Wednesday 3 August 2016

ਹੋਰ ਗੱਲ

ਚਲ ਹੋਰ ਗੱਲ ਕਰਦੇ ਆੰ। ਬਿਨ੍ਹਾੰ ਸ਼ੱਕ ਆਪਣੇ ਸਾਰਿਆੰ ਦੇ ਪਿਓ, ਦਾਦੇ, ਪੜਦਾਦੇ ਗੱਲ ਮੁਕਾ ਪਿਛਲੀਆੰ ਪੀੜ੍ਹੀਆੰ ਨੇ ਬੇਤਹਾਸ਼ਾ ਮਿਹਨਤਾੰ ਕੀਤੀਆੰ ਨੇ। ਟਿੱਬੇ ਢਾਲ ਢਾਲ ਕੇ ਨਵੀਆੰ ਫਸਲਾੰ ਹੋਣ ਲਾਈਆੰ। ਹੁਣ ਅਗਲਾ ਆਥਣ ਨੂੰ ਕਣਕ ਮੰਡੀ ਢੋ ਦੇਦਾੰ। ਓਦੋੰ ਡੂਢ ਡੂਢ ਮਹੀਨਾ ਲਾੰਗਾ ਈ ਕੱਢੀ ਜਾੰਦੇ। ਡਾਗਾੰ ਨਾਲ ਸਰ੍ਹੋਆੰ ਕੁੱਟਦੇ ਤੇ ਘਾਣੀ ਜੋਗਰਾ ਤੇਲ ਹੁੰਦਾ। ਪਹਿਲਾੰ ਕਹਿੰਦੇ ਡਰੰਮੀਆੰ ਹੁੰਦੀਆੰ ਸੀ ਫੇਰ ਹੜੰਬੇ ਚੱਲਪੇ ਫੇਰ ਕੰਬਾਇਨਾੰ। ਧੇਲੇ, ਆਨੇ, ਦੁੱਕੀ, ਪੰਜੀ, ਦਸੀ, ਰਪਇਆ ਐੰ ਤਰੱਕੀ ਹੋਈ। ਵੱਡਿਆੰ ਦੇ ਦੇਣ ਨਹੀੰ ਦਿੱਤੇ ਜਾਣੇ ਬਹੁਤ ਮਿਹਨਤਾੰ ਕਰਗੇ। ਪਰ ਨਵੀੰ ਜਨਰੇਸ਼ਨ ਦੇ ਆਵਦੇ ਢੰਗ ਤਰੀਕੇ ਨੇ, ਨਵਿਆੰ ਨੂੰ ਵੀ ਨਈੰ ਰੋਕਣਾ ਚਾਹੀਦਾ। 
ਹੁਣ ਆਉਣਾ ਅਸਲ ਗੱਲ ਤੇ।
ਸਾਡੇ ਨਾਲਦੇ ਪਿੰਡੋੰ ਦੋ ਲਿਹਾਜ਼ੀ ਮੁੰਡੇ ਸਾਡੇ ਘਰੇ ਆਏ ਬੈਠੇ ਸੀ ਮੇਰੇ ਕੋਲ। ਦਸਵੀੰ ਤੀਕ ਅਸੀੰ ਕੱਠੇ ਪੜ੍ਹੇ ਸੀ। 
ਕਹਿੰਦੇ ਕੋਈ ਐਹੇ ਜਾ ਕੰਮ ਤੋਰਨਾ ਬੀ ਘਰੋੰ ਬਾਹਰ ਈ ਰਹੀਏ। ਘਰੇ ਕਹਿੰਦੇ ਗਾਹਲਾੰ ਬਹੁਤ ਪੈੰਦੀਆੰ। ਦੋਹਾੰ ਕੋਲ ਵਧੀਆ ਜ਼ਮੀਨ ਅ। ਦਸ ਪੰਦਰਾੰ ਕਿੱਲੇ ਮੰਨਕੇ ਚੱਲ। ਸ਼ਮਿੰਦਰ ਕਹਿੰਦਾ,"ਮੇਰੀ ਵਿਓੰਤ ਆ ਬੀ ਬੱਕਰੀਆੰ ਦਾ ਫਾਰਮ ਖੋਲ੍ਹਾੰ, ਪਰ ਮੇਰਾ ਪਿਓ ਨੀੰ ਮੰਨਦਾ"। ਪਰਦੀਪ ਕਹਿੰਦਾ ਮੈੰ ਮੇਰੇ ਪਿਓ ਨੂੰ ਕਿਹਾ ਬੀ,"ਮੈੰ ਦੋ ਕ ਕਿੱਲੇ ਸਬਜ਼ੀ ਲਾਉਣਾੰ ਨਾਏ ਕਿੱਲਾ ਕ ਕਮਾਦ ਲਾਓਣਾ। ਪਰ ਮੇਰਾ ਪਿਓ ਕਹਿੰਦਾ ਅਖੇ ਤੂੰ ਕਿੱਥੋੰ ਸਾੰਭਲੇਗਾੰ ਜਰ, ਰਹਿਣਦੇ"। ਨੰਨਾ ਪਾਤਾ।
ਅੱਜ ਦੀ ਮੰਡੀਰ ਤੇ ਏਹ ਠੱਪਾ ਲੱਗਾ ਵਾ ਬੀ ਇਹ ਕੰਮ ਕਰਨ ਜੋਗੇ ਹੈਨੀ। ਜਿਹੜੇ ਮੁੰਡੇ ਨੂੰ ਪਿੰਡ 'ਚ ਨਿਕੰਮਾ ਸਮਝਿਆ ਜਾਦਾੰ ਵਲੈਤ ਜਾਕੇ ਓਹੀ ਪੈਹੇ ਦੇ ਢਿੱਗ ਲਾ ਦਿੰਦਾ। ਗੱਲ ਕੀ, ਜਦੋੰ ਮਿਹਨਤ ਦਾ ਮੁੱਲ ਪੈੰਦਾ ਓਦੋੰ ਈ ਕੰਮ ਨੂੰ ਜੀਅ ਕਰਦਾ। 
ਨਵਿਆੰ ਨੂੰ ਮੂਹਰੇ ਆਉਣ ਦਿਓ, ਰੋੜ੍ਹੇ ਨਾ ਬਣੋ, ਸਲਾਹਕਾਰ ਬਣੋ , ਮੁੰਡਿਆੰ ਨੂੰ ਮਰਜ਼ੀ ਕਰਨ ਦਿਓ। ਮਰਜ਼ੀ ਏਹ ਨਹੀੰ ਬੀ ਮੁੰਡਾ ਆਖੇ ਬਾਪੂ ਮੈੰ ਤਾੰ ਚਿੱਟਾ ਵੇਚਣਾ। ਫੇਰ ਅੱਡੀ ਤੇ ਘੁਕਕੇ ਲਫੇੜਾ ਧਰਦੋ। 
ਥੋਡੇ ਕਦਰਦਾਨ ਆੰ ਬਜ਼ੁਰਗੋ , ਨਵਿਆੰ ਨੂੰ ਅੱਗੇ ਕਰੋ.....ਫੇਰ ਦੇਖਿਓ.....ਘੁੱਦਾ

No comments:

Post a Comment