Monday 23 April 2012

ਪਛੜੇ ਲੋਕ

ਇਹ ਪਛੜੇ ਅਨਪੜ ਲੋਕ ਨੇ
ਪਾਸੇ ਰਹਿ ਇਹਨਾਂ ਤੋਂ ਕਿਤੇ ਤੈਨੂੰ ਵੀ ਇਹਨਾਂ ਦਾ ਪਾਅ ਨਾ ਲੱਗਜੇ
ਮੀਂਹ ਪੈਣ ਤੇ ਇਹਨਾਂ ਨੂੰ ਪਤਾ ਨੀਂ ਲੱਗਦਾ ਬੀ ਮੌਸਮ ਰਮਾਂਟਿਕ ਹੋ ਗਿਆ
ਸਮਾਂ ਦੀ ਉਤੋਂ ਗੁਰਦਆਰੇ ਕੰਨੀਂ ਮੂੰਹ ਕਰਕੇ ਅਰਦਾਸ ਕਰਨਗੇ
ਦਾਤਾ ਮੂੰਹ ਆਈ ਰੋਜ਼ੀ ਨਾ ਖੋਹੀਂ
ਇਹਨਾਂ ਨੂੰ ਪੀਜ਼ਿਆਂ ਪਾਸਤਿਆਂ ਦੀ ਵੀ ਸੂੰਹ ਹੈਨੀ
ਪਿੱਪਲ ਦੇ ਪੱਤੇ ਨਾਲ ਪੂੜੇ ਬਣਾਉਣਗੇ
ਜਾਂ ਘਰ ਦੀ ਕਢਾਈ ਵਈ ਘਾਣੀ ਚ ਤਿੜ ਕੇ ਗੁਲਗੁਲੇ ਕੱਢਣਗੇ
ਅਖੇ ਜਵਾਕ ਖਾ ਲੈਣਗੇ ਚਾਰ ਦਿਨ
ਅਸੀਂ ਮੋਡਰਨ ਨਾਗਰਿਕ ਰੈਸਟੋਰੈਂਟ ਚ ਜਾਕੇ ਕੈਂਡਲ ਨਾਈਟ ਚ ਡਿਨਰ ਕਰੀਦਾ
ਤੇ ਇਹ ਨਿੱਤ ਮੋਮਬੱਤੀ ਬਾਲਕੇ ਲੰਗਰ ਪਾੜਨ ਆਲੀ ਜਨਤਾ ਨੂੰ ਕੈਂਡਲ ਨਾਈਟ ਦੀ ਸਾਲੀ ਫੀਲਿੰਗ ਈ ਨੀਂ ਆਉਦੀਂ
ਇਹ ਕਦੇ ਉਦੋਂ ਗਾਹਾਂ ਨੀਂ ਟੱਪੇ ਕਦੇ ਜਿੱਥੇ ਲਿਖਿਆ ਹੁੰਦਾ
ਘੁੱਦਾ - 0
ਤੇ ਅਸੀਂ ਵਾਈਟ ਹਾਊਸ ਤੋਂ ਉਰੇ ਗੱਲ ਨੀਂ ਕਰਦੇ
ਦਾਤੀ ਪੱਲੀ ਛੱਡ ਮੂੰਹ ਚੱਕੀ ਜਿਹੜਾ ਜ਼ਹਾਜ਼ ਵੇਂਹਦੇ ਹੁੰਦੇ ਨੇ ਇਹ
ਅਸੀਂ ਉਹਦੇ ਚ ਬੈਠੇ ਮੈਗਜ਼ੀਨ ਰੀਡ ਕਰਦੇ ਕਿਸੇ ਬੈਸਟ ਡੀਲ ਖਾਤਰ ਫੌਰਨ ਜਾ ਰਹੇ ਹੁੰਨੇ ਆਂ
ਮੁੜਹਕੇ ਦੀ ਗੰਦੀ ਮੁਸ਼ਕ ਆਉਦੀਂ ਆ ਇਹਨਾਂ ਚੋਂ
ਇਹਨਾਂ ਦੇ ਬੁੜੇ ਲੰਮੇ ਪੈਕੇ ਰੇਲਾਂ ਰੋਕਕੇ ਭਾਰਤੀਯ ਰੇਲ ਨੂੰ ਐਂਮੇ ਈ ਤੰਗ ਕਰੀ ਜਾਣਗੇ ਅਖੇ ਜਿਣਸਾਂ ਦੇ ਰੇਟ ਵਧਾਉ
ਕਾਣ ਨੀਂ ਜਾਂਦੇ ਅਸੀਂ ਐਹੇ ਜੇ ਦਿਆਂ ਦੀ
ਢੂਈ ਨੀਂ ਮਾਰਦੇ
ਸਬ ਹੁੰਦਿਆਂ ਸੁੰਦਿਆਂ ਵੀ ਸਾਨੂੰ ਇਹਨਾਂ ਦੀ ਇੱਕੋ ਮਾਰਦੀ ਆ ਸਾਲੀ
ਜਿਹੜਾ ਇਹ ਟਰਾਲੀ ਦੇ ਡਾਲੇ ਤੇ ਮੋਟਾ ਕਰਕੇ ਲਿਖਾਉਦੇ ਨੇ "ਅੰਨਦਾਤਾ" ...ਘੁੱਦਾ

No comments:

Post a Comment