Monday 10 August 2015

ਨਿਆਂ ਆਲੀ ਬੁੜ੍ਹੀ

ਸਕੂਲੀ ਸਿਲੇਬਸ 'ਚ ਸਮਾਜਿਕ ਸਿੱਖਿਆ ਦੇ ਵਿਸ਼ੇ 'ਚ ਕਵਾਚਨ ਆਓਂਦਾ ਹੁੰਦਾ ਸੀ ਅਕੇ,"ਭਾਰਤ ਭਿੰਨਤਾਵਾੰ ਭਰਿਆ ਦੇਸ਼ ਹੈ, ਫੇਰ ਵੀ ਏਥੇ ਏਕਤਾ ਹੈ", ਏਸ ਕਥਨ ਤੇ ਚਾਨਣਾ ਪਾਓ"। ਏਹਦਾ ਜਵਾਬ ਲਿਖਦੇ ਹੁੰਦੇ ਸੀ ਬੀ ਏਥੇ ਕੁੱਲ ਧਰਮਾਂ ਦੇ ਲੋਕ ਇੱਕਜੁੱਟ ਹੋਕੇ ਰਹਿੰਦੇ ਹਨ ਤਾੰ ਕਰਕੇ ਭਾਰਤ ਇੱਕਜੁੱਟ ਆ। ਪਰ ਜਦੋਂ ਚੱਜ ਨਾਲ ਸੁਰਤ ਸੰਭਲੇ ਫੇਰ ਪਤਾ ਲੱਗਾ ਓਹ ਕਿਤਾਬਾੰ ਝੂਠੀਆੰ ਸੀ।
ਤਾਮਿਲ ਲੋਕ ਲਿੱਟੇ ਦੇ ਸਮੱਰਥਕ ਨੇ ਜਿਨ੍ਹਾਂ ਨੁੇ ਰਾਜੀਵ ਨੂੰ ਗੁੱਗਲ ਦਿੱਤੀ ਸੀ। 'ਤਾਹਾਂ ਆਜਾ। ਗੁਜਰਾਤ ਨੇ ਮੁਸਲਮਾਨ ਟੁੱਕਤੇ ਹੁਣ ਸਿੱਖ ਕਿਰਸਾਨਾਂ ਦੇ ਲੀੜੇ ਚਕਾਉਣ ਨੂੰ ਫਿਰਦੇ ਨੇ। ਸੱਜੇ ਬਗਜਾ। ਛੱਤੀਸਗੜ੍ਹ ਦੇ ਨਕਸਲੀ ਗਰਦਾਨੇ ਲੋਕ ਜੰਗਲ ਪਾਣੀ ਜਾਣ ਲੱਗੇ ਵੀ ਸੰਤਾਲੀ ਨਾਲ ਰੱਖਦੇ ਨੇ। ਫੌਜੀ ਵੀ ਮਾਰੇ ਜਾੰਦੇ ਨੇ ਤੇ ਨਕਸਲੀ ਵੀ। ਸੌਹਰਾ 'ਸ਼ਹੀਦ' ਲਫ਼ਜ਼ ਈ ਕਨਫਿਊਜ਼ ਹੋ ਗਿਆ ਬੀ ਕੀਹਦੇ ਨਾਂ ਮੂਹਰੇ ਲੱਗਾਂ। ਹੋਰ ਓਧਰ ਬਗਜਾ। ਪੂਰਬੀ ਸਟੇਟਾੰ 'ਚ ਵੀ ਹਿੰਦ ਸਰਕਾਰ ਸਾਰੇ ਕਿਤੇ ਲੂਤ ਲੂਤ ਕਰਦੀ ਫਿਰਦੀ ਆ। ਕਸ਼ਮੀਰ ਤਾਂ ਫੋੜਾ ਈ ਬਣਿਆ ਵਾ ਭਰ ਜਾਦਾਂ ਫਿੱਸ ਜਾਂਦਾ। 'ਚਰਜ ਤਾਂ ਏਸ ਗੱਲ ਦਾ ਬੀ ਤਾਂ ਏਕਤਾ ਕਿੱਥੇ ਆ ਭਾਰਤ 'ਚ, ਜੇਹੜੀ ਕਿਤਾਬਾਂ 'ਚ ਪੜ੍ਹੀ ਸੀ।
ਅਦਾਲਤਾਂ 'ਚ ਓਹ ਬੁੜ੍ਹੀ ਦੀ ਫੋਟੋ ਲੱਗੀ ਹੁੰਦੀ ਆ ਜਿਹੜੀ ਅੱਖਾਂ ਤੇ ਪੱਟੀ ਬੰਨ੍ਹਕੇ ਹੱਥ 'ਚ ਤੱਕੜੀ ਫੜ੍ਹਕੇ ਖੜ੍ਹੀ ਹੁੰਦੀ ਆ। ਪਰ ਉਹਵੀ ਪੱਟੀ ਵਿੱਚਦੀ ਦੇਖ ਲੈਂਦੀ ਆ ਕਿ ਮੂਹਰੇ ਅਫ਼ਜ਼ਲ ਗੁਰੂ ਖੜ੍ਹਾ ਕਿ ਭੁੱਲਰ ਕਿ ਟਾਈਟਲਰ ਖੜ੍ਹਾ। ਫੈਸਲੇ ਕਰਨ ਆਲੇ ਸੰਵਿਧਾਨ ਨਹੀਂ , ਕਟਿਹਰੇ 'ਚ ਖੜ੍ਹੇ ਬੰਦੇ ਦਾ ਧਰਮ ਦੇਖਦੇ ਨੇ। ਬਾਕੀ ਦੀਨਾਨਗਰ ਦੀ ਗੱਲ ਆ। ਜਿਹੜੇ ਮਾਰਨ ਆਏ ਸੀ ਓਹਵੀ ਕਿਸੇ ਮਾਂ ਦੇ ਪੁੱਤ ਸੀ ਤੇ ਜਿਹੜੇ ਮਰਗੇ ਓਹਨ੍ਹਾੰ ਦੇ ਟੱਬਰਾਂ ਦੀਆਂ ਵੀ ਆਂਦਰਾੰ ਵਿਲਕਦੀਆਂ। ਕੋਈ ਸ਼ਹੀਦ ਤੇ ਕੋਈ ਅੱਤਵਾਦੀ। ਪਰ ਓਹ ਕਿਓਂ ਅਉੰਦੇ ਨੇ,ਏਹ ਸਵਾਲ ਦਾ ਜਵਾਬ ਨਹੀਂ ਲੱਭਿਆ ਦਹਾਕੇ ਈ ਬੀਤਗੇ.....ਘੁੱਦਾ

No comments:

Post a Comment