Thursday 22 August 2013

ਰੱਖੜੀ

ਨਿੱਕੇ ਨਿੱਕੇ ਹੁੰਦੇ ਸੀਗੇ ਚੌਥੀ ਪੰਜਮੀਂ ਦੀਆਂ ਗੱਲਾਂ। ਜਿੱਦੇ ਰੱਖੜੀ ਹੁੰਦੀ ਵੇਹੜੇ ਦੀਆਂ ਕੁੜੀਆਂ ਨਾਲੇ ਪੰਡਤਾਂ ਦੇ ਕੁੱਲ ਘਰਾਂ ਦੀਆਂ ਕੁੜੀਆਂ ਘਰੇ ਰੱਖੜੀਆਂ ਫੜ੍ਹਾ ਜਾਂਦੀਆਂ ਨਾਲ ਜਿੰਨਾ ਜਿੰਨਾ ਸਰਦਾ ਬਚਾਰੀਆਂ ਪੰਜਾਂ ਦਸਾਂ ਦੇ ਲੱਡੂ ਲਈ ਆਉਂਦੀਆਂ। ਜਾਤ ਪਾਤ ਆਲੀ ਕੋਈ ਨਿੰਦ ਵਿਚਾਰ ਨਾ ਹੁੰਦੀ ਸਮਾਂ ਦੀ ਮੋਹ ਸੀ ਸਾਰੇਆਂ ਦਾ।
ਗੁੱਦ ਆਲੀਆਂ ਬੱਡੀਆਂ ਬੱਡੀਆਂ ਰੱਖੜੀਆਂ ਹੁੰਦੀਆਂ ਸੀਗੀਆਂ ਨਾਲੇ ਉਹ ਘੜੀ ਟੈਪ ਰੱਖੜੀ ਜੀਹਦਾ ਗੁੱਟ ਹਲਾਏ ਤੋਂ ਟੈਮ ਬਦਲ ਜਾਂਦਾ ਸੀ। ਸ਼ਗਨ ਵਿਹਾਰ ਕਰੇ ਜਾਂਦੇ, ਸੂਟ ਖੇਸ ਹੋਰ ਲੱਲਾ ਭੱਬਾ ਮਾਤਾ ਅਰਗੀਆਂ ਦੇ ਛੱਡਦੀਆਂ।
ਜਦੋਂ ਦੀ ਫੇਸਬੁੱਕ ਚੱਲੀ ਆ ਮੁਲਖ ਕੱਟੜਵਾਦ ਫੜ੍ਹਦਾ ਜਾਂਦਾ।
ਅਖੇ ਰੱਖੜੀ ਸਿੱਖੋਂ ਕਾ ਤਿਓਹਾਰ ਨਹੀਂ।
"ਅਖੇ ਭਾਈ ਬਹਿਨ ਕੇ ਰਕਸ਼ਾ ਕੇ ਲੀਏ ਰਾਖੀ ਬਾਂਧਤੇ ਹੈ"। ਸਿੱਖੋਂ ਕੀ ਲੜਕੀ ਖੁਦ ਆਪਣੀ ਰਾਖੀ ਕਰ ਸਕਤੀ ਹੈ" ।
ਬੜੀਆਂ ਦਲੀਲਾਂ ਸਿੱਟਦਾ ਮੁਲਖ। ਜੇਹੜੇ ਬਾਹਲੇ ਧਰਮਕੀ ਬਣਦੇ ਆ ਐਹੇ ਜੇ ਤੜਕੇ ਸੰਦੇਹਾਂ ਈ ਬੋਦੀਆਂ ਚੋਪੜਕੇ ਸ਼ੈਹਰ ਜਾਕੇ ਤੁਰੇ ਜਾਂਦੇ ਨਾਲਦੇ ਨੂੰ ਹੁੱਜ ਮਾਰਕੇ ਆਖਣਗੇ, "ਪਰਧਾਨ ਪੱਟ ਵੇਖ ਸਾਲੀ ਦੇ" ।
ਅਸੀਂ ਬੀ ਸਿੱਖ ਈ ਆਂ ਤਾਂਹਾਂ ਮੰਗਲ ਗ੍ਰਹਿ ਤੋਂ ਨੀਂ ਡਿੱਗੇ। ਸਾਰਾ ਟੱਬਰ ਅੰਬਰਤਧਾਰੀ ਈ ਆ। ਜੇ ਭੈਣ ਭਰਾ ਰੱਖੜੀ ਬੰਨ੍ਹ ਲੈਣਗੇ ਤਾਂ ਧਰਮ ਨੀਂ ਬਦਲ ਚੱਲਿਆ। ਨਾਲੇ ਜੇਹੜੇ ਭਰਾ ਕੁੜੀਆਂ ਤੋਂ ਰੱਖੜੀਆਂ ਬੰਨ੍ਹਾ ਲੈਂਦੇ ਆ ਉਹ ਕੇਹੜਾ ਸਾਢੇ ਤਿੰਨ ਫੁੱਟੀਆ ਤਲਬਾਰਾਂ ਚੱਕਕੇ ਮਗਰ ਮਗਰ ਰਾਖੀਆਂ ਕਰਦੇ ਫਿਰਦੇ ਨੇ।
ਰੱਖੜੀ ਦੇ ਬਹਾਨੇ ਕੁੜੀਆਂ ਪੇਕੀਂ ਮਿਲ ਆਉਂਦੀਆਂ। ਪੱਜ ਨਾਲ ਪੇਕੇ ਕੁੜੀਆਂ ਨੂੰ ਚਾਰ ਛਿੱਲੜ ਦੇ ਦੇਂਦੇ ਨੇ।
ਬੱਡੇ ਬਾਈ ਹਰਿੱਕ ਗੱਲ 'ਚ ਧਰਮ ਵਾੜਨਾ ਕਿੱਧਰ ਦੀ ਸਿਆਣਫ ਆ .???......ਘੁੱਦਾ

ਬੈਂਤ

ਮੱਤ ਨਾ ਸਿਆਣੇ ਜੈਸੀ, ਚੌੜ ਨਾ ਨਿਆਣੇ ਜੈਸੀ
ਬੁੱਕਤ ਨਾ ਲਾਣੇ ਜੈਸੀ , ਜੇ ਥਬਾਕ ਰਹਿ ਜਵੇ

ਤਾਅ ਨਾ ਹੈ ਚੁੱਲ੍ਹੇ ਜੈਸਾ, ਸੂਫੀ ਨਾ ਕੋਈ ਬੁੱਲ੍ਹੇ ਜੈਸਾ
ਸੂਰਮਾ ਨਾ ਦੁੱਲੇ ਜੈਸਾ, ਹਿੱਕ ਉੱਤੇ ਬਹਿ ਜਵੇ

ਗਮ ਨਾ ਜੁਦਾਈ ਜੈਸਾ, ਨਿੱਘ ਨਾ ਰਜਾਈ ਜੈਸਾ
ਨਾ ਅੜਬ ਜਵਾਈ ਜੈਸਾ, ਜੇ ਕਲੇਸ ਪੈ ਜਵੇ

ਕਲੰਕ ਨਾ ਰਖੈਲ ਜੈਸਾ, ਸਿਦਕੀ ਨਾ ਬੈਲ ਜੈਸਾ
ਮਿੱਠਬੋਲੜਾ ਮਝੈਲ਼ ਜੈਸਾ, ਕਾਲਜੇ 'ਚ ਲਹਿ ਜਵੇ

ਪਿਆਰ ਨਾ ਭਰਾਵਾਂ ਜੈਸਾ, ਫਿਕਰ ਨਾ ਮਾਵਾਂ ਜੈਸਾ
ਪਿੰਡ ਦਿਆਂ ਰਾਹਵਾਂ ਜੈਸਾ ਮੋਹ ਨਾ ਜੇ ਪੈ ਜਵੇ

ਭਾਰ ਨਾ ਸ਼ਤੀਰੀ ਜੈਸਾ, ਨਾ ਰੁਤਬਾ ਫਕੀਰੀ ਜੈਸਾ
ਬੋਲ ਨਾ ਟਟੀਹਰੀ ਜੈਸਾ, ਜੇ ਕੰਨੀਂ ਕਿਤੇ ਪੈ ਜਵੇ

ਦੁੱਖ ਨਾ ਯਤੀਮ ਜੈਸਾ, ਸਖੀ ਨਾ ਹਕੀਮ ਜੈਸਾ
ਵੈਲ ਨਾ ਅਫੀਮ ਜੈਸਾ, ਹੱਡਾਂ ਵਿੱਚ ਬਹਿ ਜਵੇ

ਝੋਰਾ ਨਾ ਬਿਮਾਰੀ ਜੈਸਾ, ਤੇਜ਼ ਨਾ ਸ਼ਿਕਾਰੀ ਜੈਸਾ
ਨਾ ਚਸਕਾ ਜੁਆਰੀ ਜੈਸਾ, ਘਰ ਪਿੱਛੇ ਲੈ ਜਵੇ.......ਘੁੱਦਾ

ਸਾਡੇ ਆਲਾ ਵਾਜ਼ ਪੰਜਾਬ ਦੀ

ਪਰਾਰ ਦੀ ਗੱਲ ਆ ਭਰਾਵਾ। ਤਾਏ ਅਰਗੇ ਮੰਡੀ ਝੋਨਾ ਸਿੱਟੀ ਬੈਠੀ ਸੀਗੇ । ਸਾਡੇ ਆਲ਼ਾ ਨਿੱਕਾ ਗਰਨੈਬ ਸ਼ੈਕਲ ਦੇ ਹੈਂਡਲ ਤੇ ਪੋਣੇ 'ਚ ਬੰਨ੍ਹਕੇ ਮਗਰ ਰੋਟੀਆ ਲਜਾਇਆ ਕਰੇ। ਓਧਰੋਂ ਕੁਜਰਤੀਏਂ "ਅਵਾਜ਼ ਪੰਜਾਬ ਦੀ" ਆਲੇ ਬਠਿੰਡੇ ਆਏ ਸੀਗੇ ਮੁੰਡੇ ਕੁੜੀਆਂ ਚੁਗਣ ਖਾਤਰ। ਤਾਇਆ ਨਿੱਕੇ ਨੂੰ ਕੈਂਹਦਾ ਸਾਰਾ ਦਿਨ ਘਰੇ ਪਸੂ ਡਰੌਣਾ ਰੈਹਣਾ ਚੱਲ ਅੱਜ ਗਾਕੇ ਆ ਤੂੰਵੀਂ । ਸ਼ੈਕਲ ਮੂਹਰੇ ਡੰਡੇ ਤੇ ਸਾਡਾ ਆਲਾ ਬਹਾ ਲਿਆ ਤੇ ਪਿਛਲੀ ਕਾਠੀ ਤੇ ਸਾਡੇਆਲਾ ਸੀਰੀ, ਤਾਇਆ ਡਰੈਬਰ ਸ਼ੀਟ ਤੇ। ਆਅਅ ਕੀ ਖਿੱਚਤਾ ਸ਼ੈਕਲ ਖੜ੍ਹੀਆਂ ਬੱਸਾਂ ਗੱਡੀਆਂ ਨੂੰ ਓਬਰਟੇਕ ਕਰਦੇ ਜਾਣ ਏਹਤਾ। ਸਾਡੇਆਲੇ ਦੇ ਹੱਥ 'ਚ ਬੇਮੌਸਮੀ ਜੀ ਛੱਲੀ ਫੜ੍ਹੀ ਵਈ, ਉੱਤੇ ਨੂਨ ਭੁੱਕਕੇ ਨੀਬੂੰ ਘਸਾਇਆ ਬਾ।
ਜਾਬੜੇ ਭਰਾਵਾ । ਅੱਗਰੀ ਦਾ ਕੱਠ ਭਰਾਵਾ । ਲੈਨਾ ਲੱਗੀਆਂ ਬੀਆਂ ਤੇ ਮੁਲਖ ਅਈਂ ਆਖੀ ਜਾਵੇ "ਹਮ ਬਣੇਂਗੇ ਵਾਜ਼ ਪੰਜਾਬ ਕੀ" । ਸਾਡੇਆਲੇ ਦਾ ਬੀਕਾਸੂਲ ਦੇ ਕੈਪਸੂਲ ਜਿੱਦਾ ਕੱਦ ਭਰਾਬਾ ਤੇ ਏਹੇ ਲੂਤ ਲੂਤ ਕਰਦਾ ਫਿਰੇ ਕੈਮਰੇ ਮੂਹਰੇ ਜਾਕੇ ਕੈਂਹਦਾ "ਮੈਂ ਹੂੰ ਵਾਜ਼ ਪੰਜਾਬ ਕੀ" । ਕੈਮਰੇ ਆਲ਼ਾ ਕੈਹਦਾ ਪਰਧਾਨ ਛੱਲੀ ਨਾਲ ਖਾਖਾਂ ਲਬੇੜੀ ਫਿਰਦਾ ਮੂੰਹ ਧੋਲਾ ਪਹਿਲਾਂ ਗੈਕੀ ਜਹਾਬੇਆ। ਮੁੜਕੇ ਅੰਦਰ ਬੋਲ ਮਾਰ ਲਿਆ ਭਰਾਵਾ।
ਸਾਡੇਆਲਾ ਸਟੇਜ ਤੇ ਬਾਗਿਆ । ਜੱਜ ਨੇ ਸਬ੍ਹੈਹਕੀ ਪੁੱਛਲਿਆ ," ਕਿੱਥੋਂ ਆਇਆ ਨਿੱਕਿਆ?" ਸਾਡੇਆਲਾ ਕੁਸ ਸੋਚਕੇ ਜੇ ਕੈਂਹਦਾ, "ਮੈਂ ਕਮਲਾ ਨਹਿਰੂ ਕਲੋਨੀ ਸੇ ਆਇਆ ਹੂੰ"
ਜੱਜ ਕੈਂਹਦਾ ਜੂੜਾ ਤਾਂ ਤੇਰਾ ਲੁੱਦੇਆਣੇ ਆਲੀ ਸੈੜ ਜਾਂਦਾ, ਪਿੰਡੋਂ ਆਇਆ ਲੱਗਦਾਂ। ਸਾਡੇਆਲੇ ਦੇ ਝੁੱਗੇ ਦੇ ਉੱਤਲੇ ਦੋ ਗਦਾਮ ਟੁੱਟੇ ਬਏ ਨਾਲ ਲਾਸ਼ਟਿਕ ਆਲੀ ਨੀਕਰ ਪਾਈ ਵਈ ਤੇ ਪੈਰੀਂ ਏਹ ਚਿੱਟੇ ਜੇ ਫਲੀਟ ਪਾਈ ਫਿਰੇ । ਸਾਡੇਆਲੇ ਨੇ ਗੀਤ ਸ਼ਟਾਟ ਕਰਤਾ , ਇੱਕ ਹੱਥ 'ਚ ਮੈਕ ਫੜ੍ਹਿਆ ਬਾ ਦੂਜਾ ਹੱਥ ਨਿੱਕਰ ਨੂੰ ਪਾਇਆ ਬਾ, ਸਾਡੇਆਲੇ ਨੂੰ ਐਂ ਸੀ ਕਿਤੇ ਨੇਜਾਣੀਏ ਨਿੱਕਰ ਡਿੱਗਕੇ ਜਾਹ - ਜਾਂਦੀ ਨਾ ਹੋਜੇ।
ਮੁਲਖ ਦੇ ਸਪੋਟਰ wow wow ਕਰਨ , ਬੁਰੇ ਹਾਲ ਚੀਕਾਂ ਮਾਰਨ। ਸਾਡੇ ਆਲੇ ਦੋ ਸਮਰਥਕ ਸੀ, ਇੱਕ ਤਾਇਆ ਤੇ ਦੂਜਾ ਸੀਰੀ। ਪਸੇਰੀ ਪਸੇਰੀ ਪੱਕੇ ਦੇ ਹੱਥ ਦੋਹਾਂ ਦੇ ਤਾੜੀਆਂ ਮਾਰਨ ਲਾਗੇ, ਖੜਕਾਟ ਪਿਆ ਪਵੇ , ਪੜਦੇ ਹਿੱਲਣ ਲਾਤੇ ਏਹਨਾਂ ਦੋਹਾਂ ਨੇ। ਸਾਡੇਆਲਾ ਦੋ ਕ ਲੈਨਾਂ ਗਾਕੇ ਹਟਿਆ ਸੀ ਤੇ ਜੱਜਾਂ ਨੇ ਬਾਹਾਂ ਖੜ੍ਹੀਆਂ ਕਰਤੀਆਂ।
ਜੱਜ ਕੈਂਹਦਾ ਕਲਾਕਾਰੀ ਜਹਾਬੇਆਂ ਬੋਲ ਤਾਂ ਤੇਰਾ ਐਂ ਨਿਕਲਦਾ ਜਿਮੇਂ ਤੌੜੇ 'ਚ ਭੂੰਡ ਛੱਡਿਆ ਹੁੰਦਾ। ਪਿੱਛੇ ਖੜ੍ਹੇ ਤਾਏ ਅਰਗੇ ਢਿੱਡ 'ਚ ਅਈਂ ਸੋਚੀਂ ਜਾਣ ਬੀ ਖੌਣੀ ਸਾਡੇਆਲੇ ਨੇ ਗਾਕੇ ਈ ਜੱਜਾਂ ਦੀ ਬਾਹਾਂ ਖੜ੍ਹੀਆਂ ਕਰਾਤੀਆਂ।.....ਘੁੱਦਾ

Thursday 15 August 2013

ਪਰਤਿਆਈਆਂ ਬੀਆਂ ਗੱਲਾਂ

ਪਰਤਿਆਈਆਂ ਬੀਆਂ ਗੱਲਾਂ.....ਪੜ੍ਹਿਓ ਗੌਰ ਨਾ
1.ਜਦੋਂ ਤੱਕ ਬੰਦੇ ਦੀ ਪਿੰਡ 'ਚ ਵਾਹਵਾ ਇੱਜ਼ਤ ਹੋਵੇ ਓਦੋਂ ਲੰਘਦੇ ਟੱਪਦੇ ਵੇਖਣ ਆਲ਼ਾ ਬੰਦਾ ਬੋਲਦਾ ,"ਆਹ ਜਾਂਦਾ ਫਲਾਣੇਆਂ ਦਾ ਮੁੰਡਾ"।
ਤੇਂ ਜਦੋਂ ਪੁੱਠਾ ਸਿੱਧਾ ਕੰਮ ਕਰਕੇ ਬੰਦੇ ਦੀ ਪਿੰਡ 'ਚ ਧੇਲਾ ਹੋਜੇ ਓਦੋਂ ਨੰਘਦੇ ਟੱਪਦੇ ਵੇਖਣ ਆਲ਼ਾ ਐਂ ਬੋਲਦਾ ," ਓਏ ਓਏ ਆਹੀ ਆ ਓਏ ਉਹਨ੍ਹਾਂ ਦਾ ਮੁੰਡਾ"
2. ਬੰਦੇ ਦਾ ਕੀ ਸ਼ੌਕ ਆ? ਜੇ ਏਹ ਵੇਖਣਾ ਹੋਵੇ ਤਾਂ ਸਕੂਲ ਟੈਮ ਦੀ ਕਾਪੀ ਦੇ ਪਿਛਲੇ ਵਰਕਣੇ ਫਰੋਲੋ। ਪਤਾ ਲੱਗਜੂ। ਜੇ ਲਿਖਾਰੀ ਟੈਪ ਫੀਲਿੰਗ ਹੋਵੇ ਤਾਂ ਚਾਰ ਲੈਨਾਂ ਜੋੜਕੇ ਗੀਤ ਗੱਪਾ ਲਿਖਿਆ ਹੋਊ ਜੇ ਚਿੱਤਰਕਾਰੀ ਫੋਟੋਗ੍ਰਾਫੀ ਦਾ ਸ਼ੌਕ ਹੋਵੇ ਫੇਰ ਝਰੀਟਾਂ ਮਾਰਕੇ ਫੋਟੂ ਵਾਹੀ ਹੋਊ ਪੱਕਾ।
3 ਗਲਤੀ ਬਸ਼ੱਕ ਕਿਸੇ ਦੀ ਹੋਵੇ ਪਰ ਗੀਤਾਂ 'ਚ ਮਿਹਣੇ ਕੁੜੀਆਂ ਨੂੰ ਈ ਮਾਰੇ ਜਾਂਦੇ ਨੇ ਕਿਓਕੇਂ ਲਿਖਣ ਤੇ ਗਾਉਣ ਆਲਾ ਰੁਝਾਨ ਮੁੰਡੇਆਂ 'ਚ ਬਾਹਲਾ ਹੁੰਦਾ।
4 .ਬੀ.ਏ , ਐੱਮ. ਏ ਜਾਂ ਹੋਰ ਭੜਾਈਆਂ ਆਲੇ ਤਾਂ ਘੱਟ ਵਰਤਦੇ ਨੇ ਪਰ ਇੰਜਨੀਅਰਿੰਗਾਂ ਆਲ਼ੇ ਫੇਸਬੁੱਕ ਦੀ ਬਾਹਰੀ ਨੇਹਰੀ ਬਣੌਂਦੇ ਨੇ।
5. ਭਮਾਂ ਕੋਈ ਮੈਸਜ ਜਾਂ ਕਾਲ ਨਾ ਵੀ ਆਈ ਹੋਵੇ ਪਰ ਫਿਰ ਵੀ ਤਕਰੀਬਨ ਦਸ ਮਿੰਟਾਂ ਬਾਅਦ ਹਰਿੱਕ ਬੰਦਾ ਆਵਦਾ ਫੋਨ ਲਾਜ਼ਮੀ ਚੈੱਕ ਕਰਦਾ।
6. ਭਮਾਂ ਹੱਥ 'ਚ ਪਲਾਸ ਫੜ੍ਹਿਆ ਹੋਵੇ ਪਰ ਪੰਜਾਬੀ ਬੰਦਾ ਤਾਰ ਫੇਰ ਵੀ ਦੰਦਾਂ ਨਾਲ ਈ ਛਿੱਲਦਾ ......ਘੁੱਦਾ

ਸਿੰਗ ਅੜਗੇ ਕੁੰਢੀਆਂ ਦੇ

ਲਹਿੰਦੇ ਵੱਲ ਭਾਰਤ ਦੇ ਤੇਲੰਗਾਨਾ ਰਾਜ ਬਣਾਤਾ
ਬੋਧਲੈਂਡ, ਗੋਰਖਾ ਲਈ ਖੱਦਾ ਹੋਰ ਲੋਕਾਂ ਨੇ ਪਾਤਾ
ਰਸਗੁੱਲੇ ਖਵਾਕੇ ਜੀ ਚੀਨ ਝਾੜ ਗਿਆ ਗੀਝਾ
ਫੈਰ ਕੱਢੇ ਪਾਕਿ ਨੇ ਫਲੈਗ ਮੀਟਿੰਗ ਬੇਨਤੀਜਾ
ਲਾਸ਼ਾ ਘਰਾਂ ਨੂੰ ਘੱਲਤੀਆਂ ਬਕਸੇਆਂ ਵਿੱਚ ਪਾਕੇ
ਸਿੰਗ ਅੜਗੇ ਕੁੰਢੀਆਂ ਦੇ ਮਿੱਤਰਾ ........

ਫੇਰ ਭਾਖੜਾ ਵੀ ਨੇੜੇ ਸੋਲਾਂ ਸੌ ਅੱਸੀ ਦੇ ਪੁੱਜੀ
ਦਰ ਖੋਲ੍ਹਣ ਤੋਂ ਪਹਿਲੋਂ ਮੀਟਿੰਗ ਹੋਈ ਗੁੱਝੀ
ਮੂੰਹ ਉੱਡੇ ਕਿਸਾਨਾਂ ਦੇ ਲੈ ਫੇਰ ਦੁਆਬਾ ਡੁੱਬਾ
ਡਾਂਗ ਮਾਰੀ ਆਵਦਿਆਂ ਪੰਜਾਬ ਹੋਗਿਆ ਕੁੱਬਾ
ਓਹੀ ਥਾਲ ਛੇਕਦੇ ਰਹੇ ਓਸੇ ਥਾਲੀ ਖਾਕੇ
ਸਿੰਗ ਅੜਗੇ ਕੁੰਢੀਆਂ ਦੇ ਮਿੱਤਰਾ............

ਕੀ ਦਿੱਤਾ ਮੋਰਚੇਆਂ ਚੰਡੀਗੜ੍ਹ ਵੀ ਹਲੇ ਬਿਗਾਨਾ
ਹੈਲੀਕਬਾਟਰ ਲੈ ਲੈ ਬਾਦਲ ਨੇ 'ਤਾਹਾਂ ਝਾਕ ਕਿਸਾਨਾ
ਕਿੰਨੇ ਭੁੱਲਰ ਵਰਗੇ ਵੀ ਹਲੇ ਜੇਲ੍ਹਾਂ ਅੰਦਰ ਡੱਕੇ
ਕੱਚੀ ਉਮਰੇ ਤਾੜੇ ਸੀ ਹੁਣ ਵਾਲ ਵੀ ਹੋਗੇ ਕੱਕੇ
ਸੱਪ ਆਪੇ ਛੇੜਿਆ ਸੀ ਤਖਤ ਦਿੱਲੀ ਨੇ ਢਾਹਕੇ
ਸਿੰਗ ਅੜਗੇ ਕੁੰਢੀਆਂ ਦੇ ਮਿੱਤਰਾ.........

ਨਿੱਤ ਵਿੱਚ ਕਰਾਚੀ ਦੇ ਦਰਜ਼ਨ ਲੋਕੀਂ ਮਰਦੇ
ਡਰ ਤਾਲਿਬਾਨਾਂ ਦਾ ਜਵਾਕ ਸਕੂਲੋਂ ਹਟਗੇ ਡਰਦੇ
ਰੌਲਾ ਸੁੰਨੀ ਸ਼ੀਆ ਦਾ ਏਹ ਮੁੱਢ ਕਦੀਮੋਂ ਮਸਲਾ
ਹੱਥ ਨਿਆਣੇਆਂ ਦੇ ਕਿਤਾਬ ਦੀ ਥਾਂ ਤੇ ਅਸਲਾ
ਕੋਈ 'ਕੱਠ 'ਚ ਵੜ ਜਾਂਦਾ ਬਰੂਦੀ ਜੈਕਟ ਪਾਕੇ
ਸਿੰਗ ਅੜਗੇ ਕੁੰਢੀਆਂ ਦੇ ਮਿੱਤਰਾ.........ਘੁੱਦਾ

ਖੂਨ ਕੇ ਸੋਹਿਲੇ ਗਾਵੀਅਹਿ ਨਾਨਕੁ

ਸ੍ਰੀ ਦਰਬਾਰ ਸਾਹਬ ਤੇ ਹੋਏ ਹਮਲੇ ਮਗਰੋਂ ਘਟੀਆਂ ਖਾਸ ਘਟਨਾਵਾਂ
( ਥੋਡੇ ਪੰਦਰਾਂ ਅਗਸਤ ਤੇ ਵਿਸ਼ੇਸ਼ )
1. ਛੇ ਜੂਨ ਨੂੰ ਆਥਣ ਤਾਂਈ ਦੋਵੇਂ ਪਾਸਿਓਂ ਗੋਲੀਬਾਰੀ ਬੰਦ ਹੋਗੀ ਸੀ। ਪਰ ਸੱਤ ਜੂਨ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਨਾਲੇ ਧਰਮ ਨਿਰਪੱਖ ਦੇਸ਼ ਨੇ ਜਾਣਕੇ ਸਿੱਖ ਇਤਿਹਾਸ ਨਾ ਰਿਲੇਟਡ ਸਮੱਗਰੀ ਨੂੰ ਨੇਸਤੋਨਾਬੂਦ ਕਰਨ ਖਾਤਰ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਾਈ । ਉੱਥੇ ਕੋਈ ਖਾੜਕੂ ਜਾਂ ਮੋਰਚਾ ਹੈਨੀ ਸੀ। ਗਜ਼ਨਵੀ ਵੱਲੋਂ ਕਰੀ ਸੋਮਨਾਥ ਦੀ ਲੁੱਟ ਦੀ ਤਰਜ਼ ਤੇ ਦਰਬਾਰ ਸਾਹਬ ਦਾ ਖਜ਼ਾਨਾ ਵੀ ਜਚਾ ਕੇ ਲੁੱਟਿਆ ।
2. ਕਾਰਵਾਈ ਤੋਂ ਬਾਅਦ ਗੈਰ ਸਿੱਖ ਫੌਜੀਆਂ ਦਾ ਕੱਛਾਂ ਥਾਣੀਂ ਹਾਸਾ ਨਿਕਲਦਾ ਸੀ। ਇੱਕ ਚਾਂਭਲੇ ਗੜ੍ਹਵਾਲੀ ਫੌਜੀ ਨੇ ਦਰਬਾਰ ਸਾਹਬ ਪਰਕਰਮਾ 'ਚ ਬੀੜੀ ਲਾਲੀ। ਕੋਲ ਖਲੋਤੇ ਸਿੱਖ ਫੌਜੀ ਨੇ ਕਿਹਾ , ਨਾ ਪਰਧਾਨ ਸਾਡਾ ਤਾਂ ਪਹਿਲਾਂ ਈ ਕੁਛ ਨਹੀਂ ਰਿਹਾ। ਹੁਣ ਬੀੜੀਆਂ ਪੀਕੇ ਗੁਰਧਾਮ ਦੀ ਹੋਰ ਬੇਅਦਬੀ ਨਾ ਕਰ। ਗੁੱਸੇ 'ਚ ਆਏ ਗੜ੍ਹਵਾਲੀ ਨੇ ਸਿੱਖ ਫੌਜੀ ਦੇ ਲਫੇੜਾ ਧਰਤਾ। ਦੋ ਪੈਰ ਪਿਛਾਂਹ ਹਟਕੇ ਸਿੱਖ ਮੁੰਡੇ ਨੇ S.L.M ਮੋਢੇ ਨਾ ਕੱਸਕੇ ਗੜ੍ਹਵਾਲੀ ਦਾ ਘੋਗਾ ਚਿੱਤ ਕਰਤਾ। ਓਥੇ ਸਾਰੇ ਈ ਗੜ੍ਹਵਾਲੀ ਫੌਜੀ ਖੜ੍ਹੇ ਸੀ। ਸਾਰਿਆਂ ਸੈਂਕੜੇ ਗੋਲੀਆਂ ਸਿੱਖ ਜਵਾਨ ਦੇ ਸਰੀਰੋਂ ਪਾਰ ਕਰਤੀਆਂ।
3. ਦਰਬਾਰ ਸਾਬ੍ਹ ਆਉਂਦੇ ਸਾਰੇ ਯਾਤਰੂਆਂ ਦੀ ਜਚ ਕੇ ਤਲਾਸ਼ੀ ਲਈ ਜਾਂਦੀ। ਇੱਕ ਸਿੱਖ ਨੌਜਵਾਨ ਦੀ ਤਲਾਸ਼ੀ ਲੈਣ ਲੱਗੇ ਫੌਜੀ ਨੂੰ ਮੁੰਡੇ ਨੇ ਕਿਹਾ ਮੇਰੇ ਝੋਲੇ 'ਚ ਸਿਰਫ ਕੱਪੜੇ ਲੀੜੇ ਤੇ ਗੁਰਬਾਣੀ ਦੇ ਗੁਟਕੇ ਨੇ । ਤੁਸੀਂ ਫੌਜੀ ਬੀੜੀ ਸਿਗਟ ਪੀਣੇ ਆਂ, ਤਾਂ ਕਰਕੇ ਝੋਲੇ ਨੂੰ ਹੱਥ ਨਾ ਲਾ। ਪਰ ਫੌਜੀ ਨੇ ਜਾਣਕੇ ਉਹਦੇ ਗੁਟਕੇ ਫਰੋਲੇ। ਹਰਖ 'ਚ ਆਏ ਗੱਭਰੂ ਨੇ ਤਲਵਾਰ ਦੇ ਝਟਕੇ ਨਾ ਸ਼ਪੈਹਟੇ ਦੀ ਬਾਂਹ ਲਾਹਕੇ ਔਹ ਮਾਰੀ। ਘਟਨਾਸਥਲ ਦੇ ਖੜ੍ਹੇ ਫੌਜੀਆਂ ਤਿੰਨ ਗੋਲੀਆਂ ਗੱਭਰੂ ਦੀ ਛਾਤੀ ਵਿੱਚ ਬਾਹਤੀਆਂ।
4. ਅਕਾਲ ਤਖਤ ਤੇ ਹੋਏ ਹਮਲੇ ਦੇ ਰੋਸ ਵਜੋਂ ਹਜ਼ਾਰਾਂ ਸਿੱਖ ਫੌਜੀ ਬੈਰਕਾਂ ਛੱਡਕੇ ਪੰਜਾਬ ਨੂੰ ਸਿੱਧੇ ਹੋਗੇ। ਰਾਮਗੜ੍ਹ ਸੈਂਟਰ ਤੋਂ ਬਾਗੀ ਫੌਜੀਆਂ ਤੋਂ ਪੰਜ ਸਿੱਖ ਫੌਜੀ ਬਨਾਰਸ ਨੇੜੇ ਪੁਲ ਹੇਠ ਅਰਾਮ ਕਰੀ ਜਾਂਦੇ ਸੀ। ਚਾਣਚੱਕ ਪਿੰਡ ਆਲੇਆਂ ਆਕੇ ਇੱਟਾਂ ਡਲਿਆਂ ਨਾ ਹਮਲਾ ਕਰਤਾ। ਕਿਸੇ ਸਿੱਖ ਫੌਜੀ ਨੇ ਲੋਕਾਂ ਤੇ ਫੈਰ ਨਾ ਖੋਲ੍ਹਿਆ। ਜਦੋਂ ਗੱਭਰੂ ਮਰਨਾਊ ਹੋਗੇ ਤਾਂ ਡੀ.ਸੀ ਨੇ ਆਕੇ ਪੁੱਛਿਆ,"ਤੁਸੀਂ ਗੋਲੀ ਕਿਓ ਨੀਂ ਚਲਾਈ?"
ਅੱਗੋਂ ਸਿੱਖ ਜਵਾਨ ਦਾ ਜਵਾਬ ਆਇਆ ," ਅਸੀਂ ਆਵਦੇ ਲੋਕਾਂ ਤੇ ਗੋਲੀ ਨਹੀਂ ਚਲਾਉਂਦੇ"

Thursday 8 August 2013

ਬਾਬਾ ਗੁਰਦਾਸ

ਕਾਲਜ ਦੀ ਫੇਅਰਵੈੱਲ ਪਾਰਟੀ ਸੀ। ਗੁਰਦਾਸ ਮਾਨ ਨੂੰ ਉਹਦੇ ਜਮਾਤੀਆਂ ਨੇ ਕਮਰੇ 'ਚ ਤਾੜ ਕੇ ਬਾਹਰੋਂ ਕੁੰਡਾ ਲਾਤਾ ਤੇ ਹਦੈਤ ਕਰਤੀ ਪਰਧਾਨ ਕੋਈ ਗੀਤ ਲਿਖ ਮ੍ਹਸੋਸਿਆ ਜਾ ਤੇ ਜਦੋਂ ਲਿਖ ਲਿਆ ਓਦੋਂ ਅਰਲ ਖੜਕਾ ਦੀਂ ਤੇ ਫੇਰ ਈ ਬਾਰ ਖੋਲਾਂਗੇ। ਦੱਸਦੇ ਆ ਓਦੋਂ ਬਾਬੇ ਗੁਰਦਾਸ ਨੇ ਗੀਤ ਲਿਖਿਆ ਸੀ , "ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾਂ ਮੈਂ"।
ਸਫਰ ਚੱਲਦਾ ਰਿਹਾ, ਮਾਲਵੇ ਦੀ ਟਿੱਬਿਆਂ ਦੀ ਪੈਦਾਇਸ਼ ਗੁਰਦਾਸ ਨੇ ਕੱਤੀ ਦਸੰਬਰ ਉੱਨੀ ਸੌ ਅੱਸੀ ਨੂੰ ਜਲੰਧਰ ਦੂਰਦਰਸ਼ਨ ਤੋਂ ਸ਼ੁਰੁਆਤ ਕਰਕੇ ਲੰਡਨ ਦੇ ਐਲਬਰਟ ਹਾਲ ਤੱਕ ਜਾ ਗਾਇਆ। ਐਲਬਟ ਹਾਲ 'ਚ ਮਾਈਕਲ ਜੈਕਸਨ ਅਰਗੇਆਂ ਨੇ ਈ ਗਾਇਆ ਪਹਿਲੋਂ।
ਲੰਡਨੋਂ ਪ੍ਰਸਾਰਿਤ ਹੁੰਦੇ ਸੰਸਾਰ ਪਰਸਿੱਧ ਚੈਨਲ BBC ਤੇ ਇੰਟਰਵਿਊਂ ਦੇਂਦਿਆ ਗੁਰਦਾਸ ਨੇ ਐਂਕਰ ਨੂੰ ਬਿਨਾਂ ਝੇਪ ਤੋਂ ਕਿਸੇ ਅਣਜਕੇ ਜੇ ਜਵਾਕ ਅੰਗੂ ਪਹਿਲੋਂ ਏਹੀ ਕਿਹਾ ,"ਮਾਈ ਇੰਗਲਿਸ਼ ਇਸ ਨੌਟ ਟੂ ਗੁੱਡ"
ਸਿਰ ਪਲੋਸਣ ਖਾਤਰ ਪੋਤਰੇ ਦੇ ਸਿਰ ਤੇ ਧਰੇ ਦਾਦੀ ਦੇ ਕੰਬਦੇ ਹੱਥ ਅਰਗੇ ਗੀਤ, ਜਾਂ ਜਿਮੇਂ ਕੋਈ ਬੱਕਰੀਆਂ ਚਾਰਨ ਆਲ਼ਾ ਛੇੜੂ ਆਥਣੇ ਜੇ ਸੋਟੀ ਤੇ ਠੋਡੀ ਧਰੀ ਲਹਿੰਦੇ ਸੂਰਜ ਦਾ ਨਜ਼ਾਰਾ ਦੇਂਹਦਾ ਹੋਵੇ , ਨਗੌਰੀ ਬਲਦਾਂ ਦੇ ਗਲ ਖੜਕਦੀਆਂ ਟੱਲੀਆਂ ਦੀਆਂ ਟੁਣਕਾਰਾਂ ਅਰਗੇ ਬੋਲ, ਜਿਮੇਂ ਕੁਤਰੇ ਆਲੀ ਮਸ਼ੀਨ ਤੇ ਰੇਤ ਲਾਉਦਿਆਂ ਹੁੰਦੀ ਕਿਰਚ ਕਿਰਚ ਨਾਲ ਧੁੜਧੁੜੀ ਛਿੜਦੀ ਹੋਵੇ, ਕੱਸੀਆਂ ਦੇ ਪਾਣੀਆਂ ਨਾ ਭਰੇ ਟੋਭੇ ਤੇ ਵਰ੍ਹਦੀਆਂ ਕਣੀਆਂ ਵਰਗਾ ਮਹੌਲ ਜਿਮੇਂ ਕੋਈ ਬੋਹੜ ਦਾ ਬੋਝਲ ਜਾ ਪੱਤਾ ਪਾਣੀ 'ਚ ਡਿੱਗਕੇ ਲਹਿਰਾਂ ਦੇ ਗੋਲਘਤੇਰੇ ਜੇ ਬਣਾ ਜਾਂਦਾ ਜਾਂ ਜਿਮੇਂ ਸਾਦਿਹਾੜੀ ਵਾਂਡੇਓਂ ਘਰ ਮੁੜੇ ਬਾਪੂ ਦੇ ਝੋਲੇ ਨੂੰ ਜਵਾਕ ਟੁੱਟਕੇ ਪੈਗੇ ਹੋਣ।
ਨਮੇਂ ਗੈਕਾਰਾਂ ਲਈ ਇੱਕ ਸਿਨਿਆਂ ਬਾਬੇ ਗੁਰਦਾਸ ਦਾ ਬੀ ਗੀਤ ਬਾਹਲੇ ਛਣਕਣਿਆ ਬਾਜੇਆਂ ਜਾਂ ਹਥਿਆਰਾਂ ਬਿਨਾਂ ਵੀ ਚੱਲ ਸਕਦੇ ਨੇ। ਲੱਚਰਤਾ ਤੋਂ ਕੋਹਾਂ ਦੂਰ ਗੀਤ ਉਹਦੇ ਜਿਮੇਂ ਕੋਈ ਪੇਂਡੂੰ ਰਕਾਨ ਬਿੰਦੇ ਝੱਟੇ ਚੁੰਨੀ ਸੂਤ ਕਰਕੇ ਚੇਤੰਨਤਾ ਦਿਖਾਉਂਦੀ ਹੋਵੇ ।ਬਸ ਕੁਝ ਏਮੇਂ ਦੇ ਨੇ ਬਾਬੇ ਗੁਰਦਾਸ ਦੇ ਗੀਤ। ਤਿੰਨ ਪੀੜ੍ਹੀਆਂ ਦਾ ਸਾਂਝਾ, ਸਰਬੋਤਮ ਤੇ ਸਦਾਬਹਾਰ ਕਲਾਕਾਰ ਬਾਬਾ ਗੁਰਦਾਸ.......ਘੁੱਦਾ

ਫੌਜੀ ਮੌਤਾਂ ਬਨਾਮ ਲੋਕ

ਸੁਣਿਆ ਪੁਣਛ ਸੈਗਟਰ 'ਚ ਪਾਕਸਤਾਨੀਆਂ ਪੰਜ ਭਾਰਤੀ ਫੌਜੀ ਸ਼ਹੀਦ ਕਰਤੇ। ਬਹੁਤ ਮਾੜਾ ਕਰਿਆ ਕੰਜਦੇਆਂ ਨੇ । ਭਾਜਪੇ , ਕਾਂਗਰਸੀਆਂ ਨੂੰ ਮੁੱਦਾ ਥਿਆਗਿਆ ਬੀ "ਪਾਕਿ ਸੇ ਬਦਲਾ ਲੋ, ਸਖਤ ਕਾਰਬਾਈ ਕਰੋ"। ਦਿੱਲੀ ਬੰਨੀਂ ਧਰਨੇ , ਨਬਾਜ਼ ਸ਼ਰੀਫ ਦੇ ਪੁਤਲੇ ਸਾੜੇ , ਚੰਦ ਤਾਰੇ ਆਲ਼ੇ ਪਾਕਿਸਤਾਨੀ ਝੰਡੇ ਫੂਕ ਮੁਜ਼ਾਹਰੇ ਕਰੇ ਜਾ ਰਹੇ ਨੇ।
ਦਿੱਲੀ ਬੈਠਾ ਮੁਲਖ ਚਾਹੁੰਦਾ ਬੀ ਜੰਗ ਵਿੱਢੀ ਜਾਵੇ ਪਰ ਜਦੋਂ ਜੰਗਾਂ ਛਿੜਦੀਆਂ ਓਦੋਂ ਦਿੱਲੀ ਆਲੇ ਤਾਂ ਟੀ.ਬੀ ਮੂਹਰੇ ਬੈਠੇ ਕੁਰਕੁਰਿਆਂ ਦੇ ਬੀਹਾਂ ਆਲ਼ੇ ਪੈਟਕ ਖੋਲ੍ਹਕੇ ਨਾਲ ਕੋਕ ਪੀਂਦੇ ਹੁੰਦੇ ਆ। ਓਧਰ ਮਾਝੇ ਦੇ ਸਰਹੱਦੀ ਏਰੀਏ ਦੇ ਜੱਟ ਮੰਜੇ, ਪੇਟੀਆਂ ਚਾਕੇ ਮਾਲ ਡੰਗਰ ਹੱਕਕੇ ਰਿਸ਼ਤੇਦਾਰੀਆਂ 'ਚ ਠਾਹਰਾਂ ਭਾਲਦੇ ਫਿਰਦੇ ਰੈਂਹਦੇ ਨੇ।
ਪੰਜਾਬ ਦੇ ਕਲੇਜੇ ਤੇ ਬਰੂਦ ਪਰਖਿਆ ਜਾਂਦਾ। ਅੱਗ ਲਾਕੇ ਡੱਬੂ ਤਾਂ ਕੰਧ ਤੇ ਚੜ੍ਹ ਜਾਂਦਾ ਫੇਰ ਮਰਦੇ ਪੰਜਾਬ ਦੇ ਈ ਨੇ।
ਪਟਿਆਲਾ ਰੈਜੀਮੈਂਟ ਦਿਆਂ ਜਵਾਨਾਂ ਸ੍ਰੀਨਗਰ ਦਾ ਹਵਾਈ ਅੱਡਾ ਕਬਜ਼ੇ 'ਚ ਕਰਕੇ ਕਸ਼ਮੀਰ ਬਚਾਕੇ ਭਾਰਤ ਨੂੰ ਦਿੱਤਾ, ਪੈਂਹਟ ਦੀ ਜੰਗ 'ਚ ਪੈਟਨ ਟੈਂਕ ਲੱਦਕੇ ਮਾਰੇ ਫੇਰ ਭਾਰਤ ਦਾ ਢਿੱਡ ਨੰਗਾ ਹੋਣੋਂ ਬਚਾਇਆ, ਚੀਨ ਦੀ ਜੰਗ ਵੇਲੇ ਜਰਨਲ ਕੌਲ ਅਰਗੇ ਨਿੱਕਰਾਂ ਲਬੇੜ ਕੇ ਸਾਬਣ ਪੀਕੇ ਹਸਪਤਾਲ ਦਾਖਲ ਹੋਗੇ ਫੇਰ ਸਿੱਖ ਫੌਜੀਆਂ ਮੂਹਰੇ ਹੋਕੇ ਚੀਨ ਨੂੰ ਠੱਲ੍ਹ ਮਾਰੀ।
ਤਰਾਂਨਵੇਂ ਹਜ਼ਾਰ ਪਾਕਿਸਤਾਨੀਆਂ ਤੋਂ ਬੰਗਲਾਦੇਸ਼ 'ਚ ਹਥਿਆਰ ਸਿਟਾਕੇ ਭਾਰਤ ਦੀ ਬੱਲੇ ਬੱਲੇ ਕਰਾਉਣ ਆਲੇ ਸਿੱਖ ਜਰਨੈਲਾਂ ਨੂੰ ਚੌਰਾਸੀ ਵੇਲੇ ਦਿੱਲੀ 'ਚ ਲੁਕਣ ਨੂੰ ਥਾਂ ਨਾ ਮਿਲੀ।
ਐਨਾ ਕੁਸ ਕਰਕੇ ਵੀ ਤਖਤ ਈ ਢਹਾਏ , ਹੋਰ ਕੀ ਲੈਹਦਾ ਦੇਦਾ ਦਿੱਲੀ ਨੇ ਪੰਜਾਬ ਨੂੰ। ਦਹੀਂ ਭੁਲੇਖੇ ਰੂੰ ਚਿੱਥਣ ਆਲ਼ੇ ਹੋਰ ਹੁੰਦੇ ਨੇ, ਜਦੋਂ ਮਰਨ ਦਾ ਵੇਲਾ ਆਉਂਦਾ ਓਦੋਂ ਜੈਲੇ ਕੈਲੇ ਅਰਗੇ ਈ ਮਰਦੇ ਨੇ, ਕਦੇ ਕਿਸੇ ਸੁਣਿਆ ਬੀ ਕੋਈ ਅਗਰਵਾਲ ਜਾਂ ਮਿਸ਼ਰਾ ਸ਼ਹੀਦ ਹੋਇਆ ਹੋਵੇ?
ਤਾਂਹੀ ਕਹਿਣੇਂ ਆ ਏਹਨਾਂ ਨੇ ਕੁਸ਼ ਨੀਂ ਦੇਣਾ ਆਥਣੇ ਟੈਮ ਨਾ ਅੰਨ੍ਹੇ ਦੀ ਹਿੱਕ ਅਰਗੇ ਪੰਜ ਸੱਤ ਮੰਨ ਦਾਲ ਨਾ ਲਬੇੜ ਕੇ ਢਿੱਡ 'ਚ ਸਿੱਟ ਲਿਆ ਕਰੋ, ਫੇਰ ਦਾਤੀ ਫਰੇ ਦੀ ਸੁੱਚ ਮਰੋੜ ਕੇ ਮੱਛਰਦਾਨੀ ਲਾਕੇ ਸੌਂਜਿਆ ਕਰੋ......ਘੁੱਦਾ

ਤਾਏ ਦੇ ਸੈੱਲ ਡੌਨ

ਕੇਰਾਂ ਏਮੇਂ ਜਿਮੇਂ ਆਹੀ ਸਲ੍ਹਾਬੇ ਜੇ ਦਿਨ ਭਰਾਵਾ ਸਾਉਣ ਭਾਂਦੋ ਦੇ । ਤਾਏ ਅਰਗੇ ਝੋਨੇ ਨੂੰ ਪਦਾਨ ਪਾਕੇ ਹਟੇ ਸੀਗੇ। ਤਾਇਆ ਘਰੇ ਆਕੇ ਮੰਜੇ ਤੇ ਲਿਟ ਗਿਆ ਓਮੇਂ ਜਿਮੇਂ । ਸਾਡੇ ਆਲ਼ਾ ਨਿੱਕਾ ਗਰਨੈਬ ਕੋਲੇ ਪੈਰਾਂ ਭਾਰ ਬੈਠਾ ਸੈਕਲ ਦੀ ਚੈਨ ਨੂੰ ਗਲੀਸ ਲਾਈ ਜਾਵੇ, ਉਂਗਲਾਂ ,ਲੀੜੇ ਲੂੜੇ ਲਿੱਬੜੇ ਵਏ , ਬੁਰੇ ਹਾਲ। ਨਾਲੇ ਬਾਟੀ 'ਚ ਕੋਕਾ ਕੋਲਾ ਪਾਈ ਬੈਠਾ ਪੀਣ ਜੋਗਰਾ।
ਤਾਇਆ ਸਾਡੇ ਆਲੇ ਨਿੱਕੇ ਨੂੰ ਕਹਿੰਦਾ ਜਰ ਨਿੱਕਿਆ ਸਰੀਰ ਕੰਡਮ ਜਾ ਹੋਇਆ ਪਿਆ ਬਾਹਲਾ ਤੇ ਦੋ ਤਿੰਨ ਦਿਨ ਹੋਗੇ ਕਣਸ ਜੀ ਹੋਈ ਪਈ ਆ ਮਲਬ ਬੀ ਬੇਮਲੂਮਾ ਤਾਪ ਜਾ ਚੜ੍ਹਿਆ ਪਿਆ।
ਸਾਡੇ ਆਲੇ ਨੇ ਦੋ ਘੁੱਟਾਂ 'ਚ ਕੋਕਾ ਕੋਲਾ ਅੰਦਰ ਸਿੱਟ ਲਿਆ ਤੇ ਕਹਿੰਦਾ ਚੱਲ ਜਰ ਤਾਇਆ ਤੇਰਾ ਚਿੱਕਅੱਪ ਕਰਾਕੇ ਲਿਆਈਏ ਲਬੌਟਰੀ ਤੋਂ।
ਤਾਇਆ ਕਹਿੰਦਾ ਬੀ ਚੱਲ ਪੜ੍ਹਿਆ ਲਿਖਿਆ ਆ ਜਬਾਕ, ਏਹਦੀ ਗੱਲ ਮੰਨੀਏ ਅੱਜ। ਜਾਬੜੇ ਭਰਾਵਾ। ਲਬੌਟਰੀ ਆਲੇ ਨੇ ਤਾਏ ਦੀ ਡੇਢ ਸੂਤ ਮੋਟੀ ਨਾੜ 'ਚ ਘੱਸ ਦਿਨੇ ਸੂਈ ਬਾਹਤੀ ਤੇ ਜ਼ਰਕ ਦਿਨੇ ਖੂਨ ਕੱਢਲਿਆ । ਪੰਦਰਾਂ ਕੁ ਮੈਟਾਂ ਬਾਅਦ ਲਬੌਟਰੀ ਆਲਾ ਰਪੋਟ ਲਿਆ ਕੇ ਨਿੱਕੇ ਨੂੰ ਕਹਿੰਦਾ ਪਰਧਾਨ ਤੇਰੇ ਤਾਏ ਦੇ ਤਾਪ ਨਾਲ ਸੈੱਲ ਡੌਨ ਹੋਗੇ। ਸਾਡੇਆਲਾ ਸਮਝ ਗਿਆ ਬੀ ਖੌਣੀ ਟੈਮਪੀਸ ਆਲੇ ਸੈੱਲ ਈ ਹੁੰਦੇ ਹੋਣੇ ਆ। ਆਅਅ ਕੀ ਏਹਨੇ ਸੈਕਲ ਰਾਗਟ ਬਣਾਤਾ ਬਾਣੀਏ ਦੀ ਹੱਟ ਨੂੰ। ਬਰਿੱਕ ਬਰੁੱਕ ਹੈਨੀ ਸੀ ਸੈਕਲ ਦੇ, ਆਪੇ ਕੰਧ 'ਚ ਵੱਜ ਕੇ ਈ ਮੁੜਿਆ ਕਰੇ। ਸਾਡੇਆਲ਼ਾ ਬਾਣੀਏ ਨੂੰ ਕੈਂਹਦਾ ਬਾਈ ਤਿੰਨ ਬੱਡੇ ਸੈੱਲ ਦੇਦੇ ਰੇਡੀਏ ਆਲੇ ਤਾਏ ਦੇ ਪਾਉਣੇ ਆ। ਸੈੱਲ ਫੜ੍ਹਕੇ, ਫੇਰ ਖਿੱਚਤਾ ਸੈਕਲ ਭਰਾਵਾ।
ਬਰੋਲਾ ਈ ਬਣਿਆ ਫਿਰੇ , ਪੱਤੇ ਉੱਡਣ ਲਾਤੇ ਏਹਨੇ ਤਾਂ ,ਸੱਥ ਆਲੇ ਬਾਬੇ ਬਚਾਰੇ ਝਾਕਣ ਬੀ ਫੇਰ ਭਾਰੀ ਮਰਜ਼ ਆ ਕੋਈ । ਲਬੌਟਰੀ 'ਚ ਜਾਕੇ ਸਾਡੇ ਆਲੇ ਨੇ ਸੈੱਲ ਕਾਊਂਟਰ ਤੇ ਧਰਤੇ ਗਰਨੇਡਾਂ ਅੰਗੂ।
ਲਬੌਟਰੀ ਆਲੇ ਨੂੰ ਕਹਿੰਦਾ ਚੱਕ ਪਰਧਾਨ ਤਾਏ ਦੇ ਸੈੱਲ ਪਾਦੇ ਨਮੇਂ। ਤਾਇਆ ਝਾਕੇ ਬੀ ਆਹ ਕੀ ਭੈਣ ਦੇ ਭੜਾਈਆਂ ਲਖਾਈਆਂ ਜਹਾਬੇ ਨੇ ਨੱਕ ਵਢਾਤਾ। ਤਾਏ ਨੇ ਬੋਚ ਕੇ ਜੇ ਖੱਬੇ ਪੈਰ ਦਾ ਜੋੜਾ ਲਾਹ ਲਿਆ। ਸਾਡੇ ਆਲਾ ਲਹਿ ਪਿਆ ਭਰਾਵਾ। ਤਾਏ ਨੇ ਸੈੱਲ ਮਾਰਿਆ ਚਲਾਵਾਂ ਸਾਡੇ ਆਲੇ ਦੇ ਢੂਕਣੇ 'ਚ ਤੇ ਰੁਪਈਏ ਜਿੰਨਾ ਥਾਂ 'ਠਾਤਾ ਢੂਈ ਦਾ। ਸਾਡੇ ਆਲਾ ਮਰਤਬਾਨ ਅਰਗਾ ਮੂੰਹ ਕਰਕੇ ਘਰੇ ਤੁਰਿਆ ਆਵੇ ਟੇਢਾ ਟੇਢਾ ਜਾ ਤੁਰੇ ਜਿਮੇਂ ਧੁਨਕ ਬੱਜੀ ਹੁੰਦੀ ਆ.....ਘੁੱਦਾ

Sunday 4 August 2013

ਬਾਘ ਮਿਲਖਾ ਬਾਘ

ਚੌਵੀ ਜਨਵਰੀ ਦੀ ਰਾਤ ਨੂੰ ਅਸੀਂ ਪਟਿਆਲੇ NIS 'ਚ ਖੜ੍ਹੇ ਸੀ। ਕੁੱਲ ਖੇਡਾਂ ਦੇ ਗਰੌਂਡ ਨੇ ਏਥੇ। ਓਲੰਪਿਕ ਲੈਬਲ ਦੇ ਖਿਡਿਆਰੀਆਂ ਦੀ ਪਰੈਕਟਿਸ ਦੀ ਸ਼ਾਨਦਾਰ ਜਗ੍ਹਾ । ਬਖਸ਼ੀਸ਼ ਸਿੰਘ ਅੰਤਰਰਾਸ਼ਟਰੀ ਸਾਇਕਲਿਸਟ ਸੀ । ਸੋ ਪਹਿਲੋਂ ਸਾਇਕਲਿੰਗ ਵੈਲੋਡਰੰਮ ਵੇਖਣ ਤੋਂ ਬਾਅਦ ਗੱਡੀ ਤਿੰਨ ਚਾਰ ਮੋੜ ਕੱਟਕੇ ਰਨਿੰਗ ਟ੍ਰੈਕ ਕੋਲ ਰੁਕੀ । ਸਬਾਟਰਾਂ ਕੋਟੀਆਂ ਵਿੱਚਦੀ ਬੇਮਲੂਮੀ ਜੀ ਠੰਢ ਲੂੰ ਕੰਢਾ ਖੜ੍ਹਾ ਕਰਦੀ ਸੀ। ਸਰਦਾਰ ਵਾਸੂ ਹੋਣਾਂ ਨੇ ਦੱਸਿਆ ਏਸੇ ਟ੍ਰੈਕ 'ਚ ਬਾਘ ਮਿਲਖਾ ਬਾਘ ਦੀ ਕੁਛ ਸੀਨ ਸ਼ੂਟ ਕੀਤੇ ਗਏ ਨੇ।
ਉੱਡਣੇ ਸਿੱਖ ਦੇ ਨੌਂ ਨਾ ਜਾਣੇ ਜਾਂਦੇ ਮਿਲਖਾ ਸਿੰਘ ਦੇ ਨੌਂ ਤੇ ਫਿਲਮ ਥੋੜ੍ਹੇ ਕ ਦਿਨ ਪਹਿਲਾਂ ਹੁਣ ਰਿਲੀਜ਼ ਹੋਈ। ਪੰਜਾਬੀ ਦੀਆਂ ਦੋ ਅਰਥੀਆਂ ਖੱਸੀ ਫਿਲਮਾਂ ਵੇਖਕੇ ਹਿੜ ਹਿੜ ਕਰਨ ਆਲੀ ਜੰਤਾ ਨੂੰ ਏਹ ਫਿਲਮ ਪਸਿੰਦ ਨੀਂ ਆਈ। ਦੋ ਹਜ਼ਾਰ ਗਿਆਰ੍ਹਾਂ 'ਚ ਫਰਹਾਨ ਅਖਤਰ ਨੇ ਫਿਲਮ 'ਚ ਕੰਮ ਕਰਨ ਲਈ ਹਾਮੀ ਓਟੀ ਸੀ। ਜੇ ਉਹਨੂੰ ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਲਈ ਐਨੀ ਮੇਹਨਤ ਕਰਨੀ ਪਈ ਤਾਂ ਖੁਦ ਮਿਲਖਾ ਸਿੰਘ ਨੇ ਕਿੰਨੀ ਕ ਮਿਹਨਤ ਕੀਤੀ ਹੋਊ, ਏਹ ਗੱਲ ਹਸਾਬੋਂ ਬਾਹਰ ਆ।
ਟੋਟਣ ਤੋਂ ਮੁੜ੍ਹਕਾ ਚੋਅ ਕੇ ਕੰਗਰੋੜ ਥਾਂਣੀ ਹੋਕੇ ਹੇਠਾਂ ਗਿੱਟਿਆਂ ਤੱਕ ਜਾ ਪਹੁੰਚਦਾ । ਹੱਥਾਂ ਦੀਆਂ ਹਥੇਲੀਆਂ ਤਰ ਹੋ ਜਾਂਦੀਆਂ ਏਨੀ ਮੇਹਨਤ ਨਾ। ਸੱਜੇ ਹੱਥ ਦੇ 'ਗੂਠੇ ਨਾ ਮੱਥੇ ਤੋਂ ਮੁੜ੍ਹਕਾ ਸੂਤਕੇ ਡੋਲ੍ਹਣਾ ਪੈਂਦਾ। ਪੱਖੇ ਮੂਹਰੇ ਪੈਣ ਨਾ ਜੇਹਨਾਂ ਦੇ ਕੜੱਲ ਪੈ ਨੇ ਉਹ ਏਹਨਾਂ ਗੱਲਾਂ ਦਾ ਅੰਦਾਜ਼ਾ ਨੀਂ ਲਾ ਸਕਦੇ । ਤਿੰਨ ਘੈਂਟਿਆਂ 'ਚ ਕਿਸੇ ਦੀ ਜੀਵਨੀ ਨੂੰ ਕੈਦ ਕਰਨਾ ਬਾਖੂਬੀ ਕੰਮ ਹੁੰਦਾ । ਆਲੋਚਕਾਂ ਦੇ ਮੂੰਹ ਬੰਦ ਕਰਨ ਲਈ ਐਨਾ ਕ ਬਹੁਤ ਆ ਬੀ ਫਿਲਮ ਨੇ ਪਹਿਲੇ ਤਿੰਨ ਹਫਤਿਆਂ 'ਚ ਠਾਸੀ ਕਰੋੜ ਦੀ ਕਮਾਈ ਕਰੀ ਆ ਤੇ ਗੋਆ ਹਰਿਆਣਾ ਬਿਨਾਂ ਟੈਕਸੋਂ ਚੱਲ ਰਹੀ ਆ।
ਬਿਨਾਂ ਸ਼ੱਕ ਇੱਕ ਮੁਕੰਮਲ ਤੇ ਸਫਲ ਫਿਲਮ ਸਿੱਧ ਹੁੰਦੀ ਆ "ਬਾਘ ਮਿਲਖਾ ਬਾਘ" । ਬਾਕੀ ਨਿੰਦਣ ਆਲੇ ਮੁਲਖ ਨੇ ਤਾਂ ਮੂੰਹ ਟੱਡ ਕੇ ਮੀਚ ਈ ਲੈਣਾ ਹੁੰਦਾ....ਘੁੱਦਾ

ਲੋਕ ਸਾਡੇ ਯਮਲੇ ਦੇ ਗੀਤ ਵਰਗੇ

ਸਾਉਣ ਪਿੱਛੋਂ ਭਾਂਦੋ ਦੇ ਮਰੋੜ ਵਰਗੇ
ਢਿੱਡ ਵਿੱਚ ਰੱਖੀ ਵਈ ਘਰੋੜ ਵਰਗੇ
ਨੰਗੇ ਪੈਂਰੀ ਖੁੱਭੇ ਕਿਸੇ ਰੋੜ ਵਰਗੇ
ਫਿਰਨੀ ਤੋਂ ਘਰ ਆਲੇ ਮੋੜ ਵਰਗੇ
ਬੇਬੇ ਦੀ ਸੱਚੀ ਸੁੱਚੀ ਨੀਤ ਵਰਗੇ
ਸੱਚੀਂ ਲੋਕ ਸਾਡੇ ਯਮਲੇ ਦੇ ਗੀਤ ਵਰਗੇ

ਨਿੱਸਰੀ ਵਈ ਪੱਕੀ ਜੇਹੀ ਜਵਾਰ ਵਰਗੇ
ਚੌਰਾਸੀ ਵਿੱਚ ਪਿੰਡੇ ਝੱਲੀ ਮਾਰ ਵਰਗੇ
ਦਿੱਲੀ ਦੀ ਹੰਢਾਈ ਯਾਰ ਮਾਰ ਵਰਗੇ
ਵੇਸਵਾ ਦੀ ਪਾਟੀ ਸਲਵਾਰ ਵਰਗੇ
ਯੁੱਗਾਂ ਤੋਂ ਤੁਰੀ ਆਉਂਦੀ ਰੀਤ ਵਰਗੇ
ਸੱਚੀਂ ਲੋਕ ਸਾਡੇ ਯਮਲੇ ਦੇ ਗੀਤ ਵਰਗੇ

ਟੁੱਟੀ ਬਾਹੀ ਉੱਧੜੇ ਵਏ ਵਾਣ ਵਰਗੇ
ਕਿਸੇ ਗੱਭਰੂ ਦੀ ਚੰਦਰੀ ਮਕਾਣ ਵਰਗੇ
ਜਵਾਨੀ ਰੁੱਤੇ ਲੱਭੇ ਕਿਸੇ ਹਾਣ ਵਰਗੇ
ਗੁੱਸੇ ਵਿੱਚ ਭੂਤਰੇ ਵਏ ਸਾਨ੍ਹ ਵਰਗੇ
ਪੋਹ ਮਹੀਨੇ ਚੜ੍ਹਦੀ ਹੋਈ ਸੀਤ ਵਰਗੇ
ਸੱਚੀਂ ਲੋਕ ਸਾਡੇ ਯਮਲੇ ਦੇ ਗੀਤ ਵਰਗੇ

ਵਿਧਵਾ ਦੀ ਤਿੜਕੀ ਵਈ ਵੰਗ ਵਰਗੇ
ਧੀ ਕਵਾਰੀ ਦੀ ਮਣਾਂਮੂੰਹੀ ਸੰਗ ਵਰਗੇ
ਅੱਥਰੀ ਜਵਾਨੀ ਬਣੌਟੀ ਖੰਘ ਵਰਗੇ
ਚਾਚੇ ਕੈਂਦੋਂ ਦੇ ਖਚਰੇ ਜੇ ਲੰਙ ਵਰਗੇ
ਰਾਂਝੇ ਹੀਰ ਦੀ ਵੀ ਪਾਕ- ਪ੍ਰੀਤ ਵਰਗੇ
ਸੱਚੀਂ ਲੋਕ ਸਾਡੇ ਯਮਲੇ ਦੇ ਗੀਤ ਵਰਗੇ....ਘੁੱਦਾ

ਬਾਬਾ ਗੁਰਦਾਸ

ਕਾਲਜ ਦੀ ਫੇਅਰਵੈੱਲ ਪਾਰਟੀ ਸੀ। ਗੁਰਦਾਸ ਮਾਨ ਨੂੰ ਉਹਦੇ ਜਮਾਤੀਆਂ ਨੇ ਕਮਰੇ 'ਚ ਤਾੜ ਕੇ ਬਾਹਰੋਂ ਕੁੰਡਾ ਲਾਤਾ ਤੇ ਹਦੈਤ ਕਰਤੀ ਪਰਧਾਨ ਕੋਈ ਗੀਤ ਲਿਖ ਮ੍ਹਸੋਸਿਆ ਜਾ ਤੇ ਜਦੋਂ ਲਿਖ ਲਿਆ ਓਦੋਂ ਅਰਲ ਖੜਕਾ ਦੀਂ ਤੇ ਫੇਰ ਈ ਬਾਰ ਖੋਲਾਂਗੇ। ਦੱਸਦੇ ਆ ਓਦੋਂ ਬਾਬੇ ਗੁਰਦਾਸ ਨੇ ਗੀਤ ਲਿਖਿਆ ਸੀ , "ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾਂ ਮੈਂ"।
ਸਫਰ ਚੱਲਦਾ ਰਿਹਾ, ਮਾਲਵੇ ਦੀ ਟਿੱਬਿਆਂ ਦੀ ਪੈਦਾਇਸ਼ ਗੁਰਦਾਸ ਨੇ ਕੱਤੀ ਦਸੰਬਰ ਉੱਨੀ ਸੌ ਅੱਸੀ ਨੂੰ ਜਲੰਧਰ ਦੂਰਦਰਸ਼ਨ ਤੋਂ ਸ਼ੁਰੁਆਤ ਕਰਕੇ ਲੰਡਨ ਦੇ ਐਲਬਰਟ ਹਾਲ ਤੱਕ ਜਾ ਗਾਇਆ। ਐਲਬਟ ਹਾਲ 'ਚ ਮਾਈਕਲ ਜੈਕਸਨ ਅਰਗੇਆਂ ਨੇ ਈ ਗਾਇਆ ਪਹਿਲੋਂ।
ਲੰਡਨੋਂ ਪ੍ਰਸਾਰਿਤ ਹੁੰਦੇ ਸੰਸਾਰ ਪਰਸਿੱਧ ਚੈਨਲ BBC ਤੇ ਇੰਟਰਵਿਊਂ ਦੇਂਦਿਆ ਗੁਰਦਾਸ ਨੇ ਐਂਕਰ ਨੂੰ ਬਿਨਾਂ ਝੇਪ ਤੋਂ ਕਿਸੇ ਅਣਜਕੇ ਜੇ ਜਵਾਕ ਅੰਗੂ ਪਹਿਲੋਂ ਏਹੀ ਕਿਹਾ ,"ਮਾਈ ਇੰਗਲਿਸ਼ ਇਸ ਨੌਟ ਟੂ ਗੁੱਡ"
ਸਿਰ ਪਲੋਸਣ ਖਾਤਰ ਪੋਤਰੇ ਦੇ ਸਿਰ ਤੇ ਧਰੇ ਦਾਦੀ ਦੇ ਕੰਬਦੇ ਹੱਥ ਅਰਗੇ ਗੀਤ, ਜਾਂ ਜਿਮੇਂ ਕੋਈ ਬੱਕਰੀਆਂ ਚਾਰਨ ਆਲ਼ਾ ਛੇੜੂ ਆਥਣੇ ਜੇ ਸੋਟੀ ਤੇ ਠੋਡੀ ਧਰੀ ਲਹਿੰਦੇ ਸੂਰਜ ਦਾ ਨਜ਼ਾਰਾ ਦੇਂਹਦਾ ਹੋਵੇ , ਨਗੌਰੀ ਬਲਦਾਂ ਦੇ ਗਲ ਖੜਕਦੀਆਂ ਟੱਲੀਆਂ ਦੀਆਂ ਟੁਣਕਾਰਾਂ ਅਰਗੇ ਬੋਲ, ਜਿਮੇਂ ਕੁਤਰੇ ਆਲੀ ਮਸ਼ੀਨ ਤੇ ਰੇਤ ਲਾਉਦਿਆਂ ਹੁੰਦੀ ਕਿਰਚ ਕਿਰਚ ਨਾਲ ਧੁੜਧੁੜੀ ਛਿੜਦੀ ਹੋਵੇ, ਕੱਸੀਆਂ ਦੇ ਪਾਣੀਆਂ ਨਾ ਭਰੇ ਟੋਭੇ ਤੇ ਵਰ੍ਹਦੀਆਂ ਕਣੀਆਂ ਵਰਗਾ ਮਹੌਲ ਜਿਮੇਂ ਕੋਈ ਬੋਹੜ ਦਾ ਬੋਝਲ ਜਾ ਪੱਤਾ ਪਾਣੀ 'ਚ ਡਿੱਗਕੇ ਲਹਿਰਾਂ ਦੇ ਗੋਲਘਤੇਰੇ ਜੇ ਬਣਾ ਜਾਂਦਾ ਜਾਂ ਜਿਮੇਂ ਸਾਦਿਹਾੜੀ ਵਾਂਡੇਓਂ ਘਰ ਮੁੜੇ ਬਾਪੂ ਦੇ ਝੋਲੇ ਨੂੰ ਜਵਾਕ ਟੁੱਟਕੇ ਪੈਗੇ ਹੋਣ।
ਨਮੇਂ ਗੈਕਾਰਾਂ ਲਈ ਇੱਕ ਸਿਨਿਆਂ ਬਾਬੇ ਗੁਰਦਾਸ ਦਾ ਬੀ ਗੀਤ ਬਾਹਲੇ ਛਣਕਣਿਆ ਬਾਜੇਆਂ ਜਾਂ ਹਥਿਆਰਾਂ ਬਿਨਾਂ ਵੀ ਚੱਲ ਸਕਦੇ ਨੇ। ਲੱਚਰਤਾ ਤੋਂ ਕੋਹਾਂ ਦੂਰ ਗੀਤ ਉਹਦੇ ਜਿਮੇਂ ਕੋਈ ਪੇਂਡੂੰ ਰਕਾਨ ਬਿੰਦੇ ਝੱਟੇ ਚੁੰਨੀ ਸੂਤ ਕਰਕੇ ਚੇਤੰਨਤਾ ਦਿਖਾਉਂਦੀ ਹੋਵੇ ।
ਬਸ ਕੁਝ ਏਮੇਂ ਦੇ ਨੇ ਬਾਬੇ ਗੁਰਦਾਸ ਦੇ ਗੀਤ। ਤਿੰਨ ਪੀੜ੍ਹੀਆਂ ਦਾ ਸਾਂਝਾ, ਸਰਬੋਤਮ ਤੇ ਸਦਾਬਹਾਰ ਕਲਾਕਾਰ ਬਾਬਾ ਗੁਰਦਾਸ.......ਘੁੱਦਾ