Sunday 23 June 2013

ਗੀਤਾਂ ਆਲੇਓ

ਇੱਟ ਪਿੱਲੀ ਗਾਰੇ ਦੀ ਚਿਣਾਈ ਲਿਖਿਓ
ਦੋ ਗਾਡਰਾਂ ਤੇ ਡਾਟ ਫਰਮੇ ਦੀ ਲਾਈ ਲਿਖਿਓ
ਚਿੱਟੀ ਕਲੀ ਨਾ ਕਰੀ ਵੀ ਰੰਗਾਈ ਲਿਖਿਓ
ਤੂੜੀ ਰਲਾ ਘਾਹਣੀ ਕੋਠੇ ਲਾਈ ਲਿਖਿਓ
ਮੀਂਹ ਵਰ੍ਹਦੇ 'ਚ ਵਗਦੇ ਘਰਾਲ ਲਿਖਿਓ
ਗੀਤਾਂ ਆਲੇਓ ਸਾਡਾ ਵੀ ਕਦੇ ਹਾਲ ਲਿਖਿਓ

ਪੱਕੀ ਜਵਾਰ ਦਾ ਬਾਂਹ ਤੇ ਪਿਆ ਚੀਰ ਲਿਖਿਓ
ਬੂਹੇ ਓਹਲੇ ਖਲੋਤੀ ਰੋਂਦੀ ਹੀਰ ਲਿਖਿਓ
ਬੱਲੀ ਕਣਕ ਦਾ ਪਸੂ ਮੂੰਹ ਕਸੀਰ ਲਿਖਿਓ
ਜ਼ਰੂਰ ਮਸ਼ੂਕ ਦਾ ਕੋਮਲ ਸਰੀਰ ਲਿਖਿਓ
ਪਰ ਕੰਘੀਆਂ ਨੂੰ ਤਰਸਦੇ ਵਾਲ ਲਿਖਿਓ
ਗੀਤਾਂ ਆਲੇਓ ਸਾਡਾ ਵੀ ਕਦੇ ਹਾਲ ਲਿਖਿਓ

ਸਾਡੇ ਲਹੂ ਦੀ ਵੀ ਗਰਮ ਤਸੀਰ ਲਿਖਿਓ
ਕੁੱਤੀ ਚੋਰਾਂ ਦੀ ਬਣੀ ਵਜ਼ੀਰ ਲਿਖਿਓ
ਸੱਪ ਲੰਘੇ ਤੋਂ ਰਹੇ ਕੁੱਟਦੇ ਲਕੀਰ ਲਿਖਿਓ
ਛੇ ਜੂਨ ਦੀ ਵੀ ਚੰਦਰੀ ਤਰੀਕ ਲਿਖਿਓ
ਜੱਗੋਂ ਤੇਰ੍ਹਮਾਂ ਚੌਰਾਸੀ ਜੇਹਾ ਸਾਲ ਲਿਖਿਓ
ਗੀਤਾਂ ਆਲੇਓ ਸਾਡਾ ਵੀ ਕਦੇ ਹਾਲ ਲਿਖਿਓ

ਬਸ਼ੱਕ ਮੋਟਰਾਂ ਤੇ ਖੁੱਲ੍ਹਦੇ ਵੀ ਡੱਟ ਲਿਖਿਓ
ਪਰ ਓਸੇ ਖੂਹੇ ਲਮਕਦਾ ਕੋਈ ਜੱਟ ਲਿਖਿਓ
ਚੱਲੇ ਏ.ਸੀ ਠੰਡੀ ਬਾਣੀਏ ਦੀ ਹੱਟ ਲਿਖਿਓ
ਜੀਹਤੇ ਆਇਆ ਨਾ ਖਰੀਂਡ ਓਹੋ ਫੱਟ ਲਿਖਿਓ
ਚਿਹਰੇ ਹੱਸਦੇ ਦਿਲਾਂ 'ਚ ਪਿਆ ਕਾਲ ਲਿਖਿਓ
ਗੀਤਾਂ ਆਲੇਓ ਸਾਡਾ ਵੀ ਕਦੇ ਹਾਲ ਲਿਖਿਓ.......ਘੁੱਦਾ

No comments:

Post a Comment