Thursday 10 March 2016

ਪਾਤੜਾੰ

ਕਈ ਆਰੀ ਅੰਗਰੇਜ਼ੀ 'ਚ ਲਿਖੀ ਗੱਲ ਪੜ੍ਹਨ 'ਚ ਹੋਰੂੰ ਹੁੰਦੀ ਆ ਤੇ ਬੋਲਣ 'ਚ ਹੋਰੂੰ।
ਏਮੇੰ ਜਿਮੇੰ ਕੇਰਾੰ ਤਾਏ ਅਰਗੇ ਸੰਗਰੂਰ ਏਰੀਏ 'ਚ ਕੰਮ ਗਏ ਬਏ ਸੀ। ਤਾਏ ਕੋਲ ਬਈਆ ਆ ਗਿਆ ਕੋਈ। ਕੰਮ ਕੁੰਮ ਭਾਲਦਾ ਹੋਊ ਬਚਾਰਾ। ਮਾੜਾ ਮੋਟ ਪੜ੍ਹਿਆ ਲਿਖਿਆ ਲੱਗਦਾ ਸੀ।
ਆਕੇ ਤਾਏ ਨੂੰ ਕਹਿੰਦਾ,"ਸਰਦਾਰ ਜੀ ਪੈਟਰਨ ਜਾਣਾ ਹੈ, ਬਸ ਕਹਾੰ ਸੇ ਮਿਲੇਗੀ"।
ਤਾਏ ਨੇ ਕਿਹਾ ਬੀ ਪੈਟਰਨ ਹੈਨੀ ਜਰ ਏਥੇ ਕਿਤੇ। ਅੜ ਗਿਆ ਕਹਿੰਦਾ,"ਪੈਟਰਨ ਜਹੀੰ ਕਹੀੰ ਆਸ ਪਾਸ ਹੀ ਹੈ"
ਪਰਚੀ ਕੱਢਕੇ ਤਾਏ ਦੀ ਤਲੀ ਤੇ ਧਰਤੀ ਕਹਿੰਦਾ,"ਦੇਖੋ ਸਰਦਾਰ ਜੀ ਪੈਟਰਨ ਲਿਖਾ ਹੁਆ ਹੈ"।
ਤਾਏ ਨੇ ਪਰਚੀ ਪੜ੍ਹੀ ।ਪਰਚੀ ਤੇ PATTRAN ਲਿਖਿਆ ਬਾ ਸੀ।
ਹਾਰਕੇ ਤਾਏ ਨੇ ਦੱਸਿਆ ਬੀ ਖਸਮਾੰ ਪੈਟਰਨ ਨਹੀੰ 'ਪਾਤੜਾੰ' ਲਿਖਿਆ ਬਾ......ਘੁੱਦਾ

ਸੱਥਾੰ

ਪਿੰਡ ਦੀ ਰੂਹ ਹੁੰਦੀਆੰ ਨੇ ਸੱਥਾੰ। ਸਿਆਸੀ, ਸਮਾਜਿਕ, ਧਰਮਕੀ ਕੁੱਲ ਮੁੱਦੇ ਸੱਥਾੰ 'ਚੋੰ ਸ਼ੁਰੂ ਹੁੰਦੇ ਨੇ। ਸੱਥਾੰ 'ਚ ਲੋਹੜੀਆੰ ਬਲਦੀਆੰ ਨੇ, ਸੱਥਾੰ 'ਚ ਈ ਮਦਾਰੀਆੰ ਦੇ ਖੇਡੇ ਹੁੰਦੇ ਨੇ। ਥਾਣਿਆੰ ਤੋੰ ਪਹਿਲਾੰ ਸੱਥਾੰ 'ਚ ਮਸਲੇ ਵਿਚਾਰੇ ਜਾੰਦੇ ਨੇ। ਖੇਤ ਬੰਨੇ ਤੇ ਮਾਲ ਡੰਗਰ ਦਾ ਕੰਮ ਨਬੇੜਕੇ ਪੇਡੂੰ ਸੱਥਾੰ 'ਚ ਆ ਬਹਿੰਦੇ ਨੇ। ਚੌੰਕੜੀ ਜਾੰ ਪਰ੍ਹਾ ਵੀ ਆੰਹਦੇ ਨੇ ਸੱਥ ਨੂੰ।
ਸੱਥ 'ਚ ਗੱਲਾੰ ਦਾ ਸਿਲਸਿਲਾ ਇਓੰ ਤੁਰਦਾ। ਰਾਹ ਜਾੰਦੇ ਨੂੰ ਸੱਥ 'ਚ ਬੈਠਾ ਬੰਦਾ ਬੋਲ ਮਾਰਦਾ।
"ਓ ਹੋਰ ਭਤੀਜ ,ਆਜਾ ਚਾਹ ਛਕਾਈਏ"
"ਬੱਸ ਤਾਇਆ ਤੇਰੀਆੰ ਈ ਚਾਹਾੰ, ਹੁਣੀੰ ਪੀਕੇ ਨਿੱਕਲੇ ਆਂ ਘਰੋੰ"
"ਆਜਾ ਪੀਲਾ ਘੁੱਟ, ਤੂੰ ਨਾੰ ਪਿਆਈੰ ਘਰੇ ਗਿਆੰ ਨੂੰ"
"ਨਾਏ ਤੇਰੀ ਮਾੰ ਦੇ ਕੰਨ ਮਾਰੇ। ਮੈੰ ਤੇਰਾ ਤਾਇਆ ਕਿਮੇੰ ਲੱਗਿਆ ਓਏ, ਤੇਰੇ ਪਿਓ ਤੋੰ ਪੰਜ ਸੱਤ ਸਾਲ ਸੋਹਟਾ ਹੋਊੰ ਮੈੰ"
ਗੱਲ ਨੂੰ ਹਾਸੇ 'ਚ ਢਾਲਕੇ ਹੋਰ ਪਾਸੇ ਲਿਜਾਇਆ ਜਾੰਦਾ।
"ਹੈੰ ਤਾਇਆ ਤੂੰ ਕੋਈ ਗੱਲ ਨੀੰ ਸੁਣੀੰ?"
"ਕਿਮੇੰ? ਮੈੰਨੂੰ ਤਾੰ ਕਣਸ ਜੀ ਸੀ। ਹੁਣੇ ਆਇਆੰ ਜੁੱਬੜ 'ਚੋੰ ਉੱਠਕੇ"
"ਭੁੱਲਰਾੰ ਦਾ ਦੇਬੂ ਮਰ ਗਿਆ ਕਹਿੰਦੇ"
"ਹੱਛਾਅਅ, ਕੀ ਗੱਲ ਦੱਸਦੇੇ ਆ?
"ਹਲਟ ਟੈਕ ਅੰਗੂ ਹਲਟ ਟੈਕ ਈ ਹੋਇਆ"।
ਸੱਥ 'ਚ ਆਕੇ ਜੈਲੁੂ ਪੈਰਾੰ ਭਾਰ ਬੈਠ ਗਿਆ। ਕੁੜਤੇ ਦੇ ਖੱਬੇ ਗੀਝੇ 'ਚੋੰ ਬੀੜੀਆੰ ਦਾ ਮੰਡਲ ਤੇ ਸੀਖਾੰ ਆਲੀ ਡੱਬੀ ਕੱਢੀ। ਬੀੜੀ ਮੂੰਹ 'ਚ ਪਾਕੇ ਹੱਥਾੰ ਦੀ ਓਟ ਨਾਲ ਸੀਖ ਬਾਲਕੇ ਬੀੜੀ ਲਾਈ। ਪਹਿਲਾ ਸੂਤਾ ਖਿੱਚਕੇ ਸੱਜੀ ਬਾਹ ਨੂੰ ਸੱਜੇ ਗੋਢੇ ਤੇ ਰੱਖਿਆ ਤੇ ਖੱਬੇ ਹੱਥ ਨਾ ਸਿਰ ਖਰਕਦਿਆੰ ਗੱਲ ਨੂੰ ਅੱਗੇ ਤੋਰਦਿਆੰ ਬੋਲਿਆੰ," ਹਾੰ ਖੈਰ ਦੇਬੂ ਨੂੰ ਹਲਟ ਟੈਕ ਦੀ ਸ਼ਕੈਤ ਤਾੰ ਸੀਗੀ, ਦੇਕਾੰ ਪਰਾਰ ਜਦੋੰ ਕਪਾਲ ਮੋਚਨ ਨੌਹਣ ਗਿਆ ਸਾਡੇ ਨਾਲ ਓਦੋੰ ਵੀ ਤਖਲੀਪ ਸੀਗੀ"
ਕੀ ਮਨਿਆਦ ਆ ਬੰਦੇ ਦੀ ਪਰਸੋੰ ਚੱਕੀ ਤੇ ਖੜ੍ਹਾ ਰਿਹੈ ਮੇਰੇ ਕੋਲ, ਕੋਈ ਜਾਦ ਚੇਤੇ ਈ ਨੀੰ ਬੀ ਐੰ ਬਣਜੂ ਗੱਲ, ਬਿਧ ਬਣਨੀ ਆ ਬੱਸ ਜਿਮੇੰ ਚਿੱਕਰ ਲਿਖਿਆ ਹੁੰਦਾ।"
ਸੱਥ 'ਚ ਕੱਠ ਵਧਣ ਲੱਗਦਾ। ਤੇ ਰਾਹ ਜਾੰਦਿਆੰ ਨੂੰ ਗੱਲਾੰ ਵਿੱਚ ਇਨਵੋਲਵ ਕੀਤਾ ਜਾੰਦਾ।
"ਹੋਰ ਚੌੰਕੀਦਾਰਾ , ਖੜ੍ਹਜਾ ਦੋ ਮਿੰਟ ਭੱਜਿਆ ਜਾਣਾ"
" ਨਾ ਨਾ ਭੱਜਣਾ ਕੀ ਆ, ਕੰਮ ਦੱਸ"
"ਪਟਬਾਰੀ ਦਾ ਪੁੱਛਦਾ ਸੀਗਾ ਮੈੰ ਤਾੰ, ਆਇਆ ਊਇਆ ਨੀੰ, ਨਰਮੇ ਦੇ ਮਾਵਜ਼ੇ ਆਲੇ ਚਿੱਕਾੰ ਦਾ ਪਤਾ ਲੈਣਾ ਸੀਗਾ ਜਰ।"
"ਚਿੱਕ ਤਾੰ ਵੰਡਤੇ, ਹੁਣ ਤਾੰ ਜੇ ਈ ਮਿਲਣ। ਲੰਬਰ ਲੈਲਾ ਪਟਬਾਰੀ ਦਾ, ਪੁੱਸਲੀੰ ਆਪੇ।"
"ਏਹਨ੍ਹਾੰ ਦੀ ਸੌੰਜਾਂ ਨਿੱਕੀ ਨਾਲ। ਝੋਨੇ ਆਲਿਆੰ ਨੂੰ ਚਿੱਕ ਊੰਈ ਦੇਤੇ ਤੇ ਨਰਮੇ ਆਲੇ ਓਹ ਫਿਰਦੇ ਆ ਜ਼ਬਕਦੇ। ਮੈਨੂੰ ਪੁੱਸ, ਅੱਧ ਕਰ ਲੈੰਦਾ ਪਟਬਾਰੀ। ਖਾਣ ਕੁੱਤੇ ਆ ਸਾਰੇ ਜਰ।"
ਕੋਲ ਖੜ੍ਹੇ ਪਾਹੜੇ ਮੁੰਡੇ ਨੇ ਮੋਬਾਇਲ 'ਚੋੰ ਧਿਆਨ ਪੱਟਕੇ ਤਾਏ ਨੂੰ ਟੋਕਿਆ," ਤਾਇਆ ਤੈਨੂੰ ਕੈ ਆਰੀ ਕਿਹਾ, ਏਥੇ ਬਹਿਕੇ ਗਾਲ੍ਹ ਨਾ ਕੱਢਿਆ ਕਰ। ਸੌ ਬੁੜ੍ਹੀ ਕੁੜੀ ਨੇ ਟੱਪਣਾ ਹੁੰਦਾ।"
"ਕਿਹੜਾ ਭੈਣ ਦਾ ਜਾਰ ਕਹਿੰਦਾ ਮੈੰ ਗਾਲ੍ਹ ਕੱਢੀ ਆ, ਸਭੈਹਕੀ ਗੱਲ੍ਹਾੰ ਕਰੀ ਜਾਣੇੰ ਆੰ"
ਫੇਰ ਕੋਈ ਨਵਾੰ ਬੰਦਾ ਮੋਟਰਸੈਕਲ ਤੇ ਸੱਥ 'ਚ ਐੰਟਰੀ ਮਾਰਦਾ ।
"ਕਿਮੇੰ ਚਾਚਾ ਕੋਈ ਮਹਿੰ ਮੂੰਹ ਨੀੰ ਖੜ੍ਹੀ ਤੇਰੇ ਕਿਸੇ ਬਾਗਫ ਕੋਲੇ"
ਸਿਰੋੰ ਮੂਕਾ ਲਾਹਕੇ ਚਾਚਾ ਮੂਕੇ ਦੇ ਲੜ ਨਾਲ ਮੂੰਹ ਪੂੰਝਕੇ ਗੱਲ ਤੋਰਦਾ," ਹੈਗੀ ਆ ਭਤੀਜ, ਜਾਗਰ ਕੇ ਜੰਟੇ ਕੋਲ ਖੜ੍ਹੀ ਆ। ਘਰ ਜੰਮ ਝੋਟੀ ਆ। ਦੁੱਧਲ ਮਹਿੰ ਆ ਪਤਲੀ ਚਮੜੀ ਦੀ, ਚੂਰਕੁੰਡੇ ਸਿੰਗ ਰਪਈਆ ਨੀੰ ਟੱਪਦਾ ਵਿੱਚਦੀ। ਮੈਨੁੂੰ ਮੇਦ ਦੁੱਧ ਵੀ ਦਸ ਗਿਆਰਾੰ ਲੀਟਰ ਦੱਸਦੇ ਆ ਬਾਕੀ ਹਜੇ ਸੂਈ ਨੂੰ ਵੀ ਸੱਤ ਅੱਠ ਦਿਨ ਈ ਹੋਏ ਆ। ਮੈਲਾ ਮੂਲਾ ਝੜਕੇ ਦੁੱਧ ਤਾੰ ਚੜ੍ਹੂ ਖੈਰ। ਬਾਕੀ ਭਾਈ ਤੂੰ ਦੋ ਡੰਗ ਚੋਕੇ ਦੇਖਲੀੰ। ਗੰਨੇ ਅਰਗੀ ਧਾਰ ਪੈੰਦੀ ਆ ਚਾਰੇ ਥਨਾੰ 'ਚੋੰ। ਮੰਜਾ ਡਹਿੰਦਾ ਮਹਿੰ ਤੇ। ਓਦੇੰ ਪਚਾਸੀ ਹਜ਼ਾਰ ਮੰਗਦੇ ਸੀ। ਮੰਗਣ ਨੂੰ ਤਾੰ ਕੁਸ ਮੰਗੀ ਚੱਲੇ ਅਗਲਾ, ਅਗਲੇ ਦੀ ਚੀਜ਼ ਆ। ਕਿ ਨਈੰ? ਸੌਦਾ ਤਾੰ ਸਾਈ ਤੇ ਹੁੰਦਾ। ਮੇਰੀ ਤੱਕ ,ਸੱਤਰ  ਸੁੱਤਰ 'ਚ ਬਣਜੂ। ਹੈਗੀ ਆ ਗੰਜੈਸ? ਬੋਲ ਦਮਾਮਾੰ?"
ਇਓੰ ਸੱਥਾੰ ਦੇ ਇਜਲਾਸ ਉੱਠਦੇ ਬਹਿੰਦੇ ਨੇ।
ਬਸ ਏਸੇ ਤਰ੍ਹਾੰ ਧਰਮ, ਸਮਾਜ, ਤੇ ਸਿਆਸਤ ਸੱਥਾੰ 'ਚੋੰ ਸ਼ੁਰੂ ਹੁੰਦੇ ਨੇ। ਕਲਗੀਧਰ ਪਾਤਸ਼ਾਹ ਦੀ ਕਿਰਪਾ ਨਾਲ ਜਿਓੰਦਾ ਰਹੇ ਪੰਜਾਬ। ਸੱਥਾੰ 'ਚ ਰੌਣਕਾੰ ਲੱਗੀਆੰ ਰਹਿਣ। ਜ਼ਿੰਦਾਬਾਦ ਰਹੇ ਪੰਜਾਬ॥...ਘੁੱਦਾ