Friday 26 February 2016

ਛੰਦ

ਸਲਫਾਸ, ਰੱਸੇ ,ਸਪਰੇਹਾੰ
ਨਾ ਮਰੀਆੰ ਪੀ ਪੀ ਤੇਹਾੰ
ਲਮਕਣ ਛੇ ਛੇ ਫੁੱਟੀਆੰ ਦੇਹਾੰ
ਵੱਜਿਆ ਗਜ਼ਬ ਕਿਸਾਨੀ ਨੂੰ

ਕਰਕੇ ਮਾਪਿਆੰ ਨੂੰ ਫੋਰਸ
ਕਰਦੇ ਬਾਹਰ ਜਾਣ ਦੇ ਕੋਰਸ
ਹੈਨੀ ਇਨਕਮ ਦੇ ਕੋਈ ਸੋਰਸ
ਬੇਰੁਜ਼ਗਾਰ ਜਵਾਨੀ ਨੂੰ

ਜੌਬਾੰ ਲੱਭਦੇ ਕਨਫੋਰਟੇਬਲ
ਹੈਨੀ ਕਿਸੇ ਕੰਮ ਦੇ ਏਬਲ
ਹੋਵੇ ਕੁਰਸੀ ਮੂਹਰੇ ਟੇਬਲ
ਮਨਸ਼ਾ ਵੱਡੀ ਰੱਖਦੇ ਆ

ਉੰਗਲਾੰ ਵਿੱਚ ਸਿਗਰਟਾੰ ਫੜ੍ਹੀਆੰ
ਜਾਬ੍ਹਾੰ ਅੰਦਰ ਨੂੰ ਹਨ ਵੜੀਆੰ
ਫੁੱਲ ਡੋਜ਼ਾੰ ਅੱਖਾੰ ਖੜ੍ਹੀਆੰ
ਮੂੰਹ ਜਾ ਟੱਡੀ ਰੱਖਦੇ ਆ

ਲਹਿਗੀ ਗੁੱਤ ਤੇ ਬਣਗੀ ਪੋਨੀ
ਛੱਡਗੇ ਕੌਡੀ ਚੇਤੇ ਧੋਨੀ
ਖਿੱਚੜੀ ਦੀ ਥਾੰ ਮਕਰੋਨੀ
ਬਣਗੀ ਖਈਆ ਲੋਕਾੰ ਦਾ

ਤਾਰਾੰ ਵਿੱਚਦੀ ਪੈਪ ਟਪਾਉੰਦੇ
ਪੈਕਟ ਇੱਕ ਇੱਕ ਕਰਕੇ ਪਾਉੰਦੇ
ਪਾਰੋੰ ਚਿੱਟਾ ਮੰਗਾਉੰਦੇ
ਬਿਜ਼ਨਸ ਕਰਦੇ ਥੋਕਾੰ ਦਾ

ਪੈਲੀ ਤੇ ਗੂਠਾ ਲਾਓੰਦੇ
ਹਨ ਮਗਰੋੰ ਟੇਪ ਕਢਾਉੰਦੇ
ਨਾਏ ਟੀਵੀ ਉੱਤੇ ਆਉੰਦੇ
ਬਚਿਆ ਇੱਕੋ ਕਿੱਤਾ ਜੀ

ਜ਼ਰਾ ਕਰਿਓ ਗੌਰ ਅਸਾਡੀ
ਹੈ ਹੁਣ ਬਣੀ ਮੁਸੀਬਤ ਡਾਹਡੀ
ਹੋਇਆ ਹਰ ਪਾਸਿਓੰ ਹੀ ਫਾਡੀ
ਏਹੇ ਪੰਜਾਬੀ ਖਿੱਤਾ ਜੀ

ਫੌਜੀ ਬਰਫਾੰ ਹੇਠੋੰ ਥਿਆਏ
ਕਿਸੇ ਦੇ ਵੀਰ ਕਿਸੇ ਦੇ ਜਾਏ
ਚੂੜੀਆੰ ਤੋੜ ਸੁਹਾਗ ਗਵਾਏ
ਨੇਤਾ ਦੇਣ ਬਿਆਨਾੰ ਨੂੰ

ਖਬਰਾੰ ਪੜ੍ਹਲੀੰ ਉੱਠਕੇ ਤੜਕੇ
ਜਾਟ ਕਰਦੇ ਫਿਰਦੇ ਖੜਕੇ
ਮੁੰਡੇ JNU ਵਿੱਚ ਭੜਕੇ
ਠੱਲ੍ਹੂ ਕੌਣ ਤੂਫਾਨਾੰ ਨੂੰ

ਪੱਗ ਨੀਲੀ ਚਾਹੇ ਚਿੱਟੀ
ਕਰੇ ਪਲੀਤ ਦੇਸ ਦੀ ਮਿੱਟੀ
ਹੈ ਨੀਤ ਦੋਹਾੰ ਦੀ ਫਿੱਟੀ
ਸਮਝੋ ਹਾਥੀ ਦੰਦਾੰ ਨੂੰ

ਅੱਜ ਜੀ ਖਾਸਾ ਸੀ ਭਰਿਆ
ਤਾੰਹੀ ਚਿੱਤ ਲਿਖਣੇ ਨੂੰ ਕਰਿਆ
ਜ਼ਮੀਰ ਨਾ ਘੁੱਦਿਆ ਮਰਿਆ
ਰਹੂੰ ਲਿਖਦਾ ਛੰਦਾੰ ਨੂੰ

ਬਠਿੰਡਾ

ਸ਼ਹਿਰ ਪਿੰਡਾਂ ਤੇ ਨਿਰਭਰ ਹੁੰਦੇ ਨੇ, ਤੇ ਪਿੰਡ ਸ਼ਹਿਰਾਂ ਤੇ । ਦੋਹੇ ਿੲਕ ਦੂਜੇ ਦੀਅਾਂ ਮੁੱਢਲੀਅਾਂ ਲੋੜਾਂ ਪੂਰੀਅਾਂ ਕਰਦੇ ਨੇ । ਪਿੰਡ ਦੇ ਸਕੂਲ 'ਚ ਨੌਮੀਂ ਦਸਮੀਂ 'ਚ ਪੜ੍ਹਦੇ ਚੋਬਰਾਂ ਦੇ ਜਦੋਂ ਮੁੱਛ ਦੇ ਚਾਰ ਕੁ ਵਾਲ ਫੁੱਟਣ ਲਗਦੇ ਨੇ ਤਾਂ ੳੁਦੋਂ ੳੁਹ ਸ਼ਹਿਰ ਜਾ ਕੇ ਪੜ੍ਹਨ ਦੇ ਸੁਪਨੇ ਦੇੰਹਦੇ ਨੇ। ਜੀਹਦੇ ਕੋਲ ਚਾਰ ਓੜੇ ਹੁੰਦੇ ਨੇ ੳੁਹ ਹਲ ਸਿੱਧਾ ਕਰ ਲੈਂਦਾ ਤੇ ਬਾਕੀ ਪੇਂਡੂ ਰੋਟੀ ਟੁੱਕ ਦਾ ਜੁਗਾੜ ਕਰਨ ਖਾਤਰ ਸ਼ਹਿਰ ਨੂੰ ਜਾੰਦੀ ਮਿੰਨੀ ਦੀ ਤਾਕੀ ਨੂੰ ਹੱਥ ਪਾਉੰਦੇ ਨੇ। 
ਬੰਦਾ ਜਿੰਨਾਂ ਤੇਹ ਅਾਵਦੇ ਪਿੰਡ ਦਾ ਕਰਦਾ ੳੁਨਾਂ ੲੀ ਮਾਣ ਅਾਵਦੇ ਨੇੜਲੇ ਸ਼ਹਿਰ ਦਾ ਵੀ ਹੁੰਦਾ ।
ਸਾਡੇ ਪਿੰਡੋੰ ਡੱਬਆਲੀ, ਗਿੱਦੜਬਾਹਾ ਤੇ ਬਠਿੰਡਾ ਲਗਭਗ ਇੱਕੋ ਜਿੰਨੀ ਦੂਰ ਨੇ। ਪਰ ਸਾਡੇ ਪਿੰਡ ਦਾ ਮੁਹਾਣ ਬਠਿੰਡੇ ਵੱਲ ਜ਼ਿਆਦਾ। ਜਵਾਕਾੰ ਖਾਤਰ ਸ਼ਹਿਰ ਜਾਣਾ ਵੀ ਟੂਰ ਈ ਹੁੰਦਾ ਸੀ। ਬਾਪੂ ਹੋਣਾੰ ਨਾਲ ਸਕੂਟਰ ਮੂਹਰੇ ਖੜ੍ਹਕੇ ਬਠਿੰਡੇ ਘੁੰਮਦੇ ਨਾਏ ਸੋਚਣਾ ਬੀ ਐਨੀਆੰ ਗਲੀਆੰ ਰਾਹ ਖੌਣੀ ਕਿਵੇੰ ਚੇਤੇ ਰਹਿ ਜਾੰਦੇ ਨੇ। ਹੁਣ ਓਹੀ ਰਾਹ ਆਵਦੇ ਪੈਰੀੰ ਲੱਗਗੇ।
ਅਜੀਤ , ਪਾਵਰ ਹਾਊਸ, ਸੌ ਫੁੱਟੀ, ਅਮਰੀਕ ਰੋੜ,ਮਾਲ  ਰੋੜ, ਭੱਟੀ ਰੋੜ, ਭਾਗੂ ਰੋੜ, ਬਰਨਾਲਾ ਰੋੜ, ਗੋਨਿਆਣਾ ਰੋੜ ਤੇ ਹੋਰ ਬਥੇਰੀਆੰ ਸੜਕਾੰ।
 ਜਦੋੰ ਰੇਲ, ਬੱਸ ਤੇ ਕਿਤੇ ਦੂਰ ਗਏ ਰਾਤ ਨੂੰ ਬਠਿੰਡੇ ਪਹੁੰਚ ਜਈਏ ਤਾੰ ਐੰ ਲੱਗਦਾ ਬੀ ਹੁਣ ਤਾੰ ਘਰ ਪਹੁੰਚਗੇ ਸਮਝ, ਹੁਣ ਨਈੰ ਲਈਦੇ।
ਕਈ ਆਰੀ ਐੰ ਵੀ ਜੀਅ ਕਰਦਾ ਬੀ ਲੱਤ 'ੜਾਕੇ ਭੱਲੇ ਨੂੰ ਥੱਲੇ ਸਿੱਟਲੀਏ ਜਦੋੰ ਕੋਈ ਝੇਡ ਕਰਦਾ ਬੀ ਬਠਿੰਡੇ ਆਲੇ ਸਾਬਤਾ ਕੇਲਾ ਛਿੱਲਕੇ ਖਾੰਦੇ ਨੇ।
ਕਾਰ ਗੱਡੀ 'ਚ ਆਉਦਿਆੰ ਚਾਅ ਜਾ ਚੜ੍ਹ ਜਾੰਦਾ ਜਦੋੰ FM ਆਲੀ ਬੀਬੀ ਆਖਦੀ ਆ,"ਜੀ ਹਾੰ ਦੋਸਤੋ, ਇੱਕ ਸੌ ਇੱਕ ਇਸ਼ਾਰੀਆ ਇੱਕ ਮੈਗਾਹਾਟਜ਼ ਤੇ ਇਹ ਅਕਾਸ਼ਵਾਣੀ ਦਾ ਬਠਿੰਡਾ ਕੇੰਦਰ ਏ"।.....ਘੁੱਦਾ

ਹਰਿਆਣਾ

ਕੇਰਾੰ ਕਹਿੰਦੇ ਕਿਸੇ ਜੱਟ ਦਾ ਨੱਬੇ ਕ ਸਾਲ ਦਾ ਪਿਓ ਮਰ ਗਿਆ। ਉੁੱਤੋੰ ਹਾੜ੍ਹੀ ਦੀ ਰੁੱਤ। ਕੰਮ ਕਰੇ ਕਿ ਸੱਥਰ ਤੇ ਬੈਠੇ । ਮੁਲਖ ਅਫਸੋਸ ਕਰਨ ਆਇਆ ਕਰੇ। ਜਿਹੜੇ ਰਿਸ਼ਤੇਦਾਰ ਨੂੰ ਪਤਾ ਲੱਗੇ ਓਹੀ ਬੱਸ ਚੜ੍ਹ ਆਏ। ਬੁੜ੍ਹੀਆੰ ਚਾਹ ਕਰਿਆ ਕਰਨ, ਆਏ ਗਏ ਨੂੰ ਪਿਆਕੇ ਭਾੰਡੇ ਮਾੰਜਿਆੰ ਕਰਨ ।ਐਨੇ ਨੂੰ ਦੋ ਹੋਰ ਆਜਿਆ ਕਰਨ। ਮਹੀਨੇ ਡੂਢ ਮਹੀਨੇ ਬਾਅਦ ਕੋਈ ਹੋਰ ਆਗਿਆ ਤੇ ਬੋਲਿਆ ," ਜਾਗਰਾ ਜਰ ਤੇਰੇ ਪਿਓ ਆਲੀ ਤਾੰ ਮਾੜੀ ਗੱਲ ਹੋਈ"। ਜਾਗਰ ਵੀ ਸਤਿਆ ਬੈਠਾ ਸੀ ।ਕਹਿੰਦਾ,"ਪਰਧਾਨ ਓਹ ਤਾੰ ਮਾੜੀ ਹੋਣ ਆਲੀ ਹੋਗੀ ,ਮਾੜੀ ਤਾੰ ਹੁਣ ਹੁੰਦੀ । ਦੋ ਜਣਿਆੰ ਨੂੰ ਬੱਸ ਚੜ੍ਹਾਕੇ ਆਉਣਾ ਤਿੰਨ ਹੋਰ ਆ ਜਾੰਦੇ ਆ"। ਓਹੀ ਗੱਲ ਹਰਿਆਣੇ ਨਾਲ ਹੋਣੀ ਆ। ਜਿਹੜਾ ਹੋਣਾ ਸੀ ਹੋਗਿਆ। ਬਾਹਲੀ ਮਾੜੀ ਤਾੰ ਹੁਣ ਹੋਊ। ਜਾੰਚ ਕਮੇਟੀਆੰ ਬਹਿਣਗੀਆੰ ਤੇ ਲੀੜੇ ਝਾੜ ਕ ਉੁੱਠ ਖੜ੍ਹਨਗੀਆੰ। ਮੁਆਵਜ਼ਾ ਕਿਸੇ ਨੂੰ ਮਿਲੂ ਕਿਸੇ ਨੂੰ ਨਾੰ। ਵਿਰੋਧੀ ਪਾਰਟੀਆੰ ਏਸ ਅੰਦੋਲਨ ਦੇ ਨਾੰ ਤੇ ਵੋਟਾੰ ਹੂੰਝਣਗੀਆੰ।
ਕਾਟੋ ਕਲੇਸ ਈ ਆ। 
ਅਗਲੀ ਗੱਲ। ਆਪਣੇ ਮੁੰਡੇ ਗਿਲਾ ਕਰਦੇ ਨੇ ਬੀ ਹਰਿਆਣੇ 'ਚ ਇੰਡੀਆ ਨੇ ਢਿੱਲ ਵਰਤੀ ਆ। ਢਿੱਡੋੰ ਜੰਮੇ ਤੇ ਮਤੇਏ 'ਚ ਬਹੁਤ ਫਰਕ ਹੁੰਦਾ। ਕੋਟਕਪੂਰੇ ਤੋੰ ਰੋਹਤਕ ਬਹੁਤ ਦੂਰ ਆ।
ਇੱਕ ਆਪਣੇ ਮੁਲਖ ਨੂੰ ਹੋਰ ਪੁੱਠੀ ਬਾਣ ਆ, ਬਾਹਲੀ ਉਜੱਡ ਆ ਜੰਤਾ। ਜਦੋੰ ਕਿਤੇ ਧਰਨੇ ਮੁਜ਼ਾਹਰੇ ਹੋਣ ਭੱਜਕੇ ਸਰਕਾਰੀ ਬੱਸਾੰ ਨੂੰ ਸੌੰਕਣ ਦੇ ਪੁੱਤ ਅੰਗੂ ਚੁੰਬੜ ਜਾਣਗੇ। ਠਿਆਨੀ ਦੀ ਡੱਬੀ ਨਾਲ ਵੀਹ ਲੱਖ ਦੀ ਬੱਸ ਫੂਕ ਦੇਣਗੇ। ਸਰਕਾਰੀ ਬੱਸਾੰ 'ਚ ਆਪਣੇ ਅਰਗੇ ਈ ਚੜ੍ਹਦੇ ਆ ਕਿਤੇ ਦੇਖਿਆ ਬੀ ਸੁਖਬੀਰ ਬਾਦਲ ਇੰਜਣ ਤੇ ਲੱਤਾੰ ਧਰੀ ਬੈਠਾ ਹੋਵੇ। ਫੇਰ ਪਿੰਡ ਦੇ ਅੱਡੇ ਤੇ ਖੜ੍ਹੇ ਡੀਕੀ ਜਾਣਗੇ,"ਭਤੀਜ ਸਰਕਾਰੂ ਬੱਸ ਨੀੰ ਆਈ ਕਿ ਟੈਮ ਮਿੱਸ ਆ। ਹੁਣ ਬੱਸ ਫੇਰੇਦੇਣੀ ਮੰਗਲ ਗ੍ਰਹਿ ਤੋੰ ਆਜੇ।.....ਘੁੱਦਾ

ਰੀਝਾੰ

"ਓਏ ਜੰਟਿਆ ਓਏ ਆਹ ਗੱਡੀ ਕਿਹੜੀ ਖੜ੍ਹੀ ਆ"
"ਚੀਤਾ ਛਾਲ ਜੀ ਮਾਰਦਾ ਮੂਹਰ ਨੂੰ, ਜੈਗੋਅਰ ਆ "
"ਤੇਰੇ ਕੋਲ ਮਮੈਲ ਹੈਗਾ"
"ਹਾ, ਹੈਗਾ"
"ਮੈੰ ਗੱਡੀ ਮੂਹਰੇ ਖੜ੍ਹਦਾੰ ਤੂੰ ਫੋਟੋ ਖਿੱਚ"
"ਖਿੱਚਦਾੰ, ਤਾਹਾੰ ਝਾਕ ਤਾਹਾੰ, ਹੁਣ ਜੂਜੇ ਪਾਸੇ ਝਾਕ, ਚੱਕ ਖਿੱਚਤੀਆੰ"
"ਦਿਖਾ ਕੈਹੇ ਜੀਆੰ ਆਈਆੰ"
"ਭੈੰ ਸਿਰਾ ਈ ਆ ਜਰ, ਨਿੱਟ ਚੱਲਦਾ ਨਿੱਟ"
"ਲਿਆ ਫੇਸਬੁੱਕ ਤੇ ਪਾਮਾੰ"
"ਆਹ ਫੋਟੋ ਪਾਓਣੇੰ ਆੰ ਨਾਏ ਚੀਤਾ ਦੀੰਹਦਾ ਪਿੱਛੇ"
"ਫੋਟੋ ਦੇ ਨਾਲ ਕੀ ਲਿਖੂੰ"
"ਲਿਖਦੇ ਬੀ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ, ਸਾਡੀ ਰੀਸ ਕੌਣ ਕਰਲੂ"
"ਆਹ ਚੱਕ ਪਾਤੀ, ਲੈਕ ਕਰਦੇ ਤੂੰ ਬਾਈ ਬਣੇ"
"ਪਿੰਡ ਜਾਕੇ ਕਰਦੂੰ , ਹੋੋਅਅ ਦੇਖ ਬੱਸ ਆਗੀ ਪਿੰਡ ਆਲੀ ,ਲਮਕਜਾ ਬਾਰੀ 'ਚ ਛੇਈ ਦਿਨੇ...ਘੁੱਦਾ

Thursday 4 February 2016

ਕੇਸ ਜ਼ਮੀਨਾੰ ਦੇ

ਪੱਗ ਪਟਿਆਲਾ ਰੁਲਕੇ ਬਣੀ ਵਰੋਲਾਸ਼ਾਹੀ ਨੀੰ
ਲਿਖਣੋੰ ਹਟ ਗਿਆ ਘੁੱਦਾ ਮੁੱਕੀ ਵਈ ਸ਼ਿਆਹੀ ਨੀੰ
ਸੁਲਝਾਉੰਦੇ ਫਿਰਦੇ ਮਸਲੇ ਹਜੇ ਕਬੀਲਦਾਰੀਆੰ ਦੇ
ਖੂਹਾੰ ਤੋੰ ਵੱਧ ਡੂੰਘੇ ਲੱਗੇ ਢਿੱਡ ਪਟਵਾਰੀਆੰ ਦੇ
ਫਰਦ ਬਦਲ, ਇੰਤਕਾਲ, ਰਪਟਾੰ, ਤਕਸੀਮਾੰ ਨੀੰ
ਵਸੀਕਾ ਨਵੀਸਾੰ ਕੋਲੇ ਹੁੰਦੀਆੰ ਕੁੱਲ ਸਕੀਮਾੰ ਨੀੰ
ਮੁੱਛਾੰ ਥਾੰਣੀ ਹੱਸਦਾ ਮੁੱਛਾੰ ਸ਼ੇਵ ਵਕੀਲ ਦੀਆੰ
ਹੱਥ ਕਾਲੇ ਕੋਟ 'ਚੋੰ ਕੱਢਕੇ ਗੱਲਾੰ ਕਰੇ ਅਪੀਲ ਦੀਆੰ
ਕਰੇ ਤਿਆਰ ਰਪੋਟਾੰ ਨਾਏ ਭੇਜੇ ਸੰਮਣ ਨੀੰ
ਘਾਟ ਬਾਪੂ ਦੀ ਰੜਕੇ ਦਿਨ ਔਖੇ ਲੰਘਣ ਨੀੰ
ਉਪਰੋਕਤ ਗੱਲਾੰ ਕੁੱਲ ਜਿਹੜੀਆੰ ਹੁਣੇ ਕੀਤੀਆੰ ਨੀੰ
ਗੀਤ, ਗਜ਼ਲ ਨਾ ਸਮਝੀੰ ਏਹਤਾੰ ਹੱਡਬੀਤੀਆੰ ਨੀੰ
ਸੌ ਸੌ ਕਰਕੇ ਝਾੜਤੇ ਬਟੂਏ ਰੁਲਗੇ ਸ਼ੌੰਕ ਸ਼ੌਕੀਨਾੰ ਦੇ
ਜੱਟਾੰ ਦੇ ਘਰੀੰ ਮੁੱਕਦੇ ਨਾ ਕਦੇ ਕੇਸ ਜ਼ਮੀਨਾੰ ਦੇ

ਪਰਤਿਆਈਆੰ ਬੀਆੰ ਗੱਲਾੰ

ਪਰਤਿਆਈਆੰ ਬੀਆੰ ਗੱਲਾੰ.....ਖਾਸੇ ਟੈਮ ਬਾਅਦ
1. ਆਪਣੀ ਜੰਤਾ ਹਮੇਸ਼ਾ ਆਵਦੀ ਗੱਡੀ ਦੀ ਈ ਤਰੀਫ ਕਰੂ ਦੂਜੇ ਦੀ ਗੱਡੀ ਨੂੰ ਤਾੰ ਘੜੁੱਕਾ ਈ ਦੱਸਣਗੇ ਭਮਾੰ ਤੂੰ ਫੌਰਚਿਊਨਰ ਲਈ ਫਿਰ।
2. ਰਾਵੀ ਤੋੰ ਬਿਨ੍ਹਾੰ ਬਾਕੀ ਪੰਜਾਬ ਦੇ ਦਰਿਆਵਾੰ ਦੇ ਨੌੰ ਮਰਦਾਵੇੰ ਨੇ ਸਤਲੁਜ, ਜਿਹਲਮ, ਬਿਆਸ ਤੇ ਹੋਰ । ਦੂਜੇ ਦਾਅ ਭਾਰਤ ਦੀਆੰ ਕੁੱਲ ਨਦੀਆੰ ਦੇ ਨੌੰ ਬੀਬੀਆੰ ਆਲੇ ਨੇ ਜਿਵੇੰ ਤਾਪਤੀ, ਕ੍ਰਿਸ਼ਨਾ, ਗੰਗਾ, ਕਾਵੇਰੀ, ਦਮੋਦਰੀ ਨ ਸੋ ਔਨ
3. ਜਦੋੰ ਸੱਤ ਅੱਠ ਸਾਲ ਪਹਿਲਾੰ ਵਿੱਛੜਿਆ ਕੋਈ ਯਾਰ ਬੇਲੀ ਥੋਡੇ ਕੋਲ ਸਪੈਸ਼ਲ ਮਿਲਣ ਆਉੰਦਾ ਤਾੰ ਸਮਝੋ ਉਹ  ਕਿਸੇ ਬੀਮੇ ਬੂਮੇੇ ਆਲੀ ਕੰਪਨੀ 'ਚ ਲੱਗਾ ਬਾ ਹੋਊ ।
4. ਪੰਜਾਬੀ ਕਲਾਕਾਰਾੰ ਨੇ ਗੀਤਾੰ 'ਚ ਅੰਗਰੇਜ਼ੀ ਲਫਜ਼ ਵਾੜਕੇ ਪੇਡੂੰ ਮੁਲਖ ਵਾਹਣੀ ਪਾਇਆ ਪਿਆ। ਜਿੱਦੇੰ ਦਾ ਸ਼ੈਰੀ ਮਾਨ ਦਾ ਗੀਤ ਆਇਆ ਹਰਿੱਕ ਪੁੱਛਦਾ ਫਿਰਦਾ,"ਪਰਧਾਨ ਹੈਸ਼ਟੈਗ ਕੀ ਹੁੰਦਾ ਜਰ"
5. ਨਾਏ ਪਤਾ ਹੁੰਦਾ ਜਗਬਾਣੀ ਦੀ ਖ਼ਬਰ 'ਚ ਡੱਕਾ ਤੰਤ ਨਹੀੰ ਹੁੰਦਾ । ਪਰ ਫੇਰ ਵੀ ਹਰਿੱਕ ਬੰਦਾ ਲਿੰਕ ਜ਼ਰੂਰ ਖੋਲ੍ਹਕੇ ਦੇੰਹਦਾ।
6. ਹਿੰਦੀ ਨਾਟਕਾੰ ਆਲੀਆੰ ਜਨਾਨੀਆੰ ਦੇ ਚੰਗੀ ਸੁਰਖੀ ਬਿੰਦੀ ਲੱਗੀ ਹੁੰਦੀ ਆ, ਖਾਸਾ ਸਿਓਨਾ ਪਾਕੇ ੰਸਾੜੀ ਸੂੜੀ ਲਾਕੇ ਫੁੱਲ ਮਹੌਲ ਬਣਾਇਆ ਬਾ ਹੁੰਦਾ। ਫੇਰ ਵੀ ਇੱਕ ਦੂਜੀ ਨੂੰ ਆਖੀ ਜਾਣਗੀਆੰ,"ਚਲੋ ਸ਼ਕੁੰਤਲਾ ਜਲਦੀ ਸੇ ਤਿਆਰ ਹੋ ਜਾਓ"। .........ਘੁੱਦਾ

ਗੇਟ ਤੇ ਘੈੰਟੀ

ਬਾਰਾੰ ਤੇਰਾੰ ਸਾਲ ਹੋਗੇ ਗੱਲ ਨੁੂੰ। ਅਸੀੰ ਪੁਰਾਣਾ ਮਕਾਨ ਦੇਹੜ ਕੇ ਨਮਾੰ ਕੋਠੀ ਟੈਪ ਜਾ ਮਕਾਨ ਪਾਲਿਆ ਭਰਾਵਾ।  ਬਾਹਰੋੰ ਕੋਈ ਬੋਲ ਬਾਲ ਮਾਰਿਆ ਕਰੇ ਤਾੰ ਅੰਦਰ ਸੁਣੇ ਨਾੰ ਕਿਸੇ ਨੂੰ। ਫੁੱਫੜ ਤਾਏ ਨੂੰ ਕਹਿੰਦਾ ਅਕੇ ਤੁਸੀੰ ਗੇਟ ਤੇ ਘੈੰਟੀ ਲਾਲੋ ਜਦੋੰ ਕੋਈ ਆਊ ਤਾੰ ਸੁੱਚ ਨੱਪ ਦਿਆ ਕਰੂ।
ਹਾੰਅਅਅ ਕੀ ਦੂਏ ਦਿਨ ਸਾਡੇਆਲਾ ਨਿੱਕਾ ਗਰਨੈਬ ਤੇ ਤਾਇਆ ਮੰਡੀ ਬਗਗੇ। ਤਾਇਆ ਕਹਿੰਦਾ ਸੇਠਾ ਘੈੰਟੀ ਚਾਹੀਦੀ ਆ ਗੇਟ ਤੇ ਲਾਉਣ ਨੂੰ। ਤਾਏ ਦਾ ਅੰਬਰਤ ਛਕਿਆ ਦੇਖਕੇ ਸੇਠ ਨੇ ਘੈੰਟੀ ਵੀ ਖਾਲਸਿਆੰ ਆਲੀ ਦੇਤੀ ਜਦੋੰ ਸੁੱਚ ਨੱਪਿਆ ਕਰੀਏ ਆਖਿਆ ਕਰੇ ,"ਸਤਿਨਾਮ ਵਾਹਿਗੁਰੂ"। ਰਪੀਟ ਤੇ ਚੱਲਿਆ ਕਰੇ।
ਬਾਹਰ ਕੌਲੇ ਤੇ ਸੁੱਚ ਲਾਤੀ ਤੇ ਅੰਦਰ ਘੈੰਟੀ ਚੱਲਪੀ। ਆਹੀ ਦਿਨ ਜੇ ਸੀਗੇ ਮਾਘ ਦੇ ,ਰਾਤ ਨੂੰ ਦੋ ਕ ਵਜੇ ਮੀੰਹ ਲਹਿ ਪਿਆ। ਵਾਛੜ ਆਲਾ।
ਸੁੱਚ ਤੇ ਕਣੀ ਵੱਜੀ ਤੇ ਕਰੰਟ ਜੁੜ ਗਿਆ ਕਿਤੇ। ਅੰਦਰ ਘੰਟੀ ਚੱਲਪੀ ਅਕੇ ,"ਸਤਿਨਾਮ ਵਾਹਿਗੁਰੂ" । ਘੈੰਟੀ ਦੇ ਚਾਅ 'ਚ ਸਾਰਾ ਟੱਬਰ ਜਾਗਿਆ ਫਿਰੇ। ਤਾਇਆ ਸਿਰ 'ਤੇ ਗੱਟਾ ਧਰਕੇ ਬਾਹਰ ਬਗ ਗਿਆ ਦੇਖਣ ਬੀ ਖੌਣੀ ਕੋਈ ਆਇਆ। ਗਾਹਾੰ ਜਾੰਦਿਆ ਨੂੰ ਕੋਈ ਬੀ ਨਾ। 
ਤਾਏ ਨੂੰ ਜਚਗੀ ਬੀ ਖੌਣੀ ਕੋਈ ਸੁੱਚ ਨੱਪਕੇ ਭੱਜਦਾ ਜਾਣਕੇ।।
ਹਾੰਅਅ ਕੀ ਦਸ ਕ ਮਿੰਟਾੰ ਬਾਅਦ ਫੇਰ ਸੁੱਚ 'ਚ ਪਾਣੀ ਪੈ ਗਿਆ ਤੇ ਘੈੰਟੀ ਚੱਲਪੀ । ਤਾਇਆ ਫੇਰ ਭੱਜਿਆ , ਆਉਦਿਆੰ ਨੂੰ ਫੇਰ ਕੋਈ ਨਾ।
ਟੱਬਰ ਸ਼ੱਸ਼ੋਪੰਜ 'ਚ ਪਿਆ ਫਿਰੇ। ਨਿੱਕਾ ਸਾਡੇਆਲਾ CID ਆਲਾ ਦਯਾ ਬਣਿਆ ਫਿਰੇ ।ਕਿਤੇ ਕੋਠੇ ਚੜ੍ਹਜੇ ਕਿਤੇ ਅੰਦਰ ਵੜਜੇ ਨਾਏ ਗੱਚਕ ਨਾਲ ਵਰਾਛਾੰ ਲਬੇੜੀ ਫਿਰੇ। ਤਾਈ ਨੇ ਪੰਜ ਸੱਤ ਏਹਦੇ ਧਰਤੀਆੰ ਬੀ ਖੌਣੀ ਏਹੀ ਸੁੱਚ ਨੱਪਦਾ।
ਮਾਤਾ ਸਾਡੀ ਜੋੜੇ ਲਾਹਕੇ ਬਾਬੇ ਦੀ ਫੋਟੋ ਮੂਹਰੇ ਖੜ੍ਹਜਿਆ ਕਰੇ ਹੱਥ ਜੋੜਕੇ ਨਾਏ ਆਖਿਆ ਕਰੇ ਭੁੱਲਣਾ ਹੋਗੀ ਕੋਈ ,ਛਾਇਆ ਆਗੀ ਘਰੇ ਕਾਸੇ ਦੀ। ਜਦੋੰ ਪਾਣੀ ਪੈਜੇ ਘੈੰਟੀ ਫੇਰ ਚੱਲ ਪਿਆ ਕਰੇ।
ਹਾਰਕੇ ਤਾਏ ਨੇ ਤਾੰ ਭਰਾਵਾ ਗੰਡਾਸਾ ਕਿਓੰ ਨਾ ਚੱਕਲਿਆ ਢੋਲ ਓਹਲਿਓੰ। ਜਿਮੇੰ ਪੁਰਾਣੇ ਬੰਦਿਆੰ ਨੂੰ ਆਦਤ ਹੁੰਦੀ ਆ ਤਾਇਆ ਕਹਿੰਦਾ,"ਖੜ੍ਹਜਾ ਤੇਰੀ ਯਹਿਲਾੰ ਨਿੱਕੀ ਨੂੰ ,ਹੁਣ ਆ"। ਤਾਇਆ ਕੌਲੇ ਦੇ ਅੰਦਰਲੇ ਪਾਸੇ ਖੜ੍ਹ ਗਿਆ ਛਾਪਲਕੇ। 
ਪਾਣੀ ਪੈਕੇ ਘੰਟੀ ਫੇਰ ਚੱਲਪੀ । ਤਾਏ ਨੇ ਧਲ੍ਹੀਰ ਕੇ ਗੰਡਾਸਾ ਮਾਰਿਆ ਅਟੇ ਸਟੇ ਜੇ ਨਾਲ। ਕੋਈ ਹੋਵੇ ਤਾੰ ਵੱਜੇ। ਗੰਡਾਸਾ ਮਾਰਕੇ ਡੇਲ੍ਹੀ ਕੱਢਤੀ ਕੌਲੇ 'ਚੋੰ। ਤਾਈ ਅਰਗੀਆੰ ਭੱਜੀਆੰ ਆਉਣ ਅਕੇ,"ਮਾਰਤਾ ਬੰਦਾ ਹੁਣ ਤਾੰ ,ਪਰਚਾ ਬਣੂ ਪਰਚਾ"। ਹਾਨੀਸਾਰ ਨੂੰ ਤਾਏ ਨੇ ਪੁੱਠਾ ਗੰਡਾਸਾ ਮਾਰਕੇ ਸੁੱਚ ਭੰਨਤੀ ਨਾਏ ਚਾਰ ਪੰਜ ਗਾਹਲਾੰ ਫੁੱਫੜ ਨੂੰ ਕੱਢੀਆੰ। ਓਦੂੰ ਬਾਅਦ ਸਾਡੇ ਹੁਣ ਤੀਕ ਘੰੰਟੀ ਨਹੀੰ ਲਾਈ ਦਬਾਰੇ...ਘੁੱਦਾ