Sunday 29 April 2012

ਨਿਆਣੇ ਦੀਆਂ ਸਧਰਾਂ

ਖੁਰਲੀ 'ਚ ਪੱਠੇ ਪਾਉਂਦੇ ਰੁਲਦੂ ਨੇ ਹੱਥ ਰੋਕ
ਟੋਕੇ ਮੂਹਰੋਂ ਨੀਰੇ ਦਾ ਟੋਕਰਾ ਭਰਦੇ ਮੱਖਣ ਨੂੰ ਕਿਹਾ
"ਬਾਈ ਜੀ ਪਰਸੋਂ ਸੌ ਕ ਰੁਪਈਆ ਦੇ ਦਿਉ,
ਜਵਾਕਾਂ ਨੇ ਬਸਾਖੀ ਆਲ਼ੇ ਮੇਲੇ ਜਾਣਾ ਦਮਦਮਾ ਸੈਹਬ"
"ਤੂੰ ਭੈਣਦੇਣਿਆ ਰੋਜ਼ ਈ ਸੌ ਸੌ ਕਰ ਕੇ ਮੰਗ ਲੈਣਾ,
ਪਰਸੋਂ ਕਹਿੰਦਾ ਸੀ ਸਿਰੀਏ ਆਲ਼ੇ ਜਾਣਾ ਕੁੜੀ ਕੋਲੇ"
"ਨਾ ਬਾਈ ਯਰ , ਬਾਈ ਬਣਕੇ ਦੇਂਦੀ ,
ਜਵਾਕ ਮੇਲਾ ਵੇਖ ਆਉਣਗੇ,ਨਾਲੇ ਮੈਂ ਜਾ ਆਉਂ"
"ਚਲ ਨੀਰਾ ਤਾਂ ਪਾਲਾ, ਕਰਲਾਂਗੇ ਗੱਲ"
ਜਵਾਂਕਾ ਦਾ ਮੇਲਾ ਮੱਖਣ ਦੇ ਸੌ ਰੁਪੈ ਤੇ ਟਿਕਿਆ ਹੁੰਦਾ
ਮੇਲੇ ਵੜਦਿਆ ਰੁਲਦੂ ਦੇ
ਮੁੰਡੇ ਨੇ ਖਿਡੌਣੇ ਆਲਾ ਕੁੱਤਾ ਵੇਖ ਲਿਆ,
ਜਿਹੜਾ ਗੇਟ ਜਾ ਖੋਲ੍ਹਕੇ ,
ਬਾਰ 'ਚ ਪਿਆ ਰੁਪਈਆ ਪੈਰ ਨਾਲ ਘੜੀਸਕੇ,
ਫਿਰ ਅੰਦਰ ਵੜ ਜਾਂਦਾ,
"ਵੇ ਬੀਰਾ ਕੈ ਪੈਸਿਆਂ ਦਾ ਕੁੱਤਾ ਜਾ?"
"ਇਹ ਤਾਂ ਪੈਸਿਆ ਆਲ਼ੀ ਬੁੱਗਣੀ ਆ ਭਾਈ"
'ਪੈਸਿਆ ਆਲ਼ੀ ਬੁੱਗਣੀ' ਸੁਣ ਕੇ ਢਿੱਲਾ ਜਾ ਮੂੰਹ ਕਰ ਲਿਆ
ਰੁਲਦੂ ਦੀ ਬਹੁਟੀ ਨੇ,
ਚਾਹ ਗੁੜ ਜੋਗੇ ਪੈਹੇ ਤਾਂ ਮਸਾਂ ਜੁੜਦੇ ਨੇ,
ਬੁਗਣੀ ਜੋਗੇ ਕਿੱਥੇ..
"ਬੇਬੇ ਬਣਕੇ ਕੁੱਤਾ ਲੈਦੇ"
"ਪੁੱਤ ਇਹ ਆਪਣੇ ਆਲਾ ਕੁੱਤਾ ਨੀਂ, ਵੱਡਿਆਂ ਦੇ ਕੰਮ ਦਾ ਆ,
ਆਪਣੇ ਕੋਲ ਤਾਂ ਇਹ ਭੁੱਖਾ ਰਹਿਜੂ"
ਬੇਬੇ ਦੀ ਸੁੱਥਣ ਖਿੱਚਦਾ ਜਵਾਕ,
ਨਾਲੇ ਘਰੂਟ ਮਾਰਦਾ ਲੱਤਾਂ ਤੇ,
ਫਿਰ ਭੁੰਜੇ ਬਹਿ ਅੱਡੀਆ ਰਗੜਦਾ
ਤੇ ਨਿਹੰਗਾਂ ਤੋਂ ਭੰਗ ਦੀ ਬਾਟੀ ਪੀ ਰੁਲਦੂ
ਆਣ ਗਰਜ਼ਦਾ ਜਵਾਕ ਤੇ , "ਮੇਰਾ ਸਾਲਾ ਕੀ ਲੱਛਣ ਕਰਦਾ , ਦਮਾਂਮਾਂ ਤੈਨੂੰ ਕੁੱਤਾ"
ਤੇ ਰੁਲਦੂ ਚਾਰ ਪੰਹ ਧਰ ਦਿੰਦਾ ਨਿਆਣੇ ਦੇ
ਤੇ ਜਵਾਕ ਪੁੱਠੇ ਜੇ ਹੱਥ ਕਰ ਅੱਖਾਂ ਪੂੰਝਦਾ
ਮੇਲਿਓਂ ਮੁੜਦਾ ਬੇਬੇ ਦੀ ਢਾਕ ਤੇ ਬੈਠਾ ,
ਬੇਬੀ ਦੀ ਚੁੰਨੀ ਨਾਲ ਅੱਖਾਂ ਪੂੰਝਦਾ
ਤੇ ਪਿੱਛੇ ਖਿਡੌਣੇ ਕੁੱਤੇ ਨਾਲ ਖੇਡਦਾ ਆਉਦਾ ਮੁੰਡਾ ਬੋਲਦਾ
"ਏ ਰੋਇਆ, ਏ ਰੋਇਆ"
ਤੇ ਸੱਚਿਓਂ ਭੁੱਬ ਨਿਕਲ ਜਾਂਦੀ ਆ ਰੁਲਦੂ ਦੇ ਜਵਾਕ ਦੀ......ਅੰਮ੍ਰਿਤ ਪਾਲ ਘੁੱਦਾ

No comments:

Post a Comment