Thursday 7 January 2016

ਜੱਟ

ਮੁੜ ਮੁੜ ਓਹੀ ਗੱਲਾੰ। ਕਰ ਨਾ ਕਰ। ਏਮੇਂ ਜਿਮੇੰ ਥੋੜ੍ਹੇ ਕ ਦਿਨ ਪਹਿਲਾੰ ਅਸੀੰ ਰਾਤ ਨੂੰ ਵਿਆਹ ਬੱਗਗੇ। ਬਾਣੀਆੰ ਦਾ ਵਿਆਹ ਸੀਗਾ। 
ਸਟੇਜ ਤੇ ਵੱਜਦੇ ਕੁੱਲ ਗੀਤ ਜੱਟਾੰ ਆਲੇ ਸੀ। 
ਕਦੇ ਕਿਸੇ ਬੰਦੇ ਨੂੰ ਓਹਦੀ ਜਾਤ ਦਾ ਨਾੰ ਲੈਕੇ ਬੁਲਾਇਓ, ਅਗਲਾ ਗੁੱਸਾ ਕਰੂ। ਕੱਲਾ ਜੱਟ ਆ ਜਿਹੜਾ ਜੱਟ ਕਹੇ ਤੋੰ ਹੋਰ ਤਿੜਦਾ, ਪਾਡਪੁਣਾ ਸਾਡੇ ਖੂਣ 'ਚ ਆ। 
ਪਿੰਡ ਦੇ ਅੱਧਿਓੰ ਵੱਧ ਜੱਟਾੰ ਦੇ ਐਹੇ ਜੇ ਘਰ ਹੁੰਦੇ ਨੇ ਜਿਨ੍ਹਾੰ ਦੀ ਜ਼ਮੀਨ ਮਸੀੰ ਤਿੰਨ ਚਾਰ ਕਿੱਲੇ ਹੁੰਦੀ ਆ। ਜੱਟਪੁਣੇ ਦਾ ਟੈਗ ਲੈਕੇ ਬਹਿ ਜਾਦਾਂ । ਛੋਟੇ ਜ਼ਿੰਮੀਦਾਰੇ ਦਾ ਹਾਲ ਹੋਰ ਆ, ਏਹਨਾੰ ਗੀਤਾੰ ਤੋੰ ਉਲਟ। 
ਅਗਲਾ ਮਹਿੰ ਨੀੰ ਪਸਮਣ ਦਿੰਦਾ ਬੀ ਕਿਤੇ ਕੱਟਰੂ ਨਾ ਦੁੱਧ ਚੁੰਘਜੇ। ਜੇਹੜਾ ਸੇਰ ਦੁੱਧ ਬਚਦਾ , ਭੱਜਕੇ ਅਗਲਾ ਡੇਅਰੀ ਤੇ ਪਾ ਆਉੰਦਾ ਬੀ ਕਿਸੇ ਪਾਸੇ ਚਾਰ ਪੈਸੇ ਖੜ੍ਹੇ ਹੋਣ ਸਹੀ। ਜਵਾਕ ਘਰੇ ਚੁੱਲ੍ਹੇ ਨੂੰ ਠੇਡੇ ਮਾਰੀ ਜਾਣਗੇ "ਬੀਬੀਏ ਖੀਰ ਧਰਦੇ, ਖੀਰ ਧਰਦੇ"
ਮੇਰੇ ਤੇਰੇ ਅਰਗੇ ਸ਼ੌੰਕ ਵੱਡੇ ਪਾਲ ਲੈੰਦੇ ਨੇ ਪਰ ਜੇਬ 'ਚ ਦਵਾਨੀ ਨਹੀੰ ਹੁੰਦੀ। ਆਪਣੀ ਜੰਤਾ ਨੇ ਕਿਤੇ ਵਿਆਹ ਜਾਣਾ ਹੋਵੇ ਕੱਲੀ ਪੈੰਟ ਸ਼ਲਟ ਆਵਦੀ ਹੁੰਦੀ ਆ ਬਾਕੀ ਬਲੈਜਰ ਕਿਸੇ ਦਾ, ਬੋ ਕਿਸੇ ਦੀ, ਬੂਟ ਕਿਸੇ ਦੇ। 
ਨਵੀਆੰ ਚੱਪਲਾੰ ਜੋਗਰੇ ਪੈਸੇ ਨਹੀੰ ਹੁੰਦੇ ਅਗਲਾ ਦਸਾੰ ਦੀਆੰ ਬੱਧਰਾੰ ਲੈਕੇ ਕੁੜਤੇ ਦੀ ਗੁੱਠ ਨਾਲ ਪੁਰਾਣੀ ਚੱਪਲ 'ਚ ਪਾਕੇ ਡੰਗ ਲਾਹੁੰਦਾ। 
ਜੇਹੜੇ ਐਕਸ਼ਨ ਦੇ ਬੂਟ ਤੇ ਬੈਲਟ ਜਵਾਕ ਸਕੂਲ ਪਾਕੇ ਜਾੰਦੇ ਨੇ ਓਹੀ ਸਕੀਰੀ 'ਚ ਜਾਣ ਵੇਲੇ ਪਾਏ ਹੁੰਦੇ ਨੇ।
ਬਾਹਲੇ ਬਾਬਿਆੰ ਦੇ ਹੱਥ 'ਚ "ਫਲਾਣੇ ਦੀ ਹੱਟੀ" ਆਲਾ ਲਿਫਾਫਾ ਫੜ੍ਹਿਆ ਹੁੰਦਾ। ਵਿੱਚ ਜ਼ਮੀਨ ਦੀ ਫਰਦ, ਗਰਦੌਰੀ ਤੇ ਕਨੂੰਨੀ ਕਾਕਤ ਹੁੰਦੇ ਨੇ। ਤੂੰ ਪੁੱਛਲੀੰ,"ਤਾਇਆ ਕਿੱਧਰ ਚੱਲਿਆੰ"। ਜਵਾਬ ਮਿਲੂ," ਕੁਸ ਨੀੰ ਸ਼ੇਰਾ ਆਹ ਜਰ ਲਿਮਟ ਬੰਨ੍ਹਾਉਣੇ ਆੰ ਬੰਕ ਤੋੰ"। ਕਰਜ਼ਾ।
ਗਾਇਕਾੰ ਗੀਤਕਾਰਾੰ ਨੂੰ ਦੱਸਦਿਓ ਬੀ ਫੇਰੇਦੇਣਿਓੰ ਆਹ ਹੁੰਦਾ ਜੱਟ। ਔਡੀਆੰ 'ਚੋੰ ਉੁੱਤਰਕੇ ਰੇਬੈਨ ਦੀਆੰ ਐਨਕਾੰ ਲਾਹਕੇ ਪਿੰਡ ਨੂੰ ਜਾੰਦੀ ਮਿੰਨੀ ਬੱਸ 'ਚ ਚੜ੍ਹਕੇ ਦੇਖੋ ਜੱਟ ਕੀ ਹੁੰਦਾ। ....ਘੁੱਦਾ

No comments:

Post a Comment