨ 'ਚ ਨਾਨਕਿਆਂ ਦਾ ਖੁੱਲ੍ਹਾ ਜ਼ਮੀਨ ਭਾਂਡਾ ਸੀ ।
ਦੇਸ਼ ਵੰਡ ਪਿੱਛੋਂ ਦੋਹਾਂ ਦੇਸ਼ਾਂ ਮਾਲ ਵਿਭਾਗ ਦਾ ਰਕਾਡ ਵਟਾ ਲਿਆ । ਓਸੇ ਦੇ ਅਧਾਰ ਤੇ ਨਾਨੇ ਅਰਗੇਆਂ ਨੂੰ ਫਿਰੋਜ਼ਪੁਰ ਲਿਵੇ ਪੰਜਾਹ ਕਿੱਲ੍ਹੇ ਜ਼ਮੀਨ 'ਲਾਟ ਹੋਈ । ਝੋਟੇ ਦੇ ਸਿਰ ਅਰਗੀਆਂ ਪੈਲੀਆਂ ਨੇ ਬੰਦਾ ਪੈਦਾ ਕਰਨ ਆਲ਼ੀਆਂ। ਉੱਨੀ ਸੌ ਘੱਤਰ 'ਚ ਨਾਨੇ ਨੇ ਮੁਕਸਰ ਜੈਂਸੀ 'ਚੋਂ ਠਾਈ ਹਜ਼ਾਰ ਦਾ ਐਂਟਰਨੈਸ਼ਨਲ ਟਰੈਟ ਕਢਾਇਆ । ਠਾਸੀ ਦੇ ਹੜ੍ਹਾਂ ਫੇਰ ਪਰਲੋ ਲਿਆਂਦੀ। ਤਿੰਨ ਚਾਰ ਸਾਲ ਫਸਲ ਰੁੜ੍ਹੀ। ਨਾਨਕੇਆਂ ਦੇ ਕਲੇਜੇ ਜ਼ਹਾਜ਼ੀ ਲੋਹੇ ਦੇ ਬਣੇ ਵਏ ਸੀ। ਕੋਈ ਪਰਵਾਹ ਨਾ ਕਰੀ। ਪੁਰਾਣੇ ਬਜ਼ੁਰਗਾਂ 'ਚ ਜਵਾਕ ਜੱਲੇ ਜੰਮਣ ਦੀ ਟਾਈਮਿੰਗ ਬਾਹਲੀ ਗਲਤ ਸੀ। ਏਸੇ ਕਰਕੇ ਸਾਡਾ ਮਾਮਾ ਸਾਡੀ ਮਾਤਾ ਤੋਂ ਤਕਰੀਬਨ ਪੱਚੀ ਸਾਲ ਵੱਡਾ ਉਮਰ 'ਚ।
ਇੱਕ ਟੈਮ ਰੋਟੀ ਬਿਨ੍ਹਾਂ ਮਾਮਾ ਸਾਰ ਸਕਦਾ ਪਰ ਰੇਡੀਏ ਬਿਨਾਂ ਜਮਾਂ ਨੀਂ । ਕਿੰਗਕਾਂਗ ਤੇ ਦਾਰੇ ਅਰਗੇਆਂ ਨੂੰ ਘੁਲਦਿਆਂ ਮਾਮੇ ਨੇ ਅੱਖੀਂ ਵੇਖਿਆ । ਨਾਨੇ ਨਾਨੀ ਪਿੱਛੋਂ ਨਾਨਕੇ ਦੋ ਕ ਸਾਲ ਬਾਅਦ ਗੇੜਾ ਵੱਜਦਾ ਹੁਣ। ਹੁਣ ਵੀ ਦੋ ਮੋਟਰਾਂ ਵਿਚਾਲੇ ਬਾਣ ਦੇ ਮੰਜੇ ਤੇ ਪਏ ਮਾਮੇ ਸਿਰਹਾਣੇ ਪਏ ਰੇਡੀਏ ਦੇ ਸਪੀਕਰ 'ਚੋਂ ਕਾਲਜੇ ਦੀ ਹੂਕ ਅਰਗਾ ਆਹੀ ਗੀਤ ਨਿਕਲਦਾ
"ਸਾਥੋ ਬਾਬਾ ਖੋਹ ਲਿਆ ਤੇਰਾ ਨਨਕਾਣਾ"....ਘੁੱਦਾ

No comments:

Post a Comment