Wednesday 3 August 2016

ਚਿੱਲ

ਸਾਡੇਆਲੇ ਨਿੱਕੇ ਨੇ ਬੀ ਟੈੱਕ ਕਰੀ ਬਠਿੰਡਿਓੰ, ਦਿਓਣ ਆਲੇ ਕਾਲਜ 'ਚੋੰ। ਤੈਨੂੰ ਪਤਾ ਲਾਸ਼ਟ ਸਮੈਸਟਰ ਦੀ ਟਰੇਨਿੰਗ ਈ ਹੁੰਦੀ ਆ। ਨਿੱਕਾ ਤਾਏ ਨੂੰ ਕਹਿੰਦਾ ਅਕੇ ਮੈੰ ਤਾੰ ਚੰਡੀਗੜ੍ਹ ਟਰੇਨਿੰਗ ਲਵਾਊੰ। ਤਾਇਆ ਸਾਡੇ ਨਾੲੋੰ, ਏਹਦਾ ਕਰਦਾ ਵੀ ਬਾਹਲਾ। ਤਾਇਆ ਕਹਿੰਦਾ ਏਥੇ ਤਾੰ 'ੜਾੰਦੇ ਈ ਲੱਦੀਦੇ ਆ, ਤੂੰ ਬਗਜਾ ਚੰਡੀਗੜ੍ਹ। ਬਾਗਿਆ ਭਰਾਬਾ।
ਛੇ ਮਹੀਨੇ ਟੱਪੇ, ਅੱਠ ਟੱਪੇ, ਸਾਲ ਈ ਨੰਘ ਗਿਆ ਨਿੱਕਾ ਚੰਡੀਗੜ੍ਹੋੰ ਮੁੜੇ ਈ ਨਾ। ਊੰ ਬਿੱਚਦੀ ਮਿਲਜਿਆ ਕਰੇ।
ਤਾਇਆ ਫੂਨ ਕਰਿਆ ਕਰੇ ਬੀ ਨਿੱਕਿਆ ਕਿਮੇੰ ਆੰ? ਏਹ ਮੂਹਰੋੰ ਆਖਿਆ ਕਰੇ ਵਧੀਆ ਤਾਇਆ, ਚਿੱਲ ਕਰਦੇ ਆੰ ਪੂਰਾ। ਜਦੋੰ ਤਾਇਆ ਫੂਨ ਕਰਿਆ ਕਰੇ ਨਿੱਕਾ ਮੂਹਰੋੰ ਆਖਿਆ ਕਰੇ ਚਿੱਲ ਕਰੀ ਜਾਣੇੰ ਆਂ। 
ਤਾਏ ਦੇ ਚਿੱਤ 'ਚ ਬੱਜੀ ਬੀ ਚਿੱਲ ਕੋਈ ਨੌਕਰੀ ਨੂਕਰੀ ਹੁੰਦੀ ਹੋਊ। ਮੁਲਖ ਤਾਏ ਨੂੰ ਪੁੱਛਿਆ ਕਰੇ ਬੀ ਨਿੱਕਾ ਕੀ ਕਰਦਾ। ਤਾਇਆ ਆਖਿਆ ਕਰੇ ਮੁੰਡਾ ਸਿੱਟ ਆ ਆਪਣਾ  , ਮਿਹਨਤੀ ਆ ਨਿੱਕਾ ਚਿੱਲ ਈ ਕਰਦਾ ਰਹਿੰਦਾ। ਪਿੰਡ 'ਚ ਫੁੱਲ ਚਰਚਾ। ਬੁੜ੍ਹੀਆੰ ਆਵਦੇ ਜਵਾਕਾੰ ਨੂੰ ਲੜਿਆ ਕਰਨ ," ਵੇ ਕੰਮ ਧੰਦਾ ਕਰਲੋ ਕੋਈ, ਦਰਸ਼ਨ ਕੇ ਮੁੰਡੇ ਤੋੰ ਸਿੱਖਲੋ ਕੁਸ ਚੰਡੀਗੜ੍ਹ ਚਿੱਲ ਕਰਦਾ ਪੌਣਾ ਜਾ"।
ਤਾਏ ਨੇ ਬਾਬੇ ਦੀ ਸਮਾਧ ਤੇ ਲੱਡੂ ਸੁੱਖੇ ਸੀ ਬੀ ਨਿੱਕਾ ਸਿੱਟ ਹੋਜੇ। ਤਾਇਆ ਲੱਡੂ ਵੰਡਦਾ ਫਿਰੇ ਮੂਹਰੋੰ ਮਾਹਟਰ ਟੱਕਰ ਗਿਆ। ਕਹਿੰਦਾ ਦਰਸ਼ਨਾ ਲੱਡੂ ਕਾਹਦੇ ਆ। ਤਾਇਆ ਕਹਿੰਦਾ ਮੁੰਡਾ ਚਿੱਲ ਕਰਨ ਲਾਪਿਆ ਆਪਣਾ ਚੰਦੀਗੜ੍ਹ। ਮਾਹਟਰ ਨੇ ਦੱਸਿਆ ਬੀ ਬੁੱਲ੍ਹੇ ਲੁੱਟਦਾ ਵਿਹਲਾ, ਤਾੰਹੀ ਚਿੱਲ ਕਰਦਾ।
ਤਾਇਆ ਗਰਮੀ ਖਾਗਿਆ। ਦੂਏ ਦਿਨ ਪਿੰਡੋੰ ਸਵਾ ਛੀ ਆਲੀ ਬੱਸ ਤੇ ਚੜ੍ਹ ਗਿਆ। ਠੂਹ ਵੱਜਿਆ ਚੰਡੀਗੜ੍ਹ। ਤਾਏ ਕੋਲ ਡਰਿੱਸ ਸੀਗਾ ਏਹਦਾ। ਤਾਇਆ ਅਰਲਾਸੇਟ ਈ ਬਾਗਿਆ ਏਹਦੇ ਕਮਰੇ 'ਚ। ਗਾਹਾੰ ਜਾੰਦਿਆੰ ਨੂੰ ਤਿੰਨ ਚਾਰ ਨਿੱਕੀਆੰ ਨਿੱਕੇ ਤਾਸ਼ ਖੇਡੀ ਜਾਣ, ਬਿੱਚੀ ਸਾਡੇਆਲਾ। ਨਿੱਕਾ ਦਹਿਲ ਗਿਆ ਬੀ ਅਜੀਤ ਰੋਡ ਤੇ ਭੂੰਗ ਆਲਾ ਟਰਾਲਾ ਕਿਮੇੰ ਆਗਿਆ। ਹਾਅਅਅ ਕੀ ਨਿੱਕਾ ਭੱਜਣ ਲੱਗਾ ਤੇ ਤਾਏ ਨੇ ਮੁਰਚਾ ਫੜ੍ਹਕੇ ਬਿੱਡਾੰ ਤੇ ਸਿੱਟ ਲਿਆ ਤੇ ਜੁੱਤੀ ਲਾਹਲੀ। 
ਅੰਬਰਸਰ ਲੰਗਰ ਹਾਲ ਦੀਆੰ ਥਾਲੀਆੰ ਅੰਗੂ ਖੜਕਾਟ ਪਿਆ ਪਬੇ ਸਾਡੇਆਲੇ ਦਾ। ਨਿੱਕੀਆੰ ਸੋਲਨ, ਸ਼ਿਮਲੇ ਬੰਨੀੰ ਦੀਆੰ ਸੀ। ਕਹਿੰਦੀ ਰੁਕੋ ਅੰਕਲ ਕਿਆ ਕਰ ਰਹੇ ਹੋ? ਤਾਇਆ ਕਹਿੰਦਾ ਕੁਸ ਨੀੰ ਚਿੱਲ ਕਰਦੇ ਆੰ ਚਿੱਲ।
ਓਦੋੰ ਬਾਅਦ ਸਾਡੇਆਲੇ ਨੇ ਚੰਡੀਗੜ੍ਹ ਬੰਨੀੰ ਨੱਕ ਨੀੰ ਕੀਤਾ.....ਪੁੱਸਲਾ ਭਮਾੰ ਏਹਨੂੰ.....ਘੁੱਦਾ

No comments:

Post a Comment