Saturday 28 May 2016

ਹਨੀਮੂਨ

ਕੇਰਾੰ ਏਮੇੰ ਜਿਮੇੰ ਤਾਇਆ ਨਾਏ ਤਾਈ ਅਰਗੀਆੰ ਅੰਦਰ ਬੈਠੇ ਟੀਬੀ ਦੇਖੀ ਜਾਣ। ਤਾਇਆ ਬਿੱਡਾੰ ਤੇ ਜਵਾਕਾੰ ਅੰਗੂ ਲੱਤਾੰ ਲਕਮਾਈ ਬੈਠਾ। ਸਾਡੇਆਲਾ ਨਿੱਕਾ ਗਰਨੈਬ ਵੀ ਲਿਵੇ ਈ ਬੈਠਾ ਸੀਗਾ।
ਹਿੰਦੀ ਨਾਟਕ ਚੱਲੇ ਭਰਾਵਾ। ਨਮੇੰ ਬਿਆਹੇ ਕੁੜੀ ਮੁੰਡਾ ਕਾਰ 'ਚ ਬਹਿਗੇ। ਸ਼ਰਦਈ ਜੀ ਸਾੜ੍ਹੀ ਆਲੀ ਬੁੜ੍ਹੀ ਕਹਿੰਦੀ," ਰਾਧਿਕਾ ਬੈਠੀ ਔਰ ਦਮਾਦ ਜੀ ਹਨੀਮੂਨ ਪਰ ਜਾ ਰਹੇ ਹੈੰ"। 
ਸਾਡੇਆਲਾ ਨਿੱਕਾ ਝੇਪ ਮੰਨ ਗਿਆ। ਹਾੰਅਅ ਕੀ ਏਹਨੇ ਚੈਨਲ ਬਦਲਤਾ। ਕੁਜਰਤੀਏੰ ਜੂਜੇ ਚੈਨਲ ਤੇ ਵੀ ਓਹੋ ਜਾ ਨਾਟਕ ਚੱਲੀ ਜਾਵੇ। ਓਹ ਆਖਣ,"ਰਾਹੁਲ ਬੇਟਾ ਹਨੀਮੂਨ ਪੇ ਗਿਆ ਹੈ"।
ਤਾਈ ਨੂੰ ਐੰ ਜਚਗੀ ਬੀ ਖੌਣੀ ਹਨੀਮੂਨ ਕਿਸੇ ਜਗ੍ਹਾੰ ਦਾ ਨੌੰ ਆ। ਓਹੀ ਗੱਲ ਤਾਈ ਨੇ ਤਾੰ ਤਾਏ ਨੂੰ ਪੁੱਛ ਕਿਓੰ ਨਾ ਲਿਆ। ਕਹਿੰਦੀ,"ਹੈੰ ਜੀ ਬੋਲਦੇ ਨੀੰ, ਹਨੀਮੂਨ ਕਿੱਥੇ ਜੇ ਆ ਭਲਾੰ ਦੀ"।
ਤੈਨੂੰ ਪਤਾ ਤਾਏ ਨੇ ਟਰੱਕਾੰ ਦੀ ਡਰੈਬਰੀ ਕਰੀ ਆ ਕੈਅ ਸਾਲ। ਤਾਏ ਨੇ ਚਿੱਤ 'ਚ ਕਿਹਾ ਬੀ ਜੇ ਕਹਿਤਾ ਬੀ ਪਤਾ ਨੀੰ ਤਾੰ ਹਾਨੀ ਆ। ਅਗਲੀ ਕਹੂ ਸਾਰਾ ਮੁਲਖ ਗਾਹਤਾ ਤੈਨੂੰ ਹਨੀਮੂਨ ਦਾ ਈ ਨੀੰ ਪਤਾ ਬੀ ਕਿੱਥੇ ਜੇ ਆ।
ਤਾਇਆ ਕਹਿੰਦਾ," ਹਨੀਮੂਨ ਗਿਆੰ ਮੈੰ ਕਈ ਆਰੀ, ਕੁਰਕਸ਼ੇਤਰ ਦੇ ਪੈਲੇ ਪਾਸੇ ਆ। ਬਾਬੇ ਹਨੂੰਮਾਨ ਦਾ ਮੰਦਰ ਆ ਓਥੇ, ਪੂਰਾ ਡਬਲ। ਆਈ ਮੱਸਿਆ ਤਕੜਾ ਮੇਲਾ ਭਰਦਾ।" ਸਾਡੇਆਲਾ ਵੱਖੀਆੰ ਫੜ੍ਹੀ ਬਾਹਰ ਨੂੰ ਤੁਰਿਆ ਆਵੇ। ਐਹੇ ਜੇ ਹੁੰਦੇ ਆ ਪਿੰਡਾੰ ਆਲੇ ਨੈਵੀਗੇਟਰ......ਘੁੱਦਾ

ਸੋਸ਼ਲ ਮੀਡੀਆ

ਪਹਿਲੋ ਪਹਿਲ ਔਰਕੁੱਟ ਜ਼ਰੀਏ ਨੈੱਟ ਨਾਲ ਵਾਹ ਪਿਆ।  ਸਕਰੈਪ ਹੁੰਦੇ ਸੀ। ਫੇਰ ਫੇਸਬੁੱਕ ਦਾ ਦੌਰ ਆਇਆ। ਟਵਿੱਟਰ, ਵੱਟਸਅੱਪ, ਇੰਸਟਾਗਰਾਮ ਚੱਲੇ ਤੇ ਦੁਨੀਆੰ ਉਲਝਗੀ।  ਮੁਲਖ ਟੱਬਰ ਨਾਲੋੰ ਵੱਧ ਸਮਾੰ ਸੋਸ਼ਲ ਮੀਡੀਏ ਨੂੰ ਦਿੰਦਾ। ਕੋਲ ਬੈਠੇ ਬੰਦੇ ਨਾਲ ਗੱਲਾੰ ਕਰਨ ਦੀ ਬਜਾਏ ਚੈਟ 'ਚ ਬੈਠੇ ਬੰਦੇ ਨੂੰ ਵੱਧ ਤਵੱਜੋੰ ਦਿੱਤੀ ਜਾੰਦੀ ਆ। ਅੱਗੇ ਵਿਆਹਾੰ ਪਰੋਗਰਾਮਾੰ ਤੇ ਜਾਕੇ ਰਿਸ਼ਤੇਦਾਰ ਮਿਲਦੇ ਤੇ ਪੁੱਛਦੇ,"ਫੂਲ ਆਲਾ ਫੁੱਫੜ ਨੀੰ ਦੀੰਹਦਾ ਕਿਤੇ, ਫਲਾਣੀ ਮਾਸੀ ਕਿੱਥੇ ਆ ਮਿਲੀ ਨੀੰ"। ਹੁਣ ਅਗਲਾ ਜਾਣਸਾਰ ਇਹ ਦੇੰਹਦਾ ਬੀ ਕਿਹੜੀ ਥੌੰ ਖੜ੍ਹਕੇ ਫੋਟੋ ਵਧੀਆ ਆਊ। ਪੰਜ ਸੱਤ ਜਣੇ ਲੈਨੋਬਾਰ ਖੜ੍ਹਾਕੇ ਆਖਣਗੇ ਚਲੋ ਸਲਫੀ ਲੈ ਲੀਏ ਕੇਰਾੰ। 
ਨਿੱਕਾ ਜਵਾਕ ਪਿਓ ਦੇ ਢਿੱਡ ਤੇ ਬੈਠਾ ਚੌੜ ਕਰੀ ਜਾੰਦਾ ਹੋਊ ਤੇ ਪਿਓ 'ਗਾਹਾੰ ਕਿਸੇ ਹੋਰ ਮਾੰ ਨਾਲ ਚੈਟ ਤੇ ਲੱਗਾ ਬਾ ਹੁੰਦਾ। ਸਟੇਟਸ ਚਾੜ੍ਹਨਗੇ ਅਕੇ,"ਮਾੰ ਬੋਲੀ ਨੂੰ ਖਤਰਾ"। ਖਤਰਾ ਆਪੇ ਈ ਆ ਜਦੋੰ ਜਵਾਕਾੰ ਨੁੂੰ ਟੈਮ ਨਾ ਦਿੱਤਾ। 
ਥੋਡੇ ਸਟੇਟਸ ਜਾੰ ਫੋਟੋ ਤੇ ਕਿੰਨੇ ਹਜ਼ਾਰ ਲਾਈਕ ਜਾੰ ਕਮਿੰਟ ਆਉੰਦੇ ਆ, ਇਹ ਗੱਲ ਮਾਇਨੇ ਨਹੀੰ ਰਖਦੀ। ਥੋਨੂੰ ਪਿੰਡ 'ਚੋੰ ਲੰਘਦਿਆੰ ਨੂੰ ਕਿੰਨੇ ਬੰਦੇ ਹੱਥ ਖੜ੍ਹਾ ਕਰਕੇ ਚਾਹ ਪੁੱਛਦੇ ਨੇ ਇਹ ਗੱਲ ਵੱਧ ਖਾਸ ਆ।  ਰਿਸ਼ਤੇਦਾਰ ਘਰੇ ਮਿਲਣ ਆਉੰਦਾ। ਜੰਤਾ ਆਵਦਾ ਫੂਨ ਕੱਢਕੇ ਫੇਸਬੁੱਕ ਖੋਲ੍ਹਕੇ ਬਹਿ ਜਾੰਦੀ ਆ। ਅਗਲਾ ਕੋਚਰੀ ਅੰਗੂ ਝਾਕੀ ਜਾੰਦਾ ਹਾਰਕੇ ਤਲੇ ਕਾਜੂਆੰ ਨਾ ਬੱਤਾ ਪੀਕੇ ਮੁੜ ਜਾੰਦਾ। ਸਾਰਿਆੰ ਨੂੰ ਅਹਿਮੀਅਤ ਦਿਓ। ਤਕਨੌਜਲੀ ਨਹੀੰ ਮਾੜੀ, ਵਰਤਣ ਦਾ ਤਰੀਕਾ ਮਾੜਾ
ਜੰਤਾ ਪਾਲਸ਼ਾ ਵੀ ਬਾਹਲੀਆੰ ਮਾਰਦੀ ਆ। ਰਾਹ ਜਾੰਦੇ ਫੇਸਬੁੱਕੀਏ ਨੂੰ ਦੂਜਾ ਫੇਸਬੁੱਕੀਆ ਟੱਕਰਜੇ , ਓਹਦੇ ਨਾਲ ਪੰਜ ਸੱਤ ਮਿੰਟ ਗੱਲਾੰ ਕਰਕੇ, ਫੋਟੋ ਖਿੱਚਕੇ ਨੈੱਟ ਤੇ ਪਾਕੇ ਨਾਲ ਲਿਖਣਗੇ ,"ਅੱਜ ਫਲਾਣਾ ਬਾਈ ਟੱਕਰਿਆ ਬਹੁਤ ਕੁਸ ਸਿੱਖਣ ਨੂੰ ਮਿਲਿਆ"। ਪੰਜਾੰ ਸੱਤਾੰ ਮਿੰਟਾੰ 'ਚ ਖੌਣੀ ਕਿਹੜਾ ਰਿਗਵੇਦ ਸਿਖਾ ਜਾੰਦੇ ਆ ਏਹੇ.....ਘੁੱਦਾ

ਮੇਰੀ ਬੇਬੇ

ਮੇਰੇ ਨੌੰ ਦੇ ਵਿੱਚ ਈ ਮੇਰੀ ਬੇਬੇ ਦਾ ਨੌੰ ਨਿੱਕਲ ਆਉੰਦਾ 'ਪਾਲ ਕੌਰ'। ਸਾਢੇ ਚਾਰ ਜਮਾਤਾੰ ਪੜ੍ਹੀ ਬੇਬੇ ਨੂੰ ਬਸ ਆਵਦੇ ਦਸਤਖ਼ਤ ਈ ਕਰਨੇ ਆਉੰਦੇ ਨੇ, ਪੱਪੇ ਕੰਨਾ ਲੱਲਾ ,ਪਾਲ। ਔਰਤ ਬਸ਼ੱਕ ਨੱਬੇ ਸਾਲ ਦੀ ਹੋਜੇ ਪੇਕਿਆੰ ਦੇ ਪਿੰਡ 'ਕੁੜੀ' ਈ ਸਮਝੀ ਜਾੰਦੀ ਆ। ਤਾੰਹੀ ਬੇਬੇ ਆੰਹਦੀ ਹੁੰਦੀ ਆ ਮੈੰ ਫਿਰੋਜ਼ਪੁਰ ਦੇ ਸੰਧੂਆੰ ਦੀ ਕੁੜੀ ਆੰ। 
ਜਿਹੜਾ ਕੁਛ ਲਿਖਤਾੰ 'ਚ ਲਿਖੀਦਾ ਏਹਦੇ 'ਚੋੰ ਬਾਹਲੇ ਲਫਜ਼ ਮੇਰੀ ਬੇਬੇ ਦੇ ਹੁੰਦੇ ਨੇ।
ਲੱਖ ਸਿਆਣੇ ਬਣੇ ਜਈਏ ਪਰ ਨਿੱਕੇ ਹੁੰਦਿਆੰ ਬੇਬੇ ਨੇ ਬਥੇਰੀ ਛਤਰੌਲ ਕਰੀ ਆ। ਬਹੁਕਰ ਪੁੱਠੇ ਪਾਸਿਓੰ ਫੜ੍ਹਕੇ ਜਿੱਥੇ ਪੈੰਦੀ ਆ ਪੈਣਦੇ। ਮੋਹ, ਪਿਆਰ, ਗਾਹਲਾੰ, ਖਿਆਲ, ਸਲਾਹਾੰ, ਫਿਕਰ, ਦਾ ਸੁਮੇਲ ਹੁੰਦੀਆੰ ਬੇਬੇ ਅਰਗੀਆੰ। ਬੇਬੇ ਸਾਡੀ ਨਿੱਕੇ ਮੋਟੇ ਵਹਿਮ ਜੇ ਵੀ ਕਰਦੀ ਆ। ਟੋਕ ਜ਼ਰੂਰ ਦਈਦਾ ਪਰ ਰੋਕੀਦਾ ਨਹੀੰ। ਰੋਕੇ ਤੋੰ ਬੇਬੇ ਸਿਰੋਪੇ ਪਾ ਦੇਦੀੰ ਆ। ਮੈੰ ਕੱਚਾ ਜਾ ਧੂੰਆੰ ਮਾਰਕੇ ਚੁੱਪ ਕਰ ਜਾਨਾੰ ਹੁੰਨਾ।
ਨਿੱਕੇ ਮੋਟੇ ਕੰਮਾੰ ਦਾ ਸੌ ਖਿਆਲ ਹੁੰਦਾ।
ਲੋਹੇ ਦੇ ਮੰਜਿਆੰ ਦੀਆੰ ਬਾਹੀਆੰ ਤੇ ਗੱਟੇ ਕੱਟਕੇ ਸਿਓਣੇ ਬੀ ਜਰ ਨਾ ਲੱਗੇ, ਵਾਣ ਦਿਆੰ ਮੰਜਿਆਂ 'ਤੇ ਲੀੜੇ ਲਾਉਣੇ, ਹੱਥ ਤੇ ਗਿੱਲਾ ਪੋਣਾ ਵਲ੍ਹੇਟ ਕੇ ਧੰਦੂਰੇ ਰੋਟੀਆੰ ਲਾਉਣੀਆੰ, ਹੱਥੋੰ ਡਿੱਗੇ ਪੇੜੇ ਨੂੰ ਚਿੜੀਆੰ ਖਾਤਰ ਕੋਠੇ ਤੇ ਸਿੱਟਣਾ , ਬਰੈੰਡਾੰ ਦੇ ਯੁੱਗ 'ਚ ਨਮੇੰ ਜੰਮੇ ਪੋਤੇ ਦੋਹਤੇ ਖਾਤਰ ਸਬਾਟਰ ਬੁਣਨੇ, ਗੱਭ ਪਸੂਆੰ ਦੀਆੰ ਤਰੀਕਾੰ ਚੇਤੇ ਰੱਖਣਗੀਆੰ, ਪੀਹਣ ਕਰਕੇ ਦਾਣੇ ਢੋਲਾੰ 'ਚ ਪਾਉਣੇ ।
ਅੈਨੀਵੇਅ ਨੋ ਮੋਰ ਲੈੰਥੀ ਸਟੇਟਸ...ਨਥਿੰਗ ਅਬੱਵ ਮਦਰਜ਼.....ਹੈਪੀ ਮਦਰਜ਼ ਡੇ.....ਘੁੱਦਾ

ਖੁਦਕੁਸ਼ੀਆੰ

ਮਸਲੇ ਹੱਦੋੰ ਵੱਧ ਗੰਭੀਰ ਨੇ। ਹੁਣ ਤੀਕ ਖੁਦਕੁਸ਼ੀਆੰ ਕਰ ਗਏ ਕਿਰਸਾਨਾੰ ਦੇ ਟੱਬਰਾੰ ਨਾਲ ਮੈੰ ਤੂੰ ਸਿਰਫ ਹਮਦਰਦੀ ਕਰ ਸਕਦੇ ਆੰ, ਏਦੂੰ ਵੱਧ ਕੁਛ ਨਈੰ ਕਰਨ ਜੋਕਰੇ। ਮੁਆਵਜ਼ੇ 'ਚ ਮਿਲਿਆ ਪੈਸਾ ਕੁਛ ਸਮੇੰ ਦੀਆੰ ਲੋੜਾੰ ਪੂਰੀਆੰ ਕਰ ਸਕਦਾ। ਪਰ ਕੰਧ ਤੇ ਟੰਗੀ ਫੋਟੋ 'ਚ ਬੈਠੇ ਜਗਸੀਰ ਸਿਓੰ ਨੂੰ ਜਿਓੰਦਾ ਨਈੰ ਕਰ ਸਕਦਾ।
ਪਹਿਲੋ ਪਹਿਲ ਖੁਦਕੁਸ਼ੀਆੰ ਦੀ ਵਿਰਲੀ ਖ਼ਬਰ ਛਪਦੀ ਸੀ । ਹੁਣ ਅਖਬਾਰ ਡੱਟੇ ਪਏ ਆ। ਖਬਰ ਰੋਜ਼ ਓਹੀ ਹੁੰਦੀ ਆ ਬਸ ਮ੍ਰਿਤਕ ਦੀ ਫੋਟੋ ਨਿੱਤ ਨਵੀੰ। ਇੱਨਸੈੱਟ ਫਾਈਲ ਫੋਟੋ। ਕਹਾਣੀ ਇੱਕੋ ਕਰਜ਼ਾ, ਬੈੰਕ, ਕੁਰਕੀ,ਸਲਫਾਸ ਫਾਹਾ।
ਸਟੇਟਸ ਆਪਣੇ ਲਈ ਆ, ਜਿਹੜੇ ਅੱਜ ਜਿਓਣੇ ਆੰ, ਹੁਣ ਸਾਹ ਲੈ ਰਹੇ ਆੰ। ਸਾਰੇ ਆਖਣਗੇ ਸਰਕਾਰ ਮਾੜੀ ਆ। ਹਾੰ ਹੈਗੀ ਆ, ਕੋਈ ਸ਼ੱਕ ਨਈੰ। ਨੱਕਾ ਯਾਹੁਣ ਸਰਕਾਰਾੰ ਖੜ੍ਹਕੇ। ਸਰਕਾਰਾੰ ਦੇ ਸਿਰ ਚੜ੍ਹਕੇ ਕਿਓੰ ਮਰਦੇੰ ਆੰ? ਓਹਨ੍ਹਾੰ ਦਾ ਕੀ ਬਣੂ ਬਚਾਰੀਆੰ ਦਾ ਜਿਹੜੀਆੰ ਗੁਰੂ ਦੀ ਹਜ਼ੂਰੀ 'ਚ ਲਾਵਾੰ ਲੈਕੇ ਆਈਆੰ ਹੁੰਦੀਆੰ। ਨਾ ਪੇਕਿਆੰ ਜੋਗਰੀਆੰ ਨਾ ਸਹੁਰਿਆੰ ਜੋਗਰੀਆੰ। ਕਰਜ਼ਾ ਸਾਰਿਆੰ ਤੇ ਹੁੰਦਾ। ਦਾਅਵੇੇ ਨਾ ਕਹਿ ਸਕਦਾੰ ਮੇਰੀ ਫਰੈੰਡਲਿਸਟ 'ਬੈਠੇ 70 ਪਰਸਿੰਟ ਲੋਕਾੰ ਤੇ ਕਰਜ਼ਾ ਹੋਊ। ਜਮ੍ਹਾੰਬੰਦੀਆੰ ਫਰੋਲੋ ਪੰਜਾਬ ਦੀਆੰ ਸਾਰੇ ਵਾਹਣ ਆੜ ਰਹਿਨ ਨੇ। ਪਲੱਜ ਨੇ।
ਜਦੋੰ ਅੱਡੀਆੰ ਚੱਕਕੇ ਹੂਲੇ ਫੱਕਦੇ ਆੰ, ਓਦੋੰ ਮਰਦੇ ਆੰ। ਐੰ ਨਈੰ ਦੇਖਦੇ ਬੀ ਮੁਲਖ ਬੱਸਾੰ ਤੇ ਵੀ ਚੜ੍ਹਦਾ, ਐੰ ਦੇਖਦੇ ਆ ਬੀ ਫਲਾਣਾ ਸ਼ਰੀਕ ਬਲੈਰੋ ਲਿਆਇਆ ਮੈੰ ਵੀ ਲਿਆਉਣੀ ਆ॥ ਨੀਵੇੰ ਵੱਲ ਨਈੰ ਝਾਕਦੇ। 
ਨੌੰ ਵੱਜਦੇ ਤੀਕ ਚਿੱਤੜ ਤਾੰਹਾੰ ਕਰਕੇ ਸੁੱਤੇ ਰਹਿਣਗੇ। ਉੱਠਕੇ ਸਟੇਟਸ ਪਾਓਣਗੇ 'ਹਾਏ ਕਰਜ਼ਾ'। ਮਿਹਨਤਾੰ ਕਰਾੰਗੇ ਤਾੰ ਕੁਛ ਬਣੂ। ਮਰਨਾ ਕਿਸੇ ਮਸਲੇ ਦਾ ਹੱਲ ਨਈੰ। 
ਇਤਿਹਾਸ ਫਰੋਲੋ। ਕੁੱਪ ਰੋਹੀੜਾ, ਕਾਹਨੂੰਵਾਨ ਦੀ ਛੰਭ ਪੜ੍ਹੋ। ਅੱਤ ਜ਼ਾਬਰ ਸਰਕਾਰਾੰ ਹੇਠ ਵੀ ਕੌਮ ਕਿਵੇੰ ਜਿਓੰਦੀ ਰਹੀ। ਸੰਤਾਲੀ ਚੁਰਾਸੀ ਸਮੇੰ ਭਰੇ ਘਰਾੰ ਨੂੰ ਛੱਡ ਫੇਰ ਪੈਰਾੰ ਸਿਰ ਹੋਏ। ਲੰਮੀ ਗੱਲ ਨੀੰ ਕਰਨੀੰ।
ਇੱਕ ਜਣਾ ਖੁਦਕੁਸ਼ੀ ਕਰੂ, ਪੀੜ੍ਹੀਆੰ ਤੱਕ ਮਿਹਣਾ ਬਣੂ।
ਸੱਥ 'ਚ ਖੜ੍ਹਾ ਕੋਈ ਪੁੱਛੂ 'ਕੀਹਦਾ ਮੁੰਡਾ ਓਏ ਤੂੰ?"
"ਬੂਟੇ ਦਾ" । "ਹੱਛਾ ਜਿਹੜਾ ਫਾਹਾ ਲੈਕੇ ਮਰਿਆ ਸੀ"
ਸਰਬੰਸਦਾਨੀ ਕੌਮ ਨੂੰ ਬਲ ਬਖ਼ਸ਼ੇ.....ਘੁੱਦਾ

ਬਾਣੀ

ਨਿੱਕੇ ਹੁੰਦੇ ਮੈੰ, ਸਾਡੇਆਲਾ ਵੱਡਾ ਤੇ ਨਿੱਕਾ ਗਰਨੈਬ ਫਿਰੋਜ਼ਪੁਰ ਲਿਵੇ ਅਰਮਾਨਪੁਰੇ ਪੜ੍ਹਦੇ ਹੁੰਦੇ ਸੀ। ਹੋਸਟਲ ਸੀਗਾ। ਆਥਣੇ ਗੁਟਕੇ ਫੜ੍ਹਕੇ ਰਹਿਰਾਸ ਦਾ ਪਾਠ ਕਰਦੇ। ਸਹਿਜ ਸੁਭਾਅ ਪੜ੍ਹੀ ਬਾਣੀ ਹੁਣ ਤੀਕ ਜ਼ੁਬਾਨੀ ਚੇਤੇ ਆ। ਪਿੰਡ 'ਚ ਤੁਰੇ ਫਿਰਦੇ ਜਦੋੰ ਸਪੀਕਰੋੰ ਬਾਣੀ ਸੁਣਦੇ ਆੰ ਓਦੋੰ ਓਥੋੰ ਈ ਅਗਲੀ ਤੁਕ ਚੱਕ ਲਈਦੀ ਆ ਤੇ ਬਰੋਬਰ ਪਾਠ ਕਰ ਲਈਦਾ। ਛੇਮੀੰ ਸੱਤਮੀੰ ਵੇਲੇ ਤੜਕੇ ਚਾਰ ਵਜੇ ਗੁਰੂ ਘਰ ਜਾਕੇ ਸਪੀਕਰ 'ਚ ਜਪੁਜੀ ਸਾਹਿਬ ਦਾ ਪਾਠ ਪੜ੍ਹਦੇ ਰਹੇ। 
ਫੇਰ ਇੱਕ ਲਿਹਾਜ਼ੀ ਬਾਬਾ ਕਹਿੰਦਾ ਨਿੱਕਿਆ,"ਗੁਰੂ ਗ੍ਰੰਥ ਸਾਹਿਬ ਪੜ੍ਹ"। ਤਰੇਲੀਆੰ ਆਗੀਆੰ ਬੀ ਬਹੁਤ ਵੱਡਾ ਕੰਮ ਆ। ਵਾਕ ਗਵਾਚ ਜਾੰਦਾ ਸੀ, ਅੰਗ ਤੇ ਉੰਗਲ ਧਰਕੇ ਪਾਠ ਕਰਦੇ ਸੀ। ਪ੍ਰਕਾਸ਼ ਕਰਨਾ, ਵਾਕ ਲੈਣਾ ਤੇ ਸੁਖਆਸਣ ਕਰਨਾ।
ਗੁਰਬਾਣੀ ਨੂੰ ਪੜ੍ਹਨ ਦਾ ਕੀ ਅਨੰਦ ਹੁੰਦਾ, ਲਿਖਿਆ ਨਈੰ ਜਾ ਸਕਦਾ ਬਸ ਮੌਕੇ ਤੇ ਈ ਪਤਾ ਲੱਗਦਾ। ਕਾੰਟ ਡੀਫਾਇਨ ਇਨ ਫਿਊ ਵਰਡਜ਼। 
ਬਾਣੀ ਸਾਡੇ ਘਰਾੰ ਦਾ ਹਿੱਸਾ ਈ ਸਮਝ। ਆਥਣੇ ਬੇਬੇ ਹੋਰੀੰ ਕਹਿੰਦੀਆੰ," ਕੁੜੀਓ ਲੈਟਾੰ ਜਗਾਲੋ ਨੀੰ ਰਹਿਰਾਸ ਦਾ ਵੇਲਾ"। ਹੁਣ ਕਈ ਸਾਲ ਹੋਗੇ ਸੀ ਪਾਠ ਨਈੰ ਕਰਿਆ। 
ਹੁਣ ਥੋਡੀ ਭਰਜਾਈ ਬਗੈਰ ਨਾਗੇ ਤੋੰ ਨਿੱਤ ਲਾਜ਼ਮੀ ਪਾਠ ਕਰਦੀ ਆ। ਓਹਦੀ ਰੀਸ ਕਰਨੀ ਸ਼ੁਰੂ ਕਰਨੀ ਆ ਫੇਰ, ਬਾਬਾ ਸੁੱਖ ਰੱਖੇ......ਘੁੱਦਾ

ਅਸਲ ਵਾਰਿਸ

ਜ਼ਰੂਰੀ ਨਹੀੰ ਹੁੰਦਾ ਹਰੇਕ ਮੁੱਦੇ ਤੇ ਈ ਲਿਖਿਆ ਜਾਵੇ। ਵਿਦਵਾਨ ਬਾਹਲੇ ਜੰਮਪੇ ਤੇ ਸਰੋਤੇ ਘੱਟ ਨੇ। ਢੱਡਰੀਆੰਆਲੇ ਵਰਸਜ਼ ਧੁੰਮਾੰ। ਰਾਜਨੀਤੀ ਪੜ੍ਹੋ, ਸਮਝੋ ਤੇ ਫੇਰ ਸਟੇਟਸ ਲਿਖੋ। ਬੇਹੱਦ ਮਹੀਨ ਮੁੱਦਿਆੰ ਤੇ ਸ਼ੁਰਲੀਆੰ ਨਾ ਛੱਡੋ। ਜਿੰਨਾੰ ਗਿਆਨ ਆ ਓਨੀ ਗੱਲ ਕਰੋ। ਲੀਵ ਇੱਟ। ਹੋਰ ਗੱਲ ਸੁਣਾਉਣਾ। ਲਿਸਨ
ਅੱਜ ਤੜਕੇ ਅੱਠ ਸਾਢੇ ਅੱਠ ਵਜੇ ਮੈੰ ਬਠਿੰਡੇ, ਡੱਬਆਲੀ ਰੋਡ ਤੇ ਫਾਟਕਾੰ ਕੋਲ ਖੜ੍ਹਾ ਪਿੰਡ ਦੀ ਬੱਸ ਓਡੀਕ ਰਿਹਾ ਸੀ। 
ਸੜਕ ਤੋੰ ਹਟਵੀੰ ਨਿੰਮ ਦੇ ਮੁੱਢ 'ਚ ਦੋ ਤੌੜੇ ਪਏ ਸੀ। ਤੌੜਿਆੰ ਤੇ ਲੀਟਰ ਮੂਧਾ ਮਾਰਿਆ ਵਾ ਸੀ। ਨੰਘਦੇ ਟੱਪਦੇ ਲੋਕ ਓਕ ਲਾਕੇ ਪਾਣੀ ਪੀੰਦੇ ਤੇ ਚੱਪਣ ਨਾਲ ਤੌੜਾ ਕੱਜ ਦੇਦੇੰ। ਪਰਲੇ ਪਾਸਿਓੰ ਕੱਚੇ ਰਾਹ ਤੋੰ ਟਰਾਈਸੈਕਲ ਤੇ ਬੰਦਾ ਆਇਆ। ਪੋਲਿਓ ਹੋਇਆ ਵਾ ਸੀ। ਦੋਵੇੰ ਲੱਤਾੰ ਤੋੰ ਆਹਰੀ ਸੀ। ਮੇਰੇ ਕੋਲ ਆਕੇ ਓਹਨੇ ਤਿੰਨ ਪਹੀਆ ਸੈਕਲ ਰੋਕ ਲਿਆ। ਪਾਣੀ ਨਾਲ ਭਰੀ ਵੀਹ ਲੀਟਰ ਦੀ ਨੀਲੀ ਕੇਨੀ ਓਹਦੇ ਸੈਕਲ ਤੇ ਪਈ ਸੀ। ਮੈਨੂੰ ਕਹਿੰਦਾ ਬਾਈ ਆਹ ਕੇਨੀ ਚੱਕਕੇ ਤੌੜਿਆੰ 'ਚ ਪਾਣੀ ਲੱਦਦੇ। ਮੇਰੇ ਪੁੱਛਣ ਤੇ ਓਹਨੇ ਦੱਸਿਆ ਮੇਰਾ ਏਹੀ ਨੇਮ ਆ। ਘਰੋੰ ਪਾਣੀ ਲਿਆਕੇ ਨਿੱਤ ਤੌੜੇ ਭਰਦਾੰ। ਸੱਜੇ ਹੱਥ ਨਾਲ ਪੈਡਲ ਜੇ ਮਾਰਕੇ ਬਾਈ ਫਾਟਕਾੰ ਤੋੰ ਪਾਰ ਟੱਪ ਗਿਆ। ਮਖਾ ਨਥਿੰਗ ਟੂ ਸੇਅ, ਹੇਟਸ ਔਫ। ਭਾਈ ਘਨ੍ਹਈਏ ਦੇ ਅਸਲ ਵਾਰਿਸ.....ਪੰਜਾਬ ਜ਼ਿੰਦਾਬਾਦ....ਘੁੱਦਾ