Wednesday 26 August 2015

ਪੇਂਡੂ ਬੀਬੀਆਂ

ਸਹਿਜਤਾ, ਸਾਦਗੀ, ਵਹਿਮ, ਡਰ,ਦਲੇਰੀ ਤੇ ਹੋਰ 'ਨੇਕਾਂ ਗੁਣਾਂ ਦਾ ਸੁਮੇਲ ਹੁੰਦੀਆਂ ਨੇ ਪੇਂਡੂ ਬੀਬੀਆਂ। ਨਿੱਕੀ ਬੂਟੀ ਦੇ ਸੀਤੇ ਕਫਾੰ ਆਲੇ ਕਮੀਜ਼, ਪੌਂਚਿਆਂ ਤੋਂ ਟੰਗੀ ਸਲਵਾਰ, ਗੁੱਛੂ ਕਰਕੇ ਸਿਰਤੇ ਧਰੀ ਚੁੰਨੀ, ਚੌਂਹ ਚੌਂਹ ਜਵਾਕਾਂ ਨੂੰ ਦੁੱਧ ਚੁੰਘਾ ਚੁੰਘਾ ਕੇ ਠਾਂਹ ਨੂੰ ਪਲਮੀਆਂ ਛਾਤੀਆਂ ਤੇ ਵੱਡੇ ਘੇਰੇ ਦੀਆਂ ਬਾਲੀਆਂ ਨਾਲ ਢਿਲਕੀ ਕੰਨ ਦੀ ਪੇਪੜੀ। ਏਹ ਰੂਪ ਰੇਖਾ ਹੁੰਦੀ ਆ।
ਜਵਾਕਾਂ ਨੂੰ 'ਬਿੱਲੋ' 'ਮਿੱਠੂ' ਜਾੰ 'ਰਾਜੇ' ਆਖ ਬੁਲਾਉਦੀਆਂ ਨੇ। ਘਰੇ ਜੰਮੀ ਧੀ ਨਾਲ ਈ ਏਹਨਾਂ ਦੇ ਫਿਕਰ ਜੰਮ ਪੈਂਦੇ ਨੇ। ਏਹਨਾਂ ਫਿਕਰਾਂ ਦਾ ਸੰਸਾ ਨਹੀਂ ਸਗਮਾਂ ਚਾਅ ਹੁੰਦਾ। ਨੇੜ ਨਿਗਾਹ ਦੀ ਐਨਕ ਲਾਕੇ ਖੇਸਾਂ ਦੇ ਬੰਬਲ ਵੱਟਣੇ, ਟਰੰਕਾਂ ਪੇਟੀਆਂ ਦੇ 'ਛਾੜਾੰ ਦੀ ਕੰਨੀਂ ਤੇ ਕਰੋਸ਼ੀਆ ਕਰਨਾ, ਪੁਰਾਣੇ ਸੂਟਾਂ ਨੂੰ ਦੇੜ੍ਹ ਕੇ ਪੱਖੀਆੰ ਦੀ ਝਾਲਰ ਲਾਓਣੀ, ਛੱਜ ਲਾਕੇ ਦਾਣਿਆਂ 'ਚੋਂ ਘੁੰਢੀਆਂ ਕੱਢਣੀਆਂ, ਛਾਣੀ ਤੂੜੀ ਦੀ ਰੀਣ ਗੋਹੇ 'ਚ ਮਲੋ ਕੇ ਪਾਥੀਆਂ ਪੱਥਣੀਆਂ, ਵਿਲ੍ਹੀਆੰ ਕੱਢਕੇ ਸਿਰੀਂ ਤੇਲ ਝੱਸਣੇ ,ਨਮੂਨਾ ਦੇਖਕੇ ਸਲਾਈਆਂ ਨਾਲ ਪੱਛਮ ਦੇ ਕੁੰਡੇ ਪਾਕੇ ਸਵੈਟਰ ਉਨਣੇ, ਵਾਣ ਦੇ ਸੂਤ ਦੇ ਡੱਬੀ ਪਾਕੇ ਮੰਜੇ ਬੁਨਣੇ ਏਹਨ੍ਹਾਂ ਬੀਬੀਆਂ ਦੇ ਨਿੱਕੇ ਨਿੱਕੇ ਸ਼ੌਂਕ ਹੁੰਦੇ ਨੇ।
ਪੰਜ਼ੀਰੀਆੰ,ਪਿੰਨੀਆੰ ਤੇ ਹੋਰ ਨਿੱਕ ਸਿੱਕ ਦੀਆਂ ਰੈਸਪੀਆਂ ਏਹਨਾਂ ਦੇ ਜ਼ਿਹਨ 'ਚ ਫਿੱਟ ਹੁੰਦੀਆੰ ਨੇ।  ਅੰਤ ਤੀਕ ਏਹਨਾੰ ਦੀ ਸੁਤਾ ਪੇਕਿਆਂ 'ਚ ਰਹਿੰਦੀ ਆ, ਸਾਹਵੀਂ ਸਾਹ ਲੈਂਦੀਆਂ। ਦੇਗ ਵੰਡਦੇ ਗ੍ਰੰਥੀ ਤੋਂ , ਕੁੱਛੜ ਚੁੱਕੇ ਪੋਤੇ ਦਾ ਵੰਡਾ ਮੰਗਣ ਆਲੀਆੰ ਏਹ ਬੀਬੀਆੰ ਸੱਭਿਆਚਾਰਕ ਰਹੁ ਰੀਤਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਂਦੀਆੰ ਨੇ। ਜਿਓਦੀਆੰ ਵੱਸਦੀਆੰ ਰਹਿਣ ਬੀਬੀਆੰ....ਘੁੱਦਾ

ਗੁਰਦਾਸ ਮਾਨ।

ਮਾਲਵੇ ਦੇ ਟਿੱਬਿਆੰ ਦੀ ਪੈਦਾਇਸ਼ ਗੁਰਦਾਸ ਮਾਨ। ਤੀਹ ਸਾਲ ਪਹਿਲਾਂ ਵੀ ਓਹੀ ਅਵਾਜ਼ ਤੇ ਅੱਜ ਵੀ ਓਹੀ ਬੋਲ।ਰਜਾਈਆੰ 'ਚ ਬਹਿਕੇ ਨਵੇੰ ਸਾਲ ਦਾ ਪ੍ਰੋਗਰਾਮ ਵੇਂਹਦਿਆੰ ਹਰੇਕ ਬੰਦਾ ਗੁਰਦਾਸ ਮਾਨ ਦਾ ਗੀਤ 'ਡੀਕਦਾ। ਮਸ਼ਹੂਰ ਹੋਣਾ ਸੌਖਾ ਹੁੰਦਾ ਪਰ ਮਸ਼ਹੂਰੀ 'ਚ ਟਿਕੇ ਰਹਿਣਾ ਬਹੁਤ ਔਖਾ ਕੰਮ ਆ। ਪਿਛਲੇ ਤਿੰਨ ਚਾਰ ਸਾਲਾਂ ਤੋੰ ਹਰਿੱਕ ਏਹੀ ਆਖਦਾ ਬੀ ਗੁਰਦਾਸ ਮਾਨ ਨਕੋਦਰ ਜਾਦਾਂ, ਸੌ ਸੌ ਗਾਹਲਾੰ ਕੱਢਦਾ ਮੁਲਖ। 
ਸਿਰੇ ਤੋੰ ਸਿਰਾ ਗੀਤ ਲਿਖੇ ਗਾਏ ਨੇ ਗੁਰਦਾਸ ਮਾਨ ਨੇ। ਅਸੀਂ ਓਹਦੇ ਗੀਤਾੰ ਨੂੰ ਨਹੀਂ ਦੇਖਦੇ ਬੱਸ ਇੱਕੋ ਗੱਲ ਦੱਬੀ ਆਓਣੇ ਆ ਬੀ ਨਕੋਦਰ ਕਾਹਤੋੰ ਜਾਦਾਂ। ਆਪਾੰ ਬਾਬੇ ਨਾਨਕ ਦੇ ਪੈਰੋਕਾਰ ਆਂ, ਗੁਰਦਾਸ ਮਾਨ ਦੇ ਨਹੀਂ। ਮੰਨ ਲਿਆ ਨਕੋਦਰ 'ਚ ਕੱਠ ਗੁਰਦਾਸ ਮਾਨ ਕਰਕੇ ਹੁੰਦਾ ਪਰ ਗੁਰਦਾਸ ਮਾਨ ਸਰਸੇ ਆਲੇ ਬਾਬੇ ਕੋਲ ਕਿਹੜਾ 'ਖਾੜੇ ਲਾਕੇ ਆਉਂਦਾ। ਸਰਸੇ ਆਲੇ ਮਗਰ ਤਾੰ ਨਕੋਦਰ ਤੋਂ ਵੀ ਵੱਧ ਜੰਤਾ ਲੱਗੀ ਆ ਫਿਰ। ਟੱਬਰ 'ਚ ਬਹਿਕੇ ਸੁਣਿਆ ਜਾ ਸਕਦਾ ਗੁਰਦਾਸ ਮਾਨ ਨੂੰ। ਕਾਰ ਗੱਡੀ 'ਚ ਜਾਂਦੇ ਹੋਈਏ ਤਾੰ ਤਾਏ ਅਰਗੇ ਹਜੇ ਵੀ ਕਹਿ ਦੇਦੇਂ ਆ,"ਗੁਰਦਾਸ ਮਾਨ ਦੇ ਗੀਤ ਹੈਗੇ ਤਾਂ ਲਾਲਾ, ਨਹੀਂ ਰਹਿਣਦੇ"।
ਬੂਟਾ ਸਿੰਘ, ਵਾਰਿਸ ਸ਼ਾਹ, ਦੇਸ ਹੋਇਆ ਪਰਦੇਸ 'ਚ ਸਿਰਾ ਲਾਇਆ ਬੰਦੇ ਨੇ। ਓਨੀ ਤਾੰ ਆਪਣੀ ਉਮਰ ਨੀੰ ਹੋਣੀ ਜਿੰਨੀਆੰ ਉਹਦੀਆੰ ਕੈਸਟਾੰ ਆਈਆਂ। ਓਹਨੂੰ ਗਾਹਲਾੰ ਕੱਢਣ ਤੋਂ ਪਹਿਲਾਂ ਆਵਦੇ ਅੰਦਰ ਝਾਤ ਮਾਰੋ ਕਿ ਅਸੀੰ ਕੀ ਕੀਤਾ ਪੰਜਾਬੀ ਬੋਲੀ ਲਈ। ਸੌ 'ਚੋਂ ਦਸ ਟਰੱਕਾੰ ਤੇ ਹੁਣ ਵੀ ਮਾਨ ਦਾ ਗੀਤ ਲਿਖਿਆ ਹੁੰਦਾ," ਸਰਬੰਸਦਾਨੀਆੰ ਵੇ ਦੇਣਾ ਕੌਣ ਦੇਊਗਾ ਤੇਰਾ"।.....ਘੁੱਦਾ

ਸਾਂਭਕੇ ਪੰਜਾਬ ਰੱਖਿਓ--3

ਅੱਕ, ਬੂੰਈਂ, ਮਲ੍ਹੇ ਤੇ ਕਰੀਰ ਦੱਸਿਓ
ਰੋਹਬ, ਤਾਅ ,ਅਣਖ, ਜ਼ਮੀਰ ਦੱਸਿਓ
ਧੌਣ, ਮੁਰਚਾ, ਖੁੱਚ ਨਾਲੇ ਮੌਰ ਦੱਸਿਓ
ਰੋਸਾ, ਗੁੱਸਾ, ਅਦਰੇਵਾਂ ਨਾਲੇ ਗੌਰ ਦੱਸਿਓ
ਆਸਾਂ, ਸਧਰਾਂ, ਜਾਗਦੇ ਖੁਆਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

ਮਿਆਣੀ, ਤੀਰਾ, ਕਫ ਨਾਲੇ ਕਾਜ ਦੱਸਿਓ
ਬਟੇਰੇ, ਤਿੱਤਰ, ਗਟਾਰ ਨਾਲੇ ਬਾਜ਼ ਦੱਸਿਓ
ਟੱਬਰ, ਸ਼ਰੀਕਾ, ਕੁੱਲ ਤੇ ਮਹੈਣ ਦੱਸਿਓ
ਪਸਾਰ, ਸੁੰਢ, ਮੁਸਲੀ, ਜਵੈਣ ਦੱਸਿਓ
ਚੇਤੇ ਜੇਹਲਮ, ਰਾਵੀ ਤੇ ਝਨਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

ਛਿੱਬੀ, ਮਿਹਣਾ, ਨਿਹੋਰਾ, ਅਹਿਸਾਨ ਦੱਸਿਓ
ਲਾਸ, ਸੁੱਬੀ, ਰੱਸਾ ,ਮੁੰਜ ਵਾਣ ਦੱਸਿਓ
ਮੌਜਾ, ਖੋਸਾ, ਜੁੱਤੀ, ਗੁਰਗਾਬੀ ਦੱਸਿਓ
ਸ਼ਰਦਈ, 'ਸਮਾਨੀ, ਜਾਮਣੀ ,ਗੁਲਾਬੀ ਦੱਸਿਓ
ਚੇਤੇ ਫਤਹਿ, ਸਤਿ ਸ੍ਰੀ ਅਕਾਲ ਤੇ ਅਦਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

ਕਿਆਰਾ, ਓੜਾ, ਵੱਟ ਤੇ ਸਿਆੜ ਦੱਸਿਓ
ਝੇਡ, ਮਸ਼ਕਰੀ, ਝਿੜਕ ਤੇ ਲਾਡ ਦੱਸਿਓ
ਕਲੀਹਰੇ, ਚੂੜਾ, ਵੰੰਗ ਨਾਲੇ ਕੜਾ ਦੱਸਿਓ
ਬਨੇਰਾ, ਚੌਂਤਰਾ, ਕੰਧੋਲੀ ਨਾਲੇ ਥੜ੍ਹਾ ਦੱਸਿਓ
ਡੇਰੇ, ਨਸ਼ਿਆਂ ਤੇ ਪਾਕੇ 'ਘੁੱਦੇ' ਦਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

ਜੌਂ, ਬਾਜਰਾ, ਨਰਮਾ, ਕਪਾਹ ਦੱਸਿਓ
ਭਾਨੀ, ਚੁਗਲੀ, ਰਾਇ ਤੇ ਸਲਾਹ ਦੱਸਿਓ
ਪਰੀਹੇ, ਮੇਲ, ਮੁਕਲਾਵਾ, ਮੁਕਾਣ ਦੱਸਿਓ
ਚਾਅ, ਹੌਂਸਲਾਂ, ਹੰਕਾਰ ਨਾਲੇ ਮਾਣ ਦੱਸਿਓ
ਇੱਕੋ ਗੁਰੂ ਉੁੱਤੇ ਟੇਕ ਗ੍ਰੰਥ ਸਾਬ੍ਹ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

Monday 10 August 2015

ਉੱਦਮੀ ਊਧਮ

ਆਵਦੇ ਦੇਸ਼ 'ਚ ਬੰਦਾ ਫਾਂਸੀ ਚੜ੍ਹੇ ਤਾੰ ਸੈਂਕੜੇ ਸਮੱਰਥਕ ਜੇਲ੍ਹ ਦਾਲੇ ਬੈਠੇ ਹੁੰਦੇ ਨੇ। ਸਦਕੇ ਓਸ ਮਹਾਨ ਪੰਜਾਬੀ ਦੇ ਜੇਹੜਾ ਸੱਤ ਬਿਗਾਨੇ ਦੇਸ਼ 'ਚ 1940 ਨੂੰ ਜਾ ਫਾਂਸੀ ਚੜ੍ਹਿਆ। ਸਗਮਾਂ ਦੇਸ਼ ਦੇ ਰੋਡੇ ਮੋਹਰੀਆਂ ਨੇ ਊਧਮ ਸਿੰਘ 'ਚ ਈ ਨੁਕਸ ਕੱਢਿਆ। ਰਾਤੀਂ ਹੋਈ ਲੜਾਈ ਨੂੰ ਬੰਦਾ ਤੜਕੇ ਤਾਂਈ ਭੁੱਲਕੇ ਫੇਰ ਓਹੋ ਜਾ ਹੋ ਜਾਂਦਾ। 
ਇੱਕੀ ਸਾਲ ਦਾ ਸਮਾਂ ਬਹੁਤ ਹੋ ਜਾਂਦਾ। ਦੋ ਦਹਾਕੇ ਤੇ ਇੱਕ ਸਾਲ। ਪਰ ਓਹ ਨਾ ਭੁੱਲਿਆ।
ਵਾਰਾਂ, ਕਿਤਾਬਾਂ, ਗੀਤਾਂ, ਫਿਲਮਾਂ ਰਾੰਹੀ ਓਹ ਮਹਾਨ ਸੂਰਮੇ ਜਿਓਂਦੇ ਈ ਰਹਿਣਗੇ। ਸਮੇੰ ਦਾ ਲਫੇੜਾ ਵੱਜਿਆ ਤਾਂ ਸਾਰਿਆੰ ਨੇ ਵਾਰੋ ਵਾਰੀ ਦੁਨੀਆੰ ਤੋੰ ਤੁਰੇ ਜਾਣਾ। ਪਰ ਬਾਈ ਊਧਮ ਸਿੰਘ ਹੋਣਾਂ ਨੇ ਦਿਨੋੰ ਦਿਨ ਗੱਭਰੂ ਹੁੰਦੇ ਜਾਣਾਂ । ਜਿਵੇਂ ਜੰਮਣ ਵੇਲੇ ਮਿਲੀ ਅਸੀਸ ਏਹਨਾਂ ਨੂੰ ਪੱਕੀ ਲੱਗਗੀ ਹੋਵੇ ,"ਪੁੱਤ ਜਿਓਂਦਾ ਰਹਿ"......ਘੁੱਦਾ

ਜਗਨਨਾਥ ਪੁਰੀ


ਜਗਨਨਾਥ ਪੁਰੀ ਤੇ ਕਦੇ ਸ਼ਹਿਰ ਮੱਕਾ
ਬਾਬਾ ਜਿੱਤਿਆ ਜਿੱਥੇ ਜ਼ਿਰਾਹ ਹੋਵੇ
ਇਸ਼ਕ ਤੈਰਦਾ ਨਹੀੰ ਸਿਰਫ ਕੱਚਿਆਂ ਤੇ
ਆਰਿਆਂ ਹੇਠ ਵੀ ਏਹ ਜ਼ਿਬਾਹ ਹੋਵੇ
ਨਿੱਜ ਜੰਮੜੇ ਪਿਓ ਦੀ ਫੜ੍ਹਨ ਦਾਹੜੀ
ਜਿਓੰਦੇ ਜੀਅ ਫੇਰ ਬੰਦਾ ਸਵਾਹ ਹੋਵੇ
ਭੈਣ ਭਰਾ ਨੂੰ 'ਬਰੋ' ਤੇ 'ਦੀ' ਕਹਿੰਦੇ
ਕੌਣ ਪੰਜਾਬੀਏ ਨੀਂ ਖੈਰ ਖਵਾਹ ਹੋਵੇ
ਦਿਲ ਤਿੜਕੇ ਨੂੰ ਵੈਦ ਜਵਾਬ ਦੇਜੇ
ਪਾਟੇ ਚੰਮ ਦੀ ਤਾਂ ਸੌ ਦਵਾ ਹੋਵੇ
ਘਰ ਘਰ ਫੇਰ ਐਸੇ ਪੁੱਤ ਜੰਮਣ 
ਦੁੱਲੇ ਊਧਮ ਜਿਹਾ ਸੁਭਾਅ ਹੋਵੇ 
ਸਾਰਾਗੜ੍ਹੀ ਤੇ ਗੜ੍ਹੀ ਚਮਕੌਰ ਚੇਤੇ
ਮਰਕੇ ਜਿਓਣ ਦਾ ਜਿੱਥੇ ਚਾਅ ਹੋਵੇ
ਸਾਡੀ ਕੌਮ 'ਚ ਘੁੱਦੇ ਥਬ੍ਹਾਕ ਬਣਜੇ
ਇੱਕੋ ਆਗੂ ਤੇ ਇੱਕੋ ਰਾਹ ਹੋਵੇ
ਵਿਛੋੜ ਸੁੱਟਿਆ ਯਾਰਾਂ ਪਰਿਵਾਰਾਂ ਨੂੰ
ਦਰਿਆ ਸਰਸਾ ਭਾਵੇਂ ਝਨਾ ਹੋਵੇ

ਨਿਆਂ ਆਲੀ ਬੁੜ੍ਹੀ

ਸਕੂਲੀ ਸਿਲੇਬਸ 'ਚ ਸਮਾਜਿਕ ਸਿੱਖਿਆ ਦੇ ਵਿਸ਼ੇ 'ਚ ਕਵਾਚਨ ਆਓਂਦਾ ਹੁੰਦਾ ਸੀ ਅਕੇ,"ਭਾਰਤ ਭਿੰਨਤਾਵਾੰ ਭਰਿਆ ਦੇਸ਼ ਹੈ, ਫੇਰ ਵੀ ਏਥੇ ਏਕਤਾ ਹੈ", ਏਸ ਕਥਨ ਤੇ ਚਾਨਣਾ ਪਾਓ"। ਏਹਦਾ ਜਵਾਬ ਲਿਖਦੇ ਹੁੰਦੇ ਸੀ ਬੀ ਏਥੇ ਕੁੱਲ ਧਰਮਾਂ ਦੇ ਲੋਕ ਇੱਕਜੁੱਟ ਹੋਕੇ ਰਹਿੰਦੇ ਹਨ ਤਾੰ ਕਰਕੇ ਭਾਰਤ ਇੱਕਜੁੱਟ ਆ। ਪਰ ਜਦੋਂ ਚੱਜ ਨਾਲ ਸੁਰਤ ਸੰਭਲੇ ਫੇਰ ਪਤਾ ਲੱਗਾ ਓਹ ਕਿਤਾਬਾੰ ਝੂਠੀਆੰ ਸੀ।
ਤਾਮਿਲ ਲੋਕ ਲਿੱਟੇ ਦੇ ਸਮੱਰਥਕ ਨੇ ਜਿਨ੍ਹਾਂ ਨੁੇ ਰਾਜੀਵ ਨੂੰ ਗੁੱਗਲ ਦਿੱਤੀ ਸੀ। 'ਤਾਹਾਂ ਆਜਾ। ਗੁਜਰਾਤ ਨੇ ਮੁਸਲਮਾਨ ਟੁੱਕਤੇ ਹੁਣ ਸਿੱਖ ਕਿਰਸਾਨਾਂ ਦੇ ਲੀੜੇ ਚਕਾਉਣ ਨੂੰ ਫਿਰਦੇ ਨੇ। ਸੱਜੇ ਬਗਜਾ। ਛੱਤੀਸਗੜ੍ਹ ਦੇ ਨਕਸਲੀ ਗਰਦਾਨੇ ਲੋਕ ਜੰਗਲ ਪਾਣੀ ਜਾਣ ਲੱਗੇ ਵੀ ਸੰਤਾਲੀ ਨਾਲ ਰੱਖਦੇ ਨੇ। ਫੌਜੀ ਵੀ ਮਾਰੇ ਜਾੰਦੇ ਨੇ ਤੇ ਨਕਸਲੀ ਵੀ। ਸੌਹਰਾ 'ਸ਼ਹੀਦ' ਲਫ਼ਜ਼ ਈ ਕਨਫਿਊਜ਼ ਹੋ ਗਿਆ ਬੀ ਕੀਹਦੇ ਨਾਂ ਮੂਹਰੇ ਲੱਗਾਂ। ਹੋਰ ਓਧਰ ਬਗਜਾ। ਪੂਰਬੀ ਸਟੇਟਾੰ 'ਚ ਵੀ ਹਿੰਦ ਸਰਕਾਰ ਸਾਰੇ ਕਿਤੇ ਲੂਤ ਲੂਤ ਕਰਦੀ ਫਿਰਦੀ ਆ। ਕਸ਼ਮੀਰ ਤਾਂ ਫੋੜਾ ਈ ਬਣਿਆ ਵਾ ਭਰ ਜਾਦਾਂ ਫਿੱਸ ਜਾਂਦਾ। 'ਚਰਜ ਤਾਂ ਏਸ ਗੱਲ ਦਾ ਬੀ ਤਾਂ ਏਕਤਾ ਕਿੱਥੇ ਆ ਭਾਰਤ 'ਚ, ਜੇਹੜੀ ਕਿਤਾਬਾਂ 'ਚ ਪੜ੍ਹੀ ਸੀ।
ਅਦਾਲਤਾਂ 'ਚ ਓਹ ਬੁੜ੍ਹੀ ਦੀ ਫੋਟੋ ਲੱਗੀ ਹੁੰਦੀ ਆ ਜਿਹੜੀ ਅੱਖਾਂ ਤੇ ਪੱਟੀ ਬੰਨ੍ਹਕੇ ਹੱਥ 'ਚ ਤੱਕੜੀ ਫੜ੍ਹਕੇ ਖੜ੍ਹੀ ਹੁੰਦੀ ਆ। ਪਰ ਉਹਵੀ ਪੱਟੀ ਵਿੱਚਦੀ ਦੇਖ ਲੈਂਦੀ ਆ ਕਿ ਮੂਹਰੇ ਅਫ਼ਜ਼ਲ ਗੁਰੂ ਖੜ੍ਹਾ ਕਿ ਭੁੱਲਰ ਕਿ ਟਾਈਟਲਰ ਖੜ੍ਹਾ। ਫੈਸਲੇ ਕਰਨ ਆਲੇ ਸੰਵਿਧਾਨ ਨਹੀਂ , ਕਟਿਹਰੇ 'ਚ ਖੜ੍ਹੇ ਬੰਦੇ ਦਾ ਧਰਮ ਦੇਖਦੇ ਨੇ। ਬਾਕੀ ਦੀਨਾਨਗਰ ਦੀ ਗੱਲ ਆ। ਜਿਹੜੇ ਮਾਰਨ ਆਏ ਸੀ ਓਹਵੀ ਕਿਸੇ ਮਾਂ ਦੇ ਪੁੱਤ ਸੀ ਤੇ ਜਿਹੜੇ ਮਰਗੇ ਓਹਨ੍ਹਾੰ ਦੇ ਟੱਬਰਾਂ ਦੀਆਂ ਵੀ ਆਂਦਰਾੰ ਵਿਲਕਦੀਆਂ। ਕੋਈ ਸ਼ਹੀਦ ਤੇ ਕੋਈ ਅੱਤਵਾਦੀ। ਪਰ ਓਹ ਕਿਓਂ ਅਉੰਦੇ ਨੇ,ਏਹ ਸਵਾਲ ਦਾ ਜਵਾਬ ਨਹੀਂ ਲੱਭਿਆ ਦਹਾਕੇ ਈ ਬੀਤਗੇ.....ਘੁੱਦਾ

ਨਿੱਕੇ ਦੀ ਪੰਦਰਾਂ ਗਸਤ

ਤੇਰੀ ਗੱਲ 'ਚੋਂ ਗੱਲ ਆਗੀ, ਕੇਰਾਂ ਏਮੇਂ ਜਿਮੇਂ ਸਾਉਣ ਦੇ ਆਹੀ ਅੱਧ ਪੱਖ ਜੇ ਦੇ ਦਿਨ ਸੀਗੇ। ਤਾਇਆ ਘਰੇ ਸੀ ਓਦੇਂ ਨਾਏ ਕੁਜਰਤੀਏਂ ਕੰਦੂਖੇੜੇ ਆਲਾ ਫੌਜੀ ਰਟੈਰ ਫੁੱਫੜ ਆਇਆ ਬਾ । ਸਾਡੇਆਲੇ ਨਿੱਕੇ ਗਰਨੈਬ ਨੇ ਸਕੂਲੋੰ ਆਕੇ ਅਲਾਨ ਕਰਤਾ ਕਹਿੰਦਾ,"ਤਾਇਆ ਸਕੂਲ 'ਚ ਪੰਦਰਾਂ ਗਸਤ ਦਾ ਫੰਗਸ਼ਨ ਆ ਤੇ ਜਾਰ ਹੋਣੀਂ ਭੰਗੜਾ ਪਾਓਣਗੇ"। ਪੰਦਰਾਂ ਗਸਤ ਸੁਣਕੇ ਫੌਜੀ ਫੁੱਫੜ ਤੋੰ ਮੱਲੋ ਮੱਲੀ ਸਲੂਟ ਬੱਜ ਗਿਆ। ਤਾਇਆ ਗਰਮੈਸ਼ 'ਚ ਆਗਿਆ ਬੀ ਹੁਣ ਨਿੱਕਾ ਭੈਣਦੇਣਾ ਸ਼ਟੇਜਾਂ ਤੇ ਨੱਚੂ। ਫੁੱਫੜ ਬੋਲ ਪਿਆ,"ਅੱਛੀ ਬਾਤ ਹੈ , ਕਲਚਰਲ ਅੈਕਟੀਵਿਟਿਜ਼ ਮੇਂ ਪਾਰਟੀਸਪੇਟ ਕਰਨਾ ਚਾਹੀਏ"।  ਫੁੱਫੜ ਮੂੰਹੋਂ ਦੋ ਤਿੰਨ ਭਾਰੇ ਜੇ ਲਪਜ਼ ਸੁਣਕੇ  ਤਾਇਆ ਟਿਕ ਗਿਆ ਬੀ ਖੌਣੀ ਪ੍ਰਾਹੁਣੇ ਨੇ ਬੱਡੀ ਗੱਲ ਕਰੀ ਆ ਕੋਈ।
ਨਿੱਕੇ ਨੂੰ ਤਾੰ ਸ਼ਹਿ ਮਿਲਗੀ, ਟਹਿਕ 'ਚ ਹੋਗਿਆ ।ਓਹੀ ਗੱਲ ਤੇ ਦੂਏ ਦਿਨ ਸਕੂਲ 'ਚ ਜਦੋਂ ਰੈਹਸਲ ਰੂਹਸਲ ਕਰਕੇ ਸਾਰੇ ਬਾਗੇ , ਤਾਂ ਨਿੱਕੇ ਨੇ ਤਾਂ ਭਰਾਵਾ ਢੋਲ ਕਿਓਂ ਨਾ ਚੱਕ ਲਿਆ। ਪਿਛਲੀ ਕਾਠੀ ਤੇ ਟੂਪ ਨਾਲ ਢੋਲ ਬੰਨ੍ਹਕੇ  ਨਿੱਕੇ ਨੇ ਸ਼ੈਂਕਲ ਰਾਗਟ ਬਣਾਤਾ।ਘਰੇ ਜਾਕੇ ਲੀੜੇ ਲੂੜੇ ਲਾਹਕੇ ਕੱਲੀ ਨਿੱਕਰ 'ਚ ਹੋ ਗਿਆ ਤੇ ਢੋਲ ਗਲ 'ਚ ਪਾ ਲਿਆ।
ਹਾੰ ਕੀ, ਦੇ ਤੇਰੇ ਦੀ ਲੈ ਤੇਰੇ ਦੀ, ਖੜਕਾਟ ਪਿਆ ਪਬੇ ਢੋਲ ਦਾ। ਪਸੂ ਅੱਡ ਖੁਲਣੀਆਂ ਤੇ ਚੜ੍ਹੇ ਫਿਰਣ। ਤਾਈ ਅਰਗੀਆਂ ਨਾਏ ਤਾੰ ਡਰਨ ਨਾਏ ਦੂਰੋੰ ਖੜ੍ਹਕੇ ਜਲ ਦੇ ਛੱਟੇ ਮਾਰਨ ਅਕੇ ਨਿੱਕੇ 'ਚ ਪੌਣ ਆਗੀ। ਵਿੱਚੇ ਨਿੱਕੇ ਨੇ ਕੰਨ ਤੇ ਹੱਥ ਧਰਕੇ ਬੋਲੀਆਂ ਚੱਕਤੀਆਂ। ਬੋਲੀ ਘੱਟ ਪਾਵੇ ਤੇ ਪੰਮੀ ਬਾਈ ਅੰਗੂ ਸ਼ੀ ਸ਼ੀ ਵੱਧ ਕਰੇ।
ਤਾਇਆ ਕਹਿੰਦਾ ਨਿੱਕਿਆ ਉੱਤੇ ਥੁੱਕ ਨਾ ਸਿੱਟ ,ਪੈਲੇ ਪਾਸੇ ਮੂੰਹ ਕਰਕੇ ਬੋਲੀ ਪਾਲਾ।  ਫੌਜੀ ਫੁੱਫੜ ਨਿੱਕੇ ਉੱਤੋਂ ਦੀ ਨੋਟ ਸਿੱਟੇ ਅਖੇ ਪੰਦਰਾੰ 'ਗਸਤ ਦੀ ਤਿਆਰੀ ਕਰਦਾ। ਨਿੱਕਾ ਬੀਚਰ੍ਹ ਗਿਆ , ਹਟੇ ਈ ਨਾ। ਹਾਨੀਸਾਰ ਨੂੰ ਤਾਏ ਨੇ ਹੇਕ ਆਲਾ ਹੱਥ ਫੜ੍ਹਕੇ ਨਿੱਕੇ ਦੀ ਬਾਂਹ ਨੂੰ ਬਟਾ ਦੇਲਿਆ ਤੇ ਜੋੜਾ ਚੱਕ ਲਿਆ ਹਾਰਕੇ। ਸਾਡੇਆਲਾ ਸਣੇ ਢੋਲ ਮੰਜੀਆਂ ਥੱਲੇ ਵੜਿਆ ਫਿਰੇ.......ਘੁੱਦਾ