Monday 17 October 2011

ਖਾਮੋਸ਼ ਚੀਕਾਂ

ਅਜੇ ਤਾਂ ਸੂਰਜ ਉੱਗਿਆ ਵੀ ਨਹੀਂ,
ਫਿਰ ਏਨਾ ਦਹਿਮ ਕਿਉ ਏ?,
ਅਜੇ ਤਾਂ ਘੋਰ ਹਨੇਰਾ ਏ, ਮੂੰਹ ਹਨੇਰਾ ਵੀ ਨਹੀਂ,
ਪੰਛੀ ਵੀ ਚਹਿਕ ਨਹੀਂ, ਰੌਲਾ ਪਾ ਰਹੇ ਨੇ,
ਹਵਾ ਵੀ ਰੁਮਕ ਨਹੀਂ, ਸ਼ੂਕ ਰਹੀ ਏ,
ਫਿਰ ਵੀ ਪੱਤੇ ਅਹਿੱਲ ਨੇ, ਵੇਖਾਂ ਤਾਂ ਸਹੀ....

ਆਹ ਪੈਰ ਕਿਸਦੇ ਲਟਕ ਰਹੇ ਨੇ ਰੁੱਖ ਨਾਲ,
ਤੇ ਉੱਪਰ ਪੱਗ ਵੀ ਰੱਸੇ ਵਾਂਗ  ਲਟਕੀ ਹੋਈ ਏ,
ਇਹ ਤਾਂ ਤਾ....ਤਾ...ਤਾ...ਤਾਇਆ ਆ ਮੇਰਾ,
ਪਰ ਇਹ ਕੀ, ਪਰਸੋਂ ਤਾਂ ਇਹਦੀ ਧੀ ਦਾ ਵਿਆਹ ਏ,
ਸ਼ਾਇਦ ਰਾਂਤੀ ਆੜ੍ਹਤੀਏ ਨੇ ਪੈਸਿਆਂ ਤੋਂ ਸਿਰ ਫੇਰ ਦਿੱਤਾ ਹੋਣੈ,
ਤਾਹੀਉਂ ਤਾਏ ਦੀ ਸਿਰ ਦੀ ਪੱਗ, ਗਲ ਦਾ ਰੱਸਾ ਬਣ ਗਈ ਏ..

ਉਹ ਕਾਰਾਂ ਦੇ ਕਾਲੇ ਸ਼ੀਸ਼ਿਆਂ ਵਿੱਚੋਂ ਤੱਕਦੇ ਨੇ,
ਸੜਕ ਕਿਨਾਰੇ ਬੈਠੀ ਮਮਤਾ ਦਾ ਫਰਜ਼ ਨਿਭਾ ਰਹੀ ਅੱਲੜ੍ਹ ਦੀਆਂ ਛਾਤੀਆਂ,
ਅਣਗੌਲਿਆ ਕਰ ਦਿੰਦੇ ਨੇ, ਉਹਦੇ ਕਿਰਤ ਕਰਦੇ ਹੱਥ,
ਨਾਲੇ ਖਾਲੀ ਛਾਤੀ ਨੂੰ ਚਿੰਬੜਿਆ ਭੁੱਖਾ ਨਿਆਣਾ,
ਤਾਂ ਫਿਰ ਉਹਨ੍ਹਾਂ ਲਈ ਤਾਂ ਤਾਏ ਦੀ ਮੌਤ ਮਹਿਜ਼ ਇੱਕ ਮੌਤ ਏ,
ਜਾਂ ਖੁਦ ਹੀ ਕੁਚਲੀ ਗਈ ਭਵਿੱਖ ਦੀ ਬਗਾਵਤ.....

ਹੁਣ ਆਉਣਗੇ ਕੁਝ ਕੁ ਉਹ ਪੱਤਰਕਾਰ ਜੋ ,
ਪਸੰਦ ਨਹੀਂ ਕਰਨਗੇ ਹੁਣ ਇਹ ਆਮ ਖ਼ਬਰ ਰੋਜ਼ ਵਾਂਗ,
ਉਹ ਆਉਣਗੇ ਮੌਤ ਦਾ ਕਾਰਨ ਅਵਾਮ ਨੂੰ ਦੱਸਣ?
ਨਹੀਂ ,ਅਸਲ ਵਿੱਚ ਆਪਣੀ ਰੋਟੀ ਦਾ ਜੁਗਾੜ ਕਰਨ,
ਮੈਨੂੰ ਯਾਦ ਆ ਰਹੇ ਨੇ ਤਾਏ ਦੇ ਉਹ ਬੋਲ,"ਪੁੱਤ ਕਦੇ ਮੇਰੀ ਫੋਟੋ ਵੀ 'ਖਬਾਰ 'ਚ ਆਊਗੀ"?
ਕਾਸ਼ !ਤਾਇਆ ਅਨਪੜ੍ਹ ਨਾ ਹੁੰਦਾ..ਤਾਂ ਲਿਖ ਦਿੰਦਾ ਖੁਦਕੁਸ਼ੀ ਨੋਟ...

ਸਭ ਲੋਕ ਕੋਸਣਗੇ ਤਾਏ ਨੂੰ ਤੇ ਬੁਜ਼ਦਿਲ ਕਰਾਰ ਦੇਣਗੇ,
ਇਹ ਖੁਦਕੁਸ਼ੀ ਨਹੀਂ, ਤਾਏ ਹੱਥੋਂ ਹੀ ਤਾਏ ਦਾ ਕਤਲ ਕਰਾਇਆ ਗਿਆ ਏ,
ਪਰ ਕੋਈ ਨਹੀਂ ਸਮਝੇਗਾ ਇਹ ਖਾਮੋਸ਼ ਖੁਦਕੁਸ਼ੀ ਨੋਟ,
ਖੈਰ ਮੈਂ ਇਤਲਾਹ ਦੇ ਆਵਾਂ ਸਰਪੰਚ ਨੂੰ  ,
 ਰੁੱਖ ਦੇ ਤਣੇ ਤੋਂ ਚੜ੍ਹਕੇ ,ਲਾਸ਼ ਤੱਕ ਕੀੜੀਆਂ ਪਹੁੰਚਣ ਤੋਂ ਪਹਿਲਾਂ....

Writtn BY---ਅੰਮ੍ਰਿਤ ਪਾਲ ਸਿੰਘ

ਠੇਠ ਸਵਾਲ

ਕਿਸਨੂੰ ਕਹਿੰਦੇ ਓ ਤੁਸੀਂ ਪੰਜਾਬੀ?
ਦੋ ਹਾੜ੍ਹੇ ਲਾਕੇ , ਦੁਨਾਲੀ ਚੱਕ ਕੇ ਲਲਕਾਰੇ ਮਾਰਨ ਵਾਲੇ ਨੂੰ?
ਜਾਂ ਅਰਮਾਨੀ ਐਨਕ ਲਾਕੇ, ਪਿਊਮਾ ਬੂਟ ਪਾਕੇ,
ਬੁਲਟ ਤੇ ਗੇੜੀਆਂ ਲਾਉਣ ਵਾਲੇ ਨੂੰ,
ਪਰ ਜਿਸਦੀ ਹੜ੍ਹਾਂ ਨਾਲ  ਫਸਲ ਰੁੜ੍ਹ ਜਾਵੇ,
ਘਰ ਜਵਾਨ ਪੁੱਤਰ ਦੀ ਮੌਤ ਹੋ ਜਾਵੇ,
ਤੇ ਘਰੇ ਬੈਠੀ ਹੋਵੇ ਛੁੱਟੜ ਧੀ,
ਤੇ ਫਿਰ ਵੀ ਆਖੇ, "ਸਭ ਸੁੱਖ ਸਾਂਦ ਏ",
ਉਸਨੂੰ ਤੁਸੀ ਕੀ ਨਾਮ ਦਿਉਗੇ?

ਕਿਸਨੂੰ ਕਹਿੰਦੇ ਓ ਤੁਸੀਂ ਸ਼ਰਧਾ?
ਸਿਰਫ ਮੱਥਾ ਟੇਕਣਾ ਪਰ ਖੁਦ ਨੂੰ ਨਾ ਟੇਕਣਾ,
ਪੜ੍ਹ ਲੈਣਾ, "ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ"
ਪਰ ਗੁਰੂ ਘਰ ਜਾਕੇ 'ਅਬੋਰਸ਼ਨ' ਦਾ ਕੰਮ ਨੇਪਰੇ,
ਚੜ੍ਹਨ ਦੀ ਅਰਦਾਸ ਕਰਨਾ,
ਪੜ੍ਹ ਲੈਣਾ "ਮਿਠੁਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤੁ"
ਪਰ ਕਿਸੇ ਨੂੰ ਸੰਬੋਧਨ ਕਰਨ ਵੇਲੇ ਪਹਿਲਾ ਸ਼ਬਦ ਵਰਤਣ "ਊਏ"
ਕੀ ਇਹੋ ਹੈ ਸਾਡੀ ਸ਼ਰਧਾ?

ਕਿਸਨੂੰ ਕਹਿੰਦੇ ਓ ਤੁਸੀਂ ਦੇਸ਼ ਭਗਤ?
ਸਪੀਕਰ ਨੂੰ ਤੰਗ ਕਰਕੇ, ਮੇਜ਼ਾਂ ਥਪਥਪਾਉਣ ਵਾਲਿਆਂ ਨੂੰ?
ਜਾਂ ਉਗਲਾਂ ਖੜ੍ਹੀਆਂ ਕਰਕੇ, ਜੇਤੂ ਚਿੰਨ੍ਹ ਬਣਾਉਣ ਪਿੱਛੋਂ,
ਮਦਾਰੀ ਦੇ "ਝੁਰਲੂ" ਵਾਗੂੰ ਸ਼ਿਤਮ ਹੋ ਜਾਣ ਵਾਲਿਆਂ ਨੂੰ?
ਭਰ ਜਵਾਨੀ 'ਚ 'ਕਾਲੇਪਾਣੀ' ਗਏ ,
ਪਰ ਬਾਬੇ ਬਣਕੇ ਮੁੜੇ ਲੋਕਾਂ ਨੂੰ ,
ਤੁਸੀਂ ਕੀ ਨਾਮ ਦਿਉਗੇ?

ਕੀ ਇਹੋ ਨੇ ਸਾਡੇ ਗੀਤ?
ਮਹਿਬੂਬ ਲਈ ਹਿਟਲਰ ਬਣ ਜਾਣਾ,
ਜਾਂ ਗਾਉਦੇ ਰਹਿਣਾ, ਜੱਟ ਫੋਰਡ ਤੇ, ਜੱਟ ਕੰਬਾਇਨ ਜਾਂ ਸਫਾਰੀ ਤੇ?
ਬਸ ਗਾਉਦੇਂ ਰਹਿਣਾ ਜੱਟ ਦੀ ਗਵਾਚ ਰਹੀਂ ਹੋਂਦ ਦੇ ਸੋਹਲੇ,
ਜੋ ਸੱਚਮੁੱਚ 'ਜੱਟ' ਸ਼ਬਦ ਨਾਲ ਪਿਆਰ ਹੈ ਤਾਂ ,
ਕੀ 40 ਸਾਲਾਂ ਬਾਅਦ ਵਤਨ ਪਰਤੇ,
ਤੇ ਪਤਨੀ ਵੱਲੋਂ ਵੀ ਨਾ ਪਹਿਚਾਣੇ ਗਏ ,
ਚਾਚਾ ਅਜੀਤ ਸਿੰਘ ਦਾ ਗੀਤ
"ਪੱਗੜੀ ਸੰਭਾਲ ਜੱਟਾ"
ਸਾਡਾ ਗੀਤ ਨਹੀਂ ਬਣ ਸਕਦਾ?

Written By   ----      ਅੰਮ੍ਰਿਤ ਪਾਲ ਸਿੰਘ (9465383711)

ਅੱਤਵਾਦ

ਕਿਸੇ ਸਰਕਾਰੀ ਮੁਲਾਜ਼ਮ ਦੀ ਦਾਹੜੀ ਤੇ ਬੰਨ੍ਹੀ ਢਾਹਠੀ ਹੇਠ,
ਨਰੜੇ ਵਾਲਾਂ ਵਰਗੇ ਲੋਕ ਜਦ ਬਣਦੇ ਨੇ ਲਹਿਰ,
ਜਾਂ ਜਦੋਂ ਰੁਲਦੀ ਰਹਿੰਦੀ ਏ ਗਰੀਬ ਦੀ ਪੀਲੀ ਕਾਪੀ,
ਸਰਕਾਰੀ ਮੇਜ਼ਾਂ 'ਤੇ ਇੱਕ ਮੋਹਰ ਖੁਣੋਂ,
ਜਾਂ ਜਦੋਂ ਅੱਕ ਜਾਂਦੇ ਨੇ ਨੌਜਵਾਨ ,ਮੁਜ਼ਾਹਰਿਆ ਵਿੱਚ,
ਹਾਕੀਆਂ ਨਾਲ ਹੰਝੂ ਗੈਸ ਦੇ ਗੋਲੇ ਮੋੜ ਮੋੜ ਕੇ,
ਓਦੋਂ ਬੀਜਿਆ ਜਾਂਦਾ ਏ ਅੱਤਵਾਦ ਦਾ ਬੀਜ..........

ਜਾਂ ਜਦੋਂ ਰੁਲਦੀ ਏ 'ਅੰਨਦਾਤੇ' ਦੀ ਪੱਗ,
'ਗੋਬਿੰਦਪੁਰੇ' ਜਾਂ 'ਟਰਾਈਡੈਂਟ' ਦੇ ਧੱਕੇ ਨਾਲ,
ਜਾਂ ਜਦੋਂ ਵਾਰ-ਵਾਰ ਮਿਲਦੀ ਏ ਕਲੀਨ ਚਿੱਟ,
'84 ਤੇ ਗੋਧਰਾ ਕਾਂਡ ਦੇ ਦੋਸ਼ੀਆਂ ਨੂੰ,
ਜਾਂ ਜਦੋਂ ਸਰਕਾਰੀ ਬੂਟ ਮਿੱਧਦੇ ਨੇ, ਕੌਮ ਦਾ ਦਿਲ,
ਟੈਕਾਂ ਤੋਪਾਂ ਦੀ 'ਸ਼ਹਿ' ਲੈਕੇ ,
ਜਾ ਜਦੋਂ ਅਮਨ ਸ਼ਾਤੀ ਦੇ ਨਾਂ ਹੇਠ ਜੰਮੂ ਵੱਲ ਫੌਜੀ ਹਵਸ,
ਦਾ ਸ਼ਿਕਾਰ ਹੁੰਦੀਆਂ ਨੇ 'ਅਜ਼ਾਦ ਭਾਰਤ ਦੀ ਕੁੜੀਆਂ'
ਓਦੋਂ ਜਵਾਨ ਹੁੰਦਾ ਏ ਅੱਤਵਾਦ......

ਜਦੋਂ ਸਰਕਾਰੀ ਬਿੱਲੇ ਦਾਹੜੇ ਖੋਲ੍ਹਕੇ ,ਕੇਸਕੀਆਂ ਬੰਨ੍ਹਕੇ,
ਜਾ ਵੜਦੇ ਨੇ ਘਰਾਂ ਵਿੱਚ, ਕਿਸੇ ਸੂਰਮੇ ਦੇ ਨਾਂ ਦੀ ਓਟ ਲੈਕੇ,
ਰੋਟੀ ਪਾਣੀ ਝੁਲਸ ਕੇ ਤੁਰ ਜਾਂਦੇ ਨੇ,
ਪਰ ਪਹਿਲਾਂ ਕੱਖੋਂ ਹੌਲੀਆਂ ਕਰ ਦਿੰਦੇ ਨੇ,
ਭੈਣਾਂ ਨੂੰ ਉਹਨ੍ਹਾਂ ਦੇ  ਭਰਾਵਾਂ ਸਾਹਮਣੇ,
ਫਿਰ ਸਵੇਰੇ  ਖਾਕੀ ਵਰਦੀ ਵਿੱਚ ਆ ਗਰਜ਼ਦੇ ਨੇ,
ਫਿਰ 'ਸਣੇ ਬੱਚੇ ਘਾਣੀ ਪੀੜਦੇ ਨੇ' ਪਨਾਹ ਦੇਣ ਦੇ ਦੋਸ਼ ਵਿੱਚ,
ਓਦੋਂ ਬਦਨਾਮ ਹੁੰਦਾ ਏ ਅੱਤਵਾਦ...

ਕੀ ਅੱਤਵਾਦ ਦਬਾਉਣ ਦੇ ਨਾਂ ਹੇਠ,
ਹੁੰਦੀ  ਅੱਤਵਾਦੀ ਕਾਰਵਾਈ, ਅੱਤਵਾਦ ਨਹੀਂ?
'ਆਪ੍ਰੇਸ਼ਨ ਬਲਿਊ ਸਟਾਰ' ਜਾਂ 'ਗਰੀਨ ਹੰਟ' ਅੱਤਵਾਦ ਨਹੀਂ?
'84, ਗੋਧਰਾ ਜਾਂ ਉੜੀਸਾ ਦੰਗਿਆਂ ਦੀਆਂ ਖਾਮੋਸ਼ ਫਾਇਲਾਂ ਅੱਤਵਾਦ ਨਹੀ?
ਜੇ ਇਸ ਸਭ ਦਾ ਵਿਰੋਧ ਅੱਤਵਾਦ ਹੈ,
ਤਾਂ ਸਾਨੂੰ ਬੇਹੱਦ ਪਸੰਦ ਹੈ ਅੱਤਵਾਦ.......


Written By-----ਅੰਮ੍ਰਿਤ ਪਾਲ ਸਿੰਘ

Wednesday 28 September 2011

ਬੁੱਤ ਦੇ ਬੋਲ...ਭਗਤ ਸਿੰਘ

ਠੀਕ ਹੈ ਮੇਰੇ ਲਈ ਤੁਹਾਡੇ ਸ਼ਹਿਰ ਦਾ ਇਹ ਚੌਂਕ,
ਇੱਥੋਂ ਮੈਂ ਤੱਕਦਾ ਰਹਿਣਾ, ਬੰਦੇ ਦਾ ਨਹੀਂ, ਬੱਤੀਆਂ ਦਾ ਕਹਿਣਾ ਮੰਨਦੀ,
ਸੜਕਾਂ 'ਤੇ ਉਲਝੀ ਹੋਈ ਜਿੰਦਗੀ ,
ਨਾਲੇ ਤੱਕਦਾ ਹਾਂ ਚੌਂਕ ਤੇ ਧਰਨਾ ਦੇਣ ਆਏ,
ਕਿਸਾਨਾਂ , ਕੰਮੀਆਂ ਤੇ ਬੇਰੁਜ਼ਗਾਰਾਂ 'ਤੇ ਉੱਲਰੀਆਂ ਸਰਕਾਰੀ ਡਾਗਾਂ....

ਮੈਂ ਤੱਕਦਾ ਰਹਿਣਾ ਸਾਹਮਣੇ ਢਾਬੇ ਤੇ ਭਾਡੇਂ ਮਾਂਜਦੇ ਬੱਚੇ ਨੂੰ ,
ਜੋ ਤੁਹਾਡੇ 'ਬਾਲ-ਮਜ਼ਦੂਰੀ' ਵਿਰੋਧੀ ਨਾਅਰੇ ਨੂੰ ਚਿੜ੍ਹਾਂਉਦਾ ਰਹਿੰਦੈ,
ਮੇਰੇ ਖੱਬੇ ਪਾਸੇ 'ਬਿਰਧ ਆਸ਼ਰਮ' ਉਸਾਰ ਰਹੇ ਨੇ ਕੱਝ ਲੋਕ,
ਇਹ 'ਲੋਕ ਸੇਵਾ' ਹੈ ਜਾਂ ਮਾਪਿਆਂ ਦੀ ਸੇਵਾ ਤੋਂ ਖਿਸਕਣ ਦਾ ਉਪਰਾਲਾ?
ਇੱਥੋਂ ਮੈਂ ਤੱਕਦਾ ਰਹਿਣੈਂ ਇੱਕ ਸੁੰਨ ਸਾਨ ਹਸਪਤਾਲ,
ਜਿੱਥੇ ਬਹੁਤ ਸੋਹਣਾ ਲਿਖਿਆ "ਭਰੂਣ ਹੱਤਿਆ ਪਾਪ ਹੈ"
ਪਰ ਸ਼ਾਮ ਢਲਣ ਤੋਂ ਬਾਅਦ ਉੱਥੇ ਬਹੁਤ ਚਹਿਲ ਪਹਿਲ ਹੁੰਦੀ ਹੈ,
ਹਨੇਰੇ ਕਰਕੇ ਮੈਨੂੰ ਉਸਦਾ ਕਾਰਨ  ਪਤਾ ਨਹੀਂ ਲੱਗਦਾ....

ਕੁਝ ਲੋਕ 'ਠੇਕੇ' ਤੋਂ ਰੱਜਕੇ ਆ ਡਿੱਗਦੇ ਨੇ ਮੇਰੇ ਬੁੱਤ ਕੋਲ,
ਤੇ ਜੋ 'ਰੱਜਕੇ' ਰੱਜ ਚੁੱਕੇ ਨੇ, ਉਹ ਨਸ਼ਾ ਛੁਡਾਊ ਕੇਂਦਰ ਦਾ ਰਾਹ ਮੱਲਦੇ ਨੇ,
ਇਸਨੂੰ ਮੈਂ ਸਰਕਾਰ ਦੀ ਹੈਵਾਨਗੀ ਆਖਾਂ ਕਿ ਦਿਆਨਗੀ?
ਇੱਥੇ ਕੋਈ ਨਹੀਂ ਮੇਰੀ ਮਾਨਾਂ ਵਾਲੀ ਵਰਗੀ,
ਬਹੁਤੀਆਂ ਦੇ ਕੱਪੜੇ ਮੇਰੀ ਕੇਸਰੀ ਪੱਗ ਦੇ ਛੱਡੇ ਲੜ ਤੋਂ ਵੀ ਘੱਟ ਹੁੰਦੇ ਨੇ ...

ਕਿਸੇ ਨੇ ਨਹੀਂ ਪੜੀ 'ਲੈਨਿਨ' ਦੀ ਉਹ ਅਧੂਰੀ ਸਤਰ,
ਜੋ ਮੈਂ ਫਾਂਸੀ ਤੋਂ ਕੁਝ ਮਿੰਟ ਪਹਿਲਾਂ ਛੱਡ ਗਿਆ ਸੀ,
ਮੇਰੇ ਸੁਪਨਿਆਂ ਦਾ ਕਤਲ ਕਰਕੇ ਨਾ ਚਿੜ੍ਹਾਉ
ਮੈਨੂੰ 'ਇਨਕਲਾਬ' ਦੇ ਨਾਅਰੇ ਸੁਣਾਕੇ,
ਜਾਉ 'ਤਾਰ ਆਉ ਮੇਰੇ ਬੁੱਤ ਨੂੰ ਸਤਲੁਜ ਦੇ ਪਾਣੀ ਵਿੱਚ...

 ਪਰ ਕੱਲ੍ਹ ਨੂੰ ਮੇਰੇ ਜਨਮ ਦਿਨ ਤੇ ,
ਮੇਰੇ ਹੋਰ ਨਵੇਂ ਬੁੱਤ ਤੋਂ ਉਤਾਰ ਦੇਣਗੇ ਪਰਦਾ,
ਤੁਹਾਡੇ ਨਿਪੁੰਸਕ ਲੋਕਤੰਤਰ ਦੇ ਆਗੂ,
 ਮੇਰੇ ਬੁੱਤ ਤੋਂ ਪਰਦਾ ਹਟਾਉਣ ਵਾਲਿਆਂ ਦੇ
 ਚਿਹਰੇ ਦਾ ਪਰਦਾ ਹਟਣ ਦਾ ਮੈਨੂੰ ਇੰਤਜ਼ਾਰ ਰਹੇਗਾ........ਭਗਤ ਸਿੰਘ.

Wrttn By----ਅੰਮ੍ਰਿਤ ਪਾਲ ਸਿੰਘ

Friday 23 September 2011

ਅਣਗੌਲੇ ਸੱਚ

ਕਦੇ ਸ਼ਾਮਾਂ ਢਲਣ ਵੇਲੇ, ਸਫੈਦਿਆਂ ਵਿੱਚਕਾਰੋਂ  ਡੁੱਬਦੇ ਸੂਰਜ ਨੂੰ ਵੇਖੀਂ,
ਸ਼ਾਇਦ ਤੇਰਾ ਅਤੀਤ ਕੁਝ ਪਲ ਲਈ ਤੇਰਾ ਵਰਤਮਾਨ ਹੋ ਨਿੱਬੜੇ....

ਤੈਨੂੰ ਯਾਦ ਆਏਗਾ ਜਿੰਦਗੀ ਦਾ ਸਵੇਰਾ,
ਜਦ ਤੂੰ ਨਿੱਕਾ ਹੁੰਦਾ, ਹਾਣੀਆਂ ਨਾਲ ਲੁਕਣ-ਮੀਟੀ ਖੇਡਦਾ,
'ਥੱਪਾ'  ਲਾਉਣ ਦੀ ਸ਼ਰਾਰਤ ਨਾਲ,
ਤ੍ਰਿੰਜਣ ਵਿੱਚ ਬੈਠੀਆਂ ਭੈਣਾਂ ਦੀਆਂ,
ਢੂਈਆਂ ਉਹਲੇ ਲੁੱਕ ਜਾਂਦਾ ਸੀ..
ਜਾਂ ਤੈਨੂੰ ਯਾਦ ਆਵੇਗਾ ਜਦ ਤੂੰ ਬੇਬੇ ਨਾਲ ,
ਮੇਲੇ ਵਿੱਚ ਜਾਕੇ ਖਿਡੌਣਾ ਖ੍ਰੀਦਣ ਦੀ ਜਿੱਦ ਲੈਕੇ,
ਜ਼ਮੀਨ 'ਤੇ ਅੱਡੀਆਂ ਰਗੜਨ ਲੱਗ ਜਾਦਾਂ ਸੀ,
ਤੇ ਫਿਰ ਉੱਠ ਖਲੋਂਦਾ ਸੀ ਬਾਪੂ ਜੀ ਦੀ ਘੂਰੀ ਵੇਖਕੇ,
ਫਿਰ ਬੁੱਲ੍ਹ 'ਟੇਰਦਾ ਹੋਇਆ ਬੇਬੇ ਦੇ ਕਮੀਜ਼ ਨਾਲ ਮੂੰਹ ਲਕੋ ਲੈਂਦਾ ਸੀ.....

ਤੇ ਫਿਰ ਤੈਨੂੰ ਯਾਦ ਆਏਗਾ,ਜਿੰਦਗੀ ਦਾ ਸਿਖਰ ਦੁਪਹਿਰਾ,
ਜਦੋਂ ਤੇਰੀ ਅੱਖ, ਦੋਹਣੀਆਂ 'ਚ ਮੱਝੀਆਂ ਦੀਆਂ ਧਾਰਾਂ ਵੱਜਣ ਤੋਂ ਜਾਂ
ਕੁੱਕੜ ਨੂੰ ਬਾਂਗ ਦੇਣ ਦਾ ਖਿਆਲ ਆਉਣ ਤੋਂ ਪਹਿਲਾਂ ਖੁੱਲ੍ਹ ਜਾਂਦੀ ਸੀ,
ਤੇ ਫਿਰ ਬੱਗੇ ਬਲਦਾਂ ਨੂੰ ਜੋੜ, ਤ੍ਰੇਲ ਨਾਲ ਜੰਮੀ ਰਾਹ ਦੀ ਮਿੱਟੀ ਤੇ,
ਪੈੜ ਛੱਡਦਾ, ਖੇਤ ਪਹੁੰਚ ਜਾਦਾਂ ਸੀ,
ਤੇ ਫਿਰ ਮੁੜਦਾ ਸੀ ਘਰ,
ਕਦੇ ਮੂੰਹ ਹਨੇਰੇ ਜਾਂ ਕਦੇ ਤਾਰਿਆਂ ਦੀ ਛਾਵੇਂ...

ਤੇ ਅੱਜ ਤੂੰ ਖੜ੍ਹਾ ਏਂ, ਹੱਡਾਂ ਨੂੰ ਤਾਅ ਦੇਕੇ ਬਣਾਏ ਘਰ ਦੀ ਛੱਤ ਉੱਤੇ,
ਤੇ ਤੱਕ ਰਿਹੈਂ ਸਫੈਦਿਆਂ ਵਿੱਚਕਾਰੋਂ ਢਲਦਾ ਸੂਰਜ,
ਤੇਰੇ ਪੋਤਰਿਆਂ ਮੂੰਹੋਂ ਨਿਕਲਿਆ 'ਬਾਪੂ' ਲਫਜ਼ ਬਿਆਨ ਰਿਹੈ ਤੇਰੀ ਉਮਰ,
ਪਰ ਸੂਰਜ ਤਾਂ ਰੋਜ਼ ਚੜ੍ਹਦਾ ਲਹਿੰਦਾ ਏ,
ਪਰ ਅੱਜ ਤੱਕਣ ਦਾ ਖਿਆਲ਼ ਕਿਉਂ ਆਇਆ?
ਸ਼ਾਇਦ ਰੁਝੇਵਿਆਂ ਕਰਕੇ ਤੂੰ ਬੇਖਬਰ ਰਿਹੈਂ ਜਿੰਦਗੀ ਦੀ ਸ਼ਾਮ ਤੋਂ,
ਜੋ ਖਲੋਤੀ ਏ ਸਾਹਮਣੇ ਕੌੜਾ ਸੱਚ ਬਣਕੇ,
ਰਾਤ ਦੇ ਬੂਹੇ 'ਤੇ ਦਸਤਕ ਦੇਣ ਨੂੰ ਤਿਆਰ....

Written by  ---ਅੰਮ੍ਰਿਤ ਪਾਲ ਸਿੰਘ

Tuesday 6 September 2011

ਕਿਰਤੀ


ਅੱਜ ਫਿਰ ਜਾ ਰਿਹਾ ਏ ਮੇਰਾ ਸਾਇਕਲ,
ਉਹਨ੍ਹਾਂ ਦੀ ਹਵੇਲੀ ਵੱਲ,
ਨਹੀਂ, ਅੱਜ ਨਹੀਂ, ਪਿਛਲੇ ਵੀਹ ਸਾਲਾਂ ਤੋਂ,
ਤੇ ਜਾਵੇ ਵੀ ਕਿਉਂ ਨਾ?
ਭੈਣ ਦੇ ਵਿਆਹ ਦਾ ਖਰਚਾ,
ਪਿਉ ਦੀ ਬਿਮਾਰੀ 'ਤੇ ਲੱਗੀ ਰਕਮ,
ਸਭ ਉੱਥੋਂ ਤਾਂ ਆਈ ਸੀ..

ਮੇਰੇ ਜਾਂਦਿਆਂ ,ਜਪਾਨੀ ਘਾਹ ਉੱਤੇ ਬੈਠਾ, 
ਉਹਨ੍ਹਾਂ ਦਾ ਕੁੱਤਾ ਬਿਸਕੁੱਟ ਖਾ ਰਿਹਾ ਹੋਵੇਗਾ,
ਤੇ ਮੈਨੂੰ ਘਰੋਂ ਤੁਰਦਿਆਂ, ਗਲੀ ਵਿੱਚ ਸੁਣ ਰਿਹਾ ਸੀ,
ਰੋਟੀ ਪਿੱਛੇ ਲੜਦੇ ਨਿਆਣਿਆਂ ਦਾ ਰੌਲਾ...
ਉਹ ਵਰਜਦੇ ਨੇ ਸ਼ਹਿਜ਼ਾਦਿਆਂ ਨੂੰ, ਨਸ਼ਿਆਂ ਤੋਂ,
ਪਰ ਮੇਰੇ ਕੌਲੇ ਵਿੱਚ ਪਾ ਦਿੰਦੇ ਨੇ,
ਚਾਹ ਵਿੱਚ ਨਸ਼ਾ ਉਬਾਲ ਕੇ,
ਵੱਧ ਕੰਮ ਦੀ ਲਾਲਸਾ ਨਾਲ..

 ਉਹਨ੍ਹਾਂ ਦੇ ਸਹਿਜ਼ਾਦੇ ਸ਼ਹਿਰ ਜਾਂਦੇ ਨੇ ਪੜ੍ਹਨ,
ਮੈਨੂੰ ਸਲਾਹ ਦਿੰਦੇ ਨੇ ਜਵਾਕਾਂ ਨੂੰ ਕੰਮ ਤੇ ਲਾਉਣ ਦੀ,
ਤੇ ਮੈਂ ਕੰਬ ਜਾਦਾਂ ਹਾਂ, ਇਹ ਸੋਚਕੇ, ਕਿਤੇ ਮੇਰੇ ਪੁੱਤਰ ਦਾ ਸਾਇਕਲ ਵੀ,
ਉਹਨ੍ਹਾਂ ਦੀ ਹਵੇਲੀ ਵੱਲ ਨਾ ਤੁਰ ਪਏ, ਮੇਰੇ ਵਾਂਗ...


ਉਹ ਕਰਦੇ ਨੇ ਗੱਲਾਂ ਕਾਰਾਂ, ਕੋਠੀਆਂ ਤੇ ਪਲਾਟਾਂ ਦੀਆਂ,
ਤੇ ਮੈਂ ਤੱਕਦਾ ਰਹਿਣਾ ਉਹਨ੍ਹਾਂ ਦੇ ਚੁੱਲ੍ਹੇ ਵੱਲ,
ਜਿੱਥੋਂ ਮੈਨੂੰ ਪੋਣੇ ਵਿੱਚ ਚਾਰ ਰੋਟੀਆਂ ਉੱਤੇ,
ਅੰਬ ਦਾ ਅਚਾਰ ਬੱਝ ਕੇ ਆਉਣ ਦੀ ਆਸ ਹੁੰਦੀ ਏ....


ਫਿਰ ਮੁੜਦਾ ਹੈ ਮੇਰਾ ਸਾਇਕਲ ਆਪਣੇ ਘਰ,
ਕੁਝ ਪਲ ਅਜ਼ਾਦੀ ਦੀ ਆਸ ਲੈਕੇ,
ਪਰ ਇਹਨ੍ਹਾਂ ਪਲਾਂ ਨੂੰ, ਆਉਣ ਵਾਲੇ ਦਿਨ ਦੀ ਗੁਲਾਮੀ ਦਾ ਝੋਰਾ ਲੈ ਡੁੱਬਦਾ ਏ,
ਤੇ ਫਿਰ ਮੈਨੂੰ 'ਪਾਸ਼' ਠੀਕ ਲੱਗਦਾ ਏ,
ਕਿ ਹੁਣ ਉੱਡਣਾ ਪੈਣਾ , ਉੱਡਦਿਆਂ ਬਾਜ਼ਾਂ ਮਗਰ,
ਫਿਰ ਮੈਂ ਸੌਦਾ ਹਾਂ ਇਹ ਆਸ ਲੈਕੇ,
ਕਿ ਕਦੇ ਤਾਂ ਮਘੇਗਾ ਕੰਮੀਆਂ ਵਿਹੜੇ,
'ਸੰਤ ਰਾਮ ਉਦਾਸੀ' ਦੇ ਸੁਪਨਿਆਂ ਦਾ ਹਸੀਨ ਸੂਰਜ........

Written by --   ਅੰਮ੍ਰਿਤ ਪਾਲ ਸਿੰਘ

ਸੱਚ


ਤੁਰ ਜਾਂਦੇ ਨੇ ਸਾਹੋਂ ਪਿਆਰੇ,
ਕਿਸੇ ਅਣਡਿੱਠੀ,
ਪਰ ਕਾਲਪਨਿਕ ਥਾਂ ਤੇ,
ਕੋਈ ਕਹਿੰਦਾ ਰੱਬ ਕੋਲ,
ਕੋਈ ਹੋਣੀ ਦਾ ਵਰਤਾਰਾ ਦੱਸਦਾ,
ਕੋਈ ਸੰਯੋਗਾਂ ਦੀ ਗੰਢ ਤੁਪ ਆਖੇ,
ਕੋਈ ਨਰਕ- ਸੁਰਗ ਦੀ ਗੱਲ ਕਰਦਾ,
ਪਰ, ਕੋਈ ਦਾਅਵੇ ਨਾਲ ਦੱਸ ਸਕਦਾ,
ਕਿ ਉਹ ਕਿੱਥੇ ਗਏ ਨੇ,
ਕਿ ਕਿਸੇ ਨੇ ਵਾਪਿਸ ਆ ਕੇ ਦੱਸਿਆ?
ਇਹ ਸਭ ਸ਼ਬਦ ਨੇ ਦਿਲ ਨੂੰ ਢਾਰਸ ਦੇਣ ਲਈ,
ਸੱਚ ਤੇ ਪਰਦਾ ਪਾਉਣ ਦੀ ਅਸਫਲ ਕੋਸ਼ਿਸ਼,
ਪਰ ਇੱਕ ਗੱਲ ਸੱਚ ਹੈ,
ਉਹ ਕਦੇ ਵਾਪਿਸ ਨਹੀਂ ਆਉਦੇਂ,
ਜੋ ਸਦਾ ਲਈ ਚਲੇ ਜਾਂਦੇ ਨੇ.....

ਗੱਲ ਵੱਖਰੀ ਏ


ਮੈਂ ਇੱਕ ਲਾਸ਼ ਹਾਂ , ਸਾਹ ਵਗਦੇ ਨੇ ਗੱਲ ਵੱਖਰੀ ਏ,
ਮੇਰੀ ਵੀ ਜ਼ਮੀਰ ਹੈ, ਮਰ ਗਈ ਏ  ਗੱਲ ਵੱਖਰੀ ਏ,
ਮੈਂ ਇੱਕ ਆਸ ਹਾਂ, ਟੁੱਟ ਗਈ ਗੱਲ ਵੱਖਰੀ ਏ,
ਮੈਂ ਸੱਚ ਹਾਂ, ਇਹ ਝੂਠ ਹੈ ਗੱਲ ਵੱਖਰੀ ਏ, 
ਮੈਂ ਦਰਿਆ ਦਾ ਪਾਣੀ ਹਾਂ, ਖੜੋ ਕੇ ਬੋ ਵੰਡਦਾ ਹਾਂ ਗੱਲ ਵੱਖਰੀ ਏ,
ਮੈਂ ਅੰਬਰ ਦਾ ਤਾਰਾ ਹਾਂ , ਟੁੱਟ ਗਿਆ ਹਾਂ ਗੱਲ ਵੱਖਰੀ ਏ,
ਮੈਂ ਚਾਨਣ ਵੰਡਦਾ ਦੀਵਾ ਹਾਂ, ਗੁੱਲ ਹੋ ਗਿਆ ਗੱਲ ਵੱਖਰੀ ਏ,
ਮੈਂ ਹਕੀਕਤ ਹਾਂ, ਇਹ ਸੁਪਣਾ ਹੈ ਗੱਲ ਵੱਖਰੀ ਏ,
ਮੈਂ ਅਜ਼ਾਦ ਹਾਂ,ਇਹ ਇੱਛਾ ਹੈ ਗੱਲ ਵੱਖਰੀ ਏ,
ਮੈਂ ਅੰਨਦਾਤਾ ਹਾਂ , ਭੁੱਖਾ ਸੌਂਦਾ ਹਾਂ ਗੱਲ ਵੱਖਰੀ ਏ,
ਮੈਂ ਕਹਿਣ ਨੂੰ ਪੰਜ ਆਬ ਹਾਂ, ਪਰ ਵਗਦੇ ਦੋ ਨੇ ਗੱਲ ਵੱਖਰੀ ਏ....

written by --ਅੰਮ੍ਰਿਤ ਪਾਲ ਸਿੰਘ

ਵਕਤ


ਵਕਤ ਬਦਲ ਗਿਆ ਹਾਲਾਤ ਬਦਲ ਗਏ,
ਤੇ ਰੁੱਖ ਬਦਲ ਲਏ ਦਰਿਆਂਵਾਂ ਨੇ,
ਸਾਨੂੰ ਚਲਣੇਂ ਨੂੰ ਤਾਂ ਕੀ ਕਹਿਣਾ ,
ਸਗੋਂ ਰੋਕਿਆ ਸਾਨੂੰ ਰਾਹਵਾਂ ਨੇ,
ਅਸੀਂ ਜਿੰਦਗੀ ਜੀਣੀ ਸਿੱਖ ਜਾਂਦੇ,
ਪਰ ਘੇਰਿਆ ਆਣ ਇੱਛਾਵਾਂ ਨੇ,
ਹੁਣ ਸੁਪਣੇ ਵਿੱਚ ਵੀ ਆਉਣ ਅਵਾਜ਼ਾਂ ,
ਜਿਵੇਂ ਬੇਵੱਸ ਦੀਆਂ ਆਂਹਵਾਂ ਨੇ,
ਹੁਣ ਮੁੜ ਨਹੀਂ ਹੋਣਾ ਯਾਰਾ,
ਅਸੀਂ ਚੁਣੀਆਂ ਬਿਖੜੀਆਂ ਰਾਹਵਾਂ ਨੇ.....

ਜਿਉਣਜੋਗਾ' 'ਮਰਜਾਣਾ'


ਢਲਦੀ ਸ਼ਾਮ ਦੀ ਉਦਾਸੀ ਹਾਂ ਦੋਸਤਾ,
ਵਿਧਵਾ ਦੀ ਝੂਠੀ ਜਿਹੀ ਹਾਸੀ ਹਾਂ ਦੋਸਤਾ,
ਯਕੀਨ ਉਹਲੇ ਲੁਕਿਆ ਭਰਮ ਹਾਂ ਦੋਸਤਾ,
ਅਹਿਸਾਨਾਂ ਦੇ ਮਾਰੇ ਦੀ ਸ਼ਰਮ ਹਾਂ ਦੋਸਤਾ,
ਗਰੀਬ ਦੇ ਪੇਟ ਵਾਲੀ ਭੁੱਖ ਹਾਂ ਦੋਸਤਾ,
ਇੱਕ ਆਲ੍ਹਣੇ ਦਾ ਆਸਰਾ ਮੈਂ ਸੁੱਕਾ ਰੁੱਖ ਹਾਂ ਦੋਸਤਾ,
ਸੱਚ 'ਤੇ ਝੂਠ ਦਾ ਫਰਕ ਹਾਂ ਦੋਸਤਾ,
ਖਿਆਲ ਤੋਂ ਹਕੀਕਤ ਨੂੰ ਜਾਂਦੀ ਸੜਕ ਹਾਂ ਦੋਸਤਾ,
ਵਸਲ ਦੀ ਖੁਸ਼ੀ ਤੇ ਰੂਹ ਦਾ ਪਿਆਰ ਹਾਂ ਦੋਸਤਾ,
'ਜਿਉਣਜੋਗਾ' ਬੇਬੇ ਦੀ ਅਸੀਸ ਵਰਗਾ,
'ਮਰਜਾਣਾ'  'ਮਰਜਾਣੀ' ਦੀ ਮਾਰ ਦੋਸਤਾ....

Written By - ਅੰਮ੍ਰਿਤ ਪਾਲ ਸਿੰਘ

ਗੱਲ


ਗੱਲ ਨਾਨਕ ਸਾਹਿਬ ਦੀ ਹੁੰਦੀ ਏ, ਬਾਬਰ ਦੀ ਨਹੀਂ,
ਗੱਲ ਗੋਬਿੰਦ ਸਿੰਘ ਦੀ ਹੁੰਦੀ ਏ, ਔਰੰਗ ਦੀ ਨਹੀਂ,
ਗੱਲ ਤੱਤੀ ਤਵੀ ਦੀ ਹੁੰਦੀ ਏ, ਚੰਦੂ ਦੀ ਨਹੀਂ,
ਗੱਲ ਛੋਟੇ ਸਾਹਿਬਾਂ ਦੀ ਹੁੰਦੀ ਏ, ਗੰਗੂ ਦੀ ਨਹੀਂ,
ਗੱਲ ਚਾਲੀ ਸਿੰਘਾਂ ਦੀ ਹੁੰਦੀ ਏ, ਸ਼ਾਹੀ ਲਸ਼ਕਰ ਦੀ ਨਹੀਂ,            
ਗੱਲ ਬੰਦਾ ਸਿੰਘ ਦੀ ਹੁੰਦੀ ਏ, ਖਾਨ ਵਜ਼ੀਰ ਦੀ ਨਹੀਂ,
ਗੱਲ ਠੰਡੇ ਬੁਰਜ਼ ਦੀ ਹੁੰਦੀ ਏ, ਮਹਿਖਾਨਿਆਂ ਦੀ ਨਹੀਂ,
ਗੱਲ ਚਾਂਦਨੀ ਚੌਂਕ ਦੀ ਹੁੰਦੀ ਏ, ਕਸ਼ਮੀਰੀ ਪੰਡਿਤਾਂ ਦੀ ਨਹੀਂ,
ਗੱਲ ਬਚਿੱਤਰ ਸਿੰਘ ਦੀ ਹੁੰਦੀ ਏ, ਸ਼ਾਹ ਅਸਵਾਰ ਦੀ ਨਹੀਂ,
ਗੱਲ ਰਣਜੀਤ ਸਿੰਘ ਦੀ ਹੁੰਦੀ ਏ, ਤੇਜੇ ਤੇ ਲਾਲ ਦੀ ਨਹੀਂ,
ਗੱਲ ਤਾਰੂ ਸਿੰਘ ਦੀ ਹੁੰਦੀ ਏ, ਸਿਦਕੋਂ ਡੋਲਿਆਂ ਦੀ ਨਹੀ,
ਗੱਲ ਆਰੇ ਹੇਠਲੇ ਸੀਸ ਦੀ ਹੁੰਦੀ ਏ,ਚਲਾਉਣ ਵਾਲੇ ਦੀ ਨਹੀਂ,
ਗੱਲ ਰੂੰ 'ਚ ਲਿਪਟੇ ਜਿਸਮ ਦੀ ਹੁੰਦੀ ਏ, ਅੱਗ ਲਾਉਣ ਵਾਲੇ ਦੀ ਨਹੀਂ,
ਗੱਲ ਪੋਟਾ ਪੋਟਾ ਕਟਾਉਣ ਵਾਲੇ ਦੀ ਹੁੰਦੀ ਏ, ਕੱਟਣ ਵਾਲੇ ਦੀ ਨਹੀਂ,
ਗੱਲ ਸ਼ਹਿਬਾਜ ਸੁਬੇਗ ਦੀ ਹੁੰਦੀ ਏ, ਚਰਖੜੀ ਘੁੰਮਾਉਣ ਵਾਲੇ ਦੀ ਨਹੀਂ, 
ਗੱਲ ਨੇਜ਼ਿਆਂ 'ਤੇ ਟੰਗੇ ਬਾਲਾਂ ਦੀ ਹੁੰਦੀ ਏ, ਟੰਗਣ ਵਾਲਿਆਂ ਦੀ ਨਹੀਂ,
ਗੱਲ ਟਿੰਡ ਦੇ ਸਿਰਹਾਣੇ ਦੀ ਹੁੰਦੀ ਏ, ਸ਼ਾਹੀ ਸੇਜਾਂ ਦੀ ਨਹੀਂ,
ਗੱਲ ਰਣਜੀਤ ਸਿੰਘ ਦੀ ਹੁੰਦੀ ਏ, ਤੇਜੇ ਤੇ ਲਾਲ ਦੀ ਨਹੀਂ,
ਗੱਲ ਭਗਤ ਸਿੰਘ ਦੀ ਹੁੰਦੀ ਏ, ਸਾਂਡਰਸ ਦੀ ਨਹੀਂ,        
ਗੱਲ ਊਧਮ ਸਿੰਘ ਦੀ ਹੁੰਦੀ ਏ, ਉਡਵਾਇਰ ਦੀ ਨਹੀਂ,
ਗੱਲ ਗਦਰੀ ਬਾਬਿਆਂ ਦੀ ਹੁੰਦੀ ਏ, ਗਾਂਧੀ ਦੀ ਨਹੀਂ,        
ਗੱਲ ਭਿੰਡਰਾਂ ਦੀ ਹੁੰਦੀ ਏ, ਇੰਦਰਾ ਦੀ ਨਹੀਂ,
ਗੱਲ ਸੁੱਖੇ ਜਿੰਦੇ ਦੀ ਹੁੰਦੀ ਏ, ਵੈਦਿਆ ਦੀ ਨਹੀਂ,
ਗੱਲ ਸਿੰਘ ਦਿਲਾਵਰ ਦੀ ਹੁੰਦੀ ਏ, ਬੇਅੰਤੇ ਦੀ ਨਹੀਂ,
ਗੱਲ ਕਦੇ ਹਾਰਾਂ ਦੀ ਵੀ ਹੁੰਦੀ ਏ, ਜਿੱਤਾਂ ਦੀ ਹੀ ਨਹੀਂ,
ਕਿਉਂਕਿ ਗੱਲ ਪੋਰਸ ਦੀ ਹੁੰਦੀ ਏ, ਸਿਕੰਦਰ ਦੀ ਨਹੀਂ..


Written by  - ਅੰਮ੍ਰਿਤ ਪਾਲ ਸਿੰਘ 

ਸ਼ੇਅਰ


ਜਦ ਪੰਛੀ ਘਰ ਨੂੰ ਮੁੜਦੇ ਨੇ,
ਜਦ ਸੂਰਜ ਲਹਿੰਦੇ ਵੱਲ ਢਲਦਾ ਏ,
ਜਦ ਰੁੱਖਾਂ ਦੀ ਛਾਂ ਸਿਮਟ ਜਾਵੇ,
ਜਦ ਦੀਵਾ ਕੁੱਲੀ ਵਿੱਚ ਬਲਦਾ ਏ,
ਤੂੰ ਸੱਚ ਜਾਣੀ ਨੀ,
ਇਹ ਵੇਲਾ ਤੇਰੀ ਯਾਦ ਦਵਾ ਜਾਦਾਂ,
ਬੜਾ ਸਬਰ ਨਾਲ ਰੋਕੀਦਾ,
ਫਿਰ ਵੀ ਕੋਈ ਹੰਝੂ ਆ ਜਾਦਾਂ,
ਅਸੀਂ ਤੇਰੇ ਲਈ ਨਿੱਤ ਹਰਦੇ ਰਹੇ,
ਸਾਡੀ ਜਿੱਤਣ ਦੀ ਆਸ ਅਧੂਰੀ ਸੀ,
ਕਿੳਕਿ ਤੇਰੇ ਜਿੱਤਣ ਲਈ ਸੱਜਣਾ,
ਮੇਰੀ ਹਾਰ ਜ਼ਰੂਰੀ ਸੀ,
ਜੇ ਖੁਸ਼ੀਆਂ ਦਾ ਵੇਲਾ ਬੀਤ ਗਿਆ,
ਹੁਣ ਗਮੀਆਂ ਨੂੰ ਗਲ ਲਾਵਾਂਗੇ,
ਤੇਰੇ ਬਿਰਹਾ ਦੇ ਦਿੱਤੇ ਤੋਹਫੇ ਨੂੰ,
ਇੱਕ ਮੁੰਦਰੀ ਵਾਂਗ ਹੰਢਾਵਾਂਗੇ,
ਪਰ ਮੇਰੇ ਗੂੰਗੇ ਸ਼ਬਦਾਂ ਤੋਂ "ਤੂੰ "ਸੱਜਣਾ,
ਰਿਹਾ ਬਹੁਤ ਅਣਜਾਣ,
ਕਾਸ਼ ਮੇਰੇ ਜ਼ਜ਼ਬਾਤਾਂ ਨੂੰ ਮਿਲ ਜਾਂਦੀ ਕਿਤੇ ਜ਼ੁਬਾਨ.... ਅੰਮ੍ਰਿਤ ਪਾਲ ਸਿੰਘ ਬੁੱਟਰ

Sheyar


ਸੱਟ ਜਿਸਮ ਦੀ ਸੱਜਣਾ ਸਹਿ ਜਾਂਦੀ,
ਸੱਟ ਦਿਲ ਤੇ ਲੱਗੀ ਮਾਰ ਗਈ,
ਬੜਾ ਚਾਅ ਸੀ ਜਿੰਦਗੀ ਜੀਣੇ ਦਾ,
ਪਰ ਲੱਗਦਾ ਅੱਜ ਮੈਂ ਹਾਰ ਗਈ,
ਬੜੀ ਲੰਮੀ ਕਹਾਣੀ ਦੁੱਖਾਂ ਦੀ,
ਜੋ ਜੁਬਾਨੋਂ ਨਾ ਹੁਣ ਕਹਿ ਹੋਵੇ,
ਮੇਰੀ ਅਨਭੋਲ 'ਜੀ ਜਿੰਦੜੀ ਤੋਂ,
ਅੱਗ ਤਾਹਣਿਆਂ ਦੀ ਨਾ ਸਹਿ ਹੋਵੇ,
ਦਿਨੇ ਚੇਤੇ ਤੇਰੇ ਲਾਰੇ ਕਰਦੀ,
ਤੇ ਰਾਤੀਂ ਸਹਾਰਾ ਤਾਰਿਆਂ ਦਾ,
ਤੈਥੋਂ ਨਾ ਮੁੱਲ ਤਾਰ ਹੋਇਆ ,
ਮੇਰੇ ਹੰਝੂ ਖਾਰਿਆਂ ਦਾ,
ਮੈਂ ਉਮਰਾਂ ਦਾ ਸਾਥ ਨਹੀਂ ਮੰਗਦੀ ਸੀ,
ਬਸ ਤੱਕ ਅੱਖੀਆਂ ਦਾ ਸੇਕ ਲੈਂਦਾ,
ਮੈਂ ਜਿੰਦਗੀ ਸੌਖੀ ਕੱਟ ਲੈਂਦੀ ,
ਜੇ ਜਾਂਦਾਂ ਹੋਇਆ ਮੁੜ ਕੇ ਵੇਖ ਲੈਂਦਾ.....

wrtn by - ਅੰਮ੍ਰਿਤ ਪਾਲ ਸਿੰਘ

Sheyar


ਵਕਤ ਚਲਦਾ ਗਿਆ ਚਾਲ ਆਪਣੀ,
ਤੇ ਮੈਂ ਬਦਲਿਆ ਨਾਲ ਹਾਲਾਤਾਂ ਦੇ,
ਸਭ ਹੱਸਦੇ ਚਿਹਰੇ ਚਾਹੁੰਦੇ ਨੇ,
ਨਾ ਕੋਈ ਮੁੱਲ ਪਾਵੇ ਜ਼ਜ਼ਬਾਤਾਂ ਦੇ,
ਇਸ ਹੱਸਦੀ ਵੱਸਦੀ ਦੁਨੀਆਂ ਤੇ ,
ਨੇ ਸਭ ਨੂੰ ਹੀ ਕੰਮ ਕਾਰ ਬੜੇ,
ਖੁਸ਼ੀਆਂ ਵਿੱਚ ਬਹੁਤੇ ਆ ਜੁੜਦੇ,
ਪਰ ਦੁੱਖ ਵਿੱਚ ਵਿਰਲਾ ਯਾਰ ਖੜ੍ਹੇ,
ਜਿਸਨੂੰ ਲੋਕੀਂ ਰੱਬ ਕਹਿੰਦੇ,
ਹੁਣ ਉਹ ਵੀ ਨਾ ਇਨਸਾਫ ਕਰੇ,
ਨਾ ਸਮਝੇ ਉਹ ਦੁੱਖੀ ਰਮਜ਼ਾ ਨੂੰ,
ਅਸੀਂ ਅਰਜ਼ੋਈਆਂ ਕਰ ਹਰੇ,
ਅਸੀਂ ਪਤਝੜ ਦੇ ਸੁੱਕੇ ਪੱਤ ਵਰਗੇ,
ਜਾਂ ਸੱਖਣੀ ਕਿਸੇ ਦੀ ਕੁੱਖ ਵਰਗੇ,
ਬਸ ਰੱਬਾ ਬੜਾ ਸਹਿ ਲਿਆ ਮੈਂ ,
ਹੁਣ ਨਦੀ ਕਿਨਾਰੇ ਰੁੱਖ ਵਰਗੇ.....

written by -Amrit Pal singh

ਇਨਸਾਨ


ਜਦ ਵੇਖਾਂ ਉੱਡਦਿਆਂ ਪੰਛੀਆਂ ਨੂੰ,
ਤਾਂ ਉੱਡ ਜਾਂਦਾ ਹਾਂ , ਉਹਨਾਂ ਦੇ ਨਾਲ ,
 ਬਿਨ੍ਹਾਂ ਖੰਬਾਂ ਤੋਂ,
ਕਿਸੇ ਅਣਦੇਖੇ ਥਾਂ ਤੇ,
ਨਵੀਂ ਦੁਨੀਆਂ ਵਿੱਚ,                           
ਕਿਸੇ ਦੀ ਭਾਲ ਵਿੱਚ,
ਕੁਝ ਨਵੇਂ ਖੁਆਬ ਲੈ ਕੇ,
ਪਰ ਜਦ ਕੋਈ ਮੈਨੂੰ ਆਣ ਬੁਲਾਉਦਾਂ ਹੈ,
ਤਾਂ ਟੁੱਟ ਜਾਂਦੇ ਨੇ ਸੋਚਾਂ ਦੇ ਖੰਭ,
ਤੇ ਆ ਪਹੁੰਚਦਾ ਹਾਂ ਮੁੜ ਉੱਥੇ ,
ਜਿੱਥੋਂ ਤੁਰਿਆ ਸੀ...
ਤੇ ਫਿਰ ਕੋਸ਼ਿਸ਼ ਕਰਦਾਂ ਹਾਂ ਉੱਡਣ ਦੀ........


ਇੰਝ ਬੜਾ ਔਖਾ ਹੁੰਦਾ ਇੱਛਾਂਵਾਂ ਨੂੰ ਮਾਰਨਾ,
ਚਾਹਤਾਂ ਦਾ ਗਲਾ ਘੁੱਟਣਾ,
ਅਰਮਾਂਨਾਂ ਦਾ ਕਤਲ ਹੁੰਦਿਆਂ ਵੇਖਣਾ,
ਖੁਆਬਾਂ ਨੂੰ ਮਿੱਟੀ ਵਿੱਚ ਮਿਲਾਉਣਾ,
ਪਰ ਸਹਿਣਾ ਪੈਂਦਾ ਸਭ ਕੁੱਝ,
ਕਿਉਂਕਿ ਆਖਿਰ "ਮੈਂ" ਵੀ ਇਨਸਾਨ ਹਾਂ..............


written by   -  ਅਂਮ੍ਰਿਤ ਪਾਲ ਸਿੰਘ

ਸ਼ੇਅਰ ਸ਼ੱਪਾ

ਓਹ ਅੰਬਰਾਂ ਵਿੱਚ ਉੱਡਣਾ ਚਾਹੁੰਦੀ ਸੀ,
ਮੈਂ ਪਿੰਜਰਾ ਬਣ ਗਿਆ ਉਹਦੇ ਲਈ,
ਉਹ ਸੁਪਣਾ ਸੀ ਉੱਚੇ ਮਹਿਲਾਂ ਦਾ,
ਮੈ ਜਿੰਦਰਾ ਬਣ ਗਿਆ ਉਹਦੇ ਲਈ,
ਉਹ ਚਾਨਣ ਸੀ ਸਿਖਰ ਦੁਪਹਿਰਾਂ ਦਾ,
ਮੈ ਰਾਹੀ ਸੀ  ਕਾਲੀਆਂ ਰਾਤਾਂ ਦਾ,
ਮੈਂ ਹੁੰਗਾਰਾ ਵੀ ਨਾ ਬਣ ਸਕਿਆ,
ਉਹਦੀਆਂ ਪਾਈਆਂ ਬਾਤਾਂ ਦਾ,
ਉਹ ਦਰਿਆ ਦੇ ਸ਼ੂਕਦੇ ਜਲ ਵਰਗੀ,
ਮੈਂ ਅੜਚਨ ਉਹਦੀਆਂ ਰਾਹਵਾਂ ਦਾ,
ਉਹ ਕੋਇਲ ਦੀ ਮਿੱਠੀ ਕੂਕ ਜਿਹੀ,
ਮੈਂ ਸਾਥੀ ਕਾਲੇ ਕਾਂਵਾਂ ਦਾ,
ਉਹ ਰੁੱਖ ਦੀ ਠੰਡੀ ਛਾਂ ਵਰਗੀ,
ਪਾਤਰ ਸੀ ਕਿਸੇ ਕਹਾਣੀ ਦਾ,
ਮੈਂ ਸ਼ਮਸ਼ਾਨ ਦੀ ਸੰਘਣੀ ਚੁੱਪ ਵਰਗਾ,
ਬੁੱਲਾ ਸੀ ਗਰਮ ਹਵਾਂਵਾਂ ਦਾ,
ਮੈਂ ਮਾਰੂਥਲ ਦੇ ਥੋਹਰ ਜਿਹਾ,
ਉਹ ਪੱਤਾ ਸੀ ਨਰਮ ਗੁਲਾਬਾਂ ਦਾ,
ਮੈਂ ਬੱਚੇ ਦੀ ਉੱਖੜੀ ਨੀਂਦ ਜਿਹਾ,
ਉਹ ਹਿੱਸਾ ਸੋਹਣੇ ਖੁਆਬਾਂ ਦਾ,
ਉਹ ਹੱਸਦੇ ਵੱਸਦੇ ਘਰ ਵਰਗੀ,
ਮੈਂ ਉੱਜੜੇ ਕਿਸੇ ਸੁਹਾਗ ਜਿਹਾ,
ਉਹ ਲਾਡ ਪਿਆਰ ਨਾਲ ਪਲੀ ਹੋਈ,
ਮੈਂ ਬਿਨ੍ਹਾਂ ਮਾਲਿਉ  ਬਾਗ ਜਿਹਾ,
ਚੰਗਾ ਹੋਇਆ ਮੈਨੂੰ ਛੱਡ ਤੁਰਗੀ,
ਮੈਂ ਕਾਤਿਲ ਸੀ ਉਹਦੇ ਚਾਵ੍ਹਾਂ ਦਾ,
ਰੱਬਾ ਉਹਨੂੰ ਖੁਸ਼ ਰੱਖੇ ਜੋ
ਸਾਥੀ ਬਣੇ ਉਹਦੇ ਸਾਹਵਾਂ ਦਾ......ਘੁੱਦਾ

ਕਵਿਤਾ


ਜਦ ਚੜਦੇ ਚੋਂ ਲਾਲੀ ਉਠਦੀ ਏ,
ਕੋਈ ਕਿਰਨ ਆਸ ਦੀ ਫੁੱਟਦੀ ਏ,
ਤਾਂ ਉਦੋਂ ਕਵਿਤਾ ਫੁਰਦੀ ਏ...

ਜਦ ਗਰਮ ਹਵਾਂਵਾਂ ਸ਼ੂਕਦੀਆਂ,
ਜਾਂ ਬਾਗੀਂ ਕੋਇਲਾਂ ਕੂਕਦੀਆਂ,
ਤਾਂ ਉਦੋਂ ਕਵਿਤਾ ਫੁਰਦੀ ਏ...

ਜਦ ਪੰਛੀ ਘਰ ਵਾਪਸ ਆਉਂਦੇ ਨੇ,
ਫੁੱਲ ਵਿੱਚ ਬਾਗਾਂ ਮਹਿਕਾਉਂਦੇ ਨੇ,
ਤਾਂ ਉਦੋਂ ਕਵਿਤਾ ਫੁਰਦੀ ਏ...

ਜਦ ਸੁੱਕਾ ਰੁੱਖ ਕੋਈ ਨਜ਼ਰ ਆਏ,
ਜਾਂ ਕੋਈ ਕੂਚ ਜਹਾਨੋਂ ਕਰ ਜਾਵੋ,
ਤਾਂ ਉਦੋਂ ਕਵਿਤਾ ਫੁਰਦੀ ਏ...

ਜਦ ਪੀਂਘ ਸਤਰੰਗੀ ਪੈਂਦੀ ਏ,
ਜਾਂ ਛਿਪਦੇ ਵੱਲ ਲਾਲੀ ਲਹਿੰਦੀ ਏ,
ਤਾਂ ਉਦੋਂ ਕਵਿਤਾ ਫੁਰਦੀ ਏ...

ਜਦ ਯਾਦ ਤੇਰੀ ਆ ਬਹਿੰਦੀ ਏ,
ਬਿਨ ਬੋਲੇ ਸਭ ਕੁਝ ਕਹਿੰਦੀ ਏ,
ਤਾਂ ਉਦੋਂ ਕਵਿਤਾ ਫੁਰਦੀ ਏ...

wrtn by- Amrit pal singh

ਆਸ਼ਕ


ਜੋ ਆਸ਼ਕ ਸੀ ਅਜ਼ਾਦੀ ਦੇ, ਉਹ ਵਾਰ ਜਵਾਨੀ ਤੁਰ ਗਏ ਨੇ.
ਕੁਝ ਪਿਆਸੇ ਯਾਰ ਦੀ ਦੀਦ ਲਈ, ਕੱਚਿਆਂ ਦੇ ਨਾਲ ਖੁਰ ਗਏ ਨੇ,
ਬੁੱਲ੍ਹੇ ਵਰਗੇ ਆਸ਼ਕ ਨੱਚਦੇ ਰੁੱਸਿਆ ਯਾਰ ਮਨਾਉਣ ਲਈ,
ਕੁੱਝ ਆਸ਼ਕ ਜੰਗਲੀਂ ਤੁਰ ਗਏ ਨੇ,ਸੱਚਾ ਰੱਬ ਧਿਆਉਣ ਲਈ,
ਹੁਣ ਬਦਲੇ ਮਾਇਨੇ ਆਸ਼ਕ ਦੇ, ਗੱਲ ਇੱਕੋ ਥਾਂ ਤੇ ਮੁੱਕ ਜਾਂਦੀ,
ਹੁਣ ਰੂਹ ਦਾ ਸਾਥੀ ਨਹੀਂ ਮਿਲਦਾ ,ਬਸ ਸੋਚ ਜਿਸਮ ਤੇ ਰੁੱਕ ਜਾਂਦੀ.....


wrtn by-ਅੰਮ੍ਰਿਤ ਪਾਲ ਸਿੰਘ

End of life


ਗਿਆ ਡੁੱਬ ਸੂਰਜ ਜਿੰਦਗੀ ਦਾ,
ਤੇ ਮੌਤ ਪ੍ਰਾਹੁਣੀ ਆ ਗਈ ਏ,
ਮੁੱਕ ਗਈ ਸਿਆਹੀ ਦਵਾਤ ਵਿੱਚੋਂ,
ਤੇ ਕਲਮ ਵੀ ਹੱਥੋਂ ਜਾ ਪਈ ਏ,
ਗਿਆ ਮੁੱਕ ਨੀਰ ਸਮੁੰਦਰਾਂ 'ਚੋਂ...
ਤੇ ਪੌਣ ਰੁਮਕਦੀ ਰੁੱਕ ਗਈ ਏ,
ਅੰਬਰ ਵੀ ਅੱਜ ਖਾਮੋਸ਼ ਹੋਇਆ, 
ਕਿਉਂਕਿ ਤੰਦ ਸਾਹਾਂ ਦੀ ਟੁੱਟ ਗਈ ਏ,
ਟੁੱਟ ਗਿਆ ਨਾਤਾ ਦੁਨੀਆਂ ਤੋਂ,
ਤੇ ਰੂਹ ਕਿਧਰੇ ਜਾ ਲੁਕ ਗਈ ਏ,
ਕਿਸੇ ਇੰਝ ਨਾ ਆਖਿਆ ..."ਅੱਜ ਰਹਿਣ ਦਿਉ",
ਬਸ ਅਰਥੀ ਮੋਢੇ ਚੁੱਕ ਲਈ ਏ...Amrit pal singh

5-4-2011


ਰੋਜ਼ ਉਠਾਉਣਾ ਬਾਪੂ ਜੀ ਨੇ ਜਦੋਂ ਹੁੰਦਾ ਸੀ ਸਵੇਰਾ,
ਬੇਬੇ ਜੀ ਨੇ ਦੁੱਧ ਪਿਆਉਣਾ ,ਹੋ ਤਕੜਾ ਪੁੱਤ ਸ਼ੇਰਾ,
ਚਾਚੇ ਤਾਏ ਸੀ ਚਾਹੁੰਦੇ ਮੈਨੂੰ, ਸੀ ਕਰਦੇ ਪਿਆਰ ਬਥੇਰਾ,
ਭੈਣ ਭਰਾਵਾਂ ਨਾਲ ਖੇਡਦਿਆਂ ਬਚਪਨ ਬੀਤਿਆ ਮੇਰਾ,
ਹੁਣ ਜਿੰਦ ਫਿਕਰਾਂ ਨੇ ਆ ਘੇਰੀ, ਹਰ ਮਤਲਬੀ ਮਿਲਦਾ ਚਿਹਰਾ,
ਦਿਲ ਵੀ ਹੁਣ ਕਠੋਰ ਹੋ ਗਿਆ, ਗਿਆ ਸਮਝ ਸਮੇਂ ਦਾ ਫੇਰਾ
ਅੱਕ ਗਿਆ ਮੈਂ ਇਸ ਜਿੰਦਗੀ ਤੋਂ, ਰੱਬਾ ਫੜ੍ਹ ਲੈ ਤੂੰ ਹੱਥ ਮੇਰਾ,
ਜੇ ਲੋਕੀਂ ਤੈਨੂੰ ਰੱਬ ਆਖਦੇ , ਮੈਂ ਵੇਖਣਾ ਤੇਰਾ ਜੇਰਾ,
ਜਾ ਲੈਜਾ ਮੋੜ ਜਵਾਨੀ ਆਪਣੀ, ਮੈਨੂੰ ਦੇਦੇ ਬਚਪਨ ਮੇਰਾ...... - ਅੰਮ੍ਰਿਤ ਪਾਲ ਸਿੰਘ