Sunday 29 April 2012

ਇਹ ਆਂ ਅਸੀਂ

ਨਾਸਾ ਦੇ ਮੇਨ ਦਫਤਰ 'ਚ ਰਾਕਟ ਛੱਡਣ ਤੋਂ ਪਹਿਲਾਂ
ਪੁੱਠੀ ਗਿਣਤੀ ਕਰਨ ਆਲੇ ਨਹੀਂ ਆ ਅਸੀਂ
ਅਸੀਂ ਤਾਂ ਸੂਬੀ ਆਲੇ ਬੰਬ ਨੂੰ ਕਾਗਜ਼ ਤੇ ਧਰਕੇ
ਅੱਗ ਲਾਕੇ ਭੱਜ ਜਾਣ ਆਲੇ ਆਂ
ਜਾਂ ਦੀਵਾਲੀ ਵੇਲੇ ਪੰਜਾਂ ਆਲੇ ਪਿਸਤੌਲ 'ਚ
ਰੀਲ ਆਕੇ ਭੜਾਕੇ ਪਾਕੇ
ਟਰਮੀਨੇਟਰ ਆਲੇ Arnold ਬਾਈ ਦੀ ਫੀਲਿੰਗ ਲੈਣ ਆਲੇ ਆ
ਤੇ ਦੁੱਖ ਹੁੰਦਾ ਜਦੋਂ ਇਹੀ Arnold ਕੈਲੀਫੋਰਨੀਆ ਦਾ ਗਵਰਨਰ
ਬਣਕੇ ਕ੍ਰਿਪਾਨ ਸੰਬੰਧੀ ਬਿੱਲ ਨੂੰ ਠੇਡਾ ਮਾਰ ਦਿੰਦਾ
ਲੰਡਨ ਦੇ ਮਿਊਜ਼ੀਅਮ 'ਚ ਲੱਗੀਆਂ ਫੋਟੋਆਂ ਆਲੇ ਸੰਸਾਰ ਯੁੱਧਾਂ 'ਚ ਸ਼ਹੀਦ
ਹੋਏ ਨੱਬੇ ਹਜ਼ਾਰ ਪੰਜਾਬੀ ਫੌਜੀ ਆ ਅਸੀਂ
ਕਦੇ ਗਿਣ ਕੇ ਵੇਖਿਉ ਪੋਟਿਆਂ ਤੇ
ਚੌਥੀ ਉਂਗਲ ਤੇ ਜਾਕੇ ਬਣਦੇ
ਰਾਂਝੇ ਦੇ ਹੰਢਾਏ ਬਾਰ੍ਹਾਂ ਸਾਲ ਆ ਅਸੀਂ
ਜਲੰਧਰ ਦੂਰਦਰਸ਼ਨ ਤੇ "ਦੋ ਲੱਛੀਆਂ" ਤੇ "ਬਲਬੀਰੋ ਭਾਬੀ"
ਅਰਗੀਆ ਫੀਚਰ ਫਿਲਮਾਂ ਵੇਖਣ ਆਲੇ ਆ ਅਸੀਂ
Raymond ਜਾਂ Gwalior ਦਾ ਕੱਪੜਾ ਕਾਹਨੂੰ ਪਾਉਣੇ ਆ ਅਸੀਂ
ਨਾਨਕਿਆਂ ਤੋਂ ਮਿਲੀ ਪੰਜਕੱਪੜੀ ਪਿੰਡ ਆਲ਼ੇ ਜੋਧੇ ਦਰਜ਼ੀ ਤੋਂ ਸਮਾ
ਵਰ੍ਹਿਆਂ ਤੱਕ ਹੰਢਾਉਣ ਆਲੇ ਆ ਅਸੀਂ
ਸ਼ਹਿਰ ਜਾਕੇ ਮੁੱਲ ਖ੍ਰੀਦਕੇ ਪਾਣੀ ਪੀਣੇ ਆ
ਪਰ ਨਿਮਾਣੀ ਵੇਲੇ ਬੱਸਾਂ ਗੱਡੀਆਂ ਆਲਿਆਂ ਨੂੰ ਘੇਰ ਘੇਰ ਪਾਣੀ ਪਿਆਉਣੇ ਆ ਅਸੀਂ
ਬਾਹਲੇ ਯੈਂਕੀਆਂ ਵੰਗੂ ਮਰੇ ਮੂੰਹ ਆਲੇ ਨੀਂ ਅਸੀਂ
ਅਰਦਾਸ ਪਿੱਛੋ ਦੇਗ ਵੰਡਦੇ ਬਾਬੇ ਮੂਹਰੇ ਦੋਹੇ ਹੱਥ ਖੋਲ੍ਹ ਖੜ੍ਹ ਜਾਈਦਾ
ਸਾਡੀ ਚਮੜੀ ਸਾਲੀ Oily ਕਾਹਨੂੰ ਆ
ਤੇ ਮੁੜਕੇ ਘਿਓ ਆਲੇ ਹੱਥ ਦਾਹੜੀ ਮੁੱਛਾਂ ਤੇ ਮਾਰ ਲਈਦੇ ਨੇ
ਮਸ਼ੂਕ ਪਿੱਛੇ ਦੁਨਾਲੀ ਚੱਕਕੇ ਅਣਖ ਦਿਖਾਉਣ ਆਲੇ ਕਾਹਨੂੰ ਆ ਅਸੀਂ
1919 ਤੋਂ 1940 ਤੱਕ 21 ਸਾਲਾਂ ਦਾ ਸਬਰ ਕਰਨ ਆਲੇ ਆ
ਤੇ ਫਿਰ ਕਿਤਾਬ 'ਚ ਕੈਦ ਹੋਕੇ ਕੈਕਸਟਨ ਹਾਲ
ਨੂੰ ਜਾਣ ਆਲੇ ਪਿਸਤੌਲ ਆ ਅਸੀਂ..........................ਅੰਮ੍ਰਿਤ ਪਾਲ ਘੁੱਦਾ

No comments:

Post a Comment