Thursday 7 January 2016

ਸਿੱਖ ਤੇ ਸਿੱਖੀ

ਗਾਤਰੇ ਕਿਰਪਾਨਾਂ, ਸਿਰ ਦਸਤਾਰਾੰ, ਪ੍ਰਕਾਸ਼ ਦਾਹੜੇ ਸਰਬੰਸਦਾਨੀ ਨੇ ਅਲੈਹਦੀ ਕੌਮ ਸਜਾਈ। ਹੁਕਮ ਕਰਤਾ ਬੀ ਜ਼ੁਲਮ ਨਈੰ ਕਰਨਾ ਤੇ ਜੇ ਕੋਈ ਵਾਧ ਘਾਟ ਕਰਨ ਦੀ ਕੋਸ਼ਟ ਕਰੇ ਤਾੰ ਸਿੱਟ ਲਿਓ ਵਾਗਰੂ ਆਖਕੇ।
ਕੌਮ ਚੜ੍ਹਦੀਆੰ ਕਲਾ 'ਚ ਰਹੀ। ਫੇਰ ਸਾਡੀ ਮੱਤ ਨੀਵੀੰ ਤੇ ਮਨ ਉੁੱਚਾ ਹੋਣ ਲੱਗਾ। ਸਾਡੀ ਵਿਲੱਖਣਤਾ ਗਵਾਚ ਗਈ ਤਾੰਹੀ ਸਾਨੂੰ ਵਾਰ ਵਾਰ ਦੱਸਣਾ ਪੈੰਦਾ ਬੀ "ਹਮ ਹਿੰਦੂ ਨਹੀੰ"।
ਪਖੰਡ, ਕਰਤੂਤਾੰ, ਵਹਿਮ ਬਹੁਤ ਕਰਨ ਲਾਪੇ। ਗੁਰੂ ਦੀ ਬਾਣੀ ਨੂੰ ਜਾਦੂ ਟੂਣਾ ਬਣਾਲਿਆ। ਕਿਸੇ ਦੇ ਮੁੰਡਾ ਨੀੰ ਹੁੰਦਾ ਚੱਕ ਖੰਡ ਪਾਠ। ਸਿਹਤ ਢਿੱਲੀ ਰਹਿੰਦੀ ਚੱਕ ਤਰਨਤਾਰਨ ਦੀਆੰ ਪੰਜ ਮੱਸਿਆ ਬਗੈਰ ਨਾਗੇ ਤੋੰ।ਮਹਿੰ ਡੰਗ ਭੰਨਦੀ ਆ ਤਾੰ ਚੱਕ ਜਲ ਦੀ ਕੇਨੀ ਛਿੱਟਾ ਮਾਰਦੀੰ। 
ਜਦੋੰ ਕੋਈ ਤੀਜਾ ਬੰਦਾ ਸਾਨੂੰ ਸਾਡੀਆੰ ਕਮੀਆੰ ਦੱਸਦਾ ਤਾੰ ਆਪਾੰ ਅਗਲੇ ਦੇ ਗਲਮੇੰ ਨੂੰ ਪੈਣੇੰ ਆ ਬੀ ਹਾੰਹਾੰ ਤੂੰ ਕੌਣ ਹੁੰਨਾੰ ਐਡੀ ਗੱਲ ਕਹਿਣ ਆਲਾ।
ਹੁਣ ਆਪਾੰ ਕਿਹੜੀ ਬੇਅਦਬੀ  ਦੀ ਗੱਲ ਕਰਦੇ ਆੰ ?ਬੇਅਦਬੀ ਓਦੋੰ ਈ ਹੋਗੀ ਸੀ ਜਦੋੰ ਦੋ -ਢਾਈ ਸੌ ਵੋਟ ਆਲੇ ਪਿੰਡਾੰ 'ਚ ਪੰਜ ਪੰਜ ਗੁਰੂਦੁਆਰੇ ਖੜ੍ਹੇ ਕਰਤੇ ਸੀ।
ਅਗਲੀ ਗੱਲ।
ਫੇਰ ਤੂੰ ਆਖੇਂਗਾ ਕੈਹੇ ਜੀ ਗੱਲ ਕਰਤੀ।ਕਈ ਆਰੀ ਏਹ ਗੱਲਾੰ ਨਸ਼ਰ ਹੋਈਆੰ ਬੀ ਡੇਰਿਆ ਆਲੇ ਯਹਿੰਦੇ ਨੇ। ਫੇਰ ਵੀ ਮੁਲਖ ਜਾਦਾੰ, ਸਗਮਾੰ ਦੁੱਗਣਾ ਜਾਦਾੰ। ਟਾਟਾ ਸੂਮੋਆੰ ਕਿਰਾਏ ਤੇ ਕਰਾਕੇ ਮੁਲਖ ਡੇਰਿਆ ਬੰਨੀੰ ਤਾੜੀਆੰ ਮਾਰਦਾ ਜਾਦਾੰ । ਬਾਬੇ ਆਥਣੇ ਜੇ ਕਿਹੇ ਜਾ ਨਾੰ ਜਪਾਉੰਦੇ ਆ, ਤੈਨੂੰ ਵੀ ਪਤਾ ਮੈਥੋੰ ਕਿਓੰ ਸਵਾਦ ਲੈਣਾੰ।
ਜੁੱਗੜੇ ਬੀਤਗੇ ਕੱਖ ਨਈੰ ਬਦਲਿਆ । ਬੰਦਾ ਫੇਰ ਬਾੰਦਰ ਬਣਜੇ ਫੇਰ ਤਾੰ ਬਸ਼ੱਕ ਕੁਛ ਬਦਲਜੇ ਨਹੀੰ ਖਿੱਚੋਤਾਣ ਵੱਧ ਈ ਰਹੀ ਆ। ਮਾਲਕ ਤੰਦਰੁਸਤੀਆੰ ਬਖ਼ਸ਼ੇ.....ਘੁੱਦਾ

ਸਰਬੱਤ ਖਾਲਸਾ

ਸਾਡੀ ਸਭ ਤੋ ਵੱਡੀ ਕਮੀ ਆ ਬੀ ਸਾਡੇ 'ਚ ਮੂੰਹ ਤੇ ਗੱਲ ਕਹਿਣ ਦੀ ਹਿੰਮਤ ਹੈਨੀ। ਕਿਤੇ ਹੁੰਦੀ ਧੱਕੇਸ਼ਾਹੀ ਦੀ ਵੀਡਿਓ ਬਣਾਕੇ ਨੈੱਟ ਤੇ ਚਾੜ੍ਹਕੇ ਕਹਿ ਦੇਣੇੰ ਆ ਬੀ ਦੇਖੋ ਧੱਕਾ ਹੋ ਰਿਹਾ। ਪਰ ਮੌਕੇ ਤੇ ਅਗਲੇ ਦਾ ਹੱਥ ਫੜ੍ਹਨ ਜੋਗਰੇ ਹੈਨੀ। 
ਕਸਟਮਰ ਕੇਅਰ ਆਲੀ ਕੁੜੀ ਨੂੰ ਫੂਨ ਲਾਕੇ ਬੁੱਲ੍ਹ ਕੰਮਣ ਲੱਗ ਪੈੰਦੇ ਆ ਫੇਰ ਨਾਲਦੇ ਨੂੰ ਫੂਨ ਫੜ੍ਹਾਓਣਗੇ,"ਤੂੰ ਕਰ ਜਰ ਗੱਲ"। ਮੌਕੇ ਤੇ ਰੌਲਾ ਨਹੀੰ ਪਾਇਆ ਹੁਣ ਫੇਸਬੁੱਕ ਤੇ ਕਮਲ ਨਾ ਕੁੱਟੋ ਜਰ।
ਕਣਕ ਬਿਜਾਈ ਦੇ ਸੀਜ਼ਨ 'ਚ ਐਡਾ ਕੱਠ ਹੋਣਾ ਈ ਬਹੁਤ ਵੱਡੀ ਅਚੀਵਮੈੰਟ ਆ। ਪਰਤਿਆਈ ਗੱਲ ਆ ਫੇਸਬੁੱਕ ਹਮੇਸ਼ਾ ਨੈਗੇਟਿਵ ਪੱਖ ਨੂੰ ਵੱਧ ਉਛਾਲਦੀ ਆ।
ਆਪੋ 'ਚ ਨਹੀੰ ਲੜੇ ਏਹਵੀ ਪ੍ਰਾਪਤੀ ਈ ਸਮਝ। 
 ਹਰੇਕ ਦਾ ਸਟੇਟਸ ਅੱਜ ਮਤਿਆੰ ਦੇ ਉਲਟ ਸੀ। ਇੱਕ ਦੋ ਮਤਿਆੰ ਤੇ ਰਾਇ ਨਹੀੰ ਰਲੀ ਸਾਰਿਆੰ ਦੀ ਬਾਕੀ ਪ੍ਰਵਾਨ ਨੇ ਸਾਰਿਆੰ ਨੂੰ। 
ਕੱਠੇ ਹੋਗੇ ਜਰ, ਏਹੀ ਚਾਅ ਬਥੇਰਾ॥ 
ਪੰਜਾਬ ਗੁਰਾੰ ਦੇ ਨਾੰ ਈ ਵੱਸਦਾ ਤੇ ਵੱਸਦਾ ਰਹੂ......ਘੁੱਦਾ

ਆਈਫੋਨ

ਕੇਰਾੰ ਏਮੇੰ ਜਿਮੇੰ ਹਾਡੀ ਮਹਿੰ ਸੂਈ । ਟੱਬਰ ਨੇ ਐਲਾਨ ਕਰਤਾ ਕਹਿੰਦੇ ਸਾੰਭਲਾ ,ਕੱਟਾ ਤੇਰਾ ਈ ਆ। ਮਖਾ ਚੰਗਾ। ਹਾੰਅਅ ਕੀ ਮਹਿੰ ਨਾਲੋੰ ਦੁੱਗਣਾ ਦਾਣਾ ਕੱਟੇ ਨੂੰ ਚਾਰਿਆ ਕਰਾੰ। ਦਿਨਾੰ 'ਚ ਕੱਟਾ ਗੱਭਰੂ ਹੋ ਗਿਆ ਤੇ ਫੇਰ ਓਸ ਕੱਟੇ ਨੂੰ ਵੇਚਕੇ ਜ਼ਿੰਦਗੀ ਦਾ ਪਹਿਲਾ ਫੋਨ ਖ੍ਰੀਦਿਆ, ਨੋਕੀਆ ਸੋਲ੍ਹਾੰ ਸੌ। ਫੇਰ ਓਦੂੰ ਬਾਅਦ ਚੈਨਾ ਮੇਡ ਚੱਲਪੇ। ਫੇਰ ਸਾਢੇ ਸਤਾਰਾੰ ਸੌ ਦਾ 'ਜੀ ਫਾਈਵ' ਲਿਆੰਦਾ। 
ਫੇਰ ਮੁਲਖ ਚੈਨਾ ਮੇਡ ਦੀ ਸ਼ਰਮ ਜੀ ਮੰਨਣ ਲਾਪਿਆ ਬੀ ਜਾਅਲੀ ਆ । ਫੇਰ ਬਿਆਲੀ ਸੌ ਦਾ 'ਨੋਕੀਆ ਆਸ਼ਾ' ਲਿਆੰਦਾ। ਚੌੜਾ ਹੋਕੇ ਤੁਰਿਆ ਕਰਾੰ ਬੀ ਮਹਿੰਗਾ ਫੋਨ ਆ ਗੀਝੇ 'ਚ। ਪਿੱਛੋੰ ਟਾਪਾ ਲਾਹਕੇ ਫੋਟੋ ਖਿੱਚਿਆ ਕਰਾੰ ਓਹਦੇ ਨਾਲ। ਆਹ ਕਵਰ ਫੋਟੋ ਓਸੇ ਨਾ ਖਿੱਚੀ ਸੀ। ਉਹਦੀ ਫੇਰੇਦੇਣੇ ਦੀ ਬੈਟਰੀ ਫੁੱਲ ਜਿਆ ਕਰੇ। ਹਾਰਕੇ ਉੱਤੋੰ ਦੀ ਰਬੜ ਚੜ੍ਹਾਕੇ ਰੱਖਿਆ।
ਫੇਰ ਜੁੱਗ ਬਦਲਦਾ। ਫੇਰ ਵੱਟਸਅੱਪ ਚੱਲ ਪਿਆ। ਹਰਿੱਕ ਹਰਾਨੀ ਨਾਲ ਪੁੱਛਿਆ ਕਰੇ ,"ਵੱਟਸਅੱਪ ਹੈਨੀ ਤੇਰੇ ਕੋ"? ਮਖਾ ਕੋਈ ਨਾ।
ਖਾਧੇ ਸਿਓ ਆਲੇ ਫੋਨ ਦੇਖਕੇ ਢਿੱਡ ਦੀ ਗਰਾਰੀ ਪਾਲੀ ਬੀ ਆਈਫੋਨ ਈ ਲਿਆਉਣਾ ।ਸੌ ਸੱਜਾ ਖੱਬਾ ਕਰਕੇ ਜਨਵਰੀ 'ਚ ਕਿਹੇ ਤੇਰੇ ਅਰਗੇ ਤੋੰ ਆਈਫੋਨ ਖ੍ਰੀਦ ਲਿਆ ਇੱਕੀ ਹਜ਼ਾਰ ਦਾ। 
ਪੁੱਤਾੰ ਅੰਗੂ ਸਾੰਭਿਆ । ਆਈਫੋਨ ਜੇਬ 'ਚ ਪਾਕੇ ਉੱਤੋੰ ਜਿੱਪ ਡਾ ਕੇ ਰੱਖਣੀ ਬੀ ਕਿਤੇ ਡਿੱਗਕੇ ਜਾਹ ਜਾੰਦੀ ਨਾ ਹੋਜੇ। ਓਹੀ ਗੱਲ , ਲੰਘੀ ਵੀਹ ਤਰੀਕ ਨੂੰ ਖੌਣੀ ਕਿਸੇ ਦੇ ਕੀ ਕੇੜਾ ਉੱਠਿਆ ਤੇ ਮੇਰਾ ਆਈਫੋਨ ਚੋਰੀ ਕਰ ਲਿਆ। ਹਜੇ ਤੀਕ ਨੀੰ ਥਿਆਇਆ।ਦੁੱਖ ਬਥੇਰਾ ਹੋਇਆ,  ਮਸਾੰ ਖ੍ਰੀਦਿਆ ਸੀ।
ਪਰਸਨਲ ਡਾਟਾ , ਨਵੀਆੰ ਲਿਖਤਾੰ ਤੇ ਹੋਰ ਸਾਰਾ ਲੱਲਾ ਭੱਬਾ ਮਿੱਟੀ ਹੋ ਗਿਆ। ਪੁਲਿਸ ਰਿਪੋਟ ਕਰੀ ਬੀ ਆ ਖੌਣੀ ਕਿਤੇ ਟਰੇਸ ਹੋਜੇ...ਹੈਸੇ ਕਰਕੇ ਨੈੱਟ ਚਲਾਉਣ ਦਾ ਕੋਈ ਸਾਧਨ ਹੈਨੀ...ਛੇਤੀ ਦਬਾਰੇ ਟੱਕਰਾੰਗੇ......ਘੁੱਦਾ

ਜੱਟ

ਮੁੜ ਮੁੜ ਓਹੀ ਗੱਲਾੰ। ਕਰ ਨਾ ਕਰ। ਏਮੇਂ ਜਿਮੇੰ ਥੋੜ੍ਹੇ ਕ ਦਿਨ ਪਹਿਲਾੰ ਅਸੀੰ ਰਾਤ ਨੂੰ ਵਿਆਹ ਬੱਗਗੇ। ਬਾਣੀਆੰ ਦਾ ਵਿਆਹ ਸੀਗਾ। 
ਸਟੇਜ ਤੇ ਵੱਜਦੇ ਕੁੱਲ ਗੀਤ ਜੱਟਾੰ ਆਲੇ ਸੀ। 
ਕਦੇ ਕਿਸੇ ਬੰਦੇ ਨੂੰ ਓਹਦੀ ਜਾਤ ਦਾ ਨਾੰ ਲੈਕੇ ਬੁਲਾਇਓ, ਅਗਲਾ ਗੁੱਸਾ ਕਰੂ। ਕੱਲਾ ਜੱਟ ਆ ਜਿਹੜਾ ਜੱਟ ਕਹੇ ਤੋੰ ਹੋਰ ਤਿੜਦਾ, ਪਾਡਪੁਣਾ ਸਾਡੇ ਖੂਣ 'ਚ ਆ। 
ਪਿੰਡ ਦੇ ਅੱਧਿਓੰ ਵੱਧ ਜੱਟਾੰ ਦੇ ਐਹੇ ਜੇ ਘਰ ਹੁੰਦੇ ਨੇ ਜਿਨ੍ਹਾੰ ਦੀ ਜ਼ਮੀਨ ਮਸੀੰ ਤਿੰਨ ਚਾਰ ਕਿੱਲੇ ਹੁੰਦੀ ਆ। ਜੱਟਪੁਣੇ ਦਾ ਟੈਗ ਲੈਕੇ ਬਹਿ ਜਾਦਾਂ । ਛੋਟੇ ਜ਼ਿੰਮੀਦਾਰੇ ਦਾ ਹਾਲ ਹੋਰ ਆ, ਏਹਨਾੰ ਗੀਤਾੰ ਤੋੰ ਉਲਟ। 
ਅਗਲਾ ਮਹਿੰ ਨੀੰ ਪਸਮਣ ਦਿੰਦਾ ਬੀ ਕਿਤੇ ਕੱਟਰੂ ਨਾ ਦੁੱਧ ਚੁੰਘਜੇ। ਜੇਹੜਾ ਸੇਰ ਦੁੱਧ ਬਚਦਾ , ਭੱਜਕੇ ਅਗਲਾ ਡੇਅਰੀ ਤੇ ਪਾ ਆਉੰਦਾ ਬੀ ਕਿਸੇ ਪਾਸੇ ਚਾਰ ਪੈਸੇ ਖੜ੍ਹੇ ਹੋਣ ਸਹੀ। ਜਵਾਕ ਘਰੇ ਚੁੱਲ੍ਹੇ ਨੂੰ ਠੇਡੇ ਮਾਰੀ ਜਾਣਗੇ "ਬੀਬੀਏ ਖੀਰ ਧਰਦੇ, ਖੀਰ ਧਰਦੇ"
ਮੇਰੇ ਤੇਰੇ ਅਰਗੇ ਸ਼ੌੰਕ ਵੱਡੇ ਪਾਲ ਲੈੰਦੇ ਨੇ ਪਰ ਜੇਬ 'ਚ ਦਵਾਨੀ ਨਹੀੰ ਹੁੰਦੀ। ਆਪਣੀ ਜੰਤਾ ਨੇ ਕਿਤੇ ਵਿਆਹ ਜਾਣਾ ਹੋਵੇ ਕੱਲੀ ਪੈੰਟ ਸ਼ਲਟ ਆਵਦੀ ਹੁੰਦੀ ਆ ਬਾਕੀ ਬਲੈਜਰ ਕਿਸੇ ਦਾ, ਬੋ ਕਿਸੇ ਦੀ, ਬੂਟ ਕਿਸੇ ਦੇ। 
ਨਵੀਆੰ ਚੱਪਲਾੰ ਜੋਗਰੇ ਪੈਸੇ ਨਹੀੰ ਹੁੰਦੇ ਅਗਲਾ ਦਸਾੰ ਦੀਆੰ ਬੱਧਰਾੰ ਲੈਕੇ ਕੁੜਤੇ ਦੀ ਗੁੱਠ ਨਾਲ ਪੁਰਾਣੀ ਚੱਪਲ 'ਚ ਪਾਕੇ ਡੰਗ ਲਾਹੁੰਦਾ। 
ਜੇਹੜੇ ਐਕਸ਼ਨ ਦੇ ਬੂਟ ਤੇ ਬੈਲਟ ਜਵਾਕ ਸਕੂਲ ਪਾਕੇ ਜਾੰਦੇ ਨੇ ਓਹੀ ਸਕੀਰੀ 'ਚ ਜਾਣ ਵੇਲੇ ਪਾਏ ਹੁੰਦੇ ਨੇ।
ਬਾਹਲੇ ਬਾਬਿਆੰ ਦੇ ਹੱਥ 'ਚ "ਫਲਾਣੇ ਦੀ ਹੱਟੀ" ਆਲਾ ਲਿਫਾਫਾ ਫੜ੍ਹਿਆ ਹੁੰਦਾ। ਵਿੱਚ ਜ਼ਮੀਨ ਦੀ ਫਰਦ, ਗਰਦੌਰੀ ਤੇ ਕਨੂੰਨੀ ਕਾਕਤ ਹੁੰਦੇ ਨੇ। ਤੂੰ ਪੁੱਛਲੀੰ,"ਤਾਇਆ ਕਿੱਧਰ ਚੱਲਿਆੰ"। ਜਵਾਬ ਮਿਲੂ," ਕੁਸ ਨੀੰ ਸ਼ੇਰਾ ਆਹ ਜਰ ਲਿਮਟ ਬੰਨ੍ਹਾਉਣੇ ਆੰ ਬੰਕ ਤੋੰ"। ਕਰਜ਼ਾ।
ਗਾਇਕਾੰ ਗੀਤਕਾਰਾੰ ਨੂੰ ਦੱਸਦਿਓ ਬੀ ਫੇਰੇਦੇਣਿਓੰ ਆਹ ਹੁੰਦਾ ਜੱਟ। ਔਡੀਆੰ 'ਚੋੰ ਉੁੱਤਰਕੇ ਰੇਬੈਨ ਦੀਆੰ ਐਨਕਾੰ ਲਾਹਕੇ ਪਿੰਡ ਨੂੰ ਜਾੰਦੀ ਮਿੰਨੀ ਬੱਸ 'ਚ ਚੜ੍ਹਕੇ ਦੇਖੋ ਜੱਟ ਕੀ ਹੁੰਦਾ। ....ਘੁੱਦਾ

ਬਾਕੀ ਸਭ ਸੁੱਖ ਸਾੰਦ

ਆਮ ਪੇੰਡੂ ਬੀਬੀਆੰ ਕਹਿੰਦੀਆੰ ਹੁੰਦੀਆੰ ਨੇ,"ਲੈ ਕੁੜੇ ਦੋ ਜਵਾਕ ਤਾੰ ਹੋਣ ਈ ਹੋਣ, ਇੱਕ ਦੀ ਕੀ ਮਨਿਆਦ ਆ।
ਪਰ ਜਦੋੰ ਹੋਣੀ ਦਾ ਗੇੜ ਵਾਪਰਦਾ ਫੇਰ ਕੀ ਇੱਕ ,ਤੇ ਕੀ ਦੋ।
ਏਹੇ ਜਾ ਕੁਛ ਸਾਡੇ ਪਿੰਡ ਹੋਕੇ ਹਟਿਆ। ਦੋ ਪੁੱਤ ਸੀ ਕਿਸੇ ਦੇ। ਉੱਚੇ ਕੱਦ ਤੇ ਭਰਵੇੰ ਜੁੱਸੇ। ਜਰਵਾਨੇ ਗੱਭਰੂ।
ਵੱਡਾ ਮੁੰਡਾ ਲੰਮੇ ਰੂਟ ਦੀਆੰ ਬੱਸਾੰ ਦਾ ਡਰੈਬਰ। ਪਿੱਛੇ ਜੇ ਨਿੱਕੇ ਮੁੰਡੇ ਦਾ ਵਿਆਹ ਹੋਇਆ ਸੀ। ਤਿੰਨ ਕ ਮਹੀਨੇ ਪਹਿਲਾੰ ਪਿੰਡ ਦੇ ਲਹਿੰਦੇ ਵੱਲ 5-6 ਕਿਮੀ ਦੂਰ ਨਿੱਕੇ ਦਾ ਮੋਟਰਸੈਕਲ ਤੇ ਐਕਸੀਡੈੰਟ ਹੋਇਆ ਤੇ ਆਖਰੀ ਫਤਹਿ ਬੁਲਾ ਗਿਆ। ਮੂੰਹ ਨੇਹਰੇ ਜੇ ਇੱਕ ਸੌ ਅੱਠ ਆਲੀ ਅੰਬੂਲੈੰਸ ਬਾਰ ਮੂਹਰੇ ਰੁਕੀ। ਟੱਬਰ ਦੀਆੰ ਚੀਕਾੰ ਅੰਬੂਲੈੰਸ ਦੇ ਸਾਇਰਨ ਤੋੰ ਉੁੱਤੇ ਸੀ।
ਫੇਰ ਵੱਡੇ ਨੂੰ ਪੱਗ ਦੇਤੀ। ਹਾਰਕੇ ਬਹੂ ਵਿਚਾਰੀ ਵੱਡੇ ਦੇ ਸਿਰ ਧਰੀ। ਫੇਰੇਦੇਣੀ ਹੋਣੀ ਹਜੇ ਭਾਰੂ ਸੀ। 
ਮਹੀਨਾੰ ਕ ਪਹਿਲਾੰ ਪਿੰਡ ਦੇ ਚੜ੍ਹਦੇ ਵੱਲ 6-7 ਕਿਮੀ ਦੀ ਵਿੱਥ ਤੇ ਵੱਡੇ ਮੁੰਡੇ ਦਾ ਮੋਟਰਸੈਕਲ ਵੀ ਵੱਜਾ ਕਾਸੇ 'ਚ। ਥਾੰਏ ਜਾ ਪਿਆ। ਓਹੀ ਐੰਬੂਲੈੰਸ ਤੇ ਓਹੀ ਸੱਥਰ ਸਾਰਾ ਕੁਸ।
'ਜੱਗੋੰ ਤੇਰਮੀੰ' ਏਸੇ ਨੂੰ ਕਹਿੰਦੇ ਨੇ।
ਮੁੰਡਿਆੰ ਦਾ ਪਿਓ ਹਜੇ ਵੀ ਤੜਕੇ ਆਥਣੇ ਖੇਤ ਗੇੜਾ ਮਾਰਕੇ ਆਉੰਦਾ। ਤੜਕੇ ਕੋਲੋੰ ਲੰਘਣ ਲੱਗਿਆੰ ਮੂੰਹੋੰ ਸੋਬਤ ਈ ਨਿੱਕਲਿਆ ਮਖਾ,"ਹੋਰ ਬਾਈ ਕੈਮ ਆ ਸਿਹਤਾੰ" 
ਓਹੀ ਹੌੰਸਲੇ ਆਲਾ ਜਵਾਬ ਮਿਲਿਆ," ਹਾੰ ਹਾੰ ਠੀਕ ਆ,ਆਵਦੇ ਸੁਣਾ"।
ਮੋਹਨ ਭੰਡਾਰੀ ਦੀ ਕਹਾਣੀ 'ਬਾਕੀ ਸਭ ਸੁੱਖ ਸਾੰਦ' ਅਰਗੇ ਨੇ ਆਪਣੇ ਲੋਕ। ਏਹੀ ਵਡਿਆਈ ਆ ਹਾਰਨਾ ਨਹੀੰ ਸਿੱਖਿਆ। ਸਰਬੰਸਦਾਨੀ ਚੜ੍ਹਦੀਆੰ ਕਲਾ 'ਚ ਰੱਖੇ ....ਘੁੱਦਾ