Sunday 29 April 2012

ਵਿਆਹ ਕਿ ਚਿੰਤਾ

ਸ਼ਾਮ ਨੂੰ ਪਾਣੀ ਲਾਕੇ ਖੇਤੋਂ ਮੁੜੇ ਜੋਰੇ ਨੂੰ
ਚੁੱਲੇ ਮੂਹਰੇ ਬੈਠੀ ਉਹਦੀ ਬਹੂ ਬੰਸੋ ਦੱਸਦੀ ਆ
"ਘੁਰਕਵਿੰਡ ਆਲਾ ਆਪਣਾ ਪ੍ਰਾਹੁਣਾ ਆਇਆ,
ਵਿਆਹ ਧਰਿਆ ਕੁੜੀ ਦਾ,
ਮਹੀਨਾ ਤੇਰਵ੍ਹਾਂ ਲੜਾਈ ਅੱਧੋ ਅੱਧ,
ਹੁਣ ਭਰਨੀ ਪੈਣੀ ਆ ਨਾਨਕੀਸ਼ੱਕ"
"ਚੁੱਪ ਕਰ ਬੰਸੋ ਧੀਆਂ ਧਿਆਣੀਆਂ ਨੂੰ
ਸਾਰੀ ਉਮਰ ਈ ਦਿੰਦੇ ਹੁੰਦੇ ਆ ਮਾਪੇ,
ਤੂੰ ਐਂ ਦੱਸ ਕਿੱਥੇ ਬੈਠਾ ਪ੍ਰਾਹੁਣਾ"
"ਅੰਦਰ ਬੈਠਾ ਚੌੜਾ ਹੋਇਆ
ਥੋਡੀ ਭੈਣ ਨੇ ਤਾਂ ਮੇਰਾ ਸੂਟ ਵੀ ਨੀ ਘੱਲਿਆ"
"ਹਾਹਾਹਾਹਾ...ਚੁੱਪ ਕਰ ਕਮਲੀ ਨਾ ਹੋਵੇ ਤਾਂ"
ਹੱਸਦਾ ਜੋਰਾ ਸਿਹੁੰ ਸਿਰ ਨੀਵਾਂ ਕਰ, ਬਾਲਿਆ ਆਲੀ ਛੱਤ ਆਲ਼ੇ ਕਮਰੇ 'ਚ ਅੰਦਰ ਵੜ ਜਾਂਦਾ
"ਸਸਰੀਕਾਲ ਭਾਅ ਜੀ, ਵਧਾਈਆਂ ਹੋਣ ਕਹਿੰਦੇ ਵਿਆਹ ਧਰ ਲਿਆ ਕੁੜੀ ਦਾ"
"ਸਸਰੀਕਾਲ ਜੋਰਿਆ , ਹਾਂ ਧਰ ਲਿਆ,
ਕੁੜੀਆਂ ਚਿੜੀਆਂ ਤਾਂ ਟੈਮ ਨਾਲ ਈ ਸਹੁਰੇ ਤੋਰ ਦੀਏ ਟੈਮ ਮਾੜਾ ਹੁਣ,
ਆਹ ਫੜ੍ਹ ਕੁੜੀ ਦੇ ਵਿਆਹ ਦਾ ਕਾਟ"
ਜੋਰਾ ਦੀਵੇ ਦੀ ਲੋਅ 'ਚ ਕਦੇ ਭਾਣਜੀ ਦੇ ਵਿਆਹ ਦਾ ਕਾਰਡ ਪੜ੍ਹਦਾ, ਜਦੇ ਆਵਦੀ ਜਵਾਨ ਧੀ ਵੱਲ ਵੇਂਹਦਾ"
ਪਰਸੋਂ ਦੇ ਬਣਾਏ ਸਾਗ ਨੂੰ ਤੜਕਾ ਲਾ ਨਾਲ ਥਾਲ 'ਚ ਦੋ-ਦੋ ਫੁਲਕੇ ਰੱਖ ਬੰਸੋ ਰੋਟੀ ਫੜ੍ਹਾਉਦੀਂ ਆ ਜੋਰੇ ਹੁਣਾਂ ਨੂੰ
ਫਿਰ ਬੰਸੋ ਪੇਟੀ ਫਰੋਲ ਆਵਦੇ ਦਾਜ ਦਾ ਬੰਬਲਾਂ ਆਲਾ ਖੇਸ ਤੇ ਦਰੀਆਂ ਕੱਢ ਕੋਠੇ ਤੇ ਬਿਸਤਰੇ ਵਿਛਾਉਂਦੀ ਆ।
ਸਫਰ ਦਾ ਥੱਕਿਆ ਪ੍ਰਾਹੁਣਾ ਲੇਟਦਿਆਂ ਈ ਸੌਂ ਜਾਂਦਾ,
ਤੇ ਜੋਰਾ ਸਿਹੁੰ ਦੋ ਕੋਠਿਆਂ ਦੀ ਨਿੱਕੀ ਛੱਤ ਦੀ ਪੱਕੀ ਵਾੜ ਵੱਲ ਝਾਕਦਾ ਬਿਟਰ ਬਿਟਰ,
ਕਦੇ ਸੋਚਦਾ ਭਾਣਜੀ ਦੇ ਵਿਆਹ ਦੀ ਨਾਨਕੀ ਸ਼ੱਕ ਬਾਰੇ
ਤੇ ਕਦੇ ਸੋਚਦਾ ਸਵੇਰੇ ਦਸਾਂ ਦਿਨਾਂ ਨੂੰ ਪੈਸੇ ਦੇਣ ਦਾ ਲਾਰਾ ਲਾਕੇ ਮੋੜੇ ਆਹੜ੍ਹੀਏ ਬਾਰੇ,
ਤੇ ਜੋਰੇ ਦੇ ਕੰਨੀਂ ਪੈਂਦੀ ਰਹਿੰਦੀ ਆ ਬੀਂਡਿਆਂ ਦੀ ਨਿਰੰਤਰ ਚੱਲਦੀ ਭੀਂ..ਭੀਂ...
ਜਾਂ ਸੁਣਦੇ ਨੇ ਲੰਬੜਾਂ ਦੀ ਪੱਤੀ ਵੱਲ ਭੌਂਕਦੇ ਕੁੱਤੇ
ਤੇ ਜੋਰਾ ਵੇਖਦਾ ਰਹਿੰਦਾ ਤਾਰਿਆਂ ਆਲੀ ਮੰਜੀ ਵੱਲ
ਜੀਹਨੂੰ ਚੋਰ, ਕੁੱਤਾ, ਸਾਧ ਕਹਿੰਦੇ ਹੁੰਦੇ ਸੀ
ਏਨੇ ਨੂੰ ਜੋਰੇ ਕੰਨੀ ਪੈਂਦੀ ਆ ਪਾਠੀ ਸਿੰਘ ਦੀ 'ਵਾਜ਼,
ਤੇ ਜੋਰਾ ਸ਼ੁਕਰ ਮਨਾਉਂਦਾ ਰਾਤ ਬੀਤ ਜਾਣ ਦਾ
ਤੇ ਉੱਠ ਤੁਰਦਾ ਗੁਰਦੁਆਰੇ ਨੂੰ
ਤੇ ਜਦ ਘਰ ਮੁੜਦਾ ਤਾਂ ਦੋ ਧੀਆਂ ਬਾਅਦ ਸੁੱਖਾਂ ਮੰਗ ਮੰਗ ਲਿਆ
ਜੋਰੇ ਦਾ ਨਿੱਕਾ ਪੁੱਤ ਬੋਲਦਾ
"ਬਾਪੂ ਕੱਲ੍ਹ ਸ਼ੱਚਨ ਨੇ ਸ਼ੈਕੜਾ ਮਾਰਤਾ"
ਖੁੱਲ੍ਹਕੇ ਹੱਸਦਾ ਜੋਰਾ ਗਲਵੱਕੜੀ ਪਾ ਲੈਂਦਾ ਪੁੱਤ ਨੂੰ.........ਘੁੱਦਾ

No comments:

Post a Comment