Wednesday 3 August 2016

ਹਰਮੰਦਰ ਸਾਹਬ

ਮੈਨੂੰ ਨੀੰ ਲੱਗਦਾ ਬੀ ਕੋਈ ਐਹੇ ਜਾ ਪੰਜਾਬ ਦਾ ਬਸ਼ਿੰਦਾ ਹੋਊਗਾ ਜੀਹਨੇ ਕਦੇ ਹਰਮੰਦਰ ਸਾਹਬ ਦੇ ਦਰਸ਼ਨ ਨਾ ਕੀਤੇ ਹੋਣ। ਮੋਟੀ ਜੀ ਗੱਲ ਲੈਲੋ, ਜਦੋੰ ਕੋਈ ਪੰਜਾਬੀ ਬੰਦਾ ਰੁੱਸਕੇ ਘਰੋੰ ਨਿੱਕਲਜੇ ਤਾੰ ਵੱਧ ਤੋੰ ਵੱਧ ਕਿਸੇ ਸਕੀਰੀ 'ਚ ਬਗ ਜਾੰਦਾ ਤੇ ਜੇ ਫੇਰ ਵੀ ਨਾ ਥਿਆਵੇ ਫੇਰ ਓਹ ਹਰਮੰਦਰ ਸੈਹਬੋੰ ਈ ਥਿਆਉੰਦਾ। ਦੂਜੀ ਠੋਹੀ ਆ, ਆਪਣਾ ਦੂਜਾ ਘਰ ਆ ਦਰਬਾਰ ਸਾਹਬ। 
ਨਿੱਕੇ ਲੈਵਲ ਦੀ ਗੱਲ ਕਰਦਾੰ। ਓਹਨ੍ਹਾੰ ਫੇਰੇਦੇਣਿਆੰ ਨੇ ਕਿਵੇੰ ਸੋਚ ਲਿਆ ਬੀ ਅਸੀੰ ਐਡੇ ਤਖ਼ਤ ਤੇ ਹਮਲਾ ਕਰਾੰਗੇ ਤੇ ਲੋਕ ਹੌਲੀ ਹੌਲੀ ਭੁੱਲ ਜਾਣਗੇ।
ਐਹੋ ਜੇ ਸਾਕੇ ਚੇਤੇ ਰੱਖਣ ਖਾਤਰ ਸ਼ੰਖਪੁਸ਼ਪੀਆੰ ਦੀ ਲੋੜ ਨਹੀੰ। ਮੈੰ ਤੂੰ ਨੱਬੇ ਦੇ ਜੰਮੇੰ ਆੰ, ਛੀ ਸਾਲ ਬਾਅਦ। 
ਜੇਹੜਾ ਅੱਜ ਜਵਾਕ ਜੰਮੂ, ਵੱਡਾ ਹੋਕੇ ਓਹ ਵੀ ਓਨੀ ਪੀੜ ਮਹਿਸੂਸ ਕਰੂ। ਏਹ ਕਸਕ ਪੀੜ੍ਹੀ ਦਰ ਪੀੜ੍ਹੀ ਤੁਰਦੀ ਰਹੂ। ਸਬੂਤ ਤੇਰੇ ਸਾਹਮਣੇ ਆ, ਹਰਿੱਕ ਸਾਲ ਅਕਾਲ ਤਖ਼ਤ ਸਾਹਬ ਤੇ ਛੇ ਜੂਨ ਨੂੰ ਇਕੱਠ ਵਧ ਰਿਹਾ।
ਹੁਣ ਫੇਸਬੁੱਕ ਵੇਖ ਰਿਹਾ ਸੀ। ਚੌਰਾਸੀ ਸੰਬੰਧੀ ਕਵਿਤਾਵਾੰ, ਫੋਟਮਾੰ ਨਾਲ ਡੱਟੀ ਬੀ ਆ। 
ਤੜਕੇ ਦੇ ਕੰਮਾੰ ਕਾਰਾੰ 'ਚ ਫਿਰਦੇ ਸੀ ਪਰ ਸੁਤਾ ਅਕਾਲ ਤਖ਼ਤ ਸਾਹਬ ਵੱਲ ਸੀ ਬੀ ਸੁੱਖ ਰਹੇ। ਅੱਜ ਬਾਜੇਖਾਨੇ ਚੌੰਕ 'ਚ ਲੱਗੀ ਛਬੀਲ ਤੇ ਲੱਗੇ ਸਪੀਕਰ ਤੇ ਧਰਮਕੀ ਗੀਤ ਵੱਜ ਰਿਹਾ ਸੀ 'ਸਦਾ ਨਿਸ਼ਾਨ ਝੂਲਦੇ ਰਹਿਣੇ ਪੰਥ ਪਿਆਰੇ ਦੇ। ਚਿੱਤ ਰਾਜ਼ੀ ਹੋਗਿਆ ਸੁਣਕੇ। ਏਹ ਨਈੰ ਲਈਦੇ.....ਘੁੱਦਾ

ਚਿੱਲ

ਸਾਡੇਆਲੇ ਨਿੱਕੇ ਨੇ ਬੀ ਟੈੱਕ ਕਰੀ ਬਠਿੰਡਿਓੰ, ਦਿਓਣ ਆਲੇ ਕਾਲਜ 'ਚੋੰ। ਤੈਨੂੰ ਪਤਾ ਲਾਸ਼ਟ ਸਮੈਸਟਰ ਦੀ ਟਰੇਨਿੰਗ ਈ ਹੁੰਦੀ ਆ। ਨਿੱਕਾ ਤਾਏ ਨੂੰ ਕਹਿੰਦਾ ਅਕੇ ਮੈੰ ਤਾੰ ਚੰਡੀਗੜ੍ਹ ਟਰੇਨਿੰਗ ਲਵਾਊੰ। ਤਾਇਆ ਸਾਡੇ ਨਾੲੋੰ, ਏਹਦਾ ਕਰਦਾ ਵੀ ਬਾਹਲਾ। ਤਾਇਆ ਕਹਿੰਦਾ ਏਥੇ ਤਾੰ 'ੜਾੰਦੇ ਈ ਲੱਦੀਦੇ ਆ, ਤੂੰ ਬਗਜਾ ਚੰਡੀਗੜ੍ਹ। ਬਾਗਿਆ ਭਰਾਬਾ।
ਛੇ ਮਹੀਨੇ ਟੱਪੇ, ਅੱਠ ਟੱਪੇ, ਸਾਲ ਈ ਨੰਘ ਗਿਆ ਨਿੱਕਾ ਚੰਡੀਗੜ੍ਹੋੰ ਮੁੜੇ ਈ ਨਾ। ਊੰ ਬਿੱਚਦੀ ਮਿਲਜਿਆ ਕਰੇ।
ਤਾਇਆ ਫੂਨ ਕਰਿਆ ਕਰੇ ਬੀ ਨਿੱਕਿਆ ਕਿਮੇੰ ਆੰ? ਏਹ ਮੂਹਰੋੰ ਆਖਿਆ ਕਰੇ ਵਧੀਆ ਤਾਇਆ, ਚਿੱਲ ਕਰਦੇ ਆੰ ਪੂਰਾ। ਜਦੋੰ ਤਾਇਆ ਫੂਨ ਕਰਿਆ ਕਰੇ ਨਿੱਕਾ ਮੂਹਰੋੰ ਆਖਿਆ ਕਰੇ ਚਿੱਲ ਕਰੀ ਜਾਣੇੰ ਆਂ। 
ਤਾਏ ਦੇ ਚਿੱਤ 'ਚ ਬੱਜੀ ਬੀ ਚਿੱਲ ਕੋਈ ਨੌਕਰੀ ਨੂਕਰੀ ਹੁੰਦੀ ਹੋਊ। ਮੁਲਖ ਤਾਏ ਨੂੰ ਪੁੱਛਿਆ ਕਰੇ ਬੀ ਨਿੱਕਾ ਕੀ ਕਰਦਾ। ਤਾਇਆ ਆਖਿਆ ਕਰੇ ਮੁੰਡਾ ਸਿੱਟ ਆ ਆਪਣਾ  , ਮਿਹਨਤੀ ਆ ਨਿੱਕਾ ਚਿੱਲ ਈ ਕਰਦਾ ਰਹਿੰਦਾ। ਪਿੰਡ 'ਚ ਫੁੱਲ ਚਰਚਾ। ਬੁੜ੍ਹੀਆੰ ਆਵਦੇ ਜਵਾਕਾੰ ਨੂੰ ਲੜਿਆ ਕਰਨ ," ਵੇ ਕੰਮ ਧੰਦਾ ਕਰਲੋ ਕੋਈ, ਦਰਸ਼ਨ ਕੇ ਮੁੰਡੇ ਤੋੰ ਸਿੱਖਲੋ ਕੁਸ ਚੰਡੀਗੜ੍ਹ ਚਿੱਲ ਕਰਦਾ ਪੌਣਾ ਜਾ"।
ਤਾਏ ਨੇ ਬਾਬੇ ਦੀ ਸਮਾਧ ਤੇ ਲੱਡੂ ਸੁੱਖੇ ਸੀ ਬੀ ਨਿੱਕਾ ਸਿੱਟ ਹੋਜੇ। ਤਾਇਆ ਲੱਡੂ ਵੰਡਦਾ ਫਿਰੇ ਮੂਹਰੋੰ ਮਾਹਟਰ ਟੱਕਰ ਗਿਆ। ਕਹਿੰਦਾ ਦਰਸ਼ਨਾ ਲੱਡੂ ਕਾਹਦੇ ਆ। ਤਾਇਆ ਕਹਿੰਦਾ ਮੁੰਡਾ ਚਿੱਲ ਕਰਨ ਲਾਪਿਆ ਆਪਣਾ ਚੰਦੀਗੜ੍ਹ। ਮਾਹਟਰ ਨੇ ਦੱਸਿਆ ਬੀ ਬੁੱਲ੍ਹੇ ਲੁੱਟਦਾ ਵਿਹਲਾ, ਤਾੰਹੀ ਚਿੱਲ ਕਰਦਾ।
ਤਾਇਆ ਗਰਮੀ ਖਾਗਿਆ। ਦੂਏ ਦਿਨ ਪਿੰਡੋੰ ਸਵਾ ਛੀ ਆਲੀ ਬੱਸ ਤੇ ਚੜ੍ਹ ਗਿਆ। ਠੂਹ ਵੱਜਿਆ ਚੰਡੀਗੜ੍ਹ। ਤਾਏ ਕੋਲ ਡਰਿੱਸ ਸੀਗਾ ਏਹਦਾ। ਤਾਇਆ ਅਰਲਾਸੇਟ ਈ ਬਾਗਿਆ ਏਹਦੇ ਕਮਰੇ 'ਚ। ਗਾਹਾੰ ਜਾੰਦਿਆੰ ਨੂੰ ਤਿੰਨ ਚਾਰ ਨਿੱਕੀਆੰ ਨਿੱਕੇ ਤਾਸ਼ ਖੇਡੀ ਜਾਣ, ਬਿੱਚੀ ਸਾਡੇਆਲਾ। ਨਿੱਕਾ ਦਹਿਲ ਗਿਆ ਬੀ ਅਜੀਤ ਰੋਡ ਤੇ ਭੂੰਗ ਆਲਾ ਟਰਾਲਾ ਕਿਮੇੰ ਆਗਿਆ। ਹਾਅਅਅ ਕੀ ਨਿੱਕਾ ਭੱਜਣ ਲੱਗਾ ਤੇ ਤਾਏ ਨੇ ਮੁਰਚਾ ਫੜ੍ਹਕੇ ਬਿੱਡਾੰ ਤੇ ਸਿੱਟ ਲਿਆ ਤੇ ਜੁੱਤੀ ਲਾਹਲੀ। 
ਅੰਬਰਸਰ ਲੰਗਰ ਹਾਲ ਦੀਆੰ ਥਾਲੀਆੰ ਅੰਗੂ ਖੜਕਾਟ ਪਿਆ ਪਬੇ ਸਾਡੇਆਲੇ ਦਾ। ਨਿੱਕੀਆੰ ਸੋਲਨ, ਸ਼ਿਮਲੇ ਬੰਨੀੰ ਦੀਆੰ ਸੀ। ਕਹਿੰਦੀ ਰੁਕੋ ਅੰਕਲ ਕਿਆ ਕਰ ਰਹੇ ਹੋ? ਤਾਇਆ ਕਹਿੰਦਾ ਕੁਸ ਨੀੰ ਚਿੱਲ ਕਰਦੇ ਆੰ ਚਿੱਲ।
ਓਦੋੰ ਬਾਅਦ ਸਾਡੇਆਲੇ ਨੇ ਚੰਡੀਗੜ੍ਹ ਬੰਨੀੰ ਨੱਕ ਨੀੰ ਕੀਤਾ.....ਪੁੱਸਲਾ ਭਮਾੰ ਏਹਨੂੰ.....ਘੁੱਦਾ

ਉੱਡਦੇ ਪੰਜਾਬ

ਮਿੱਠੇ ਹੋਣੀੰ ਕਹਿੰਦੇ ਅਕੇ ਉੱਡਦੇ ਪੰਜਾਬ 'ਚ ਡਰੈਕਟ ਗਾਹਲਾੰ ਕੱਢਦੇ ਨੇ। ਅਗਜਾੰਪਲ ਦੇਖ। ਆਥਣੇ ਬਾਲੀਬਾਲ ਖੇਡਦੇ ਦੇਖਿਓ ਕਦੇ, ਇੱਕ ਜਣੇ ਤੋੰ ਬਾਲ ਡਿੱਗੂ ਦੂਜੇ ਆਖਣਗੇ...ਹੀ ਭੈਣ ਦਾ ਜਾਰ, ਫੇਰੇਦੇਣਿਆੰ ਅੰਡਰਹੈੰਡ ਚੱਕਣੀ ਸੀ....ਗਾਲਤੀ ਧੀ ਦੇ ਖ਼ਸਮ ਨੇ। ਅਸਲ ਜ਼ਿੰਦਗੀ 'ਚ ਆਪਾੰ ਫਿਲਮ ਨਾੲੋੰ ਤਿੰਨ ਗੁਣਾੰ ਵੱਧ ਗਾਹਲਾੰ ਕੱਢਦੇ ਆੰ। 
ਫਿਲਮ ਦੱਸਦੀ ਆ ਨਸ਼ਾ ਕਰਨ ਵਾਲੇ ਜੂੜੇ ਆਲੇ, ਸਮੱਗਲਰ ਤੇ ਮਿਲੀਭੁਗਤ ਆਲੇ ਪੁਲਸੀਏ ਸਾਰੇ ਸਿੱਖ ਦਿੱਖ ਆਲੇ ਨੇ। ਬੰਬੇ ਦੇ ਕਿਸੇ ਸਿਨਮੇ 'ਚ ਕੁਰਸੀ ਤੇ ਦੋਹੇੰ ਲੱਤਾੰ ਧਰੀ ਬੈਠਾ ਭਈਆ ਪਾਨ ਥੁੱਕਕੇ ਪੁੱਠੇ ਹੱਥ ਨਾਲ ਮੂੰਹ ਪੂੰਝਕੇ ਆਖੂ,"ਯੇ ਸਾਲਾ ਸਰਦਾਰ ਲੋਗ ਬਹੁਤ ਨਸਾ ਕਰਤਾ ਹੈ। 
ਦੋ ਢਾਈ ਮਹੀਨੇ ਹੋਗੇ ਫੇਸਬੁੱਕ ਤੇ ਦੂਦੂ ਦੂਦੂ ਹੋਈ ਜਾੰਦੀ ਆ ਹਾਏ ਨਸ਼ਾ, ਹਾਏ ਨਸ਼ਾ। ਹਾੰ ਹੈਗਾ ਪੰਜਾਬ 'ਚ ਨਸ਼ਾ। ਪਬਲਿਕ ਟੋਆਇਲਟਾੰ 'ਚ ਪਏ ਸਿਲਵਰ ਪੇਪਰ, ਝੋਲੇ 'ਚ ਪਾਏ ਪੰਪਾੰ ਅਰਗੇ ਸਰੀਰ, ਦਵਾਖਾਨਿਆੰ ਮੂਹਰੇ ਬੈਠੀ ਖੱਸੀ ਜਵਾਨੀ, ਪੀਲੇ ਭੂਕ ਚਿਹਰੇ,ਪਿੰਡ ਤੋੰ ਪੌਣਾ  ਮੀਲ ਦੂਰ ਠੇਕਿਆੰ ਤੇ ਲੱਗੀਆੰ ਲੈਨਾੰ ਦੱਸਦੀਆੰ ਕਿ ਪੰਜਾਬ 'ਚ ਨਸ਼ਾ ਹੈਗਾ। 
ਪਰ ਪੋਜ਼ੀਟਿਵ ਪੱਖ ਵੀ ਹੈਗਾ। ਸਾਡੇ ਪਿੰਡ ਘੁੱਦੇ ਦੀ 3600 ਵੋਟ ਆ ਤੇ ਮੋਟਾ ਜਾ ਅੰਦਾਜ਼ਾ ਸੱਤ ਕ ਸੌ ਗੱਭਰੂ ਹੋਣਗੇ। ਦੋ ਚਾਰ ਜਣਿਆੰ ਦੀ ਸਹੁੰ ਨੀੰ ਲੈੰਦੇ ਬਾਕੀਆੰ ਬਾਰੇ ਹਿੱਕ ਠੋਕ ਕੇ ਕਹਿ ਸਕਦੇ ਆੰ ਸਾਡੇ ਕੋਈ ਚਿੱਟਾ ਪੀਣ ਜਾੰ ਗੋਲੀ ਗੱਪੇ ਆਲਾ ਕੋਈ ਹੈਨੀ। ਸਾਰਾ ਪਿੰਡ ਫੇਸਬੁੱਕ ਤੇ ਮੇਰੇ ਨਾ ਐਡ ਆ, ਗਵਾਹ ਆ।
ਹੱਲ ਕੀ ਆ?
ਫਿਲਮ ਤੇ ਫੇਸਬੁੱਕ ਦੋਹਾੰ ਨੇ ਨਸ਼ੇ ਦੇ ਮੁੱਦੇ ਨੂੰ ਹਾਈਲਾਈਟ ਕੀਤਾ। ਮੈੰ ਤੂੰ ਦੂੰਬੜ ਚੱਕੀ ਫਿਰਦੇ ਆੰ ਪਰ ਹੱਲ ਕੋਈ ਨੀੰ ਦੱਸਦਾ। ਸੜਕਨਾਮੇ ਆਲੇ ਬਲਦੇਵ ਸਿੰਘ ਦਾ ਨਾਵਲ 'ਖਾਕੂ ਜੇਡੁ ਨਾ ਕੋਇ' ਲਾਜ਼ਮੀ ਪੜ੍ਹਿਉ। ਡੁੱਬਦੀ ਕਿਸਾਨੀ, ਨਸ਼ੇ, ਬੇਰੁਜ਼ਗਾਰੀ ਸਾਰੇ ਮਸਲਿਆੰ ਦਾ ਹੱਲ...ਬਹੁਤ ਕੁਝ ਨਵਾੰ ਸਿੱਖਣ ਨੂੰ ਮਿਲੂ...ਜ਼ਰੂਰ ਪੜ੍ਹਿਓ....ਘੁੱਦਾ

ਹੋਰ ਗੱਲ

ਚਲ ਹੋਰ ਗੱਲ ਕਰਦੇ ਆੰ। ਬਿਨ੍ਹਾੰ ਸ਼ੱਕ ਆਪਣੇ ਸਾਰਿਆੰ ਦੇ ਪਿਓ, ਦਾਦੇ, ਪੜਦਾਦੇ ਗੱਲ ਮੁਕਾ ਪਿਛਲੀਆੰ ਪੀੜ੍ਹੀਆੰ ਨੇ ਬੇਤਹਾਸ਼ਾ ਮਿਹਨਤਾੰ ਕੀਤੀਆੰ ਨੇ। ਟਿੱਬੇ ਢਾਲ ਢਾਲ ਕੇ ਨਵੀਆੰ ਫਸਲਾੰ ਹੋਣ ਲਾਈਆੰ। ਹੁਣ ਅਗਲਾ ਆਥਣ ਨੂੰ ਕਣਕ ਮੰਡੀ ਢੋ ਦੇਦਾੰ। ਓਦੋੰ ਡੂਢ ਡੂਢ ਮਹੀਨਾ ਲਾੰਗਾ ਈ ਕੱਢੀ ਜਾੰਦੇ। ਡਾਗਾੰ ਨਾਲ ਸਰ੍ਹੋਆੰ ਕੁੱਟਦੇ ਤੇ ਘਾਣੀ ਜੋਗਰਾ ਤੇਲ ਹੁੰਦਾ। ਪਹਿਲਾੰ ਕਹਿੰਦੇ ਡਰੰਮੀਆੰ ਹੁੰਦੀਆੰ ਸੀ ਫੇਰ ਹੜੰਬੇ ਚੱਲਪੇ ਫੇਰ ਕੰਬਾਇਨਾੰ। ਧੇਲੇ, ਆਨੇ, ਦੁੱਕੀ, ਪੰਜੀ, ਦਸੀ, ਰਪਇਆ ਐੰ ਤਰੱਕੀ ਹੋਈ। ਵੱਡਿਆੰ ਦੇ ਦੇਣ ਨਹੀੰ ਦਿੱਤੇ ਜਾਣੇ ਬਹੁਤ ਮਿਹਨਤਾੰ ਕਰਗੇ। ਪਰ ਨਵੀੰ ਜਨਰੇਸ਼ਨ ਦੇ ਆਵਦੇ ਢੰਗ ਤਰੀਕੇ ਨੇ, ਨਵਿਆੰ ਨੂੰ ਵੀ ਨਈੰ ਰੋਕਣਾ ਚਾਹੀਦਾ। 
ਹੁਣ ਆਉਣਾ ਅਸਲ ਗੱਲ ਤੇ।
ਸਾਡੇ ਨਾਲਦੇ ਪਿੰਡੋੰ ਦੋ ਲਿਹਾਜ਼ੀ ਮੁੰਡੇ ਸਾਡੇ ਘਰੇ ਆਏ ਬੈਠੇ ਸੀ ਮੇਰੇ ਕੋਲ। ਦਸਵੀੰ ਤੀਕ ਅਸੀੰ ਕੱਠੇ ਪੜ੍ਹੇ ਸੀ। 
ਕਹਿੰਦੇ ਕੋਈ ਐਹੇ ਜਾ ਕੰਮ ਤੋਰਨਾ ਬੀ ਘਰੋੰ ਬਾਹਰ ਈ ਰਹੀਏ। ਘਰੇ ਕਹਿੰਦੇ ਗਾਹਲਾੰ ਬਹੁਤ ਪੈੰਦੀਆੰ। ਦੋਹਾੰ ਕੋਲ ਵਧੀਆ ਜ਼ਮੀਨ ਅ। ਦਸ ਪੰਦਰਾੰ ਕਿੱਲੇ ਮੰਨਕੇ ਚੱਲ। ਸ਼ਮਿੰਦਰ ਕਹਿੰਦਾ,"ਮੇਰੀ ਵਿਓੰਤ ਆ ਬੀ ਬੱਕਰੀਆੰ ਦਾ ਫਾਰਮ ਖੋਲ੍ਹਾੰ, ਪਰ ਮੇਰਾ ਪਿਓ ਨੀੰ ਮੰਨਦਾ"। ਪਰਦੀਪ ਕਹਿੰਦਾ ਮੈੰ ਮੇਰੇ ਪਿਓ ਨੂੰ ਕਿਹਾ ਬੀ,"ਮੈੰ ਦੋ ਕ ਕਿੱਲੇ ਸਬਜ਼ੀ ਲਾਉਣਾੰ ਨਾਏ ਕਿੱਲਾ ਕ ਕਮਾਦ ਲਾਓਣਾ। ਪਰ ਮੇਰਾ ਪਿਓ ਕਹਿੰਦਾ ਅਖੇ ਤੂੰ ਕਿੱਥੋੰ ਸਾੰਭਲੇਗਾੰ ਜਰ, ਰਹਿਣਦੇ"। ਨੰਨਾ ਪਾਤਾ।
ਅੱਜ ਦੀ ਮੰਡੀਰ ਤੇ ਏਹ ਠੱਪਾ ਲੱਗਾ ਵਾ ਬੀ ਇਹ ਕੰਮ ਕਰਨ ਜੋਗੇ ਹੈਨੀ। ਜਿਹੜੇ ਮੁੰਡੇ ਨੂੰ ਪਿੰਡ 'ਚ ਨਿਕੰਮਾ ਸਮਝਿਆ ਜਾਦਾੰ ਵਲੈਤ ਜਾਕੇ ਓਹੀ ਪੈਹੇ ਦੇ ਢਿੱਗ ਲਾ ਦਿੰਦਾ। ਗੱਲ ਕੀ, ਜਦੋੰ ਮਿਹਨਤ ਦਾ ਮੁੱਲ ਪੈੰਦਾ ਓਦੋੰ ਈ ਕੰਮ ਨੂੰ ਜੀਅ ਕਰਦਾ। 
ਨਵਿਆੰ ਨੂੰ ਮੂਹਰੇ ਆਉਣ ਦਿਓ, ਰੋੜ੍ਹੇ ਨਾ ਬਣੋ, ਸਲਾਹਕਾਰ ਬਣੋ , ਮੁੰਡਿਆੰ ਨੂੰ ਮਰਜ਼ੀ ਕਰਨ ਦਿਓ। ਮਰਜ਼ੀ ਏਹ ਨਹੀੰ ਬੀ ਮੁੰਡਾ ਆਖੇ ਬਾਪੂ ਮੈੰ ਤਾੰ ਚਿੱਟਾ ਵੇਚਣਾ। ਫੇਰ ਅੱਡੀ ਤੇ ਘੁਕਕੇ ਲਫੇੜਾ ਧਰਦੋ। 
ਥੋਡੇ ਕਦਰਦਾਨ ਆੰ ਬਜ਼ੁਰਗੋ , ਨਵਿਆੰ ਨੂੰ ਅੱਗੇ ਕਰੋ.....ਫੇਰ ਦੇਖਿਓ.....ਘੁੱਦਾ

ਸਾਥੋੰ ਕਿਹੜੀ ਰੁੱਤੇ

ਸਾਥੋੰ ਕਿਹੜੀ ਰੁੱਤੇ ਦੂਰ ਹੋਇਆੰ ਹੀਰਿਆ
ਭੈੜਾ ਚੱਲਿਆ ਵਲੈਤਾੰ ਦਾ ਰਿਵਾਜ਼ ਵੇ
ਕਹਿਣ ਪਾਸਪੋਰਟ ਨਿੱਕੀ ਜਿਹੀ ਕਾਪੀ ਨੂੰ
ਪਾਕੇ ਜੇਬ ਵਿੱਚ ਚੜ੍ਹਿਆ ਜ਼ਹਾਜ ਵੇ
ਸੀਗੇ ਰੋਟੀ ਜੋਗੇ ਏਥੇ ਵੀ ਤਾੰ ਸੋਹਣਿਆ
ਸੀ ਖਰੀਦਣੇ ਕੀ ਹੋਰ ਆਪਾੰ ਤਾਜ ਵੇ
ਇੱਕ ਵੀ ਨਾ ਮੰਨੀੰ ਮੇਰੀ ਹਾਣੀਆ
ਚੰਗੀ ਰੱਖੀ ਆ ਤੂੰ ਵੈਰੀਆ ਲਿਹਾਜ਼ ਵੇ
ਮੁੜ ਆਇਆ ਸ਼ਾਮੀੰ ਕੱਲ੍ਹ ਮੰਡੀਓੰ
ਬਾਪੂ ਤੇਰਾ ਵੇਚਕੇ ਅਨਾਜ ਵੇ
ਮੂਲ ਵੀ ਨਾ ਲਹਿੰਦੇ ਓਦੋੰ ਹੀਰਿਆ
ਜਦੋੰ ਲੱਗਦੇ ਵਿਆਜਾੰ ਨੂੰ ਵਿਆਜ ਵੇ
ਨਵੇੰ ਜਏ ਬਰੈੰਡ ਪਾਉਣ ਵਾਲਿਆ
ਤੇਰੇ ਕੁੜਤੇ ਨੂੰ ਕਰਾੰ ਹਜੇ ਕਾਜ ਵੇ
ਪੱਗ ਬੰਨ੍ਹੇ ਤੇਰਾ ਪੁੱਤ ਸਵਾ ਸੱਤ ਦੀ
ਤੇਰੀ ਧੀ ਜੋਗਾ ਜੋੜੀ ਜਾਵਾੰ ਦਾਜ ਵੇ
ਖੋਲ੍ਹ ਗੁੱਤ ਮੈੰ ਵੀ ਜੂੜਾ ਵਲ੍ਹਿਆ
ਮੈੰ ਵੀ ਹੋਗੀ ਹੁਣ ਉਮਰ ਦਰਾਜ਼ ਵੇ
ਮੈੰ ਵੀ ਆਖਣਾੰ ਨਹੀੰ ਆਪੇ ਓਦੋੰ ਮੁੜਪੀੰ
ਜਦੋੰ ਪੂਰੀ ਹੋਗੀ ਡਾਲਰਾੰ ਦੀ ਭਾਜ ਵੇ .......ਘੁੱਦਾ

ਪੰਜਾਬੀ

ਫਿਰੋਜ਼ਦੀਨ ਸ਼ਰਫ ਹੋਣਾੰ ਦੀ ਲਿਖੀ ਕਵਿਤਾ ਆਪਾੰ ਨੂੰ ਸਕੂਲੀ ਸਿਲੇਬਸ 'ਚ ਹੁੰਦੀ ਸੀ। ਓਸ ਲਿਖਤ ਦੀਆੰ ਕੁਝ ਗੱਲਾੰ ਇਓੰ ਸੀ 
"ਰਹਾੰ ਪੰਜਾਬ 'ਚ ਤੇ ਯੂਪੀ ਵਿੱਚ ਕਰਾੰ ਗੱਲਾੰ
ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾੰ
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ
ਆਸ਼ਕ ਮੁੱਢੋੰ ਮੈੰ ਏਸ ਉਮੰਗ ਦਾ ਹਾੰ
ਮੈੰ ਪੰਜਾਬੀ ਪੰਜਾਬ ਦਾ 'ਸ਼ਰਫ' ਸੇਵਕ
ਸਦਾ ਖੈਰ ਪੰਜਾਬੀ ਦੀ ਮੰਗਦਾੰ ਹਾੰ"
ਬੜੀ ਸੁਭਾਵਿਕ ਜੀ ਗੱਲ ਆ, ਆਪਾੰ ਸਾਰੇ ਪੰਜਾਬ 'ਚ ਜੰਮੇ ਆੰ ਤੇ ਕੁਦਰਤੀ ਏਸੇ ਬੋਲੀ ਤੇ ਏਸੇ ਮਿੱਟੀ ਨਾਲ ਪਿਆਰ ਆ। ਜੇ ਕੋਈ ਟੁੱਕ ਕਮਾਓਣ ਖਾਤਰ ਵਲੈਤ ਰਹਿੰਦਾ ਤਾੰ ਮਰਨ ਵੇੇਲੇ ਓਹ ਵੀ ਆਵਦੇ ਪੁੱਤ ਧੀ ਨੂੰ ਆਖਦਾ," ਸ਼ੇਰਾ ਘੌਲ ਨਾ ਕਰਿਓ ਮੇਰਾ ਸਸਕਾਰ ਪਿੰਡ ਲਿਜਾਕੇ ਈ ਕਰਿਓ"। ਪੰਜਾਬੋੰ ਬਾਹਰ ਗਿਆ ਨੂੰ ਕਿਤੇ ਪੰਜਾਬੀ 'ਚ ਲਿਖਿਆ ਸਾਈਨ ਬੋਰਡ ਦਿਸਜੇ ਤਾੰ ਚਾਅ ਜੇ ਨਾਲ ਦੂਹਰੀ ਆਰੀ ਦੇਖੀਦਾ। ਪੰਜਾਬੀ ਲਿਖਣ ਦਾ ਵੀ ਅਲੈਹਦਾ ਸਵਾਦ ਆ ਜਰ।
ਕੁੱਛੜ ਚੁੱਕੇ ਨਿਆਣੇ ਨੂੰ ਮਾੰ ਸੌ ਕੁਛ ਆਖਦੀ ਆ,'ਨੀੰ ਮੇਰਾ ਭੂੰਡੀ ਜਾ, ਮੇਰਾ ਬੂੰਗੜੀ ਜਾ, ਮੇਰਾ ਗੁੱਚੀ ਮੁੱਚੀ ਜਾ ਨੀੰ ਮੇਰੀ ਡੱਡ ਮੱਡ ਜੀ। ਤੇ ਜਵਾਕ ਮਾੰ ਬੋਲੀ ਸਿੱਖਣੀ ਸ਼ੁਰੂ ਕਰ ਦਿੰਦਾ। 
ਸ਼ੂੰ ਫੈੰ ਦੇ ਚੱਕਰਾੰ 'ਚ ਪੰਜਾਬੀ ਬੋਲਣ ਨੂੰ ਆਪਣੇ ਲੋਕ ਹੁਣ ਹੱਤਕ ਸਮਝਦੇ ਨੇ। ਡੱਕਿਆ ਮੁਲਖ ਵਿਆਹ ਦੇ ਕਾਰਡ ਵੀ ਅੰਗਰੇਜ਼ੀ 'ਚ ਛਪਾਓਦਾ ਜਿਮੇੰ ਸਾਰਾ ਲਾਣਾ ਓਕਸਫੋਰਡ 'ਚੋੰ ਪੜ੍ਹਿਆ ਹੁੰਦਾ। ਮੈੰ ਕਿਸੇ ਲਿਹਾਜ਼ੀ ਘਰੇ ਗਿਆ ਸੀ ਤੇ ਕੋਲ ਬੈਠਾ ਜਵਾਕ ਅੰਬ ਚੂਪੀ ਜਾਵੇ। ਮੇਰੇ ਲਿਹਾਜ਼ੀ ਦੀ ਘਰਾੰਆਲੀ ਆਕੇ ਜਵਾਕ ਨੂੰ ਕਹਿੰਦੀ ,"ਬੇਟਾ ਹੈੰਡੀ ਵਾਸ਼ੀ ਕਰੋ ਤੇ ਚਾਚੂ ਨੂੰ ਨਮਸਤੇ ਬੁਲਾਓ"। ਮਖਾ ਸੈੱਟ ਆ ਭਰਜਾਈ ਤੂੰ ਜਵਾਕ ਨੁੰ ਅੰਬ ਈ ਚੂਪ ਲੈਣਗੇ।
ਅਖਬਾਰਾੰ ਦਾ ਬੇੜਾ ਗਰਕੀ ਜਾੰਦਾ। ਵਿਆਹ ਨੂੰ ਸ਼ਾਦੀ, ਪਛਤਾਵੇ ਨੂੰ ਪਸ਼ਚਾਤਾਪ, ਕਾਹਲੀ ਨੂੰ ਜਲਦੀ, ਲੂਣ ਨੂੰ ਨਮਕ, ਪੁੱਤ ਧੀ ਨੂੰ ਬੇਟਾ ਬੇਟੀ । ਕੁੜੀ ਦਿਆੰ ਖਸਮਾੰ ਨੇ ਪੰਜਾਬੀ ਦਾ ਜਲੂਸ ਈ ਕੱਢਤਾ। ਹੋ ਸਕਦਾ ਕਿਸੇ ਨੂੰ ਲੱਗਦਾ ਹੋਵੇ ਬੀ ਘੁੱਦੇ ਆਲਾ ਡੱਕਿਆ ਵਾ ਭੋਰੀ ਜਾੰਦਾ, ਪਰ ਏਸ ਮਾਮਲੇ 'ਚ ਮੈੰ ਬਾਹਲਾ ਜ਼ਜਬਾਤੀ ਹੁੰਨਾੰ ਜਰ। ਮਿਹਰਬਾਨੀ ਕਰਕੇ....ਪੰਜਾਬੀ ਬੋਲੋ, ਪੰਜਾਬੀ ਪੜ੍ਹੋ ਤੇ ਪੰਜਾਬੀ ਲਿਖੋ......ਘੁੱਦਾ