Thursday 31 January 2013

ਸੌਖੀ ਨਾ ਕਮਾਈ ਜੱਟ ਦੀ

ਮਨਫੀ ਹੋਗਿਆ ਤਾਪਮਾਨ ਟੈਲੀਬੀਜ਼ਨ ਆਲੇ ਦੱਸਦੇ ਨੇ
ਕਈ ਅੰਦਰ ਬੈਠੇ ਵੀ ਬੂਟ, ਜਰਾਬਾਂ ਦਸਤਾਨੇ ਕੱਸਦੇ ਨੇ
ਹੋਅ ਧਰੀ ਮੋਢੇ ਤੇ ਕਹੀ ਕੋਈ ਪਾਣੀ ਲਾਉਂਦਾ ਫਿਰਦਾ ਨੀਂ
ਠੰਢਾ ਰਜਬਾਹੇ ਸੂਏ ਦਾ ਪਾਣੀ ਓਤੋਂ ਕੱਕਰ ਕਿਰਦਾ ਨੀਂ
ਲੀਟਰ ਮਿਣ ਦੋਧੀ ਨੂੰ ਪਾਤੇ ਕੀ ਦੁੱਧ ਕੁੱਤਿਆਂ ਨੇ ਲੱਕਣੇ ਨੀਂ
ਸੌਖੀ ਨਾ ਕਮਾਈ ਜੱਟ ਦੀ ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੱਕਣੇ ਨੀਂ

ਤੇਲ ਬਦਲਣਾ ਸਟਾਟਰ ਦਾ ਡੱਕੇ ਨਾ ਸੁੱਚ ਦੱਬਣੀ ਨੀਂ
ਤੂਤ, ਧਰੇਕਾਂ, ਮੋਟਰ, ਖਾਡਾ ਊਂ ਮੌਜ ਵੀ ਐਹੇ ਜੀ ਲੱਭਣੀਂ ਨੀਂ
ਪੰਤਾਲੀ ਫੁੱਟ ਤੇ ਪਾਉਣੀ ਮੱਛੀ ਤਿੰਨ ਸੌ ਫੁੱਟ ਦਾ ਬੋਰ ਕੁੜੇ
ਬੱਤਰ ਖੁਸ਼ਕ ਕਣਕ ਦਾ ਹੋਗਿਆ ਤੜਕੇ ਭਿਔਣੀਂ ਕੋਰ ਕੁੜੇ
ਮੰਡੀਆਂ, ਸ਼ੈਲਰ, ਗੋਦਾਮ ਨੀਂ ਬਿਨ ਕਿਰਸਾਨਾਂ ਦੇ ਨੇ ਸੱਖਣੇ ਨੀਂ
ਸੌਖੀ ਨਾ ਕਮਾਈ ਜੱਟ ਦੀ ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੱਕਣੇ ਨੀਂ

ਦਾਤੀ ਨਾ ਪੱਟਣੀ ਸੀਲ ਮੋਨੋ ਦੀ ਤੇ ਤੇਲ ਢੋਲੀਆਂ ਨੂੰ ਲਾਉਣਾ
ਇੱਕ ਜਣੇ ਨੇ ਰਾਤੀਂ ਫੜ੍ਹਕੇ ਬੈਟਰੀ ਦੂਜੇ ਤੋਂ ਫੇਸ ਬਦਲਾਉਣਾ
ਧੂੰਈ ਸੇਕਣ ਨੂੰ ਕੱਖ ਕੱਠੇ ਕਰਨੇ ਤ੍ਰੇਲ ਭਿੱਜੀ ਪਰਾਲੀ ਦੇ
ਦੂਜਾ ਆਖੁ "ਡੱਬੀ ਘਰੇ ਭੁੱਲ ਗਿਆ" ਕੰਮ ਨੇ ਕਾਹਲੀ ਦੇ
ਰਾਤ ਬਰਾਤੇ ਖੇਤ ਨੂੰ ਗੇੜਾ ਤਾਂਹੀ ਹੱਥ ਪੈਂਦੇ ਜਾਤਰੂ ਰੱਖਣੇਂ ਨੀਂ
ਸੌਖੀ ਨਾ ਕਮਾਈ ਜੱਟ ਦੀ ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੱਕਣੇ ਨੀਂ.....ਘੁੱਦਾ

ਸ਼ੈਹਰ ਦੀ ਤੰਗ ਗਲੀ 'ਚ

ਸ਼ੈਹਰ ਦੀ ਤੰਗ ਗਲੀ 'ਚ ਜੇਹਨਾਂ ਦਾ ਬਚਪਨ ਬੀਤਿਆ ਹੋਵੇ
ਇੱਟਾਂ ਆਲੀ ਪੱਕੀ ਗਲੀ ਦੇ ਮੋੜ ਤੇ ਲੱਗਿਆ
ਮੀਟਰਾਂ ਨਾ ਲੱਦਿਆ ਖੰਭਾਂ ਉਹਨ੍ਹਾਂ ਲਈ ਚੌਕੇ ਜਾਂ ਛਿੱਕੇ ਦੀ ਹੱਦ ਹੁੰਦਾ
ਕੌਪਲੇਨ, ਬੌਰਨਬੀਟੇ ਪੀਕੇ ਵੱਡੇ ਹੁੰਦੇ ਨੇ
ਕਾਰਟੂਨਾਂ ਜਾਂ ਭੂਤਾਂ ਆਲੇ ਨਾਟਕ ਵੇਖ
ਪੰਜਵੀਂ ਜਮਾਤ ਤੱਕ ਈ ਐਨਕਾਂ ਕੰਨਾਂ ਤੇ ਭਾਰ ਬਣ ਜਾਂਦੀਆਂ
ਹਰਿੱਕ ਸਾਲ ਕਲਾਸ 'ਚੋਂ ਟੌਪ ਕਰਦੇ ਨੇ ਏਹ ਜਵਾਕ
ਇੱਕ ਹੋਰ ਬੈਠੇ ਹੁੰਦੇ ਨੇ
ਜਮਾਤ ਦੇ ਜਮਾਂ ਪਿਛਲੇ ਡੈਸਕਾਂ ਤੇ
ਜੇਹਨਾਂ ਦੇ ਬੂਟਾਂ ਦੇ ਤਸਮੇ ਖੁੱਲ੍ਹੇ ਹੁੰਦੇ ਨੇ,
ਚਿੱਟੀ ਸ਼ਲਟ ਨੂੰ ਲਾਜਵਰ ਵੱਧ ਘੱਟ ਲੱਗਿਆ ਹੁੰਦਾ
ਪੰਜਮੇਂ ਪੀਰਡ ਤੱਕ ਲਪੜੋ ਲਪੜੀ ਹੋਕੇ ਵਾਲ ਖਿੱਲਰੇ ਹੁੰਦੇ ਨੇ
ਹਸਲ ਆਲੇ ਸਵਾਲ ਹੁੱਬ ਕੇ ਕੱਢਣ ਆਲ਼ੇ
ਪਰ ਏਹ ਕਦੇ ਟੌਪ ਨੀਂ ਕਰਦੇ
ਬਸ ਏਹਨਾਂ ਕੋਲ ਆਹ ਤਜਰਬਾ ਹੁੰਦਾ
ਫਰਕ ਪਤਾ ਹੁੰਦਾ ਤੇਗੇ ਲੋਟ ਰਤੇ ਦਾ ਤੇ ਲਹਿਰੀਏ ਦਾ
ਏਹਨਾਂ ਨੇ ਸੁਣੀ ਹੁੰਦੀ ਆ ਗੁਰੂ ਘਰ ਦੇ ਸਪੀਕਰ ਤੋਂ ਨਿਕਲੀ
ਪਹੁ ਫੁਟਾਲੇ ਵੇਲੇ ਦੀ ਬਾਣੀ,
ਗਰਮੀ ਦੀ ਤਿੱਖੜ ਟਿਕੀ ਦੁਪੈਹਰ ਨੂੰ
ਦੂਰ ਕਿਸੇ ਖੇਤ ਚੱਲਦੇ ਦੋ ਵੀਲ੍ਹੇ ਇੰਜਣ ਦੀ ਡੂੰਘੀ ਜੀ 'ਵਾਜ਼
ਕੰਨ ਤੇ ਪੈਂਸਲ ਟੰਗਣ ਆਲੇ ਬਖਤੌਰ ਮਿਸਤਰੀ ਦੇ
ਪਾਟੇ ਹੱਥਾਂ 'ਚ ਚੱਲਦੀ ਕਰੰਡੀ ਦੀ 'ਵਾਜ਼
ਏਹਨਾਂ ਵੇਖੀਆਂ ਹੁੰਦੀਆਂ ਨੇ
ਹਲ ਵਾਹੁੰਦਿਆਂ ਪਿੱਛੇ ਫਿਰਦੀਆਂ ਬਗਲੇਆਂ, ਗਟਾਰਾਂ ਦੀਆਂ 'ਡਾਰਾਂ
ਸੱਥ 'ਚ ਬੈਠੇ ਬਾਬੇ ਅੱਖਾਂ ਪੂੰਝ ਸੁਣਾਉਂਦੇ ਨੇ ਏਹਨਾਂ ਨੂੰ
ਹੱਲੇ ਗੁੱਲੇ ਵੇਲੇ ਦੀਆਂ ਕਹਾਣੀਆਂ
ਏਹ ਕਦੇ ਟੌਪ ਨਹੀਂ ਕਰਦੇ
ਪਰ ਉਹ ਕੁਝ ਪੜ੍ਹ ਜਾਂ ਸਿੱਖ ਜਾਂਦੇ ਨੇ ਇਹ,
ਜੋ ਕਿਸੇ ਕਿਤਾਬ 'ਚ ਦਰਜ਼ ਨਹੀਂ ਹੁੰਦਾ....ਘੁੱਦਾ

ਏਅਰਪੋਟ ਤੋਂ ਪਿੰਡ ਨੂੰ ਆਉਂਦਾ

ਮਿੱਟੀ ਤੇ ਛਿੜਕੇ ਪਾਣੀ ਦੀ ਖੁਸ਼ਬੂ ਚੜ੍ਹਦੀ ਨੱਕ ਨੂੰ
ਟੂਣੇ ਜਾਂ ਥੌਹਲੇ ਖਾਤਰ ਵਰਤਿਆ ਜਾਂਦਾ ਅੱਕ ਨੂੰ
ਵੱਢ ਦਾਤੀ ਨਾ ਵੰਡੀਆਂ ਗੰਨੇ ਦੀਆਂ ਦੋ ਦੋ ਪੋਰੀਆਂ
ਕੰਧੋਲੀ 'ਚ ਰੱਖੀਆਂ ਝਾਅਅ ਕਰਨ ਲਈ ਮੋਰੀਆਂ
ਚੁੱਲ੍ਹੇ, ਹਾਰੇ ਢਾਹਤੇ ਨਮੂਨਾ ਹੈਨੀ ਹੁਣ ਉਹਦੇ ਨਾਲਦਾ
ਏਅਰਪੋਟ ਤੋਂ ਪਿੰਡ ਨੂੰ ਆਉਂਦਾ ਬਾਬਾ ਵਿਰਸਾ ਭਾਲਦਾ

ਭੈਣ, ਭਰਾਵੀਂ ਹੁੰਦੇ ਝਗੜੇ ਘਰੀਂ ਕੰਧਾਂ ਕੱਢਲੀਆਂ
ਪਹਿਲਾਂ ਡਾਂਗੋ ਸੋਟੀ ਹੁੰਦੇ ਫੇਰ ਪੰਚੈਤਾਂ ਸੱਦਲੀਆਂ
ਸਕੇ ਸਕਿਆਂ ਨੂੰ ਮਾਰਨ ਖਬਰ ਦੱਸੇ ਅਖਬਾਰ ਦੀ
ਉੱਧਲ ਵਿਆਹ ਕਰਾਉਂਦੀਆਂ ਮਰਜ਼ੀ ਚੱਲੇ ਯਾਰ ਦੀ
ਗੈਂਗਰੇਪਾਂ ਦੀਆਂ ਨੇ ਗੱਲਾਂ ਰੌਲਾ ਪਿਛਲੇ ਸਾਲਦਾ
ਏਅਰਪੋਟ ਤੋਂ ਪਿੰਡ ਨੂੰ ਆਉਂਦਾ ਬਾਬਾ ਵਿਰਸਾ ਭਾਲਦਾ

ਮੁਲਖ ਵੇਹਲਾ ਰਹਿਕੇ ਰਾਜ਼ੀ ਛੱਡ ਪਿਤਾ ਪੁਰਖੀ ਧੰਦੇ ਨੂੰ
ਨਿੱਕੇ ਕਹਿੰਦੇ ਪੱਬ ਕਲੱਬ ਚਾਹੀਦਾ ਹੁਣ ਆਏ ਸੰਡੇ ਨੂੰ
ਕੋਈ ਨਾ ਫੜ੍ਹਦਾ ਕਹੀ ਬਾਬਾ ਜਰ ਥੁੱਕ ਲਾਕੇ ਹੱਥਾਂ ਤੇ
ਖਿਆਲੀ ਪਲਾਅ ਪਕਾਉਣੇ ਯੱਕੜ ਛੱਡਣੇ ਸੱਥਾਂ ਤੇ
ਕਿਰਸਾਨੀ ਪੁਸ਼ਤੈਨੀ ਧੰਦਾ ਪਰ ਪਤਾ ਨਾ ਵੱਟ ਖਾਲ ਦਾ
ਏਅਰਪੋਟ ਤੋਂ ਪਿੰਡ ਨੂੰ ਆਉਂਦਾ ਬਾਬਾ ਵਿਰਸਾ ਭਾਲਦਾ

ਬਲਦਾਂ ਗਲੋਂ ਟੱਲੀਆਂ ਲੱਥੀਆਂ ਖੇਤੀਂ ਟਰੈਟਰ ਬੁੱਕਦੇ
ਨਾ ਉੱਡਣ ਰੇਤੇ ਜਾਂ ਧੂੜਾਂ ਰਾਹ ਪੱਕੇ ਬੱਜਰ ਲੁੱਕ ਦੇ
ਟਾਂਵੇ ਪੱਗਾਂ ਪਰਨੇ ਵਿਰਲੇ ਈ ਉੱਡਦੇ ਨੇ ਲਹਿਰੀਏ
ਸਣੇ ਜੂੜੇ ਨਾਈ ਕੋਲ ਰਹਿਗੇ ਗੁੱਤਾਂ ਦੇ ਸੱਪ ਜ਼ਹਿਰੀਏ
ਬਾਜ਼ਾਂ ਆਲਾ ਈ ਆ ਰਾਖਾ ਘੁੱਦਿਆ ਜੰਤਾ ਦੇ ਹਾਲ ਦਾ
ਏਅਰਪੋਟ ਤੋਂ ਪਿੰਡ ਨੂੰ ਆਉਂਦਾ ਬਾਬਾ ਵਿਰਸਾ ਭਾਲਦਾ......ਘੁੱਦਾ

ਲੱਕੜਾਂ ਆਲਾ ਬੋਹੜ

ਹਜ਼ਾਰਾਂ ਕਬੂਤਰਾਂ, ਚਿੜੀਆਂ, ਗਟਾਰਾਂ ਦਾ ਸਾਂਝਾ ਘਰ ਸੀ। ਲੱਖਾਂ ਮਾਖੋ ਮਖਿਆਲ ਦੀਆਂ ਮੱਖੀਆਂ ਦੀ ਇਕਲੌਤੀ ਸੇਫ ਜਗ੍ਹਾ ਵੀ।
ਸਾਡੇ ਪਿੰਡ ਲਹਿੰਦੇ ਬੰਨੀਂ ਬਾਜਕ ਆਲੇ ਰਾਹ ਤੇ ਬੋਹੜ ਸੀ ਬਹੁਤ ਵੱਡਾ। "ਲੱਕੜਾਂ ਆਲਾ ਬੋਹੜ" ਆਖਦੇ ਸੀ ਤੜਕੇ ਈ ਬੋਹੜ ਤੋਂ ਜਨੌਰ ਉੱਡਕੇ ਬਿਜਲੀ ਦੀਆਂ ਤਾਰਾਂ ਤੇ ਇਕ ਲੈਨ 'ਚ ਹੋਕੇ ਬਹਿ ਜਾਂਦੇ ਜਿਮੇਂ ਰੰਗਰੂਟ ਅਨੁਸ਼ਾਸ਼ਤ ਬੰਧ ਹੁੰਦੇ ਨੇ। ਬੋਹੜ ਹੇਠਾਂ ਖੂਹ ਹੁਣ ਵੀ ਹੈਗਾ ਤੇ ਇੱਕ ਦਰਗਾਹ ਵੀ ਬਣੀ ਵਈ ਆ।
ਬੋਹੜ ਐਨਾ ਕ ਸੰਘਣਾ ਸੀਗਾ ਬੀ ਮੈਨੂੰ ਦੀਂਹਦੀ ਕਦੇ ਬੋਹੜ ਦੇ ਤਣਿਆਂ ਤੇ ਧੁੱਪ ਨਹੀਂ ਪਈ ਹੋਣੀ।
ਪਿੰਡ ਦੀ ਇਹ ਮਿੱਥ ਬਣੀ ਵਈ ਆ ਬੀ ਏਹ ਬੋਹੜ ਬਾਬੇ ਘੁੱਦੇ ਦੀ ਭੈਣ ਨੇ ਲਾਇਆ ਸੀ ਤਿੰਨ ਚਾਰ ਸੌ ਸਾਲ ਪਹਿਲਾਂ। ਨਿੱਕੇ ਹੁੰਦੇ ਸੁਣਦੇ ਬੀ ਏਸ ਬੋਹੜ ਹੇਠਾਂ ਰਾਤ ਨੂੰ ਭੂਤਾਂ ਦਾ ਗਿੱਧਾ ਪੈਂਦਾ। ਕਈ ਦੰਦ ਕਥਾਵਾਂ ਸੁਣੀਆਂ ਏਹਦੇ ਰਿਲੇਟਡ।
ਮੀਂਹ ਨਾ ਪੈਣ ਤੇ ਪਿੰਡੋਂ ਜੰਤਾ ਏਸੇ ਬੋਹੜ ਕੋਲ ਗੁੱਡੀ ਫੂਕਣ ਜਾਂਦੀ ਸੀ ਤੇ ਨਾਲੇ ਵਾਧੂ ਗੁਲਗੁਲੇ ਵੰਡੇ ਜਾਂਦੇ।
ਬੋਹੜ ਦੀਆਂ ਦਾਹੜੀਆਂ ਨਾਲ ਅਸੀਂ ਬਥੇਰਾ ਝੂਟਦੇ ਰਹੇ ,,,ਹੋਅਅ ਲੰਮੇ ਲੰਮੇ ਠੂਹਣੇ ਆਉਂਦੇ। ਲੱਜਤ ਸੀ ਫੁੱਲ।
ਸਾਡੀ ਸੁਰਤ 'ਚ ਕਈ ਆਰੀ ਏਹ ਬੋਹੜ ਬੂਬਨਿਆਂ ਸਾਧਾਂ ਦਾ ਅੱਡਾ ਵੀ ਰਿਹਾ। ਪਿੰਡ ਦੇ ਹਰਿੱਕ ਜਵਾਕ ਜਾਂ ਬੁੱਢੇ ਨਾਲ ਏਸ ਬੋਹੜ ਦਾ ਖਾਸ ਜਾ ਰਿਸ਼ਤਾ ਸੀ ।
ਸਮਾਂ ਭਾਰੂ ਹੁੰਦਾ , ਬੋਹੜ ਸੁੱਕ ਗਿਆ, ਹੁਣ ਬੋਹੜ ਤੇ ਪਤਝੜ ਆਗੀ ਪਰ ਬਸੰਤ ਕਦੇ ਨਾ ਮੁੜੀ।
ਵੇਹੜੇਆਂ ਆਲੇਆਂ ਦੇ ਬਾਲਣ ਦਾ ਜੁਗਾੜ ਬਣ ਗਿਆ ਬੋਹੜ। ਹਜ਼ਾਰਾਂ ਜਨੌਰ ਬੇਘਰੇ ਕਰਤੇ ਬੋਹੜ ਨੇ।
ਜਾਂਦਾ ਜਾਂਦਾ ਬੋਹੜ ਗੁਰਬਾਣੀ ਦੀਆਂ ਤੁਕਾਂ ਨੂੰ ਸਹੀ ਸਿੱਧ ਕਰ ਰਿਹਾ, "ਜੋ ਉਪਜਹਿ ਸੋ ਬਿਨਸੈ"...ਘੁੱਦਾ

ਪਤਾ ਕਰੋ ਖਾਂ ਸਖੀਓ ਨੀਂ

ਨੀਂ ਭਰਮੇਂ ਜੁੱਸੇ ਜਿੰਨ੍ਹਾਂ ਦੇ ਤੇ ਗਜ਼ ਗਜ਼ ਚੌੜੀਆਂ ਛਾਤੀਆਂ
ਦਗਦੇ ਚਿਹਰੇ ਆਪੇ ਦੱਸਦੇ ਦੁੱਧ ਘਿਓ ਖੁਰਾਕਾਂ ਖਾਧੀਆਂ
ਘਸਮੈਲੇ ਜੇ ਗਲ ਲੀੜੇ ਨੇ ਓਤੋਂ ਦੀ ਲਈਆਂ ਲੋਈਆਂ ਨੇ
'ਨਪੜ੍ਹ ਜੇ ਕਿਧਰੋਂ ਆ ਵੜੇ ਕੁੜੀਆਂ ਵਿੱਚ ਗੱਲਾਂ ਹੋਈਆਂ ਨੇ
ਸੰਨ ਸੰਤਾਲੀ ਦੇ ਉੱਜੜੇ ਇਹ ਚੌਰਾਸੀ ਪਿੱਛੋਂ ਖਾੜਕੂ ਕਹਾਏ ਨੇ
ਪਤਾ ਕਰੋ ਖਾਂ ਸਖੀਓ ਨੀਂ ਆਹ ਲਿੱਬੜੇ ਜੇ ਕਿਧਰੋਂ ਆਏ ਨੇ

ਚੌਲ, ਕਣਕ ਦੀਆਂ ਭਰੀ ਟਰੈਲੀਆਂ ਸ਼ੈਹਰਾਂ ਬੰਨੀਂ ਆਉਂਦੇ ਨੇ
"ਅੰਨ ਦਾਤੇ" ਤੇ "ਹਾਰਨ ਬਜਾਓ" ਡਾਲੇ ਪਿੱਛੇ ਲਿਖਾਉਂਦੇ ਨੇ
ਮਾਲ, ਦੁਕਾਨਾਂ, ਕਚੈਹਰੀ ਸਭ ਏਹਨਾਂ ਦੇ ਸਿਰ ਤੇ ਚਲਦੇ ਨੇ
ਜੇਤੂ ਪੈਂਹਟ, ਘੱਤਰ ਜੰਗਾਂ ਦੇ ਕਿਤੇ ਪੜ੍ਹਿਓ ਕਿੱਸੇ ਕੱਲ੍ਹ ਦੇ ਨੇ
ਲਹੂ ਨਾ ਲਿੱਬੜੇ ਤਵਾਰੀਖਾਂ ਦੇ ਪੰਨੇ ਨੀਂ ਏਹਨਾਂ ਹੀ ਪਲਟਾਏ ਨੇ
ਪਤਾ ਕਰੋ ਖਾਂ ਸਖੀਓ ਨੀਂ.......................................

ਨੀਂ ਏਹੇ ਮਾਰੇ ਘੱਲੂਘਾਰਿਆਂ ਦੇ ਤੇ ਯੁੱਧ ਗੁਰੀਲਾ ਲੜਦੇ ਰਹੇ
ਚੌੜ ਸਮਝਣ ਤਵੀਆਂ ਸ਼ਵੀਆਂ ਨੂੰ ਦੇਗਿਆਂ ਅੰਦਰ ਸੜਦੇ ਰਹੇ
ਏਹ ਬੱਚੇ ਗਦਰੀ ਬਾਬਿਆਂ ਦੇ ਤੇ ਪਿੰਗਲਵਾੜਿਆਂ ਦੇ ਬਾਨੀ ਨੇ
ਲੰਮੇ ਪੈਕੇ ਰੇਲਾਂ ਰੋਕਦੇ ਰਹੇ ਕਿੱਸੇ ਹੋਰ ਵੀ ਬਹੁਤ ਲਾਸਾਨੀ ਨੇ
ਟੇਢੀਆਂ ਜੀਆਂ ਪਟਿਆਲਾ ਪੱਗਾਂ ਦੇ ਲੜ ਵੇਖਾਂ ਕਿਮੇਂ ਖੜ੍ਹਾਏ ਨੇ
ਪਤਾ ਕਰੋ ਖਾਂ ਸਖੀਓ ਨੀਂ ............................

ਨੌਂ ਨਾ ਸਿੰਘ ਲੱਗਿਆ ਸੀ ਸੋਲ੍ਹਾਂ ਸੌ ਨੜਿੱਨਮੇਂ ਦੀ ਬਸਾਖੀ ਨੂੰ
ਬੰਦੇ ਬਹਾਦਰ ਪੂਰ ਚੜ੍ਹਾਇਆ ਬਾਜ਼ਾਂ ਆਲੇ ਦੀ ਗੱਲ ਆਖੀ ਨੂੰ
ਏਹੀ ਉਧਮ ਸੁਨਾਮੀਏ ਨੇ, ਏਹੀ ਭਗਤ ਸਿਹੁੰ ਤੇ ਸਰਾਭੇ ਨੀਂ
ਏਹੀ ਨੇ ਡਾ. ਦੀਵਾਨ ਸਿਹੁੰ ਨਾ ਮੁੜੇ ਜੋ ਕਾਲੇਪਾਣੀਓਂ ਬਾਬੇ ਨੀਂ
ਏਹੀ ਮਿਸਲਾਂ ਦੇ ਸਰਦਾਰ ਕੁੜੇ ਦਿੱਲੀ ਤੱਕ ਖੰਡੇ ਖੜਕਾਏ ਨੇ
ਪਤਾ ਕਰੋ ਖਾਂ ਸਖੀਓ ਨੀਂ ਆਹ ............................

ਏਹ ਖਾਲੀ ਗੇਲਨ ਮੋਨੋ ਦੇ ਇਹ ਸੁਰਖੀ ਬਣਦੇ ਅਖਬਾਰਾਂ ਦੀ
ਪਹਿਲਾਂ ਆਵਦੇ ਘਰੀਂ ਝਾਕਦੇ ਨਾਂ ਇੱਜ਼ਤ ਤਕਾਉਦੇ ਨਾਰਾਂ ਦੀ
ਏਹ ਵੈਲਨਟਾਈਨਾਂ ਤੋਂ ਦੂਰ ਬੜੇ ਮੱਸਿਆ ਜਾਂ ਸੰਗਰਾਂਦ ਜਹੇ
ਏਹੇ "ਰੂਪ-ਬਸੰਤ" ਦੀ ਕਹਾਣੀ ਦੇ ਦਿਲਟੁੰਬਵੇਂ ਬਿਰਤਾਂਤ ਜਹੇ
ਘੁੱਦਿਆ ਕੜੇ ਨਿਸ਼ਾਨੀ ਗੁਰਾਂ ਦੀ ਜੋ ਗੁੱਟਾਂ ਤੇ ਏਨ੍ਹਾਂ ਪਾਏ ਨੇ
ਪਤਾ ਕਰੋ ਖਾਂ ਸਖੀਓ ਨੀਂ ਆਹ ਲਿੱਬੜੇ ਜੇ ਕਿਧਰੋਂ ਆਏ ਨੇ......ਘੁੱਦਾ

ਐਂਤਕੀ ਮੇਰੀ ਵਾਰੀ ਸੀ

ਕਿਸੇ ਪੁਰਾਣੇ ਗੀਤ 'ਚੋਂ ਕੱਟਕੇ ਲਾਈ ਰਿੰਗਟੋਨ ਫੇਰ ਖੜਕੀ
ਲਿੱਬੜੇ ਹੱਥਾਂ ਨਾ ਬੋਚ ਕ ਦਨੇ ਗੀਝੇ 'ਚੋਂ ਫੋਨ ਕੱਢਿਆ
ਵਰ੍ਹਿਆਂ ਪੁਰਾਣਾ ਪਛਾਣਿਆ ਨੰਬਰ ਸਕ੍ਰੀਨ ਤੇ ਦਿਸਿਆ
ਸੱਜੇ ਹੱਥ ਦੇ 'ਗੂਠੇ ਨੇ ਹਰੀ ਸੁੱਚ ਨੂੰ ਜਾ ਨੱਪਿਆ
"ਹੈਲੋ" "ਹਾਓ ਆਰ ਯੂ"
ਅੰਦਾਜ਼ਾ ਠੀਕ ਨਿਕਲਿਆ, 'ਵਾਜ਼ ਧੁਰ ਅੰਦਰ ਤੱਕ ਲਹਿ ਗਈ
ਕੰਬਦੇ ਹੱਥ ਨੇ ਫੋਨ ਨੂੰ ਕੰਨ ਨਾ ਲਾਈ ਰੱਖਿਆ
ਉਹ ਆਵਦੀ ਪਰੋਫੈਸਰ ਮੌਮ ਦੀ ਗੱਲ ਸੁਣਾ ਰਹੀ ਸੀ
ਤੇ ਮੈਨੂੰ ਵਿਹੜੇ 'ਚ ਬੈਠੀ ਮੰਜਾ ਉਣਦੀ ,
ਪਾਵਾ ਚੱਕ ਕੇ ਥੱਲਿਓਂ ਰੱਸੀਆਂ ਟਪਾਉਂਦੀ ਬੇਬੇ ਦਿਸੀ
ਗਰਮੀਆਂ ਦੇ ਟੂਰ ਲਈ ਉਹ ਬੰਬੇ ਰਹਿੰਦੇ
ਕਿਸੇ ਅੰਕਲ ਕੋਲ ਜਾਣ ਦੀ ਗੱਲ ਕਰ ਰਹੀ ਸੀ
ਤੇ ਫੋਰਡ ਦੀ ਟੈਂਕੀ 'ਚ ,ਬੋਤਲ ਵੱਢਕੇ ਬਣਾਈ ਕੀਪ ਨਾ ਡੀਜ਼ਲ ਪਾਕੇ
ਟੈਂਕੀ ਦਾਲੇ ਕੱਪੜਾ ਮਾਰਦਾ ਤਾਇਆ,
ਮੈਨੂੰ ਉਹਦੇ ਅੰਕਲ ਵਰਗਾ ਨਾ ਲੱਗਾ
ਉਹ ਕਿਸੇ ਫੇਮਸ ਕੋਲਾਬੇਰੀ ਗਾਣੇ ਦੀ ਗੱਲ ਕਰ ਰਹੀ ਸੀ
ਕਿੱਲੀ ਤੇ ਟੰਗੇ ਰੇਡੀਏ ਦੇ ਸਪੀਕਰ 'ਚੋਂ ਨਿਕਲੀ
ਹਰਮੰਦਰ ਸਾਹਬ ਦੀ ਕਲੇਜਾ ਠਾਰਦੀ ਬਾਣੀ ਮੇਰੇ ਕੰਨੀਂ ਪਈ
ਉਹ ਆਵਦੀ ਕਜ਼ਨ ਦੇ ਬੇਟੇ ਦੇ ਖਿਲੌਣਿਆਂ ਬਾਰੇ ਦੱਸ ਰਹੀ ਸੀ
ਤੇ ਮੈਨੂੰ ਤਲਵੰਡੀ ਭਾਈ ਤੋਂ ਲਿਆਂਦੇ ਟਰੈਟਰ ਨਾਲ ਮਿੱਟੀ ਤੇ ਖੇਡਦਾ
ਜਵਾਨ ਹੁੰਦਾ ਭਤੀਜਾ ਦਿਸਿਆ
ਹੁਣ ਬੋਰ ਫੀਲ ਹੁੰਦਿਆਂ ਉਹਨੇ ਸਵਾਲ ਕੀਤਾ
"ਵੱਟ ਯੂ ਡੂ ਨਾਓ"
ਟੋਕੇ ਦੀਆਂ ਚਾਲਾਂ ਤੇ ਕਾਲਾ ਤੇਲ ਪਾਉਂਦਾ ਮੈਂ ਰੁੱਕ ਗਿਆ
ਤੇ ਹੋਰ ਸ਼ਾਹੀ ਕੰਮ ਬਾਰੇ ਸੋਚਣ ਲੱਗਾ ,ਜੋ ਦੱਸ ਸਕਾਂ
ਹੁਣ ਉਹ ਚੁੱਪ ਸੀ ...ਐਂਤਕੀ ਮੇਰੀ ਵਾਰੀ ਸੀ...........ਘੁੱਦਾ