Sunday 4 August 2013

ਲੋਕ ਸਾਡੇ ਯਮਲੇ ਦੇ ਗੀਤ ਵਰਗੇ

ਸਾਉਣ ਪਿੱਛੋਂ ਭਾਂਦੋ ਦੇ ਮਰੋੜ ਵਰਗੇ
ਢਿੱਡ ਵਿੱਚ ਰੱਖੀ ਵਈ ਘਰੋੜ ਵਰਗੇ
ਨੰਗੇ ਪੈਂਰੀ ਖੁੱਭੇ ਕਿਸੇ ਰੋੜ ਵਰਗੇ
ਫਿਰਨੀ ਤੋਂ ਘਰ ਆਲੇ ਮੋੜ ਵਰਗੇ
ਬੇਬੇ ਦੀ ਸੱਚੀ ਸੁੱਚੀ ਨੀਤ ਵਰਗੇ
ਸੱਚੀਂ ਲੋਕ ਸਾਡੇ ਯਮਲੇ ਦੇ ਗੀਤ ਵਰਗੇ

ਨਿੱਸਰੀ ਵਈ ਪੱਕੀ ਜੇਹੀ ਜਵਾਰ ਵਰਗੇ
ਚੌਰਾਸੀ ਵਿੱਚ ਪਿੰਡੇ ਝੱਲੀ ਮਾਰ ਵਰਗੇ
ਦਿੱਲੀ ਦੀ ਹੰਢਾਈ ਯਾਰ ਮਾਰ ਵਰਗੇ
ਵੇਸਵਾ ਦੀ ਪਾਟੀ ਸਲਵਾਰ ਵਰਗੇ
ਯੁੱਗਾਂ ਤੋਂ ਤੁਰੀ ਆਉਂਦੀ ਰੀਤ ਵਰਗੇ
ਸੱਚੀਂ ਲੋਕ ਸਾਡੇ ਯਮਲੇ ਦੇ ਗੀਤ ਵਰਗੇ

ਟੁੱਟੀ ਬਾਹੀ ਉੱਧੜੇ ਵਏ ਵਾਣ ਵਰਗੇ
ਕਿਸੇ ਗੱਭਰੂ ਦੀ ਚੰਦਰੀ ਮਕਾਣ ਵਰਗੇ
ਜਵਾਨੀ ਰੁੱਤੇ ਲੱਭੇ ਕਿਸੇ ਹਾਣ ਵਰਗੇ
ਗੁੱਸੇ ਵਿੱਚ ਭੂਤਰੇ ਵਏ ਸਾਨ੍ਹ ਵਰਗੇ
ਪੋਹ ਮਹੀਨੇ ਚੜ੍ਹਦੀ ਹੋਈ ਸੀਤ ਵਰਗੇ
ਸੱਚੀਂ ਲੋਕ ਸਾਡੇ ਯਮਲੇ ਦੇ ਗੀਤ ਵਰਗੇ

ਵਿਧਵਾ ਦੀ ਤਿੜਕੀ ਵਈ ਵੰਗ ਵਰਗੇ
ਧੀ ਕਵਾਰੀ ਦੀ ਮਣਾਂਮੂੰਹੀ ਸੰਗ ਵਰਗੇ
ਅੱਥਰੀ ਜਵਾਨੀ ਬਣੌਟੀ ਖੰਘ ਵਰਗੇ
ਚਾਚੇ ਕੈਂਦੋਂ ਦੇ ਖਚਰੇ ਜੇ ਲੰਙ ਵਰਗੇ
ਰਾਂਝੇ ਹੀਰ ਦੀ ਵੀ ਪਾਕ- ਪ੍ਰੀਤ ਵਰਗੇ
ਸੱਚੀਂ ਲੋਕ ਸਾਡੇ ਯਮਲੇ ਦੇ ਗੀਤ ਵਰਗੇ....ਘੁੱਦਾ

No comments:

Post a Comment