Sunday 30 September 2012

ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ

ਗੱਲ ਤੋਰੀ ਸੀ ਬਾਬੇ ਨਾਨਕ ਨੇ ਜਾ ਉੱਪੜੀ ਫਿਰ ਤਲਵਾਰਾਂ ਤੇ
ਵਰਕੇ ਲਹੂ ਨਾ ਲਬੇੜਨ ਲਈ ਸਿਰ ਲੱਥਥੇ ਗਏ ਸਰਦਾਰਾਂ ਦੇ
ਸਮਿਆਂ ਨੇ ਵੀ ਹੱਦ ਕੀਤੀ ਸਬਰ ਪਰਖੇ ਤੱਤੀਆਂ ਤਵੀਆਂ ਨੇ
ਮੀਰੀ ਪੀਰੀ ਦੀ ਤਲਵਾਰ ਚੱਕੀ ਮੂੰਹ ਮੋੜੇ ਮਿੱਤਰਾ ਛਵੀਆਂ ਨੇ
ਲਾਟ ਬਣ ਖਬਰ ਲਾਹੌਰ ਪੁੱਜੀ ਕੱਖਾਂ ਵਿੱਚੋਂ ਅੰਗਿਆਰ ਨਿਕਲੇ
ਨੀਲੇ ਬਾਣੇ ਸਿਰ ਸਜੇ ਦੁਮਾਲੇ ਔਹ ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ

ਆਦਤ ਹੈਨੀ ਕਰਜ਼ ਸਿਰ ਰੱਖਣੇ ਦੀ ਸੂਦ ਸਣੇ ਮੂਲ ਚੁਕਾਉਂਦੇ ਰਹੇ
ਕਿੱਸਾ ਪੜ੍ਹੀਂ ਸੁੱਖੇ ਮਹਿਤਾਬ ਆਲ਼ਾ ਕਿਮੇਂ ਰੰਘੜਾਂ ਦੇ ਸਿਰ

ਲਾਹੁੰਦੇ ਰਹੇ
ਉਦਾਹਰਨ ਐਮੇਂ ਨੀਂ ਬਣਦੀ ਯੋਧਿਆਂ ਦੀ ਬੜੇ ਮੁੱਲ ਸਿਰਾਂ ਦੇ ਪੈਂਦੇ ਰਹੇ
ਚਰਖੜੀਆਂ,ਆਰੇ ਸਾਡੇ ਖਿਡੌਣੇ ਬਣੇ ਮੋਮਨ ਕਾਫਰ ਸਾਨੂੰ ਕਹਿੰਦੇ ਰਹੇ
ਚਮਕੌਰ ਗੜ੍ਹੀ ਤੇ ਗੱਲ ਪੁੱਤ ਵੱਡਿਆਂ ਦੀ ਹੱਥੀਂ ਫੜ੍ਹ ਹਥਿਆਰ ਨਿਕਲੇ
ਨੀਲੇ ਬਾਣੇ ਸਿਰ ਸਜੇ ਦੁਮਾਲੇ ਔਹ ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ

ਕੀ ਧਾਂਕ ਸੀ ਸਿੰਘ ਸੂਰਮੇ ਨਲੂਏ ਦੀ ਜਾ ਪੁੱਛੀਂ ਕਿਤੇ ਅਫਗਾਨੀਆਂ ਨੂੰ
ਮਰਦਾਂ ਬਰੌਬਰ ਆਪਣੀ ਪੁੱਜਤ ਹੈ "ਮਾਤਾ ਭਾਗੋ" ਦੱਸੇ ਜਨਾਨੀਆਂ ਨੂੰ
ਰੀਤ ਇੱਟ ਨਾਲ ਇੱਟ ਖੜਕਾਉਣੇ ਦੀ ਗੱਲ ਤਕੜੀ ਬੰਦੇ ਬਹਾਦਰ ਦੀ
ਜ਼ਿਕਰ ਛਿੜਦਾ ਕੁਰਬਾਨੀਆਂ ਦਾ ਮਿਸਾਲ ਹੈਨੀ "ਹਿੰਦ ਦੀ ਚਾਦਰ" ਦੀ
ਨੌਂ ਖੇਡਾਂ ਵਿੱਚ ਚੰਗਾ ਕਮਾ ਰਹੇ ਨੇ ਫੌਜਾ ਸਿੰਘ ਹੋਣੀਂ ਤੇਜ਼ ਤਰਾਰ ਨਿਕਲੇ
ਨੀਲੇ ਬਾਣੇ ਸਿਰ ਸਜੇ ਦੁਮਾਲੇ ਔਹ ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ

ਲੰਮੇ ਪੈ ਰੇਲਾਂ ਜੇਹਨਾਂ ਰੋਕੀਆਂ ਸੀ ਜੇਹੜੇ ਜੰਡਾਂ ਨਾ ਪੁੱਠੇ ਸੜਦੇ ਰਹੇ
ਲਟ ਲਟ ਰੂੰ ਵਿੱਚ ਜਿਸਮ ਮੱਚੇ ਤੱਤੇ ਪਾਣੀਆਂ ਅੰਦਰ ਕੜ੍ਹਦੇ ਰਹੇ
ਪਿਛਲੀ ਉਮਰੇ ਜਰਨੈਲ ਬਣਕੇ ਪੱਤ ਹਰਮੰਦਰ ਦੀ ਬਚਾਉਂਦੇ ਰਹੇ
ਸੋਮਨਾਥ ਬੰਨੀਓਂ ਲੁੱਟਕੇ ਆਈਆਂ ਨੂੰ ਸਗੋਂ ਭੈਣ ਆਖ ਬੁਲਾਉਂਦੇ ਰਹੇ
ਪਾਈ ਵੰਗਾਰ ਸੀ ਜਦੋਂ ਬਸਾਖੀ ਨੂੰ ਸੀਸ ਪੰਜ ਤੇ ਸਿਰ ਹਜ਼ਾਰ ਨਿਕਲੇ
ਨੀਲੇ ਬਾਣੇ ਸਿਰ ਸਜੇ ਦੁਮਾਲੇ ਔਹ ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ

ਜਮਾਂ ਦਿਲ ਤੇ ਜਦੋਂ ਆ ਵਾਰ ਕੀਤਾ ਕਤਲ ਹੋਏ ਚੜ੍ਹੀ ਜਵਾਨੀ ਦੇ
ਕਮਾਦਾਂ ,ਪੁਲਾਂ ਤੇ ਬਣੇ ਮੁਕਾਬਲੇ ਹਸਾਬ ਲੱਗਦੇ ਨਹੀਂ ਹੋਈ ਹਾਨੀ ਦੇ
ਕੀ ਵੈਦਿਆ ਤੇ ਕੀ ਇੰਦਰਾ ਸੀ ਬਸ ਗੱਲ ਗਲਾਂ ਵਿੱਚ ਸੜਦੇ ਟੈਰਾਂ ਦੀ
ਮਾਰਿਆ ਉਹਨ੍ਹਾਂ ਜੇਹਨਾਂ ਲਈ ਮਰਦੇ ਰਹੇ ਕਰਤੂਤ ਨਹੀਂ ਸੀ ਗੈਰਾਂ ਦੀ
ਨੌਂ ਨਾਲ ਖਾੜਕੂ ਲਾ "ਘੁੱਦਿਆ" ਚੋਬਰ ਬੁਲਟਾਂ ਤੇ ਹੋ ਸਵਾਰ ਨਿਕਲੇ
ਨੀਲੇ ਬਾਣੇ ਸਿਰ ਸਜੇ ਦੁਮਾਲੇ ਔਹ ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ.....ਘੁੱਦਾ

Sunday 23 September 2012

ਛੂਹਣ ਛਲੀਕੀ ,ਦਾਵੀ ਦੁੱਕੜੇ


ਖੇਡਣੀ ਉਚ ਨੀਚ ਦੀ ਪਾਪੜੀ ਜਾਂ ਲੁਕਣ ਮਚੀਚੀਆਂ
ਪੁਗ ਕੇ ਦਾਵੀ ਸਿਰ ਪੈਂਦੀ ਕੰਧ ਬੰਨੀਂ ਹੋਕੇ ਅੱਖਾਂ ਮੀਚੀਆਂ
ਇੱਕ ਤੋਂ ਲੈਕੇ ਸੌ ਤੀਕਰ ਗਿਣਕੇ ਫਿਰ ਕੂਕ ਛੱਡਣੀ
ਢੂਈ 'ਚ ਲਾਉਣਾ ਥੱਪਾ ਨਾਲ ਜਚਾਕੇ ਗਾਲ੍ਹ ਕੱਢਣੀ
ਰਹੀਆਂ ਪੀਚੋ ਬੱਕਰੀ ਖੇਡਦੀਆਂ ਰਲਕੇ ਨਿਆਣੀਆਂ
ਛੂਹਣ ਛਲੀਕੀ ,ਦਾਵੀ ਦੁੱਕੜੇ ਗੱਲਾਂ ਹੋਗੀਆਂ ਪੁਰਾਣੀਆਂ

ਵਿਚਾਲੇ ਰੱਖਕੇ ਜੋੜੇ ਇੱਕ ਗੋਲ ਘਤੇਰਾ ਜਾ ਵਾਹਕੇ ਬਈ
ਚੱਪਲ ਚੱਕਣੀ ਚੁਸਤੀ ਨਾਲ ਪੂਰੀ ਜੁਗਤ ਬਣਾਕੇ ਬਈ
ਖੇਡ ਕਸੂਤੀ ਬਾਂਦਰ ਕਿੱਲਾ ਜੋੜਿਆਂ ਨਾ ਢੂਈਆਂ ਸੇਕਣੀਆਂ
ਐਤਬਾਰ ਨੂੰ ਰਲਕੇ ਲੜਾਈ ਆਲੀਆਂ ਫਿਲਮਾਂ ਵੇਖਣੀਆਂ
ਤਾਰਿਆਂ ਛਾਵੇਂ ਸੁਣਦੇ ਬਾਤਾਂ ਪਾਤਰ ਹੁੰਦੇ ਸੀ ਰਾਜੇ ਰਾਣੀਆਂ
ਛੂਹਣ ਛਲੀਕੀ ,ਦਾਵੀ ਦੁੱਕੜੇ ਗੱਲਾਂ ਹੋਗੀਆਂ ਪੁਰਾਣੀਆਂ

ਨਿੰਮ ਦੇ ਉੱਤੇ ਚੜ੍ਹਕੇ ਰਹੇ ਖੇਡਦੇ ਖੇਡ ਗਲਕਾਲ੍ਹੜ ਟੁੱਕ ਦੀ
ਛੱਡਕੇ ਲਮਕਾ ਪੜਦੇ ਨਾ ਡੰਡਾ ਟੁੱਕਣਾ ਨਾ ਸੀ ਮਿੱਤ ਮੁੱਕਦੀ
ਪਿੱਲ ਚੋਟ ,ਕਲੀ ਚੋਟਾ ਚਾਹੀਦੀਆਂ ਸੀ ਗੋਲੀਆਂ ਕੱਚ ਦੀਆਂ
ਸੀਪ, ਭਾਬੀ ਤਾਸ਼ ਅਰਗੀਆਂ ਸੀਗੀਆਂ ਖੇਡਾਂ ਸੱਥ ਦੀਆਂ
ਰੋਟੀ ਵੇਲੇ ਘਰੇ ਮੁੜਦੇ ਆਥਣੇ ਅੱਖ ਬਚਾਕੇ ਨਾਲ ਹਾਣੀਆਂ
ਛੂਹਣ ਛਲੀਕੀ ,ਦਾਵੀ ਦੁੱਕੜੇ ਗੱਲਾਂ ਹੋਗੀਆਂ ਪੁਰਾਣੀਆਂ

"ਘਰ ਕੇਹੜਾ ਬਾਬੇ ਨਾਨਕ ਦਾ" ਪੁੱਛਣਾ ਉੱਚੀ ਥਾਂ ਤੇ ਖੜ੍ਹਕੇ
ਜੂੜੇ ਇੱਕ ਦੂਜੇ ਦੇ ਹੱਥ ਵਿੱਚ ਹੁੰਦੇ ਨਿੱਕੀ ਗੱਲ ਤੋਂ ਲੜਕੇ
ਚੋਰ ਛਪਾਹੀ ਖੇਡਦਿਆਂ ਫੀਲਿੰਗ ਲੈਦੇਂ ਪੂਰੀ ਜਿਉਣੇ ਮੌੜ ਦੀ
ਡਿੱਗਕੇ ਮਾਰਦੇ ਚੀਕਾਂ ਤਾਂ ਐਨ ਮੌਕੇ ਤੇ ਆ ਬੇਬੇ ਬਹੁੜਦੀ
ਚੁੰਨੀ ਨਾ ਭਾਫ ਜੀ ਦੇਕੇ ਫੇਰ ਫੂਕਾਂ ਮਾਰਦੀਆਂ ਸੁਆਣੀਆਂ
ਛੂਹਣ ਛਲੀਕੀ ,ਦਾਵੀ ਦੁੱਕੜੇ ਗੱਲਾਂ ਹੋਗੀਆਂ ਪੁਰਾਣੀਆਂ

ਦਿਨ ਦਿਵਾਲੀ ਦੇ ਕਾਗਜ਼ ਤੇ ਧਰਕੇ ਸੂਬੀ ਬੰਬ ਚਲਾਉਂਦੇ ਰਹੇ
ਟੀਸੀ ਲਾਕੇ ਪਤੰਗ ਡੋਰ ਨਾਲ ਇੱਕ ਚਿੱਠੀ ਪਾਉਂਦੇ ਰਹੇ
ਦਿਨ ਲੋਹੜੀ ਦੇ ਰਲਕੇ ਰਹੇ ਚਿਣਦੇ ਗੀਹਰੇ ਪਾਥੀਆਂ ਦੇ
ਦੁੱਲੇ ਭੱਟੀ ਦੀ ਮਸ਼ਹੂਰ ਕਹਾਣੀ, ਰਲ ਗਾਉਂਦੇ ਸਾਥੀਆਂ ਦੇ
ਚੇਤਿਆਂ ਵਿੱਚ ਰਹਿਗੀਆਂ "ਘੁੱਦਿਆ" ਓਹੋ ਮੌਜਾਂ ਮਾਣੀਆਂ
ਛੂਹਣ ਛਲੀਕੀ ,ਦਾਵੀ ਦੁੱਕੜੇ ਗੱਲਾਂ ਹੋਗੀਆਂ ਪੁਰਾਣੀਆਂ.....ਘੁੱਦਾ

ਮੂੰਹ ਨੇਹਰੇ ਜੇ


ਮੂੰਹ ਨੇਹਰੇ ਜੇ ਬੀਂਡਿਆਂ ਦੀ ਸੁਣਦੀ
ਡੂੰਘੀ ਜੀ ਚਿਰਰ ਚਿਰਰਰ
ਗੁਰੂ ਘਰ ਦੇ ਸਪੀਕਰ 'ਚੋਂ ਆਉਂਦੀ,
ਡੱਬੀਦਾਰ ਮੂਕੇ ਵਿੱਚਦੀ ਪੁਣਕੇ
ਕੰਨਾਂ ਤਾਂਈ ਜਾਂਦੀ ਰਹਿਰਾਸ ਦੀ ਬਾਣੀ
ਜਿੱਥੋਂ ਖੰਘੂਰਾ ਮਾਰ ਪਾਠੀ ਸਿੰਘ ਸ਼ੁਰੂ ਕਰਦਾ
"ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਿ ਨਾ ਹੋਈ"
ਜਿੱਥੇ ਡੇਰੇ ਦੇ ਸੰਘਣੇ ਬੋਹੜ ਆਥਣੇ ਜੇ ਡਰਾਉਣੀ ਚੁੱਪ ਬਣਦੇ ਨੇ
ਜਿੱਥੇ ਸੱਤ ਬਜੇ ਰਮਨ ਕੁਮਾਰ ਭਾਰੀ ਜੀ
'ਵਾਜ਼ 'ਚ ਖਬਰਾਂ ਸੁਣਾਉਂਦਾ
ਜਿੱਥੇ ਹਾਰੇ 'ਚ ਧੁਖਦੀਆਂ ਪਾਥੀਆਂ ਦਾ ਧੂੰਆਂ
ਹਵਾ ਨੂੰ ਜੱਫੀਆਂ ਪਾ 'ਤਾਹਾਂ ਚੜ੍ਹ ਜਾਂਦਾ
ਧੂੰਆਂ ਵੇਖ ਸਿਆਣੀ ਬੁੜੀ ਆਖਦੀ ਆ
"ਜੀਹਦੇ ਬੰਨੀਂ ਧੂੰਆਂ ਆਉਂਦਾ, ਉਹ ਸੱਸ ਨੂੰ ਪਿਆਰਾ ਹੁੰਦਾ"
ਜਿੱਥੇ ਸੀਰੀ ਦੇ ਸੈਕਲ ਦੇ ਹੈਂਡਲ ਨਾ ਰੋਟੀ ਬੰਨ੍ਹੀਂ ਹੁੰਦੀ ਆ
ਤੇ ਡਮਾਕ 'ਚ ਰਾਤ ਨੂੰ ਪਾਣੀ ਦੀ ਵਾਰੀ ਦਾ ਫਿਕਰ ਹੁੰਦਾ
ਜਿੱਥੇ ਮੋਨੋ ਪੀਕੇ ਮੁੱਕੇ ਪੁੱਤ ਨੂੰ ਚੇਤੇ ਕਰਕੇ
ਤਾਰਿਆਂ ਛਾਵੇਂ ਪਈ ਮਾਂ ਦੇ ਅੱਖਾਂ ਦੇ ਕੋਏਂ ਗਿੱਲੇ ਹੁੰਦੇ ਨੇ
ਜਿੱਥੇ ਨਿੱਕੇ ਜਵਾਕਾਂ ਨੂੰ "ਮਾਣੋ ਬਿੱਲੀ" ਦਾ ਡਰ ਦਿੱਤਾ ਜਾਂਦਾ
ਜਿੱਥੇ ਫੌਜੀ ਪੁੱਤ ਖਾਤਰ ਚਿੱਠੀ ਲਿਖਾਉਂਦੀ ਮਾਤਾ
ਸਾਰੇ ਟੱਬਰ ਦੇ ਹਜ਼ਾਰਾਂ ਦੁੱਖ ਸੁੱਖ ਗਿਣਾਕੇ
ਅੰਤ ਵਿੱਚ ਹੌਂਸਲੇ ਨਾਲ ਲਿਖਾਉਂਦੀ ਆ,
"ਬਾਕੀ ਸਭ ਸੁੱਖ ਸਾਂਦ ਆ ਪੁੱਤ"
ਓਥੇ ਕੱਲੇ ਕੁੜੀਆਂ ਉਧਾਲਣ ਆਲ਼ੇ ਮਿਰਜ਼ੇ ਈ ਪੈਦਾ ਨੀਂ ਹੁੰਦੇ
"ਦੰਬੂਖਾਂ" ਬੀਜਣ ਆਲੇ ਵੀ ਏਥੋਂ ਈ ਨਿਕਲਦੇ ਨੇ
ਜੇਹਨਾਂ ਦੀ ਫੋਟੋ ਨਾਲ ਲਿਖਿਆ ਹੁੰਦਾ
"ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨੁ ਕੇ ਹੇਤ,
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ"...ਘੁੱਦਾ

Saturday 8 September 2012

ਫਿਕਰ ਕਰੀਂ ਨਾ ਯਾਰਾਂ ਦੀ


ਅੱਖ ਮੀਚ ਨਿਸ਼ਾਨਾ ਲਾਉਣਾ ਫੋੜਨੀ ਕੱਚ ਦੀ ਗੋਲੀ ਨੀਂ
ਨਮਾਂ ਚਿੱਟੇ ਰੰਗ ਦਾ ਕੁੜਤਾ ਜੁੱਤੀ ਪੱਕੀ ਸੋਲ੍ਹੀ ਨੀ
ਵੱਟਣਾ ਸਨ ਦਾ ਪਿੰਨਾ ਤੇ ਬਹਿ ਸੱਥ 'ਚ ਠਰਕਾਂ ਭੋਰਨੀਆਂ
ਹੱਦ ਨਾ ਪਿੰਡ ਦੀ ਟੱਪੇ ਪਰ ਗੱਲਾਂ ਕਨੇਡਿਓਂ ਤੋਰਨੀਆਂ
ਓਬਾਮੇ ਨੂੰ ਲਾਉਣਾ ਸੀਰੀ ਤੇ ਗੱਲ ਚੱਕਣੀ ਸਰਕਾਰਾਂ ਦੀ
ਬਸ ਹੱਸਦੀ ਖੇਡਦੀ ਰਿਹਾ ਕਰ ਫਿਕਰ ਕਰੀਂ ਨਾ ਯਾਰਾਂ ਦੀ

ਗਾਟੀ ਪਾਕੇ ਜ਼ਹਾਜ਼ ਸਿੱਟਣ ਦੀਆਂ ਨਜ਼ੈਜ਼ ਸੋਚਾਂ ਸੋਚਣੀਆਂ
ਫੇਲ੍ਹ ਸਨਸਕਰੀਨ ਕਰੀਮਾਂ ਜਦੋਂ ਝੋਨੇ ਦੀਆਂ ਵੱਟਾਂ ਪੋਚਣੀਆਂ
ਗੋਡਿਆਂ ਵਿੱਚ ਫਸਾਕੇ ਚੱਕਾ , ਹੈਂਡਲਾਂ ਨੂੰ ਸਿੱਧੇ ਕਰਦੇ ਰਹਿਣਾ ਨੀਂ
ਪਹਿਲੋਂ ਕੈਂਚੀ ਸੈਕਲ ਦੀ ਸਿੱਖਣੀ ਫੇਰ ਕਾਠੀ ਤੇ ਬਹਿਣਾ ਨੀਂ
ਖੋਲ੍ਹਿਆ ਦੁਪੈਹਰ ਦੀ ਰੋਟੀ ਦਾ ਪੋਣਾ ਵਾਸ਼ਨਾ ਖਿੱਲਰੇ 'ਚਾਰਾਂ ਦੀ
ਬਸ ਹੱਸਦੀ ਖੇਡਦੀ ਰਿਹਾ ਕਰ ਫਿਕਰ ਕਰੀਂ ਨਾ ਯਾਰਾਂ ਦੀ

ਕਿੱਲਤ ਮੀਂਹ ਦੀ ਜੰਤਾ ਕੱਠੀ ਕਰਕੇ ਗੁੱਡੀ ਫੂਕਣ ਜਾਣਾ ਨੀਂ
ਪਿੱਪਲ ਦੇ ਪੱਤੇ ਨਾ ਬਣਾਇਆ ਪੂੜਾ ਭਿਓਂ ਕੇ ਖੀਰ 'ਚ ਖਾਣਾ ਨੀਂ
ਦਾਤ ਨਾ ਚੀਰਨੀਆਂ ਸਰ੍ਹੋਂ ਦੀਆਂ ਗੰਦਲਾਂ ਤੇ ਅੱਗ ਡਾਹੁਣੀ ਲੱਕੜਾਂ ਦੀ
ਚਾਹ ਪੱਤੀ ਠੋਕ ਕੇ ਮਿੱਠਾ ਰੋਕ ਕੇ ਗੱਲ ਪੁਰਾਣੀ ਯੱਕੜਾਂ ਦੀ
ਚਾਚੇ ਫੌਜੀ ਤੋਂ ਸੁਨਣੀ ਕਹਾਣੀ ਫੌਜ 'ਚ ਮਾਰੀਆਂ ਮਾਰਾਂ ਦੀ
ਬਸ ਹੱਸਦੀ ਖੇਡਦੀ ਰਿਹਾ ਕਰ ਫਿਕਰ ਕਰੀਂ ਨਾ ਯਾਰਾਂ ਦੀ

ਪੱਗ ਕਦੇ ਕਦਾਈਂ ਬੰਨ੍ਹੀਦੀ ਜਦੋਂ ਛਿਮਾਹੀ ਸ਼ਹਿਰ ਨੂੰ ਜਾਈਦਾ
ਕਬੀਲਦਾਰੀ ਦਾ ਸੌਦਾ ਪੱਤਾ ਮਖਾ ਟਰੈਲੀ ਭਰ ਕੇ ਲਿਆਈਦਾ
"ਰਾਮ ਰਾਮ" ਜੀ ਕਹਿ ਹਰਾਨੀ ਨਾ ਲਾਲੇ ਦੇ ਏ.ਸੀ ਬੰਨੀਂ ਝਾਕੀਦਾ
ਬਿਨ੍ਹਾਂ ਕਾਪੀਓਂ ਮੰਗਮਾਂ ਮੋਟਰਸੈਕਲ ਡਰ ਬਰਦੀ ਖਾਕੀ ਦਾ
ਪਿੱਛੇ ਸੀਟ ਤੇ ਬੈਠਾ ਹੁੰਦਾ ਤਾਇਆ ਕਿੱਥੋਂ ਝਾਤੀ ਲੈਣੀ ਨਾਰਾਂ ਦੀ
ਬਸ ਹੱਸਦੀ ਖੇਡਦੀ ਰਿਹਾ ਕਰ ਫਿਕਰ ਕਰੀਂ ਨਾ ਯਾਰਾਂ ਦੀ

ਲੰਘਦੇ ਟੱਪਦੇ ਉਹ ਥੌਂ ਵੇਖੀਦਾ ਜਿੱਥੇ 'ਕੱਠੇ ਪੜ੍ਹਦੇ ਹੁੰਦੇ ਸੀ
ਜਵਾਕਾਂ ਆਲ਼ੀ ਮੱਤ ਸੀ ਓਦੋਂ ਟੌਫੀ ਪਿੱਛੇ ਵੀ ਲੜਦੇ ਹੁੰਦੇ ਸੀ
ਕਰਲਾ ਓੱਚੀਆਂ ਪੜ੍ਹਾਈਆਂ ਤੇਰੀ ਜਿੱਡੀ ਆਪਣੀ ਔਕਾਤ ਨਹੀਂ
ਤੈਨੂੰ ਚੇਤੇ ਕਦੇ ਆਪਾਂ ਕਰਿਆ ਨਾ ਟੱਪੀ ਏਮੇਂ ਦੀ ਕੋਈ ਰਾਤ ਨਹੀਂ
ਸੁਖਨੇ ਅੰਗੂ ਭੁੱਲਜੀਂ ਰੁੱਤ ਹੁਣ "ਘੁੱਦੇ" ਨਾ ਮਾਣੇ ਤਿਉਹਾਰਾਂ ਦੀ
ਬਸ ਹੱਸਦੀ ਖੇਡਦੀ ਰਿਹਾ ਕਰ ਫਿਕਰ ਕਰੀਂ ਨਾ ਯਾਰਾਂ ਦੀ.....ਘੁੱਦਾ

ਜਵਾਨੀ ਦੇ ਦਿਨ ਚਾਰਾਂ ਨੂੰ


ਸਟੇਨਗੰਨ ਦੀ ਫੀਲਿੰਗ ਲੈਣੀ ਹੱਥੀਂ ਫੜ੍ਹਕੇ ਡਰਾਫਟਰ ਨੂੰ
"ਪੈਂਰੀ ਪੈਣਾਂ" ਕਹਿ ਬੁਲਾਉਣਾ ਲੰਘਦੇ ਟੱਪਦੇ ਮਾਹਟਰ ਨੂੰ
ਜਮਾਂ ਪਿਛਲੇ ਬੈਂਚ ਤੇ ਬਹਿ ਹੇਕਾਂ ਲਾ ਵਿਰਸੇ ਗਾਉਂਦੇ ਰਹੇ
ਬਸ ਪਿੱਛੇ ਜਾਲ ਨਾਲ ਲਮਕ ਕੇ ਜਦੋ ਕਾਲਜ ਆਉਂਦੇ ਰਹੇ
ਇੱਕੋ ਜਿੱਕੀਆਂ ਸੀ ਸਾਡੀਆਂ ਪੱਗਾਂ, ਜੰਤਾ ਪਛਾਣੇ ਸਰਦਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ

ਪੰਜ ਕੱਕਿਆਂ ਦਾ ਪੂਰਾ ਸੀ ਤਰਸੇਮ ਜਮਾਤੀ ਪੰਜਗਰਾਂਈਆਂ ਤੋਂ
ਸਿੱਖ ਸਰਦਾਰ ਸੀ ਚੋਬਰ ਪਰ ਛੋਟਾ ਸੀ ਦੂਜੇ ਭਾਈਆਂ ਤੋਂ
ਸੈਦੇਕਿਆਂ ਤੋਂ ਕਬੀਲਦਾਰ ਜਾ "ਬਲਤੇਜ ਚਮਕੀਲਾ" ਆਉਦਾਂ ਸੀ
ਉਂ ਮੋਨਾ ਸੀ ਸਿਰ ਤੋਂ ਪਰ ਫਿਰ ਵੀ ਬਾਈ ਪੱਗ ਸਜਾਉਂਦਾ ਸੀ
ਖੇਮਕਰਨ ਤਾਂਈ ਸੀ ਜੀਹਦੇ ਯਾਰਾਨੇ ,ਪੁਗਾਉਂਦਾ ਰਿਹਾ ਕਰਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ

ਹਾਜ਼ਰ ਜਵਾਬੀ ,ਤਕੜਾ ਜੁੱਸਾ, ਗੱਲ ਬੱਬਲ ਸਿਹੁੰ ਭਲਵਾਨ ਦੀ
ਪੱਗ ਪੋਚਮੀਂ, ਹੱਸਦਾ ਚਿਹਰਾ ਓਦੋਂ ਮੁੱਛ ਫੁੱਟਦੀ ਸੀ ਜਵਾਨ ਦੀ
ਜਿੰਮ ਜੁੰਮ ਦਾ ਸੀ ਸ਼ੌਕੀ "ਜੱਸਾ ਢਿੱਲੋਂ" ਇੱਕ ਬਰਨਾਲੇ ਬੰਨੀਂ ਦਾ
ਪੰਜਾ ਲਾਉਣ 'ਚ ਸੀਗਾ ਤਕੜਾ ਸਾਰੇ ਕਾਲਜ 'ਚ ਸੀ ਮੰਨੀ ਦਾ
ਸਾਦਿਕ ਬੰਨੀਂ ਗਾਟੀਆਂ ਪਾ ਗਿਆ ਸੀ ਲਾਂਭੇ ਕਰਕੇ ਯਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ

ਗੱਲ ਕਰਨੀ ਰਹਿਗੀ ਸੀ ਗੁਰੂਹਰਸਹਾਏ ਆਲੇ "ਝੰਡੇ" ਘੋਰੀ ਦੀ
ਗੱਲ ਜਮਾਂ ਸਿਰੇ ਲਾਉਂਦਾ ਸੀ ਝੰਡਾ ਨਾ ਫੇਰ ਸੀ ਅੱਗੇ ਤੋਰੀ ਦੀ
ਖੰਘੂਰਾ ਮਾਰ "ਕਰਨ" ਕਲਾਸ 'ਚ ਵੜਦਾ ਤਾਂ ਵਜਦੀਆਂ ਕੂਕਾਂ ਸੀ
ਚੜ੍ਹਦੀ ਉਮਰੇ ਢਿੱਲਾ ਜਾ ਰਹਿੰਦਾ ਪੱਟੂ ਦੀਆਂ ਸੱਚਿਓਂ ਛੇ ਮਸ਼ੂਕਾਂ ਸੀ
ਜਮਾਂ ਭੋਲਾ ਸੀ, ਸ਼ਰੀਫ ਅੱਤ ਦਾ ਤਾਂਹੀ ਚੰਗਾ ਲੱਗਦਾ ਸੀ ਨਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ

ਜਿਲ੍ਹਾ ਮੋਗਾ ਸੀ ਨੌਂ "ਗੱਗੂ ਢਿੱਲੋਂ" ਪਿੰਡ ਜੀਹਦਾ ਬੁਰਜ ਹਮੀਰ ਸੀ
ਘੋਨ ਮੋਨ ਜਾ ਸੀ ਸ਼ਕਲੋ ਖੰਡ ਦੀ ਬੋਰੀ ਅਰਗਾ ਗੁੰਦਮਾਂ ਸਰੀਰ ਸੀ
ਬਜ਼ੁਰਗ ਜੋੜੇ ਦੇ ਘਰ ਵਿੱਚ ਸੀ ਅਸੀਂ ਲਈ ਇੱਕ ਬੈਠਕ ਰਹਿਣੇ ਨੂੰ
ਟਿਫਨ "ਪ੍ਰੇਮ" ਦਾ, ਆਥਣੇ ਗੇੜਾ ਸ਼ੇੜਾ ਬਚਿਆ ਹੋਰ ਕੀ ਕਹਿਣੇ ਨੂੰ
ਸੱਤੇ ਅੱਠੇ ਜਣੇ ਰਲ ਫਿਲਮਾਂ ਦੇਂਹਦੇ ਅੰਦਰੋਂ ਭੇੜ ਕੇ ਬਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ

ਕੁੱਲ੍ਹ,ਮਨਾਲੀ, ਸ਼ਿਮਲਾ, ਕੁਫਰੀ ਤੇ ਗੱਲ ਅਨੰਦਪੁਰ ਵਾਲੇ ਬਾਬੇ ਦੀ
ਪਹਾੜ ਘੁੰਮਕੇ ਆ ਖਾਂਦੇ ਫੇਰ ਦਾਲ ਜਗਰਾਓਂ "ਭਲਵਾਨ ਦੇ ਢਾਬੇ" ਦੀ
ਪੇਪਰ ਮੁੱਕਦੇ ਫਿਰ ਚਾਅ ਮਲ੍ਹਾਰ ਨਾਲ ਅੰਬਰਸਰ ਵੀ ਜਾਂਦੇ ਸੀ
ਤਰਨਤਾਰਨੋ ਹੋਕੇ ਆਥਣੇ ਜਾ ਲੰਗਰ ਹਰਮੰਦਰ ਸੈਹਬੋਂ ਖਾਂਦੇ ਸੀ
ਕੇਹੜਾ ਘੁਮਾਵੇ ਸੂਈਆਂ "ਘੁੱਦਿਆ" ਮੋੜ ਲਿਆਏ ਓਹ ਬਹਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ.....ਘੁੱਦਾ

ਫੌਜਣ


ਪਹੁ ਫੁੱਟੇ ਤੇ ਵਿਹੜੇ 'ਚੋਂ ਸਫੈਦਿਆਂ ਦੇ ਖਿੱਲਰੇ ਪੱਤੇ
ਸੁੰਭਰਿਆ ਕਰੇ , ਮੁੜ੍ਹਕਾ ਪੂੰਝਦੀ 'ਤਾਹਾਂ ਝਾਕਦੀ
ਤਾਂ ਚਾਅ ਚੜ੍ਹ ਜਾਂਦਾ ਜਨੌਰਾਂ ਦੀਆਂ 'ਡਾਰਾ ਵੇਖਕੇ
ਡਾਲੀ ਆਲੇ ਬਾਬੇ ਨੂੰ ਦੁੱਧ ਪਾ,
ਕਾਂ ਜੋਗੀ ਚੂਰੀ ਕੁੱਟਿਆ ਕਰੇ
ਕਦੇ ਕਦਾਈਂ ਡਾਕੀਏ ਦੇ ਸੈਕਲ ਦੀ ਟੱਲੀ ਖੜਕੇ
ਆਟਾ ਗੁੰਨ੍ਹਦੀ ਭੱਜਿਆ ਕਰੇ ਸਾਹੋ ਸਾਹ ਹੋਈ
ਪੁੱਠੇ ਹੱਥ ਨਾ ਜੁਲਫ ਸੂਤ ਕਰ, ਚਿੱਠੀ ਫੜ੍ਹਿਆ ਕਰੇ
ਬਲਦ ਗਲੋਂ ਜੋਤ ਲਾਹ , ਤੇਜੋ ਦੇ ਮੱਥੇ ਤੋਂ ਮੂਕੇ ਨਾ
ਆਟਾ ਪੂੰਝਦਾ ਛੁੱਟੀ ਆਇਆ ਫੌਜੀ
ਤੇ ਨਾਲੇ ਆਖਦਾ, "ਕਮਲੀਏ ਖਿਆਲ ਰੱਖਿਆ ਕਰ"
ਚਿੱਠੀ ਵੇਖ ਹਾਸੇ ਖੰਭ ਲਾ ਉੱਡਗੇ ਤੇਜੋ ਦੇ
"ਜੀ ਤੁਹਾਨੂੰ ਫੇਰ ਬੁਲਾ ਭੇਜਿਆ ਫੌਜ ਨੇ ਬਾਕੀ ਛੁੱਟੀ ਮੁਲਤਵੀ"
ਭਰੇ ਗੱਚ 'ਚੋਂ ਨਿਕਲੇ ਤੇਜੋ ਦੇ ਭਾਰੇ ਬੋਲ ਸੁਣ
ਉਹ ਮੁਸ਼ਕਰੀਏ ਹੱਸਿਆ ਤੇ ਕਹਿੰਦਾ
" ਭਾਗਵਾਨੇ ਨੌਕਰੀ ਕੀ ਤੇ ਨਖਰਾ ਕੀ"
ਕਾਲੇ ਵੱਡੇ ਟਰੰਕ ਨੂੰ ਚੱਕ ਫੇਰ ਚੜ੍ਹ ਗਿਆ ਫੌਜੀ
ਕੋਠੇ ਖੜ੍ਹੀ ਦੇਂਹਦੀ ਰਹੀ, ਜਿੱਥੋਂ ਤੀਕ ਦਿੱਸਿਆ
ਸ਼ਾਇਦ ਰਜਵਾਹੇ ਸੂਏ ਤੱਕ ਨਿਗ੍ਹਾਹ ਪਹੁੰਚਦੀ ਰਹੀ
ਅਣਮਨੇ ਮਨ ਨਾਂ ਕੋਠਿਓਂ ਉੱਤਰੀ
ਰੇਡੀਏ ਦੇ ਨਮੇਂ ਸੈੱਲ ਪਾ ਕਿੱਲੀ ਤੇ ਟੰਗ ਛੱਡਦੀ
ਆਥਣੇ ਹਰਮੰਦਰ ਸੈਹਬ ਦੀ ਗੁਰਬਾਣੀ ਪਿੱਛੋਂ
ਲੰਘਦੀ ਟੱਪਦੀ ਖਬਰਾਂ ਸੁਣ ਲੈਂਦੀ
ਭਖੀ ਜੰਗ, ਗੋਲੇ ਬਾਰੂਦ ਦੀਆਂ ਗੱਲਾਂ ਕਰਦਾ
ਤੇਜੋ ਨੂੰ ਅਨਾਂਊਸਰ ਵਿਓ ਅਰਗਾ ਲੱਗਦਾ
ਸੁਬਾ ਸ਼ਾਮ ਨਿਸ਼ਾਨ ਸਾਹਿਬ ਬੰਨੀਂ ਦੇਖ
ਸਿਰ ਕੱਜਕੇ ਨੇਮ ਨਾ ਮੱਥਾ, ਟੇਕ ਸੁਖ ਮੰਗਿਆ ਕਰੇ
ਫੇਰ ਡਾਕੀਏ ਦੇ ਸੈਕਲ ਦੀ ਟੱਲੀ ਖੜਕੀ
ਦਾਲ 'ਚੋਂ ਕੋਕੜੂ ਚੁਗਦੀ ਚੁਗਦੀ ਸੈਕਲ ਵੱਲ ਭੱਜੀ
ਤੇ ਕੰਬਦੀਆਂ ਉਂਗਲਾਂ ਨੇ ਚਿੱਠੀ ਫੜ੍ਹੀ
ਡਾਕੀਏ ਦੀ "ਨੀਵੀਂ ਝਾਕਣੀ " ਈ ਚਿੱਠੀ ਦੇ ਬੋਲ ਨਿਕਲੇ
ਹੱਥੋਂ ਥਾਲ ਛੁੱਟ ਦਾਲ ਭੁੰਜੇ ਖਿੱਲਰ ਗਈ
ਸਫੈਦਿਆਂ ਦੇ ਪੱਤੇ ਖਿਲਰਦੇ ਰਹੇ,
ਜਨੌਰ ਡਾਰਾਂ ਬੰਨ੍ਹ ਬੰਨ੍ਹ ਉੱਡਦੇ ਰਹੇ
ਨਿਸ਼ਾਨ ਸਾਹਿਬ ਝੂਲਦਾ ਰਿਹਾ
ਰੇਡੀਆ ਨਿੱਤ ਖਬਰਾਂ ਸੁਣਾਉਂਦਾ ਰਿਹਾ
ਕਿਤੇ ਡਾਕੀਏ ਦਾ ਸੈਕਲ ਨਾ ਆਇਆ
ਨੱਤ ਚਾਰ ਗੁਆਂਢਣਾਂ ਆ ਬੈਠਦੀਆਂ,
ਤੇਜੋ ਸਿਰ ਚਿੱਟੀ ਚੁੰਨੀ ਧਰ ਮੁੜ ਜਾਂਦੀਆਂ
ਪਰ ਕਿਸੇ ਐਂ ਨਾ ਆਖਿਆ
"ਕਮਲੀਏ ਖਿਆਲ ਰੱਖਿਆ ਕਰ"...ਘੁੱਦਾ

ਬਰਥਡੇ


ਤੇਰੇ ਬੰਨੀਂ ਬਰਥਡੇ ਮਨਾਉਣ ਦਾ ਰਵਾਜ
ਜਿੰਨੀਂ ਉਮਰ ਹੋਗੀ, ਉਨ੍ਹੀਆਂ ਮੋਮਬੱਤੀਆਂ ਬਾਲਣੀਆਂ
ਨਮੇਂ ਕੱਪੜੇ ਪਾਉਣੇ ਤੇ ਜੰਤਾ ਨੇ ਕਮੈਂਟ ਕਰਨੇ
"ਸੋ ਕਿਊਟ" "ਵਾਓਓ ਔਸਮ"
ਸਿਰ ਤੇ ਟੋਪੀਆਂ ਜੀਆਂ ਲੈਕੇ ਤਾੜੀਆਂ ਮਾਰ ਮਾਰ ਆਖਣਾ
"ਹੈਪੀ ਬਰੱਥਡੇ ਟੂ ਯੂ"
ਕੇਕਾਂ ਨਾ ਮੂੰਹ ਲਬੇੜਨੇ
ਬੁਲਬੁਲੇ ਫਲਾ ਫਲਾ ਛੱਡਣੇ
ਟੈਡੀ ਬੀਰਾਂ ਤੇ ਬਾਰਬੀ ਡੌਲ ਆਲੇ ਗਿਫਟ
ਮੈਨੂੰ ਕਹਿੰਦੀ, "ਕਦੇ ਤੇਰਾ ਬਰਥਡੇ ਨੀਂ ਮਨਾਇਆ"?
ਮਖਾ ਕੇਰਾਂ ਮਨਾਇਆ ਸੀ
ਕਹਿੰਦੀ ਫੇਰ ਤਾਂ ਖੂਬ ਇੰਜੁਆਏ ਕੀਤਾ ਹੋਣਾ
ਕੀ ਕੀਤਾ ਤੁਸੀਂ ਬਰਥਡੇ ਪਾਰਟੀ ਤੇ
ਮਖਾ ਅਖੰਡ ਪਾਠ ਕਰਾਇਆ ਸੀ ਕੇਰਾਂ
ਤਿੰਨੀ ਦਿਨੀਂ ਭੋਗ ਪਾਤਾ ,
ਜੰਤਾ ਨੂੰ ਜਲੇਬ ਖਵਾਤੇ
ਮਾਮੇ ਨੇ ਸਿਰ ਪਲੂਸ ਕੇ ਇੱਕ ਸੌ ਇੱਕ ਦਾ ਸ਼ਗਨ ਦੇਤਾ
ਤੇ ਨਾਲੇ ਨਾਨਕਿਆਂ ਨੇ ਨਾਭੀ ਪੱਗ ਦਿੱਤੀ ਸੀ
ਦਾਦੀ ਨੇ ਪੰਜ ਸੇਰ ਘਿਓ ਮਾਤਾ ਨੂੰ ਗਿਫਟ ਕਰਤਾ
ਸੁਨਿਆਰਿਆਂ ਨੂੰ ਤੜਾਗੀ ਪਵਾਈ ਦਾ ਸ਼ਗਨ ਦੇਤਾ ,
ਦਾਈ ਨੂੰ ਦੁੱਧ ਧਵਾਈ ਦਾ ਬੰਬਲਾਂ ਆਲਾ ਕੰਬਲ ਤੇ ਤੋਤੇਰੰਗਾ ਸੂਟ
ਰਾਜੇ ਸਿੱਖਾਂ ਨੂੰ ਨਿੰਮ ਬੰਨ੍ਹਾਈ ਦੀ ਪੰਜ ਕੱਪੜੀ ਨਾਲੇ ਮਣ ਦਾਣੇ
ਕਹਿੰਦੀ...."hmmm...plz change the topic"....ਘੁੱਦਾ

ਨਵੇਂ ਯੱਕੜ


ਬਠਿੰਡੇ ਹਨੂੰਮਾਨ ਚੌਂਕ ਤੋਂ ਕਿਲ੍ਹੇ ਬੰਨੀਂ ਨੱਕ ਦੀ ਸੇਧ ਨੂੰ ਕੱਪੜਾ ਮਾਰਕਿਟ ਦੇ ਪਿੱਛੋਂ ਦੀ ਟੇਢੀ ਜੀ ਗਲੀ ਨਿੱਕਲਦੀ ਆ ਇੱਕ ।
ਉੱਥੇ ਇੱਕ ਮੰਦਰ ਦੇ ਨਾਲ ਜੇ ਕਰਕੇ ਕਿਸੇ ਵੈਦ ਦਾ ਚਲਾਇਆ ਵਾ ਹਸਪਤਾਲ ਆ। ਦੇਸੀ ਤਰੀਕਿਆਂ ਨਾ ਹੱਡੀਆਂ ਠੀਕ ਕਰਨ ਦਾ ਕੰਮ।
ਕੱਲ੍ਹ ਰਾਂਤੀ ਤਰਲੋਕ ਜੱਜ ਹੋਣਾਂ ਦਾ ਮੈਸਜ ਆਇਆ ਸੀ ਬੀ ਉਹ ਏਥੇ ਆ ਰਹੇ ਇਲਾਜ ਕਰਾਉਣ ਤੇ ਨਾਲੇ ਮੋਬਾਇਲ਼ ਨੰਬਰ ਘੱਲਿਆ ਸੀ ਉਹਨ੍ਹਾਂ ਨੇ।
ਇੱਕ ਦੋ ਵਜੇ ਤਾਂਈ ਕੰਮ ਸੀ । ਓਦੋਂ ਬਾਅਦ ਫੋਨ ਕਰਕੇ ਮਿਲਣ ਪਹੁੰਚਗੇ ਜੱਜ ਸਾਬ੍ਹ ਹੋਣਾਂ ਨੂੰ। ਜਾਕੇ ਕਿਹਾ ਮੈਂ ਜੱਜ ਸਾਬ੍ਹ ਹੋਣਾਂ ਨੂੰ ਮਿਲਣਾ।
ਕਹਿੰਦੇ ਪਤਾ ਨੀਂ ਸਾਨੂੰ ਤਾਂ ਅੱਗੇ ਪਤਾ ਕਰਲੋ। 'ਗਾਹਾਂ ਵੜ ਗਿਆ ਮੈਂ ਢੀਠ ਜਾ ਹੋਕੇ। ਬਹੁਤ ਢੂਈਆਂ ਚੂਕਨਿਆਂ ਦੇ ਮਰੀਜ਼ ਪਏ ਸੀ ।
ਅੱਗੇ ਇੱਕ ਕਮਰੇ 'ਚ ਜੱਜ ਸਾਬ੍ਹ ਹੋਣੀ ਬੈਠੇ ਸੀ ਨਾਲ ਇੱਕ ਬੀਬੀ ਬੈਠੇ ਸੀ।
ਮੈਨੂੰ ਦੇਖ ਕੇ ਜੱਜ ਸਾਬ੍ਹ ਹੋਣੀ ਵੀ ਉੱਠ ਖੜ੍ਹੇ ਤੇ ਆਪਾਂ ਵੀ ਪਹਿਲੀ ਨਜ਼ਰੇ ਪਛਾਣ ਲਿਆ।
ਦੋਹੇਂ ਲੱਤਾਂ ਤੋਂ ਲੈ ਲੱਕ ਤਾਂਈ ਪਜਾਮੇ ਹੇਠ ਦੀ ਗਰਮ ਪੱਟੀ ਬੰਨ੍ਹੀ ਵਈ ਸੀ। ਦਾਹੜੀ ਦੇ ਸਫੇਦ ਵਾਲ ਤੇ ਬੋਲਣ ਦਾ ਤਰੀਕਾ ਦੱਸਦੇ ਸੀ ਬੀ ਤਜਰਬਾ ਕੀ ਹੁੰਦਾ।
ਬਹਿਕੇ ਦਸ ਕੁ ਮਿੰਟ ਗੱਲਾਂ ਬਾਤਾਂ ਕੀਤੀਆਂ, ਮੇਰੇ ਨਾਲ ਪੰਜ -ਛੇ ਜਣੇ ਸੀ ਪਰ ਉਹ ਬਾਹਰੇ ਈ ਖੜ੍ਹੇ ਰਹੇ।
ਮੇਰੇ ਨਾਲਦਿਆਂ 'ਚੋਂ ਪਿੰਦੂ ਨੂੰ ਛੱਡਕੇ ਕਿਸੇ ਨੂੰ ਪਤਾ ਨੀਂ ਸੀ ਜੱਜ ਸਾਬ੍ਹ ਕੌਣ ਨੇ। ਮੁੜਕੇ ਉੱਠਕੇ ਚੱਪਲਾਂ ਪਾਕੇ ਬਾਹਰ ਨੂੰ ਮੇਰੇ ਨਾ ਹੋ ਤੁਰੇ ਕਹਿੰਦੇ , "ਚੱਲ ਕਾਕਾ ਤੇਰੇ ਆੜੀਆਂ ਨੂੰ ਮਿਲੀਏ"
ਸਦਕੇ ਜਾਈਏ ਬੋਹੜ ਬਾਬਿਆਂ ਦੀ ਨਿਮਰਤਾ ਦੇ, ਏਹਨਾਂ ਦੀਆਂ ਲਿਖਤਾਂ ਚੋਰੀ ਕਰਕੇ ਗਾਉਣ ਆਲੇ ਸੂਫੀ ਗੈਕ ਬਣਗੇ
ਤੇ ਏਹਨਾਂ ਦੇ ਵਿੱਚੋਂ ਨਾਂ ਵੀ ਕੱਢਤੇ ਲਿਖਤਾਂ 'ਚੋਂ।
ਸਰਤਾਜ ਅਰਗਿਆਂ ਨੇ ਆਹ ਗਜ਼ਲ ਬਿਨ੍ਹਾਂ ਪੁੱਛੇ ਦੱਸੇ ਪੜਦੇ ਜੇ ਨਾਲ ਗਾਤੀ ਸੀ

ਅਸੀਂ ਅੱਗ ਦੇ ਵਸਤਰ ਪਾਉਂਣੇ ਨੇ ਨਜ਼ਦੀਕ ਨਾ ਹੋ,
ਅਸੀ ਧਰਤ ਆਕਾਸ਼ ਜਲਾਉਣੇ ਨੇ ਨਜ਼ਦੀਕ ਨਾ ਹੋ,
ਅਸੀਂ ਯਾਰਾਂ ਨੂੰ ਤਾਂ ਗਲੇ ਲਗਾ ਕੇ ਦੇਖ
ਲਿਆ,ਅਸੀਂ ਦੁਸ਼ਮਣ ਗਲੇ ਲਾਉਣੇ ਨੇ ਨਜ਼ਦੀਕ ਨਾ ਹੋ,
ਜਾਹ ਤੈਥੋਂ ਸਾਚਾ ਸਾਥ ਨਿਭਾਇਆ
ਨਹੀਂ ਜਾਣਾ,ਮੇਰੇ ਰਸਤੇ ਬੜੇ ਡਰਾਉਣੇ ਨੇ ਨਜ਼ਦੀਕ ਨਾ ਹੋ,
ਮੈਨੂੰ ਸ਼ੀਸ਼ੇ ਨੇ ਤੜਕਾਕੇ ਜ਼ਖਮੀ ਕੀਤੇ ਏ,
ਅੱਜ ਮੈਂ ਸ਼ੀਸ਼ੇ ਤਿੜਕਾਉਣੇ ਨੇ ਨਜ਼ਦੀਕ ਨਾ ਹੋ,

ਖੈਰ ਕੋਈ ਨਾ, ਚੜ੍ਹਦੀਆਂ ਕਲਾ 'ਚ ਰੱਖੀਂ ਦਾਤਿਆ ਪੰਜਾਬੀ ਬੋਲੀ ਦੇ ਏਹਨਾਂ ਬੋਹੜ ਬਾਬਿਆਂ ਨੂੰ...ਘੁੱਦਾ

------------------------------------------------------------------------------------------------------------

ਆਥਣੇ ਜੇ ਫੇਸਬੁੱਕ ਵੇਖਣ ਆਲੀ ਹੁੰਦੀ ਆ ਜਰ। ਬਹੁਤ ਭੜਾਕੇ ਪੈਂਦੇ ਆ ਧਰਮ ਨਾ ।
ਬਾਹਲੀ ਫੀਲਿੰਗ ਆਲਾ ਮਾਲ ਪੱਤਾ ਪੋਸਟ ਕਰਿਆ ਹੁੰਦਾ ਕਈਆਂ ਨੇ ਬੀ ਦਿਲ ਤਾਂ ਬਸ ਟੁੱਟ ਗਿਆ ਹੁਣ ਕਾਹਨੂੰ ਜੁੜਨਾ ਏਹੇ। ਡੂੰਘੇ ਡੂੰਘੇ ਲਫਜ਼ਾਂ ਨਾਲ ਲਿਖਕੇ ਸ਼ੇਅਰ ਜੇ ਭਰਾਵਾ ਟੈਗ ਵੀ ਕੀਤਾ ਹੁੰਦਾ। ਜਮੀਂ ਸਮਝ ਨੀਂ ਆਉਂਦੀ ਹਾਰਕੇ ਪਾਸੇ ਹੋਣਾ ਪੈਂਦਾ । ਪਹਿਲਾਂ ਆਸ਼ਕ ਭਾਈਚਾਰਾ ਖੂਹ 'ਚ ਛਾਲ ਮਾਰਦਾ ਸੀ, ਦਾਰੂ ਪੀਕੇ ਗਜ਼ਲਾਂ ਲਿਖਦਾ ਸੀ ਬੁਰੇ ਹਾਲ।
ਹੁਣ ਬਲੇਡ ਨਾ ਨਬਜ਼ ਜੀ ਕੱਟਦੇ ਦੀ ਫੋਟੋ ਬਾਹਲੀ ਪਰਧਾਨ ਕਰੀ ਆ ਨਾਲੇ ਦਿਲ ਜਾ ਕੱਢਕੇ ਇੱਕ ਪੱਟੂ ਬੈਠਾ ਹੁੰਦਾ। ਐਹੇ ਜੀ ਅਮੋਸ਼ਨਲ ਜੀ ਫੋਟੂ ਪਾਕੇ ਸਾਬਕਾ ਮਸ਼ੂਕ ਨੂੰ ਟੈਗ ਕਰਿਆ ਵਾ ਹੁੰਦਾ।
ਝੂਠ ਨੀਂ ਜਰ ਜੇਹਨਾਂ ਦੇ ਲੱਕ ਤੇ ਪੈਂਟ ਨੀਂ ਖੜ੍ਹਦੀ ਉਹਨਾਂ ਦੀ ਆਹੀ ਫੀਲਿੰਗ ਹੁੰਦੀ ਆ ਬੀ ਮਸ਼ੂਕ ਕੱਢਕੇ ਈ ਲਿਆਉਣੀ ਆ ਹਿੱਕ ਦੇ ਜ਼ੋਰ ਤੇ।
ਤਾਹਿਰ ਮਹਿਮੂਦ ਦਾ ਲੇਖ ਸੀ ਕਹਿੰਦਾ ਜਿਹੜੇ ਜੰਡ ਹੇਠਾਂ ਮਿਰਜ਼ਾ ਟੁੱਕਿਆ ਸੀ ਉੱਥੇ ਬਰ-ਬਰ ਉੱਡਦੀ ਆ। ਪਿੰਡ ਦੇ ਲੋਕੀਂ ਲਿਵੇ ਨੀਂ ਲੱਗਦੇ ਉਹਨਾਂ ਜੰਡਾ ਦੇ
ਕੋਈ ਨਿੱਕੀ ਸੈਡ ਮੂਡ ਆਲ਼ੀ ਸਮਾਇਲੀ ਜੀ ਬਣਾਕੇ ਪੋਸਟ ਕਰਦੇ , ਜੰਤਾ ਦੇ ਲੈਕ ਤੇ ਲੈਕ।
ਖੁਰਨੀਆਂ ਤੇ ਬੰਨ੍ਹੇ ਪਸ਼ੂਆਂ ਦੀ ਭਮਾਂ ਦੀ ੜਿੰਗ ੜਿੰਗ ਕੇ ਜੀਭ ਤਾਲੂਏ ਨਾ ਲੱਗਜੇ ਉਹਨ੍ਹਾਂ ਨੂੰ ਪਾਣੀ ਨੀਂ ਦਖਾਉਣਾ ਕੁੜੀ ਨੂੰ ਕਹੀ ਜਾਣਗੇ
"ਤੁਸੀਂ ਸੈਡ ਨਾ ਹੋਵੋ ਮੈਨੂੰ ਦੱਸੋ ਮੈਂ ਫਰਿੰਡ ਆ ਥੋਡਾ"
ਏਥੇ ਮੇਰੇ ਅਰਗਾ ਲਿਖਕੇ ਪਾਦੇ ਬੀ "ਜਰ ਅੱਜ ਤਾਂ ਹੱਥ ਟੋਕੇ 'ਚ ਆਗਿਆ , ਬੋਲੀ ਉਂਗਲ ਚੱਕਤੀ"।
ਇੱਕ ਦੋ ਜਣੇ ਮੂੰਹ ਮੱਥੇ ਲੱਗਣ ਆਲ਼ੇ ਲੈਕ ਕਰਨਗੇ ਤੇ ਨਿੱਕੇ ਗਰਨੈਬ ਅਰਗਾ ਜਿਹੜਾ ਕੰਮੂਟਰ ਯੁੱਗ 'ਚ ਵੀ ਫੁੱਲਾਂ ਆਲੀ ਨੀਕਰ ਪਾਉਂਦਾ
ਉਹ ਕਮੈਂਟ ਕਰੂ "ਆਹ ਵਧੀਆ ਹੋਇਆ ਪਰਧਾਨ ਤਵੇ ਜੇ ਲਾਉਂਦਾ ਸੀ ਮੇਰੇ ਤੇ" —
------------------------------------------------------------------------------------------------------------

ਭਰਾਵਾ ਕੇਰਾਂ ਜੇ ਬੀਰ ਦਵਿੰਦਰ ਨੇ ਗਾਣਾ ਗਾਤਾ ਬੀ
"ਗੱਡੀ 'ਚ ਦੋਨਾਲੀ ਰੱਖਾਂ ਬਾਰਾਂ ਬੋਰ ਦੀ ,ਡੱਬ 'ਚ ਬੰਦੂਕ ਦਾ ਮੈਂ ਬੱਚਾ ਰੱਖਦਾ"
ਨਿੱਕਾ ਗਰਨੈਬ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਬੀ ਜਿਹੜਾ ਬੰਦਾ ਬੰਦੂਕ ਦਾ ਸਾਰਾ ਟੱਬਰਟੋਰ ਈ ਨਾਲ ਚੱਕੀ ਫਿਰਦਾ ਉਹਦੀ ਪਤਾ ਨੀਂ ਕਿੰਨੀ ਦਹਿਸ਼ਤ ਹੋਣੀ ਆ।
ਤੇ ਕੁਜਰਤਿਓਂ ਭਰਾਵਾ ਬੀਰ ਦਵਿੰਦਰ ਟੱਕਰ ਗਿਆ ਏਹਨੂੰ ਬਠਿੰਡੇ ਫੌਜੀ ਚੌਂਕ 'ਚ । ਏਹ ਮੱਛੀਂ ਮਾਰਕਿਟ ਬੰਨੀਂਓਂ ਟੋਕੇ ਕਟਾ ਕੇ ਲਿਆਇਆ ਸੀ ਕੁਤਰੇ ਆਲੀ ਮਸ਼ੀਨ ਦੇ
ਏਹਨੇ ਚੌਵੀ ਇੰਚਾਂ ਸੈਕਲ ਜਾਕੇ ਮੂਹਰੇ ਲਾਤਾ। ਕਹਿੰਦਾ ਰੁਕ ਬਾਈ।
ਰੁਕ ਗਿਆ ਭਰਾਵਾ ਅਗਲਾ ਵੀ, ਨਿੱਕਾ ਜਾਕੇ ਕਹਿੰਦਾ ਬਾਈ ਤਲਾਸ਼ੀ ਦੇ, ਏਹਨੇ ਭਰਾਵਾ ਉਹਦੀ ਸ਼ਲਟ ਦਾ ਲੜ ਜਾ ਚੱਕ ਲਿਆ ਕਹਿੰਦਾ ਬਾਈ ਡੱਬ ਦਖਾ।
ਥੱਲੇ ਭੈਣਦੇਣੀ ਟੁੱਟੀ ਜੀ ਬੱਧਰੀ ਆਲੀ ਬੈਲਟ।
ਮੁੜਕੇ ਨਿੱਕਾ ਕਹਿੰਦਾ ਬਾਈ ਗੱਡੀ ਦੀ ਡਿੱਗੀ ਖੋਲ੍ਹ,
ਡਿੱਗੀ 'ਚ ਮੁਸ਼ਕਾਟ ਮਾਰੇ ਮਰੇ ਚੂਹਿਆਂ ਦਾ ਨਾਲੇ ਲਿੱਬੜਿਆ ਜਾ ਟੈਰ ਰੱਖਿਆ ਵਾ।
ਜਾਣ ਲੱਗਿਆਂ ਨਿੱਕੇ ਨੇ ਮੂੰਹ ਜਾ ਮਰੋੜ ਕੇ ਬੀਰ ਦਵਿੰਦਰ ਨੂੰ ਏਹ ਕਹਿ ਕੇ ਸੰਬੋਧਨ ਕੀਤਾ...
"ਹੀ ਭੈਣ ਦਾ ਬੀਰ ਗੱਪੀ"...ਘੁੱਦਾ
------------------------------------------------------------------------------------------------------------

ਪਿੱਛੇ ਜੇ ਵਾਹਵਾ ਖਬਰਾਂ ਆਉਦੀਆਂ ਰਹੀਆਂ ਬੀ ਫਲਾਣੇ ਥੌਂ ਫਲਾਣੀ ਮੂਰਤੀ ਦੇ ਮੂੰਹ 'ਚੋਂ ਦੁੱਧ ਨਿਕਲਣ ਲਾਗਿਆ। ਜੰਤਾ ਦੇ ਦਰਸ਼ਨ ਤੇ ਦਰਸ਼ਨ ਬੀ ਖੌਣੀ ਆਹ ਤਾਂ ਰੱਬ ਆਪ ਈ ਪਰਗਟ ਹੋਗਿਆ। ਖੈਰ ਆਪਾਂ ਕਿਸੇ ਨੂੰ ਕੀ ਟਿੱਚਰਾਂ ਕਰਨੀਆਂ ਆਵਦੀ ਪੀੜ੍ਹੀ ਹੇਠਾਂ ਈ ਸੋਟਾ ਫੇਰ ਲੀਏ। ਵੀਹ ਕੁ ਦਿਨਾਂ ਦੀ ਗੱਲ ਆ ਤੜਕੇ ਪੌਣੇ ਕ ਚਾਰ ਫੂਨ ਖੜਕ ਪਿਆ । ਚੱਕਿਆਂ ਤਾਂ ਪਿੰਡ 'ਚੋਂ ਸੀ ਮਾਣਕ ਸਿਹੁੰ ਦਾ , ਕਹਿੰਦਾ ਬਾਰ 'ਚ ਆਜਾ ਬਾਈ ਨਾਲ ਉਹਦੇ ਪਿੰਦੂ ਸੀ। ਸਾਡੇ ਨਾਲਦੇ ਪਿੰਡ ਕੋਟਗੁਰੂ 'ਚ ਗੁਰੂ ਗੋਬਿੰਦ ਸਿੰਘ ਨਾ ਸੰਬੰਧਤ ਇਤਿਹਾਸਕ ਗੁਰੂ ਘਰ ਆ। ਖਿਦਰਾਣਿਓਂ ਹੋਕੇ ਦਮਦਮਾ ਸੈਹਬ ਜਾਂਦਿਆਂ ਗੁਰੂ ਸਾਬ੍ਹ ਏਥੇ ਰੁਕੇ ਸੀ। ਮਾਣਕ ਕਹਿੰਦਾ ਗੁਰਦਆਰੇ ਬਾਜ਼ ਆਇਆ , ਵੇਖ ਕੇ ਆਉਣਾ। ਮਖਾ ਚਲ , ਤੜਕੇ ਤਿੰਨੇ ਜਣੇ ਗੁਰੂ ਘਰ ਜਾਵੜੇ। ਮੱਥਾ ਟੇਕਕੇ ਅੰਦਰ ਵੜਗੇ ਜਿੱਥੇ ਸਰੂਪ ਪਏ ਹੁੰਦੇ ਨੇ, ਹਾਂ ਸੱਚ ਸੱਚਖੰਡ ਕਹਿੰਦੇ ਆ।
ਉੱਥੇ ਛੱਤ ਨਾ ਬੰਨ੍ਹੇ ਚੰਦੋਏ ਤੇ ਬਾਜ਼ ਬੈਠਾ। ਜੰਤਾ ਦੇ ਫੋਟੋ ਤੇ ਫੋਟੋ। ਇੱਕੋ ਗੇਟ ਸੀ ਕਮਰੇ ਦਾ। ਉੱਥੋਂ ਦੀ ਜੰਤਾ ਵੜੀ ਜਾਵੇ
ਬਾਜ਼ ਪੱਖੇ 'ਚ ਵੱਜਕੇ ਜਖਮੀ ਹੋਇਆ ਵਾ ਸੀ। ਖੂਨ ਚੰਦੋਏ ਨੂੰ ਲੱਗਾ ਵਾ ਸੀ
ਮੂੰਹ ਨੇਹਰੇ ਜੇ ਮੁਲਖ ਆਸ਼ਿਆਂ ਮਗਰ ਟਰੈਲੀਆਂ ਪਾਕੇ ਗੁਰਦਆਰੇ ਪਹੁੰਚ ਗਿਆ ਲਿਵੇ ਦੇ ਪਿੰਡਾਂ ਦਾ। ਪਾਰਕਿੰਗਾਂ ਕਰਨ ਨੂੰ ਥਾਂ ਨਾ ਬਚੀ।
ਬਾਜ਼ ਦਹਿਲਿਆ ਪਿਆ ਸੀ ਜਮਾਂ। ਭੰਬਲਭੂਸੇ 'ਚ ਪੈ ਗਿਆ ਬੀ ਮਾਰਤੇ। ਦੂਰੋਂ ਦੂਰੋਂ ਲੋਕ ਆਏ ਗੱਡੀਆਂ ਤੇ ਬੀ ਖੌਣੀ ਉਹੀ ਬਾਜ਼ ਆ ਜੀਹਨੇ ਅੰਮ੍ਰਿਤ ਦੇ ਬਾਟੇ 'ਚ ਠੁੰਗ ਮਾਰੀ ਸੀ। ਮੈਨੂੰ ਦੀਂਹਦੀ ਬੀ ਦੋ ਦਿਨਾਂ 'ਚ ਦੋ ਢਾਈ ਲੱਖ ਆਮਦਨ ਹੋਗੀ ਹੋਣੀ ਆ ਗੁਰੂ ਘਰ ਨੂੰ ਬਾਜ਼ ਕਰਕੇ।
ਨਹਿੰਗਾਂ ਨੇ ਦੇਗ ਖਵਾ ਖਵਾ ਬਾਜ਼ ਦਾ ਕਲੇਜਾ ਜਾਮ ਕਰਤਾ। ਤੀਏ ਦਿਨ ਮੁੰਡੇ ਬਾਜ਼ ਵੇਖਣ ਗਏ , ਬਾਜ਼ ਟੋਕਰੇ 'ਚ ਪਾਇਆ ਵਾ ਸੀ ।
ਪੁੱਛਿਆ ਬੀ ਬਾਜ਼ ਦੇ ਦਰਸ਼ਨ ਕਰਨੇ ਆ ਇੱਕ ਕਹਿੰਦਾ ," ਬਾਬਾ ਜੀ ਤਾਂ ਪੂਰੇ ਹੋਗੇ"
ਬਾਜ਼ਾਂ 'ਚੋਂ ਰੱਬ ਭਾਲਦੀ ਆ ਆਪਣੀ ਗਾਤਰਿਆਂ ਆਲ਼ੀ ਜੰਤਾ ਵੀ, ਬਾਜ਼ਾਂ ਆਲੇ ਦੀ ਉਹ ਗੱਲ ਨੀਂ ਮੰਨਣੀ ਜੀਹਚ ਗੁਰੂ ਨੇ ਕਿਹਾ ਸੀ
"ਜੋ ਪ੍ਰਭ ਕੋ ਮਿਲਬੋ ਚਹੈ ਖੋਜਿ ਸਬਦਿ ਮੇਂ ਲੇਹੁ"...ਘੁੱਦਾ
------------------------------------------------------------------------------------------------------------

ਬਠਿੰਡੇ ਸਟੇਡੀਅਮ ਦੇ ਲਿਵੇ ਗੁਰੂ ਹਰਕ੍ਰਿਸ਼ਨ ਸਕੂਲ ਸੀ ਭਰਾਵਾ, ਹੁਣ ਵੀ ਹੈਗਾ
ਚੱਕ ਚਕਾਕੇ ਘਰਦਿਆਂ ਨੇ ਨਿੱਕੇ ਗਰਨੈਬ ਨੂੰ ਪਿੰਡੋਂ ਹਟਾਕੇ ਉੱਥੇ ਦਾਖਲ ਕਰਾਤਾ ਬੀ ਚੱਲ ਸਮਾਰ ਕੇ ਪੜਲੂ ਚਾਰ ਅੱਖਰ।
ਸੀ ਹਸ਼ਿਆਰ ਜਵਾਕ ਜਾ ਤੇ ਵਾਹਵਾ ਰੁੜ੍ਹ ਪਿਆ 'ਗਰੇਜ਼ੀ ਮੀਡੀਅਮ 'ਚ।
ਏਹਨਾਂ ਨੂੰ ਮਾਡਲ ਟੌਨ ਬੰਨੀਂ ਦੀ ਮੈਡਮ ਸੈਂਸ ਪੜ੍ਹਾਇਆ ਕਰੇ, ਖੁੱਲ੍ਹੇ ਬਾਲ, ਪਜਾਮੀ ਪਾਇਆ ਕਰੇ, ਗਲੇ 'ਚ ਮੰਗਲ ਸੂਤ ਜਾ ਹੋਇਆ ਕਰੇ ਉਹਦੇ।
ਇੱਕ ਦਿਨ ਨਿੱਕਾ ਲੇਟ ਗਿਆ ਸਕੂਲ, ਅੱਖਾਂ ਭਰਾਵਾ ਏਹਦੀਆਂ ਸੁੱਜੀਆਂ ਪਈਆਂ, ਟੂਲੇ ਜੇ ਲੈਂਦਾ ਲੈਂਦਾ , ਪੈਰ ਜੇ ਰਗੜਦਾ ਸਲਡ ਦਿਨੇਂ ਕਲਾਸ 'ਚ ਵੜ ਗਿਆ। ਜੰਤਾ ਖੁਸ਼ ਹੋਗੀ ਬੀ ਭੈਂ ਗਰਨੈਬ ਸਿਹੁੰ ਆਗਿਆ ।
ਚੁੱਪ ਜੇ ਕਰਕੇ ਮੂਹਰਲੀ ਸੀਟ ਤੇ ਬਹਿ ਗਿਆ, ਬੋਲਿਆ ਨਾ ਕਿਸੇ ਨਾ।
ਜੰਤਾ ਉਲਝਗੀ ਬੀ ਆਹ ਕਿਮੇਂ ਚੁੱਪ ਆ ਅੱਜ। ਸਕਲਟਾਂ , ਕਲਿੱਪਾਂ ਆਲੀਆਂ ਕੁੜੀਆਂ ਆਖਣ ਬੀ ਏਹ ਕਾਹਤੋਂ ਸੀਰੀਅਸ ਆ।
ਮੈਡਮ ਅੱਡ ਸ਼ਸ਼ੋਪੰਜ 'ਚ ਬੀ ਹੈ ਵੀ ਜਵਾਕ , ਦਿਲ ਦੱਪਾ ਤਾਂ ਕੀ ਟੁੱਟਣਾ, ਖੌਣੀ ਕੀ ਗੱਲ ਆ।
ਹਾਰਕੇ ਮੈਡਮ ਕਹਿੰਦੀ ਬੀ ਨਿੱਕਿਆ , "ਕੀ ਪ੍ਰੋਬਲਮ ਆ"? ਕੁੱਟਿਆ ਕਿਸੇ ਨੇ?
ਕਹਿੰਦਾ ਜੀ ,"ਨਾ ਪੁੱਛੋ ਨਾ ਬੱਸ ਹੋਰ ਗੱਲ ਆ"
ਕੁੜੀਆਂ ਪੁੱਛਣ ਬੀ ਅੱਖਾਂ ਸੁੱਜੀਆਂ ਜੀਆਂ ਪਈਆਂ ਰੋਇਆ ਲੱਗਦਾ ਰਾਤ ਨੂੰ
ਜਦੋਂ ਜੰਤਾ ਨੇੜੇ ਆਗੀ, ਸਸਪੈਂਸ ਵਧ ਗਿਆ , ਸਾਰਿਆਂ ਦੇ ਮੂੰਹ ਉੱਡੇ ਪਏ ਬੀ ਖੌਣੀ ਕਿੱਡੀ ਕੁ ਗੱਲ ਆ
ਮੈਡਮ ਦੀ ਦੁਬਿਧਾ ਵਧਗੀ , ਕਹਿੰਦੀ ਬੀ ਛੋਟੇਆ ਦੱਸ ਚੱਕਰ ਕੀ ਆ,ਅੱਖਾਂ ਕਾਹਤੋਂ ਸੁੱਜੀਆਂ ?

ਕਹਿੰਦਾ," ਜੀ ਮਹਿੰ ਸੂਣ ਆਲੀ ਸੀ ਜੀ, ਰਾਤ ਰਾਖੀ ਕਰਦਾ ਸੀ"
ਜੰਤਾ ਬੱਖੀਆਂ ਫੜ੍ਹਕੇ ਲਿਟਣ ਲਾਗੀ...ਘੁੱਦਾ
------------------------------------------------------------------------------------------------------------

ਜੀਹਨੇ ਕਹਿੰਦੇ ਬਲਬ ਦੀ ਖੋਜ ਕਰੀ ਸੀ
ਦੱਸਣ ਆਲੇ ਦੱਸਦੇ ਆ ਬੀ ਉਹ ਬੰਦਾ ਨੌਂ ਸੌ ਨੜਿੱਨਵੇਂ ਵਾਰੀ ਬਲਬ ਬਣਾਉਣ 'ਚ ਅਸਫਲ ਰਿਹਾ।
ਤੇ ਮੁੜਕੇ ਉਹਨੇ ਹਜ਼ਾਰਵੀਂ ਕੋਸ਼ਿਸ਼ 'ਚ ਬਲਬ ਜਗਾ ਕੇ ਕੰਮ ਜਮਾਂ ਓਕੇ ਰਪੋਟ ਕਰਤਾ।
ਕਿਸੇ ਨੇ ਉਹਨੂੰ ਕਿਹਾ ਬਾਈ ਤੂੰ ਨੌਂ ਸੌਂ ਨੜਿੱਨਵੇਂ ਆਰੀ ਫੇਲ੍ਹ ਹੋਇਆਂ ਏਹ ਕੰਮ 'ਚ
ਅੱਗੇ ਖੋਜੀ ਨੇ ਆਹ ਜਵਾਬ ਦਿੱਤਾ
" ਨਿੱਕਿਆ ਮੈਂ ਫੇਲ੍ਹ ਨੀਂ ਹੋਇਆ , ਮੈਂ ਨੌਂ ਸੌ ਨੜਿੱਨਵੇਂ ਓਹ ਤਰੀਕੇ ਲੱਭੇ ਨੇ ਜਿਹਨ੍ਹਾਂ ਨਾਲ ਬਲਬ ਨਹੀਂ ਬਣ ਸਕਦਾ"
------------------------------------------------------------------------------------------------------------

ਸੱਤ-ਅੱਠ ਦਿਨਾਂ ਦੀ ਗੱਲ ਆ। ਮੈਂ ਤੇ ਪਿੰਦੂ ਬਠਿੰਡੇ ਅੱਡੇ 'ਚ ਖੜ੍ਹੇ ਸੀ ਤੇ ਮੀਂਹ ਜਾ ਪੈਂਦਾ ਸੀ ਓਦੇਂ। ਸਾਰੀ ਜੰਤਾ ਮੇਨ ਕੈਂਪਸ ਜੇ 'ਚ ਖੜ੍ਹੀ ਸੀ ਜਿੱਥੋਂ ਚੰਡੀਗੜ੍ਹ, ਲੁਧਿਆਣਾ ,ਅੰਬਰਸਰ ਜਾਂ ਹੋਰ ਲੰਮੇ ਰੂਟ ਦੀਆਂ ਬੱਸਾਂ ਲੱਗਦੀਆਂ। ਕੋਈ ਸਿਗਟਾਂ ਖਿੱਚੀ ਜਾਵੇ ਕੋਈ ਨਿੱਕੀਆਂ ਦਾ ਝਾਕਾ ਲਈ ਜਾਂਦਾ ਸੀ। ਬੱਸ ਅੱਡੇ ਦੇ ਵਿਚਾਲੇ ਛੇ ਕੁ ਫੁੱਟ ਦਾ ਗੱਭਰੂ ਖੜ੍ਹਾ ਸੀ ਇੱਕ। ਨੀਲਾ ਚੋਲਾ, ਗੋਰਾ ਨਿਛੋਹ ਰੰਗ, ਲੰਬਾ ਗਾਤਰਾ, ਸੱਸੀ ਦਾਹੜੀ ਤੇ ਨੀਲਾ ਦੁਮਾਲਾ ਉੱਤੇ ਚੱਕਰ ਲਾਏ ਵਏ ਸੀ। ਮਲਬ ਬੀ ਜੰਤਾ ਦੀ ਖਿੱਚ ਦਾ ਕੇਂਦਰ ਸੀ ਉਹ ਨਿਹੰਗ ਸਿੰਘ। ਮੁੱਕਦੀ ਗੱਲ ਕੀ ਬਾਹਲਾ ਅੱਤ ਲੱਗਦਾ ਸੀ ਜਰ । ਪੁਰਾਣੇ ਬੁੱਢਾ ਦਲੀਆਂ ਨੇ ਨਿਹੰਗਾਂ ਦੇ ਅਕਸ ਦਾ ਨੰਦੂ ਕੱਢਤਾ ਸੀ । ਹੁਣ ਬਦਲ ਰਿਹਾ ਕੰਮ।
ਅੱਜ ਏਮੇਂ ਜਿਮੇਂ ਦੀ ਖਬਰ "ਦ ਟ੍ਰਿਬਿਉਨ" ਦੇ ਫਰੰਟ ਪੇਜ ਤੇ ਥੱਲੇ ਲੱਗੀ ਵਈ ਆ। ਬ੍ਰਿਟਿਸ਼ ਕੈਬਨਿਟ ਮੰਤਰੀ ਦੀ ਕੁੜੀ ਅਲੈਂਗਜੇਡਰਾਂ ਨੌਂ ਦੀ ਇੱਕ ਅੰਗਰੇਜ਼ਨ ਪੰਜਾਬ ਆਈ ਸੀ। ਪਹਿਲੋਂ ਪਾਰਟੀਆਂ ਕਲੱਬਾਂ 'ਚ ਜਾਣ ਦੀ ਸ਼ੌਕੀਨ ਸੀ।
ਹਰਮੰਦਰ ਸਾਹਬ ਦੀ ਛੱਤ ਤੇ ਬੈਠੀ ਸੀ । ਲੁਧਿਆਣੇ ਦਾ ਕੋਈ ਨਿਹੰਗ ਚੋਬਰ ਇੰਦਰਜੀਤ ਸਿੰਘ ਉਰਫ ਜਾਂਬਾਜ਼ ਕੋਲ ਦੀ ਟੱਪਿਆ।
ਬਸ ਕਹਿੰਦੀ ਕਲੇਜਿਓਂ ਪਾਰ ਹੋ ਗਿਆ। ਮਲਬ ਬੀ ਕਹਿੰਦੀ ਪਹਿਲੀ ਆਰੀ ਪੂਰਾ ਬੰਦਾ ਵੇਖਿਆ ਸੀ ਤੇ ਤੇ ਮੂੰਹੋਂ ਆਹ ਸ਼ਬਦ ਨਿਕਲੇ ,"Oh ...Wow"
ਗੱਲਬਾਤ ਵਿਆਹ ਤੇ ਆਗੀ ।
ਫੇਰ ਕਹਿੰਦੀ ਆਵਦੇ ਫਰੈਂਡਾਂ ਨੂੰ ਈਮੇਲਾਂ ਕਰਤੀਆਂ ਬੀ ਮੇਰਾ ਤਾਂ ਵਿਆਹ ਹੋ ਰਿਹਾ ਨਿਹੰਗ ਸਿੰਘ ਨਾ। ਫੇਰ ਲਾਂਸ ਏਜਲਸ ਤੇ ਲੰਡਨ 'ਚ ਪਾਰਟੀ ਕੀਤੀ ਜੰਤਾ ਨੂੰ।
ਹੁਣ ਅਲੈਗਜੈਡਰਾਂ ਦਾ ਨੌਂ ਉਤਰੰਗ ਕੌਰ ਖਾਲਸਾ ਆ ਤੇ ਦਸਤਾਰ ਬੰਨ੍ਹਦੀ ਆ ਸਿਰ ਤੇ।
ਬਾਹਰਲੇ ਦਸਤਾਰਾਂ ਪੱਗਾਂ ਬੰਨ੍ਹਕੇ ਹਿੱਕ ਕੱਢਕੇ ਤੁਰਦੇ ਆ । ਤੇ ਆਪਣੇ ਆਲੇ ਦਾਹੜੀ ਵੀ ਐਂ ਕਟਾਉਂਦੇ ਆ ਜਿਮੇਂ ਕੰਧ ਤੇ ਸਲਵਾਰ ਸੁੱਕਣੇ ਪਾਈ ਹੋਵੇ। ਮੇਰੇ ਅਰਗਿਆਂ ਨੂੰ ਮੱਤ ਬਖਸ਼ੀ ਬਾਜਾਂ ਆਲ਼ਿਆ...ਘੁੱਦਾ
------------------------------------------------------------------------------------------------------------

ਇੱਕੀ ਬਾਈ ਸਾਲਾਂ ਦੇ ਹੋਗੇ । ਅਜੇ ਵੀ ਜਦੋਂ ਕਿਤੇ ਜਾਣਾ ਹੁੰਦਾ ਮਾਤਾ ਨੂੰ ਠਿੱਠ ਕਰੀਦਾ ਬੀ ਬੂਟ, ਜਰਾਬਾਂ ਪੈਂਟ ਸ਼ਲਟ ਦੇ ਭਾਲਕੇ ਕਿੱਥੇ ਰੱਖੇ ਆ।
ਅੱਗੋਂ ਮਾਤਾ ਨਾਲੇ ਤਾਂ ਲੀੜੇ ਭਾਲਕੇ ਦੇਂਦੀ ਆ ਵਿਚਾਰੀ ਨਾਲੇ ਆਖੀ ਜਾਊ ਬੋਢਲ ਕੱਟੇ ਬਣ ਗੇ ਹੁਣ ਤਾਂ ਲੀੜਾ ਲੱਤਾ ਆਪ ਸਾਂਭ ਲਿਆ ਕਰੋ।
ਪਰ ਉਹ ਸਰਾਭੇ ਪਿੰਡ ਦਾ ਮੁੰਡਾ ਕੀ ਨੌਂ ਸੀ , ਹਾਂ ਸੱਚ ਕਰਤਾਰ ਸਿੰਘ ਸਰਾਭਾ , ਸਾਰਾ ਉਨ੍ਹੀਂ ਸਾਲਾਂ ਦਾ ਈ ਸੀ
ਖਟਕੜ ਕਲਾਂ ਆਲਾ ਨਿੱਕੀ ਉਮਰੇ ਘਰੇ ਚਿੱਠੀ ਲਿਖਕੇ ਧਰ ਗਿਆ ਬੀ ਹੁਣ ਨੀਂ ਮੁੜਦਾ ਪੋਲੇ ਪੈਂਰੀ।
ਰਾਮਲੀਲਾ ਮੈਦਾਨ 'ਚ ਦੂਏ ਦਿਨ ਮਰਨ ਵਰਤ ਧਰਕੇ ਬਹਿ ਜਾਂਦੇ ਆ , ਤੀਏ ਦਿਨ ਜੂਸ ਦਾ ਗਲਾਸ ਪੀਕੇ ਮੁੱਛਾਂ ਤੇ ਹੱਥ ਮਾਰਕੇ ਉੱਠ ਖੜ੍ਹਦੇ ਆ ਨਾਲੇ ਕਹਿਣਗੇ, "ਸਵਾਦ ਆ ਜਰ , ਹੋਰ ਲਿਆ ਬਾਈ ਅਣਿਆ"
ਹਰਮੰਦਰ ਸਾਹਿਬ ਦੀ ਦੱਖਣੀ ਬਾਹੀ ਤੇ ਬਣੀ ਸਿੱਖ ਰੈਂਫਰੈਂਸ ਲਾਈਬ੍ਰੇਰੀ 'ਚ ਪਈਆਂ ਐਲਬਮਾਂ 'ਚ ਕੈਦ ਫੋਟਮਾਂ ਗਵਾਹ ਨੇ ਕਿਮੇਂ ਅੰਬਰਸਰੋਂ ਪੱਚੀ ਪੱਚੀ ਦੇ ਜਥੇ ਬਣਕੇ ਗੰਗਸਰ ਜੈਤੋ ਨੂੰ ਤੁਰਦੇ ਸੀ, ਨਾਲੇ ਪਤਾ ਹੁੰਦਾ ਸੀ ਪੱਚੀਆਂ 'ਚੋਂ ਕੋਈ ਨੀਂ ਮੁੜਦਾ।
ਰੇਲਾਂ ਮੂ੍ਹਰੇ ਪੈਕੇ ਕਹਿ ਦੇਂਦੇ ਸੀ ,"ਨਿੱਕਿਆ ਬਰੇਕਾਂ ਲਾਲਾ ਜੇ ਹੈਗੀਆਂ ਤਾਂ, ਲੰਗਰ ਛਕਾਉਣਾ ਸੰਗਤ ਨੂੰ"
ਜੰਡਾਂ ਨਾ ਪੁੱਠੇ ਲਮਕਾ ਲਮਕਾ ਸਾੜੇ ਸੀ ਜਿਹੜੇ ਨਨਕਾਣਾ ਸਾਹਬ ਅਜ਼ਾਦ ਕਰਾਉਣ ਗਏ ਸੀ ਕਹਿੰਦੇ।
ਇੱਜ਼ਤ ਕਰਦੇ ਆਂ ਮਦਰ ਟੈਰੇਸਾ ਹੋਣਾਂ ਦੀ, ਸਮਾਜ ਸੇਵਿਕਾਂ ਸੀ , ਪਰ ਵਿਚਾਰਾ ਭਗਤ ਪੂਰਨ ਸਿੰਘ ਕਿਹੜਾ ਪਿੰਗਲਵਾੜੇ 'ਚ ਮੁਜ਼ਰਾ ਕਰਾਉਂਦਾ ਸੀ, ਲੰਗੇ ਲੂਲਿਆਂ ਦੀ ਅਣਥੱਕ ਸੇਵਾ ਕਰੀ ਸੀ ਉਹਨ੍ਹਾਂ ਨੇ , ਪੂਰਨ ਸਿੰਘ ਦਾ ਤਾਂ ਕਦੇ ਮੀਡੀਏ ਨੇ ਜ਼ਿਕਰ ਈ ਨੀਂ ਕਰਿਆ।
ਜਦੋਂ ਐਹੇ ਜੇ ਵਿਤਕਰੇ ਹੁੰਦੇ ਆ ਓਦੋਂ ਜਸਵੰਤ ਸਿੰਘ ਕੰਵਲ ਹੋਣੀਂ ਹਸਾਬ ਕਤਾਬ ਲਾਕੇ ਦੱਸਦੇ ਆ ਬੀ ਛੋਟੇਆ 123 ਫਾਂਸੀਆਂ 'ਚੋਂ 92 ਪੰਜਾਬੀਆਂ ਦੇ ਗਲ ਪਈਆਂ ਸੀ
ਸਦਕੇ ਜਾਈਏ ਸ਼ਹੀਦਾਂ ਨੂੰ ਜੰਮਣ ਆਲ਼ੀਆਂ ਦੇ ਪਤਾ ਨੀਂ ਕਿਹੜੀ ਮਿੱਟੀ ਦੀਆਂ ਬਣੀਆਂ ਸੀ,
ਐਥੇ ਕਿਤੇ ਘਰੋਂ ਬਾਹਰ ਗਏ ਲੇਟ ਹੋਜੀਏ ਮਾਤਾ ਦਾ ਚਾਰ ਆਰੀ ਫੂਨ ਆ ਜਾਂਦਾ, "ਪੁੱਤ ਟੈਮ ਨਾ ਘਰੇ ਆਜਾ , ਜ਼ਮਾਨਾ ਮਾੜਾ "..ਘੁੱਦਾ
------------------------------------------------------------------------------------------------------------

ਐਤਬਾਰ ਦਾ ਦਿਨ ਸੀ ਭਰਾਵਾ, ਮਿਰਜ਼ੇ ਦੀ ਮਸ਼ੂਕ ਸਾਹਿਬਾ ਦਾ ਪਿਓ ਕਹਿੰਦਾ ਜਰ ਸਿਰ 'ਚ ਖੁਰਕ ਜੀ ਹੋਈ ਜਾਂਦੀ ਆ
ਚਲ ਕੇਸੀ ਨੌਂਹਣੇ ਆ
ਸਾਹਿਬਾ ਦੇ ਪਿਓ ਨੇ ਸਾਹਿਬਾ ਨੂੰ ਦਸਾਂ ਦਾ ਨੋਟ ਦੇਤਾ ਨਾਲੇ ਕਹਿੰਦਾ ਜਾ ਨਿੱਕੀਏ ਬਾਣੀਏ ਦੀ ਹੱਟ ਤੋਂ ਸ਼ੈਪੂ ਲਿਆ ਫੜ੍ਹਕੇ
ਸਾਹਿਬਾ ਸੋਹਣੀ ਤਾਂ ਬਾਹਲੀ ਸੀ , ਰੰਗ ਰੂਪ, ਲੰਮੀ ਗੁੱਤ ਮਖਾ ਜਰ ਬਸ ਪੁੱਛ ਨਾ
ਐਕਟਿਵਾ ਖਿੱਚਤੀ ਬਾਣੀਏ ਦੀ ਹੱਟ ਨੂੰ
ਜਾਵੜੀ ਭਰਾਵਾ ਹੱਟ ਤੇ
ਬਾਣੀਏ ਨੂੰ ਕਹਿੰਦੀ , "ਬਾਈ ਹੋਅਅ SUNSILK ਜੇ ਸ਼ੈਪੂ ਆਲੀਆਂ ਪੁੜੀਆਂ ਦੇਦੇ"
ਸਾਹਿਬਾ ਦੇ ਵੀ ਕੱਦੂਰੰਗਾ ਜਾ ਸੂਟ ਪਾਇਆ ਵਾ ਸੀ ਭੀੜੇ ਪਹੁੰਚਿਆਂ ਆਲਾ, ਹੀਲ ਆਲੇ ਸੈਂਡਲ ਜੇ ਪੂਰੀ ਕੈਮ ਲੱਗੇ ਭਰਾਵਾ
ਬਾਣੀਏ ਦੀ ਅੱਖ ਬਦਲਗੀ ਤੇ ਕੰਜਦੇ ਨੇ ਭੁਲੇਖੇ ਨਾ ਲਕਸ ਸ਼ੈਪੂ ਦੀਆ ਪੁੜੀਆਂ ਫੜਾਤੀਆਂ
ਸਾਹਿਬਾ ਨੂੰ ਹਰਖ ਚੜ੍ਹ ਗਿਆ ਬੀ ਆਹ ਕਿ ਮੰਗਿਆ ਸਨਸਿਲਕ ਦੇਤਾ ਲਕਸ ਫਿਰ ਸਾਹਿਬਾ ਨੇ ਬਾਣੀਏ ਨੂੰ ਏਹ ਕਹਿ ਕੇ ਸੰਬੋਧਨ ਕੀਤਾ, "ਕਿਮੇਂ ਨਿੱਕਿਆ ਯੱਬਲ ਆ ਮੈਂ ਪਹਿਲਾਂ ਤੇਲ ਦੀ ਥਾਂ ਸ਼ਹਿਦ ਦੇਤਾ ਸੀ ,
ਤੇ ਐਂਰਕੀਂ ਸਨਸਿਲਕ ਦੀ ਥਾਂ ਲਕਸ"
"ਜਾਗੋ ਗ੍ਰਾਹਕ ਜਾਗੋ"..ਘੁੱਦਾ
------------------------------------------------------------------------------------------------------------


ਇਤਿਹਾਸ ਵਾਹਵਾ ਗੱਲਾਂ ਦੱਸਦਾ। ਸੁਨਣ 'ਚ ਤਾਂ ਲੱਗਦਾ ਬੀ ਗੱਲ ਨੌਰਮਲ ਜੀ ਆ ਕੋਈ ਖਾਸ ਨੀਂ।
ਪਰ ਹੁੰਦੀ ਬਹੁਤ ਖਾਸ ਆ। ਦੱਸਣ ਆਲੇ ਦੱਸਦੇ ਨੇ ਕਿ ਗੁਰਦਾਸ ਨੰਗਲ ਦੀ ਗੜ੍ਹੀ 'ਚੋਂ ਬੰਦਾ ਸਿੰਘ ਬਹਾਦਰ ਹੋਣੀਂ ਗ੍ਰਿਫਤਾਰ ਕਰਲੇ।
ਵਿਰੋਧੀਆਂ ਨੂੰ ਏਹ ਲੱਗਦਾ ਸੀ ਬੀ ਬੰਦਾ ਸਿੰਘ 'ਚ ਕੋਈ ਗੈਬੀ ਸ਼ਕਤੀ ਆ ਏਹੇ ਕਿਸੇ ਵੀ ਜਾਨਵਰ ਦਾ ਰੂਪ ਧਾਰ ਲੈਂਦਾ। ਬੇੜੀਆਂ ਪਾਕੇ, ਪਿੰਜਰੇ 'ਚ ਕੈਦ ਕਰਕੇ ਪਿੰਜਰਾ ਹਾਥੀ ਤੇ ਧਰਕੇ ਬੰਦਾ ਸਿੰਘ ਨੂੰ ਦਿੱਲੀ ਬੰਨੀ ਲੈਗੇ ਅਗਲੇ।
ਨਾਲ ਜੇਹੜੇ ਸਿੰਘ ਗ੍ਰਿਫਤਾਰ ਕਰੇ ਸੀ ਉਹਨ੍ਹਾਂ ਨੂੰ ਭੇਡਾਂ ਦੀਆਂ ਖੱਲਾਂ ਪਾਕੇ ਮਨੋਂ ਜਲੂਸ ਦੀ ਸ਼ਕਲ 'ਚ ਨਾਲ ਲੈਕੇ ਗਏ।
ਦਿੱਲੀ 'ਚ ਇੱਕ ਥਾਂ ਸਟੇਜ ਬਣਾਲੀ। ਹਰ ਰੋਜ਼ ਇੱਕ ਸੌ ਸਿੱਖਾਂ ਦਾ ਕਤਲ ਹੋਇਆ ਕਰੇ। ਲੋਕ ਹੁੰਮ ਹੁਮਾਂ ਕੇ ਆਹ ਨਜ਼ਾਰਾ ਵੇਖਣ ਆਇਆ ਕਰਨ।
ਹਰੇਕ ਸਿੱਖ ਨੂੰ ਪੁੱਛਿਆ ਕਰਨ ਕਿਮੇਂ ਪਰਧਾਨ ਜੇ ਬਚਣਾ ਤਾਂ ਧਰਮ ਬਦਲ ਲਾ।
ਪਰ ਕਿੱਥੇ
ਇੱਕ ਮਾਂ ਦਾ ਇਕਲੌਤਾ ਪੁੱਤ ਵੀ ਸੀਗਾ ਏਹਨਾਂ 'ਚ। ਮਾਂ ਰਾਜੇ ਕੋਲ ਪਹੁੰਚਗੀ , ਜਾਕੇ ਕਹਿੰਦੀ ਜੀ ਮੇਰਾ ਪੁੱਤ ਸਿੱਖ ਨੀਂ ਹੈਗਾ. ਮੁਸਲਮਾਨ ਈ ਆ।
ਬਾਈ ਬਣਕੇ ਮੇਰੇ ਪੁੱਤ ਨੂੰ ਨਾ ਮਾਰਿਓ ।
ਕਹਿੰਦੇ ਜਾ ਮਾਤਾ ਆਵਦੇ ਪੁੱਤ ਨੂੰ ਬੁਲਾ ਜੇ ਸਾਡੇ ਬੰਨੀਂ ਦਾ ਹੋਜੇ ਹੁਣੇ ਛੱਡ ਦਿੰਨੇ ਆਂ।
ਮਰਨ ਖਾਤਰ ਕਤਾਰ 'ਚ ਲੱਗਾ ਖੜਾ ਸੀ ਚੋਬਰ। ਮਾਤਾ ਕਹਿੰਦੀ ਆਹ ਮੇਰਾ ਪੁੱਤ ਆ ਛੱਡਦੋ।
ਅੱਗੋਂ ਗੱਭਰੂ ਬੋਲਿਆ
ਕਹਿੰਦਾ ਜਨਾਬ ਆਹ ਜ਼ਨਾਨੀ ਨੂੰ ਮੈਂ ਜਾਣਦਾ ਈ ਨੀਂ
ਮੌਤ ਜਮਾਂ ਸਿਰ ਤੇ ਸੀ , ਫਿਰ ਵੀ ਮੁੱਕਰ ਗਿਆ ਮਾਤਾ ਸਾਹਮਣੇ
ਰਾਜੇ ਦੇ ਬੁੱਲਾਂ ਤੇ ਸਿਕਰੀ ਜੰਮਗੀ ਬੀ ਆਹ ਕਿੱਥੋਂ ਮੁੱਕ ਜਾਣਗੇ
ਏਹਨਾਂ ਨੂੰ ਕਲਗੀਆਂ ਆਲਾ ਵਿਸਾਖੀ ਵੇਲੇ ਪਤਾ ਨੀਂ ਕੀ ਘੋਲ ਕੇ ਪਿਆ ਗਿਆ ਸੀ ਹਰੇਕ ਆਖਿਆ ਕਰੇ
"ਨਾ ਬਾਈ ਸਿਰ ਵੱਢ ਹੁੰਦਾ ਤਾਂ ਵੱਢਲਾ ਪਰ ਏਹੇ ਝੁਕਦਾ ਨੀਂ"
------------------------------------------------------------------------------------------------------------


ਆਹੀ ਸਾਡੇ ਆਲਾ ਨਿੱਕਾ ਗਰਨੈਬ ਵਾਹਵਾ ਨਿੱਕਾ ਸੀ ਮਲਬ ਬੀ ਮੇਰੀ ਕੱਛ ਜੀ 'ਚ ਆਇਆ ਕਰੇ।
ਤਾਏ ਅਰਗੇ ਸੰਦੇਹਾਂ ਨੀਰੇ ਪੱਠੇ ਨੂੰ ਖੇਤ ਜਾਵੜਿਆ ਕਰਨ ਏਹਨੂੰ ਆਖਿਆ ਕਰਨ ਬੀ ਨਿੱਕਿਆ ਬਲਦ ਜੋੜ ਕੇ ਰੋਟੀ ਦੇ ਟੈਮ ਨੂੰ ਖੇਤ ਆਜੀ ਗੱਡੀ ਲੈਕੇ।
ਏਹਨੂੰ ਚਾਅ ਹੁੰਦਾ ਸੀ ਵਾਹਵਾ । ਕੇਰਾਂ ਜੇ ਭਰਾਵਾ ਕੀ ਹੋਇਆ ਨਾ, ਸੜਕ ਤੇ ਬਲਦ ਆਲੀ ਗੱਡੀ ਲਈ ਜਾਵੇ ਏਹੇ ਉਹਵੀ ਸੱਜੇ ਪਾਸੇ ।
ਕਾਰਾਂ ਜੀਪਾਂ ਆਲੇ ਅੱਗੋਂ ਠਿੱਠ ਹੋਜਿਆ ਕਰਨ ਏਹ ਕੇਹੜਾ ਸੈਡ ਦੇਵੇ ਕਿਸੇ ਨੂੰ।
ਬਿੰਦੇ ਝੱਟੇ ਬਲਦ ਨੂੰ ਹੋ - ਹੋ ਜੇ ਕਰਕੇ ਨਲ਼ੀ ਪੂੰਝ ਲਿਆ ਕਰੇ।
ਸਾਹਮਣਿਓਂ ਕਾਰ ਤੇ ਇੱਕ ਲਾਲਾ ਜਾ ਆਵੇ ਭਰਾਵਾ ਦੇ ਹਾਰਨ ਤੇ ਹਾਰਨ ।
ਏਹ ਪਹਿਲੇ ਦਿਨੋਂ ਈ ਹਿੰਡੀ ਆ ਬਾਹਲਾ
ਏਹਤਾ ਟੀਂਡਰ ਗਿਆ , ਸੈਡ ਨਾ ਦੇਵੇ , ਨਾਲੇ ਏਹੇ ਗਲਤ ਸੈਡ ਸੀਗਾ।
ਲਾਲਾ ਕਹਿੰਦਾ ਕਿਮੇਂ ਨਿੱਕਿਆ ਬਲਦ ਜਾ ਖੱਬੇ ਪਾਸੇ ਨੀਂ ਕਰੀਦਾ ਕੋਈ ਕਾਨੂੰਨ ਕਨਾਨ ਵੀ ਹੁੰਦਾ ਸੜਕਾਂ ਦਾ।
ਨਿੱਕਾ ਬੋਲਦਾ ਕਹਿੰਦਾ , "ਬਾਈ ਚੱਜ ਨਾ ਦੇਖਲਾ ਤੇਰਾ ਫੁੱਫੜ ਬਲਦ ਅਮਰੀਕੀ ਆ ਏਧਰਲੇ ਕਨੂੰਨਾਂ ਦੀ ਢੂਈ ਨੀਂ ਮਾਰਦਾ"
ਲਾਲੇ ਨੇ ਚੁੱਪ ਕਰਕੇ ਕਾਰ ਪੈਲੇ ਪਾਸੇ ਦੀ ਕਰਲੀ ਬੈਕ ਸੀਸਾ ਵੀ ਨੀਂ ਵੇਖਿਆ
------------------------------------------------------------------------------------------------------------


ਕਦੋਂ ਲਿੱਬੜੇ ਪੋਤੜੇ ਤੇ ਕਦੋਂ ਚੜ੍ਹੀ ਜਵਾਨੀ
ਤੇ ਕਦੋ ਦਾਹੜੀ ਵਿੱਚ ਚਿੱਟੇ ਆਉਣ ਲੱਗੇ
ਲਾਲੀ ਗਵਾਚ ਗਈ ਝੁਰੜੀਆਂ ਹੇਠ ਆਕੇ
ਭਾਰੇ ਭਰਵੱਟੇ ਵੀ ਉਮਰ ਦਰਸਾਉਣ ਲੱਗੇ
ਸ਼ੀਸ਼ਾ ਐਨਕ ਦਾ ਹੁੰਦਾ ਗਿਆ ਹੋਰ ਮੋਟਾ
"ਮੱਤ ਮਰਗੀ" ਕਹਿ ਖਿੱਲੀ ਉਡਾਉਣ ਲੱਗੇ
ਕੱਲ੍ਹ ਝੋਲੀ 'ਚ ਪੈ ਸੀ ਅਸੀਂ ਦੁੱਧ ਚੁੰਘਿਆ
ਅੱਜ ਲੋਕੀਂ "ਬਾਬਾ" ਆਖ ਬੁਲਾਉਣ ਲੱਗੇ
ਦੇ ਮੋਢਾ ਸਿਵਿਆਂ ਤੀਕਰ ਫੇਰ ਛੱਡ ਆਏ
ਤੇ ਦਿਨ ਦਸਮੇਂ ਖੀਰ ਵਰਤਾਉਣ ਲੱਗੇ
ਬੁੜ੍ਹਾ ਮਰ ਗਿਆ ਤਰਸਦਾ ਪਾਣੀ ਨੂੰ
ਤੇ ਮੁੰਡੇ ਭੋਗ ਤੇ ਜਲੇਬ ਪਕਾਉਣ ਲੱਗੇ....ਘੁੱਦਾ
------------------------------------------------------------------------------------------------------------

ਕੇਰਾਂ ਜੇ ਇੱਕ ਖਾਸਾ ਕੈਮ ਪੰਜਾਬੀ ਗੀਤ ਆਇਆ ਸੀ
"ਸ਼ੇਰਾ ਜਿਹੇ ਪੁੱਤ ਸੀ ਜਲਾਤੇ ਜਦੋਂ ਮਾਵਾਂ ਦੇ ਤੂੰ ਓਦੋਂ ਰੱਬਾ ਕਿੱਥੇ ਸੀ"
ਮਲਬ ਬੀ ਐਂਰਕੀ ਸਿੱਧਾ ਰੱਬ ਦਾ ਗਲਮਾਂ ਫੜ ਲਿਆ ਹਾਂ ਬਾਈ ਹੁਣ ਕੀ ਧਾਰ ਕਢਾਉਣੀ ਆ ਤੈਥੋਂ ਜਦੋਂ ਡਰੈਗਟ ਘਰੋਂ ਕੱਢ ਕੱਢ ਸ਼ਰੇਆਮ ਮਾਵਾਂ ਸਾਹਮਣੇ ਜਵਾਨ ਪੁੱਤ ਮਾਰੇ ਸੀ ਓਦੋਂ ਕੀ ਤੂੰ ਨਾਨਕੀਸ਼ੱਕ ਭਰਨ ਗਿਆ ਸੀ?
ਗੱਲ ਵੀ ਠੀਕ ਆ, ਰੱਬ ਰੁੱਬ ਦੇ ਵੱਸ ਕੁਸ ਨੀਂ ਰਿਹਾ ਹੁਣ।
ਜੇਹੜੇ ਪਾਇਲਟ ਨੇ ਜਪਾਨ ਦੇ ਸ਼ਹਿਰਾਂ ਨਾਗਾਸਾਕੀ ਤੇ ਹੀਰੋਸ਼ੀਮਾ ਤੇ ਪਰਮਾਣੂ ਬੰਬ ਸਿੱਟੇ ਸੀ ਕੇਰਾਂ ਜੇ ਉਹ ਬੰਦੇ ਦੇ ਲਿਖੇ ਲੇਖ ਛਪੇ ਸੀ।
ਕਹਿੰਦਾ ਮੈਂ ਜ਼ਹਾਜ਼ ਲੈਕੇ ਏਹਨਾਂ ਸ਼ਹਿਰਾਂ ਤੇ ਉੱਡਦਾ ਰਿਹਾ, ਮੈਨੂੰ ਵਾਰੀ ਵਾਰੀ ਕੰਟਰੋਲ ਰੂਮ ਤੋਂ ਹੁਕਮ ਹੁੰਦੇ ਰਹੇ ਬੀ ਬੰਬ ਸਿੱਟਦੇ ਪਰਧਾਨ।
ਕਹਿੰਦਾ ਮੇਰਾ ਚਿੱਤ ਨੀਂ ਕਰਦਾ ਸੀ ਬੰਬ ਸਿੱਟਣ ਨੂੰ, ਮੈਂ ਜਾਣਕੇ ਵੱਧ ਟੈਮ ਲਾਈ ਜਾਂਦਾ ਸੀ ਬੀ ਖੌਣੀ ਕੰਟਰੋਲ ਰੂਮ ਆਪਣਾ ਇਰਾਦਾ ਬਦਲ ਲਏ।
ਪਰ ਕਹਿੰਦਾ ਮੈਂ ਵੀ ਤਨਖਾਹੀਆ ਸੀ ਸਰਕਾਰ ਦਾ ਹਾਣੀਸਾਰ ਨੂੰ ਕਹਿੰਦਾ ਮੈਂ ਬੱਦਲਾਂ ਦੀ ਚੀਥ ਵਿੱਚਦੀ ਸ਼ਹਿਰ ਵੇਖਿਆ ਤੇ ਬੜਾ ਕਰੜਾ ਜ਼ੇਰਾ ਕਰਕੇ ਵਾਰੀ ਵਾਰੀ ਬੰਬ ਸਿੱਟਤੇ। ਬਸ ਮੈਨੂੰ ਧੂੰਏਂ ਦਾ ਉੱਡਦਾ ਵੱਡਾ ਗੋਲਾ ਦਿੱਸਿਆ ਤੇ ਮੈਂ ਆਵਦੇ ਦੇਸ਼ ਵਾਪਸ ਉੱਡ ਗਿਆ।
ਹੁਣ ਉੱਥੇ ਦੱਸੋ ਰੱਬ ਕੀ ਮੋਂਦਾ ਲਾ ਦੇਂਦਾ।
ਓਦੋਂ ਲੱਖਾਂ ਬਿਨ੍ਹਾਂ ਕਸੂਰੋਂ ਮਾਰਤੇ ਤੇ ਕਰੋੜਾਂ ਅਣਜੰਮਿਆ ਦਾ ਭਵਿੱਖ ਯੱਬ ਕੇ ਰੱਖਤਾ।
ਅਸਲ 'ਚ ਜਿੰਨੀ ਦੁਨੀਆਂ ਤੇ ਤਰਥੱਲੀ ਮੱਚਦੀ ਆ ਏਹਦਾ ਕਾਰਨ ਈ ਰੱਬ ਆ।
ਜਦੋਂ ਐਹੋ ਜੀਆਂ ਤਬਾਹੀਆਂ ਮੱਚਦੀਆਂ ਰੱਬ ਕੰਨਾਂ 'ਚ ਹੈੱਡਫੂਨ ਲਾਕੇ ਬੰਬਲਾਂ ਆਲਾ ਖੇਸ ਤਾਣ ਕੇ ਏਹ ਕਹਿਕੇ ਸੌਂ ਜਾਂਦਾ
"ਭੈਣ ਮਰਾਵੇ ਜੰਤਾ"....ਘੁੱਦਾ
------------------------------------------------------------------------------------------------------------

ਪਹਿਲੋ ਪਹਿਲ ਸਕੂਲਾਂ 'ਚ ਕੁਇਜ਼ ਮੁਕਾਬਲੇ ਜੇ ਬਾਹਲੇ ਹੋਇਆ ਕਰਨ
ਹੁਣ ਤਾਂ ਖੈਰ ਰਵਾਜ਼ ਜਾ ਹੱਟਦਾ ਜਾਂਦਾ ਏਹੇ
ਨਿੱਕਾ ਗਰਨੈਬ ਓਦੋਂ ਬੱਲੂਆਣੇ ਦਿੱਲੀ ਮੀਡੀਅਮ ਆਲੇ ਸਕੂਲ 'ਚ ਪੜ੍ਹਿਆ ਕਰੇ
ਬਠਿੰਡੇ ਗੁਰੂ ਨਾਨਕ ਸਕੂਲ 'ਚ ਆਹੀ ਮੁਕਾਬਲਾ ਕਰਾਤਾ ਮੁਲਖ ਦਾ।
ਬੱਲੂਆਣੇ ਸਕੂਲ ਆਲੇ ਨਿੱਕੇ ਨੂੰ ਲੈਗੇ ਬੀ ਪੜ੍ਹਾਈ 'ਚ ਤਾਂ ਖੈਸਰਲਾ ਈ ਆ ਪਰ ਦੁਨੀਆਦਾਰੀ ਦੀਆਂ ਗੱਲਾਂ 'ਚ ਤੇਜ਼ ਆ ਲਿੱਬੜਿਆ ਜਾ।
ਹੋਰ ਸਕੂਲਾਂ ਦੇ ਨਾਹਤੇ ਧੋਤੇ ਜਵਾਕ, ਟਾਈਆਂ ਟੂਈਆਂ, ਜੇਬਾਂ 'ਚ ਰਮਾਲ ਬੁਰੇ ਹਾਲ ਬਾਹਲੇ ਸੋਹਣੇ ਲੱਗਣ ਜਰ
ਏਹਦੇ ਲੀਲੀ ਜੀ ਬੁਲਸ਼ਟ , ਸੈਂਡਲਾਂ ਹੇਠ ਦੀ ਦੋ ਭਾਂਤੀਆਂ ਜਰਾਬਾਂ, ਜੂੜੇ ਤੇ ਰਮਾਲ ਭਰਾਵਾ , ਜੂੜਾ ਘੁੱਟ ਕੇ ਕਰਿਆ ਸੀ ਰੁਮਾਲ ਇੱਚਦੀ ਤੇਲ ਸਿੰਮੀ ਜਾਵੇ
ਏ, ਬੀ ਟੀਮਾਂ ਬਣਾਤੀਆਂ , ਪੈਲੇ ਪਾਸੇ ਏਹਨੂੰ ਬਾਹਤਾ ਡੈੱਸਕ ਜੇ ਤੇ ਮੈਕ 'ਚ ਬੋਲਤਾ ਬੀ ਗਰਨੈਬ ਸਿੰਘ "ਸੀ" ਟੀਮ ਮੇਂ ਹੈ।
ਪਹਿਲਾ ਸਵਾਲ ਈ ਕਰਤਾ ਅਗਲਿਆਂ ਨੇ ਕਹਿੰਦੇ "ਖੁਸ਼ਕੁਸ਼ੀ" ਕੀ ਹੁੰਦੀ ਆ?
ਏ., ਬੀ ਟੀਮਾਂ ਆਲ਼ੇ ਮੈਥ ਕਮੈਸਟਰੀਆਂ ਆਲ਼ੇ ਜਵਾਕ ਚੁੱਪ ਬੀ ਆਹਕੀ
ਏਹਦੇ 'ਚ ਸਮਾਜਕ ਸਿੱਖਿਆ ਕੁੱਟ ਕੁੱਟ ਕੇ ਭਰੀ ਵਈ ਸੀ । ਪਹਿਲਾਂ ਈ ਬੋਲ ਪਿਆ ਕਹਿੰਦਾ ਮੈਂ ਦੱਸਦਾਂ ਜੀ।
ਹਿੰਦੀ ਜੇ ਆਲੇ ਮਾਸਟਰ ਕਰਨ ,"ਬੱਚੇ ਕਾ ਕੌਨਫੀਡੈਂਸ ਤੋ ਦੇਖੋ ਕਮਾਲ ਕਾ ਹੈ"
ਮੈਕ ਫੜ੍ਹਾਤਾ ਏਹਨੂੰ ਕਹਿੰਦੇ "ਬੋਲੀਏ ਬੇਟਾ"
ਚੱਲ ਪਿਆ ਭਰਾਵਾ ਏਹਤਾ , ਕਹਿੰਦਾ " ਜੀ ਖੁਦਕੁਸ਼ੀ ਬੁਜ਼ਦਿਲੋਂ ਕਾ ਕਾਮ ਹੈ, ਘਟੀਆ ਕਿਸਮ ਕੇ ਲੋਗ ਖੁਦਕੁਸ਼ੀ ਕਰਤੇ ਹੈਂ, ਇਸਸੇ ਆਰਥਿਕ ਔਰ ਮਾਨਸਿਕ ਨੁਕਸਾਨ ਹੋਤਾ ਹੈ, ਸਮਾਜ ਮੇਂ ਨਾਕ ਕਟ ਜਾਤੀ ਹੈ,
ਮੁੜਕੇ ਕਹਿੰਦਾ , "ਖੁਦਕੁਸ਼ੀ ਸੇ ਤੋ ਬਿਹਤਰ ਹੈ ਆਦਮੀ ਆਤਮ-ਹੱਤਿਆ ਹੀ ਕਰਲੇ"
ਸਣੇ ਜੱਜ ਜੁੱਜ ਬੱਖੀਆਂ ਫੜ੍ਹਕੇ ਲਿਟਦੇ ਫਿਰਨ,
ਮਾਸਟਰ ਨੇ ਬੋਕ ਅੰਗੂ ਢਾਹ ਲਿਆ ਕਹਿੰਦਾ ਭੈਣਦੇ ਜਰਨਲ ਨੌਲਜਾਂ ਈ ਯਾਹਵੇ



------------------------------------------------------------------------------------------------------------


ਦੇਬੀ ਅਰਗੇ ਸਿਰਾ ਬੰਦੇ ਵੀ ਗਲਤ ਸਿੱਧ ਕਰਤੇ
ਧਰਮਪ੍ਰੀਤ ਤੇ ਦਵੇਂਦਰ ਕੋਹੇਨੂਰ ਅਰਗਿਆ ਨੇ ਬਹੁਤ ਸੈਡ ਰਕਾਟ ਗਾਤੇ
ਵਿਆਹੀਆਂ ਵਰੀਆਂ ਕੁੜੀਆਂ ਨੂੰ ਗੀਤਾਂ ਰਾਹੀ ਲਾਂਮੇ ਦੇ ਦੇ ਮਾਰਤਾ
ਜਾਂ ਕੈਂਹਦੇ ਸੀ ਬੀ ਜਦੋਂ ਦੀ ਤੂੰ ਛੱਡਗੀ ਬੋਤਲ ਨਾ ਯਾਰੀ ਲਾਗੀ
ਤੇਰੀ ਯਾਦ ਆਉਂਦੀ ਆਂ,ਤਾਰੇ ਗਿਣੀਦੇ ਆ ਫਲ਼ਾਣ ਧਿਔਂਕ
ਮਖਾ ਜੰਤਾ ਦੇ ਧਰਨ ਪਾਤੀ ਸੈਡ ਸੌਂਗ ਗਾ ਗਾ ਕੇ

ਇੱਕ ਨਮਾਂ ਗੈਕਾਰ ਉੱਠਿਆ ਕੱਲ੍ਹ ਈ ਸੁਣਿਆ ਗੀਤ
ਕਹਿੰਦਾ
"ਸੱਚ ਜਾਣੀ ਆਗਿਆ ਸਵਾਦ ਨੀਂ ਸਾਨੂੰ ਤੈਥੋਂ ਸੋਹਣੀ ਹੋਰ ਲੱਭ ਗਈ
ਤੇਰੀ ਨਹੀਓਂ ਔਦੀਂ ਭੋਰਾ ਯਾਦ ਤੈਥੋਂ ਸੋਹਣੀ ਹੋਰ ਲ਼ੱਭਗੀ"
ਜਮੀਂ ਸੀਰੀਅਸ ਨੀਂ ਲਿਆ ਪਤੰਦਰ ਨੇ ਕਹਿੰਦਾ ਹਿੱਕ ਤੇ ਤੱਕਲਾ ਗੱਡਤਾ ਕੈਂਹਦਾ ਨਮੀਂ ਤਾਂ ਤੈਥੋਂ ਵੀ ਕੈਮ ਆ
ਪੱਟੂ ਨੇ ਸਿਰਾ ਈ ਲਾਤਾ...ਘੁੱਦਾ
------------------------------------------------------------------------------------------------------------

ਹੁਣ ਤਾਂ ਖੈਰ ਗੱਲਾਂ ਆਉਣ ਲਾਗੀਆਂ ਏਹਨੂੰ
ਨਿੱਕੇ ਗਰਨੈਬ ਦੀ ਗੱਲ ਆ ਭਰਾਵਾ। ਛੋਟਾ ਜਾ ਹੁੰਦਾ ਸੀ ਏਹੇ ।
ਏਹਨੂੰ ਭਰਾਵਾ ਟੈਮਪੀਸ ਤੋਂ ਟੈਮ ਨਾ ਦੇਖਣਾ ਆਇਆ ਕਰੇ।
ਤਾਏ ਅਰਗੇ ਜਾਣਕੇ ਠਿੱਠ ਕਰਿਆ ਕਰਨ ਏਹਨੂੰ । ਜਦੋਂ ਬਾਹਰ ਅੰਦਰ ਕੰਮ ਕਰਦੇ ਹੁੰਦੇ ਤਾਂ ਏਹਨੂੰ
ਆਖਿਆ ਕਰਨ ਜਾ ਨਿੱਕਿਆ ਭੱਜਕੇ ਟੈਮ ਵੇਖ ਕੇ ਆ।
ਇਹ ਆਕੇ ਤਾਏ ਅਰਗਿਆਂ ਨੂੰ ਟੈਮ ਐਸ ਲੋਟ ਦੱਸਿਆ ਕਰੇ
"ਤਾਇਆ ਬੱਡੀ ਸੂਈ ਪਾਂਜੇ ਤੇ ਛੀਕੇ ਦੇ ਵਚਾਲੇ ਆ ਤੇ ਨਿੱਕੀ ਦੂਏ ਤੇ"..ਘੁੱਦਾ
------------------------------------------------------------------------------------------------------------

ਦੂਧ ਕੀ ਅਨਰਜ਼ੀ ਔਰ ਗੇਹੂੰ ਕੇ ਤੱਤੋਂ ਸੇ
ਭਰਭੂਰ ਪਾਂਚ ਰੁਪਏ ਕਾ ਛੋਟਾ ਪਾਰਲੇ ਜੀ
ਦੁਨੀਆਂ ਕਾ ਸਬਸੇ ਜਿਆਦਾ ਬਿਕਨੇ ਵਾਲਾ ਬਿਸਕਿਟ

ਟਾਹਲੀ ਦੇ ਦਸਤੇ ਆਲੀ ਕਹੀ ਕੰਧੋਲੀ ਕੋਲ ਰੱਖ
ਕੌਲੇ ਨਾ ਮਾਰਕੇ
ਜੋੜਿਆਂ 'ਚੋਂ ਤੂੜੀ ਝਾੜਦਾ
ਸਿਰੋਂ ਮੂਕਾ ਲਾਹ ਹੱਥ ਮੂੰਹ ਪੂੰਝ
ਸੱਤ ਰੋਟੀਆਂ ਨੂੰ ਗਪਲ ਗਪਲ ਚਿੱਥ ਕੇ
ਮੁੱਛਾਂ ਆਲੀ ਪੋਣੀ ਨਾ ਪੁਣ
ਦੁੱਧ ਦਾ ਕੌਲਾ ਸੜ੍ਹਾਕ ਕੇ
ਦੂਧ ਔਰ ਗੇਹੂੰ ਕੀ ਧੀ ਭੈਣ ਇੱਕ ਕਰਕੇ
ਮੁਸ਼ਕਰੀਏ ਹੱਸਦਾ
"ਮੱਘਰ ਸਿਹੁੰ" ਮਸ਼ਹੂਰੀ ਕਰਤਾ ਨੂੰ ਏਹ ਕਹਿਕੇ ਸੰਬੋਧਨ ਕਰਦਾ
"ਭੈਣ ਦੇ ਅਨਰਜ਼ੀਆਂ ਈ ਯਹਾਵੇ"...ਘੁੱਦਾ
------------------------------------------------------------------------------------------------------------

ਚੱਲ ਆਪਾਂ ਨੂੰ ਕੀਆ ਅਗਲੀਆਂ ਦੀ ਪਰਾਈਵੇਟ ਲਾਈਫ ਆ।
ਪਰ ਗੱਲ ਕਰੇ ਬਿਨਾਂ ਰਿਹਾ ਨੀਂ ਜਾਂਦਾ ।
ਆਪਣੇ ਆਲੀ ਜੰਤਾ ਆਖੂ ਕੁੜੀਆਂ ਨੂੰ ਬਰਾਬਰ ਦੇ ਹੱਕ ਦੇਤੇ।
ਪਰ ਕੁੜੀ ਦੇ ਜਾਰ ਦਾ ਕਿਸੇ ਕੁੜੀ ਨੂੰ ਫੇਹਬੁੱਕ ਤੇ ਫੋਟੂ ਪਾਉਣ ਦਾ ਹੱਕ ਤਾਂ ਦਿੱਤਾ ਨੀਂ ਹੋਰ ਕੀ ਯੱਕਾ ਧੱਕਣਾ। ਦੇਖਿਆ ਵਚਾਰੀਆਂ ਨਿੱਕੀਆਂ ਮੂੰਹ ਜਾ ਆਸੇ ਪਾਸੇ ਕਰਕੇ ਟੇਢੀ ਜੀ ਫੋਟੋ ਪਾਉਦੀਆਂ ਬੀ ਭੈਣ ਦਾ ਬੀਰ ਕੋਈ ਵੈਵਤ ਨਾ ਕਰਜੇ।
ਨਿਹਾਇਤੀ ਘਟੀਆ ਬੰਦਾ ਕੁੜੀ ਕੱਤਰੀ ਦੀ ਫੋਟੋ ਤੇ ਆਹ ਕਮੈਂਟ ਕਰੂ
"ਲੁਕਿੰਗ ਹੌਟ" "ਮੁਆਆਆ" ਜਾਂ ਹੋਰ ਕੁਸ ਲਿਖਿਆ ਵਾ ਹੁੰਦਾ।
ਹਰਾਨੀ ਹੁੰਦੀ ਆ ਕਈ ਕੁੜੀਆਂ ਏਹੇ ਜੇ ਕਮੈਂਟ ਲਾਈਕ ਕਰਕੇ ਥੈਕਯੂ ਵੀ ਕਰਦੀਆਂ।
ਆਹਾ ਉੱਚੀ ਅੱਡੀ ਆਲ਼ੇ ਸੈਡਲ ਜੇ ਕੱਲੇ ਕੱਦ ਵਧਾਉਣ ਖਾਤਰ ਈ ਕਾਹਨੂੰ ਪਾਏ ਆ , ਮਾਰ ਮਾਰ ਕੇ ਸਿਰ 'ਚ ਮੋਰੀਆਂ ਕਰਦਿਆ ਕਰੋ ਏਹੇ ਜਿਆਂ ਦੇ..ਕੀ ਧਾਰ ਕਢਾਉਣੀ ਆ ਏਹਨਾਂ ਤੋਂ
ਬਾਕੀ ਆਪਾਂ ਥੋਡੇ ਨਾਲ ਈ ਆਂ ....ਘੁੱਦਾ
------------------------------------------------------------------------------------------------------------

ਕਹਿੰਦੇ ਭਾਖੜਾ ਡੈਮ ਦਾ ਪ੍ਰੋਜੈਕਟ ਕੰਮਪਲੀਟ ਹੋਇਆ ਸੀ। ਨਹਿਰੂ ਅਰਗੇ ਉਦਘਾਟਨ ਤੇ ਆਏ ਵਏ ਸੀ ਸਾਰੇ।
ਉਦਘਾਟਨ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਾ ਸੀ। ਬਹੁਤ ਕਲਾਕਾਰ ਪਹੁੰਚੇ ਪਰਫੋਰਮੈਂਸ ਦੇਣ ਖਾਤਰ।
ਨਾਟਕਕਾਰ ਗੁਰਸ਼ਰਨ ਹੋਣੀ ਵੀ ਬਤੌਰ ਇੰਜਨੀਅਰ ਉੱਥੇ ਮੌਜੂਦ ਸੀ।
ਏਹਨਾਂ ਨੇ ਵੱਡੇ ਅਫਸਰ ਨੂੰ ਕਿਹਾ ਬੀ ਆਪਾਂ ਜਿਹੜਾ ਪ੍ਰੋਗਰਾਮ ਪੇਸ਼ ਕਰਨਾ ਪਹਿਲਾਂ ਆਹ ਦਿਹਾੜੀਦਾਰ ਮਜ਼ਦੂਰਾਂ ਨੂੰ ਦਿਖਾਈਏ ਜੇਹਨਾਂ ਨੇ ਡਰੈਗਟ ਮਿਹਨਤ ਕਰੀ ਆ ਹੱਥੀਂ।
ਮੁਸ਼ਕਰੀਏਂ ਹੱਸਕੇ ਅਪਸਰ ਕਹਿੰਦਾ ਏਹਨਾਂ ਨੂੰ ਬੜੀ ਸੂੰਹ ਆ ਕਲਾ ਦੀ । ਰਹਿਣਦੇ ਜਰ ।
ਉਦਘਾਟਨ ਤੋਂ ਅਗਲੇ ਦਿਨ ਗੁਰਸ਼ਰਨ ਹੋਣਾਂ ਨੇ ਬੇਨਤੀ ਕਰਕੇ ਸਾਰੇ ਕਲਾਕਾਰਾਂ ਨੂੰ ਇੱਕ ਦਿਨ ਖਾਤਰ ਰੋਕ ਲਿਆ ਤੇ ਅਗਲੇ ਦਿਨ ਮਜ਼ਦੂਰਾਂ ਖਾਤਰ ਪ੍ਰੋਗਰਾਮ ਪੇਸ਼ ਕਰਿਆ। ਜਦੋਂ ਪ੍ਰੋਗਰਾਮ ਮੁੱਕਿਆ ਤਾਂ ਪੰਡਾਲ 'ਚੋ ਫੰਡ ਕੱਠਾ ਕਰਨ ਖਾਤਰ ਝੋਲੀ ਘੁਮਾਈ ਗਈ ਤਾਂ 1958 'ਚ ਵੀ 1117 ਰੁਪਏ 'ਕੱਠੇ ਹੋਗੇ ਸੀ।
ਮੁੜਕੇ ਅਫਸਰ ਨੂੰ ਜਾਕੇ ਦੱਸਿਆ ਬੀ ਕਲਾ ਦੇ ਅਸਲੀ ਪਾਰਖੂ ਏਹੀ ਨੇ। ਅਫਸਰ ਦੀ ਦੰਦਾਂ ਹੇਠ ਜੀਭ ਆਗੀ ਬੀ ਆਹ ਲਿੱਬੜੇ ਜੇ ਵੀ ਕਲਾ ਬਾਰੇ ਜਾਣਦੇ ਆ

੨... ਪਹਿਲੋਂ ਆਪਣੇ ਪੜ੍ਹਾਈ ਦੇ ਸਰਟੀਫਿਕੇਟਾਂ ਤੇ ਜਵਾਕ ਦੇ ਨੌਂ ਦੇ ਨਾਲ ਸਿਰਫ ਪਿਓ ਦਾ ਨਾਂ ਈ ਲਿਖਿਆ ਜਾਂਦਾ ਸੀ।
ਮੁੜਕੇ ਗੁਰਸ਼ਰਨ ਹੋਣਾਂ ਨੇ ਆਹਾ ਮੁੱਦਾ ਚੱਕਿਆ ਸੀ ਬੀ ਪਿਓ ਕੱਲਾ ਨੀਂ ਜਵਾਕ ਬਣਾਉਂਦਾ।
ਮੰਜੇ ਤੇ ਪੈਕੇ ਜਣੇਪੇ ਦੀਆਂ ਪੀੜਾਂ ਨਾ ਕਿੱਲਕੇ ਮੰਜੇ ਦੀਆਂ ਬਾਹੀਆਂ ਘੁੱਟਕੇ ਫੜ੍ਹਨ ਆਲ਼ੀ ਮਾਂ ਦਾ ਨੌਂ ਵੀ ਸਰਟੀਫਿਕੇਟਾਂ ਤੇ ਲਿਖਣਾ ਲਾਜ਼ਮੀ ਕਰਿਆ ਜਾਵੇ।
ਜੇ ਅੱਜ ਸਰਟੀਫਿਕੇਟਾਂ ਤੇ ਮਾਤਾ ਦਾ ਨੌਂ ਜਵਾਕ ਦੇ ਨਾਲ ਲਿਖਿਆ ਜਾਂਦਾ ਤਾਂ ਏਹੇ ਬਜ਼ੁਰਗ ਗੁਰਸ਼ਰਨ ਸਿੰਘ ਹੋਣਾਂ ਦੀ ਦੇਣ ਆ
ਉਹ ਬਾਬਿਆਂ ਦੀਆਂ ਗੱਲਾਂ ਏਹੇ ਜੇਹੜੇ ਬੁੱਢੇ ਹੋਕੇ ਵੀ ਕਦੇ ਬੁੱਢੇ ਨਹੀਂ ਹੋਏ ਤੇ ਮਰਕੇ ਵੀ ਕਦੇ ਮਰੇ ਨਹੀਂ...ਘੁੱਦਾ
------------------------------------------------------------------------------------------------------------







myntra.com India's largest online fashion stock

i like that's one
ਓਕੇ mam ਆਪਕੇ ਘਰ ਪਹੁੰਚ ਜਾਏਗਾ
ਪਰ ਪੈਸੇ ?
ਡਲਿਵਰੀ ਕੇ ਬਾਅਦ
ਔਰ ਟਰਾਇਲ?
ਘਰ ਪੇ, ਔਰ ਅਗਰ ਪਸੰਦ ਨਹੀਂ ਆਇਆ ਤੋ ਆਪ ਵਾਪਸ ਕਰ ਸਕਤੇ ਹੈਂ
ਓਏ ਰੀਅਲ ਲਾਈਫ ਮੇਂ ਐਸਾ ਹੋਤਾ ਹੈ?
ਨਾਨਾਨਾ
ਸਰ ਆਪਣਾ ਐੱਡਰੈੱਸ ਲਿਖਵਾ ਦੀਜੀਏ

ਪਿੰਡ ਤੇ ਡਾਕ- ਘੁੱਦਾ
ਜਿਲ੍ਹਾ ਵਾ ਤਹਿ- ਬਠਿੰਡਾ,
ਬਲਾਕ ਤੇ ਥਾਣਾ - ਸੰਗਤ ਮੰਡੀ
ਬਠਿੰਡਿਓਂ ਲਹਿੰਦੇ ਬੰਨੀਂ ਨੂੰ ਬੀਹ ਕੁ ਕਿਲੋਮੀਟਰ ਦੂਰ,
ਡੀ.ਟੀ ਰੋਡ ਤੋਂ ਡੂਢ ਕੁ ਕਿੱਲਾ ਹਟਮਾਂ , ਬਾਬੇ ਘੁੱਦੇ ਦੀ ਸਮਾਧ ਕੋਲੇ ਛੱਪੜ ਦੇ ਜਮਾਂ ਨਾਲ ਲਗਦਾ
ਫਿਰਨੀਂ ਤੋਂ ਈ ਦੀਂਹਦਾ ਘਰ
ਕੁੱਤਾ ਬੰਨ੍ਹਿਆ ਹੁੰਦਾ ਜੀ ਫਿਕਰ ਮਤ ਕਰਨਾ

ਸੌਰੀ ਸਰ ਏਸ ਮਾਮਲੇ ਮੇਂ myntra.com ਕੇ ਹਾਥ ਖੜ੍ਹੇ ਹੈਂ
------------------------------------------------------------------------------------------------------------
ਵਿਛੜਨ ਆਲਾ ਆਖਰੀ ਸਮਾਂ, ਮਿਲਣ ਦਾ ਵੀ ਸਮਾਂ ਹੁੰਦਾ
------------------------------------------------------------------------------------------------------------

ਦੁਬਈ 'ਚ ਬੁਰਜ਼ ਟੈਮ ਬਿਲਡਿੰਗ ਬਣੀ ਆ ਐਨੀ ਕ ਉੱਚੀ ਦੱਸਦੇ ਆ ਬੀ ਕਹਿੰਦੇ ਜਮਾਂ ਟੀਸੀ ਲਾਤੀ।
ਮੁੱਕਦੀ ਗੱਲ ਉੱਤਲੀ ਹਵਾ ਤੀਕ ਬਣਾਈ ਆ ।
ਇੱਕ ਪੁਲ ਜਾ ਬਣਾਇਆ ਕਹਿੰਦੇ ਸਮੁੰਦਰ ਓਤੋਂ ਦੀ ਛੱਤੀ ਕਿਲੋਮੀਟਰ ਲੰਮਾ , ਪਤਾ ਨੀਂ ਸਮੂੰਦਰ ਇੱਚਦੀ ਪਿਲਰ ਕਿਮੇਂ ਕੱਢੇ ਹੋਣਗੇ।
ਸੁਨੀਤਾ ਵਿਲੀਅਮਜ਼ ਨੇ ਚੰਨ ਨੂੰ ਈ ਰੋਜ਼ ਗਾਰਡਨ ਬਣਾਤਾ , ਸੈਰਾਂ ਕਰੀ ਜਾਂਦੀ ਆ ਅਗਲੀ।
ਸੱਤ ਸੱਤ ਸੌ ਤੀਕ ਜਾਕੇ ਬੰਦੇਮਾਰ ਮਜ਼ੈਲਾਂ ਬਣਾਤੀਆਂ ਸੈਂਸ ਨੇ। ਜਦੋਂ ਆਪਾਂ ਪੜ੍ਹਦੇ ਸੀ ਓਦੋਂ ਨੌਂ ਗ੍ਰਹਿ ਹੁੰਦੇ ਸੀ , ਹੁਣ ਨੌਂ ਤੋਂ ਵੱਧ

ਗੇ ਹੋਰ ਲੱਭਗੇ ਵਿਗਿਆਨੀਆਂ ਨੂੰ।
ਤੇ ਏਧਰ ਆਪਣੇ ਆਲੀ ਜੰਤਾ ਨਿੱਤ ਨਮੀਂ ਗੱਲ ਸੁਨਣ ਨੂੰ ਮਿਲਦੀ ਆ ਕੇਰਾਂ ਜੇ ਅਫਵਾਹ ਉੱਡੀ ਸੀ ਤੇ ਨਾਨਕੇ ਆਵਦੇ
ਦੋਹਤਿਆਂ ਨੂੰ ਨਾਲੇ ਤਾਂ ਦੁੱਧ ਪਿਆ ਕੇ ਆਇਆ ਕਰਨ ਨਾਲੇ ਤੋਲ਼ੀਏ ਦੇਕੇ ਆਇਆ ਕਰਨ। ਓਦੋਂ ਪਹਿਲਾਂ ਕੇਰਾਂ ਗੱਲ ਓੱਡੀ ਸੀ ਤੇ ਲੋਕੀਂ ਘਰਾਂ ਮੂਹਰੇ ਕਾਲੇ ਰੰਗ ਨਾ ਲਬੇੜਕੇ ਪੰਜੇ ਲਾਉਂਦੇ ਹੁੰਦੇ ਸੀ।
ਹੁਣ ਇੱਕਮੀਂ ਸਦੀ 'ਚ ਏਥੇ ਫੇਰ ਖਬਰ ਓੱਡੀ ਆ ਸਾਡੇ ਬੰਨੀਂ ਕਿਸੇ ਨੇ ਖਬਰ 'ਡਾਈ ਆ ਅਖੇ ਕਿਸੇ ਬੁੜ੍ਹੇ ਦਾ ਸਸਕਾਰ ਹੋਈ ਜਾਂਦਾ ਸੀ ਤੇ ਅੱਧ ਵਿਚਾਲਿਓਂ ਬੁੜ੍ਹਾ ਓੱਠ ਖੜ੍ਹਿਆ । ਜੇ ਉਹ ਬੁੜ੍ਹੇ ਤੋਂ ਬਚਣਾ ਫੇਰ ਘਰਾਂ ਮੂਹਰੇ ਨਿੰਮ ਬੰਨੋ ਸਾਰੇ ਜਣੇ ।
ਸਿਰਾ ਲਾਤਾ ਜੰਤਾ ਨੇ ਨਿੰਮ ਬੰਨ੍ਹੀ ਬੈਠੇ ਆ ...ਕਰੋ ਤਰੱਕੀਆਂ ..ਵਧੋ ਫੁੱਲੋ .....
-------------------------------------------------------------------------------------------------------------
 (ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਆਪਣੇ ਆਲੀ ਜੰਤਾ ਦੇ ਕੁਛ ਖਾਸ ਲੱਛਣ
--ਜੇ ਕਿਸੇ ਦੇ ਸੁਰਮਾ ਪਾਇਆ ਵਾ ਹੋਵੇ ਤਾਂ ਘੜਿਆ ਘੜਾਇਆ ਵਰ੍ਹਿਆ ਪੁਰਾਣਾ ਕਮੈਂਟ
"ਹੱਟ ਪਿੱਛੇ ਪਰਧਾਨ ਅੱਜ ਤਾਂ ਫਿਰ ਬਾਰ 'ਚ ਸੁਰਮੇ ਦਾ ਟਰੱਕ ਪਲਟ ਗਿਆ ਹੈਂ"
----ਜੇ ਕਿਸੇ ਚੀਜ਼ ਦੀ ਓਚਾਈ ਦੀ ਸਿਫਤ ਕਰਨੀ ਹੋਵੇ ਤਾਂ ਇਓਂ ਕਰਦੇ ਆ
"ਹੈਂ ਬਈ ਮੱਘਰਾ ਅੱਜ ਭਰਾਵਾ ਸ਼ੈਹਰ ਟੀਬੀ ਟਾਬਰ ਵੇਖਿਆ ਜਰ ਜਾਣੀਦੀ ਬਾਹਲਾ ਉੱਚਾ ਸੀ ਜਰ ਬਸ ਐਂ ਸਮਝਲਾ ਬੀ ਟਾਬਰ ਦੇਂਹਦਿਆਂ ਪੱਗ ਡਿੱਗਦੀ ਸੀ"
----ਜੇ ਕਿਤੇ ਖੇ

ਤ ਪਾਣੀ ਪੂਣੀ ਲਾਉਂਦਿਆਂ ਨੂੰ ਸੱਪ ਟੱਕਰਜੇ ਥਾਂਏ ਬੜ੍ਹਕਾ ਦੇਂਦੇ ਆ ਫਿਰ ਘਰੇ ਆਕੇ ਸੱਪ ਦੀ ਲੰਬਾਈ ਦੀ ਪ੍ਰਸੰਸਾ ਇਓਂ ਕਰਦੇ ਆ
"ਬੱਲੇ ਬੱਲੇ ਸੱਪ ਸੀ ਭਰਾਵਾ ਮਸਾਂ ਮਾਰਿਆ ਜਰ ਮੈਨੂੰ ਦੀਂਹਦੀ ਡਾਂਗ ਜਿੱਡਾ ਹੋਉ"
ਹੁਣ ਆਹਾ ਡਾਂਗ ਆਲਾ ਪਤਾ ਨੀਂ ਕੇਹੜਾ ਮੀਟਰ ਆ, ਡਾਂਗ ਤਾਂ ਵੱਡੀ ਨਿੱਕੀ ਵੀ ਹੋ ਈ ਸਕਦੀ ਆ
--- -ਸਬਜ਼ੀ ਮੰਡੀ ਜਾਕੇ ਗੰਢਿਆਂ ਦੀ ਬੋਰੀ ਟੋਹ ਕੇ ਪੁੱਛਣਗੇ
"ਹਾਂ ਬਈ ਨਿੱਕਿਆ ਬੋਰੀ ਦਾ ਕੀ ਰੇਟ ਆ"
ਮੁੜ੍ਹਕਾ ਪੂੰਝਦਾ ਦੁਕਾਨਦਾਰ ਖੁਸ਼ ਹੋ ਜਾਂਦਾ ਬੀ ਚੱਲ ਤਕੜਾ ਗਾਹਕ ਆਇਆ ਬੋਰੀ ਆਲਾ
ਬੋਰੀ ਦੇ ਤੋਪੇ ਖੁਲ੍ਹਾ ਕੇ ਗੰਢੇ ਵੇਖਕੇ ਆਖਣਗੇ ,"ਠੀਕ ਆ ਜਰ , ਕਿਲੋ ਕ ਤੋਲਦੇ"
----ਜੇ ਕਿਤੇ ਭੁੱਲ ਭੁਲੇਖੇ ਸ਼ੈਹਰ ਜਾਕੇ ਲੀੜੇ ਕੱਪੜੇ ਆਲ਼ੀ ਦੁਕਾਨ 'ਚ ਵੜ ਜਾਣ ਤਾਂ ਹੋਰ ਸਿਆਪਾ ਪੈਂਦਾ
ਜਿਹੜੇ ਨਕਲੀ ਜੇ ਬੁੱਤਾਂ ਦੇ ਲੀੜੇ ਪਾਕੇ ਖੜ੍ਹਾਏ ਹੁੰਦੇ ਆ ਉਹਨ੍ਹਾਂ ਨੂੰ ਈ ਵੇਖੀਂ ਜਾਣਗੇ ਨਾਲੇ ਕਹਿਣਗੇ
"ਕਮਾਲ ਆ ਜਰ ਬਸ ਬੋਲਦੇ ਨੀਂ ਉਂ ਤਾਂ ਜਮਾਂ ਈ ਬੰਦਿਆਂ ਅਰਗੇ ਆ"
ਬਾਕੀ ਗੱਲਾਂ ਫੇਰ ਦੱਸੂੰਗਾ ਬਾਹਲੀਆਂ ਉਂ ਤਾਂ...ਘੁੱਦਾ

-------------------------------------------------------------------------------------------------------------

 ਭਗਤੇ ਆਲੇ ਅਰਗੇ ਗੀਤਕਾਰ ਬਹੁਤ ਸੁਣਾਤੇ ਰਾਜਪੁਰੇ ਆਲੀ ਨਿੱਕੀ ਨੇ
ਮਾੜਾ ਜਾ ਆਹ ਨਮੂਨਾ ਪੜ੍ਹਿਓ ਜਰਾ
ਬਾਬੇ ਹੋਣੀਂ ਕੀ ਲਿਖਗੇ...ਹੰਸ ਸਿੰਘ ਬਰਾੜ ਮਾਣੀਖੇੜੇ ਆਲ਼ੇ ਬਾਬੂ ਰਜਬ ਅਲੀ ਹੋਣਾਂ ਦੇ ਚੇਲੇ

ਲੋਕ ਗੈਕ ਬਣੇ ਮਸ਼ਟੰਡੇ , ਕੱਦੂ ਵਿੱਚ ਫਸਾਲੇ ਡੰਡੇ
ਟੰਗ ਦੀ ਬਾਂਹ ਤੇ ਬਾਂਹ ਦੀ ਟੰਗ ਹੈ
ਸੁਰ ਤੋਂ ਬਾਹਰ ਪਾੜਦੇ ਸੰਘ ਹੈ ,ਕਹਿਣ ਦੋਗਾਣੇ ਗਾਉਂਦੇ ਆ
ਪਿੰਡੋਂ ਸ਼ਹਿਰੋਂ ਲੱਭਕੇ ਕਿਧਰੋਂ ਨਾਲ ਦੀ ਕੁੜੀ ਲਿਆਂਉਂਦੇ ਆ
ਜਾਨਣ ਸੁਰ ਨਾ ਜਾਨਣ ਤਾਲ ਆ, ਆਖਣ ਜੋੜੀ ਬੜੀ ਕਮਾਲ ਆ
ਝਾਕਾ ਲਵੇ ਪਨੀਰੀ ਹੁਣਦੀ, ਏਹ

ਕੋਈ ਗੀਤ ਗੂਤ ਨੀਂ ਸੁਣਦੀ
ਵੇਖੇ ਝਲਕ ਜ਼ਨਾਨੀ ਦੀ
ਦਿਨ ਕਲਜੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ

ਬਈ ਅੱਜ ਕੱਲ੍ਹ ਜੁਲਮਾਂ ਬੁਰਜ਼ ਉਸਾਰੇ

ਢਹਿੰਦੇ ਜਾਂਦੇ ਧਰਮ ਚੁਬਾਰੇ
ਗਿਰਜ਼ੇ ਗੁਰਦਆਰੇ ਤੇ ਮੰਦਰ, ਕਾਜ਼ੀ ਰੋਣ ਮਸੀਤਾਂ ਅੰਦਰ
ਲੋਕ ਨਾ ਕਰਦੇ ਸ਼ਰਮਾਂ ਨੂੰ
ਹੋਗੀ ਆਪ ਮੁਹਾਰੀ ਦੁਨੀਆਂ ਮੰਨਣੋਂ ਹਟਗੀ ਧਰਮਾ ਨੂੰ
ਹਰ ਥਾਂ ਲੋਭ ਜੁਲਮ ਦਾ ਰਾਜ ਆ
ਮੋਮਨ ਲੱਗਪੇ ਖਾਣ ਵਿਆਜ ਆ
ਹਿੰਦੂ ਸਿੱਖ ਵੀ ਰਸਮਾਂ ਛੱਡਣ, ਨਾ ਦਸਵੰਧ ਕਮਾਈਓਂ ਕੱਢਕੇ
ਨਾ ਗੱਲ ਸਮਝਣ ਹਾਣੀ ਦੀ
ਦਿਨ ਕਲਜੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ

ਆਹ ਜੋ ਪੜ੍ਹਨ ਕਾਲਜੀ ਕੁੜੀਆਂ

ਬਹੁਤੀਆਂ ਗਲਤ ਕੰਮਾਂ ਵਿੱਚ ਰੁੜ੍ਹੀਆਂ
ਸਰੋਤਿਓ ਜਮਾਂ ਗਵਾਤੀ ਜੱਗਦੀ, ਮੂੰਹ 'ਚੋਂ ਬੋਲਦਿਆਂ ਸੰਗ ਲੱਗਦੀ
ਟੱਪੀਆਂ ਲਾਲ ਲਕੀਰਾਂ ਨੂੰ
ਦੱਸੀਏ ਬੋਲ ਅਸੀਂ ਕੀ ਥੋਨੂੰ , ਸਮਝੋ ਗੁਪਤ ਨਜ਼ੀਰਾਂ ਨੂੰ
ਜਿਤਨੇ ਬਿੱਗ ਸਿਟੀ ਵਿੱਚ ਹੋਟਲ
ਨੰਗੇ ਨਾਚ ਨਚਾਉਂਦੇ ਟੋਟਲ
ਜਿਨ੍ਹੇ ਧਨਾਢ ਅਮੀਰ ਵਪਾਰੀ ਸਭ ਦੀ ਮੱਤ ਕਾਮ ਨੇ ਮਾਰੀ
ਛੱਡਗੇ ਗੱਲ ਇਨਸਾਨੀ ਦੀ
ਦਿਨ ਕਲਜੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ

ਮੁੰਡੇ ਕੁੜੀਆਂ ਕਰਦੇ ਐਸ਼ਨ

ਚੱਲਪੇ ਭਾਂਤ ਭਾਂਤ ਦੇ ਫੈਸ਼ਨ
ਬਿਉਟੀ ਪਾਰਲਰਾਂ ਵਿੱਚ ਜਾਕੇ ਕੁੜੀਆਂ ਆਵਣ ਕੇਸ ਕਟਾਕੇ
ਝਾਲਰ ਲਮਕੇ ਮੱਥਿਆਂ ਤੇ
ਅੱਖੀਂ ਸ਼ਹਿਰ ਵਿੱਚ ਵੇਖੋ ਜੇ ਵਿਸ਼ਵਾਸ ਨੀਂ ਕੱਥਿਆਂ ਤੇ
ਐਸੇ ਸੂਟ ਸਿਓਂਦੇ ਟੇਲਰ ਲੱਗਜੇ ਫਿਲਮ ਦਾ ਦਿਸਣ ਟ੍ਰੇਲਰ
ਲੱਗਣ ਨਾ ਸਿਆਣਿਆਂ ਨੂੰ ਚੰਗੀਆਂ
ਇੱਕ ਬਟਾ ਤਿੰਨ ਛਾਤੀਆਂ ਨੰਗੀਆਂ
ਕਰਦੇ ਰੀਸ ਕਰਾਣੀ ਦੀ
ਦਿਨ ਕਲਜੁਗ ਦੇ ਮਾੜੇ ਵਧਗੇ ਵਧਗੀ ਕਾਰ ਸ਼ੈਤਾਨੀ ਦੀ

ਮੁੰਡੇ ਮੂਹਰੋਂ ਕੇਸ ਕਟਾਵਣ ਬਚਦੇ ਗਿੱਚੀ ਤੇ ਲਟਕਾਵਣ

ਤੇ ਇੱਕ ਕੰਨ 'ਚ ਪਹਿਨਲੇ ਬੁੰਦੇ ਜਿਮੇਂ ਨਚਾਰ ਸੀ ਪਹਿਲਾਂ ਹੁੰਦੇ
ਲੱਕੀ ਜ਼ੀਨ ਚੜਾਲੀ ਆ
ਹੈ ਲੜਕਾ ਕੇ ਲੜਕੀ ਬਿਲਕੁੱਲ ਸਮਝ ਨਾ ਆ ਰਹੀ ਆ
ਭੋਰਾ ਭਰ ਨਾ ਮੰਨਦੇ ਹਾਣੀ ਮਰਦੋਂ ਬਨਣਾ ਚਾਹੁਣ ਜ਼ਨਾਨੀ
ਤੁਰਦੇ ਤੋਰ ਲਆਉਂਦੇ ਲੋਹੜੇ ਮਾਰਨ ਕੁੜੀਆਂ ਵਾਂਗ ਮਰੋੜੇ
ਐਨਕ ਪਹਿਨ ਜਪਾਨੀ ਦੀ
ਦਿਨ ਕਲਜੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ

---------------------------------------------------------------------------------------------------------------

 ਇਤਿਹਾਸ ਵਾਹਵਾ ਗੱਲਾਂ ਦੱਸਦਾ। ਸੁਨਣ 'ਚ ਤਾਂ ਲੱਗਦਾ ਬੀ ਗੱਲ ਨੌਰਮਲ ਜੀ ਆ ਕੋਈ ਖਾਸ ਨੀਂ।
ਪਰ ਹੁੰਦੀ ਬਹੁਤ ਖਾਸ ਆ। ਦੱਸਣ ਆਲੇ ਦੱਸਦੇ ਨੇ ਕਿ ਗੁਰਦਾਸ ਨੰਗਲ ਦੀ ਗੜ੍ਹੀ 'ਚੋਂ ਬੰਦਾ ਸਿੰਘ ਬਹਾਦਰ ਹੋਣੀਂ ਗ੍ਰਿਫਤਾਰ ਕਰਲੇ।
ਵਿਰੋਧੀਆਂ ਨੂੰ ਏਹ ਲੱਗਦਾ ਸੀ ਬੀ ਬੰਦਾ ਸਿੰਘ 'ਚ ਕੋਈ ਗੈਬੀ ਸ਼ਕਤੀ ਆ ਏਹੇ ਕਿਸੇ ਵੀ ਜਾਨਵਰ ਦਾ ਰੂਪ ਧਾਰ ਲੈਂਦਾ। ਬੇੜੀਆਂ ਪਾਕੇ, ਪਿੰਜਰੇ 'ਚ ਕੈਦ ਕਰਕੇ ਪਿੰਜਰਾ ਹਾਥੀ ਤੇ ਧਰਕੇ ਬੰਦਾ ਸਿੰਘ ਨੂੰ ਦਿੱਲੀ ਬੰਨੀ ਲੈਗੇ ਅਗਲੇ।
ਨਾਲ ਜੇਹੜੇ ਸਿੰਘ ਗ੍ਰਿਫਤਾਰ ਕਰੇ ਸੀ ਉਹਨ੍ਹਾਂ

ਨੂੰ ਭੇਡਾਂ ਦੀਆਂ ਖੱਲਾਂ ਪਾਕੇ ਮਨੋਂ ਜਲੂਸ ਦੀ ਸ਼ਕਲ 'ਚ ਨਾਲ ਲੈਕੇ ਗਏ।
ਦਿੱਲੀ 'ਚ ਇੱਕ ਥਾਂ ਸਟੇਜ ਬਣਾਲੀ। ਹਰ ਰੋਜ਼ ਇੱਕ ਸੌ ਸਿੱਖਾਂ ਦਾ ਕਤਲ ਹੋਇਆ ਕਰੇ। ਲੋਕ ਹੁੰਮ ਹੁਮਾਂ ਕੇ ਆਹ ਨਜ਼ਾਰਾ ਵੇਖਣ ਆਇਆ ਕਰਨ।
ਹਰੇਕ ਸਿੱਖ ਨੂੰ ਪੁੱਛਿਆ ਕਰਨ ਕਿਮੇਂ ਪਰਧਾਨ ਜੇ ਬਚਣਾ ਤਾਂ ਧਰਮ ਬਦਲ ਲਾ।
ਪਰ ਕਿੱਥੇ
ਇੱਕ ਮਾਂ ਦਾ ਇਕਲੌਤਾ ਪੁੱਤ ਵੀ ਸੀਗਾ ਏਹਨਾਂ 'ਚ। ਮਾਂ ਰਾਜੇ ਕੋਲ ਪਹੁੰਚਗੀ , ਜਾਕੇ ਕਹਿੰਦੀ ਜੀ ਮੇਰਾ ਪੁੱਤ ਸਿੱਖ ਨੀਂ ਹੈਗਾ. ਮੁਸਲਮਾਨ ਈ ਆ।
ਬਾਈ ਬਣਕੇ ਮੇਰੇ ਪੁੱਤ ਨੂੰ ਨਾ ਮਾਰਿਓ ।
ਕਹਿੰਦੇ ਜਾ ਮਾਤਾ ਆਵਦੇ ਪੁੱਤ ਨੂੰ ਬੁਲਾ ਜੇ ਸਾਡੇ ਬੰਨੀਂ ਦਾ ਹੋਜੇ ਹੁਣੇ ਛੱਡ ਦਿੰਨੇ ਆਂ।
ਮਰਨ ਖਾਤਰ ਕਤਾਰ 'ਚ ਲੱਗਾ ਖੜਾ ਸੀ ਚੋਬਰ। ਮਾਤਾ ਕਹਿੰਦੀ ਆਹ ਮੇਰਾ ਪੁੱਤ ਆ ਛੱਡਦੋ।
ਅੱਗੋਂ ਗੱਭਰੂ ਬੋਲਿਆ
ਕਹਿੰਦਾ ਜਨਾਬ ਆਹ ਜ਼ਨਾਨੀ ਨੂੰ ਮੈਂ ਜਾਣਦਾ ਈ ਨੀਂ
ਮੌਤ ਜਮਾਂ ਸਿਰ ਤੇ ਸੀ , ਫਿਰ ਵੀ ਮੁੱਕਰ ਗਿਆ ਮਾਤਾ ਸਾਹਮਣੇ
ਰਾਜੇ ਦੇ ਬੁੱਲਾਂ ਤੇ ਸਿਕਰੀ ਜੰਮਗੀ ਬੀ ਆਹ ਕਿੱਥੋਂ ਮੁੱਕ ਜਾਣਗੇ
ਏਹਨਾਂ ਨੂੰ ਕਲਗੀਆਂ ਆਲਾ ਵਿਸਾਖੀ ਵੇਲੇ ਪਤਾ ਨੀਂ ਕੀ ਘੋਲ ਕੇ ਪਿਆ ਗਿਆ ਸੀ ਹਰੇਕ ਆਖਿਆ ਕਰੇ
"ਨਾ ਬਾਈ ਸਿਰ ਵੱਢ ਹੁੰਦਾ ਤਾਂ ਵੱਢਲਾ ਪਰ ਏਹੇ ਝੁਕਦਾ ਨੀਂ"

-------------------------------------------------------------------------------------------------------------


 ਕੁੜੀਆਂ ਚਿੜੀਆਂ ਨਾ ਪੜ੍ਹਿਓ ਬੀਰ ਅਣਿਆ ਬਹੁਤ ਲੁੱਚਾ ਸਟੇਟਸ ਆ ਜਮਾਂ ਜਗਬਾਣੀ ਦੇ "ਵਿਸ਼ਵ ਦਰਪਣ" ਆਲ਼ੇ ਪੇਜ ਅਰਗਾ ਨੰਗਾ ਮੁੰਗਾ। ਬਾਹਲੇ ਸਿਆਣੇ ਵੀ ਪਾਸੇ ਰਿਹੋ ਉਹਨ੍ਹਾਂ ਨਾਲ ਵੀ ਮੱਤ ਘੱਟ ਈ ਮਿਲਦੀ ਆ

ਪਹਿਲਾਂ ਵੀ ਦੱਸਿਆ ਸੀ ਇੱਕ ਤਾਂ ਹਾਰਪਿਕ ਆਲੇ ਨੇ ਬਹੁਤ ਠਿੱਠ ਕੀਤਾ ਦੁਨੀਆਂ ਨੂੰ। ਰੋਟੀ ਟੁੱਕ ਖਾਣ ਵੇਲੇ ਏਹਦੀ ਮਸ਼ਹੂਰੀ ਆਉਂਦੀ ਈ ਆਉਂਦੀ ਆ।
ਦੂਜੀ ਗੱਲ ਇੱਕ ਤਾਂ ਹੁੰਦਾ ਬੇਸ਼ਰਮ , ਇੱਕ ਬੇਸ਼ਰਮ ਤੋਂ ਅਗਲੀ ਸਟੇਜ ਹੁੰਦੀ ਆ "ਨਲੱਜ"
ਮਸ਼ਹੂਰੀਆਂ ਆਲ਼ੇ ਕੁੜੀ ਦੇ ਖਸਮ ਨਲੱਜ ਹੋਗੇ ਹੁਣ। ਕਈ ਆਰੀ ਸਾਰ

ਾ ਟੱਬਰ ਟੀ.ਵੀ ਵੇਖੀ ਜਾਂਦਾ ਹੁੰਦਾ ਉਧਰੋਂ ਮਸ਼ਹੂਰੀ ਆਉਗੀ ਅਲਟ੍ਰਾ ਵਿਸਪਰ ਚੁਆਇਸ ਜਾਂ ਆਹਾ ਸਟੇਫਰੀ ਆਲੇ।
ਟੱਬਰ 'ਚ ਬਹਿਕੇ ਅਗਲਾ ਮਸ਼ਹੂਰੀ ਨੀਂ ਵੇਖ ਸਕਦਾ , ਤ੍ਰੇਲੀ ਆ ਜਾਂਦੀ ਆ , ਨਾ ਬੰਦਾ ਚੈਨਲ ਚੇਂਜ ਕਰਨ ਜੋਗਾ। ਸਿਆਣਾ ਬੰਦਾ ਬਹਾਨਾ ਜਾ ਲਾਕੇ ਕੱਚਾ ਜਾ ਹੁੰਦਾ ਘਰਦਿਆਂ ਨਾ ਬਿਨ੍ਹਾਂ ਨਿਗਾਹ ਮਿਲਾਏ ਪਾਸੇ ਹੋ ਜਾਂਦਾ।
ਚੰਗਾ ਭਲਾ ਲਿਸ਼ਕਾਰਾ ਚੱਲੀ ਜਾਂਦਾ ਹੁੰਦਾ। ਹਰਜੀਤ ਹਰਮਨ ਅਰਗਾ ਸਾਉ ਜਾ ਗਾਇਕ ਸਿਰਾ ਗੀਤ ਗਾਈ ਜਾਂਦਾ ਹੁੰਦਾ।
ਬੰਦੇ ਬੁੜੀ ਦੀ ਮਸ਼ਹੂਰੀ ਫੇਰ ਆ ਜਾਂਦੀ ਆ ਅਖੇ "ਮੈਨਫੋਰਸ" ਅਪਣਾਈਏ।
ਨਾਲੇ ਗੁੱਛਾ ਜਾ ਫੜ੍ਹਕੇ 'ਗੂਰ ਖਾਈ ਜਾਂਦੇ ਹੁੰਦੇ ਆ।
ਬੰਦਾ ਪੁੱਛੇ ਜਦੋਂ ਆਹਾ ਕੁਛ ਨਹੀ ਸੀ ਹੁੰਦਾ ਓਦੋਂ ਕਾਹਨੂੰ ਲੋਕਾਂ ਨੂੰ ਪਤਾ ਸੀ ਦੁਨੀਆਦਾਰੀ ਦਾ।
ਮੁੱਕਦੀ ਗੱਲ ਕੀ ਜਰ ਭਮਾਂ ਦੀ ਮਸ਼ਹੂਰੀ ਖਾਣ ਆਲੀ ਚੀਜ਼ ਦੀ ਹੋਵੇ ਭਮਾਂ ਸਾਬਣ ਸ਼ੈਪੂ ਦੀ , ਲੁੱਚਪੌ ਤਾਂ ਕਰਨਾ ਈ ਕਰਨਾ।
ਸੈਂਸਰ ਬੋਰਡ ਆਲਿਆਂ ਨੂੰ ਖੌਣੀ ਕੀ ਸੱਪ ਸੁੰਘ ਗਿਆ।
ਐਮੇਂ ਮਾਰਤਾ ਚਮਕੀਲਾ ਉਹਤਾਂ ਸਿਰਫ ਆਹ ਕੁਸ ਗਾਉਂਦਾ ਈ ਸੀ ਹੁਣ ਡਰੈਗਟ ਦਿਖਾਉਂਦੇ ਆ।....ਘੁੱਦਾ
---------------------------------------------------------------------------------------------------------------

ਖਾੜਕੂਬਾਦ ਦੇ ਸਮੇਂ ਨਾ ਰਿਲੇਟਡ ਬਹੁਤ ਕੁਝ ਸੁਣਿਆਂ ਜਾਂ ਪੜ੍ਹਿਆ। ਬਥੇਰੇ ਬਣਗੇ, ਤੇ ਬਥੇਰੇ ਉੱਜੜਗੇ।
ਸਾਡੇ ਏਥੇ ਬਾਈ ਦਰਸ਼ਨ ਅਰਗੇ ਵੀ ਮਾੜਾ ਮੋਟ ਖੜਕਾ ਦੜਕਾ ਕਰਦੇ ਸੀ ਸਿੰਘਾਂ ਨਾ ਰਲਕੇ।
ਅੱਜ ਤੜਕੇ ਬਾਈ ਨੇ ਗੱਲ ਸੁਣਾਈ । ਸਾਡੇ ਪਿੰਡ ਦੀ ਕੁੜੀ ਵਿਆਹੀ ਵਈ ਸੀ ਕਿਸੇ ਪਿੰਡ।
ਸਹੁਰੇ ਕੁੜੀ ਨੂੰ ਨਜ਼ੈਜ਼ ਠਿੱਠ ਕਰਦੇ ਸੀ। ਚਾਰ ਪੰਜ ਜਣੇ ਰਲਕੇ ਖੱਟੇ ਪਰਨੇ ਬੰਨ੍ਹਕੇ, ਲੋਈਆਂ ਦੀ ਬੁੱਕਲਾਂ ਮਾਰਕੇ
ਕੁੜੀ ਦੇ ਸਹੁਰੇ ਜਾਵੜੇ । ਜੇਹੜੇ ਜੀਅ ਕੁੜੀ ਨੂੰ ਤੰਗ ਕਰਦੇ ਸੀ ਕਹਿੰਦਾ ਲੰਮੇ ਪਾ ਪਾ ਲਾਈਆਂ ਉਹਨ੍ਹਾਂ ਦੇ।
ਬਾਈ ਦੱਸਦਾ ਕਹਿੰਦਾ ਤਿੰਨ ਦਿਨਾਂ ਬਾਅਦ ਪੁਲਸ ਨੇ ਸਾਨੂੰ ਚੱਕ ਲਿਆ।
ਮਖਾ ਬੀ ਪੁਲਸ ਨੂੰ ਥੋਡਾ ਕਿਮੇਂ ਪਤਾ ਲੱਗਿਆ ਵਈ?
ਕਹਿੰਦਾ ਸਾਡੇ 'ਚੋਂ ਇਕ ਜਣੇ ਨੇ ਕੁੜੀ ਦੀ ਦਰਾਣੀ ਨੂੰ ਲੈਂਡਲਾਈਨ ਦਾ ਨੰਬਰ ਸਿੱਟਤਾ ਸੀ।
ਆਅਅ ਕੀ ਫਿਰ...ਕਹਿੰਦਾ ਥੂ ਥੂ ਅੱਡ ਹੋਈ ਬਾਕੀ ਪਿੱਛਾ ਕੁੱਟ ਕੁੱਟ ਪੁਲਸ ਨੇ ਧੂਸ ਕੱਢਤੀ

---------------------------------------------------------------------------------------------------------------

 
ਕਾਲਜ ਟੈਮ ਅੱਠ ਜਣੇ ਹੁੰਦੇ ਸੀ ਅਸੀਂ ਕੱਠੇ। ਇੱਕੋ ਕਮਰੇ 'ਚ ਰੋਟੀ ਟੁੱਕ ਖਾਂਦੇ , ਚੌੜ ਚੱਪਾ, ਘਸੁੰਨਮੁੱਕੀ, ਕੰਬਲ ਕੁੱਟ ,ਸੀਪ , ਭਾਬੀ, ਬਹੁਤ ਬੈਬਤਾਂ ਕਰਦੇ।
ਟੂਰਾਂ ਤੇ ਕੱਠੇ ਜਾਂਦੇ ਵਿਓਤਾਂ ਕਰਕੇ, ਕੰਟੀਨਾਂ, ਵਰਕਸ਼ਾਪਾਂ, ਲੈਬਾਂ, ਮੇਲੇ, ਭੂਤ ਭੰਗੜੇ, ਬੋਲੀਆਂ, ਮੁੱਕਦੀ ਗੱਲ ਦਿਨੇ ਰਾਤ ਕੱਠੇ ਰਹਿੰਦੇ। ਕਾਲਜ ਦੀ ਜੰਤਾ ਸਾਡੀਆਂ ਉਦਾਹਰਣਾਂ ਦਿਆ ਕਰੇ।
ਟੈਮ ਟੈਮ ਦੀ ਗੱਲ ਆ। ਸਾਰੇ ਨਿੱਖੜਗੇ ਖੱਖੜੀ ਅੰਗੂ। ਕਰਨ ਸਾਡੇ 'ਚੋਂ ਵੱਡਾ ਹੁੰਦਾ ਸੀ । ਉਹਦੇ ਵਿਆਹ ਦੀਆਂ ਸਕੀਮਾਂ ਘੜਦੇ ਹੁੰਦੇ ਸੀ।
ਕੱਲ

੍ਹ ਸੱਚਿਓਂ ਕਰਨ ਦਾ ਵਿਆਹ ਆ।
ਸਾਡੇ 'ਚੋਂ ਦੋ ਜਣਿਆਂ ਦਾ ਪੇਪਰ ਆਗਿਆ। ਇਕ ਨਿਉਜੀਲੈਂਡ ਬੈਠਾ। ਇੱਕ ਦਾ ਆਵਦਾ ਵਿਆਹ ਆ ਤਾਂ ਕਰਕੇ ਨੀਂ ਆਉਂਦਾ।
ਇਕ ਮਾਨਸਾ ਬੈਠਾ ਮਨੈਜਰ ਬਣਿਆ, ਛੁੱਟੀ ਨੀਂ ਮਿਲੀ। ਬਸ ਕਰਨ ਦੇ ਵਿਆਹ ਤੇ ਜਾਣ ਨੂੰ ਅਸੀਂ ਦੋ ਜਣੇ ਰਹਿਗੇ ਕੱਲ੍ਹ ਨੂੰ।
ਭੈਣ ਦਣਾ ਸੁਪਨਿਆਂ ਤੇ ਹਕੀਕਤ 'ਚ ਲੱਖਾਂ ਕੋਹਾਂ ਦਾ ਫਰਕ ਹੁੰਦਾ। ਸਮਾਂ ਵਾਕਏ ਬਲਵਾਨ ਆ...ਨਖੇੜ ਕੇ ਧਰਤੇ, ਫੰਬਾਂ ਆਲੇ ਬੱਦਲਾਂ ਅੰਗੂ...ਹੁਣ ਨੀਂ ਪੋਲੇ ਪੈਰੀ 'ਕੱਠੇ ਹੁੰਦਾ ਲੱਗਦਾ....ਘੁੱਦਾ
--------------------------------------------------------------------------------------------------------------