Saturday 23 April 2016

ਅਰਦਾਸ

ਪਹਿਲੋ ਪਹਿਲ ਬਲੈਕ ਵਾਈਟ ਟੀਵੀ ਹੁੰਦਾ ਸੀ। ਆਥਣੇ ਵਿਹੜੇ 'ਚ ਮੇਜ਼ ਤੇ ਲੀੜਾ ਵਿਛਾ ਕੇ ਜੰਗਲੇ ਵਿੱਚਦੀ ਅਨਟੀਨੇ ਦੀ ਤਾਰ ਨੰਘਾਕੇ ਟੀਵੀ ਮੇਜ਼ ਤੇ ਧਰ ਲੈੰਦੇ। ਓਦੋੰ ਜੇ ਨਾਟਕ ਆਉਦਾ ਹੁੰਦਾ ਸੀ ,ਜੀਹਦੇ 'ਚ ਗੁਰਪ੍ਰੀਤ ਘੁੱਗੀ ਅਥਲੀਟ ਸੀਗਾ ਤੇ ਰੇਲਗੱਡੀ ਦੇ ਬਰੋਬਰ ਭੱਜਦਾ ਸੀ। ਓਦੋਂ ਏਸ ਕਲਾਕਾਰ ਨਾਲ ਲੋਕਾੰ ਦੀ ਵਾਹ ਪਈ। 
ਫੇਰ 'ਖਿੱਚ ਘੁੱਗੀ ਖਿੱਚ' ਤੇ 'ਘੁੱਗੀ ਸ਼ੂ ਮੰਤਰ' ਵਰਗੀਆੰ ਪਰਿਵਾਰਕ ਫਿਲਮਾੰ ਬਣਾਈਆੰ। ਬੀਬੀ ਅਰਗੀਆੰ ਟੀਵੀ ਤੇ ਘੁੱਗੀ ਦਾ ਮੜੰਗਾ ਸਿਆਹਣ ਕੇ ਆਖਿਆ ਕਰਨ,"ਏਹਨੂੰ ਡੁੱਬੜੇ ਨੂੰ ਗੱਲਾੰ ਪਤਾ ਨੀੰ ਕਿੱਥੋੰ ਆਉੰਦੀਆੰ"। 
ਘੁੱਗੀ ਅਰਗਾ ਉੱਚ ਦਰਜੇ ਦਾ ਕਲਾਕਾਰ 'ਐਸ ਅ ਹੀਰੋ' ਆਉਣਾ ਡਜ਼ਰਵ ਵੀ ਕਰਦਾ ਸੀ। ਤੇ ਬਿਨ੍ਹਾੰ ਸ਼ੱਕ ਘੁੱਗੀ ਨੇ ਐੰਰਕੀ 'ਅਰਦਾਸ' 'ਚ ਸਿਰਾ ਈ ਲਾਤਾ। ਫਿਲਮ 'ਚ ਜਿੱਥੇ ਜੇ ਘੁੱਗੀ ਦੇ ਘਰਾੰਆਲੀ ਪੂਰੀ ਹੁੰਦੀ ਆ ਓਦੋੰ ਜੇ ਘੁੱਗੀ ਸਿਨਮੇ 'ਚ ਬੈਠੀ ਜੰਤਾ ਦੀਆੰ ਹਿੰਝਾੰ ਡਿੱਗਣ ਲਾ ਦੇਦਾੰ। ਕਾਮੇਡੀ ਕਰਨ ਆਲਾ ਬੰਦਾ ਰਵਾਓਣਾ ਵੀ ਜਾਣਦਾ। 
ਬਾਕੀ ਸਿਰੇ ਰਣਬੀਰ ਰਾਣੇ ਅਰਗੇ ਡਾਊਨ ਟੂ ਅਰਥ ਜੇ ਬੰਦੇ ਨੇ ਡਾਇਲੌਗਾੰ ਬੰਨੋੰ ਕੋਈ ਕੱਚ ਨੀੰ ਛੱਡੀ। ਕਹਿੰਦਾ,"ਜਾਤ ਮੇਰੀ ਸਿੱਖ ਆ ਜੀ ਤੇ ਗੋਤ ਮੇਰਾ ਸਿੰਘ ਆ"। ਨਾਏ ਕਹਿੰਦਾ," ਮਰਨਾ ਬੰਦੇ ਨੇ ਆਵਦੇ ਹੱਥ 'ਚ ਕਰ ਲਿਆ"। 
ਗੈਟਅੱਪ ਵੀ ਸਾਰਿਆੰ ਦਾ ਸਿਰਾ। ਜੇ ਰਾਣਾ ਡਾਕੀਆ ਬਣਿਆ ਤਾੰ ਪੱਗ ਵੀ ਓਮੇੰ ਜਿਮੇੰ ਬੰਨ੍ਹੀ ਆ ਤਾਹਾੰ ਜੇ ਨੂੰ ਕਰਕੇ। 
ਗਿੱਪੀ ਗਰੇਆਲ ਨੇ ਵੀ ਸਾਰੇ ਧੋਣੇ ਧੋਤੇ, ਉਲ੍ਹਾੰਭੇ ਲਾਹਤੇ ਅਗਲੇ ਨੇ। ਅੱਤ ਡਾਇਰੈਕਸ਼ਨ। 
ਸੋਹੀ, ਭੁੱਲਰ,ਐਮੀ,ਜੋਰਾ, ਮੈੰਡੀ, ਰਿਖੀ ਨੋ ਡਾਊਟ ਸਾਰੇ ਈ ਖੁੱਭਗੇ ਕਰੈਕਟਰਾੰ 'ਚ। ਨਿੰਦਣ ਆਲੇ ਹਜੇ ਵੀ ਨਿੰਦੀ ਜਾੰਦੇ ਆ । ਫੇਰੇਦੇਣਾ ਜੱਗ ਨੀੰ ਜਿੱਤਿਆ ਜਾੰਦਾ ਪਰ ਬਿਨ੍ਹਾੰ ਸ਼ੱਕ 'ਅਰਦਾਸ' ਮੀਲ ਪੱਥਰ ਬਣਗੀ ਪਾਲੀਵੁੱਡ ਦਾ। 
ਹੋਰ ਗੱਲਾੰ ਦੀਆੰ ਗੱਲਾੰ ਮੈਨੂੰ ਤਾੰ ਐੰ 'ਚਰਜ ਆਉਦਾੰ ਬੀ ਪਤਿਓਹਰਿਆੰ ਨੇ ਤਿਨ ਮਣ ਦੇ ਬੰਦੇ ਖਾਤਰ ਐਡੀ ਸੀਲ ਮਹਿੰ ਪਤਾ ਨੀੰ ਕਿੱਥੋੰ ਭਾਲੀ ਹੋਊ। ......ਘੁੱਦਾ

ਖੌਣੀ ਕਦੇ ਵੀ ਨਈੰ

ਸੱਥਾੰ 'ਚ, ਬੱਸਾੰ 'ਚ, ਅਖਬਾਰਾੰ, ਰੈਲੀਆੰ, ਕਾਲਜਾੰ, ਸੈਮੀਨਾਰਾੰ 'ਚ ਸਾਰੇ ਕਿਤੇ ਏਹੀ ਮੁੱਦਾ ਛਿੜਦਾ ਬੀ ਭਾਰਤ 'ਚ ਭ੍ਰਿਸ਼ਟਾਚਾਰੀ ਆ ਨਾਲੇ ਰਿਸ਼ਵਤਖੋਰੀ ਆ । ਫੇਸਬੁੱਕ ਤੇ ਤਾੰ ਹਰਿੱਕ ਗੱਲ ਈ ਏਹਨ੍ਹਾੰ ਮੁੱਦਿਆੰ ਤੇ ਕਰਦਾ। 
ਅਸਲ ਭ੍ਰਿਸ਼ਟਾਚਾਰੀ ਤੇ ਰਿਸ਼ਵਤਖੋਰੀ ਸਾਥੋੰ ਸ਼ੁਰੂ ਹੁੰਦੀ ਆ। ਕੋਈ ਦੁੱਧ ਧੋਤਾ ਨਹੀੰ।
ਮੋਟੀ ਜੀ ਅਗਜਾੰਪਲ ਚੱਕਲਾ।
ਲੋਕਾੰ ਦਾ ਨਰਮਾ ਮਰ ਗਿਆ। ਸਰਕਾਰ ਨੇ ਮਾਵਜ਼ਾ ਦਿੱਤਾ। ਜਿਹੜੇ ਲੋਕਾੰ ਨੇ ਝੋਨਾ ਬੀਜਿਆ ਸੀ ਓਹਨ੍ਹਾੰ ਨੇ ਵੀ ਪਟਵਾਰੀਆੰ ਨਾਲ ਰਲਕੇ ਨਰਮੇ ਦੇ ਚੈੱਕ ਲੈਕੇ ਖਾਲੇ। ਜਿਨ੍ਹਾੰ ਨੇ ਸੱਚਿਓੰ ਨਰਮਾ ਬੀਜਿਆ ਸੀ, ਓਹ ਫਿਰਦੇ ਆ ਜ਼ਬਕਦੇ।
 ਹੱਕ ਆਲੇ ਰਹਿਗੇ ਅਣਹੱਕੇ ਪੈਸੇ ਲੈਗੇ।
ਹੋਰ ਦੇਖ। ਸੇੰਟ ਜ਼ੌਸ਼ਫ, ਜੇਵੀਅਰ ਸਕੂਲਾੰ 'ਚ ਦਾਖਲੇ ਖਾਤਰ ਜਵਾਕਾੰ ਦੇ ਮਾਪੇ ਚਾਰ ਚਾਰ ਲੱਖ ਡੋਨੇਸ਼ਨ ਦਿੰਦੇ ਨੇ ਨਾਏ ਸਪਾਰਸ਼। ਜਿਹੜੇ ਜਵਾਕ ਦੀ ਨਿਓੰ ਈ ਰਿਸ਼ਵਤ ਤੇ ਟਿਕੀ ਆ ਓਹ ਕਿੱਥੋੰ ਕੱਲ੍ਹ ਨੂੰ ਸਰਾਭਾ ਬਣਜੂ।
ਭਰਤੀਆੰ ਨਿੱਕਲੀਆੰ ਸੀ ਪਟਵਾਰੀ ਦੀਆੰ। ਜਿਹੜੇ ਮੇਰੇ ਤੇਰੇ ਅਰਗੇ ਤੋੰ ਸੈਕਲ ਦੀ ਚੈਨ ਨੀੰ ਕਸਾਈ ਜਾੰਦੀ ਓਹਵੀ ਆਖੂ," ਸਰਪੈੰਚਾ ਆਪਣਾ ਮੁੰਡਾ ਚੰਡੀਗੜ੍ਹ ਪਟਬਾਰੀ ਦਾ ਪੇਪਰ ਦੇਣ ਗਿਆ। ਕੋਈ ਬੰਦਾ ਹੈਗਾ ਤਾੰ ਕਰ ਕੋਸ਼ਟ, ਕਰਦਾੰਗੇ ਵੱਟ ਸਿੱਧੀ, ਦੇਦਾੰਗੇ ਪੰਦਰਾੰ ਬੀਹ ਲੱਖ।"
ਜਿਹੜਾ ਬੰਦਾ ਕਿਸੇ ਵੀ ਮਹਿਕਮੇ 'ਚ ਰਿਸ਼ਵਤ ਦੇਕੇ ਲੱਗਦਾ, ਓਹ ਕੀਹਨੂੰ ਬਖ਼ਸ਼ੂਗਾ ਦੱਸ?
ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀਆੰ ਅਰਗੀਆੰ ਕਮੀਨਗੀਆੰ ਭਾਰਤੀ ਸਿਸਟਮ ਦੇ ਖੂਨ 'ਚ ਨੇ। ਆਪਾੰ ਏਸੇ ਖੱਸੀ ਸਿਸਟਮ ਦੀ ਪੈਦਾਇਸ਼ ਆੰ॥ ਪਲਾਸੀ, ਬਕਸਰ, ਅੰਗਰੇਜ਼- ਮਰਾਠੇ, ਅੰਗਰੇਜ਼- ਸਿੱਖ , 1857 ਵਿਦਰੋਹ ਕਿਤੋੰ ਕੁਝ ਮਰਜ਼ੀ ਚੱਕਲਾ । ਏਹੀ ਕੁਝ ਚੱਲਦਾ । ਬਥੇਰਾ ਟੈਮ ਲੱਗੂ ....ਫੇਰ ਸੁਧਰਾੰਗੇ......ਖੌਣੀ ਕਦੇ ਵੀ ਨਈੰ.....ਘੁੱਦਾ

ਕੁੱਤੀ ਚੂੰ ਚੂੰ ਕਰਦੀ ਆ

ਬਾਹਲੇ ਗੀਤ ਐਹੇ ਜੇ ਹੁੰਦੇ ਨੇ ਜਿੰਨ੍ਹਾੰ ਦੀ ਸਮਾਰਕੇ ਸਮਝ ਨਹੀੰ ਆਉੰਦੀ। ਰੈਪ ਰੂਪ ਤਾੰ ਫੇਰੇਦੇਣਾ ਉੱਤੋੰ ਦੀ ਈ ਨੰਘ ਜਾੰਦਾ। ਮੈਰਿਜ ਪੈਲਸਾੰ 'ਚ ਬਾਹਲਾ ਖੜਕਾਟ ਪੈੰਦਾ ।ਧਮਕ ਨਾਲ ਪਜਾਮੇ ਦੇ ਪੌੰਚੇ ਹਿਲਦੇ ਓਮੇੰ ਜਿਮੇੰ ਦੀੰਹਦੇ ਨੇ।
ਗੱਲ ਪਹਿਲਾੰ ਵੀ ਲਿਖੀ ਸੀ। ਕੇਰਾੰ ਬੇਬੇ ਅਰਗੀਆੰ ਵਿਆਹ ਜਾਕੇ ਆਈਆਂ। ਬੇਬੇ ਹੋਣੀੰ ਮੈਨੂੰ ਕਹਿੰਦੇ,"ਹੈੰ ਵੇ ਅੱਜ ਮੁੜ ਮੁੜ ਹੋਰੀ ਗੀਤ ਲਾਈ ਜਾਣ ਅਖੇ 'ਕੁੱਤੀ ਚੂੰ ਚੂੰ ਕਰਦੀ ਆ,ਫਿਟੇਮੂੰਹ ਏਹਨਾੰ ਦੇ। ਮਖਾ ਬੇਬੇ ,ਕੁੱਤੀ ਨਹੀੰ ਜੁੱਤੀ ਕਹਿੰਦੇ ਆ ਅਗਲੇ।
ਪਿਛਲੇ ਸ਼ਨੀਆਰ ਬੇਬੇ ਹੋਣੀੰ ਫੇਰ ਵਿਆਹ ਜਾਕੇ ਆਏ। ਬੇਬੇ ਆਖੇ,"ਹੈੰ ਵੇ ਆਹ ਕੀ ਗੀਤ ਬਣਿਆ ਅਖੇ ਪਊਏ ਜਿੱਡੇ ਕੱਦ ਆਲੀਏ ਡਿੱਗਪੀ ਮੰਜੇ ਤੋੰ ਧੜੰਮ ਨੀੰ"
ਹਾਰਕੇ ਸਰਲ ਅਰਥ ਕਰਕੇ ਦੱਸੇ ਮਾਤਾ ਨੂੰ.....ਘੁੱਦਾ

ਸੀਰੇ ਦਾ ਭਾਪਾ

ਕਈ ਆਰੀ ਪਿੰਡਾੰ ਆਲੇ ਅਧਖੜ੍ਹ ਜੇ ਬਾਬੇ ਬਾਹਲਾ ਸਿਰਾ ਲਾਉੰਦੇ ਆ।
ਕੱਲ੍ਹ ਤੜਕੋ ਤੜਕੀ ਮੈੰ ਚੱਕੀ ਤੋੰ ਦਾਣਾ ਚੱਕਣ ਜਾਈ ਜਾੰਦਾ ਸੀ। ਰਾਹ 'ਚ ਸੀਰੇ ਦਾ ਭਾਪਾ ਟੱਕਰ ਗਿਆ।
ਕਹਿੰਦਾ,"ਅੰਬਰਤੇ ਕਿਮੇੰ ਆੰ?"
ਮਖਾ ਠੀਕ ਆ ਬਾਈ। ਫੇਰ ਕਹਿੰਦਾ," ਤੇਰੇ ਵਿਆਹ ਨੂੰ ਕਿੰਨਾ ਟੈਮ ਹੋ ਗਿਆ?" ਮੈੰ ਮੋਟਾ ਜਾ ਐਡੀਆ ਲਾਕੇ ਦੱਸਤਾ ਮਖਾ ਬਾਈ ਪੰਜ ਮਹੀਨੇ ਹੋਗੇ। ਫੇਰ ਚੁੱਪ ਜੇ ਕਰ ਕੇ ਦੰਦਾੰ 'ਚ ਡੱਕਾ ਜਾ ਮਾਰਨ ਲਾਗਿਆ। ਮਖਾ ਬਾਈ ਕਾਹਤੋੰ ਪੁੱਛਿਆ। ਕਹਿੰਦਾ,"ਕੁਸ ਨੀੰ ਜਰ, ਮੈੰ ਤਰੀਕ ਭੁੱਲਿਆ ਬੈਠਾੰ ਜਿੱਦੇੰ ਤੇਰੀ ਜੰਨ ਸੀ ਓਦੇੰ ਸਾਡੀ ਮਹਿੰ ਨਮੇੰ ਦੁੱਧ ਹੋਈ ਸੀਗੀ ਤਾੰ ਕਰਕੇ ਪੁੱਸਦਾ ਸੀ। ਐਹੇ ਜੇ ਹੁੰਦੇ ਆ ਪਿੰਡਾੰ ਆਲਿਆੰ ਦੇ ਅਸ਼ਟੀਮੇਟ.....ਘੁੱਦਾ

ਡੱਬੂ

ਸਾਡਾ ਲਿਹਾਜ਼ੀ ਆ ਮੁੰਡਾ। ਹੁਣ ਚਾਹ ਦਾ ਕੰਮ ਕਰਦਾ ਪਹਿਲਾੰ ਦਸ ਸਾਲ ਸੀਰ ਕੀਤਾ ਓਹਨੇ। ਕਾਕਤੀ ਨਾੰ ਤਾੰ ਹੋਰ ਆ ਪਰ ਊੰ ਡੱਬੂ ਡੱਬੂ ਕਹਿੰਦੇ ਆ। ਕੰਮ ਧੰਦੇ ਨੂੰ ਬੋਲ ਮਾਰਲੀਏ ਕਿਤੇ ਜਵਾਬ ਨੀੰ ਦਿੱਤਾ। ਕੱਲ੍ਹ ਆਥਣੇ ਛਤੜੇ 'ਚ ਤੂੜੀ ਸਿੱਟੀ ਜਾੰਦੇ ਸੀ। ਡੱਬੂ ਗੱਲਾੰ 'ਚ ਹੋਗਿਆ ਸ਼ਟਾਟ।
ਕੇਰਾੰ ਕਹਿੰਦਾ ਕਿਸੇ ਨੇ ਗੱਪ ਰੋੜ੍ਹਤਾ ਅਖੇ," ਸਾਡੀ ਬੁੜ੍ਹੀ ਦੀ ਘੜੀ ਛੱਪੜ 'ਚ ਡਿੱਗਪੀ ਤੇ ਸਾਲ ਬਾਅਦ ਕੱਢੀ, ਘੜੀ ਫੇਰ ਓਮੇੰ ਜਿਮੇੰ ਚੱਲੀ ਜਾਵੇ"
ਦੂਜਾ ਕਹਿੰਦਾ ਸਾਡਾ ਬੁੜ੍ਹਾ ਡਿੱਗ ਪਿਆ ਸੀ ਛੱਪੜ 'ਚ ਤੇ ਸਾਲ ਬਾਅਦ ਜਿਓੰਦਾ ਕੱਢਲਿਆ। ਪਹਿਲਾ ਕਹਿੰਦਾ ," ਥੋਡਾ ਬੁੜ੍ਹਾ ਛੱਪੜ 'ਚ ਕੀ ਕਰਦਾ ਸੀ" ਦੂਜਾ ਬੋਲਦਾ," ਸੋਡੀ ਬੁੜ੍ਹੀ ਦੀ ਘੜੀ ਨੂੰ ਚਾਬੀ ਦੇੰਦਾ ਸੀ।
ਅੱਗੇ ਸੁਣ। ਡੱਬੂ ਕਹਿੰਦਾ ਕੇਰਾੰ ਤੇਰੀ ਭਰਜਾਈ ਦੇ ਦਰਦ  ਹੋਣ ਲਾਪਿਆ ਤੇ ਮੈੰ ਸ਼ਹਿਰ ਜਾਕੇ ਅਲਟਰਾਸੌੰਡ ਕਰਾਤੀ। 
ਅਲਟਰਾਸੌੰਡ 'ਚ ਕੁਸ ਨਾ ਆਇਆ। ਤੇਰੀ ਭਰਜਾਈ ਹੌੰਕਾ ਖਿੱਚਗੀ ਅਖੇ ਪੰਦਰਾੰ ਸੌ ਰੁਪਈਆ ਲੱਗ ਗਿਆ ਤੇ ਆਇਆ ਕੁਸ ਬੀ ਨੀੰ। 
ਹਾਰਕੇ ਡੱਬੂ ਕਹਿੰਦਾ ਤੂੰ ਸੰਸਾ ਨਾ ਕਰ। ਅਲਟਰਾਸੌੰਡ ਹਾਫ ਰੇਟ ਤੇ ਵੇਚਦਾੰਗੇ। ਕਹਿੰਦਾ ਐੰ ਚਿੱਤ ਧਰਾਇਆ ਤੇਰੀ ਭਰਜਾਈ ਦਾ।
ਅੱਗੇ ਸੁਣ। ਕੇਰਾੰ ਡੱਬੂ ਕਹਿੰਦਾ ਤੇਰੀ ਭਰਜਾਈ ਬਠਿੰਡੇ ਜਾੰਦੀ ਹੁੰਦੀ ਆ। ਮਖਾ , ਕਿਮੇੰ?
ਕਹਿੰਦਾ,"ਲੈ ਬਠਿੰਡੇ ਤੇਰੀ ਭਰਜਾਈ ਪੋਲਟਰੀ ਫਾਰਮ ਦਾ  ਕੰਮ ਸਿੱਖਦੀ ਆ"। ਮਖਾ ਪੋਲਟਰੀ ਫਾਰਮ ਕਿਮੇੰ ਜਰ?
ਕਹਿੰਦਾ, ਦੇਖਾੰ ਜਿੱਥੇ ਬੁੜ੍ਹੀਆੰ ਮੂੰਹ ਮੱਥਾ ਸਮਾਰਦੀਆੰ ਹੁੰਦੀਆੰ। ਮਖਾ ਖਸਮਾ ਪੋਲਟਰੀ ਫਾਰਮ ਨੀੰ ਬਿਊਟੀ ਪਾਰਲਰ ਹੁੰਦਾ। ਐਹੇ ਜੇ ਹੁੰਦੇ ਆ ਕਲੱਕੜ.....ਘੁੱਦਾ

ਹੋਰ ਸੇਵਾ ਦੱਸ

ਪੈਸਾ ਬੰਦੇ ਦੀ ਜ਼ਿੰਦਗੀ 'ਚ ਆਉੰਦਾ ਜਾੰਦਾ ਰਹਿੰਦਾ। ਅੱਜ ਹੈਗਾ, ਕੱਲ੍ਹ ਹੈਨੀ। ਕੋਈ ਫਾਈਵ ਸਟਾਰ ਦੇ ਮੇਜ਼ ਤੋੰ ਮੀਨੂੰ ਚੱਕਕੇ ਅੌਡਰ ਕਰ ਦਿੰਦਾ। ਕੋਈ ਬੇਹੀ ਰੋਟੀ ਤੇ ਅੰਬ ਦੀ ਫਾੜੀ ਘਸਾ ਕੇ ਢਿੱਡ 'ਚ ਸਿੱਟ ਲੈੰਦਾ। ਟੁੱਕ ਹਰਿੱਕ ਖਾਕੇ ਸੌੰਦਾ। ਪੈਸਾ ਆਵਦੀ ਥੌੰ।
ਮੇਰੀ ਜਾਚੇ ਯਾਰ ਬੇਲੀ ਜ਼ਿੰਦਗੀ  ਦੀ ਸਭ ਤੋੰ ਵੱਡੀ ਕਮਾਈ ਹੁੰਦੇ ਨੇ। ਮੇਰੇ ਖਾਸ ਆੜੀਆੰ 'ਚ ਕੋਈ ਬਾਹਲਾ ਸ਼ਹਿਨਸ਼ਾਹ ਨਹੀੰ। ਅਸੀੰ ਸਾਰੇ 'ਆਈ ਚਲਾਈ ਚੱਲੀ ਜਾੰਦੀ ਆ' ਆਲੇ ਟੱਬਰਾੰ 'ਚੋੰ ਆੰ।
ਜਦੋੰ ਕਿਤੇ ਚਿੱਤ ਰਾਜ਼ੀ ਜਾ ਨਹੀੰ ਹੁੰਦਾ ਤਾੰ ਮੈੰ ਪੰਜਗਰਾਈਆੰ ਆਲੇ ਤਰਸੇਮੇ ਜਾੰ ਚਮਕੀਲੇ ਨੂੰ ਫੋਨ ਲਾਉਣਾ ਹੁੰਨਾ। ਜਦੋੰ ਅਸੀੰ ਸਾਰੇ ਸਾਲ ਛਿਮਾਹੀ ਕੱਠੇ ਹੁੰਨੇੰ ਆ ਤਾੰ ਹੱਥ ਨਹੀੰ ਮਿਲਾਉੰਦੇ। ਦੂਰੋੰ ਵੇਖਕੇ ਈ ਹਵਾਈ ਜਾਹਜ਼ ਅੰਗੂ ਦੇ ਫੰਗਾੰ ਅੰਗੂ ਬਾਹਾੰ ਖਿਲਾਰ ਲੈਣੇੰ ਆੰ। ਜੱਫੀ ਐਹੇ ਜੀ, ਜਿਮੇੰ ਦਹਾੰ ਸਾਲਾੰ ਬਾਅਦ ਵਲੈਤੋੰ ਮੁੜੇ ਪੁੱਤ ਨੂੰ ਏਅਰਪੋਟ ਤੇ ਮਾੰ ਨੇ ਜੱਫੇ 'ਚ ਲਿਆ ਹੋਵੇ। 
ਜਦੋੰ ਕੋਈ ਕੰਮ ਅੜਜੇ ਤਾੰ ਫੋਨ ਕਰੀਦਾ ਬੀ ਮਿੱਤਰਾ ਆਹ ਕੰਮ ਕਰਕੇ ਦੇ। ਬਿਨ੍ਹਾੰ ਕਿਸੇ ਮੋੜਵੇੰ ਸਵਾਲ ਦੇ ਆਹੀ ਜਵਾਬ ਦੇੰਦੇ ਨੇ,"ਆਹ ਕੰਮ ਤਾੰ ਹੋਗਿਆ ਜਾਣ, ਤੂੰ ਹੋਰ ਸੇਵਾ ਦੱਸ"...ਘੁੱਦਾ

ਪਰਤਿਆਈਆੰ ਬੀਆੰ ਗੱਲਾੰ

ਪਰਤਿਆਈਆੰ ਬੀਆੰ ਗੱਲਾੰ.....
1. ਵਿਆਹ 'ਚ ਜੇਹੜਾ ਬੰਦਾ ਲੱਗੇ ਬੀ ਬਾਹਲਾ ਬੋਲਦਾ , ਕੁਸ ਨੀੰ ਕਰਨ ਦੀ ਲੋੜ। ਮੂਵੀ ਆਲੇ ਨੂੰ ਆਖੋ ਬੀ ਓਹਦੇ  ਬੰਨੀੰ ਕੈਮਰਾ ਕਰਕੇ ਖੜ੍ਹਜਾ। ਫੇਰ ਨੀੰ ਕੁਸਕਦਾ।
2.ਪਿੰਡਾੰ 'ਚ ਆਥਣੇ ਜੇ ਬਾਲੀਬਾਲ ਦੇਖਣ ਆਲੀ ਹੁੰਦੀ ਆ। ਇੱਕ ਜਣੇ ਤੋੰ ਬਾਲ ਡਿੱਗਪੇ ਫੇਰ ਬਾਕੀ ਦੂਜੇ ਸਾਰੇ ਈ ਕੋਚ ਬਣ ਜਾੰਦੇ ਆ,"ਅੰਡਰਹੈੰਡ ਚੱਕਣੀ ਸੀ ਅੰਡਰਹੈੰਡ" 
 3. ਜੰਤਾ ਪਟਰੌਲ ਪੰਪਾੰ ਆਲਿਆੰ ਨੂੰ ਬਾਹਲੇ ਝੁੱਡੂ ਸਮਝਦੀ ਆ। ਜਦੋੰ ਭਲੇਖੇ ਨਾ ਕਿਸੇ ਕੋਲ ਜਾਅਲੀ ਨੋਟ ਆਜੇ ਤਾੰ ਨਾਲਦਾ ਆਖੂ,"ਕੋਈ ਨਾ ਪੰਪ ਪੁੰਪ ਤੇ ਚੱਲਜੂ"
4. ਆਪਣਾ ਮੁਲਖ ਪਹਿਲੇ ਮੁੰਡੇ ਦੇ ਵਿਆਹ ਤੇ ਏਹ ਸੋਚਕੇ ਖਰਚ ਕਰਦਾ ਬੀ ਚੱਲ ਕੋਈ ਨਾ ਪਹਿਲਾ ਵਿਆਹ ਆ, ਡਾਦੋ ਬੂੰਦੀਆੰ। ਲੋਕਾੰ ਦੀ ਬਿੜ੍ਹੀ ਲਹਿਜੂ। ਦੂਜੇ ਮੁੰਡੇ ਦੇ ਵਿਆਹ ਵੇਲੇ ਆਖਣਗੇ ,"ਲਾਸ਼ਟ ਵਿਆਹ ਹੁਣ, ਕਾਹਨੂੰ ਕੱਚ ਛੱਡਣੀ ਆ। ਫੇਰ ਡਾਦੋ ਬੂੰਦੀਆੰ
5.ਪਿੰਡਾੰ ਆਲੇ ਬਾਹਲੇ ਮਾੰਦਰੀ ਹੁੰਦੇ ਆ। ਆਖਣਗੇ ਗਰਦਾਸ ਮਾਨ ਨੇ ਆਬਦੇ ਅਸਤਾਦ ਦੀ ਗੀਤਾੰ ਆਲੀ ਡੇਰੀ ਚੱਕੀ ਆ। ਖੌਣੀ ਕਿਹੜੀ ਜਾੰਚ ਜੈੰਸੀ ਤੋੰ ਬਿੜਕਾੰ ਕੱਢਦੇ ਆ ਐਹੇ ਜੀਆੰ।
6.ਕਈ ਆਰੀ ਸਸਰੀਕਾਲ ਕਰਕੇ ਬੰਦੇ ਦਾ ਘੱਚਾ ਵੱਜ ਜਾੰਦਾੰ। ਆਪ ਸਸਰੀਕਾਲ ਬੁਲਾਈਏ, ਐਨੇ ਚਿਰ ਨੂੰ ਮੂਹਰਲੇ ਬੰਦੇ ਦੀ ਨਿਗਾਹ ਹੋਰ ਪਾਸੇ ਹੋ ਜਾੰਦੀ ਆ। ...ਘੁੱਦਾ