Thursday 19 April 2012

ਨਾਜ਼ਰ ਤੇ ਦੀਪੋ

ਬਸਾਖੀ ਦੇ ਮੇਲਿਓਂ ਲੈਕੇ ਦਿੱਤੀ ਸੀ ਝਾਂਜਰ
ਆਪ ਪਾਈ ਸੀ ਦੀਪੋ ਪੈਰੀ ਨਾਜ਼ਰ ਨੇ
ਨਾ ਵੇ ਅੜਿਆ ਕੋਈ ਵੇਖਲੂ
ਡਰ ਨਾ ਨਾਜ਼ਰ ਹੈਗਾ ਨਾ ਤੇਰੇ ਨਾਲ
ਲੰਘਦੀ ਟੱਪਦੀ ਛਣਕ ਛਣਕ
ਨਾਜ਼ਰ ਨੂੰ ਪਤਾ ਲੱਗ ਜਾਂਦਾ ਉਹਦੀ ਦੀਪੋ ਟੱਪਦੀ ਆ ਗਲੀ ਚੋਂ
ਮੈਸ੍ਹਾਂ ਛੱਪੜ ਤੇ ਪਿਆਉਣ ਦੇ ਬਹਾਨੇ ਮਗਰੇ ਮਗਰੇ ਤੁਰ ਪੈਂਦਾ
ਨਿੱਕੇ ਹੁੰਦਿਆਂ ਰਾਂਝੇ ਹੀਰਾਂ ਦੇ ਕਿੱਸੇ ਸੁਣੇ ਸੀ ਨਾਜ਼ਰ ਨੇ
ਮਿਲੇ ਵੀ ਬਥੇਰੀ ਵਾਰੀ ਬੀੜਾਂ ਆਲੇ ਖੇਤਾਂ ਵੰਨੀ ਨਰਮਾ ਚੁਗਣ ਵੇਲੇ
ਪਰ ਨਾਜ਼ਰ ਨੇ ਕਦੇ ਲੀਕ ਨਾ ਟੱਪੀ
ਸਾਲੀ ਬੇਰੁਜ਼ਗਾਰੀ ਮਾਰਗੀ ਨਾਜ਼ਰ ਨੂੰ
ਦੁਬਈ ਆਲੇ ਜ਼ਹਾਜ਼ ਚੜ੍ਹ ਗਿਆ ਨਿਆਂਈ ਆਲਾ ਵਾਹਨ ਵੇਚਕੇ
ਤੂੰ ਭੁਲੀਂ ਨਾ ਮੈਨੂੰ
ਹੈ ਕਮਲੀ..ਨਿਸ਼ਾਨੀ ਰੱਖੀਂ ਮੇਰੀ ਸਾਂਭਕੇ
ਦੀਪੋ ਨੇ ਝਾਂਜਰਾਂ ਛਣਕਾ ਕੇ ਹੁੰਗਾਰਾ ਭਰਿਆ
ਦੀਪੋ ਨੇ ਹੱਸਕੇ ਤੋਰਿਆ ਨਾਜ਼ਰ ਨੂੰ
ਪਰ ਮੁੜਕੇ ਰਾਤਾਂ ਨੂੰ ਤਾਰਿਆਂ ਦੀ ਛਾਵੇਂ ਘਸਮੈਲੀ ਚੁੰਨੀ ਨਾਲ ਅੱਖਾਂ ਪੂੰਝਿਆ ਕਰੇ
ਕਦੇ ਚੁੱਲ੍ਹੇ ਕੋਲ ਬੈਠਿਆ ਕਰੇ ਧੂੰਏ ਬਹਾਨੇ ਕਦੇ ਗੰਢੇ ਚੀਰਣ ਬਹਾਨੇ ਹੰਝੂ
ਕਦੇ ਨਾਜ਼ਰ ਦਾ ਨਾ ਫੂਨ ਨਾ ਚਿੱਠੀ
ਬਸ 'ਖਬਾਰ 'ਚ ਖਬਰ ਆਈ, "ਕਤਲ ਮਾਮਲੇ 'ਚ ਪੰਜਾਬੀ ਨੌਜਵਾਨ ਨੂੰ ਸਜ਼ਾ"
ਦੀਪੋ ਨੇ ਜਵਾਕ ਤੋਂ 'ਖਬਾਰ ਪੜ੍ਹਾਇਆ, ਨਾਜ਼ਰ ਸਿਹੁੰ ਪੁੱਤਰ ਗੇਜ਼ਾ ਸਿੰਘ ਪਿੰਡ ਘੁਮਿਆਰਾ ਸਜ਼ਾ ਯਾਫਤਾ
ਪੰਦਰਾਂ ਕੁ ਵਰ੍ਹੇ ਬੀਤੇ
ਦੀਪੋ ਦਿਆਂ ਵਾਲਾਂ ਨੇ ਸਫੈਦੀ ਫੜ੍ਹਲੀ
ਕੋਠੇ ਬੈਠੇ ਕਾਂ ਤਾਂ ਵਿਔ ਵਰਗੇ ਲੱਗਦੇ
ਸੱਜਰੇ ਸ਼ਰੀਕ
ਨਾਜ਼ਰ ਪਿੰਡ ਮੁੜਿਆ
ਤਸ਼ੱਸ਼ਦ ਦਾ ਸ਼ਿਕਾਰ
ਬੰਦਾ ਸੀ ਪਰ ਬੰਦਾ ਨਾ ਰਿਹਾ
ਸਰੀਰ ਜਵਾਬ ਦੇ ਗਿਆ ਸੀ
ਲੱਖਾਂ ਮਣ ਗਲੇਡੂ ਲਕੋ ਕੇ ਦੀਪੋ ਫਿਰ ਮਿਲੀ ਚਾਨਣੀ ਰਾਤ 'ਚ ਪਿੰਡੋਂ ਬਾਹਰ
ਝਾਂਜਰਾਂ ਛਣਕਾਈਆਂ ਛਣਕ ਛਣਕ
ਨਾਜ਼ਰ ਨੂੰ ਨਾ ਸੁਣੀਆਂ
ਲਾਹ ਕੇ ਨਾਜ਼ਰ ਦੇ ਮੂੰਹ ਕੋਲ ਕਰਕੇ ਛਣਕਾਈਆਂ
ਐਂਤਕੀ ਨਾਜ਼ਰ ਨੂੰ ਝਾਂਜਰਾ ਦਿਸੀਆਂ ਜ਼ਰੂਰ, ਸੁਣੀਆਂ ਵੀ
ਪਰ ਮਹਿਸੂਸ ਨਾ ਹੋਈਆਂ
ਤੇ ਦੀਪੋ ਮੁੜ ਆਈ......ਘੁੱਦਾ

No comments:

Post a Comment