Sunday 29 April 2012

ਹੁਣ ਭੂਸ਼ਾ ਸੋਚਦਾ

ਹੈਲੀਕਵਾਟਰ ਦੀ ਵਾਜ਼ ਸੁਣ 'ਤਾਂਹਾਂ ਨੂੰ ਝਾਕਦਾ
ਪੱਠੇ ਵੱਡਦਾ ਰੁੱਕ ਜਾਂਦਾ ਪਾਸ਼ੇ ਦਾ ਭਰਾ ਭੂਸ਼ਾ
ਤੇ ਫਿਰ ਸੋਚਦਾ ਬੀ ਇਹਦੇ ਵੀ ਆਸ਼ੇ ਟ੍ਰੈਟਰ ਵੰਗੂ ਗੇਅਰ ਹੁੰਦੇ ਹੋਣਗੇ
ਜਾਂ ਕੱਲੀਆਂ ਸੁੱਚਾਂ ਨਾਲ ਈ ਉੱਡਦਾ ਇਹ
ਇਹ ਡਿੱਗਦਾ ਡੁਗਦਾ ਕਾਹਤੋਂ ਨੀ
ਕਮਾਲ ਆ ਸੈਂਸ ਦੀ ਵੀ
ਤੇ ਫਿਰ ਬਲਦ ਵੱਲ ਝਾਕ
ਦਾਤੀ ਫੜ੍ਹ ਪੱਠੇ ਵੱਢਣ ਲੱਗਦਾ ਕਹਿੰਦਾ
"ਭੈਣ ਗੜ੍ਹਾਵੇ ਸੈਂਸ, ਸਾਨੂੰ ਕੀ ਭਾਅ"
ਜਾਂ ਜਦੋਂ ਸੌ ਰੁਪੈ ਦੀ ਪਰਚੀ ਕਟਾ
ਬੇਬੇ ਦਾ ਟਾਈਫੈਟ ਦਿਖਾਉਣ ਖਾਤਰ
ਹਸਪਤਾਲ 'ਚ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਤਾਂ ਇਹੋ ਸੋਚਦਾ
ਸਾਲਾ ਇੱਕ ਦਿਹਾੜੀ ਦੇ ਪੈਹੇ ਤਾਂ ਲੱਗ ਵੀ ਗਏ
ਨਾਲ ਆਇਆ ਭੂਸ਼ੇ ਦਾ ਜਵਾਕ ਬੀ.ਪੀ ਚੈੱਕ ਕਰਨ ਆਲ਼ੀ ਮਸ਼ੀਨ ਦਾ ਬਲੈਡਰ ਵੇਖ ਕੇ ਸੋਚਦਾ
ਬੀ ਭੜਾਕਾ ਪਊ ਇਹਦਾ ਤਾਂ
ਜਾਂ ਕੰਧ ਤੇ ਲੱਗੀ ਆਈਫਲ ਟਾਵਰ ਦੀ ਫੋਟੋ ਵੇਖ ਕਹਿੰਦਾ
"ਇਹਦੇ 'ਚ ਤਾਂ ਪਤੰਗ ਅੜਿਆ ਲੈ"
ਪਿੰਡ ਆਲੀ ਬੱਸ 'ਚ ਬੈਠਿਆਂ ਜਵਾਕ ਸੀਸੇ ਵਿੱਚ ਦੀ
ਕਿਸੇ ਕੋਨਵੈਂਟ ਸਕੂਲ ਦਾ ਵੱਡਾ ਫਲੈਕਸ ਬੋਰਡ ਵੇਖਦਾ ਤੇ ਕਹਿੰਦਾ
"ਭਾਪਾ ਆਹ ਤਕੂਲ ਕਿੰਨਾ ਸੋਹਣਾ"
ਤਾਂ ਭੂਸ਼ਾ ਜਵਾਕ ਦਾ ਮੂੰਹ ਦੂਜੇ ਪਾਸੇ ਨੂੰ ਭੁਆਕੇ
ਜਵਾਕ ਦਾ ਧਿਆਨ ਸੰਤਰੇ ਆਲੀਆਂ ਟੌਫੀਆਂ 'ਚ ਲਾ ਦਿੰਦਾ
ਤੇ ਘਰੇ ਆਕੇ ਭੂਸ਼ੇ ਦਾ ਜਵਾਕ ਵੱਡੇ ਭਰਾ ਨੂੰ ਟੌਫੀਆਂ ਦਿੰਦਾ
"ਲੈ ਬਾਈ ਆਪਾਂ ਟੌਪੀਆਂ ਖਾਈਏ"..... ਘੁੱਦਾ


No comments:

Post a Comment