Monday 30 April 2012

ਇਹਨ੍ਹਾਂ ਦਾ ਹਸਾਬ ਕਤਾਬ

ਇਹਨ੍ਹਾਂ ਦਾ ਹਸਾਬ ਕਤਾਬ ਹੋਰ ਹੁੰਦਾ
ਜੇ ਮੀਂਹ ਵਰ੍ਹਦੇ 'ਚ ਧੁੱਪ ਨਿਕਲ ਆਏ
ਤਾਂ ਇਹ ਕਹਿੰਦੇ ਨੇ ,"ਗਿੱਦੜ ਗਿੱਦੜੀ ਦਾ ਵਿਆਹ ਹੋਈ ਜਾਂਦਾ
ਜਵਾਕ ਦੇ ਹੱਥ ਦੀ ਤਲੀ 'ਤੇ ਘੋਰਕੰਡੇ ਜੇ ਕਰਕੇ
ਕਹਿੰਦੇ ਨੇ ,"ਇੱਥੇ ਮੇਰਾ ਪੁੱਤ ਛੱਪੜ ਤੇ ਮੱਝਾਂ ਲੈ ਕੇ ਆਇਆ ਸੀ,ਕਿੱਰ ਗਿਆ"
ਮੁੜਕੇ 'ਤਾਹਾਂ ਨੂੰ ਬਾਂਹ ਵੰਨੀਂ ਹੱਥ ਤੋਰਕੇ
ਕਹਿੰਦੇ ਨੇ, "ਆਹ ਜਾਂਦੀ ਪੈੜ, ਆਹ ਜਾਂਦੀ ਪੈੜ"
ਕੱਛ ਕੋਲ ਜਾਕੇ ਕੁਤਕਤਾੜੀ ਕਰਕੇ ਰੌਲਾ ਪਾਉਣਗੇ
"ਥਿਆਹ ਗਿਆ, ਥਿਆਹ ਗਿਆ"
ਕੰਨਾਂ ਤੇ ਸਟੈਥੋਸਕੋਪ ਲਾਈ ਬੈਠਾ ਡਾਕਟਰ
ਹੱਥ 'ਚ ਫੜ੍ਹਿਆ ਪੰਪ ਮਾਰਦਾ
ਬਲੱਡ ਚੈੱਕ ਕਰਦਾ ਕਿਸੇ ਬਾਬੇ ਦਾ
ਤੇ ਕਹਿੰਦਾ,"ਬਾਬਾ ਤੂੰ ਟੈਨਸ਼ੈੱਨ ਕਰਦਾਂ, ਬੀ.ਪੀ ਵਧਿਆ ਵਾ ਤੇਰਾ"
ਕਰੜ ਬਰੜੀ ਦਾਹੜੀ ਤੇ
ਸਾਲ ਕੁ ਪਹਿਲਾਂ ਬਨਵਾਈ ਅੱਖ ਮੋਟੀ ਦੀਂਹਦੀ ਆ ਬਾਬੇ ਦੀ
ਤੇ ਐਨਕ ਦੇ ਮੋਟਿਆਂ ਸ਼ੀਸ਼ਿਆਂ 'ਚੋਂ ਝਾਕਦਾ
ਬਾਬਾ ਬੋਲਦਾ,"ਟੇਸਨ ਤਾਂ ਪੁੱਤ ਮੱਲੋਜੋਰੀ ਆਉਦੀਂ ਆ"
ਨਿੱਕੀ ਕੁੜੀ ਦੇ ਵਿਆਹ ਵੇਲੇ ਸਮਾਏ ਕੁੜਤੇ ਦੀ ਲੁੱਪੀ ਲੱਗੀ
ਜੇਬ ਚੋਂ ਝਾਤੀ ਮਾਰਦਾ ਬੀਹਾਂ ਦਾ ਨੋਟ
ਇਹ ਭਾਰ ਨੂੰ ਕਵਾਂਟਲਾਂ 'ਚ ਨਹੀਂ,
ਮਣਾਂ 'ਚ ਤੋਲਦੇ ਨੇ
ਢਾਈ ਮਣ ਦਾ ਇੱਕ ਕਵਾਂਟਲ, ਸਿੱਧਾ ਸਾਬ੍ਹ
ਕਿਸੇ ਨੀਲਾਮੀ ਵੇਲੇ ਖ੍ਰੀਦੀ ਪੇਂਟਿੰਗ ਨਾਲ ਡੈਕੋਰੇਟ ਨਹੀਂ ਕੀਤੇ ਹੁੰਦੇ
ਇਹਨ੍ਹਾਂ ਦੇ ਕਮਰੇ
ਟੀਪ ਕੀਤੀ ਕੰਧ ਤੇ ਸ਼ੀਸ਼ੇ 'ਚ ਜੜ੍ਹਿਆ ਵੱਡੇ ਪੁੱਤ ਦਾ ਸਿਹਰਾ ਲੱਗਾ ਵਾ ਹੁੰਦਾ
ਜਾਂ ਅਖੰਡ ਪਾਠ ਵੇਲੇ ਚੰਦੋਆ ਬੰਨ੍ਹਣ ਲਈ
ਚਾਰੇ ਖੂੰਜਿਆਂ 'ਚ ਕੁੰਡੇ ਲੱਗੇ ਹੁੰਦੇ ਨੇ
ਪਰ ਗੱਲ ਸੁਣਲੀਂ ਆੜੀਆ
ਐਮੇਂ ਨਾ ਜਾਣੀ, ਬਾਰ ਉਹਲੇ ਰੇਤ ਲਾਕੇ ਰੱਖਿਆ ਗੰਡਾਸਾ ਵੀ ਹੁੰਦਾ.....ਘੁੱਦਾ

Sunday 29 April 2012

ਖਤਰਾ ਕੀਹਤੋਂ?

ਜਨਾਬ ਖਤਰਾ ਐਂਤਕੀ ਪੰਥ ਨੂੰ
ਕੀਹਤੋਂ ਸ਼ਿਵ ਸੈਨਾ ਆਲ਼ਿਆਂ ਤੋਂ
ਹਾਂਜੀ ਇਹਨ੍ਹਾਂ ਤੋਂ
ਜਨਮ ਦਿਨਾਂ ਤੇ ਕੇਕ ਕੱਟਣ ਆਲਿਆਂ ਤੋਂ ਨੀ ਖਤਰਾ?
ਆਵਦੇ ਤੋਂ ਵੱਡੀਆਂ ਬੀਬੀਆਂ ਦਾ ਸਿਰ ਪਲੂਸਦਾ ਕਹਿੰਦੇ ਬਾਬਾ
ਇੱਕ ਹੋਰ ਲਹਿਰ ਆ ਕਹਿੰਦੇ
ਪਤੰਦਰ ਮੂੰਹ ਬੰਨ੍ਹ ਕੇ ਪਾਠ ਕਰਦੇ ਆ ਬੀ ਸੁੱਚਮ ਰਹੇ
ਗੁਰਬਾਣੀ 'ਚ ਕਿੱਥੇ ਲਿਖਿਆ ਮੂੰਹ ਬੰਨ੍ਹ ਕੇ ਪੜ੍ਹੋ ਪੜਦੇ ਜੇ ਨਾਲ
ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਅੱਡ ਜਪੁਜੀ ਸੈਹਬ ਵੀ ਪੜ੍ਹਦੇ ਆ
ਸ਼ਰਧਾ ਆਲੀ ਤਾਂ ਕੋਈ ਗੱਲ ਨੀਂ ਇਹਬੀ ਖੇਖਣ ਈ ਹੋਊ
ਨੂੰਹ ਕੁੜੀਆਂ ਜੰਮਦੀ ਆ
ਪਾਠ ਕਰਾਦੋ ਸੌ ਪਰਸੈਂਟ ਮੁੰਡਾ ਜੰਮੂ
"ਸੋ ਕਿਓ ਮੰਦਾ ਆਖੀਏ ਜਿਤੁ ਜੰਮਹਿ ਰਾਜਾਨੁ" ਆਹੋ ਜੀ ਨਾਨਕ ਸਾਬ੍ਹ ਤਾਂ ਝੂਠੇ ਸੀ
ਲੈਚੀਆਂ ਵੀ ਦਿੰਦੇ ਆ ਬਾਬੇ ਫੂਕਾਂ ਮਾਰਕੇ
ਨਾਲੇ ਜਲ ਦਿੰਦੇ ਆ ਘਰੇ ਪੀਣ ਨੂੰ
ਇਹਨ੍ਹਾਂ ਤੋਂ ਨੀ ਪੰਥ ਨੂੰ ਖਤਰਾ?
ਸੌ ਰੁਪਈਆ ਟੇਕਣ ਆਲੇ ਨੂੰ ਕਹਿੰਦੇ ਸਿਰੋਪਾਉ ਮਿਲਦਾ
ਤੇ ਦੂਜੇ ਟੱਪਜੇ ਮੱਥਾ ਟੇਕ ਕੇ
ਆਹੋ ਜੀ ਕੱਲੀ ਸ਼ਰਧਾ ਨੂੰ ਚੱਟਣਾ ਪੈਹਾ ਵੀ ਚਾਹੀਦਾ
ਫਿਰ ਮੱਕੜ ਦੀ ਗੱਡੀ 'ਚ ਤੇਲ ਵੀ ਚਾਹੀਦਾ
ਇਹਨ੍ਹਾਂ ਤੋਂ ਨੀ ਪੰਥ ਨੂੰ ਖਤਰਾ?
ਅਖੰਡ ਪਾਠਾਂ ਦੀ ਕੋਤਰੀ ਕਰਾਉਦੀ ਆ ਜਨਤਾ
ਮਤਲਬ ਇੱਕ ਸੌ ਇੱਕ ਪਾਠ ਲੜੀਵਾਰ
ਚੱਕੀ ਚੱਲੋ ਫੱਟੇ
ਜਨਤਾ ਨੂੰ ਭਮਾਂ ਦੀ ਕੁਸ ਨਾ ਸਮਝ ਆਏ
ਸਰਨਾ SGPC ਆਲਿਆਂ ਨਾਲ ਜੁੰਡੋ ਜੁੰਡੀ
ਇਹਨ੍ਹਾਂ ਤੋਂ ਨੀ ਪੰਥ ਨੂੰ ਖਤਰਾ?
ਬੰਨ੍ਹੀ ਚੱਲੋ ਜੰਡਾਂ ਨਾਲ ਖੰਭਣੀਆਂ
ਆਹੋ ਬਾਬੇ ਦਾ ਬੱਕਰਾ ਵੀ ਛੱਡੋ ਘੋੜਾ ਕਹਿਕੇ
ਗੁਰੂ ਨਾਨਕ ਸਾਹਬ ਦੀ ਫੋਟੋ ਤੇ ਧੂਫ ਲਾਈ ਚੱਲੋ ਕੁਸ ਨੀਂ ਕਹਿੰਦੇ
ਵਾਲ ਜੇ ਕਟਾਕੇ ਡਜ਼ੈਨ ਪਵਾਲੋ ਖੰਡੇ ਦਾ ਸਿਰ 'ਚ
ਦੋ ਇੱਟਾਂ ਦੀ ਮਟੀ 'ਚ ਛੇ ਫੁੱਟੇ ਬਾਬੇ ਨੂੰ ਫਿੱਟ ਕਰਦੋ ਜਚਾ ਕੇ
ਬਸ ਚੜ੍ਹਦੀ ਕਲਾ 'ਚ ਈ ਆ ਪੰਥ ਆਪਣਾ
ਚੱਕਦਾਗੇ ਫੱਟੇ........ਅੰਮ੍ਰਿਤ ਪਾਲ ਘੁੱਦਾ

ਨਾ ਫਿੱਟ ਨੀਂ

 ਮਾਈ ਭਾਗੋ ਤੇ ਝਾਂਸੀ ਦੀ ਰਾਣੀ ਹੁਣਾਂ ਦੀਆਂ ਗੱਲਾਂ ਸਾਨੂੰ ਫਿੱਟ ਨੀ
ਕਿਸੇ ਫਿਲਮ ਦੀ ਪ੍ਰਮੋਸ਼ਨ ਲਈ ਬਣਾਏ ਆਈਟਮ ਸੌਂਗ ਆਲੀ
ਮੁੰਨੀ, ਸ਼ੀਲਾ,ਜਲੇਬੀ ਬਾਈ ਅਰਗੀਆਂ ਕੁੜੀਆਂ ਸਾਨੂੰ ਸੂਤ ਆ
ਇਹ ਭਮਾਂ ਦੀ ਕਟਰੀਨਾ ਕੈਫ ਹੋਵੇ ਜਾਂ ਮੀਕੇ ਆਲੀ ਰਾਖੀ ਸਾਵੰਤ
"ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ"
ਜਾਂ "ਮੇਰੀ ਮੌਤ ਤੇ ਨਾਂ ਰੋਇਉ ਮੇਰੀ ਸੋਚ ਨੂੰ ਬਚਾਇਉ"
ਅਰਗੇ ਇਨਕਲਾਬੀ ਗੀਤ ਤਾਂ ਫੁੱਦੂ ਨੇ
ਅਸੀਂ ਪਤਾ ਕਿਹੜੇ ਗਾਣੇ ਸੁਣਦੇ ਆ
ਝੋਨਾ 1 , ਝੋਨਾ 2 ਪਟਰੋਲ 1, ਪਟਰੋਲ 2
ਮੋਟਰ 1, ਮੋਟਰ 2 ਚਾਹ ਦਾ ਕੱਪ 1 , ਚਾਹ ਦਾ ਕੱਪ 2
ਭੋਗ ਵੇਲੇ ਪਾਠੀ ਸਿੰਘ ਜਦੋਂ ਰਲਕੇ ਨੌਂਵੇ ਪਾਤਸ਼ਾਹ ਦੇ ਸਲੋਕ ਪੜ੍ਹਦੇ ਨੇ
"ਚਿੰਤਾ ਤਾਕੀ ਕੀਜੀਐ ਜੋ ਅਣਹੋਣੀ ਹੋਇ, ਇਸ ਮਾਰਗਿ ਸੰਸਾਰ ਮੇਂ ਨਾਨਕ ਥਿਰ ਨਹੀਂ ਕੋਇ"
ਤਾਂ ਓਦੋ ਅਸੀਂ ਭੋਗ ਆਲੇ ਘਰ ਦੇ ਗੇਟ ਤੇ ਖੜ੍ਹੇ ਕਹਿਣੇ ਹੁੰਨੇ ਆ
"ਸਾਲਿਆ ਤੇਰੀ ਆਲੀ ਤਾਂ ਆਗੀ,ਮੇਰੇ ਆਲੀ ਨੂੰ ਕੀ ਗੋਲਾ ਵੱਜਾ?"
ਆਥਣ ਵੇਲੇ ਸੁੰਨੀਆਂ ਕਚਿਹਰੀਆਂ 'ਚ ਵਕੀਲਾਂ ਤੇ ਟਾਈਪੈਸਟਾਂ ਦੀਆਂ ਮੇਜ਼
ਕੁਰਸੀਆਂ ਨੂੰ ਸੰਗਲੀ ਪਾ ਲਾਏ ਜਿੰਦੇ ਵੰਗੂ ਬੇਮਤਲਬ ਜੇ ਆ ਅਸੀਂ
ਜਾਂ ਰਿਸਦੇ ਰਹਿਣੇ ਆ ਸਰਹੱਦੀ ਪਿੰਡ ਦੀ ਵਾਟਰ ਵਕਸ ਆਲੀ ਟੈਂਕੀ ਅੰਨੂ
ਆਵਦੇ ਆਪ 'ਚ ਅਸੀਂ ਵੀ ਭਗਤ ਸਿਹੁੰ ਆ
ਫਾਂਸੀ ਤਾਂ ਦੂਰ ਸਾਡੀਆਂ ਤਾਂ ਪੇਪਰਾਂ ਦਾ ਰਿਜ਼ਲਟ ਆਓਣ ਤੋਂ ਪਹਿਲਾਂ
ਈ ਲੱਤਾਂ ਭੂਆ ਭੂਆ ਕਰਨ ਲੱਗ ਜਾਂਦੀਆਂ....ਘੁੱਦਾ

ਤੋਤਾ ਦੋਧੀ

ਅੱਡੇ ਆਲੇ ਗੁਰੂ ਨਾਨਕ ਸਕੂਲ 'ਚ ਮੇਰੇ ਨਾਲ ਪੜ੍ਹਿਆ
ਦਲਿਓਆਂ ਦਾ ਮੁੰਡਾ ਤੋਤਾ, ਹੁਣ ਤੋਤਾ ਦੋਧੀ ਬਣ ਗਿਆ
ਘਰੇ ਬੈਠਿਆਂ ਮੂੰਹ ਨ੍ਹੇਰੇ ਈ ਸੁਣ ਜਾਂਦੀ ਆ ਉਹਦੀ ਗਲੀ 'ਚ
ਗਰੜ ਗਰੜ ਕਰਦੇ ਆਉਦੇਂ ਰਾਜਦੂਤ ਦੀ 'ਵਾਜ਼
ਸਿਆਲਾਂ 'ਚ ਮੋਟਰਸੈਕਲ ਮੂਹਰੇ ਤਰਪਾਲ ਜੀ ਲਾਈ ਹੁੰਦੀ ਆ
ਲੱਤਾਂ ਠੰਢ ਤੋਂ ਬਚਾਉਣ ਖਾਤਰ
ਮਖ ਆਜਾ ਬਾਈ ਤੋਤੇ ਚਾਹ ਪਿਆਈਏ
ਕਾਪੀ ਦਾ ਜੜੁੱਤ ਪੇਜ ਪੱਟਕੇ ਚਾਰ ਪੇਜ ਭਰ ਦਿੰਦਾ ਸੀ ਤੋਤਾ
ਨਸ਼ਿਆਂ ਵਿੱਰੁਧ ਲੇਖ ਲਿਖਕੇ
ਹੁਣ ਉਂਗਲ ਨਾਲ ਬੁੱਲ੍ਹਾਂ ਚੋ ਜਰਦਾ ਕੱਢਕੇ ਤੋਤੇ ਨੇ ਕੰਧ ਨਾਲ ਮਾਰਿਆ
ਤੇ ਮੈਨੂੰ ਕਹਿੰਦਾ ਚਲ ਬਾਈ ਪੀ ਲੈਣੇ ਆ
ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਧੱਕਾ ਹੋਇਆ ਕਹਿੰਦੇ
ਆਦਰਸ਼ ਘੁਟਾਲੇ ਆਲਾ
ਸ਼ਹੀਦਾਂ ਦੇ ਟੱਬਰਾਂ ਖਾਤਰ ਘਰ ਬਣਾਕੇ ਹੋਰਾਂ ਨੂੰ ਈ ਦੇਤੇ
ਇਹਨ੍ਹਾਂ ਨਾਲੋਂ ਤਾਂ ਘੁੱਦੇ ਦੇ ਈ ਲੋਕ ਵਧੀਆ ਨਿਕਲੇ
ਸਿਵਿਆਂ 'ਚ ਤਿਲ ਸਿੱਟਣ ਨੂੰ ਥਾਂ ਨੀਂ ਸੀ
ਜਿਦ੍ਹੇਂ ਜੰਮੂ ਵੰਨੀਂ 7-8 ਅੱਤਵਾਦੀਆਂ ਨੂੰ ਮਾਰ
ਡੱਬੇ 'ਚ ਬੰਦ ਹੋ ਪਿੰਡ ਆਇਆ ਸੀ ਕਾਲਾ ਫੌਜੀ
ਫੌਜੀਆਂ ਨੇ ਵੀ ਕੱਠਿਆਂ ਈ ਫੈਰ ਕੱਢੇ ਸੀ
ਠਾਹ ਠਾਹ , ਜਨ-ਗਨ-ਮਨ ਵੀ ਕੀਤਾ ਸੀ
ਪਿੰਡ ਦੇ ਐਂਟਰੀ ਗੇਟ ਤੇ ਫੋਟੋ ਲੱਗੀ ਆ ਕਾਲੇ ਹੁਣਾਂ ਦੀ
ਟਾਈਟੈਨਿਕ ਤੇ ਈ ਬਣੀ ਜਾਂਦੀਆਂ ਫਿਲਮਾਂ
ਸਾਲੀ ਕਾਮਾਗਾਟਾਮਾਰੂ ਤੇ ਨੀਂ ਬਣਦੀ ਜਿਹੜਾ ਅਗਲਿਆਂ ਨੇ
ਬੇਰੰਗ ਚਿੱਠੀ ਅੰਗੂ ਮੋੜਤਾ ਸੀ
ਤੇ ਜਦੋਂ ਮੁੜਿਆ , ਪੱਟੂਆਂ ਨੇ ਇੱਕ ਅੱਖ ਮੀਚ ਮੀਚ ਨਿਸ਼ਾਨੇ ਲਾਏ
ਗੋਲੀਆਂ ਖੇਡਦੇ ਜਵਾਕਾਂ ਵੰਗੂ.......ਘੁੱਦਾ

ਵਿਆਹ ਕਿ ਚਿੰਤਾ

ਸ਼ਾਮ ਨੂੰ ਪਾਣੀ ਲਾਕੇ ਖੇਤੋਂ ਮੁੜੇ ਜੋਰੇ ਨੂੰ
ਚੁੱਲੇ ਮੂਹਰੇ ਬੈਠੀ ਉਹਦੀ ਬਹੂ ਬੰਸੋ ਦੱਸਦੀ ਆ
"ਘੁਰਕਵਿੰਡ ਆਲਾ ਆਪਣਾ ਪ੍ਰਾਹੁਣਾ ਆਇਆ,
ਵਿਆਹ ਧਰਿਆ ਕੁੜੀ ਦਾ,
ਮਹੀਨਾ ਤੇਰਵ੍ਹਾਂ ਲੜਾਈ ਅੱਧੋ ਅੱਧ,
ਹੁਣ ਭਰਨੀ ਪੈਣੀ ਆ ਨਾਨਕੀਸ਼ੱਕ"
"ਚੁੱਪ ਕਰ ਬੰਸੋ ਧੀਆਂ ਧਿਆਣੀਆਂ ਨੂੰ
ਸਾਰੀ ਉਮਰ ਈ ਦਿੰਦੇ ਹੁੰਦੇ ਆ ਮਾਪੇ,
ਤੂੰ ਐਂ ਦੱਸ ਕਿੱਥੇ ਬੈਠਾ ਪ੍ਰਾਹੁਣਾ"
"ਅੰਦਰ ਬੈਠਾ ਚੌੜਾ ਹੋਇਆ
ਥੋਡੀ ਭੈਣ ਨੇ ਤਾਂ ਮੇਰਾ ਸੂਟ ਵੀ ਨੀ ਘੱਲਿਆ"
"ਹਾਹਾਹਾਹਾ...ਚੁੱਪ ਕਰ ਕਮਲੀ ਨਾ ਹੋਵੇ ਤਾਂ"
ਹੱਸਦਾ ਜੋਰਾ ਸਿਹੁੰ ਸਿਰ ਨੀਵਾਂ ਕਰ, ਬਾਲਿਆ ਆਲੀ ਛੱਤ ਆਲ਼ੇ ਕਮਰੇ 'ਚ ਅੰਦਰ ਵੜ ਜਾਂਦਾ
"ਸਸਰੀਕਾਲ ਭਾਅ ਜੀ, ਵਧਾਈਆਂ ਹੋਣ ਕਹਿੰਦੇ ਵਿਆਹ ਧਰ ਲਿਆ ਕੁੜੀ ਦਾ"
"ਸਸਰੀਕਾਲ ਜੋਰਿਆ , ਹਾਂ ਧਰ ਲਿਆ,
ਕੁੜੀਆਂ ਚਿੜੀਆਂ ਤਾਂ ਟੈਮ ਨਾਲ ਈ ਸਹੁਰੇ ਤੋਰ ਦੀਏ ਟੈਮ ਮਾੜਾ ਹੁਣ,
ਆਹ ਫੜ੍ਹ ਕੁੜੀ ਦੇ ਵਿਆਹ ਦਾ ਕਾਟ"
ਜੋਰਾ ਦੀਵੇ ਦੀ ਲੋਅ 'ਚ ਕਦੇ ਭਾਣਜੀ ਦੇ ਵਿਆਹ ਦਾ ਕਾਰਡ ਪੜ੍ਹਦਾ, ਜਦੇ ਆਵਦੀ ਜਵਾਨ ਧੀ ਵੱਲ ਵੇਂਹਦਾ"
ਪਰਸੋਂ ਦੇ ਬਣਾਏ ਸਾਗ ਨੂੰ ਤੜਕਾ ਲਾ ਨਾਲ ਥਾਲ 'ਚ ਦੋ-ਦੋ ਫੁਲਕੇ ਰੱਖ ਬੰਸੋ ਰੋਟੀ ਫੜ੍ਹਾਉਦੀਂ ਆ ਜੋਰੇ ਹੁਣਾਂ ਨੂੰ
ਫਿਰ ਬੰਸੋ ਪੇਟੀ ਫਰੋਲ ਆਵਦੇ ਦਾਜ ਦਾ ਬੰਬਲਾਂ ਆਲਾ ਖੇਸ ਤੇ ਦਰੀਆਂ ਕੱਢ ਕੋਠੇ ਤੇ ਬਿਸਤਰੇ ਵਿਛਾਉਂਦੀ ਆ।
ਸਫਰ ਦਾ ਥੱਕਿਆ ਪ੍ਰਾਹੁਣਾ ਲੇਟਦਿਆਂ ਈ ਸੌਂ ਜਾਂਦਾ,
ਤੇ ਜੋਰਾ ਸਿਹੁੰ ਦੋ ਕੋਠਿਆਂ ਦੀ ਨਿੱਕੀ ਛੱਤ ਦੀ ਪੱਕੀ ਵਾੜ ਵੱਲ ਝਾਕਦਾ ਬਿਟਰ ਬਿਟਰ,
ਕਦੇ ਸੋਚਦਾ ਭਾਣਜੀ ਦੇ ਵਿਆਹ ਦੀ ਨਾਨਕੀ ਸ਼ੱਕ ਬਾਰੇ
ਤੇ ਕਦੇ ਸੋਚਦਾ ਸਵੇਰੇ ਦਸਾਂ ਦਿਨਾਂ ਨੂੰ ਪੈਸੇ ਦੇਣ ਦਾ ਲਾਰਾ ਲਾਕੇ ਮੋੜੇ ਆਹੜ੍ਹੀਏ ਬਾਰੇ,
ਤੇ ਜੋਰੇ ਦੇ ਕੰਨੀਂ ਪੈਂਦੀ ਰਹਿੰਦੀ ਆ ਬੀਂਡਿਆਂ ਦੀ ਨਿਰੰਤਰ ਚੱਲਦੀ ਭੀਂ..ਭੀਂ...
ਜਾਂ ਸੁਣਦੇ ਨੇ ਲੰਬੜਾਂ ਦੀ ਪੱਤੀ ਵੱਲ ਭੌਂਕਦੇ ਕੁੱਤੇ
ਤੇ ਜੋਰਾ ਵੇਖਦਾ ਰਹਿੰਦਾ ਤਾਰਿਆਂ ਆਲੀ ਮੰਜੀ ਵੱਲ
ਜੀਹਨੂੰ ਚੋਰ, ਕੁੱਤਾ, ਸਾਧ ਕਹਿੰਦੇ ਹੁੰਦੇ ਸੀ
ਏਨੇ ਨੂੰ ਜੋਰੇ ਕੰਨੀ ਪੈਂਦੀ ਆ ਪਾਠੀ ਸਿੰਘ ਦੀ 'ਵਾਜ਼,
ਤੇ ਜੋਰਾ ਸ਼ੁਕਰ ਮਨਾਉਂਦਾ ਰਾਤ ਬੀਤ ਜਾਣ ਦਾ
ਤੇ ਉੱਠ ਤੁਰਦਾ ਗੁਰਦੁਆਰੇ ਨੂੰ
ਤੇ ਜਦ ਘਰ ਮੁੜਦਾ ਤਾਂ ਦੋ ਧੀਆਂ ਬਾਅਦ ਸੁੱਖਾਂ ਮੰਗ ਮੰਗ ਲਿਆ
ਜੋਰੇ ਦਾ ਨਿੱਕਾ ਪੁੱਤ ਬੋਲਦਾ
"ਬਾਪੂ ਕੱਲ੍ਹ ਸ਼ੱਚਨ ਨੇ ਸ਼ੈਕੜਾ ਮਾਰਤਾ"
ਖੁੱਲ੍ਹਕੇ ਹੱਸਦਾ ਜੋਰਾ ਗਲਵੱਕੜੀ ਪਾ ਲੈਂਦਾ ਪੁੱਤ ਨੂੰ.........ਘੁੱਦਾ

ਭੂੰਡ ਆਸ਼ਕ

ਲੱਕ ਤੋਂ ਭੀੜੀ ਤੇ ਖੁੱਲ੍ਹੀ ਮੂਰੀ ਆਲ਼ੀ ਪੈਂਟ ਪਾਕੇ
ਨਾਲ ਧਾਰੀਆਂ ਆਲਾ ਲਾਲ ਝੱਗਾ ਤੇ ਤੇ ਉਹਦੇ ਵੀ ਕਫਾਂ ਆਲ਼ੇ ਗਦਾਮ ਖੁੱਲ੍ਹੇ
ਲੱਗਦੀ ਵਾਹ ਕਾਲਰ ਵੀ ਖੜੇ ਈ ਹੁੰਦੇ ਆ
ਬੋਦੀਆਂ ਤੇ ਹੱਥ ਮਾਰਦੇ ਸ਼ੈਹਰ ਨੂੰ ਪੜ੍ਹਨ ਜਾਂਦੇ ਆ ਬਥੇਰੇ
ਤੇ ਜੰਤਾ ਤੇ ਪਰਭਾਵ ਪਾਉਣ ਖਾਤਰ ਬੱਸ 'ਚ ਮਬੈਲ ਤੇ ਗਾਣੇ ਚਲਾਉਦੇ ਨੇ
ਆਹੋ ਮਬੈਲ ਵੀ ਚੈਨਾ ਆਲਾ ਮੋਟਾ ਜਾ ਮਖ ਬੱਸ ਆਲੇ ਡਿਕ ਨੂੰ ਵੀ ਫੇਲ੍ਹ ਕਰ ਦਿੰਦਾ
ਤੇ ਫਿਰ ਕੁੜੀ ਕੱਤਰੀ ਵੇਖ ਕੇ ਸ਼ਲਟ ਦੀਆਂ ਬਾਹਾਂ ਮੋੜ ਲੈਂਦੇ ਆ ਤੇ ਫਿਰ ਪਤਾ ਕੀ ਦਿਖਾਉਦੇ ਆ
ਬਸਾਖੀ ਆਲੇ ਮੇਲੇ ਤੋਂ ਦਸ ਰੁਪੈ ਲਾਕੇ ਬਾਹ ਤੇ ਲਿਖਾਇਆ "SEEMA"
ਬੀ ਕੁੜੀਆਂ ਵੇਖ ਕੇ ਕਹਿਣਗੀਆਂ ਬੀ ਇਹਤਾਂ ਮੁੰਡਾ ਬਾਹਲਾ ਪਯਾਰ ਕਰਦਾ ਹੋਣਾ ਸੀਮਾ ਨੂੰ
ਜਾਂ ਕਈਆਂ ਦੇ ਦਿਲ ਦੱਪਾ ਜਾ ਛਪਾਇਆ ਹੁੰਦਾ ਬਾਹ ਤੇ ਤੀਰ ਜਾ ਟਪਾ ਕੇ ਵਿੱਚਦੀ
ਫਿਰ ਕਨੈਟਰ ਆਕੇ ਪੁੱਛਦਾ,"ਹਾਂ ਕਾਕਾ ਟਿਕਟ"
ਜਾਣਾ ਸੀਮਾ ਕੋਲੇ ਈ ਹੁੰਦਾ ਪਰ ਉਹੀ ਘੜਿਆ ਘੜਾਇਆ ਜਵਾਬ,"ਸਟੂਡੈਂਟ ਆ ਬਾਈ"
ਕਨੈਟਰਾਂ ਨੂੰ ਵੀ ਪਤਾ ਈ ਹੁੰਦਾ ਤੇ ਅਗਲੇ ਅੱਡੇ ਤੇ ਈ ਕਹਿ ਦਿੰਦਾ,"ਕਾਕਾ 'ਤਾਂਹਾ ਚੜ੍ਹਦਾ ਛੱਤ ਤੇ ਚੱਜਦੀ ਸਵਾਰੀ ਵੀ ਬਠਾ ਲੈਣਦੇ ਬੱਸ 'ਚ, ਇਹ ਪਾਣੀ ਤੇ ਨੀਂ ਚੱਲਦੀ"
ਫਿਰ ਸ਼ੈਹਰ ਜਾਕੇ ਸੀਮਾ ਨੂੰ ਫੋਨ ਕਰਨਾ ਹੁੰਦਾ ਤਾਂ ਕੰਪਨੀ ਆਲ਼ੇ ਬੋਲ ਪੈਂਦੇ ਆ
"ਆਪਕੇ ਖਾਤੇ ਮੇਂ ਬਚੀ ਰਾਸ਼ੀ ਕਾਲ ਕੇ ਲੀਏ ਕਾਫੀ ਨਹੀਂ ਹੈ, ਕਰਿਪਿਯਾ ਆਪਣੇ ਖਾਤੇ ਕੋ ਰੀਚਾਰਜ਼ ਕਰਾਏਂ"
ਫਿਰ ਦਸਾਂ ਦਾ ਐਡੀਆ ਆਲ਼ਾ ਰੀਚਾਰਜ ਕਰਾਕੇ ਸੀਮਾ ਨੂੰ ਫੂਨ ਕਰਦੇ ਆ ਬੀ ਆਜਾ ਰੋਜ਼ ਗਾਰਡਨ 'ਚ
ਬੀ ਜਾਨੂੰ ਅੱਜ ਵੈਲਨਟਨ ਡੇ ਆ
ਫਿਰ ਲੱਤਾਂ ਘੜਾਉਦੇ ਫੌਜੀ ਚੌਂਕ, ਹਨੂੰਮਾਨ ਚੌਂਕ ਤੇ ਸਿਨਮੇ ਟੱਪ ਕੇ ਜਾ ਪਹੁੰਚਦੇ ਆ ਮਸ਼ੂਕ ਕੋਲੇ
ਜਾਕੇ ਪਿੱਛੋਂ ਦੀ ਉਹਦੀਆਂ ਅੱਖਾਂ ਢੱਕਕੇ ਕਹਿੰਦੇ ਆ,
"ਬੁਝੋ ਕੌਣ ਹੂੰ ਮੈਂ"
ਅਗਲ਼ੀ ਵੀ ਪਟਾਕ ਦਿਨੇ ਕਹਿੰਦੀ ਆ "ਮੁਸ਼ਕ ਜਾ ਆਉਦਾ ਤੂੰਹੀ ਹੋਏਗਾ"
ਫਿਰ ਓਹੀ ਗੱਲਾਂ ਬੀ ਤੇਰੇ ਲੀਏ ਚੰਨ ਤਾਰੇ ਲੈ ਆਉਗਾਂ , ਫਲਾਣ ਥਿਓਂਕ
ਮਖ ਚੰਨ ਤਾਂ ਫੁੱਲਿਆਂ ਦਾ ਪੈਕਟ ਬਣਾਤਾ ਬੀ ਹੁਣ ਜਾਕੇ ਰੇੜ੍ਹੀ ਤੋਂ ਲੈ ਆਉਣੇ ਆ
ਫਿਰ ਏਨੇ ਨੂੰ ਪੁਲਸ ਆਲਾ ਆਕੇ ਚਪੜਾ ਮਾਰਕੇ ਜੁੰਡੇ ਖਲਾਰ ਦਿੰਦਾ ਆਸ਼ਕ ਦੇ ਨਾਲੇ ਪੱਤਰਕਾਰ ਫੋਟੋ
ਖਿੱਚ ਲੈਂਦਾ ਬੀ ਲੋਕਾਂ ਨੂੰ ਦਿਖਾਵਾਂਗੇ ਬੀ ਵੈਲਨਟਨ ਆਲੇ ਦਿਨ ਆਹ ਕੁਸ ਹੁੰਦਾ
ਤੇ ਅਗਲੇ ਦਿਨ ਤਿੜ ਕੇ ਚੇਚਾ 'ਖਬਾਰ ਖ੍ਰੀਦ ਕੇ ਲਿਆਉਦਾਂ
ਬੀ ਮੇਰੀ ਤੇ ਸੀਮਾ ਦੀ ਫੋਟੋ ਆਈ ਆ....... ਘੁੱਦਾ

ਨਿੱਕੇ ਹੁੰਦਿਆਂ ਦੀ ਸੁਣੋ

"ਮੇਰਾ ਸ਼ੇਰ ਪੁੱਤ" ਕਹਿ ਕਹਿ ਤੜਕੇ ਬੇਬੇ ਉਠਾਉਦੀ ਸੀ,
ਫੇਰ ਘੇਸਲ ਮਾਰ ਸੌਂ ਜਾਂਦੇ ਸੀ,
ਉਦੋਂ ਸਾਲੀ ਨੀਂਦ ਵੀ ਬਾਹਲੀ ਆਉਦੀਂ ਸੀ,
ਹੱਥ ਗਿਲਾ ਕਰਕੇ ਬੇਬੇ
ਮੂੰਹ ਤੇ ਪੋਚਾ ਜਾ ਲਾਉਦੀਂ ਸੀ,
ਕੌਲੀ 'ਚ ਚਾਹ ਠਾਰਕੇ ਫਿਰ ਮੂੰਹ ਨੂੰ ਲਾਉਦੀਂ ਸੀ
ਧੱਕੇ ਨਾਲ ਨਵਾ ਕੇ ਬੇਬੇ ਲੀੜੇ ਪਾਉਦੀਂ ਸੀ,
ਫਿਰ ਅੱਧੇ ਪਿੰਡ 'ਚ ਲੇਰ ਸੁਣਦੀ ਸੀ ,
ਜਦੋਂ ਸੋਨੀ ਜਿੱਪ 'ਚ ਆਉਦੀਂ ਸੀ......
ਰੁਮਾਲ ਦਾ ਬਣਾਕੇ ਫੁੱਲ ਜੂੜੇ ਤੇ ਪਾਉਦੀਂ ਸੀ,
ਝੋਲੇ 'ਚ ਪਾਕੇ ਕੈਦੇ ,
ਮੈਨੂੰ ਚਾਚੇ ਨਾਲ ਸਕੂਲ ਘਲਾਉਦੀਂ ਸੀ,
ਸੋਹਣੀ ਸਾਡੀ ਮੈਡਮ ਹੱਥ ਫੜ੍ਹਕੇ ਮੇਰਾ ,
ਮੈਥੋਂ "ੳ, ਅ" ਲਿਖਾਉਦੀਂ ਸੀ,
ਦੂਣੀ ਦੇ ਪਹਾੜੇ ਪਿੱਛੇ ਮਾਸਟਰ ਕੁੱਟਦੇ ਸੀ,
ਰੋ-ਰੋ ਕੇ ਫਿਰ ਨਾਸਾਂ 'ਚੋਂ ਬੁਲਬੁਲੇ ਜੇ ਫੁੱਟਦੇ ਸੀ,
ਅਗਲੇ ਦਿਨ ਫਿਰ ਢਿੱਡ ਦੁਖਦੇ ਦਾ ਸੀ ਬਹਾਨਾ ਬਣਾਈਦਾ,
ਬੰਕ ਮਾਰ ਸਕੂਲੋਂ ਚੋਰੀ 'ਮਰੂਦ ਤੋੜਨ ਜਾਈਦਾ
ਬਸ ਨੱਥੇ ਮਾਸਟਰ ਤੋਂ ਮੈਨੂੰ ਡਰ ਜਾ ਲੱਗਦਾ ਸੀ,
ਹੋਰ ਕਿਸੇ ਦੇ ਨੀਂ ਸੀ ਆਪਾਂ ਹੱਥ ਆਈਦਾ.......ਅੰਮ੍ਰਿਤ ਪਾਲ (ਘੁੱਦਾ)

ਮੈਂ ਤੇ ਨਾਨੀ

ਰੌਲੇ ਵੇਲੇ ਦੀ ਗੱਲ ਸੁਣਾਉਦੀਂ ਹੁੰਦੀ ਸੀ
ਮੇਰੀ ਨਾਨੀ,
ਗੱਲ ਸ਼ੁਰੂ ਕਰਨ ਤੋਂ ਪਹਿਲਾਂ
ਜਵਾਕਾਂ ਵਾਗੂੰ ਦੋਵੇਂ ਬਾਹਾਂ ਖੋਲ੍ਹ
ਦੱਸਦੀ ਸੀ
"ਓਦੋਂ ਮੇਰੇ ਦਵਾਲੇ ਛੱਜ ਹੁੰਦਾ ਸੀ ਸੋਨੇ ਦਾ"
ਝੁਰੜੀਆ ਭਰਿਆ ਚਿਹਰਾ ਸੀ ਨਾਨੀ ਦਾ,
ਕਦੇ ਕਿਸੇ ਤੇ ਗੁੱਸੇ ਨਾ ਹੋਣਾ ਤੇ ਨਾਹੀ
ਖਿੜ-ਖਿੜਾ ਕੇ ਹੱਸਣਾ,
ਬਸ ਹਲਕੀ ਜੀ ਮੁਸਕਰਾਹਟ
ਪਰ ਗੰਭੀਰ ਹੁੰਦੀ ਸੀ ਨਾਨੀ
ਰੌਲ਼ੇ ਵੇਲੇ ਦੀ ਗੱਲ ਸੁਣਾਉਣ ਵੇਲੇ,
ਛੱਤ ਵੱਲ ਝਾਕਕੇ,
ਦੱਸਦੀ ਸੀ ਪੁਰਾਣਾ ਪਿੰਡ "ਖਾਈ"
ਲਾਹੌਰ ਲਾਗੇ,
ਤੇ ਫਿਰ ਦੱਸਦੀ ਸੀ ਘਰ ਛੱਡਣ ਵੇਲੇ,
ਘਰ ਮੱਲ੍ਹਣ ਲਈ ਘਰ ਮੂਹਰੇ ਖਲੋਤਾ
ਮੁਸ਼ਕਰੀਏਂ ਹੱਸਦਾ ਮੁਸਲਮਾਨ ਗਵਾਂਢੀ,
ਤੇ ਫਿਰ ਸਾਡੀਆਂ ਮੱਝਾਂ ਵੱਲ
ਨਿਗਾਹ ਮਾਰ ਬੋਲਦੀ
"ਇਹ ਤਾਂ ਕੁਛ ਵੀ ਨੀਂ,
ਸਾਡਾ ਵੱਗ ਹੁੰਦਾ ਸੀ ਮੱਝਾਂ ਦਾ"
ਫਿਰ ਸਿਰ ਤੇ ਹੱਥ ਜਾ ਰੱਖ ਬੋਲਦੀ,
"ਉਹ ਵੀ ਓਥੇ ਈ ਰਹਿ ਗਿਆ"
ਗੱਲਾਂ ਕਰਦਿਆਂ ਮੰਮੀ ਚਾਹ
ਫੜ੍ਹਾ ਜਾਂਦੀ ਸੀ ਸਾਨੂੰ,
ਤੇ ਫਿਰ ਨਾਨੀ ਦੱਸਦੀ ਸੀ
ਉਹ ਪਿੰਡ, ਜਿੰਨਾਂ ਨਾਲ ਜਾ
ਲੱਗਦੀ ਸੀ ਜ਼ਮੀਨ ਦੀ ਹੱਦ,
ਤੇ ਫਿਰ ਅੱਖਾਂ ਭਰ ਚੇਤੇ ਕਰਦੀ ਸੀ
ਜ਼ੈਨਬ, ਰਜੀਆ ਵਰਗੀਆਂ ਸਹੇਲੀਆਂ ਨੂੰ,
ਤ੍ਰਿੰਝਣ, ਖੂਹ, ਪੀਘਾਂ, ਭੱਤਾ,
ਹੋਰ ਪਤਾ ਨੀਂ ਕੀ ਕੁਝ ਦੱਸਦੀ ਸੀ ਨਾਨੀ,
ਚਾਹ ਤੇ ਮਲਾਈ ਆ ਜਾਂਦੀ ਸੀ
ਤੇ ਠਰੀ ਚਾਹ ਤੋਂ ਅਣਗੌਲੇ
ਚਲਦੀ ਰਹਿੰਦੀ ਸੀ ਨਾਨੀ ਦੀ ਗੱਲਬਾਤ
ਸਾਡਾ ਪਮੇਰੀਅਨ ਕੁੱਤਾ ਵੀ ਆ ਬਹਿੰਦਾ ਸੀ
ਸਾਡੇ ਕੋਲ,
ਭੌਕਣਾਂ ਭੁੱਲਕੇ,
ਜਿਵੇਂ ਸਭ ਸਮਝ ਰਿਹਾ ਹੋਵੇ
ਫਿਰ ਨਾਨੀ ਗੱਲ ਤੋਰਦੀ ਜਲੰਧਰ ਵੱਲ
ਗੇੜੇ ਮਾਰ ਮਾਰ, ਭਾਰਤ 'ਚ
ਅਲਾਟ ਕਰਾਈ ਜ਼ਮੀਨ,
ਤੇ ਫਿਰ ਹੱਥ ਜੋੜ ਰੱਬ ਵੱਲ ਵੇਖ,
ਸ਼ੁਕਰਾਨਾ ਕਰਦੀ ,
ਤੇ ਕਹਿੰਦੀ
"ਸਾਡਾ ਜੀਆ ਜੰਤ ਬਚਾ ਲਿਆ ਸੀ ਵਾਗਰੂ ਨੇ"
ਤੇ ਫਿਰ ਬਾਹਰੋਂ ਮੈਨੂੰ ਵਾਜ਼ ਵੱਜਦੀ,
"ਪੁੱਤ ਭਾਂਡੇ ਫੜ੍ਹਾਜਾ ਚਾਹ ਆਲੇ , ਮਾਂਜ ਦੀਏ"
ਤੇ ਫਿਰ ਮੈਂ ਤੇ ਨਾਨੀ ਹੱਸਦੇ ,
ਠੰਡੀ ਚਾਹ ਦੇ ਗਲਾਸ ਵੇਖਕੇ....ਅੰਮ੍ਰਿਤ ਪਾਲ ਘੁੱਦਾ

ਜਦੋਂ ਸ਼ੈਹਰ ਜਾਣੇ ਆਂ

 ਦਾਦੇ ਦਾ ਚੈੱਕਅੱਪ ਕਰਾਉਣ ਜਦੋਂ ਸ਼ਹਿਰ ਜਾਣੇ ਆ ਅਸੀਂ,
ਉਲਝ ਜਾਣੇ ਆ ਸੀਸੇ ਆਲ਼ੇ ਗੇਟ ਤੇ ਲਿਖਿਆ "PULL" ਵੇਖਕੇ,
ਬੀ ਇਹ ਖਿੱਚ ਕੇ ਖੁੱਲੂ ਕੇ ਧੱਕਕੇ,
ਬਠਿੰਡੇ ਦੀ ਮਾਲ ਰੋਡ ਤੇ ਜਦੋਂ ਤੁਰਦੇ ਹੁੰਨੇ ਆ,
ਮੂੰਹ ਚੁੱਕੀ ਵੇਂਹਨੇ ਹੁੰਨੇ ਆਂ ਹਨੂੰਮਾਨ ਦਾ ਬੁੱਤ ,
ਤੇ ਆਪੇ ਮੂੰਹੋ ਨਿਕਲ ਜਾਂਦਾ,
"ਭੈਂ.....ਸੱਚਿਓਂ ਬਾਹਲਾ ਵੱਡਾ ਯਰ"
ਬਜ਼ਾਰ 'ਚ ਖੜ੍ਹੀ ਕਾਰ ਦੇ ਕਾਲੇ ਸੀਸਿਆਂ ਨੂੰ ਵੇਖ ...ਪੋਜ਼ ਮਾਰੀਦੇ ਆ, ਪੱਗ ਸੈੱਟ ਕਰਕੇ ਮੁਛਾਂ ਲੋਟ ਕਰੀਦੀਆਂ
ਫਿਰ ਸੀਸਾ ਡਾਉਨ ਕਰਕੇ ਵਿੱਚ ਬੈਠੀ ਕੋਈ ਕੁੜੀ ਬੋਲਦੀ ਆ,
"have any problem"?
ਫਿਰ ਕਚਿਆਣੀ ਜੀ ਹਾਸੀ ਹੱਸ ਕੇ ਕਹੀਦਾ.....ਸਸਰੀਕਾਲ ਜੀ
ਪਿੰਡ ਨੂੰ ਮੁੜਦੇ ਰੇੜ੍ਹੀ ਤੋਂ ਜਦੋਂ
ਕੇਲਿਆਂ ਦਾ ਭਾਅ ਪੁੱਛੀਦਾ
ਤਾਂ ਅਗਲਾ ਸੁਣਾਉਂਦਾ...."ਚਾਲੀ ਰੁਪੈ ਦਰਜਨ"
ਤਾਂ ਊਂਈ ਕਹਿ ਦਈਦਾ,
"ਸਾਬ੍ਹ ਨਾਲ ਲਾਲਾ ਬਾਈ ਯਰ, ਦੋ ਲੈਲਾਂਗੇ"
ਮੰਡੀ 'ਚ ਨਰਮੇ ਦੀ ਢੇਰੀ ਕੋਲ ਖੜ੍ਹੇ ਹੁੰਨੇ ਆ,
ਵਿਚਾਰੇ ਜੇ ਬਣਗੇ,
ਮਿੱਲ ਆਲੇ ਆਕੇ ਮਰਜ਼ੀ ਦਾ ਰੇਟ ਲਾਉਦੇ ਆ
ਘਾਟਾ ਵਾਧਾ ਚੁੱਪ ਕਰਕੇ ਸਹਿ ਜਾਣੇ ਆ ਅਸੀਂ,
ਪਰ ਪਿੰਡ ਨੂੰ ਮੁੜਦੇ ਮਿੰਨੀ ਬੱਸ ਦੇ
ਕਨੈਟਰ ਦੇ ਗਲਮੇ 'ਚ ਹੱਥ ਜ਼ਰੂਰ ਪਾ ਲਈਦਾ
ਇੱਕ ਰੁਪਈਏ ਪਿੱਛੇ
ਇੱਕ ਰਪਈਏ ਪਿੱਛੇ ਅਣਖ ਜਾਗਦੀ ਆ ਸਾਡੀ..... ...ਅੰਮ੍ਰਿਤ ਪਾਲ ਘੁੱਦਾ

ਨਿਆਣੇ ਦੀਆਂ ਸਧਰਾਂ

ਖੁਰਲੀ 'ਚ ਪੱਠੇ ਪਾਉਂਦੇ ਰੁਲਦੂ ਨੇ ਹੱਥ ਰੋਕ
ਟੋਕੇ ਮੂਹਰੋਂ ਨੀਰੇ ਦਾ ਟੋਕਰਾ ਭਰਦੇ ਮੱਖਣ ਨੂੰ ਕਿਹਾ
"ਬਾਈ ਜੀ ਪਰਸੋਂ ਸੌ ਕ ਰੁਪਈਆ ਦੇ ਦਿਉ,
ਜਵਾਕਾਂ ਨੇ ਬਸਾਖੀ ਆਲ਼ੇ ਮੇਲੇ ਜਾਣਾ ਦਮਦਮਾ ਸੈਹਬ"
"ਤੂੰ ਭੈਣਦੇਣਿਆ ਰੋਜ਼ ਈ ਸੌ ਸੌ ਕਰ ਕੇ ਮੰਗ ਲੈਣਾ,
ਪਰਸੋਂ ਕਹਿੰਦਾ ਸੀ ਸਿਰੀਏ ਆਲ਼ੇ ਜਾਣਾ ਕੁੜੀ ਕੋਲੇ"
"ਨਾ ਬਾਈ ਯਰ , ਬਾਈ ਬਣਕੇ ਦੇਂਦੀ ,
ਜਵਾਕ ਮੇਲਾ ਵੇਖ ਆਉਣਗੇ,ਨਾਲੇ ਮੈਂ ਜਾ ਆਉਂ"
"ਚਲ ਨੀਰਾ ਤਾਂ ਪਾਲਾ, ਕਰਲਾਂਗੇ ਗੱਲ"
ਜਵਾਂਕਾ ਦਾ ਮੇਲਾ ਮੱਖਣ ਦੇ ਸੌ ਰੁਪੈ ਤੇ ਟਿਕਿਆ ਹੁੰਦਾ
ਮੇਲੇ ਵੜਦਿਆ ਰੁਲਦੂ ਦੇ
ਮੁੰਡੇ ਨੇ ਖਿਡੌਣੇ ਆਲਾ ਕੁੱਤਾ ਵੇਖ ਲਿਆ,
ਜਿਹੜਾ ਗੇਟ ਜਾ ਖੋਲ੍ਹਕੇ ,
ਬਾਰ 'ਚ ਪਿਆ ਰੁਪਈਆ ਪੈਰ ਨਾਲ ਘੜੀਸਕੇ,
ਫਿਰ ਅੰਦਰ ਵੜ ਜਾਂਦਾ,
"ਵੇ ਬੀਰਾ ਕੈ ਪੈਸਿਆਂ ਦਾ ਕੁੱਤਾ ਜਾ?"
"ਇਹ ਤਾਂ ਪੈਸਿਆ ਆਲ਼ੀ ਬੁੱਗਣੀ ਆ ਭਾਈ"
'ਪੈਸਿਆ ਆਲ਼ੀ ਬੁੱਗਣੀ' ਸੁਣ ਕੇ ਢਿੱਲਾ ਜਾ ਮੂੰਹ ਕਰ ਲਿਆ
ਰੁਲਦੂ ਦੀ ਬਹੁਟੀ ਨੇ,
ਚਾਹ ਗੁੜ ਜੋਗੇ ਪੈਹੇ ਤਾਂ ਮਸਾਂ ਜੁੜਦੇ ਨੇ,
ਬੁਗਣੀ ਜੋਗੇ ਕਿੱਥੇ..
"ਬੇਬੇ ਬਣਕੇ ਕੁੱਤਾ ਲੈਦੇ"
"ਪੁੱਤ ਇਹ ਆਪਣੇ ਆਲਾ ਕੁੱਤਾ ਨੀਂ, ਵੱਡਿਆਂ ਦੇ ਕੰਮ ਦਾ ਆ,
ਆਪਣੇ ਕੋਲ ਤਾਂ ਇਹ ਭੁੱਖਾ ਰਹਿਜੂ"
ਬੇਬੇ ਦੀ ਸੁੱਥਣ ਖਿੱਚਦਾ ਜਵਾਕ,
ਨਾਲੇ ਘਰੂਟ ਮਾਰਦਾ ਲੱਤਾਂ ਤੇ,
ਫਿਰ ਭੁੰਜੇ ਬਹਿ ਅੱਡੀਆ ਰਗੜਦਾ
ਤੇ ਨਿਹੰਗਾਂ ਤੋਂ ਭੰਗ ਦੀ ਬਾਟੀ ਪੀ ਰੁਲਦੂ
ਆਣ ਗਰਜ਼ਦਾ ਜਵਾਕ ਤੇ , "ਮੇਰਾ ਸਾਲਾ ਕੀ ਲੱਛਣ ਕਰਦਾ , ਦਮਾਂਮਾਂ ਤੈਨੂੰ ਕੁੱਤਾ"
ਤੇ ਰੁਲਦੂ ਚਾਰ ਪੰਹ ਧਰ ਦਿੰਦਾ ਨਿਆਣੇ ਦੇ
ਤੇ ਜਵਾਕ ਪੁੱਠੇ ਜੇ ਹੱਥ ਕਰ ਅੱਖਾਂ ਪੂੰਝਦਾ
ਮੇਲਿਓਂ ਮੁੜਦਾ ਬੇਬੇ ਦੀ ਢਾਕ ਤੇ ਬੈਠਾ ,
ਬੇਬੀ ਦੀ ਚੁੰਨੀ ਨਾਲ ਅੱਖਾਂ ਪੂੰਝਦਾ
ਤੇ ਪਿੱਛੇ ਖਿਡੌਣੇ ਕੁੱਤੇ ਨਾਲ ਖੇਡਦਾ ਆਉਦਾ ਮੁੰਡਾ ਬੋਲਦਾ
"ਏ ਰੋਇਆ, ਏ ਰੋਇਆ"
ਤੇ ਸੱਚਿਓਂ ਭੁੱਬ ਨਿਕਲ ਜਾਂਦੀ ਆ ਰੁਲਦੂ ਦੇ ਜਵਾਕ ਦੀ......ਅੰਮ੍ਰਿਤ ਪਾਲ ਘੁੱਦਾ

ਵੱਡੇ ਹੁੰਨੇ ਆ ਅਸੀਂ

ਰਮਨ ਕੁਮਾਰ ਤੋਂ ਸੱਤ ਆਲੀਆਂ ਖਬਰਾਂ ਸੁਣ ਸੁਣ ਵੱਡੇ ਹੁੰਨੇ ਆ ਅਸੀਂ
ਇੱਕੋ ਚੈਨਲ ਹੁੰਦਾ ਸੀ ਓਦੋਂ,
ਕਿਸੇ ਕਿਸੇ ਕਰਮਾਂਆਲ਼ੇ ਦੇ ਚਲਦਾ ਸੀ ਡੀ,ਡੀ -੨
ਪੰਡਤਾਂ ਦੇ ਦੀਪੇ ਕੇ ਚੱਲਦਾ ਸੀ
ਉਹ ਵੀ ਸੈਕਲ ਦਾ ਜੰਗਾਲਿਆ ਜਾ ਚੱਕਾ ਲਾਕੇ
ਐਤਵਾਰ ਤੜਕੇ ਉੱਠਦਿਆਂ ਈ ਚਾਅ ਹੁੰਦਾ ਸੀ ਸ਼ਕਤੀਮਾਨ ਵੇਖਣ ਦਾ
ਨੌਂ ਵਜੇ ਬਾਬੇ ਹਨੂੰਮਾਨ ਹੁਣਾਂ ਦਾ ਨਾਟਕ ਵੇਂਹਦੇ
ਮਰਦਿਆਂ ਨੂੰ ਬਾਰ੍ਹਾਂ ਵੱਜਦੇ ਸੀ,
ਲੈਟ ਦਾ ਕੱਟ ਵੀ ਜਮ੍ਹਾਂ ਉਦੋਂ ਲੱਗਦਾ ਸੀ ਜਦੋਂ ਕਿਲਵਿਸ਼ ਸ਼ਕਤੀਮਾਨ ਨੂੰ ਬੰਨ੍ਹੀ ਬੈਠਾ ਹੁੰਦਾ ਸੀ
ਫਿਰ ਏਂ ਚੁੱਪ ਕਰ ਜਾਂਦੇ ਸੀ ਜਿਮੇਂ ਕੁੜੀ ਨੱਪ ਕੇ ਆਏ ਹੁੰਦੇ ਆ
ਨਾਲੇ ਗਾਲ੍ਹਾਂ ਕੱਢਦੇ,"ਮੇਰੇ ਸਾਲਿਆਂ ਨੇ ਸਵਾਦ ਈ ਗਾਲਤਾ"
ਆਥਣੇ ਗੁੱਲੀ ਡੰਡੇ ਦਾ ਬੰਕ ਮਾਰਦੇ
ਤੇ ਸੰਨੀ ਦਿਉਲ ਦੀ ਫਿਲਮ ਵੇਂਹਦੇ ਜਨਤਾ ਕੱਠੀ ਕਰਕੇ
ਆਹੋ ਇੰਡੀਅਨ
ਫਿਰ ਤਿੰਨ ਦਿਨ ਮੁਲਖ ਦੀਆਂ ਨਾਸਾਂ ਭੰਨੀ ਜਾਂਦੇ ਡਿਸ਼ੂੰ ਡਿਸ਼ੂੰ ਕਰਕੇ
ਅਗਲੇ ਦਿਨ ਰੋਂਦੇ ਪਿੱਟਦੇ ਸਕੂਲ਼ ਜਾਂਦੇ
ਸੋਮਵਾਰ ਦਾ ਜ਼ਹਿਰ ਅਰਗਾ ਲੱਗਦਾ ਸੀ
ਕਲਾਸ 'ਚ ਵੀ ਸ਼ਕਤੀਮਾਨ ਦੀਆਂ ਗੱਲਾਂ ਨਾਲੇ ਫਿਲਮ ਦੀਆਂ,
ਗੀਤਾ ਸੋਹਣੀ ਸੀ ਸ਼ਕਤੀਮਾਨ ਆਲ਼ੀ
ਪਰ ਓਦੋਂ ਕਦੇ ਖਿਆਲ ਜਾ ਨੀ ਕੀਤਾ
ਪਹਿਲਾ ਪੀਰਡ ਪੰਜਾਬੀ ਦਾ ਪਟਾਕ ਪਟਾਕ ਸੁਣਾਉਦੇ ਪ੍ਰਸ਼ਨ ਉੱਤਰ
ਅਗਲਾ ਮੈਥ ਆਲ਼ੇ ਮੈਂਡਮਾਂ ਦਾ ਆਹੋ ਮਮਤਾ ਮੈਡਮ ਦਾ
ਟੈਸਟ ਹੁੰਦਾ ਸੀ
ਕਾਪੀ ਦਾ ਜੜੁੱਤ ਪੇਜ ਪੱਟਕੇ ਟੈਸਟ ਦਿੰਦੇ
ਟੈਸਟ ਤੇ ਲਿਖਿਆ ਹੁੰਦਾ .....ਅੰਮ੍ਰਿਤ ਘੁੱਦਾ, ਰੋਲ ਨੰ..27,
ਬਾਕੀ ਕੋਰਾ .ਜਮ੍ਹਾਂ ਨਮਾਂ ਨੁੱਕ
ਕੁੜੀਆਂ ਸ਼ਿਆਹਰ ਸੀ, ਬਾਕੀ ਮੁਲ਼ਖ ਖੜ੍ਹਾ ਹਿੜ ਹਿੜ ਕਰੀ ਜਾਂਦਾ
ਸੇਠਾਂ ਦੇ ਮੁੰਡਾ ਹਨੀ ਪ੍ਰਿੰਸੀਪਲ ਸਰ ਨੂੰ ਬੁਲਾਉਣ ਜਾਂਦਾ,
ਤਾੜ ਤਾੜ ਡੰਡੇ ਚਿੱਤੜਾਂ ਤੇ,
ਬੈਠਣ ਉੱਠਣ ਦੀ ਵੀ ਤਕਲੀਫ
ਫਿਰ ਕੀ ਅੱਧੀ ਛੁੱਟੀ ਦੀ ਘੈਂਟੀ ਵੱਜਦੀ
ਢਾਹ ਲੈਂਦੇ ਸੀ ਬਾਣੀਏ ਦੇ ਹਨੀ ਨੂੰ
ਸੰਨੀ ਦਿਓਲ ਆਲ਼ੇ ਐਕਸ਼ਨ ਵਰਤੀਦੇ ਸੀ ਹਨੀ ਤੇ.......ਘੁੱਦਾ

ਕਰਾਰੀ ਚਪੇੜ

ਸਾਮਰਾਜਵਾਦ ----ਮੁਰਦਾਬਾਦ
ਭਗਤ ਸਿੰਘ ਤੇਰੀ ਸੋਚ ਤੇ-------ਪਹਿਰਾਂ ਦਿਆਂਗੇ ਠੋਕਕੇ
ਸਾਡੇ ਹੱਕ------ਇੱਥੇ ਰੱਖ
ਸ਼ਹੀਦੋ ਥੋਡੇ ਕਾਜ ਅਧੂ੍ਰੇ -----ਲਾਕੇ ਜਿੰਦੜੀਆਂ ਕਰਾਂਗੇ ਪੂਰੇ
ਇਨਕਲਾਬ -------ਜਿੰਦਾਬਾਦ

"ਆਹ ਕੌਣ ਆ ਜੋਰਿਆ ਬੜਾ ਖੋਰੂ ਪਾਇਆ"
"ਬਾਈ ਬਖਤੌਰ ਸਿੰਹਾਂ ਇਹ ਭਗਤ ਸਿੰਘ ਲੈਬਰੈਰੀ ਆਲੇ ਮੁੰਡੇ ਆ"
"ਹਾਹਾਹਾਹਾਹਾਹਾ...ਮੇਰੀ ਸਾਲੀ ਵਿਹਲੀ ਮੰਡੀਰ, ਮਹੀਆਂ ਨੂੰ ਪੱਠੇ ਨੀਂ ਪੈਂਦੇ ਟਲਦੇ ਕੰਮ ਤੋਂ ਆਹ ਭਗਤ ਸਿਹੁੰ ਦੀ ਫੋਟੋ ਚੱਕ ਕੇ ਫਿਰਦੇ ਆ ਹੁਰਲ ਹੁਰਲ ਕਰਦੇ। ਜੇ ਭਗਤ ਸਿਹੁੰ ਜਿਉਦਾਂ ਹੁੰਦਾ ਅੱਗਾਂ ਲਾ ਦਿੰਦਾ , ਗਰੇਜ਼ਾਂ ਨੇ ਵੀ ਥਾਂਏ ਸਿਰ ਰੱਖਿਆ ਸੀ ਉਹਨੂੰ।
ਮੰਡੀਰ ਨਾਲ ਚੂਹੜੇ ਚੱਪੜੇ ਜੇ ਵੀ ਰਲੇ ਫਿਰਦੇ ਆ, ਸਾਲੇ ਟਲਦੇ ਆ ਦਿਹਾੜੀ ਤੋਂ
ਨਾਲੇ ਆਹ ਪੰਜ ਸੱਤ ਨੰਗ ਜੇ ਜੱਟ, ਭੈਣਦੇਣੇ ਟਰੈਟ ਖਾਤਿਰ ਪੈਹੇ ਲੈਕੇ ਖਾਗੇ ਬੈਂਕ ਆਲਿਆਂ ਤੋਂ, ਬੈਂਕ ਆਲ਼ੇ ਘਰੇ ਗੇੜੇ ਮਾਰਦੇ ਆ
ਹੁਣ ਕਹਿੰਦੇ ਆ ਸਰਪੇਅ ਪੀਮਾਂਗੇ ਬੀ ਬੰਦਾ ਪੁੱਛੇ ਨਾ ਕਰੋ ਸਾਕ ਪਹਿਲਾਂ ਬੈਂਕ ਆਲ਼ਿਆਂ ਨੂੰ
ਆਪ ਈ ਪਹਿਲਾਂ ਪਟਵਾਰੀ ਤੋਂ ਇੰਤਕਾਲ ਲਹਾ ਕੇ ਦੇ ਆਉਦੇਂ ਆ ਬੈਂਕ ਆਲ਼ਿਆਂ ਨੂੰ,
ਤੇ ਫਿਰ ਪੈਹੇ ਲੈਕੇ ਛਕ ਛਕਾ ਲੈਂਦੇ ਆ ਤੇ ਜਦੋਂ ਨਹੀਂ ਮੁੜਦੇ ਫਿਰ ਆ ਭਗਤ ਸਿਹੁੰ ਦੀ ਫੋਟੋ ਚੱਕ ਕੇ ਨਾਲੇ ਜਰਦਾ ਮਲਦੇ ਫਿਰਦੇ ਆ ਨਾਲੇ ਥੁੱਕਾਂ ਸਿੱਟ ਸਿੱਟ ਕਹਿੰਦੇ ਆ ਅਖੇ ਇੰਕਲਾਬ ਜਿੰਦਾਬਾਦ
ਆਹ ਯੂਨੀਅਨਾਂ ਜੀਆਂ ਨੰਗ ਜੱਟ ਰਲਕੇ ਹਿੜ ਹਿੜ ਕਰਦੇ ਬਣਾਈ ਫਿਰਦੇ ਆ
ਬੀ ਜੇ ਕਿਸੇ ਦੀ ਕੁਰਕੀ ਆਗੀ ਭੁੱਕੀ ਦੇ ਦੋ-ਦੋ ਕਾਟ ਲਾਲਾਂਗੇ ਤੇ ਲਾਲ ਹਰੇ ਜੇ ਝੰਡੇ ਫੜ੍ਹਕੇ ਨਾਅਰੇ ਲਾਂਮਾਗੇ
ਸੱਥ 'ਚ ਬੋਹੜ ਤੇ ਸਪੀਕਰ ਟੰਗ ਮੈਕ 'ਚ ਬੁਲਾਰਾ ਬੋਲਦਾ
"ਬਾਈ ਬਖਤੌਰ ਉਰੇ ਆ ,ਲੋਕਾਂ 'ਚ ਖਲੋ ਐਂ ਦੱਸ ਬੀ ਤੇਰੀ ਮੰਡੀ 'ਚ ਕਦੇ ਕਣਕ ਰੁਲੀ ਆ?"
"ਨਾ ਬਾਈ, ਆਪਣੀ ਸਰਕਾਰ ਆ ਐਂ ਕਿਮੇਂ ਰੁਲਜੂ"
"ਤੈਨੂੰ ਝੋਨੇ ਤੇ ਬੋਨਸ ਮਿਲਦਾ?"
"ਹਾਂ ਪੰਜਾਹ ਰੁਪਈਏ ਮਿਲਦਾ ਬੋਮਸ"
"ਤੈਨੂੰ ਕਦੇ ਮੋਟਰਾਂ ਦਾ ਬਿੱਲ ਆਇਆ?"
"ਨਾਂ ਜਮ੍ਹਾਂ ਨੀ ਆਇਆ ਕਦੇ"
"ਕਦੇ ਰਾਤ ਨੂੰ ਪਾਣੀ ਲਾਉਣ ਜਾਣਾ ਪਿਆ ਕਦੇ ਖੇਤ?"
"ਨਾ ਸੀਰੀ ਹੈਗਾ ਵਿਹੜੇ ਆਲਿਆਂ ਦਾ ਮੰਗਾ"
ਬੁਲਾਰਾ ਬੋਲਦਾ "ਜੇ ਇਹ ਸਾਰਾ ਕੁਸ ਬਾਈ ਮਿਲਦਾ ਤੈਨੂੰ ਤਾਂ ਇਹ ਚੂਹੜੇ ਚੱਪੜੇ ਤੇ ਵਿਹਲੀ ਮੰਡੀਰ ਕਰਕੇ ਈ ਆ"
ਭਰੀ ਪੰਚੈਤ 'ਚ ਬਖਤੌਰ ਸਿਹੁੰ ਕੋਸਾ ਜਾ ਹੋਕੇ ਪਜਾਮਾ ਝਾੜਦਾ ਘਰ ਨੂੰ ਤੁਰਿਆ ਜਾਂਦਾ ਸੀ........ ਘੁੱਦਾ

ਭਾਖੜਾ

 ਭਾਖੜਾ ਕਿੱਥੋਂ ਨਿਕਲਦੀ ਆ ਕਦੇ ਵੇਖੀ ਨੀਂ,
ਬਸ 'ਖਬਾਰਾਂ 'ਚ ਪੜ੍ਹੀਦਾ ਬੀ 1680 ਫੁੱਟ ਪਾਣੀ ਸਾਂਭਦੀ ਆ
ਪਰ ਭਾਖੜਾ ਮੁੱਕਦੀ ਕਿੱਥੇ ਆ
ਇਹ ਜ਼ਰੂਰ ਪਤਾ
ਪੋਹ ਮਾਘ 'ਚ ਕਹੀਆਂ ਚੁੱਕੀ ਫਿਰਦੇ ਹਜ਼ਾਰਾਂ ਕਿਰਸਾਨ ਮੁਕਾਉਦੇ ਆ ਭਾਖੜਾ
ਸੁਣਿਆ ਯੂਰੀਆ ਵੀ ਗੁਜਰਾਤ 'ਚ ਬਣਦੀ ਆ
ਨਾਲੇ ਬਠਿੰਡੇ ਥਰਮਲ ਦੇ ਨੇੜੇ ਆ ਕਾਰਖਾਨਾ
ਕਦੇ ਬਣਦੀ ਨੀਂ ਵੇਖੀ
ਪਰ ਭਰੀਆਂ ਝੋਲੀਆਂ ਮੋਢੇ ਤੇ ਚੁੱਕ ਝੋਨੇ ਆਲੇ ਵਾਹਨ 'ਚ
ਖੁੱਭ ਖੁੱਭ ਤੁਰਦੇ ਕਿਰਸਾਨ ਜ਼ਰੂਰ ਦੇਖੇ ਨੇ
ਕਹਿੰਦੇ ਸੋਹਣੇ ਗੱਭਰੂ ਰੱਬ ਆਪ ਬਣਾਉਦਾ ਟੈਮ ਲਾਕੇ ਆਹੋ ਰੀਝਾਂ ਨਾਲ
ਹੁਣ ਮੈਂ ਐਂ ਨੀਂ ਕਹਿਣਾ ਬੀ ਬਣਦੇ ਵੇਖੇ ਨੇ
ਪਰ ਮੁੱਕਦੇ ਜ਼ਰੂਰ ਵੇਖੇ ਨੇ
ਮੋਟਰ ਸੂਤ ਕਰਨ ਖੂਹ 'ਚ ਉਤਰੇ ਗੱਭਰੂ ਨੂੰ ਗੈਸ ਚੜ੍ਹੇ
ਤੇ ਅਖਬਾਰ ਦੀ ਸੁਰਖੀ ਬਣ ਜਾਂਦਾ
ਤੇ ਬਾਕੀਆਂ ਨੂੰ ਮਾਰ ਜਾਂਦਾ ਅਣਵਿਆਹੀਆਂ ਭੈਣਾਂ ਦਾ ਫਿਕਰ
ਤੇ ਬੁਜ਼ਦਿਲੀ ਕਹਿਲੋ ਜਾਂ ਮਜ਼ਬੂਰੀ
ਸਪ੍ਰੇਅ ਦਾ ਲੀਟਰ ਤਕਦੀਰ ਹੋ ਨਿੱਬੜਦਾ
ਟੈਂਕੀ ਤੇ ਚੜ੍ਹਦੀ ਫਰੀਦਕੋਟ ਦੀ ਕਿਰਨਜੀਤ
ਆਪਾਂ ਨਹੀਂ ਵੇਖੀ
ਪਰ ਲਟ ਲਟ ਮੱਚਕੇ ਉੱਤਰਦੀ ਜ਼ਰੂਰ ਸਾਰੇ ਸੰਸਾਰ ਨੇ ਵੇਖੀ ਆ
"ਨੰਨੀ ਛਾਂ" ਆਲ਼ਿਆਂ ਨੇ ਵੀ ਵੇਖੀ ਹੋਊ ਜ਼ਰੂਰ
ਕਹਿੰਦੇ ਬੀ ਮੱਥੇ ਤੇ ਕਿਸਮਤ ਆਲ਼ੇ ਅੱਖਰ ਲਿਖੇ ਹੁੰਦੇ ਆ ਵਿਧਮਾਤਾ ਨੇ
ਆਪਾਂ ਤਾਂ ਕਦੇ ਪੜ੍ਹੇ ਨੀਂ
ਪਰ ਆਹੜ੍ਹੀਏ ਦੀ ਦੁਕਾਨ ਤੇ ਨੋਟਾਂ ਵੱਲ ਤਿਹਾਏ ਕਾਂ ਵੰਗੂ ਝਾਕਦਾ ਜੱਟ
ਉੱਠਣ ਲੱਗਿਆ ਏਨਾ ਕਹਿੰਦਾ ਜ਼ਰੂਰ ਸੁਣਿਆ
"ਕੋਈ ਨਾ ਸੇਠਾ ਅਗਲੀ ਆਰੀ ਨੂੰ ਨਬੇੜਦਾਂਗੇ ਹਸਾਬ"...........ਅੰਮ੍ਰਿਤ ਘੁੱਦਾ

ਹੁਣ ਭੂਸ਼ਾ ਸੋਚਦਾ

ਹੈਲੀਕਵਾਟਰ ਦੀ ਵਾਜ਼ ਸੁਣ 'ਤਾਂਹਾਂ ਨੂੰ ਝਾਕਦਾ
ਪੱਠੇ ਵੱਡਦਾ ਰੁੱਕ ਜਾਂਦਾ ਪਾਸ਼ੇ ਦਾ ਭਰਾ ਭੂਸ਼ਾ
ਤੇ ਫਿਰ ਸੋਚਦਾ ਬੀ ਇਹਦੇ ਵੀ ਆਸ਼ੇ ਟ੍ਰੈਟਰ ਵੰਗੂ ਗੇਅਰ ਹੁੰਦੇ ਹੋਣਗੇ
ਜਾਂ ਕੱਲੀਆਂ ਸੁੱਚਾਂ ਨਾਲ ਈ ਉੱਡਦਾ ਇਹ
ਇਹ ਡਿੱਗਦਾ ਡੁਗਦਾ ਕਾਹਤੋਂ ਨੀ
ਕਮਾਲ ਆ ਸੈਂਸ ਦੀ ਵੀ
ਤੇ ਫਿਰ ਬਲਦ ਵੱਲ ਝਾਕ
ਦਾਤੀ ਫੜ੍ਹ ਪੱਠੇ ਵੱਢਣ ਲੱਗਦਾ ਕਹਿੰਦਾ
"ਭੈਣ ਗੜ੍ਹਾਵੇ ਸੈਂਸ, ਸਾਨੂੰ ਕੀ ਭਾਅ"
ਜਾਂ ਜਦੋਂ ਸੌ ਰੁਪੈ ਦੀ ਪਰਚੀ ਕਟਾ
ਬੇਬੇ ਦਾ ਟਾਈਫੈਟ ਦਿਖਾਉਣ ਖਾਤਰ
ਹਸਪਤਾਲ 'ਚ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਤਾਂ ਇਹੋ ਸੋਚਦਾ
ਸਾਲਾ ਇੱਕ ਦਿਹਾੜੀ ਦੇ ਪੈਹੇ ਤਾਂ ਲੱਗ ਵੀ ਗਏ
ਨਾਲ ਆਇਆ ਭੂਸ਼ੇ ਦਾ ਜਵਾਕ ਬੀ.ਪੀ ਚੈੱਕ ਕਰਨ ਆਲ਼ੀ ਮਸ਼ੀਨ ਦਾ ਬਲੈਡਰ ਵੇਖ ਕੇ ਸੋਚਦਾ
ਬੀ ਭੜਾਕਾ ਪਊ ਇਹਦਾ ਤਾਂ
ਜਾਂ ਕੰਧ ਤੇ ਲੱਗੀ ਆਈਫਲ ਟਾਵਰ ਦੀ ਫੋਟੋ ਵੇਖ ਕਹਿੰਦਾ
"ਇਹਦੇ 'ਚ ਤਾਂ ਪਤੰਗ ਅੜਿਆ ਲੈ"
ਪਿੰਡ ਆਲੀ ਬੱਸ 'ਚ ਬੈਠਿਆਂ ਜਵਾਕ ਸੀਸੇ ਵਿੱਚ ਦੀ
ਕਿਸੇ ਕੋਨਵੈਂਟ ਸਕੂਲ ਦਾ ਵੱਡਾ ਫਲੈਕਸ ਬੋਰਡ ਵੇਖਦਾ ਤੇ ਕਹਿੰਦਾ
"ਭਾਪਾ ਆਹ ਤਕੂਲ ਕਿੰਨਾ ਸੋਹਣਾ"
ਤਾਂ ਭੂਸ਼ਾ ਜਵਾਕ ਦਾ ਮੂੰਹ ਦੂਜੇ ਪਾਸੇ ਨੂੰ ਭੁਆਕੇ
ਜਵਾਕ ਦਾ ਧਿਆਨ ਸੰਤਰੇ ਆਲੀਆਂ ਟੌਫੀਆਂ 'ਚ ਲਾ ਦਿੰਦਾ
ਤੇ ਘਰੇ ਆਕੇ ਭੂਸ਼ੇ ਦਾ ਜਵਾਕ ਵੱਡੇ ਭਰਾ ਨੂੰ ਟੌਫੀਆਂ ਦਿੰਦਾ
"ਲੈ ਬਾਈ ਆਪਾਂ ਟੌਪੀਆਂ ਖਾਈਏ"..... ਘੁੱਦਾ


ਥੋਡੀਆਂ ਮਸ਼ਹੂਰੀਆਂ

 ਜੇਠ ਹਾੜ੍ਹ ਦੀਆਂ ਧੁੱਪਾਂ 'ਚ ਸੜਕੇ ਕਾਲੇ ਹੋਏ ਚੰਮ ਤੇ ਕੰਮ ਨੀਂ ਕਰਦੀ,
"ਮਰਦੋਂ ਵਾਲੀ ਫੇਅਰਨੈੱਸ ਕਰੀਮ"
ਤੇ ਸਿਰ ਤੇ ਬੱਠਲ ਚੱਕ ਚੱਕ ਕੇ ਸਿਰੋਂ ਗੰਜੀ ਹੋ ਚੱਲੀ ਨਰੇਗਾ ਦੀ ਵਰਕਰ
ਦੀਪੋ ਦੇ ਵਾਲ ਨਹੀਂ ਵਧਾ ਸਕਦਾ
ਹੇਅਰ ਫਾਲ ਕੰਟ੍ਰੋਲ ਕਰਨ ਵਾਲਾ ਪੈਨਟੀਨ ਸ਼ੈਪੂ
ਅਖੇ ਚੋਟੀ ਬਣਾਏ ਮੋਟੀ ਸਿਰਫ ਏਕ ਹਫਤੇ ਮੇਂ
ਦਸ ਘਰਾਂ ਦਾ ਗੋਹਾ ਕੂੜਾ ਕਰਕੇ ਆਈ ਨਸੀਬੋ
ਤਾਰ ਭਰ ਦਿੰਦੀ ਆ ਜਵਾਕਾਂ ਦੇ ਪੋਤੜੇ ਧੋ ਧੋ ਕੇ
ਸ਼ੈਦ ਅਣਜਾਣ ਜਾਂ ਅਸਮਰੱਥ ਹੋਣੀ ਆ ਉਹ
ਜਵਾਕਾਂ ਆਲੇ huggy pampers ਖ੍ਰੀਦਣ ਤੋਂ
ਭੱਠੇ ਦੇ ਹਜ਼ਾਰ ਇੱਟ ਘੜਕੇ ਮੁੜੇ ਸ਼ੂਕੇ ਦੀ ਮਾਂ ਪੁੱਤ ਨੂੰ ਕੇਸੀ ਨਹਾ ਕੇ
ਸਿਰ ਤੇ ਸਰ੍ਹੋਂ ਦਾ ਤੇਲ ਲਾਉਦੀ ਆ
ਉਹਨੂੰ ਵੀ ਸ਼ੈਦ ਪਤਾ ਨੀਂ ਹੋਣਾ
ਦੁਨੀਆਂ ਕੇ ਸਬਸੇ ਛੋਟੇ ਏਸੀ ਨਵਰਤਨ ਤੇਲ ਦਾ
ਅਖੇ ਠੰਡਾ ਠੰਡਾ ਕੂਲ ਕੂਲ,
ਝੋਨੇ ਵੇਲੇ ਮੋਟਰ ਤੇ ਮੰਜਾ ਡਾਹੀ ਪਿਆ ਜੱਟ ਗਾਲ੍ਹਾਂ ਕੱਢਦਾ ਮੱਛਰ ਨੂੰ,
"ਭੈਂਚੋਂ ਇਹ ਨੀਂ ਸੌਣ ਦਿੰਦਾ ਮੇਰਾ ਸਾਲਾ"
ਉਦੋਂ ਖਿਆਲ ਨੀਂ ਆਉਦਾ ਮੱਛਰ ਮਾਰਨ ਆਲ਼ੇ "Allout" ਦਾ
ਇਹ ਵੀ ਬਸ ਸ਼ਹਿਰੀ ਮੱਛਰ ਨੂੰ ਈ ਮਾਰਨ ਗਿੱਝਿਆ
ਅਖੇ push ਕਰੋ ਖੁਸ਼ ਰਹੋ
ਪਾਣੀ ਲਾਉਦਾਂ ਤਿਹਾਇਆ ਸੀਰੀ ਡੱਡੂਆਂ ਆਲੇ ਖਾਲ ਚੋਂ
ਬੁੱਕਾਂ ਨਾਲ ਪਾਣੀ ਪੀਂਦਾ ਮੂੰਹ ਅੱਗੇ ਪੱਗ ਦਾ ਲੜ ਕਰਕੇ
ਓਦੋਂ ਪੰਦਰਾਂ ਰੁਪੈ ਆਲੀ "ਸ਼ੁੱਧਤਾ ਦੀ ਪ੍ਰਤੀਕ"
Bisleri water ਦੀ ਬੋਤਲ ਦਾ ਖਿਆਲ ਨੀਂ ਆਉਦਾ........ਘੁੱਦਾ

ਸਾਡੇ ਬਜ਼ੁਰਗ

 ਬਠਿੰਡੇ ਲੱਗੇ ਕਿਸਾਨ ਮੇਲੇ 'ਚੋਂ ਕਣਕ ਦੇ
ਨਵੇਂ ਬੀ ਦੀ ਬੋਰੀ ਖ੍ਰੀਦ ਸਿਰ ਤੇ ਚੱਕੀ ਆਉਦਾ ਬਜ਼ੁਰਗ
ਨਿਕਲਦਿਆਂ ਈ ਘੇਰਿਆ ਜਾਂਦਾ ਸ਼ਹਿਰ ਦੀ ਟ੍ਰੈਫਿਕ 'ਚ
ਤੇ ਰਿਕਸ਼ੇ ਆਲੇ ਨੂੰ ਬੋਲ ਨੀਂ ਮਾਰਦਾ ਸਮਾਂ ਦੀ
ਅੱਡੇ ਕੰਨੀਂ ਹੋ ਤੁਰਦਾ ਕਾਹਲੇ ਪੈਂਰੀ ਤੇ ਪਿੰਡ ਆਲ਼ੀ ਮਿੰਨੀ
ਬੱਸ ਦੀ ਪਿਛਲ਼ੀ ਬਾਰੀ 'ਚ ਖੜੋ ਲੰਮੀ ਸੀਟ ਹੇਠਾਂ ਧੱਕ ਦਿੰਦਾ
ਕੁੰਜੀ ਦੀ ਫੋਟੋ ਆਲੀ ਬੋਰੀ
ਤੇ ਪੱਗ ਸੂਤ ਕਰਕੇ ਕੁੜਤੇ ਦੀ ਉਤਲੀ ਜੇਬ ਦਾ ਗਦਾਮ ਖੋਲ੍ਹ
ਬਟੂਆ ਕੱਢਕੇ ਪੀਲੀਆਂ ਜੀਆਂ ਪਰਚੀਆਂ ਚੋਂ ਬੀਹਾਂ ਦਾ ਨੋਟ ਕੱਢਕੇ
ਕੰਡਕਟਰ ਨੂੰ ਕਹਿੰਦਾ,"ਘੁੱਦੇ ਦੀ ਟਿਕਟ ਦਈਂ ਸ਼ੇਰਾ"
ਤੇ ਬੱਸ 'ਚ ਚੱਲਦੇ ਡੈੱਕ ਵੰਨੀਂ ਕੰਨ ਨੀਂ ਕਰਦਾ
ਕੰਨਾਂ 'ਚ ਹੈੱਡਫੂਨ ਲਾਈ ਬੈਠੇ ਪਾਹੜੇ ਉਹਨੂੰ ਜ਼ਹਿਰ ਲੱਗਦੇ ਨੇ
ਉੱਤਲੀ ਪੈਪ ਜੀ ਨੂੰ ਹੱਥ ਪਾ ਸੋਚਦਾ ਮੇਲੇ 'ਚ ਵੇਖੀ
ਆਲੂ ਪੱਟਣ ਆਲੀ ਮਸ਼ੀਨ ਤੇ ਝੋਨਾ ਲਾਉਣ ਆਲੀ ਨਮੀਂ ਤਕਨੀਕ
ਤੇ ਮੁੰਡਿਆਂ 'ਚ ਘਿਰੀ ਖਲੋਤੀ ਕੁੜੀ ਨੂੰ ਕਹਿੰਦਾ
"ਕੁੜੇ 'ਗਾਂਹਾ ਹੋਕੇ ਖੜ੍ਹਜਾ"
ਘਰੇ ਆ ਪਾਣੀ ਦਾ ਘੁੱਟ ਭਰਕੇ ਹੋ-ਹੋ ਕਰਦਾ ਮੈਸਾਂ ਵੱਲ ਨੂੰ ਹੋ ਤੁਰਦਾ
ਤੇ ਗਲੋਂ ਸੰਗਲ ਲਾਹ ਛੱਪੜ ਵੰਨੀਂ ਹੱਕ ਲੈਂਦਾ ਪਸੂਆਂ ਨੂੰ
ਛੋਟੀ ਨੂੰਹ ਦੇ ਕਹਿਣ ਤੇ ਜਵਾਕਾਂ ਨੂੰ ਪੀਲੀ ਜੀ ਵੈਨ ਤੋਂ ਲਾਹ ਕੇ ਲਿਆਉਦਾ
ਜਵਾਕਾਂ ਦੇ ਵੀ ਜੂੜੇ ਤੇ ਰੁਮਾਲ ਦਾ ਫੁੱਲ ਬਣਾਕੇ ਨੀਂ ਪਾਇਆ ਹੁੰਦਾ
ਨਮਾਂ ਸਟੈਲ ਵਿਚਾਲਿਓਂ ਜੇ ਖੜੇ ਵਾਲ
ਆਹੋ ਸਪੈਕੀ ਕਹਿੰਦੇ ਆ ਸ਼ੈਦ ,ਉਹ ਕੀਤਾ ਹੁੰਦਾ
ਤੇ ਆਥਣੇ ਸੱਥ 'ਚ ਕਿਸਾਨ ਮੇਲੇ ਦਾ ਹਾਲ ਸੁਣਾਉਦਾ
ਤੇ ਘਰੇ ਆਕੇ ਸੱਤ ਆਲੀਆਂ ਖਬਰਾਂ ਪਿੱਛੋਂ ਮੰਡੀਆਂ ਦਾ ਭਾਅ ਸੁਣਕੇ
ਸੂਣ ਆਲੀ ਮੱਝ ਕੋਲੇ ਮੰਜਾ ਡਾਹ ਕੇ ਓਨੀਂਦਰੇਂ 'ਚ ਸਾਰੀ ਰਾਤ ਕੱਢਦਾ......ਘੁੱਦਾ

ਘੁੱਦਾ ਸਿੰਗਰ

ਹੈਲੋ
ਹਾਂ ਕੌਣ
ਜੀ ਮੈਂ ਘੁੱਦੇ ਤੋਂ ਗੈਕ ਬੋਲਦਾਂ, ਤੁਸੀ ਅਮਰ ਆਡੀਓ ਆਲੇ ਬੋਲਦੇ ਓਂ?
ਹਾਂ ਹਾਂ ਕੰਮ ਦੱਸ
ਜੀ ਬਸਾਖੀ ਨੇੜੇ ਆ ਧਰਮਕੀ ਰੀਲ਼ ਕਢਾਉਣੀ ਆ
ਨਾਲੇ ਧਰਮਪ੍ਰੀਤ ਅਰਗੇ ਹਿਝਕੀਆਂ ਨੂੰ ਤੁਸੀਓ ਹਿੱਟ ਕੀਤਾ ਬਾਈ ਬਣੇ ਮੇਰੀ ਰੀਲ ਕਰਾਦੋ
ਠੀਕ ਆ, ਗਾਣੇ ਗੱਪੇ ਲੈਕੇ ਸਟੂਡਿਉ ਆਜੋ
ਅਮਰ ਆਡੀਓ ਪੇਸ਼ ਕਰਦੇ ਨੇ ਘੁੱਦੇ ਦੀ ਸੁਰੀਲੀ 'ਵਾਜ਼ ਚ ਨਮੀਂ ਟੇਪ
"ਬਾਜ਼ਾ ਵਾਲਿਆ ਤੇਰਾ ਖਾਲਸਾ"
ਹੈਲੋ
ਹਾਂ ਬਈ ਕੌਣ
ਜੀ ਮੈਂ ਗੈਕ ਆ ਮੇਰੀ ਪਹਿਲਾਂ ਬੀ ਟੇਪ ਆਈ ਸੀ ਮਾਰਕੀਟ 'ਚ
ਹੁਣ ਮਾਤਾ ਦੇ ਨਰਾਤੇ ਨੇੜੇ ਆ ਬਾਈ ਬਣਕੇ ਧਰਮਕੀ ਟੇਪ ਕਢਦੋ ਮੇਰੀ
ਅੱਛਾ ਅੱਛਾ ਘੁੱਦੇ ਵਾਲਾ ਗੈਕ
ਹਾਂਜੀ ਹਾਂਜੀ ਓਹੀ
ਕਾਕਾ ਤੇਰੀ ਪਹਿਲਾਂ ਵਾਲੀ ਟੇਪ ਤਾਂ ਮਾਰਕੀਟ 'ਚ ਈ ਪਈ ਰਹਿਗੀ
ਹਾਂਜੀ ਤਾਂਹੀ ਐਂਤਕੀ ਮਾਤਾ ਦੇ ਨਰਾਤਿਆਂ ਦੀ ਟੇਪ ਕੱਢਣੀ ਬੀ ਕੀ ਪਤਾ ਕਰਾਇਆ ਭਾੜਾ ਨਿਕਲਜੇ
ਅਮਰ ਆਡੀਓ ਪੇਸ਼ ਕਰਦੇ ਨੇ ਸੁਪਰਹਿੱਟ ਕੈਸਟ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਗੈਕ ਘੁੱਦਾ ਯੂ.ਐੱਸ. ਏ ਦੀ ਨਮੀਂ ਟੇਪ
"ਨਰਾਤਿਆਂ 'ਚ ਫੁੱਲ ਰੌਣਕਾਂ"
ਹੈਲੋ
ਹਾਂ ਕਾਕਾ ਘੁੱਦੇ ਆਲਾ ਬੋਲਦਾ
ਹਾਂਜੀ ਹਾਂਜੀ ਪਛਾਣ ਲਿਆ ਮੈਨੂੰ?
ਆਹੋ ਤੇਰਾ ਲੰਬਰ ਪਛਾਣ ਲਿਆ ਸੀ ਹੁਣ ਤਾਂ
ਜੀ ਆਸਟਰੀਆ 'ਚ ਇੱਕ ਬਾਬੇ ਦਾ ਕਤਲ ਕਰਤਾ ਸਿੱਖਾਂ ਨੇ
ਮੈਨੂੰ ਪੂਰੀ ਗਰਮੇਸ਼ ਆ ਜੀ, ਹੁਣ ਰਵਿਦਾਸ ਭਾਈਚਾਰੇ ਦੀ ਟੇਪ ਕਰਾਉਣੀ ਆ
ਸਾਲੇਆ ਤੂੰਵੀ ਬਾਹਲਾ ਢੀਠ ਆ, ਦੋ ਆਰੀ ਖੇਹ ਕਰਾਲੀ ਹੁਣ ਤਾਂ ਕਿਸੇ ਨਾਲ ਸੀਰੀ ਸੂਰੀ ਰਲਜਾ, ਗੈਕੀ ਨੂੰ ਬਖਸ਼ਦੇ
ਨਹੀਂ ਜੀ ਆਹ ਤਾਂ ਮੁੱਦਾ ਈ ਬਾਹਲਾ ਮੌਕੇ ਦਾ ਆ ਜੀ ਬਾਹਲੀ ਕੈਸ਼ਟ ਬਿਕੂ ਆਪਣੀ
ਚੱਲ ਆਜਾ ਫਿਰ ਸਟੂਡਿਓ ਨੌਂ ਆਲੀ ਮਿੰਨੀ ਤੇ
ਅਮਰ ਆਡੀਓ ਪੇਸ਼ ਕਰਦੇ ਨੇ ਰੌਕਸਟਾਰ ਗੈਕ ਘੁੱਦਾ ਯੂ.ਐੱਸ.ਏ ਦੀ ਦਿਲਖਿੱਚਵੀਂ 'ਵਾਜ਼ 'ਚ ਨਮੀਂ ਟੇਪ
"ਵੱਖਰਾ ਪੰਥ ਚਲਾਵਾਂਗੇ"
ਹੈਲੋ
ਖਬਰਦਾਰ ਘੁੱਦੇ ਆਲਿਆ ਜੇ ਹੁਣ ਫਿਰ ਟੇਪ ਕਰਾਉਣ ਦੀ ਗੱਲ ਕੀਤੀ ਤਾਂ
ਨਹੀਂ ਜੀ ਹੁਣ ਤਾਂ ਮੋਹ ਜਾ ਬਾਹਲਾ ਪੈ ਗਿਆ ਥੋਡੇ ਨਾਲ ਉਂਈ ਫੂਨ ਲਾ ਲਿਆ ਬੀ ਹਾਲ ਚਾਲ ਈ ਪੁੱਛ ਲੀਏ....ਘੁੱਦਾ

ਰਿਨੋਲਡ ਦਾ ਪੈੱਨ

Renoyld ਦਾ ਛੇਆਂ ਆਲਾ ਪੈੱਨ ਜਦੋਂ ਮੁੱਕ ਜਾਂਦਾ
ਤਾਂ ਸਟੇਸ਼ਨਰੀ ਆਲੇ ਟੋਨੀ ਤੋਂ ਲੈ ਠਿਆਨੀ ਦਾ ਸ਼ਿੱਕਾ ਪਾਉਦੇ
ਮੈਡਮ ਜੀ ਕਹਿੰਦੇ ਬੇਟਾ " ball pen ਦਿਓ"
ਤਾਂ ਸੋਚਦੇ ਬੀ ਪੈੱਨ ਤਾਂ  ਪੈੱਨ ਆ ਸਾਲਾ ball ਕੀ ਹੋਇਆ
ਹੁਣ ਪਤਾ ਲੱਗਾ ball ਤੇ gelਪੈੱਨ ਦੇ ਫਰਕ ਦਾ
ਬੱਸ 'ਚ ਬਹਿਣ ਲੱਗਿਆਂ ਘਰਦਿਆਂ ਨਾਲ ਲੜਦੇ
"ਮੈਂ ਨੀਂ, ਮੈਂ ਨੀ ਮੈਂ ਤਾਂ ਸੀਸੇ ਆਲੇ ਪਾਸੇ ਬਹਿਣਾ"
ਫਾਟਕ ਤੇ ਬੱਸ ਰੁਕਦੀ ਤਾਂ ਟੱਪਦੀ ਰੇਲਗੱਡੀ ਦੇ ਡੱਬੇ ਜ਼ਰੂਰ ਗਿਣਦੇ
ਗਰਮੀ ਦੀ ਟਿਕੀ ਦੁਪਹਿਰ ਨੂੰ ਦੂਰ ਕਿਸੇ ਦੇ
ਖੇਤ ਚੱਲਦੇ ਇੰਜਣ ਦੀ 'ਵਾਜ਼ ਸੁਣਦੀ
ਤਾਏ ਹੁਣੀਂ ਪੱਠੇ ਕੁਤਰਦੇ ਤਾਂ ਦੋ ਵੀਲ੍ਹੇ ਇੰਜਣ 'ਚ ਪਾਣੀ ਪਾਉਦੇ
ਟੋਕੇ ਮੂਹਰੋਂ ਮੱਕੀ ਦੀਆਂ ਡੋਡੀਆਂ ਚੱਬਦੇ ਜਾਂ
ਪੱਕੀ ਵੀ ਜਵੀਂ ਦੀ ਸੀਟੀ ਬਣਾਉਦੇ
ਸਕੂਲ 'ਚ ਪੋਲਿਓ ਆਲੇ ਟੀਕੇ ਲਾਉਣ ਆਉਦੇ ਤਾਂ ਬਰੂਸ ਲੀ
ਤੋਂ ਵੀ ਤੇਜ਼ ਕੰਧ ਟੱਪਕੇ ਸਪ੍ਰਿੰਟ ਖਿੱਚਦੇ ਤੇ ਘਰੇ ਆਕੇ ਕਹਿੰਦੇ
"ਅੱਜ ਅੱਧੀ ਛੁੱਟੀ ਸਾਰੀ ਕਰਤੀ ਮਾਹਟਰਾਂ ਨੇ"
ਕਿਸੇ ਦੇ ਵਿਆਹ ਹੁੰਦਾ ਤਾਂ ਦੌਣ ਆਲਾ ਪਾਸਾ ਉੱਤੇ ਨੂੰ ਕਰਕੇ
ਜੋੜ ਕੇ ਰੱਖੇ ਮੰਜਿਆਂ ਤੇ ਟੰਗੇ ਸਪੀਕਰ  ਵੇਖਕੇ ਚਾਅ ਚੜ੍ਹ ਜਾਂਦਾ
ਤੰਦੂਰ ਚੋਂ ਰੜ੍ਹੀ ਮੱਚੀ ਜੀ ਰੋਟੀ ਕੱਢਕੇ ਕਰੜ ਕਰੜ ਕਰਕੇ ਖਾਂਦੇ
ਮਾਤਾ ਤੋਂ ਪੜਦੇ ਜੇ ਨਾਲ ਮਿੱਟੀ ਵੀ ਛਕਦੇ ਸੀ
ਨਵੇਂ ਕੈਦੇ ਕਾਪੀਆਂ 'ਚ ਵਿੱਦਿਆ ਮਾਤਾ ਦੇ ਪੱਤੇ ਜੇ ਪਾਉਦੇ
ਜੂੜੇ ਤੇ ਰੁਮਾਲ ਪਾ, ਨੀਲੀ ਨੀਕਰ ਸ਼ਲਟ ਪਾ ਸਕੂਲ ਜਾਂਦੇ
ਬਸਤੇ ਵਿੱਚ ਦੀ ਪ੍ਰਕਾਰ ਟਪਾ ਮੂਹਰਲੇ ਬੈਂਚ ਆਲੇ  ਦੀ ਚੀਕ ਕਢਾ ਦਿੰਦੇ
ਤੇ ਫਿਰ ਜੁੰਡੋ ਜੁੰਡੀਂ ਹੋ ਲੱਪੜ ਮਾਰ ਗੱਲ੍ਹਾਂ ਤੇ ਘੁੱਦੇ ਦੇ ਨਕਸ਼ੇ ਬਣਾ ਦਿੰਦੇ
ਤੇ ਅਗਲੇ ਪੀਰਡ 'ਚ ਜੱਫੀ ਪਾ ਲੈਂਦੇ ਤੇ ਗਾਓਦੇ
"ਆਪਾਂ ਦੋਵੇਂ ਯਾਰ ਯਾਰ, ਅੰਡੇ ਖਾਈਏ ਚਾਰ ਚਾਰ
ਇੱਕ ਅੰਡਾ ਨੂਨ ਵਾਲਾ ਤੇਰਾ ਭਾਪਾ ਸੂਣ ਵਾਲਾ"......ਘੁੱਦਾ

ਇਹ ਆਂ ਅਸੀਂ

ਨਾਸਾ ਦੇ ਮੇਨ ਦਫਤਰ 'ਚ ਰਾਕਟ ਛੱਡਣ ਤੋਂ ਪਹਿਲਾਂ
ਪੁੱਠੀ ਗਿਣਤੀ ਕਰਨ ਆਲੇ ਨਹੀਂ ਆ ਅਸੀਂ
ਅਸੀਂ ਤਾਂ ਸੂਬੀ ਆਲੇ ਬੰਬ ਨੂੰ ਕਾਗਜ਼ ਤੇ ਧਰਕੇ
ਅੱਗ ਲਾਕੇ ਭੱਜ ਜਾਣ ਆਲੇ ਆਂ
ਜਾਂ ਦੀਵਾਲੀ ਵੇਲੇ ਪੰਜਾਂ ਆਲੇ ਪਿਸਤੌਲ 'ਚ
ਰੀਲ ਆਕੇ ਭੜਾਕੇ ਪਾਕੇ
ਟਰਮੀਨੇਟਰ ਆਲੇ Arnold ਬਾਈ ਦੀ ਫੀਲਿੰਗ ਲੈਣ ਆਲੇ ਆ
ਤੇ ਦੁੱਖ ਹੁੰਦਾ ਜਦੋਂ ਇਹੀ Arnold ਕੈਲੀਫੋਰਨੀਆ ਦਾ ਗਵਰਨਰ
ਬਣਕੇ ਕ੍ਰਿਪਾਨ ਸੰਬੰਧੀ ਬਿੱਲ ਨੂੰ ਠੇਡਾ ਮਾਰ ਦਿੰਦਾ
ਲੰਡਨ ਦੇ ਮਿਊਜ਼ੀਅਮ 'ਚ ਲੱਗੀਆਂ ਫੋਟੋਆਂ ਆਲੇ ਸੰਸਾਰ ਯੁੱਧਾਂ 'ਚ ਸ਼ਹੀਦ
ਹੋਏ ਨੱਬੇ ਹਜ਼ਾਰ ਪੰਜਾਬੀ ਫੌਜੀ ਆ ਅਸੀਂ
ਕਦੇ ਗਿਣ ਕੇ ਵੇਖਿਉ ਪੋਟਿਆਂ ਤੇ
ਚੌਥੀ ਉਂਗਲ ਤੇ ਜਾਕੇ ਬਣਦੇ
ਰਾਂਝੇ ਦੇ ਹੰਢਾਏ ਬਾਰ੍ਹਾਂ ਸਾਲ ਆ ਅਸੀਂ
ਜਲੰਧਰ ਦੂਰਦਰਸ਼ਨ ਤੇ "ਦੋ ਲੱਛੀਆਂ" ਤੇ "ਬਲਬੀਰੋ ਭਾਬੀ"
ਅਰਗੀਆ ਫੀਚਰ ਫਿਲਮਾਂ ਵੇਖਣ ਆਲੇ ਆ ਅਸੀਂ
Raymond ਜਾਂ Gwalior ਦਾ ਕੱਪੜਾ ਕਾਹਨੂੰ ਪਾਉਣੇ ਆ ਅਸੀਂ
ਨਾਨਕਿਆਂ ਤੋਂ ਮਿਲੀ ਪੰਜਕੱਪੜੀ ਪਿੰਡ ਆਲ਼ੇ ਜੋਧੇ ਦਰਜ਼ੀ ਤੋਂ ਸਮਾ
ਵਰ੍ਹਿਆਂ ਤੱਕ ਹੰਢਾਉਣ ਆਲੇ ਆ ਅਸੀਂ
ਸ਼ਹਿਰ ਜਾਕੇ ਮੁੱਲ ਖ੍ਰੀਦਕੇ ਪਾਣੀ ਪੀਣੇ ਆ
ਪਰ ਨਿਮਾਣੀ ਵੇਲੇ ਬੱਸਾਂ ਗੱਡੀਆਂ ਆਲਿਆਂ ਨੂੰ ਘੇਰ ਘੇਰ ਪਾਣੀ ਪਿਆਉਣੇ ਆ ਅਸੀਂ
ਬਾਹਲੇ ਯੈਂਕੀਆਂ ਵੰਗੂ ਮਰੇ ਮੂੰਹ ਆਲੇ ਨੀਂ ਅਸੀਂ
ਅਰਦਾਸ ਪਿੱਛੋ ਦੇਗ ਵੰਡਦੇ ਬਾਬੇ ਮੂਹਰੇ ਦੋਹੇ ਹੱਥ ਖੋਲ੍ਹ ਖੜ੍ਹ ਜਾਈਦਾ
ਸਾਡੀ ਚਮੜੀ ਸਾਲੀ Oily ਕਾਹਨੂੰ ਆ
ਤੇ ਮੁੜਕੇ ਘਿਓ ਆਲੇ ਹੱਥ ਦਾਹੜੀ ਮੁੱਛਾਂ ਤੇ ਮਾਰ ਲਈਦੇ ਨੇ
ਮਸ਼ੂਕ ਪਿੱਛੇ ਦੁਨਾਲੀ ਚੱਕਕੇ ਅਣਖ ਦਿਖਾਉਣ ਆਲੇ ਕਾਹਨੂੰ ਆ ਅਸੀਂ
1919 ਤੋਂ 1940 ਤੱਕ 21 ਸਾਲਾਂ ਦਾ ਸਬਰ ਕਰਨ ਆਲੇ ਆ
ਤੇ ਫਿਰ ਕਿਤਾਬ 'ਚ ਕੈਦ ਹੋਕੇ ਕੈਕਸਟਨ ਹਾਲ
ਨੂੰ ਜਾਣ ਆਲੇ ਪਿਸਤੌਲ ਆ ਅਸੀਂ..........................ਅੰਮ੍ਰਿਤ ਪਾਲ ਘੁੱਦਾ

Saturday 28 April 2012

ਪੱਗ

ਗੱਲ ਸੁਣ ਪਰਧਾਨ
ਐਮੇਂ ਨਾ ਪਗੜੀ ਪਗੜੀ ਜੀ ਕਿਹਾ ਕਰ
ਪਗੜੀ ਥੋਡੇ ਆਲੀ ਹੋਊ
ਜਿਹੜੀ ਟੋਪੀ ਅੰਗੂ ਲਹਿ ਪੈ ਜਾਂਦੀ ਆ
ਸਾਡੇ ਆਲੀ ਨੂੰ ਪੱਗ ਕਹਿੰਦੇ ਨੇ
ਸਾਢੇ ਕੁ ਸੱਤ ਮੀਟਰ ਦਾ ਕੱਲਾ ਕੱਪੜਾ ਨੀਂ ਹੁੰਦਾ ਇਹ
ਬਹੁਤ ਵੱਡੀ ਜੁੰਮੇਆਰੀ ਹੁੰਦੀ ਆ ਛੋਟਿਆ
ਪਿਓ ਪਿੱਛੋਂ ਪੁੱਤ ਦੇ ਸਿਰ ਤੇ ਰੱਖੀ ਵਈ
ਨਾਲੇ ਇਹ ਉਹ ਪੱਗ ਆ
ਜੀਹਨੂੰ ਵੇਖਕੇ ਅਬਦਾਲੀ ਦੀਆਂ ਕੈਦੀ ਕੁੜੀਆਂ ਕਹਿੰਦੀਆਂ ਸੀ
"ਓਹ ਸਾਡੇ ਵੀਰ ਆਗੇ, ਹੁਣ ਨੀਂ ਅਸੀਂ ਦਬਾਲ ਕਿਸੇ ਨੂੰ"
ਆਹ ਥੋਡੇ ਦਿਲਜੀਤ ਆਲੀ ਪੱਗ ਨੀਂ ਇਹ
ਅਖੇ ਆਗੇ ਪੱਗਾਂ ਪੋਚਮੀਆਂ ਆਲ਼ੇ ਰਹੀਂ ਬਚਕੇ
ਬੀ ਕਿਤੇ ਬਲਾਤਕਾਰ ਨਾ ਕਰ ਦੇਣ
ਏਅਰਪੋਟਾਂ ਤੇ ਲਹਾ ਲਹਾ ਕੇ ਦੇਂਹਨੇ ਆਂ
ਪੱਗ 'ਚ ਸਰਦਾਰੀ ਲੁਕੀ ਆ
ਬੰਬ ਨੀਂ
ਨਾਲੇ ਇੱਕ ਗੱਲ ਹੋਰ
ਥੋਡੇ ਐਹੇ ਜੇ ਜਹਾਜ਼ ਤਾਂ ਖਿੱਦੋ ਨਾਲ ਵੀ ਅਗਵਾ ਕੀਤੇ ਸੀ
ਨਾਲੇ ਆਹ ਸੰਤੇ ਬੰਤੇ ਆਲੇ
ਜਦੋਂ ਥੋਡੀਆਂ ਬੁੜੀਆਂ ਕੁੜੀਆਂ ਮੰਡੀਆਂ 'ਚ ਵਿਕਦੀਆਂ ਸੀ
ਓਦੋਂ ਸੰਤੇ ਬੰਤੇ ਦੀ ਕ੍ਰਿਪਾਨ ਈ ਮਿਆਨੋਂ ਬਾਹਰ ਆਈ ਸੀ
ਥੋਡੇ ਕੋਲੇ ਖਣੀ ਤਲਵਾਰ ਹੈਨੀ ਸੀ
ਖਣੀ ਸਾਲੀ ਨੂੰ ਜੰਗਾਲ ਲੱਗਗੀ ਸੀ
ਧਿਆਨ ਨਾਲ ਵੇਖਲੀਂ ਸਾਡੇ ਕੜੇ ਤੇ "ਹਜ਼ੂਰ ਸਾਹਬ"
ਲਿਖਿਆ ਵਾ ਹੁੰਦਾ
ਨਾਲੇ ਇੱਕ ਹੋਰ ਗੱਲ ਸੁਣਲੀਂ ਨਿੱਕਿਆ
ਇਹ ਕਿਸੇ ਹਿੰਦੂ, ਮੁਸਲਮਾਨ
ਦਾ ਮਾੜਾ ਨੀਂ ਕਰਦੇ
ਗਲਾਂ 'ਚ ਟੈਰ ਪਾਕੇ ਬੰਦੇ ਨੀਂ ਫੂਕਦੇ
ਮਾਪਿਆਂ ਸਾਹਮਣੇ ਧੀਆਂ ਦੀਆਂ ਚੁੰਨੀਆਂ ਨੀਂ ਪਾੜਦੇ
ਕਿਸੇ ਦੇ ਤਖਤ ਨੀਂ ਢਾਹੁੰਦੇ
ਸਮਾਂ ਦੀ ਬਚਾਉਦੇਂ ਈ ਆਏ ਨੇ
ਅਰਦਾਸ ਪਿਛੋਂ ਨਿਓਂ ਕੇ ਮੱਥਾ ਟੇਕਣ ਲੱਗੇ
'ਵਾਜ਼ ਰਲਾ ਕੇ ਕਹਿੰਦੇ ਨੇ
"ਨਾਨਕ ਨਾਮ ਚੜ੍ਹਦੀ ਕਲਾ,
ਤੇਰੇ ਭਾਣੇ ਸਰਬੱਤ ਦਾ ਭਲਾ"...ਅੰਮ੍ਰਿਤ ਘੁੱਦਾ

ਲਿਖਣ ਜੋਗੇ ਆਂ

ਨਿੱਕੇ ਹੱਥਾਂ ਨਾਲ ਖੇਤਾਂ 'ਚੋਂ ਚੁਗਕੇ
ਸੜਕਾਂ ਤੇ ਖਿਲਾਰੇ ਕਣਕ ਦੇ ਸਿੱਟੇ ਆ ਅਸੀਂ
ਕਾਰਾਂ ਗੱਡੀਆਂ ਓਤੋਂ ਦੀ ਟੱਪਣ ਗੀਆਂ
ਤਾਂ ਕਿਸੇ ਢਿੱਡ ਨੂੰ ਸਾਡੇ ਦਾਣੇ ਨਸੀਬ ਹੋਣਗੇ
ਦੀਵਾਲੀ ਪਿੱਛੋਂ ਮਹੀਨਿਆਂ ਤੱਕ ਕੋਠਿਆਂ ਤੇ ਪਏ
ਤੇਲ ਨਾਲ ਲਿੱਬੜੇ ਦੀਵੇ ਨੀਂ ਬਨਣਾ ਅਸੀਂ
ਤੇ ਨਹੀਂ ਬਨਣਾ ਉਹਨ੍ਹਾਂ ਢਿੱਡਲਾਂ ਵਰਗੇ
ਜਿਹੜੇ ਖਲੋ ਕੇ ਨਹਾਉਣ ਤਾਂ ਤੇੜ
ਪਾਇਆ ਕੱਛਾ ਵੀ ਨੀਂ ਭਿੱਜਦਾ
ਵਲੈਤ ਰਹਿੰਦੇ ਪੁੱਤ ਨੂੰ ਮਾਂ ਦੇ ਦਿਹਾਂਤ ਦੀ ਪੁੱਜੀ ਖਬਰ ਨੀਂ ਬਨਣਾ ਅਸੀਂ
ਸਰਕਾਰੀ ਮੇਜ਼ਾਂ ਥੱਲਿਓਂ ਦੀ ਨੋਟਾਂ
ਦੀ ਅਦਲਾ ਬਦਲੀ ਫੜ੍ਹੀ ਜਾਏਗੀ ਹੁਣ
ਤਿੰਨ ਘੰਟਿਆਂ ਦੀ ਫਿਲਮ 'ਚ ਵੀਹ ਸਾਲ ਦੀ ਕੈਦ ਕੱਟਕੇ ਮੁੜੇ ਕੈਦੀ ਨੀਂ ਵੇਖਣੇ ਅਸੀਂ
ਕਾਲੇਪਾਣੀ ਗਏ ਗੱਭਰੂ ਤੇ ਬਾਬੇ ਬਣੇ ਡਾ.ਦੀਵਾਨ ਸਿੰਘ ਹੁਣਾਂ ਨੂੰ ਪੜ੍ਹਨਾ ਅਸੀਂ
ਤੇ ਓਤੋਂ ਆਖਣਾ, "ਹੁਣ ਤੂੰ ਆਇਓ ਕਾਸ ਨੂੰ"
ਮੋਟੀ ਕਿਤਾਬ ਨੀਂ ਬਨਣਾ ਅਸੀਂ
ਜੀਹਨੂੰ ਪੜ੍ਹਨ ਦਾ ਕੋਈ ਹੀਆ ਨਾ ਕਰੇ
ਆਦਿਵਾਸੀ ਹੀ ਠੀਕ ਆ ਅਸੀਂ
ਆਹੋ ਨਕਸਲੀ
ਕਰੋ "ਅਪ੍ਰੇਸ਼ਨ ਗ੍ਰੀਨ ਹੰਟ"
ਐਂਤਕੀ ਪੇਟ ਦੀ ਜਗ੍ਹਾ ਛਾਤੀ ਹਾਜ਼ਿਰ ਆ ਸਾਡੀ
ਤੇ ਲਿਆਓ ਖੰਜਰ ਦੀ ਜਗ੍ਹਾ ਗੋਲੀ
ਦਾਤੀਆਂ ਤੋਂ ਕਿਰਚਾਂ ਨਹੀਂ ਬਣਾ ਸਕਦੇ ਅਸੀਂ ਹਲੇ
ਬਸ ਆਹ ਕੁਸ ਲਿਖਣ ਜੋਗੇ ਆਂ...ਘੁੱਦਾ

Tuesday 24 April 2012

ਜੇ ਕਦੇ ਆਉਣਾ ਹੋਇਆ



ਕਦੇ ਮੇਰੇ ਪਿੰਡ ਨੂੰ ਆਉਣਾ ਹੋਇਆ ਤਾਂ ਘੋੜੇ ਆਲੀ
ਸਰਕਾਰੀ ਬੱਸ ਦੀ ਮੂਹਰਲੀ ਸੀਟ ਤੇ ਬਹਿਕੇ ਕਨੈਟਰ ਨੂੰ ਕਹਿੰਦੀ ,"ਘੁੱਦੇ ਜਾਣਾ"
ਦੂਏ ਅੱਡੇ ਤੇ ਉਤਰਕੇ ਕਿਸੇ ਨੂੰ ਵੀਂ ਘਰ ਪੁੱਛਲੀਂ
ਸ਼ਹਿਰਾਂ ਵਾਗੂੰ ਕੈਪਰੀ ਪਾਈ ਪੱਗਡੌਗ ਦੀ ਸੰਗਲੀ ਫੜ੍ਹੀ ਕੋਈ ਲੇਡੀਜ਼ ਨੀਂ ਘੁੰਮਦੀ ਹੋਣੀ
ਪਰ ਬਾਜ਼ੀਗਰਾਂ ਦਾ ਸ਼ੰਭੂ ਮਿਲੂ ਜੀਹਦੀ ਸਕੂਟਰੀ ਦੀ ਪਿਛਲ਼ੀ ਕਾਠੀ ਤੇ
ਵੱਡੇ ਟੋਕਰੇ 'ਚ ਦੋ ਕੁ ਮੇਮਣੇ ਕੱਸ ਕੇ ਬੰਨ੍ਹੇ ਹੋਣਗੇ
ਜਾਂ ਹੱਥ 'ਚ ਨਿੱਕੀ ਸੋਟੀ ਤੇ ਮੂੰਹ 'ਚ ਡੱਕਾ ਜਾ ਚੱਬਦਾ
ਕੱਲੀ ਨਿੱਕਰ ਪਾਈ ਭਲਾਮਾਣਸ ਬੰਦਾ ਲੁੱਡਣ ਮਿਲ ਸਕਦਾ
ਤੇ ਤੈਨੂੰ ਇੰਮਪ੍ਰੈਸ ਕਰਨ ਲਈ ਉਹ ਛੱਪੜ 'ਚ ਤਾਰੀ ਵੀ ਲਾ ਸਕਦਾ
ਥੋੜ੍ਹਾ ਗੌਰ ਨਾਲ ਆਈਂ
ਛਿੱਟੀਆਂ ਦੇ ਛੌਰਾਂ ਉਹਲੇ ਸ਼ਹਿ ਕੇ ਬੈਠੇ ਕੁੱਤੇ ਤੇਰਾ ਗਿੱਟਾ ਫੜ੍ਹ ਸਕਦੇ ਆ
ਤੇ ਇਹਨ੍ਹਾਂ ਨੂੰ ਜਿੰਮੀਂ ਜਾਂ ਟਾਈਗਰ ਕਹਿ ਕੇ ਨਾ ਪੁਚਕਾਰੀਂ
ਇਹਨ੍ਹਾਂ ਨੂੰ ਬਸ "ਤੋਏ" "ਤੋਏ" ਦੀ ਈ ਸਮਝ ਆਉਦੀਂ ਆ
ਜੇ ਕੋਈ ਧੁੱਪ ਤੋਂ ਬਚਦਾ ਮੱਥੇ ਤੇ ਹੱਥ ਰੱਖਦਾ ਮੋਟੇ ਸ਼ੀਸ਼ਿਆ ਆਲ਼ੀ ਐਨਕ ਆਲ਼ਾ ਬਾਬਾ ਮਿਲਿਆ
ਤਾਂ ਸਸਰੀਕਾਲ ਜ਼ਰੂਰ ਬੁਲਾਂਦੀ
ਮੈਲੇ ਲੀੜੇ ਤੇ ਘਸ ਘਸ ਕੇ 'ਗੂਠੇ ਤੇ ਅੱਡੀ ਥੱਲਿਓਂ ਨੀਲੀ ਨਿਕਲੀ ਚੱਪਲ ਆਲ਼ੀ
ਪੱਠਿਆਂ ਦੀ ਪੰਡ ਚੁੱਕੀ ਆਉਦੀਂ ਵਿਹੜੇ ਆਲ਼ਿਆਂ ਦੀ ਪਾਸ਼ੋ ਦੀ ਫੋਟੋ ਨਾ ਖਿੱਚੀਂ
ਸਾਨੂੰ ਚੁੱਕ ਚੁੱਕ ਖਿਡਾਉਦੀਂ ਰਹੀ ਆ ਉਹ
ਛੱਪੜ ਵੱਲ ਨੂੰ ਮਹੀਆਂ ਲਈ ਆਉਦੇਂ ਹੋਣਗੇ ਟਿਵਾਣਿਆਂ ਤੇ ਢਿੱਲੋਆਂ ਦੀ ਪੱਤੀ ਦੇ ਬੁੜੇ
ਪਾਸੇ ਹੋਜੀਂ ਇਹਨ੍ਹਾਂ ਮੱਝਾਂ ਤੋਂ ਨਹੀਂ ਤਾਂ ਮੱਝ ਦੀ ਲਿੱਬੜੀ ਵੀ
ਵੱਜੀ ਪੂਛ ਦਾ ਮੁਸ਼ਕ
"Santoor" ਸੋਪ ਨਾਲ ਦਸ ਵਾਰੀ ਧੋਣ ਤੇ ਵੀਂ ਨਹੀਂ ਜਾਣਾ
ਸਾਡੇ ਘਰੇ ਆਕੇ ਸਿੱਧਾ ਨਾ ਦੱਸੀਂ ਬੀ ਮੈਂ ਥੋਡੇ ਮੁੰਡੇ ਦੀ ਫਰੈਂਡ ਆ
ਨਹੀਂ ਤਾਂ ਮੈਨੂੰ ਦਸ ਦਿਨ ਰੋਟੀ ਘਰੋਂ ਬਾਹਰ ਈ ਖਾਣੀ ਪੈਣੀ ਆ...........ਅੰਮ੍ਰਿਤ ਪਾਲ ਘੁੱਦਾ


Monday 23 April 2012

ਬਖ਼ਸ਼ੀਂ ਕਲਗੀਆਂ ਆਲਿਆ

ਬਖ਼ਸ਼ੀਂ ਕਲਗੀਆਂ ਆਲਿਆ
ਸਾਡੇ 'ਚ ਤੇਰੇ ਪੁੱਤਰਾਂ ਆਲੇ ਗੁਣ ਹੈਨੀ
ਨਾ ਅਸੀਂ ਨੀਹਾਂ ਜੋਗੇ ਆ ਤੇ ਨਾ ਤਲਵਾਰਾਂ ਜੋਗੇ
ਪਰ ਏਨੇ ਡਰਪੋਕ ਵੀ ਨਹੀਂ ਹੈਗੇ ਅਸੀਂ
ਮਸ਼ੂਕ ਦੇ ਆਸ਼ਕ ਵਰਕਿਆਂ ਅੰਗੂ ਪਾੜਨਾ ਜ਼ਰੂਰ ਜਾਣਦੇ ਆ ਅਸੀਂ
ਸਾਡੇ ਤੋਂ ਤੇਰੇ ਤਾਰੂ ਸਿੰਘ ਜਿੰਨਾ ਸਬਰ ਨੀਂ ਹੁੰਦਾ
ਵਾਲ ਈ ਨੇ , ਮਹੀਨੇ ਤੱਕ ਫਿਰ ਆ ਜਾਣਗੇ
ਅਸੀਂ ਤਾਂ ਨਾਈ ਦੀ ਕੁਰਸੀ ਤੇ ਬੈਠੇ ਕਹਿਣੇ ਹੁੰਨੇ ਆ
"ਕਲਮਾਂ ਮੋਟੀਆਂ ਰੱਖਦੀ ਜਰ ਸੈਡਾਂ ਤੋਂ" ਨਾਲੇ ਵਿਚਾਲੇ ਜੇ ਮੱਖੀ ਰੱਖਦੀਂ
ਆਹੋ ਪਿੱਛੇ ਗੁੱਤ ਜੀ ਵੀ ਰਖੀਦੀ ਆ
ਤੇਰੇ ਸਿੱਖ ਆਂ ਤਾਂ ਕਰਕੇ
ਸਾਡੇ ਤੋਂ ਕਿਸੇ ਕੁੜੀ ਬੁੜੀ ਦੀ ਇੱਜ਼ਤ ਦੀ ਆਸ ਨਾ ਰੱਖੀਂ
ਅਸੀਂ ਤਾਂ ਬਸ 'ਚ ਬੈਠੀ ਕੁੜੀ ਦੀ ਝੋਲੀ 'ਚ ਨੰਬਰ ਸਿੱਟ ਆਓਣੇਂ ਆ
ਟਿਕਟ ਤੇ ਲਿਖਕੇ
ਤੇ ਲੱਗਦੀ ਵਾਹ ਕਮਰੇ ਦਾ ਵੀ ਜਗਾੜ ਕਰੀਦਾ
ਨਾਲੇ ਜਾਤਾਂ ਪਾਤਾਂ ਇਕ ਨੀਂ ਹੋ ਸਕਦੀਆਂ
ਜੱਟ ,ਜੱਟ ਈ ਹੁੰਦੇ ਆ
ਤੇ ਚੂਹੜੇ , ਚੂ੍ਹੜੇ ਈ ਰਹਿਣਗੇ
ਸਾਡੇ ਤੋਂ ਨੀਂ ਜੂਠ ਛਕੀਦੀ ਤੇਰੇ ਇਹਨਾਂ ਰੰਘਰੇਟਿਆਂ ਦੀ
ਊਂ ਅਸੀਂ ਤੇਰੇ ਸਿੱਖ ਈ ਆਂ
ਅਸੀਂ ਤਾਂ ਖੇਤਪਾਲ ਆਲ਼ੇ ਬਾਬੇ ਦਾ ਬੱਕਰਾ ਵੀ ਛੱਡਾਂਗੇ
ਕੜਾਹੀ ਵੀ ਕਰਾਂਗੇ
ਕਲਯੁਗ ਆ ਬਾਬਾ , ਸਾਰਾ ਕੁਸ ਈ ਚੱਲਦਾ
ਪਰ ਅਸੀਂ ਤੇਰੇ ਸਿੱਖ ਜ਼ਰੂਰ ਆਂ
ਸਾਡੇ ਤੋਂ ਨੀਂ ਦੇਗਾਂ 'ਚ ਉਬਲਿਆ ਜਾਂਦਾ
ਛਾਲੇ , ਧੱਫੜ ਸੌ ਕੁਸ ਹੋਜੂ
ਚਰਖੜੀਆਂ ਤੇ ਨੀਂ ਪਿੰਜਣਾ ਅਸੀਂ
ਆਰਿਆਂ ਦੇ ਦੰਦੇ ਨੀਂ ਵੇਖੀਦੇ ਸਾਥੋਂ
ਹਾਂ ਊਂ ਸਾਨੂੰ ਨਿੱਤ ਨਮਾਂ ਹਥਿਆਰ ਰੱਖਣ ਦਾ ਸ਼ੌਕ ਜ਼ਰੂਰ ਹੈਗਾ
ਉਂ ਤਾਂ ਕਿਉਂਕਿ ਅਸੀਂ ਤੇਰੇ ਸਿੱਖ ਆਂ
ਬਖ਼ਸੀ ਕਲਗੀਆਂ ਆਲ਼ਿਆ .....ਅੰਮ੍ਰਿਤ ਘੁੱਦਾ

ਪਛੜੇ ਲੋਕ

ਇਹ ਪਛੜੇ ਅਨਪੜ ਲੋਕ ਨੇ
ਪਾਸੇ ਰਹਿ ਇਹਨਾਂ ਤੋਂ ਕਿਤੇ ਤੈਨੂੰ ਵੀ ਇਹਨਾਂ ਦਾ ਪਾਅ ਨਾ ਲੱਗਜੇ
ਮੀਂਹ ਪੈਣ ਤੇ ਇਹਨਾਂ ਨੂੰ ਪਤਾ ਨੀਂ ਲੱਗਦਾ ਬੀ ਮੌਸਮ ਰਮਾਂਟਿਕ ਹੋ ਗਿਆ
ਸਮਾਂ ਦੀ ਉਤੋਂ ਗੁਰਦਆਰੇ ਕੰਨੀਂ ਮੂੰਹ ਕਰਕੇ ਅਰਦਾਸ ਕਰਨਗੇ
ਦਾਤਾ ਮੂੰਹ ਆਈ ਰੋਜ਼ੀ ਨਾ ਖੋਹੀਂ
ਇਹਨਾਂ ਨੂੰ ਪੀਜ਼ਿਆਂ ਪਾਸਤਿਆਂ ਦੀ ਵੀ ਸੂੰਹ ਹੈਨੀ
ਪਿੱਪਲ ਦੇ ਪੱਤੇ ਨਾਲ ਪੂੜੇ ਬਣਾਉਣਗੇ
ਜਾਂ ਘਰ ਦੀ ਕਢਾਈ ਵਈ ਘਾਣੀ ਚ ਤਿੜ ਕੇ ਗੁਲਗੁਲੇ ਕੱਢਣਗੇ
ਅਖੇ ਜਵਾਕ ਖਾ ਲੈਣਗੇ ਚਾਰ ਦਿਨ
ਅਸੀਂ ਮੋਡਰਨ ਨਾਗਰਿਕ ਰੈਸਟੋਰੈਂਟ ਚ ਜਾਕੇ ਕੈਂਡਲ ਨਾਈਟ ਚ ਡਿਨਰ ਕਰੀਦਾ
ਤੇ ਇਹ ਨਿੱਤ ਮੋਮਬੱਤੀ ਬਾਲਕੇ ਲੰਗਰ ਪਾੜਨ ਆਲੀ ਜਨਤਾ ਨੂੰ ਕੈਂਡਲ ਨਾਈਟ ਦੀ ਸਾਲੀ ਫੀਲਿੰਗ ਈ ਨੀਂ ਆਉਦੀਂ
ਇਹ ਕਦੇ ਉਦੋਂ ਗਾਹਾਂ ਨੀਂ ਟੱਪੇ ਕਦੇ ਜਿੱਥੇ ਲਿਖਿਆ ਹੁੰਦਾ
ਘੁੱਦਾ - 0
ਤੇ ਅਸੀਂ ਵਾਈਟ ਹਾਊਸ ਤੋਂ ਉਰੇ ਗੱਲ ਨੀਂ ਕਰਦੇ
ਦਾਤੀ ਪੱਲੀ ਛੱਡ ਮੂੰਹ ਚੱਕੀ ਜਿਹੜਾ ਜ਼ਹਾਜ਼ ਵੇਂਹਦੇ ਹੁੰਦੇ ਨੇ ਇਹ
ਅਸੀਂ ਉਹਦੇ ਚ ਬੈਠੇ ਮੈਗਜ਼ੀਨ ਰੀਡ ਕਰਦੇ ਕਿਸੇ ਬੈਸਟ ਡੀਲ ਖਾਤਰ ਫੌਰਨ ਜਾ ਰਹੇ ਹੁੰਨੇ ਆਂ
ਮੁੜਹਕੇ ਦੀ ਗੰਦੀ ਮੁਸ਼ਕ ਆਉਦੀਂ ਆ ਇਹਨਾਂ ਚੋਂ
ਇਹਨਾਂ ਦੇ ਬੁੜੇ ਲੰਮੇ ਪੈਕੇ ਰੇਲਾਂ ਰੋਕਕੇ ਭਾਰਤੀਯ ਰੇਲ ਨੂੰ ਐਂਮੇ ਈ ਤੰਗ ਕਰੀ ਜਾਣਗੇ ਅਖੇ ਜਿਣਸਾਂ ਦੇ ਰੇਟ ਵਧਾਉ
ਕਾਣ ਨੀਂ ਜਾਂਦੇ ਅਸੀਂ ਐਹੇ ਜੇ ਦਿਆਂ ਦੀ
ਢੂਈ ਨੀਂ ਮਾਰਦੇ
ਸਬ ਹੁੰਦਿਆਂ ਸੁੰਦਿਆਂ ਵੀ ਸਾਨੂੰ ਇਹਨਾਂ ਦੀ ਇੱਕੋ ਮਾਰਦੀ ਆ ਸਾਲੀ
ਜਿਹੜਾ ਇਹ ਟਰਾਲੀ ਦੇ ਡਾਲੇ ਤੇ ਮੋਟਾ ਕਰਕੇ ਲਿਖਾਉਦੇ ਨੇ "ਅੰਨਦਾਤਾ" ...ਘੁੱਦਾ

ਅਤੀਤ

ਚੜਦੇ ਸਿਆਲ ਕਸ਼ਮੀਰ ਵੰਨੀਉਂ ਤਿੱਖੇ ਨੈਣ ਨਕਸ਼ਾਂ ਤੇ ਖੁੱਲੇ ਕੱਪੜਿਆਂ ਆਲੇ ਰਾਸ਼ੇ ਆਉਣੇ
ਇੱਕ ਹੱਥ ਚ ਸੋਟੀ ਤੇ ਚਾਦਰ ਚ ਬੰਨੇ ਕਿੰਨੇ ਸਾਰੇ ਸ਼ੌਲ ਢੂਈ ਤੇ ਸਿੱਟੇ ਹੋਣੇ
ਭਾਰ ਨਾਲ ਲਿਫ ਲਿਫ ਕੇ ਤੁਰਦੇ
ਕਈ ਆਰੀ ਇਹਨਾਂ ਕੋਲ ਬਦਾਮ ਵੀ ਹੁੰਦੇ
ਡਲੇ ਮਾਰ ਮਾਰ ਕਾਟੋ ਮਾਰਨੀ
ਅਖੇ ਠਿਆਨੀ ਨਿਕਲੂ ਕਾਟੋ ਚੋਂ
ਟੋਕਰੇ ਨੂੰ ਦੁਸਾਂਗ ਜੇ ਡੰਡੇ ਨਾਲ ਸਹਾਰਾ ਦੇਕੇ ਐਂਡਾ ਜਾ ਕਰਕੇ ਖਲਾਹਰਨਾ
ਤੇ ਥੱਲੇ ਬੁਰਕੀਆਂ ਖਿਲਾਰਕੇ ਰੱਸੀ ਫੜਕੇ ਦੂਰ ਬਹਿ ਜਾਣਾ
ਝਟਕਾ ਮਾਰਨਾ ਤੇ ਚਿੜੀਆਂ ਕਿਡਨੈਪ
ਤੇ ਚਿੜੀਆਂ ਫੜਕੇ ਸਿਰ ਤੇ ਰੰਗ
ਲਾਉਂਦੇ
ਗਰਮੀ ਦੀ ਦੁਪਹਿਰ ਚ ਟੇਲਾਂ ਆਲੇ
ਖੇਤਾਂ ਵੰਨੀਂ ਵਾਹਣ ਵਾਹੁੰਦੇ
ਸਕੌਟ ਟੈਟਰ ਦੀ ਡੂੰਘੀ ਜੀ ਵਾਜ਼ ਸੁਨਣੀ
ਪੰਜਾਂ ਆਲੀ ਖਰਬੂਜਾ ਖਿੱਦੋ ਤੇ ਲੀੜੇ ਧੋਣ ਆਲੇ ਥਾਪੇ ਨਾਲ
ਕਿਰਕਿਟ ਖੇਡਦੇ ਨਾਲੇ ਜੰਗਲ ਪਾਣੀ ਆਲੀ
ਖੂਹੀ ਤੇ ਇੱਟ ਧਰਕੇ ਆਉਦੇ ਬੀ ਕਿਤੇ ਗੇਂਦ ਨਾ ਡਿੱਗਪੇ
ਮੇਲੇ ਤੋਂ ਰਬੜ ਦਾ ਮੱਝ ਕੱਟਾ ਵੀ ਜ਼ਰੂਰ ਲਿਆਉਂਦੇ
ਸੂਏ ਚ ਨਹਾਉਣ ਵੇਲੇ ਚੱਪਲਾਂ ਪਾਣੀ ਚ ਸਿੱਟਦੇ
ਤੇ ਮੁੜਕੇ ਤਾਰੀ ਮਾਰ ਤਰਦੀਆਂ ਚੱਪਲਾਂ ਕੱਢ ਲਿਆਉਦੇ
ਐਤਵਾਰ ਨੂੰ ਮਾਤਾ ਕੇਸੀ ਨਵਾਉਂਦੀ
ਤੇ ਜਦੋਂ ਫਿਰ ਉਲਝੇ ਵਾਲ ਮਾਤਾ ਵਾਹੁੰਦੀ ਤਾਂ ਅੱਧੇ ਪਿੰਡ ਚ ਲੇਰਾਂ ਸੁਣਦੀਆਂ
ਅੱਧੀ ਛੁੱਟੀ ਸਕੂਲੋਂ ਭੱਜ ਆਉਦੇ
ਤੇ ਨਾਲੇ ਗਾਣਾ ਗਾਉਦੇ
"ਅੱਧੀ ਛੁੱਟੀ ਸਾਰੀ ਘੋੜੇ ਦੀ ਸਵਾਰੀ"... ਘੁੱਦਾ

ਤਰੱਕੀ

ਤਾਇਆ ਜਰ
ਪੁੱਤ "ਜੀ" ਕਹੀਦਾ ਹੁੰਦਾ
ਤਾਇਆ ਤੈਨੂੰ ਪਤਾ ਨੀ ਆਪਣਾ ਮੁਲਕ ਬਾਹਲੀ ਤਰੱਕੀ ਕਰ ਗਿਆ
ਸ਼ੇਰਾ ਆਪਣਾ ਨਾ ਕਿਹਾ ਕਰ, ਚੀਸ ਜੀ ਵੱਜਦੀ ਆ ਹਿਰਦੇ 'ਚ ਸਾਲੀ
ਟੁੱਟਾ-ਢੱਠਾ ਤਖਤ ਤੇ ਨਹਿਰਾਂ ਤੇ ਪਈਆਂ ਸ਼ੀਡਕਿਆਂ ਅਰਗਿਆਂ ਜਵਾਨਾਂ ਦੀਆਂ ਲਾਸ਼ਾ ਦੀਹਦੀਆਂ
ਨਾਲੇ ਭਾਈ ਤਰੱਕੀ ਤਾ ਕਰਨੀਓਂ ਈ ਆ
ਛੇ-ਛੇ ਫੁੱਟ ਦੀਆਂ ਮੂਲੀਆਂ ਤੇ ਸੱਤਰ ਸੱਤਰ ਕੈਲੋਂ ਦੇ ਹਦਵਾਣੇ ਅਗ੍ਹਾਤੇ
ਨਹੀਂ ਤਾਇਆ ਇਹ ਤਰੱਕੀ ਨੀ ਕੁਸ ਹੋਰ ਆ
ਹਾਹੋ ਗਲੀਆਂ 'ਚ ਤੇਗੇ ਲੋਟ ਇੱਟ ਦਾ ਖੜਵੰਜਾ ਚਿਣਤਾ ਨਾਲੇ ਲੈਟਾਂ ਲਾਤੀਆਂ
ਨਹੀਂ ਤਾਇਆ ਹੋਰ ਤਰੱਕੀ ਆ ਜਰ
ਮਸੈਲ ਬਣਾਤੀ ਨਮੀਂ ਵਗਿਆਨੀਆਂ ਨੇ, ਪੰਜ ਹਜ਼ਾਰ ਕੈਲੋਮੀਟਰ ਤੱਕ ਮਾਰਨ ਆਲੀ
ਭੈਣਦੇਣਿਆ ਇਹ ਟੱਟੂ ਦੀ ਤਰੱਕੀ ਆ
ਕੇਰਾਂ ਜੇ ਪਹਿਲਾਂ ਬੀ ਏਹਨਾਂ ਨੇ ਪ੍ਰਮਾਣੂ ਜਾ ਪਰਖਿਆ ਸੀ ਰਾਜਸਥਾਨ ਅੰਨੀਂ
ਪੱਟੂਆਂ ਨੇ ਗੰਢਿਆਂ 'ਚ ਈ ਰੱਖਕੇ ਚਲਾਤਾ
ਸਾਰੇ ਪੰਜਾਬ 'ਚ ਗੰਢੇ ਮੈਂਹਗੇ ਕਰਤੇ,
ਮਾਂਜਤੇ ਜੈਹਨਾਂ ਦੇ ਵਿਆਹ ਵਯੂਹ ਸੀ
ਦੋ ਹਜ਼ਾਰ ਦੀ ਹੋਰ ਸਾਰੀ ਸ਼ਬਜ਼ੀ ਆਬੇ ਤੇ ਕੱਲੇ ਗੰਢੇ ਸੱਤ ਹਜ਼ਾਰ ਦੇ
ਨਾਲੇ ਸ਼ੇਰਾ ਇਹਨਾਂ ਨੇ ਕਾਹਟ ਘੱਤਰ ਨੀਂ ਵੇਖੇ
ਰੇਡੀਏ ਤੇ ਸੁਣਦੇ ਬੀ ਜੰਗ ਚੱਲਪੀ,
ਲੜਾਕੂ ਜਹਾਜ਼ ਜੇ ਤਾਂ ਸਪੈਦਿਆਂ ਕੋਲੋਂ ਹੋ ਹੋ ਮੁੜਨ
ਕੁੱਕੜ ਭੜਾਕਿਆਂ ਅੰਗੂ ਚੱਲਣ ਬੰਬ ਬੁੰਬ ਜੇ
ਘਰਾਂ 'ਚ ਚੁੱਲ੍ਹੇ ਨਾ ਬਾਲਣੇ ਬੀ ਕਿਤੇ ਚਾਨਣ ਵੇਖ ਬੰਬ ਨਾ ਸਿੱਟ ਦੇਣ
ਤਾਇਆ ਜਰ ਦੇਵੀ ਦੇਵਤਿਆਂ ਨੂੰ ਧਿਆ ਕੇ ਐਨ ਓਕੇ ਰਪੋਟ ਕਰਕੇ
ਫਿਰ ਛੱਡੀ ਕਹਿੰਦੇ ਮਜੈਲ
ਆਹੋ ਸ਼ੇਰਾ ਰੱਬ ਦੇ ਬੰਦੇ ਮਾਰਨ ਖਾਤਰ ਰੱਬ ਦੀ ਸਹਿਮਤੀ ਵੀ ਜ਼ਰੂਰੀ ਆ ਫਿਰ
ਸੱਚਿਓ ਤੇਰਾ ਮੁਲਕ ਤਰੱਕੀ ਕਰੀ ਜਾਂਦਾ ਨਿੱਕਿਆ.....ਘੁੱਦਾ

Thursday 19 April 2012

ਸੱਭਿਆਚਾਰ

ਢੀਂਕਾ ਚੀਕਾ ਢੀਂਕਾ ਚੀਕਾ..ਏ.ਏ.ਏ ਏ.ਏ.ਏ
ਪ੍ਰਧਾਨ ਸਮਝ ਆਈ ਆਹ ਗੀਤ ਦੀ?
ਨਾ ਜਨਾਬ
ਫਿਰ ਇਹੋ ਜੇ ਆਪਣੇ ਗੀਤ ਨੀਂ ਹੋ ਸਕਦੇ
ਛੱਲੇ, ਮਾਹੀਏ ਤੇ ਜੁਗਨੀ ਅਰਗੇ ਕਾਲਪਨਿਕ ਜੇ ਪਾਤਰ ਈ ਆਪਣੇ ਗੀਤ ਹੋਣਗੇ
ਜਿਹੜੇ ਪੋੜਤਿਆਂ ਤੇ ਲੈਕੇ ਅਰਥੀ ਤੱਕ ਨਾਲ ਜਾਣਗੇ
ਜਾਂ ਜਿਉਣੇ ਮੌੜ ਅਰਗਿਆਂ ਦੇ ਕਿੱਸੇ
ਨਿੱਕੇ ਹੁੰਦੇ ਵੀ ਗਾਉਦੇਂ ਰਹੇ ਆਂ
"ਜਿਓਣਾ ਮੌੜ ਛਤਰ ਚੜ੍ਹਾਉਣ ਚੱਲਿਆ,
ਪਾੜਗੀ ਪਜਾਮੀ ਨਮੀਂ ਪਾਉਣ ਚੱਲਿਆ"
ਆਰਕੈਹਟਰਾ ਆਲਿਆਂ ਦੀ ਟਾਟਾ ਸੂਮੋ ਤੇ ਲੱਦੇ ਵਏ ਚਰਖੇ ਵੀ ਆਪਣਾ ਸੱਭਿਆਚਾਰ ਨੀਂ
ਇਹ ਵਿਚਾਰਿਆਂ ਦਾ ਢਿੱਡ ਦੀ ਲੜਾਈ ਜਿੱਤਣ ਦਾ ਮਸਲਾ ਈ ਆ
ਚਰਖਾ ਕੱਤਦੀ ਨਾਨੀ ਵੰਨੀਂ ਵੇਂਹਦੇ ਬੀ ਭੈਂ
ਆਹ ਰੂੰ ਤੋਂ ਧਾਗਾ ਜਾ ਕਿਮੇਂ ਬਣੀ ਜਾਂਦਾ
ਘੈਂਟ ਆ ਨਾਨੀ
ਤੇ ਫਿਰ ਆਪ ਕੱਤਕੇ ਵੇਂਹਦੇ ਤਾਂ ਸਾਲਾ ਸਾਹਬ ਜਾ ਨਾ ਆਉਦਾਂ
ਪੈਰਾਂ ਭਾਰ ਕੋਲੇ ਬੈਠੇ ਕਹਿੰਦੇ,"ਬੀਬੀ ਬਣਕੇ ਮੈਨੂੰ ਵੀ ਸਖਾਦੇ"
ਉੱਤੋਂ ਨਿੰਮ ਦੇ ਸੁੱਕੇ ਪੱਤੇ ਡਿੱਗੀ ਜਾਂਦੇ
ਉਹ ਸੀ ਆਪਣਾ ਸੱਭਿਆਚਾਰ
ਸਾਫ ਸੁਥਰੀ ਦਸਤਾਰ ਤੇ ਲਪੇਟੀ ਮਾਲਾ ਵਾਲਾ
ਕੱਪੜਿਆਂ ਦਾ ਸਾਫ ਸੁਥਰਾ ਬਾਬਾ ਨਾਨਕ ਵੀ ਸਾਡਾ ਨੀਂ ਹੋ ਸਕਦਾ
ਪਿੰਡ ਓਤੋਂ ਦੀ ਗੇੜਾ ਦੇਕੇ ਆਓ ਤੇ ਆਵਦੇ ਲੀੜੇ ਵੇਖਿਓ
ਸਾਲੇ ਧੋਣ ਆਲੇ ਹੋ ਜਾਣਗੇ
ਤੇ ਚਾਰ ਉਦਾਸੀਆਂ ਤੇ ਜਾਣ ਵਾਲੇ ਗੁਰੂ ਸਾਹਬ ਤਨ ਦੇ ਏਨੇ ਸਾਫ ਨੀਂ ਹੋ ਸਕਦੇ
ਸਾਡੇ ਬਾਬੇ ਨਾਨਕ ਦੀ ਤਸਵੀਰ ਨਹੀਂ ਬਣੀ ਕਦੇ
ਤੇ ਨਾ ਬਣੇ....ਅੰਮ੍ਰਿਤ ਘੁੱਦਾ

ਨਾਜ਼ਰ ਤੇ ਦੀਪੋ

ਬਸਾਖੀ ਦੇ ਮੇਲਿਓਂ ਲੈਕੇ ਦਿੱਤੀ ਸੀ ਝਾਂਜਰ
ਆਪ ਪਾਈ ਸੀ ਦੀਪੋ ਪੈਰੀ ਨਾਜ਼ਰ ਨੇ
ਨਾ ਵੇ ਅੜਿਆ ਕੋਈ ਵੇਖਲੂ
ਡਰ ਨਾ ਨਾਜ਼ਰ ਹੈਗਾ ਨਾ ਤੇਰੇ ਨਾਲ
ਲੰਘਦੀ ਟੱਪਦੀ ਛਣਕ ਛਣਕ
ਨਾਜ਼ਰ ਨੂੰ ਪਤਾ ਲੱਗ ਜਾਂਦਾ ਉਹਦੀ ਦੀਪੋ ਟੱਪਦੀ ਆ ਗਲੀ ਚੋਂ
ਮੈਸ੍ਹਾਂ ਛੱਪੜ ਤੇ ਪਿਆਉਣ ਦੇ ਬਹਾਨੇ ਮਗਰੇ ਮਗਰੇ ਤੁਰ ਪੈਂਦਾ
ਨਿੱਕੇ ਹੁੰਦਿਆਂ ਰਾਂਝੇ ਹੀਰਾਂ ਦੇ ਕਿੱਸੇ ਸੁਣੇ ਸੀ ਨਾਜ਼ਰ ਨੇ
ਮਿਲੇ ਵੀ ਬਥੇਰੀ ਵਾਰੀ ਬੀੜਾਂ ਆਲੇ ਖੇਤਾਂ ਵੰਨੀ ਨਰਮਾ ਚੁਗਣ ਵੇਲੇ
ਪਰ ਨਾਜ਼ਰ ਨੇ ਕਦੇ ਲੀਕ ਨਾ ਟੱਪੀ
ਸਾਲੀ ਬੇਰੁਜ਼ਗਾਰੀ ਮਾਰਗੀ ਨਾਜ਼ਰ ਨੂੰ
ਦੁਬਈ ਆਲੇ ਜ਼ਹਾਜ਼ ਚੜ੍ਹ ਗਿਆ ਨਿਆਂਈ ਆਲਾ ਵਾਹਨ ਵੇਚਕੇ
ਤੂੰ ਭੁਲੀਂ ਨਾ ਮੈਨੂੰ
ਹੈ ਕਮਲੀ..ਨਿਸ਼ਾਨੀ ਰੱਖੀਂ ਮੇਰੀ ਸਾਂਭਕੇ
ਦੀਪੋ ਨੇ ਝਾਂਜਰਾਂ ਛਣਕਾ ਕੇ ਹੁੰਗਾਰਾ ਭਰਿਆ
ਦੀਪੋ ਨੇ ਹੱਸਕੇ ਤੋਰਿਆ ਨਾਜ਼ਰ ਨੂੰ
ਪਰ ਮੁੜਕੇ ਰਾਤਾਂ ਨੂੰ ਤਾਰਿਆਂ ਦੀ ਛਾਵੇਂ ਘਸਮੈਲੀ ਚੁੰਨੀ ਨਾਲ ਅੱਖਾਂ ਪੂੰਝਿਆ ਕਰੇ
ਕਦੇ ਚੁੱਲ੍ਹੇ ਕੋਲ ਬੈਠਿਆ ਕਰੇ ਧੂੰਏ ਬਹਾਨੇ ਕਦੇ ਗੰਢੇ ਚੀਰਣ ਬਹਾਨੇ ਹੰਝੂ
ਕਦੇ ਨਾਜ਼ਰ ਦਾ ਨਾ ਫੂਨ ਨਾ ਚਿੱਠੀ
ਬਸ 'ਖਬਾਰ 'ਚ ਖਬਰ ਆਈ, "ਕਤਲ ਮਾਮਲੇ 'ਚ ਪੰਜਾਬੀ ਨੌਜਵਾਨ ਨੂੰ ਸਜ਼ਾ"
ਦੀਪੋ ਨੇ ਜਵਾਕ ਤੋਂ 'ਖਬਾਰ ਪੜ੍ਹਾਇਆ, ਨਾਜ਼ਰ ਸਿਹੁੰ ਪੁੱਤਰ ਗੇਜ਼ਾ ਸਿੰਘ ਪਿੰਡ ਘੁਮਿਆਰਾ ਸਜ਼ਾ ਯਾਫਤਾ
ਪੰਦਰਾਂ ਕੁ ਵਰ੍ਹੇ ਬੀਤੇ
ਦੀਪੋ ਦਿਆਂ ਵਾਲਾਂ ਨੇ ਸਫੈਦੀ ਫੜ੍ਹਲੀ
ਕੋਠੇ ਬੈਠੇ ਕਾਂ ਤਾਂ ਵਿਔ ਵਰਗੇ ਲੱਗਦੇ
ਸੱਜਰੇ ਸ਼ਰੀਕ
ਨਾਜ਼ਰ ਪਿੰਡ ਮੁੜਿਆ
ਤਸ਼ੱਸ਼ਦ ਦਾ ਸ਼ਿਕਾਰ
ਬੰਦਾ ਸੀ ਪਰ ਬੰਦਾ ਨਾ ਰਿਹਾ
ਸਰੀਰ ਜਵਾਬ ਦੇ ਗਿਆ ਸੀ
ਲੱਖਾਂ ਮਣ ਗਲੇਡੂ ਲਕੋ ਕੇ ਦੀਪੋ ਫਿਰ ਮਿਲੀ ਚਾਨਣੀ ਰਾਤ 'ਚ ਪਿੰਡੋਂ ਬਾਹਰ
ਝਾਂਜਰਾਂ ਛਣਕਾਈਆਂ ਛਣਕ ਛਣਕ
ਨਾਜ਼ਰ ਨੂੰ ਨਾ ਸੁਣੀਆਂ
ਲਾਹ ਕੇ ਨਾਜ਼ਰ ਦੇ ਮੂੰਹ ਕੋਲ ਕਰਕੇ ਛਣਕਾਈਆਂ
ਐਂਤਕੀ ਨਾਜ਼ਰ ਨੂੰ ਝਾਂਜਰਾ ਦਿਸੀਆਂ ਜ਼ਰੂਰ, ਸੁਣੀਆਂ ਵੀ
ਪਰ ਮਹਿਸੂਸ ਨਾ ਹੋਈਆਂ
ਤੇ ਦੀਪੋ ਮੁੜ ਆਈ......ਘੁੱਦਾ

ਪਿੰਡਾਂ ਆਲੇ

ਪਿੰਡਾਂ ਆਲ਼ੇ ਹਸਪਤਾਲ 'ਚ ਦਾਖਲ ਕਿਸੇ ਰਿਸ਼ਤੇਦਾਰ ਦੇ
ਸਿਰਹਾਣੇ ਫੁੱਲਾਂ ਦਾ ਗੁਲਦਸਤਾ ਲਿਜਾਕੇ ਨੀਂ ਰੱਖਦੇ
ਜਦੋਂ ਸਿਨਿਆਂ ਮਿਲਦਾ ਤਾਂ
ਮੁੰਡੇ ਨੂੰ ਦਾਜ 'ਚ ਮਿਲੇ ਸੁਰਮੇਰੰਗੇ ਸਕੂਟਰ ਦੀ ਕਿੱਕ ਮਾਰ
ਸ਼ਹਿਰ ਨੂੰ ਸਿੱਧਾ ਕਰ ਦਿੰਦੇ ਨੇ
ਤੇ ਸਕੂਟਰ ਦੀ ਸਟਿੱਪਣੀ ਆਲੇ ਟੈਰ ਤੇ ਆਹੜੀਏ ਤੋਂ ਮਿਲਿਆ
ਕਵਰ ਜਾ ਚਾੜ੍ਹਿਆ ਹੁੰਦਾ
ਜੀਹਦੇ ਤੇ "ਮੈਸ: ਪ੍ਰਸ਼ੋਤਮ ਸਰਪ੍ਰੇਅ ਕੰਪਨੀ" ਲਿਖਿਆ ਵਾ ਹੁੰਦਾ
ਹੱਥ 'ਚ ਯੂਰੀਆ ਆਲੇ ਗੱਟੇ ਦਾ ਬਣਾਇਆ ਵਾ ਝੋਲਾ
ਉਹਦੇ 'ਚ ਪੋਣੇ 'ਚ ਬੰਨ੍ਹੀਆਂ ਰੋਟੀਆਂ ਤੇ
ਕੈਂਪੇ ਕੋਲੇ ਆਲੀ ਬੋਤਲ 'ਚ ਕਾੜ੍ਹ ਕੇ ਠਾਰਕੇ ਪਾਇਆ ਵਾ ਦੁੱਧ
ਤੇ ਦੂਜੇ ਹੱਥ 'ਚ ਛਿੱਡੀਆਂ ਆਲ਼ੀ ਲੱਸੀ ਨਾਲ ਭਰਿਆ ਡੋਲੂ
ਕੇਨੀ 'ਚ ਹਿਰਮਚੀ ਘੋਲਕੇ ਪਿੰਡ ਦੀਆਂ ਕੰਧਾਂ ਤੇ ਬੁਰਸ਼ ਨਾਲ
ਦਾਤੀ ਬੱਲੀ ਦਾ ਨਿਸ਼ਾਨ ਬਣਾਉਦਾਂ ਕਾਮਰੇਟਾਂ ਦਾ ਮੁੰਡਾ
ਤੇ ਨਾਲ ਲਿਖਦਾ "ਲਾਲ ਸਲਾਮ"
ਬਾਬਾ ਧੰਨਾ ਬੱਸਾਂ 'ਚ ਬੈਠੀਆਂ ਸਵਾਰੀਆਂ ਨੂੰ ਪਾਣੀ ਪਿਆਉਦਾਂ
ਮੁੜਕੇ ਕਹਿੰਦਾ ਪਾਹੜਿਓ ਗਲਾਸ ਥੱਲੇ ਸਿੱਟ ਦਿਓ
ਬੱਸ ਤੁਰ ਜਾਂਦੀ ਤਾਂ ਬਾਬਾ ਧੰਨਾ ਗਲਾਸ 'ਕੱਠੇ ਕਰਦਾ
ਜਾਂ ਰਾਜੇ ਸਿੱਖਾਂ ਦਾ ਬਜ਼ੁਰਗ ਬਾਬਾ ਘਾਮਾ ਅੱਡੇ ਤੇ ਬਹੁਕਰ ਮਾਰਦਾ ਸੀ
ਵਿਚਾਰੇ ਦੋਹੇਂ ਈ ਹੈ ਤੋਂ ਸੀ ਹੋਗੇ
ਨਾਲੇ ਬੁੱਢਾ ਦਲ ਆਲਿਆਂ ਦਾ ਅੰਬਰਤ ਛਕਿਆ ਸੀ ਦੋਹਾਂ ਨੇ
ਪੱਕੇ ਜਥੇਦਾਰ
ਨਾਲੇ ਗੱਲਾਂ ਕਰਦੇ ਪੁੱਤ ਪੰਜਾਬ ਨੂੰ ਸੰਤਾਲੀਆਂ ਖਾਗੀਆਂ
ਪੁੱਛਦੇ ਬਾਬਾ ਉਹ ਕਿਮੇਂ
ਪੁੱਤ ਪਹਿਲਾਂ ਉੱਨੀ ਸੌ ਸੰਤਾਲੀ ਨੇ ਤੇ ਫਿਰ ਮੁੰਡਿਆਂ ਦੇ ਹੱਥੀਂ ਸੰਤਾਲੀਆਂ ਨੇ
ਦੋ ਭਰਾ ਮਰਗੇ
ਇੱਕ ਪੁਲਸ 'ਚ ਸੀ
ਤੇ ਦੂਜਾ ਖਾੜਕੂ
ਪੁਲਸ ਆਲੇ ਆਖਣ ਸਾਡਾ ਸਿਪਾਹੀ ਸ਼ਹੀਦ ਆ
ਤੇ ਖਾੜਕੂ ਆਖਣ ਸਾਡੇ ਆਲਾ ਗੱਭਰੂ ਸ਼ਹੀਦ ਹੋਇਆ
ਸਿਵੇ ਨੂੰ ਲਾਂਬੂ ਲਾਇਆ ਬੁੱਢੇ ਪਿਓ ਨੇ
ਅੱਗ ਨੂੰ ਪਤਾ ਨੀ ਸੀ ਕੌਣ ਸ਼ਹੀਦ ਆ ਤੇ ਕੌਣ ਨਹੀਂ
ਬਸ ਨਿਗਲ ਗਈ.....ਅੰਮ੍ਰਿਤ ਘੁੱਦਾ

ਭਾੜੇ ਦਾ ਗਵਾਹ

ਵਕੀਲ ਦੇ ਚੈਂਬਰ 'ਚ ਬੈਠਾ
ਬਿਆਨਾਂ ਨੂੰ ਰੱਟੇ ਮਾਰਦਾ ਭਾੜੇ ਦਾ ਗਵਾਹ
ਪੱਕਾ ਉਲਝੂ ਜੱਜ ਮੂਹਰੇ
ਪੈਂਟ ਦੀਆਂ ਜੇਬਾਂ ਫਰੋਲੂ ਰੁਮਾਲ ਕੱਢਣ ਲਈ
ਤ੍ਰੇਲੀ ਆਉਣ ਤੇ
ਖੱਬੇ ਹੱਥ ਨਾਲ ਸੱਜੇ ਹੱਥ ਨੂੰ ਗੁੱਟ ਤੋਂ ਫੜ੍ਹਕੇ
ਦੰਦਾਂ ਨਾਲ ਟੁੱਕ ਟੁੱਕ ਸੁੱਟੂ ਉਗਲਾਂ ਦੇ ਨਹੁੰ
ਜੱਜ ਨੂੰ ਫੈਸਲਾ ਲੈਂਦਿਆਂ ਟੈਮ ਨੀਂ ਲੱਗਣਾ
ਕੈਕਸਟਨ ਹਾਲ ਨੂੰ ਜਾਂਦੇ ਨੂੰ ਤ੍ਰੇਲੀ ਨਹੀਂ ਆਈ ਹੋਣੀ
ਕਿਉਕਿ ਉਹ ਭਾੜੇ ਦਾ ਗਵਾਹ ਨੀਂ ਸੀ
ਹਜ਼ਾਰ ਮੌਤਾਂ ਦਾ ਗਵਾਹ ਸੀ
ਉਹਨੇ ਨਹੁੰ ਨਹੀਂ ਟੁੱਕੇ ਹੋਣੇ
ਜੱਜ ਨੇ ਜ਼ਰੂਰ ਟੁੱਕੇ ਹੋਣਗੇ
ਕੀ ਨਾਂ ਸੀ ਗੱਭਰੂ ਦਾ?
ਜੀ "ਅਜ਼ਾਦ"
ਪੂਰਾ ਦੱਸ
ਜੀ ਚੰਦਰ ਸ਼ੇਖਰ ਅਜ਼ਾਦ
ਐਲਫਰੈੱਡ ਪਾਰਕ 'ਚ ਜੁੱਟਬੱਖੀ ਹੋ ਗਿਆ ਭਾੜੇ ਦੇ ਸ਼ਪਾਹੀਆਂ ਨਾਲ
ਪੰਦਰਾਂ ਗੋਲੀਆਂ ਚਲਾਤੀਆਂ , ਇੱਕ ਬਚੀ ਬਾਕੀ, ਨਾ ਚਲਾਈ
ਮੁਕੱਦਮਿਆਂ ਕਚਿਹਰੀਆਂ ਤੇ ਯਕੀਨ ਨਹੀਂ ਸੀ ਤਾਂ ਕਰਕੇ ਇੱਕ ਗੋਲੀ ਆਵਦੇ ਜੋਗੀ ਰੱਖੀ
ਖੱਬਾ ਹੱਥ ਉੱਠਿਆ ਆਵਦੀ ਉਂਗਲ ਨਾਲ ਦੱਬਿਆ ਘੋੜਾ...."ਠਾਹ"
ਫੁੱਟਪਾਥ ਤੇ ਲਾਲ ਚਾਦਰਾ ਵਿਛਾਈ ਬੈਠਾ ਹੁੰਦਾ
ਚਾਰ ਕੁ ਪੋਥੀਆਂ ਜੀਆਂ ਰੱਖੀ ਬੈਠਾ ਹੱਥ ਵੇਖਣ ਆਲਾ
ਕੀ ਦੱਸਦਾ?
ਭਵਿੱਖ
ਸ਼ੈਦ ਆਵਦਾ ਹੱਥ ਉਹਨੇ ਕਿਸੇ ਨੂੰ ਨਹੀਂ ਵਿਖਾਇਆ
ਜ਼ਰੂਰ ਡਰਦਾ ਹੋਊ ਆਵਦਾ ਭਵਿੱਖ ਜਾਨਣ ਤੋਂ......ਘੁੱਦਾ

Friday 13 April 2012

ਵਿਸਾਖੀ

ਘਟਨਾਸਥਲ ਅਨੰਦਪੁਰ ਦੀ ਧਰਤੀ
ਸਮਾਂ ਓਹੀ 13 ਅਪ੍ਰੈਲ 1699
ਇੱਥੇ ਕਿਮੇਂ ਮੁਲਖ ਜੁੜਿਆ
ਜਨਾਬ ਚੂਹੜੇ ਚੱਪੜੇ ਘੁਮਿਆਰਾਂ ਚਮਿਆਰਾਂ ਬਾਹਮਣਾਂ ਬਾਣੀਆਂ ਸ਼ੂਦਰਾਂ ਨੂੰ ਇੱਕ ਬਣਾਉਣਾ
ਅੱਛਾ ਅੱਛਾ ਖਾਲਸਾ ਪੰਥ
ਹਾਂਜੀ ਜਮ੍ਹਾਂ ਖਾਲਸ
ਘੁੱਦੇ ਆਲਿਆ ਸਾਹਮਣੇ ਬਾਬਾ ਤਲਵਾਰ ਚੱਕੀ ਫਿਰਦਾ
ਭੱਜਜਾ ਮਰਜੇਂਗਾ
ਘੁੱਦੇ ਆਲੇ ਅਰਗੇ ਟੱਪਗੇ ਬਹਿ ਬਹਿ ਕੇ..ਰਾਮਦੇਵ ਬਾਬੇ ਵੰਗੂ
ਹਜ਼ਾਰਾਂ ਸਿਰ ਸੀ ਪੰਡਾਲ 'ਚ
ਪਰ ਸੀਸ ਪੰਜ ਈ ਨਿਕਲੇ
ਆਰੀਆਂ, ਚਰਖੜੀਆਂ , ਤਲਵਾਰਾਂ, ਨੇਜ਼ਿਆਂ,ਤਵੀਆਂ, ਸ਼ਵੀਆਂ ਦੇ ਆਸ਼ਕ ਖਾਲਸੇ ਦੀ ਸਥਾਪਨਾ
ਮਨਾਓ ਬਸਾਖੀ ਮਾੜਾ ਮੋਟਾ ਅਜ਼ਾਦੀ ਦਾ ਪਤਾ ਲੱਗਾ
ਘਟਨਾਸਥਲ ਅੰਮ੍ਰਿਤਸਰ ਸ਼ਹਿਰ
ਤਾਰੀਕ ਦਸ ਅਪ੍ਰੈਲ 1919
ਰੌਲਾ ਰੋਲਟ ਐਕਟ ਦਾ
ਸਾਲੇ ਭਾਰਤੀਆਂ ਨੂੰ ਗੁਲਾਮ ਰੱਖੋ
ਦਲੀਲ ਵਕੀਲ ਦਾ ਹੱਕ ਜਮ੍ਹਾਂ ਈ ਖਤਮ ਕਰਦੋ
ਬਜ਼ਾਰ 'ਚ ਫੈਰਿੰਗ , ਵੀਹ ਮੌਤਾਂ
ਚੱਕੀਂ ਫਿਰੋਂ ਲਾਸ਼ਾਂ
ਦਫਾ 144 ਵੰਗੂ ਕਾਨੂੰਨ ਲਾਗੂ ਕਰਤਾ, 4 ਤੋਂ ਵੱਧ ਬੰਦੇ 'ਕੱਠੇ ਨਾ ਹੋਣ ਦਿਓ
ਪਰ ਜਲ੍ਹਿਆ ਆਲ਼ੇ ਬਾਗ 'ਚ ਕੱਠੇ ਹੋਣ ਦਿੱਤੇ ਲੋਕ
ਸਤਿਆਪਾਲ ਤੇ ਡਾ.ਕਿਚਲੂ ਦੀ ਨਜ਼ਰਬੰਦੀ ਖਲਾਫ
ਪੂਰੇ ਮੁਲਖ ਦਾ 'ਕੱਠ
ਫੈਰਿੰਗ..ਕਿੰਨੇ ਮਰੇ..ਸੌਰੀ ਸ਼ਹੀਦ..ਜਨਾਬ ਪੰਜ ਕੁ ਸੌ
ਖੂਹ 'ਚ ਡਿੱਗੇ ਡੱਡੂਆਂ ਅੰਗੂ
ਖੂਹ ਭਰਤਾ..ਏਨਾ ਤਾਂ ਕਦੇ ਖੂਹ 'ਚ ਪਾਣੀ ਵੀ ਨੀਂ ਭਰਿਆ ਹੋਣਾ ਕਦੇ
ਜਨਾਬ ਆਹ ਮਾੜੇ ਮਾੜੇ ਜੇ ਸਾਹ ਲਈ ਜਾਂਦਾ
ਠੋਕ ਸਾਲੇ ਦੇ ਇਹਦੇ ਵੀ
ਮਨਾਓ ਬਸਾਖੀ ਨੱਚ ਨੱਚ ਕੇ ਹੁਣ ਸਾਲੇ ਲੰਡਨ ਕੋ ਵੰਗਾਰ ਰਹੇ ਥੇ
ਜਨਾਬ ਕਣਕ ਪੱਕਗੀ
ਵੱਢਲਾ ਫਿਰ
ਨਹੀਂ ਜਨਾਬ ਗੁੱਲੀ ਡੰਡਾ ਹਰਾ ਹਲੇ
ਨਾਲੇ ਬਾਪੂ ਹੁਣੀਂ ਧਰਨੇ ਤੇ ਗਏ ਆ
ਕਿੱਥੇ?
ਰੇਲ ਗੱਡੀ ਰੋਕੀ ਵਈ ਆ
ਸਰਕਾਰ ਕਣਕ ਦਾ ਰੇਟ ਨੀਂ ਵਧਾਉਦੀਂ ਤਾਂ ਕਰਕੇ
ਕੀ ਗੱਲ ਕਿਰਸਾਨਾਂ ਦਾ ਤਿਓਹਾਰ ਆ ਮਨਾਓ ਹੁਣ
ਨਾ ਜਨਾਬ ਹੁਣ ਨੀਂ ਟੈਮ ਹੈਗਾ
ਧਰਨੇ ਤੇ ਬੈਠੇ ਬਾਬਿਆਂ ਨੂੰ ਰੋਟੀ ਦੇ ਕੇ ਆਉਣੇ ਆਂ..... ਘੁੱਦਾ

ਬਸ ਏਨਾ ਕੁ ਫਰਕ

ਐਨਕਾਂ ਵਾਲਿਆਂ ਨੂੰ ਬੜਾ ਫਿਕਰ ਹੁੰਦਾ ਸ਼ੇਅਰ ਬਜ਼ਾਰ ਦੇ ਉਤਰਾਅ ਚੜ੍ਹਾਅ ਦਾ
ਪੈਂਟ ਤੇ ਲੱਗੀ ਬੈਲਟ ਸੂਤ ਕਰਦੇ ਕਰਦੇ ਉਤਾਂਹ ਨੂੰ ਮੂੰਹ ਕਰਕੇ
ਸਿੱਕੇ ਦਾ ਉਛਾਲ ਵੇਖਦੇ ਨੇ
ਤੇ ਕਦੇ ਖੁਸ਼ ਤੇ ਕਦੇ ਤਪਕੇ ਘਰੇ ਮੁੜਦੇ ਨੇ
ਪਰ ਪਾਸ਼ੇ ਦੇ ਭਰਾ ਭੂਸ਼ੇ ਨੂੰ ਇਹੋ ਜਾ ਫਿਕਰ ਤਾਂ ਨਹੀਂ ਹੁੰਦਾ
ਪਰ ਸੂਣ ਆਲੀ ਮੱਝ ਦੇ ਕੱਟਰੂ ਦੀ ਬੂਥ ਮੁੜਨ ਦਾ ਫਿਕਰ ਜ਼ਰੂਰ ਹੁੰਦਾ
ਤੇ ਸੈਕਲ ਭਜਾਉਦਾ ਸਰਕਾਰੀ ਹਸਪਤਾਲ ਦੇ ਡਾਕਟਰ ਦੇ ਜਾ ਪੈਰ ਫੜ੍ਹਦਾ
ਵੋਟਾਂ ਵੇਲੇ ਤੀਜੀ ਧਿਰ ਦੇ ਜਿੱਤਣ ਜਾ ਹਰਨ ਦੀ ਵੀ ਕਲਪਨਾ ਨਹੀਂ ਹੁੰਦੀ
ਨੰਬਰਦਾਰ ਘਰੇ ਆਕੇ ਪੁੱਛਦਾ, "ਭੂਸ਼ਿਆ ਫਿਰ ਵੋਟ ਕੀਹਨੂੰ ਪਾਉਣੀਂ ਆ"
ਬੈਠਣ ਖਾਤਰ ਮੰਜਾ ਡਾਹੁੰਦਾ ਭੂਸ਼ਾ ਬੋਲਦਾ, "ਜੀਹਨੂੰ ਕਹਿਦੋਗੇ ਪਾਦਾਂਗੇ ਬੋਟ"
ਚਲ ਫਿਰ ਓਤਲੀ ਸੁੱਚ ਦੱਬ ਦਿਓ, ਕਰਲਾਂਗੇ ਥੋਡੇ ਨਾਲ
"ਕਰਲਾਂਗੇ ਥੋਡੇ ਨਾਲ" ਸੁਣ ਭੂਸ਼ੇ ਕਾ ਟੱਬਰ ਓਤਲਾ ਬਟਣ ਦੱਬ ਆਉਦਾਂ
ਚੋਣ ਮੈਨੀਫੇਸਟੋ ਦਾ ਪਤਾ ਨੀਂ ਹੁੰਦਾ ਬਾਈ ਭੂਸ਼ੇ ਨੂੰ
ਪਰ ਵੇਖੋ ਵੇਖੋ ਕਣਕ ਦਾਲ ਲੈਣ ਖਾਤਰ ਖਾਲੀ ਗੱਟਾ ਚੱਕ ਡੀਪੂ ਤੇ ਜਾ ਪਹੁੰਚਦਾ
ਤੇ ਉਹ ਦਾਲ ਵੀ ਅੱਗੇ ਕਿਸੇ ਨੂੰ ਵੇਚ , ਅੰਬ ਦੇ 'ਚਾਰ ਨਾਲ ਘਸਾ ਘਸਾ ਰੋਟੀ ਖਾਂਦਾ
ਵਾਢੀ ਦਾ ਸ਼ੀਜ਼ਨ ਚੱਲਣਤੇ ਪੜਛੱਤੇ ਤੋਂ ਦਾਤੀ ਲਾਹ ਖੇਤ ਨੂੰ ਹੋ ਤੁਰਦਾ
ਤੇ ਭੁੱਕੀ ਦਾ ਕਾਟ ਲਾ
ਜਿਦ ਜਿਦ ਕੇ ਪਾਤਾਂ ਮੂਹਰੇ ਲਾਉਦਾਂ
ਆਥਣੇ ਠੇਕੇ ਤੋਂ ਪਊਆ ਫੜ੍ਹ ਨਲਕੇ ਕੋਲੇ ਖੜ੍ਹ ਸੁੱਕਾ ਈ ਖਿੱਚ ਜਾਂਦਾ ਤੇ
ਫਿਰ ਨਲਕੇ ਦੀ ਨਾਲੀ ਮੂਹਰੇ ਹੱਥ ਰੱਖ , ਦੋ ਕੁ ਪੰਪ ਮਾਰ ਕੇ ਓਤੋਂ ਦੀ ਪਾਣੀ ਪੀਂਦਾ
'ਨਪੜ੍ਹ ਹੋਣ ਕਰਕੇ ਭੂਸ਼ਾ ਪਊਏ ਤੇ ਲਿਖੇ ਅੱਖਰ ਨੀਂ ਪੜ੍ਹਦਾ
"ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ"... ਘੁੱਦਾ

Thursday 12 April 2012

ਆਪਣਾ ਦੇਸ ਕਿਹੜਾ?

ਤਾਇਆ ਘਰ ਛੱਡਣਾ ਪਊ ਮੁਸਲੇ ਤਲਵਾਰਾਂ ਚੱਕੀ ਫਿਰਦੇ ਆ
ਹੁਕਮ ਸਿਓਂ ਲਾਹੌਰ ਨੇੜਲਾ ਪਿੰਡ ਖਾਈ ਛੱਡਕੇ ਟੱਬਰ ਨਾਲ ਭਾਰਤ ਨੂੰ ਤੁਰ ਪਿਆ
ਚੀਂਕੂ ਚੀਂਕੂ ਕਰੇ ਗੱਡਾ, ਭੁੱਖਾ ਬਲਦ, ਉੱਤੇ ਸਾਰਾ ਟੱਬਰ
ਖੂਨ 'ਬਾਲੇ ਮਾਰਦਾ ਸੀ ਹੁਕਮ ਸਿਹੁੰ ਦਾ ਪੱਗਵੱਟ ਭਰਾ ਫਰਹਾਦ ਹੱਥ ਤਲਵਾਰ ਵੇਖਕੇ
ਗੱਡਾ ਰੁਕਿਆ, ਅੱਲੜਾਂ ਦੀਆਂ ਛਾਤੀਆਂ ਵੱਡਤੀਆਂ, ਹੁਕਮ ਸਿਓਂ ਦੀਆਂ ਲੱਤਾਂ
ਤਾਇਆ ਘੱਤਰ ਦੀ ਜੰਗ ਲੱਗੀ ਆ
ਜਾ ਪੁੱਤ ਫੌਜ 'ਚ, ਸੇਵਾ ਕਰ ਦੇਸ਼ ਦੀ
ਹੁਣ ਇਹੀ ਆਪਣਾ ਮੁਲਖ ਆ
ਚਿੱਠੀ ਆਈ ਫੌਜ 'ਚੋਂ, ਕੰਬਦੇ ਹੱਥਾਂ ਨਾਲ ਪੜ੍ਹੀ ਹੁਕਮ ਸਿਉਂ ਨੇ
ਲਹੂ ਭਿੱਜੀ ਚਿੱਠੀ
ਨੂੰਹ ਸਿਰ ਚਿੱਟੀ ਚੁੰਨੀ ਧਰ ਭੁੱਬ ਮਾਰੀ ਹੁਕਮ ਸਿਓਂ ਨੇ
ਤਾਇਆ ਇੰਦਰਾ ਮਾਰਤੀ ,"ਸੀਖ ਮਾਰੋ, ਸੀਖ ਮਾਰੋ" ਕਰੀ ਜਾਂਦੇ ਆ
ਕੁਛ ਨੀਂ ਕਹਿੰਦੇ ਪੁੱਤ ਇਹ ਆਪਣਾ ਮੁਲਖ ਆ
ਗਲੇ 'ਚ ਟੈਰ ਪਾਤਾ ਹੁਕਮ ਸਿਓਂ ਦੇ ,ਸੜਦਾ ਚੰਮ ,ਕਾਲਾ ਧੂੰਆਂ
ਤਾਇਆ ਵਕੀਲ ਨਾਲ ਕਰੀ ਆ ਗੱਲ, ਲੜੂਗਾ ਕੇਸ
ਕੋਈ ਨਾ ਪੁੱਤ ਇੰਸਾਫ ਮਿਲੂਗਾ ਆਪਣਾ ਈ ਮੁਲਖ ਆ
ਤਾਇਆ ਇੰਸਾਫ ਨੀਂ ਮਿਲਦਾ ਮੈਂ ਤਾਂ ਖਾੜਕੂ ਈਂ ਬਣਜੂੰ ਹੁਣ
ਤਾਇਆ ਚੁੱਪ ਰਿਹਾ
ਰੇਡਿਓ ਤੇ ਸੁਣਿਆਂ ਤਾਏ ਨੇ
"ਖਾੜਕੂ ਰੂਪ ਸਿੰਘ ਦੀ ਮੁਕਾਬਲੇ 'ਚ ਮੌਤ"
ਲਾਸ਼ ਦੀ ਤਫਤੀਸ਼ ਕਰ ਤਾਏ ਨੇ
ਸੌਂਹ ਰੱਬ ਦੀ ਕਲੇਜਾ ਫੂਕਤਾ ਧਾਹਾਂ ਮਾਰ ਮਾਰ ਜਨਤਾ ਦਾ
ਪਰ ਐਂਤਕੀਂ ਨਾ ਕਿਹਾ "ਪੁੱਤ ਇਹ ਆਪਣਾ ਈ ਮੁਲ਼ਖ ਆ"
ਤਾਇਆ ਮੇਰੇ ਨਾਲ ਅਮਰੀਕੇ ਚੱਲ , ਇੱਥੇ ਕੁਸ ਨੀਂ ਬਨਣਾ
ਚੱਲ ਪੁੱਤ ਸ਼ੈਦ ਉਹ ਆਪਣਾ ਮੁਲ਼ਖ ਹੋਵੇ
ਨੌਂ ਗਿਆਰਾਂ, ਟਾਵਰ 'ਚ ਜ਼ਹਾਜ਼, ਮੌਤਾਂ, ਤਬਾਹੀ
ਤਾਇਆ ਮੈਂ ਟੈਕਸੀ ਲੈਕੇ ਜਾਣਾ
ਨਾਂ ਪੁੱਤ ਘਰੇ ਬਹਿਜਾ ਬਾਹਰ ਤੇਰੀ ਦਾਹੜੀ ਵੇਖ ਇਹਨਾਂ ਵੀ ਤੈਨੂੰ ਮਾਰ ਦੇਣਾ
"ਸ਼ੈਦ ਇਹਵੀ ਆਪਣਾ ਮੁਲਖ ਨਹੀਂ ਪੁੱਤ".........ਅੰਮ੍ਰਿਤ ਪਾਲ ਘੁੱਦਾ

ਪੰਜਾਬ

ਗੁਰੂ ਘਰ ਦੇ ਸਪੀਕਰ ਚੋਂ ਨਿਕਲੀ ਬਾਣੀ
"ਮਾਨੁਸ ਕੀ ਜਾਤ ਸਭੈ ਏਕੇ ਪਹਿਚਾਨਬੋ"
ਤੇ ਸਪੀਕਰ ਚੋਂ ਏਸੇ ਗੱਲ ਨੂੰ ਚੁੱਕ ਕੇ ਮੰਦਰਾਂ, ਮਸੀਤਾਂ
ਤੱਕ ਲੈ ਜਾਂਦੀ ਆ ਹਵਾ
ਸਵੇਰ ਨੂੰ ਵਗਦੀ ਮਿੱਠੀ ਮਿੱਠੀ ਹਵਾ 'ਚ ਘੁਲ ਘੁਲ ਆਉਦੀ ਆ
ਬਰਾੜਾਂ ਦੇ ਬਾਗ ਵੰਨੀਂ ਕੂਕਦੀਆਂ ਕੋਇਲਾਂ ਦੀ 'ਵਾਜ਼
ਲਿੰਕ ਰੋਡ ਤੋਂ ਮੱਘਰ ਡਰੈਵਰ ਤੇਜ਼ ਦਬੱਲ ਕੇ ਮਿੰਨੀ ਬੱਸ ਟਪਾਉਦਾਂ ਤਾਂ
ਅੱਕ ਦਾ ਅੰਬ ਜਾ ਟੁੱਟਕੇ ਕੈਦ ਕੀਤੇ ਭੰਬੂ ਜੇ ਅਜ਼ਾਦ ਕਰ ਦਿੰਦਾ
ਨੀਲੀਆਂ ਵਰਦੀਆਂ ਪਾਈ ਆਉਦੇ ਜਵਾਕ ਪੁੱਠੇ ਹੱਥ ਨਾਲ
ਨੱਕ ਜਾ ਪੂੰਝ
ਭੱਜ ਭੱਜ ਜਿਦੋ ਜਿਦੀ ਭੰਬੂ ਫੜ੍ਹਦੇ ਨੇ ਹੱਥਾਂ 'ਚ
ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆਉਦਾਂ
ਆਹੋ ਨਿਮਾਣੀ
ਚੰਦਾ 'ਕੱਠਾ ਕਰ ਮਿੱਠਾ ਪਾਣੀ ਨਾਲ ਨੀਲੇ ਡਰੰਮ ਭਰੇ ਹੁੰਦੇ ਨੇ
ਬੱਸਾਂ ਕਾਰਾਂ ਆਲਿਆਂ ਨੂੰ ਘੇਰ ਘੇਰ ਪਿਆਈਦਾ
ਮੋਟਰਸੈਕਲ ਤੋਂ ਉੱਤਰ ਪੈਰੋਂ ਚੱਪਲਾਂ ਲਾਹ ਕੇ ਖਲੋ ਜਾਂਦੇ ਨੇ ਸਾਰੇ
ਗੁਰੂ ਮਾਹਰਾਜ ਦਾ ਸਰੂਪ ਲਈ ਆਉਦੇਂ ਗੁਰਮੁਖਾਂ ਨੂੰ ਵੇਖ
ਪ੍ਰਜਾਪਤਾਂ ਦਾ ਮੁੰਡਾ ਮੂਹਰੇ ਮੂਹਰੇ ਪਾਣੀ ਛਿੜਕਦਾ, ਨਹੀਂ ਓਏ ਜਲ ਹੁੰਦਾ
ਨਿੱਕਾ ਮੁੰਡਾ ਘੜਿਆਲ ਵਜਾਉਦਾ
ਖੁਰਨੀਆਂ 'ਚ ਨੀਰਾ ਪਾਉਦੇ ਸੀਰੀ ਵੀ ਕੁੜਤੇ ਨਾਲ ਸਿਰ ਕੱਜ ਲੈਂਦੇ ਨੇ
"ਬਾਬਾ ਆਉਦਾ ਓਏ" ਕਹਿਕੇ
ਗ੍ਰੰਥੀ ਸਿੰਘ ਜਾਪੁ ਕਰਾਉਦਾ,"ਸਤਿਨਾਮੁ, ਵਾਹਿਗੁਰੂ"
ਤੇ ਬਾਕੀ ਮਗਰ ਬੋਲਦੇ ਨੇ
ਬੱਸ 'ਚ ਬੈਠੀ ਜਨਤਾ ਵੀ ਹੱਥ ਜੋੜ ਨਮਸਕਾਰ ਕਰਦੀ ਆ
ਭੋਗ ਆਲੇ ਦਿਨ ਤੋਂ ਪਹਿਲਾਂ ਸਪੀਕਰ 'ਚ ਬੋਲਿਆ ਜਾਂਦਾ
"ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ,
ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਮੁੱਖ ਪਿਆਰੇ ਭਾਈ ਸੈਹਬ ਭਾਈ ਗਰਨੈਬ ਸਿੰਘ ਜੀ,
ਇਹਨ੍ਹਾਂ ਦੇ ਗ੍ਰਹਿ ਵਿਖੇ ਅੱਜ ਲੜਕੇ ਦੀ ਸ਼ਾਦੀ ਹੈ ਤੇ ਸ੍ਰੀ ਅਖੰਡ ਪਾਠ ਸੈਹਬ ਦੇ ਭੋਗ ਪਾਏ ਜਾਣਗੇ ,
ਜਿਨ੍ਹਾਂ ਸੇਵਕਾਂ ਘਰੇ ਪ੍ਰਮਾਤਮਾ ਨੇ ਦੁੱਧ ਦੀਆਂ ਦਾਤਾਂ ਬਖਸ਼ੀਆਂ ਹਨ , ਥੋੜ੍ਹੇ ਤੋਂ ਥੋੜ੍ਹਾ, ਬਹੁਤੇ ਤੋਂ ਬਹੁਤਾ ਦੁੱਧ ਇਹਨ੍ਹਾਂ ਦੇ ਗ੍ਰਹਿ
ਵਿਖੇ ਪਹੁੰਚਾਉਣ ਦੀ ਕ੍ਰਿਪਾਲਤਾ ਕਰਨੀ"
ਸ਼ਾਇਦ ਇਹੋ ਆ ਆਪਣਾ ਪੰਜਾਬ...........ਅੰਮ੍ਰਿਤ ਪਾਲ ਘੁੱਦਾ

ਬਾਬਾ ਨਾਨਕ

ਪੱਕਾ ਫਰਕ ਹੋਊ ਥੋਡੇ ਤੇ ਸਾਡੇ ਬਾਬੇ ਨਾਨਕ 'ਚ
ਪੁੱਛ ਕਿਉਂ?
ਥੋਡਾ ਬਾਬਾ ਨਾਨਕ ਸੱਚੀਂ ਮੁੱਚੀਂ ਗਲੋਬ ਵੰਗੂ ਮੱਕਾ ਮਦੀਨਾ ਘੁੰਮਾਉ
ਪਰ ਸਾਡਾ ਬਾਬਾ ਨਾਨਕ ਤਰਕ ਦੀ ਸਾਣ ਤੇ ਲਾਕੇ ਗੱਲ ਕਰਦਾ
ਥੋਡਾ ਬਾਬਾ ਨਾਨਕ ਅੱਡੀ ਮਾਰਕੇ ਧਰਤੀ 'ਚੋਂ ਪਾਣੀ ਕੱਢਦਾ ਹੋਣਾ
ਪਰ ਸਾਡਾ ਬਾਬਾ ਨਾਨਕ ਖੇਖਣ ਨੀਂ ਕਰਦਾ
ਫੋਟੋ ਦੀਆਂ ਨਾਸਾਂ ਨੂੰ ਧੂਫ ਚੜ੍ਹਾਕੇ, ਫੁੱਲ ਸਿੱਟਕੇ ਆਰਤੀ ਕਰੀ ਚੱਲੋ
ਸਾਡਾ ਬਾਬਾ ਨਾਨਕ ਤਾਂ ਇਹੀ ਕਹਿੰਦਾ
"ਗਗਨੁ ਮੈ ਥਾਲੁ ਰਵਿ ਚੰਦਿ ਦੀਪਕ ਬਣੇ ਤਾਰਿਕਾ ਜਨਕ ਮੰਡਲ ਮੋਤੀ,
ਧੂਪ ਮਲਿਆਨਲੋ ਪਵਨ ਚਵਰੋ ਕਰੇ ਸਗਲਿ ਬਨਰਾਇ ਫੂਲੰਤ ਜੋਤੀ"
ਕਹਿੰਦੇ ਮਰਿਆਂ ਤੱਕ ਰੋਟੀ ਪਾਣੀ ਪੁਚਾ ਦਿੰਦਾ ਥੋਡਾ ਬਾਬਾ ਨਾਨਕ
ਸਾਡਾ ਬਾਬਾ ਤਾਂ ਬਸ ਪੁੱਠੇ ਕੰਮ ਈ ਕਰਦਾ
ਹਰਦੁਆਰ ਜਾਕੇ ਲਹਿੰਦੇ ਵੱਲ ਮੂੰਹ ਕਰਕੇ ਪਾਣੀ ਸਿੱਟਣ ਲੱਗ ਪੈਂਦਾ
ਹੱਥਾਂ ਨਾਲ ਪੱਥਰ ਰੋਕਣ ਵਾਲਾ ਤਕੜਾ
ਕੰਮ ਵੀ ਥੋਡਾ ਬਾਬਾ ਨਾਨਕ ਈ ਕਰ ਸਕਦਾ
ਸਾਡੇ ਬਾਬੇ ਨਾਨਕ ਦੇ ਹੱਥਾਂ 'ਚ ਜਪੁਜੀ ਸੈਹਬ ਲਿਖਦੀ ਕਲਮ ਈ ਹੋ ਸਕਦੀ ਆ
ਪੁੱਤ ਜੰਮਣ ਦੀ ਸੁੱਖਣਾ ਪੂਰੀ ਕਰਦਾ ਹੋਣਾ ਥੋਡਾ ਬਾਬਾ ਨਾਨਕ
ਪਰ "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ" ਸਾਡੇ ਆਲਾ ਬਾਬਾ ਲਿਖਦਾ
ਪਰ ਸਾਰਿਆਂ ਦਾ ਈ ਹੋ ਸਕਦਾ ਬਾਬਾ ਨਾਨਕ
ਗੁਰੂ ਘਰ 'ਚ ਵੀ ਬਾਬੇ ਦੀ ਫੋਟੋ ਹੁੰਦੀ ਆ
ਠੇਕੇ ਦਾ ਸ਼ਟਰ ਚੱਕਕੇ ਠੇਕੇਦਾਰ ਵੀ ਫੋਟੋ ਅੱਗੇ
ਹੱਥ ਜੋੜਦਾ "ਬਾਬਾ ਕਾਰੋਬਾਰ ਵਧਾਈਂ"
ਤੇ ਵਾਲ ਮੁੰਨਦੇ ਨਾਈ ਦੀ ਵੀ ਇਹੀ ਅਰਦਾਸ ਹੋ ਸਕਦੀ ਆ
"ਬਾਬਾ ਗਾਹਕ ਭੇਜ"...ਘੁੱਦਾ

ਭੂਸ਼ਾ

ਐਨਕਾਂ ਵਾਲਿਆਂ ਨੂੰ ਬੜਾ ਫਿਕਰ ਹੁੰਦਾ ਸ਼ੇਅਰ ਬਜ਼ਾਰ ਦੇ ਉਤਰਾਅ ਚੜ੍ਹਾਅ ਦਾ
ਪੈਂਟ ਤੇ ਲੱਗੀ ਬੈਲਟ ਸੂਤ ਕਰਦੇ ਕਰਦੇ ਉਤਾਂਹ ਨੂੰ ਮੂੰਹ ਕਰਕੇ
ਸਿੱਕੇ ਦਾ ਉਛਾਲ ਵੇਖਦੇ ਨੇ
ਤੇ ਕਦੇ ਖੁਸ਼ ਤੇ ਕਦੇ ਤਪਕੇ ਘਰੇ ਮੁੜਦੇ ਨੇ
ਪਰ ਪਾਸ਼ੇ ਦੇ ਭਰਾ ਭੂਸ਼ੇ ਨੂੰ ਇਹੋ ਜਾ ਫਿਕਰ ਤਾਂ ਨਹੀਂ ਹੁੰਦਾ
ਪਰ ਸੂਣ ਆਲੀ ਮੱਝ ਦੇ ਕੱਟਰੂ ਦੀ ਬੂਥ ਮੁੜਨ ਦਾ ਫਿਕਰ ਜ਼ਰੂਰ ਹੁੰਦਾ
ਤੇ ਸੈਕਲ ਭਜਾਉਦਾ ਸਰਕਾਰੀ ਹਸਪਤਾਲ ਦੇ ਡਾਕਟਰ ਦੇ ਜਾ ਪੈਰ ਫੜ੍ਹਦਾ
ਵੋਟਾਂ ਵੇਲੇ ਤੀਜੀ ਧਿਰ ਦੇ ਜਿੱਤਣ ਜਾ ਹਰਨ ਦੀ ਵੀ ਕਲਪਨਾ ਨਹੀਂ ਹੁੰਦੀ
ਨੰਬਰਦਾਰ ਘਰੇ ਆਕੇ ਪੁੱਛਦਾ, "ਭੂਸ਼ਿਆ ਫਿਰ ਵੋਟ ਕੀਹਨੂੰ ਪਾਉਣੀਂ ਆ"
ਬੈਠਣ ਖਾਤਰ ਮੰਜਾ ਡਾਹੁੰਦਾ ਭੂਸ਼ਾ ਬੋਲਦਾ, "ਜੀਹਨੂੰ ਕਹਿਦੋਗੇ ਪਾਦਾਂਗੇ ਬੋਟ"
ਚਲ ਫਿਰ ਓਤਲੀ ਸੁੱਚ ਦੱਬ ਦਿਓ, ਕਰਲਾਂਗੇ ਥੋਡੇ ਨਾਲ
"ਕਰਲਾਂਗੇ ਥੋਡੇ ਨਾਲ" ਸੁਣ ਭੂਸ਼ੇ ਕਾ ਟੱਬਰ ਓਤਲਾ ਬਟਣ ਦੱਬ ਆਉਦਾਂ
ਚੋਣ ਮੈਨੀਫੇਸਟੋ ਦਾ ਪਤਾ ਨੀਂ ਹੁੰਦਾ ਬਾਈ ਭੂਸ਼ੇ ਨੂੰ
ਪਰ ਵੇਖੋ ਵੇਖੋ ਕਣਕ ਦਾਲ ਲੈਣ ਖਾਤਰ ਖਾਲੀ ਗੱਟਾ ਚੱਕ ਡੀਪੂ ਤੇ ਜਾ ਪਹੁੰਚਦਾ
ਤੇ ਉਹ ਦਾਲ ਵੀ ਅੱਗੇ ਕਿਸੇ ਨੂੰ ਵੇਚ , ਅੰਬ ਦੇ 'ਚਾਰ ਨਾਲ ਘਸਾ ਘਸਾ ਰੋਟੀ ਖਾਂਦਾ
ਵਾਢੀ ਦਾ ਸ਼ੀਜ਼ਨ ਚੱਲਣਤੇ ਪੜਛੱਤੇ ਤੋਂ ਦਾਤੀ ਲਾਹ ਖੇਤ ਨੂੰ ਹੋ ਤੁਰਦਾ
ਤੇ ਭੁੱਕੀ ਦਾ ਕਾਟ ਲਾ
ਜਿਦ ਜਿਦ ਕੇ ਪਾਤਾਂ ਮੂਹਰੇ ਲਾਉਦਾਂ
ਆਥਣੇ ਠੇਕੇ ਤੋਂ ਪਊਆ ਫੜ੍ਹ ਨਲਕੇ ਕੋਲੇ ਖੜ੍ਹ ਸੁੱਕਾ ਈ ਖਿੱਚ ਜਾਂਦਾ ਤੇ
ਫਿਰ ਨਲਕੇ ਦੀ ਨਾਲੀ ਮੂਹਰੇ ਹੱਥ ਰੱਖ , ਦੋ ਕੁ ਪੰਪ ਮਾਰ ਕੇ ਓਤੋਂ ਦੀ ਪਾਣੀ ਪੀਂਦਾ
'ਨਪੜ੍ਹ ਹੋਣ ਕਰਕੇ ਭੂਸ਼ਾ ਪਊਏ ਤੇ ਲਿਖੇ ਅੱਖਰ ਨੀਂ ਪੜ੍ਹਦਾ
"ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ"...ਅੰਮ੍ਰਿਤ ਪਾਲ ਘੁੱਦਾ

Monday 9 April 2012

'ਖਬਾਰ

ਪਾਹੜਿਆ 'ਖਬਾਰ ਸੁਣਾ ਖਾਂ ਪੜ੍ਹਕੇ , ਕੀ ਕਹਿੰਦਾ
ਸੁਣੌਣਾਂ ਤਾਇਆ
ਤਾਇਆ ਸੁਣ ਫਿਰ
"ਸਰਹੱਦ ਤੇ ਗੋਲੀਬਾਰੀ 'ਚ ਤਿੰਨ ਪਾਕਿ ਸੈਨਿਕ ਢੇਰ ਤੇ ਇੱਕ ਜਵਾਨ ਸ਼ਹੀਦ"
ਆਹੋ ਪੁੱਤ ਪਾਕਿਸਤਾਨ ਦੀ ਅਖਬਾਰ ਆਲੇ ਲਿਖ ਦੇਣਗੇ
"ਤਿੰਨ ਜਵਾਨ ਸ਼ਹੀਦ ਤੇ ਇਕ ਭਾਰਤੀ ਫੌਜੀ ਮਰਿਆ"
ਜੰਮਣ ਆਲੀਆਂ ਨੂੰ ਪੁੱਛੋ ਭੈਣਦੇਣਿਓਂ ਤੁਸੀਂ ਤਾਂ ਸ਼ਹੀਦ ਕਹਿਕੇ ਪਾਸੇ ਹੋਜੋਂਗੇ
ਤਾਇਆ ਅਗਲੀ ਖਬਰ ਸੁਣ ਫਿਰ
"ਕਰਜ਼ਈ ਕਿਸਾਨ ਵੱਲੋਂ ਸਲਫਾਸ ਖਾਕੇ ਖੁਦਕੁਸ਼ੀ" ਸਮਾਣੇ ਦੀ ਆ ਖਬਰ ਤਾਇਆ
ਪੁੱਤ ਹੈਹੋ ਜੀ ਖਬਰ ਨਾਂ ਸੁਣਾਇਆ ਕਰ
ਇਹ ਤਾਂ ਆਮ ਜੀ ਗੱਲ ਆ ਹੋਰ ਸੁਣਾ
"ਤਰਨਤਾਰਨ ਪੁਲਸ ਵੱਲੋਂ ਵੀਹ ਕਰੋੜ ਅੰਤਰਰਾਸ਼ਟਰੀ ਮੁੱਲ ਦੀ ਹੈਰੋਇਨ ਬਰਾਮਦ"
ਪੁੱਤ ਇਹ ਵੀ ਫੁੱਦੂ ਖਬਰ ਆ
ਕਿਤੇ ਇਹ ਖਬਰ ਆਈ ਆ ਬੀ ਕਿਸੇ ਸਮਗਲਰ ਨੂੰ ਸਜ਼ਾ ਹੋਈ ਹੋਵੇ
ਜਾਂ ਦੱਸਿਆ ਬੀ ਫੜ੍ਹਿਆ ਨਸ਼ਾ ਪੱਤਾ ਕਿੱਥੇ ਖੁਰਦ ਬੁਰਦ ਕਰਦੇ ਆ
"ਮੁੰਬਈ ਹਮਲਿਆਂ ਦੇ ਦੋਸ਼ੀ ਕਸਾਬ ਦੀ ਵਿਆਹ ਕਰਾਉਣ ਦੀ ਉਮਰ"
ਓ ਥੋਡੀ ਭੈਣ ਨੂੰ, ਆਵਦੀ ਕੁੜੀ ਦਾ ਸਾਕ ਕਰਦੋ ਪ੍ਰਾਹੁਣੇ ਨੂੰ
ਸੌ ਬੰਦਾ ਮਰਾਕੇ ਰਿਸਤਾ ਭਾਲਦੇ ਫਿਰਦੇ ਆ,,ਫਿਟੇਮੂੰਹ ਥੋਡੇ
ਪੁੱਤ ਕੋਈ ਰਾਜੋਆਣੇ ਦੀ ਖਬਰ ਨੀਂ ਆਈ
ਨਾਂ ਤਾਇਆ ਅੱਜ ਤਾਂ ਕੋਈ ਖਬਰ ਨੀਂ ਉਹਦੀ
ਹਾਹੋ ਜਿਦ੍ਹੇਂ ਸੁਪਰੀਟ ਕੋਰਟ ਨੇ ਦਬਾਰੇ ਫਾਹੇ ਲਾਉਣ ਨੂੰ ਕਹਿਤਾ ਉਦੇਂ
ਸਾਰੀਆਂ ਪਾਲਟੀਆਂ ਖੱਡਾਂ ਚੋਂ ਮੂੰਹ ਕੱਢ ਲੈਣਗੀਆਂ ਡੱਡੂਆਂ ਅੰਗੂ
ਪੁੱਤ ਤੂੰ ਦੂਜੇ ਪਾਸਿਉਂ ਖਬਰਾਂ ਪੜ੍ਹੀ ਜਾਣਾ, ਮੇਰੇ ਆਲ਼ੇ ਪਾਸੇ ਆਹ ਫੋਟਮਾਂ ਜੀਆਂ ਦਿਸੀ ਜਾਂਦੀਆਂ
ਤਾਇਆ ਏਥੇ ਕੋਈ ਖਬਰ ਨੀਂ ਇਹ ਤਾਂ ਐਕਟਰਨੀਆਂ ਈ ਆ
ਅੱਛਾ ਅੱਛਾ, ਐਂਮੇਂ ਤਿੰਨ ਰੁਪਈਏ ਗਾਲਤੇ 'ਖਬਾਰ ਤੇ ਚੌੜ ਚੌੜ 'ਚ
ਲਿਆ ਧੂੰਈ ਪਾਕੇ ਅੱਗ ਸੇਕੀਏ......ਅੰਮ੍ਰਿਤ ਪਾਲ ਘੁੱਦਾ

ਫੂਲ ਸਿਓਂ

ਕੱਲ੍ਹ ਆਥਣੇ ਘਰੇ ਆਇਆ ਤਾਂ ਪਤਾ ਲੱਗਿਆ ਸਾਡਾ ਗਵਾਂਢੀ ਫੂਲਾ ਸੁਨਿਆਰਾ ਚੱਲ ਵਸਿਆ।
ਜਾਤ ਦਾ ਸੁਨਿਆਰਾ ਸੀ ਪਰ ਉਂ ਵਿਚਾਰਾ ਸੈਕਲਾਂ ਨੂੰ ਪੈਂਚਰ ਲਾਉਦਾ ਸੀ ਜਵਾਨੀ ਵੇਲੇ ਭੁੱਕੀ ਵੇਚਕੇ ਗੁਜ਼ਾਰਾ ਕਰਦਾ ਰਿਹਾ
ਘਰ ਮੂਹਰੇ ਥੜ੍ਹੇ ਤੇ ਬੈਠਾ ਰਹਿੰਦਾ
ਲੰਘਦੇ ਟੱਪਦੇ ਉਹਨੂੰ ਪੁੱਛੀਦਾ
ਹੋਰ ਬਾਈ ਕੀ ਹਾਲ ਆ
ਠੀਕ ਆ ਸ਼ੇਰਾ, ਸਾਲਾ ਦਮਾ ਜਾ ਨੀਂ ਹਟਦਾ ਖੰਘ ਖੁੰਘ ਜੀ ਵੀ ਲੱਗੀ ਰਹਿੰਦੀ ਆ
ਫੂਲ਼ ਸਿਓ ਇਕ ਵਾਰੀ "ਠੀਕ ਆ" ਕਹਿਕੇ ਸਾਰੀਆਂ ਬਿਮਾਰੀਆਂ ਗਿਣਾਂ ਦਿੰਦਾ।
ਅੱਜ ਸਸਕਾਰ ਸੀ ਫੂਲ਼ ਸਿਉਂ ਦਾ। ਗਰੀਬ ਸੀ ਫੂਲਾ , ਜ਼ਮੀਨ ਜ਼ਮੂਨ ਜਮ੍ਹਾਂ ਈ ਹੈਨੀ ਤੇ ਉਹਦਾ ਮੁੰਡਾ ਮੰਦਰ ਦਿਹਾੜੀਦਾਰ ਬੰਦਾ।
ਸ਼ੈਦ ਤਾਂ ਕਰਕੇ ਬਾਈ ਫੂਲੇ ਦੇ ਸਸਕਾਰ ਤੇ ਮਸਾਂ ਤੀਹ ਕੁ ਬੰਦੇ ਗਏ ਸੀ।
ਸਿਵਿਆਂ 'ਚ ਫੂਲੇ ਨੂੰ ਲਾਂਬੂ ਲਾਤਾ ਪਰ ਕਿਸੇ ਰਿਸ਼ਤੇਦਾਰ ਮੂੰਹੋਂ ਫੂਲ਼ੇ ਦੀ ਗੱਲ ਨੀਂ ਸੁਣੀ। ਸਿਵਿਆਂ 'ਚ ਮੀਂਹ ਕਣੀ ਤੋਂ ਸ਼ੈੱਡ ਹੈਗਾ, ਵੱਡਾ ਬਰਾਂਡਾ, ਚਾਰਦੀਵਾਰੀ ਕੀਤੀ ਵਈ, ਤੇ ਛਾਂਦਾਰ ਦਰੱਖਤ ਵੀ ਹੈਗੇ ਨੇ ।ਇਕ ਗੰਜਾ ਜਾ , ਵਧੇ ਜੇ ਢਿੱਡ ਆਲਾ ਫੂਲੇ ਦਾ ਰਿਸ਼ਤੇਦਾਰ ਸਾਨੂੰ ਬੋਲਦਾ ਕਹਿੰਦਾ ਥੋਡਾ ਵਾਹਵਾ ਵੱਡਾ ਪਿੰਡ ਆ, ਸਿਵਿਆਂ ਦੀ ਸਫਾਈ ਕਰੋ । ਦੂਜਾ ਬੋਲਦਾ ਟਰੈਲੀਆਂ ਲਾਕੇ ਭਰਤ ਵੀ ਪਾਉਣ ਆਲੀ ਆ। ਇੱਕ ਕਹਿੰਦਾ ਪਾਣੀ ਦਾ ਇੰਤਜ਼ਾਮ ਹੈਨੀ ਇੱਥੇ। ਵਿਹਲਾ ਮੁਲਖ ਟੀਕਾ ਟਿੱਪਣੀ ਕਰੀ ਜਾਏ। ਅਸੀਂ ਦੱਸਿਆ ਬੀ ਪਾਣੀ ਆਲੀ ਟੈਂਕੀ ਹੈਗੀ ਆ ਜੀ ਪਰ ਕੋਈ ਟੂਟੀਆਂ ਲਾਹ ਕੇ ਲੈ ਗਿਆ।
ਓਹੀ ਗੰਜਾ ਜਾ ਬੰਦਾ ਫਿਰ ਬੋਲਦਾ ਕਹਿੰਦਾ ਚੌਂਕੀਦਾਰ ਵੀ ਚਾਹੀਦਾ ਸਿਵਿਆਂ 'ਚ। ਅਸੀਂ ਨਾਲੇ ਤਾਂ ਪਾਣੀ ਪਿਆਈ ਜਾਈਏ ਓਹਨ੍ਹਾਂ ਨੂੰ ਨਾਲੇ ਉਹਨ੍ਹਾਂ ਦੀ ਟੀਕਾ ਟਿੱਪਣੀ ਸੁਣੀਏ। ਫਿਰ ਕਹਿੰਦੇ ਜੀ ਫੁੱਲ ਸ਼ਨੀਵਾਰ ਨੂੰ ਚੁਗੀਏ ਕੋਈ ਆਖੇ ਕੱਲ੍ਹ ਨੂੰ। ਫੇਰ ਭੋਗ ਦੀ ਚਰਚਾ। ਕੋਈ ਮਬੈਲ ਤੇ ਬਿਜ਼ੀ। ਮੁੱਕਦੀ ਗੱਲ ਫੂਲ਼ੇ ਦੀ ਤਾਂ ਕਿਸੇ ਨੇ ਗੱਲ ਈ ਨੀਂ ਕੀਤੀ।
ਮੁੜਨ ਲੱਗਿਆਂ ਅੱਖਾਂ ਪੂੰਝ ਫੂਲੇ ਦੇ ਮੁੰਡੇ ਨੇ ਕੁੜਤੇ ਦੀ ਉੱਤਲੀ ਜੇਬ ਚੋਂ ਬੀੜੀਆਂ ਦਾ ਮੰਡਲ ਕੱਢਿਆ ਤੇ ਸੀਖ ਬਾਲਕੇ ਦੋਨਾਂ ਹੱਥਾਂ ਨਾਲ ਹਵਾ ਤੋਂ ਓਟ ਕਰਕੇ ਬੀੜੀ ਲਾਕੇ ਸੜਕ ਤੇ ਜ਼ੋਰ ਦੀ ਪੈਰ ਮਾਰਕੇ ਚੱਪਲਾਂ ਝਾੜੀਆਂ ਤੇ ਸਾਰੇ ਜਣੇ ਗੁਰਦੁਆਰੇ ਆਗੇ....ਘੁੱਦਾ

ਚੌਰਾਸੀ ਲੱਖ

ਪਿੰਡੋਂ ਦੂਰ ਪੁਰਾਣੀ ਕੱਸੀ ਕੋਲੇ ਬੱਕਰੀਆਂ ਚਾਰਦਾ ਬਾਜ਼ੀਗਰਾਂ ਦਾ ਮੁੰਡਾ
ਰੇਤੇ ਨਾਲ ਰਗੜ ਰਗੜ ਲਿਸ਼ਕਣ ਲਾ ਦਿੰਦਾ ਚਾਹ ਆਲ਼ੀ ਪਤੀਲੀ
ਸਾਲੀ ਏਨੀ ਚਮਕ ਤਾਂ VIM BAR ਨਾਲ ਵੀ ਨੀਂ ਆਉਦੀ
ਬੱਸ 'ਚ ਭੀਖ ਮੰਗਦੀ ਆ ਕੁੜੀ
ਲੋਕਾਂ ਦੀ ਝੋਲੀ 'ਚ ਕਾਰਡ ਜਾ ਰੱਖ ਦਿੰਦੀ ਆ
"ਗਰੀਬ ਦੀ ਫਰਿਆਦ ਸੁਣੋ, ਇਹ ਬੱਚੇ ਦਾ ਕੋਈ ਵਾਰਸ ਨਹੀਂ ਇਹਦੀ ਮਦਦ ਕਰੋ"
ਡਰੈਵਰ ਬੱਸ ਸਟਾਟ ਕਰਦਾ ਤਾਂ ਕੁੜੀ ਦਵਾ ਦਵ
ਕਾਰਡ ਕੱਠੇ ਕਰ ਅੱਡੇ 'ਚ ਵੜੀ ਹੋਰ ਬੱਸ ਵੱਲ ਭੱਜਦੀ ਆ
ਚੰਗੇ ਜੱਫੇ ਲਾਉਦਾ ਸੀ ਸ਼ੂਕਾ ਪਤੰਦਰ ਫਲੈਂਗ ਕੈਂਚੀ ਮਾਰਦਾ ਸ
ਬਾਪੂ ਦੇ ਛਿੱਤਰਾਂ ਤੋਂ ਡਰਦੇ ਸ਼ੂਕੇ ਨੇ ਖੇਡਣ ਦਾ ਖਿਆਲ ਛੱਡ
ਭੱਠੇ ਤੇ ਜਾ ਸੈਂਚੇ 'ਚ ਮਿੱਟੀ ਪਾਈ
ਤੇ ਇੱਟਾਂ ਤੇ ਸੇਠ ਦੇ ਮੁੰਡੇ ਦੇ ਦਾ ਨਾਂ ਉਕਾਰਨ "R M"ਲੱਗਾ
ਕਹਿੰਦੇ ਦੋ ਕਰੋੜ ਮਿਲਿਆ ਕਬੱਡੀ ਪਲੇਅਰਾਂ ਨੂੰ
ਪਰ ਹੁਣ ਸ਼ੂਕੇ ਨੂੰ ਕੋਈ ਫਰਕ ਨੀਂ ਪੈਂਦਾ
ਅੱਡੇ 'ਚ ਫਲ ਵੇਚਦਾ ਰੋਟੀ ਖਾਤਰ ਕਬੀਲਦਾਰ ਜਾ ਬੰਦਾ
ਆਵਦੇ ਜਵਾਕ ਦੇ ਕੰਨ ਤੇ ਮਾਰਦਾ
ਅਗਲਾ ਸਿਔ ਨੂੰ ਹੱਥ ਨੀਂ ਲਾਉਣ ਦਿੰਦਾ
ਆਹੋ ਬਈ ਜੇ ਆਵਦੇ ਜਵਾਕ ਈ ਫਲ ਖਾਗੇ ਲੋਕਾਂ ਨੂੰ ਕੀ ਵੇਚੂ
ਯੁਵਰਾਜ ਦਾ ਇਲਾਜ ਕਹਿੰਦੇ 'ਮਰੀਕਾ 'ਚ ਚੱਲਦਾ
ਆਹੋ ਸੱਚ ਸੁਖਬੀਰ ਦੀ ਮਾਤਾ ਦਾ ਵੀ ਵਲੈਤੋਂ ਈ ਇਲਾਜ ਹੋਇਆ ਸੀ
ਮਤਲਬ ਇਹਨ੍ਹਾਂ ਨੂੰ ਭਾਰਤ ਦੇ "ਏਮਜ਼" ਅਰਗੇ ਹਸਪਤਾਲਾਂ ਤੇ ਯਕੀਨ ਨੀਂ
ਪੰਜਾਬ ਦੇ ਹਜ਼ਾਰਾਂ ਪਿੰਡ
ਹਜ਼ਾਰਾਂ ਸਰਕਾਰੀ ਤੇ ਕੋਨਵੈਂਟ ਸਕੂਲ਼
ਪਰ ਭਗਤ ਸਿੰਘ ਦੀ ਸੋਚ ਆਲੇ ਮਨਪ੍ਰੀਤ ਦਾ ਮੁੰਡਾ ਵਲੈਤ ਪੜ੍ਹਦਾ ਕਹਿੰਦੇ
ਮਤਲਬ ਇਹਨ੍ਹਾਂ ਨੂੰ ਆਵਦੇ ਈ ਖੋਲ੍ਹੇ ਸਕੂਲਾਂ ਤੇ ਯਕੀਨ ਨੀਂ
ਇੱਕ ਬਾਬਾ ਕਹਿੰਦਾ ਅਖੇ ਚੌਰਾਸੀ ਲੱਖ ਜੂਨਾਂ ਭੋਗਕੇ ਮਿਲਿਆ ਮਨੁੱਖੀ ਜਾਮਾ
ਇਹਨੂੰ ਦੱਸ ਦਿਓ ਸਾਨੂੰ ਚੌਰਾਸੀ ਲੱਖ ਤੋਂ ਡਰ ਨੀਂ ਲੱਗਦਾ
ਥੋਡਾ ਆਹੀ ਮਨੁੱਖਾ ਜਨਮ ਕੱਟਣਾ ਔਖਾ..............ਅੰਮ੍ਰਿਤ ਪਾਲ ਘੁੱਦਾ

ਪੁਰਾਣੀ ਸ਼ਾਮ

ਸੋਮਵਾਰ ਦੀ ਸ਼ਾਮ
ਕਾਲੇ ਰੰਗ ਦੇ ਵੱਡੇ ਟੈਮਪੀਸ ਤੇ ਸੁਨਹਿਰੀ ਸੂਈਆਂ ਸੱਤ ਵਜਾ ਦਿੰਦੀਆਂ ਸ਼ੈਦ ਬੇਬੇ ਦੇ ਦਾਜ 'ਚ ਆਇਆ ਸੀ ਇਹ ਟੈਮਪੀਸ
ਤੇ ਟੀ.ਵੀ ਤੇ ਡਾਕਖਾਨੇ ਦੀ ਮਸ਼ੂਰੀ ਆਉਦੀਂ
"ਛੋਟੀ ਛੋਟੀ ਬਚਤ ਵੱਡੀ ਵੱਡੀ ਕਮਾਈ ਡਾਕਖਾਨਿਆਂ ਵਿੱਚ ਮਿਲੇ ਮੇਰੇ ਭਾਈ"
ਦੋ ਮੋਟੇ ਜੇ ਬੰਦੇ ਆਵਦੇ ਢਿੱਡ ਭੜਾਉਦੇਂ ਤੇ ਉੱਤੋਂ ਨੋਟਾਂ ਦਾ ਮੀਂਹ ਵਰ੍ਹਦਾ
ਫਿਰ ਲਿਖਿਆ ਜਾਂਦਾ
"ਖਬਰਾਂ ਥੋੜ੍ਹੀ ਦੇਰ ਬਾਅਦ"
ਦੂਰਦਰਸ਼ਨ ਦਾ ਚਿੰਨ੍ਹ ਡਿਸਪਲੇ ਹੁੰਦਾ
ਤੇ ਖੱਬਿਓਂ ਸੱਜੇ ਪਾਸੇ ਨੂੰ "ਖਬਰਾਂ" ਲਿਖਿਆ ਤੁਰਦਾ
ਤੇ ਸ਼ਪੈਸ਼ਲ ਟਿਉਨ ਵੱਜਦੀ ਤੇ ਟੀ.ਵੀ ਤੋਂ ਪਾਸੇ ਬੈਠੇ ਬਾਪੂ ਜੀ ਹੁਣਾਂ ਨੂੰ ਵੀ ਪਤਾ ਲੱਗ ਜਾਂਦਾ ਬੀ ਖਬਰਾਂ ਚੱਲਪੀਆਂ
ਤੀਰਥ ਸਿੰਘ ਢਿੱਲੋਂ ਬੋਲਦਾ
"ਖਬਰਾਂ ਦੇ ਏਸ ਬੁਲਿਟਨ ਵਿੱਚ ਤੁਹਾਡਾ ਸੁਆਗਤ ਹੈ, ਪੇਸ਼ ਨੇ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ"
"ਤੇ ਹੁਣ ਖਬਰਾਂ ਵਿਸਥਾਰ ਨਾਲ"
ਖਬਰਾਂ ਤੋਂ ਬਾਅਦ ਗੁੱਲੀ ਡੰਡੇ ਆਲੀ ਸਪਰੇਅ ਦੀ ਮਸ਼ੂਹਰੀ ਆਉਦੀਂ ਤੇ
ਲਿਖਿਆ ਆ ਜਾਂਦਾ
"ਅਗਲਾ ਪ੍ਰੋਗਰਾਮ ਲਿਸ਼ਕਾਰਾ"
ਬੇਬੇ ਹੁਣੀਂ ਵੇਲੇ ਨਾਲ ਰੋਟੀ ਟੁੱਕ ਕਰ ਲੈਂਦੀਆਂ ਤੇ ਚੁੱਲ੍ਹੇ ਦੀ ਮੱਠੀ ਜੀ ਅੱਗ ਤੇ ਦੁੱਧ ਕੜ੍ਹਨਾ ਰੱਖ ਦਿੰਦੀਆਂ
ਬਿੰਦਰਖੀਏ ਦੀ ਗੀਤ ਦੀ ਤਰਜ਼ ਵੱਜਦੀ ਤਾਂ ਪਤਾ ਲੱਗ ਜਾਂਦਾ ਲਿਸ਼ਕਾਰਾ ਚੱਲ ਪਿਆ
"ਜਲੰਧਰ ਦੂਰਦਰਸ਼ਨ ਵੇਖ ਰਿਹਾ ਸਾਰੇ ਦੋਸਤਾਂ ਦਾ ਹਾਰਦਿਕ ਸਵਾਗਤ, ਮੈਂ ਸਤਿੰਦਰ ਸੱਤੀ ਲੈਕੇ ਹਾਜ਼ਿਰ ਹਾਂ
ਤੁਹਾਡਾ ਪਸੰਦੀਦਾ ਪ੍ਰੋਗਰਾਮ ਲਿਸ਼ਕਾਰਾ".......ਅੰਮ੍ਰਿਤ ਘੁੱਦਾ

Wednesday 4 April 2012

ਮੁਲਖ

ਭੁੱਲਰਾਂ ਦਾ ਜਵਾਨ ਪੁੱਤ ਖੂਹ ਤੇ ਲਮਕੀ ਜਾਂਦਾ ਕਹਿੰਦੇ
ਸਹੁਰਿਆਂ ਦੀ ਵਿਆਹ ਵੇਲੇ ਦਿੱਤੀ ਪੱਗ ਗਲ 'ਚ ਪਈ ਵਈ
ਲੱਤਾਂ ਵਿਚਾਲਿਓ ਦੀਂਹਦਾ ਡੁੱਬਦਾ ਸੂਰਜ
ਕਿਸੇ ਨੇ ਚੁੱਲ੍ਹੇ ਅੱਗ ਨੀਂ ਪਾਈ ਪਿੰਡ 'ਚ
ਸੱਚ ਜਾਣਿਓ ਉਹਨੂੰ ਵੇਖ ਕਵਿਤਾ ਪੌੜੀਆਂ ਉੱਤਰਦੀ ਆ
ਟਾਇਟਲਰ ਤੇ ਸੱਜਣ ਕੁਮਾਰ ਟੀਵੀ ਤੇ ਵੇਂਹਦੇ ਨੇ ਰਾਜੋਆਣੇ ਦਾ ਫਾਂਸੀ ਮਾਮਲਾ
ਕਹਿੰਦੇ ਵਾਈਟ ਹਾਊਸ 'ਚ ਲਾਈਵ ਚੱਲਿਆ ਲਾਦੇਨ ਦੀ ਮੌਤ ਦਾ ਟੈਲੀਕਾਸਟ
ਆਹੋ ਟੋਪੀਆਂ 'ਚ ਕੈਮਰੇ
ਸੈਂਸ ਦੀ ਗੱਲ ਆ ਬਈ
ਬੀ. ਟੈੱਕ ਪਾਸ ਆ ਕਹਿੰਦੇ ਲੰਬੜਾਂ ਦੀ ਨਮੀਂ ਬਹੂ
ਆਉਦਿਆਂ ਈ ਖੇਤ ਲੈਗੇ ਬਾਬੇ ਦੀ ਮਟੀ ਤੇ ਮੱਥਾ ਟਿਕਾਉਣ
ਕੱਚੀ ਲੱਸੀ ਡੋਲ੍ਹ, ਤੇ ਦੋ ਲੱਡੂ ਰੱਖ ਮੱਥਾ ਟੇਕਿਆ
ਆਉਦਿਆਂ ਨੇ ਮੁੜ ਕੇ ਵੇਖਿਆ ਮਟੀ 'ਚ ਸਿਰ ਫਸਾਈ ਖਲੋਤਾ ਸੀ ਕੁੱਤਾ
ਨਾਲੇ ਪੂਛ ਹਿਲਾਈ ਜਾਏ
ਕੁੜੀਆਂ ਬਾਡੀਗਾਰਡ ਰੱਖਣ ਆਲਾ ਬਾਈ
ਆਹੋ ਗੱਦਾਫੀ
ਕਹਿੰਦੇ ਪੁਲੀ 'ਚੋਂ ਕੱਢ ਕੇ ਮਾਰਿਆ
ਕੁਰਾਨ ਦੀ ਅਧੂਰੀ ਸਤਰ ਛੱਡਾਤੀ ਅਗਲਿਆਂ ਨੇ
ਕਹਿੰਦੇ 148 ਸ਼ੀਆ ਮਾਰੇ ਸੀ ਬੀ ਮੈਂ ਸੁੰਨੀ ਆ ਤੇ ਇਹ ਸ਼ੀਆ ਕਾਹਤੋਂ ਆ
ਦਾਹੜੀ ਜੀ ਆਲਾ , ਅਦਾਲਤ ਚ ਵੀ ਬਾਹਲਾ ਬੋਲਦਾ ਸੀ
ਆਹੋ ਇਰਾਕ ਆਲਾ ਸੱਦਾਮ ਹਸੈਨ
ਬਾਬਰੀ ਮਸਜਿਦ ਸੁਣੀ ਆ ਕਹਿੰਦੇ
ਪੜਦਾਦਿਆਂ ਵੇਲੇ ਦਾ ਰੌਲਾ
ਪੜਪੋਤਰੇ ਡਾਂਗੋ ਡਾਂਗੀ , ਮੁਸ਼ਕਿਲ ਆ ਕੰਮ
ਸੰਤਾਲੀ ਵੇਲੇ ਰੌਲਾ ਸੀ ਕਹਿੰਦੇ
ਆਹੋ ਕਸ਼ਮੀਰ ਹਮਾਰਾ ਹੈ
ਮੁਸ਼ਕਿਲ ਆ ਨਹੀਂ ਨਿੱਬੜਦਾ
ਸੰਤਾਲੀ ਵੇਲੇ ਮਾਸਟਰ ਤਾਰਾ ਸਿੰਘ ਨੇ ਰੋਕਤਾ ਕਹਿੰਦੇ
ਖਾਲਿਸਤਾਨ ਮਿਲਦਾ ਸੀ , ਅਖੇ ਹਿੰਦੁਸਤਾਨ ਬੀ ਤੋ ਹਮਾਰਾ ਹੈ
ਹੁਣ ਫਿਰ
ਮੁਸ਼ਕਿਲ ਆ ਗੱਲ
ਖਾੜਕੂਆਂ ਵੰਗੂ ਮਾਰੇ ਆ ਕਹਿੰਦੇ ਆਦਿਵਾਸੀ ਮੁਕਾਬਲੇ ਬਣਾ ਬਣਾ
ਬੁੜੀਆਂ ਕੋਲ ਵੀ ਸੰਤਾਲੀਆਂ ਆ ਕਹਿੰਦੇ
ਮਾਰਦੋ ਸਾਲਿਆਂ ਨੂੰ ਜੇ ਹੱਕ ਮੰਗਦੇ ਆ ਤਾਂ
ਮੁਸ਼ਕਿਲ ਆ ਮਸਲਾ
ਜਨਾਬ ਆਹ ਨਾਨਾਵਤੀ ਕਮਿਸ਼ਨ ਆਲੀ ਰਿਪੋਟ ਤਾਂ ਵੇਖਲੋ
ਛੱਡ ਯਰ ਸਿੱਖਾਂ ਨੂੰ ਕੀ ਆ
ਸਲਮਾਨ ਖਾਨ ਨੇ ਹਿਰਨ ਮਾਰਿਆ ਸੀ
ਉਹ ਕੇਸ ਕੱਢ , ਪੁੱਠਾ ਲਮਕਾਈਏ ਸਾਲੇ ਨੂੰ.......ਅੰਮ੍ਰਿਤ ਪਾਲ ਘੁੱਦਾ

ਖਾੜਕੂ

ਸੁਣਿਆ ਦਰਸ਼ਨ ਕਰਨ ਜਾਂਦੇ ਸੀ ਮੁੰਡੇ
ਟੁੱਟੇ ਭੱਜੇ ਢਹਿ ਢੇਰੀ ਕੀਤੇ ਅਕਾਲ ਤਖਤ ਦੇ
ਝਬਾਲ ਆਲੀ ਸੜਕ ਤੇ ਘੇਰਲੇ ਬਾਬੇ ਬੁੱਢੇ ਨੇੜੇ
ਟੋਪੀਆਂ ਆਲੇ ਸੀ.ਆਰ.ਪੀ.ਐੱਫ ਦੇ ਜਵਾਨਾਂ ਨੇ
"ਸਾਲੇ ਦਰਸ਼ਨ ਕਰਨੇ ਕੇ, ਰੋਕੋ ਇਨ ਸਰਦਾਰੋਂ ਕੋ"
ਮੂਧੇ ਪਾਲੇ ਸੜਕ ਤੇ, ਚੰਗੀ ਪਰੇਡ ਕੀਤੀ
ਪੱਗਾਂ ਨਾਲ ਹੱਥ ਬੰਨ੍ਹਤੇ ਪਿੱਛੇ ਨੂੰ ਕਰਕੇ
ਫੇਰ ਬਾਈ
ਫੇਰ ਕੀ ਹੋਣਾ ਸੀ ਮੁੰਡਿਆਂ ਨੇ ਸੋਚਿਆ ਏਹੋ ਜੀ ਕੁੱਤੇਖਾਣੀ ਨੀਂ ਕਰਾਈਦੀ ਸਾਥੋਂ
ਸੰਤਾਲੀਆਂ ਚੱਕਲੀਆਂ ਅਗਲਿਆ ਨੇ
ਹਥਿਆਰ ਕੀਹਨੇ ਚਕਾਏ ਮੁੰਡਿਆਂ ਨੂੰ?
ਸ਼ੈਦ ਸਰਕਾਰ ਨੇ ਈ ਚਕਾਏ ਸੀ
ਕਹਿੰਦੇ ਨੌਂ ਮਹੀਨੇ ਢਿੱਡ 'ਚ ਪਲਦਾ ਜਵਾਕ
ਉੱਚੇ ਨੀਵੇਂ ਚੜ੍ਹਨ ਉੱਤਰਨ ਦਾ ਖਿਆਲ ਰੱਖੀਦਾ ਬਹੂ ਦਾ
ਫਿਰ ਖਾਣ ਪੀਣ ਦਾ ਪ੍ਰਹੇਜ਼, ਠੰਢੇ ਤੱਤੇ ਦਾ
ਤੇ ਪੀੜਾਂ ਝੱਲ ਝੱਲ ਜੰਮੇ ਹਜ਼ਾਰਾਂ ਮੁੰਡੇ ਮਾਰਤੇ
ਤੇ ਫਿਰ ,"ਜਲਾਦੋ ਸਾਲੋਂ ਕੋ ਲਾਵਾਰਿਸ ਹੈ ਸਭੀਂ ਲਾਸ਼ੇ"
ਸੱਜ ਵਿਆਹੀਆਂ ਨੇ ਚੂੜ੍ਹੇ ਭੰਨੇ ਕਹਿੰਦੇ
ਪ੍ਰਾਹੁਣਿਆਂ ਦੀਆਂ ਅਰਥੀਆਂ ਨਾਲ ਮਾਰ ਮਾਰ
ਮੰਜਿਆਂ ਦੀਆਂ ਬਾਹੀਆਂ ਨਾਲ ਚਾਦਰ ਬੰਨ੍ਹ ਬਣਾਈ ਝੱਲੀ 'ਚ ਪਏ ਜਵਾਕ
ਚੀਕਾਂ ਈ ਮਾਰਦੇ ਰਹਿਗੇ, ਮਾਰਦੋ ਸਾਲਿਆ ਖਾੜਕੂਆਂ ਨੂੰ
ਤੇ ਜਿਹੜੇ ਬਾਕੀ ਬਚਗੇ ਉਹ ਵਾਰਦਾਤਾਂ ਕਰਦੇ ਰਹੇ
ਦਿਨੇਂ ਕਮਾਦਾਂ 'ਚ , ਰਾਂਤੀ ਐਕਸ਼ਨ
ਸ਼ਲਟ ਦੇ ਕਾਲਰ ਜਾਂ ਜੇਬ 'ਚ ਸਾਇਆਨਾਈਡ ਦਾ ਕੈਪਸੂਲ਼ ਪਾਕੇ
ਸਰਕਾਰ ਨੇ ਫਿਰ ਡਮਾਕ ਲੜਾਇਆ
"ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ"
ਤੇ "ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ"
ਲਿਖਣ ਤੇ ਗਾਉਣ ਆਲਾ ਠੋਕਤਾ
ਪੁਲਿਸ ਆਲੇ ਈ ਖਾੜਕੂ ਬਣਾਤੇ
ਘਰਾਂ 'ਚ ਲੁੱਟਾਂ ਖੋਹਾਂ, ਚੁੰਨੀਆਂ ਪਾੜਤੀਆਂ, ਰੇਲ ਬਣਾਤੀ ਜਨਤਾ ਦੀ
ਤੇ ਨਾਂ ਲਾਤਾ ਖਾੜਕੂਆਂ ਦਾ
ਲੋਕਾਂ ਦੀ ਹਮੈਤ ਤੋੜਤੀ , ਜਿੱਤਗੀ ਸਰਕਾਰ
ਸਕੂਲ਼ ਦੀ ਪ੍ਰੇਅਰ 'ਚ ਮੁਕਾਬਲਿਆਂ 'ਚ ਠੋਕੇ ਖਾੜਕੂਆਂ ਦੇ ਜਵਾਕ
ਇਹੀ ਗਾਉਦੇ ਨੇ ਕਹਿੰਦੇ
"ਭਾਰਤ ਭਾਗ ਵਿਧਾਤਾ,
ਜਯ ਹੇ ਜਯ ਹੇ ਜਯ ਹੇ
ਜਯ ਜਯ ਜਯ ਜਯ ਹੇ".......ਅੰਮ੍ਰਿਤ ਪਾਲ ਘੁੱਦਾ