Thursday 20 March 2014

ਹੀਰਾ ਪੁੱਤ

ਬਾਹਰਲੇ ਬੂਹੇ ਦਾ ਸੰਗਲੀ ਆਲਾ ਕੁੰਡਾ ਖੜਕਿਆ
ਮੰਜੇ ਦੀਆਂ ਬਾਹੀਆਂ ਨੂੰ ਹੱਥ ਪਾਕੇ ਪ੍ਰਕਾਸ਼ ਕੁਰ ਬੈਠੀ ਹੋਗੀ
ਗੁੱਛੂ ਮੁੱਛੂ ਕਰਕੇ ਚੁੰਨੀ ਸਿਰ ਤੇ ਧਰਦੀ ਨੇ ਪੁੱਛਿਆ
"ਕੇਹੜਾ ਵੇ ਭਾਈ ਐਸ ਵੇਲੇ, ਸੁੱਖ ਆ?
"ਤਾ..ਤਾ..ਤਾਈ ਮੈਂ ਜੱਸਾ , ਹੀ..ਹੀ..ਹੀਰਾ ਬਾਈ ਘਰੇ ਆ"?
"ਨਾ ਪੁੱਤ ਓਹਤਾ ਪਾਣੀ ਲਾਉਣ ਗਿਆ ਟਾਹਲੀ ਆਲੇ"
ਜੱਸੇ ਦੇ ਥਿਕਰਦੇ ਬੋਲ ਸੁਣਕੇ ਪ੍ਰਕਾਸ਼ ਕੁਰ ਦਾ ਅੰਦਰ ਕੰਬ ਗਿਆ
ਤੌੜੇ 'ਚੋਂ ਕੱਢਕੇ ਡੋਹਰੀ ਨਾਲ ਪਾਣੀ ਪੀਤਾ
ਟਾਣ ਤੇ ਰੱਖੇ ਟੈਮਪੀਸ ਨੇ ਪੰਜ ਕ ਵਜੇ ਦਾ ਟੈਮ ਦੱਸਿਆ
ਹਰਮੰਦਰ ਸੈਹਬ ਦੀ ਬਾਣੀ ਸੁਨਣ ਖਾਤਰ
ਅੱਬੜਵਾਹੇ ਕਿੱਲੀ ਤੇ ਟੰਗੇ ਰੇਡੀਏ ਦੀ ਸੁੱਚ ਜਾ ਨੱਪੀ
ਚਾਣਚੱਕ ਕਿਸੇ ਹੋਰ ਟੇਸ਼ਨ ਤੋਂ ਗੀਤ ਚੱਲਣ ਲੱਗਾ
"ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ......"
ਸੈਂਕੜੈ ਭੁਚਾਲ ਪ੍ਰਕਾਸ਼ ਕੁਰ ਦੇ ਪੈਰਾਂ ਹੇਠ ਸੈਂਕਣ ਲੱਗੇ
ਸਰਕਾਰੀ ਜੀਪਾਂ ਨੇ ਪਾਣੀ ਲਾਉਂਦੇ ਹੀਰੇ ਨੂੰ ਜਾ ਘੇਰਿਆ
ਝੋਨੇ ਦੇ ਵਾਹਣ 'ਚੋਂ ਟੱਕ ਭਰਕੇ ਹੀਰਾ ਨੱਕਾ ਬੰਦ ਕਰੀ ਜਾਂਦਾ ਸੀ
ਵਧੇ ਢਿੱਡ ਆਲੇ ਪੁਲਸੀਏ ਨੇ ਸਿਰੋਂ ਟੋਪੀ ਲਾਹ
ਸੱਜੀ ਕੱਛ 'ਚ ਨੱਪਦਿਆਂ ਡੰਡਾ ਹਵਾ 'ਚ ਘੁਕਾਇਆ
"ਚੱਲ ਓਏ ਵੱਡੇਆ ਸੂਰਮਿਆ ਬਹਿ ਜੀਪ 'ਚ"
"ਜਨਾਬ ਮੇਰਾ ਕਸੂਰ"
"ਸਾਲੇਆ ਗਿੱਠ ਗਿੱਠ ਦਾਹੜੀ ਵਧਾਈ ਆ, ਹਜੇ ਕਸੂਰ ਪੁੱਛਦਾਂ"
ਦੋਂਹ ਜੀਪਾਂ ਨਾ ਲੱਤਾਂ ਬੰਨ੍ਹਕੇ ਵਿਚਾਲਿਓਂ ਪਾੜਿਆ ਗੁਰਬਖਸ਼ਾ
ਹੀਰੇ ਦੀਆਂ ਅੱਖਾਂ ਅੱਗੋਂ ਘੁਕਣ ਲੱਗਾ
ਹੀਰੇ ਦੇ ਯਾਰ ਜੀਤੇ ਦੇ ਨਹੁੰ ਕੱਢਤੇ ਸੀ ਪੁਲਸ ਨੇ
ਪੁਲਸ ਨੂੰ ਝਕਾਣੀ ਦੇਕੇ ਹੀਰੇ ਨੇ ਸ਼ੂਟ ਵੱਟੀ
ਕਾਲਜ ਸਮੇਂ ਦੇ ਅਥਲੀਟ ਹੀਰੇ ਨੇ ਪੁਲਸ ਨੂੰ ਡਾਹ ਨਾ ਦਿੱਤੀ
ਚਾਰ ਛਾਲਾਂ ਮਾਰਕੇ ਸੂਏ ਦੀ ਪੱਟੜੀ ਤੇ ਜਾ ਚੜ੍ਹਿਆ
ਪਰ ਐਂਤਕੀ ਹੋਣੀ ਭਾਰੂ ਸੀ
ਪੁਲੀ ਤੇ ਖੜ੍ਹੇ ਛੋਹਲੇ ਪੁਲਸੀਆਂ ਨੇ ਹੀਰੇ ਨੂੰ ਅੱਗੋਂ ਆ ਘੇਰਿਆ
ਠਾਣੇਦਾਰ ਦੇ ਸੱਜੇ ਹੱਥ ਨੇ ਡੱਬ 'ਚੋਂ ਰਿਵਾਲਵਰ ਜਾ ਕੱਢਿਆ
ਚੜ੍ਹਦੇ ਵੱਲੋਂ ਪਹੁ ਫੁੱਟ ਰਹੀ ਸੀ
ਕਾਅਅੜੜ ਕਰਦੀ ਗੋਲੀ ਹੀਰੇ ਦੀ ਛਾਤੀ ਤੋਂ ਪਾਰ ਹੋਈ
ਰੁੱਖਾਂ ਤੇ ਬੈਠੇ ਸੈਂਕੜੇ ਪੰਛੀਆਂ ਨੇ ਉਡਾਣ ਭਰੀ
ਭਰਮੇਂ ਜੁੱਸੇ ਦਾ ਛੇ ਫੁੱਟਾ ਜਵਾਨ ਦੜ ਕਰਕੇ ਜ਼ਮੀਨ ਤੇ ਡਿੱਗਾ
ਘੱਤਰ ਦੀ ਜੰਗ ਦੇ ਅਵਾਰਡੀ ਫੌਜੀ ਦਾ ਇਕਲੌਤਾ ਪੁੱਤ ਹੀਰਾ
ਸੂਏ ਦੀ ਪਟੜੀ ਤੇ ਨਿੱਸਲ ਪਿਆ ਸੀ
ਕਰਮ ਕੁ ਦੀ ਵਿੱਥ ਤੇ ਹੀਰੇ ਦੀ ਛੇ ਲੜੀ ਪੱਗ ਪਈ ਸੀ
ਪ੍ਰਕਾਸ਼ ਕੁਰ ਵਾਹੋਦਾਹੀ ਨੰਗੇ ਪੈਂਰੀ ਭੱਜੀ ਆਉਂਦੀ ਸੀ
ਸਰਕਾਰੀ ਜੀਪਾਂ ਗਰਦੋ- ਗਾਰਦ ਕਰਦੀਆਂ
ਕਿਸੇ ਹੋਰ ਹੀਰੇ ਨੂੰ ਲੱਭਣ ਚਲੀਆਂ ਗਈਆਂ
ਪਿੰਡ ਦੇ ਗੁਰੂ ਘਰ ਦੇ ਸੌ ਫੁੱਟ ਉੱਚੇ ਨਿਸ਼ਾਨ ਸਾਹਬ ਤੇ
ਲੱਗਾ ਕੇਸਰੀ ਨਿਸ਼ਾਨ ਅਜ਼ਾਦ ਭਾਰਤ ਦੀ
ਗੁਲਾਮ ਹਵਾ ਵਿੱਚ ਬੇਖੌਫ ਝੂਲ ਰਿਹਾ ਸੀ......ਘੁੱਦਾ

ਗੁਰੂ ਪੰਜਵੇਂ ਸ਼ਹੀਦੀ ਦੀ ਚਿਣਗ ਲਾਈ

ਗੁਰੂ ਪੰਜਵੇਂ ਸ਼ਹੀਦੀ ਦੀ ਚਿਣਗ ਲਾਈ
ਤੇ ਫਿਰ ਸਿਰਜਦਾ ਗਿਆ ਇਤਿਹਾਸ ਸਾਡਾ
ਜੰਮੂਰ ਤਲਵਾਰਾਂ ਸੀ ਓਦੋਂ ਬੇਵੱਸ ਹੋਏ
ਬੜਾ ਚੀਹੜਾ ਨਿਕਲਿਆ ਮਾਸ ਸਾਡਾ
ਦੇਗੇ ਚਰਖੜੀਆਂ ਸਮੇਂ ਬੜਾ ਕੰਮ ਆਇਆ
ਜਪੁਜੀ ਸਾਹਬ ਅਤੇ ਰਹਿਰਾਸ ਸਾਡਾ
ਸਦਾ ਭਂਲਾ ਸਰਬੱਤ ਦਾ ਲੋੜਦੇ ਰਹੇ
ਭਾਈ ਘਨ੍ਹਈਏ ਜੇਹਾ ਧਰਵਾਸ ਸਾਡਾ
ਗੁੱਟ ਕੜਾ ਤੇ ਸਿਰ ਦਸਤਾਰ ਕਰਕੇ
ਮੁੱਢੋਂ ਵੱਖਰਾ ਰਿਹਾ ਲਿਬਾਸ ਸਾਡਾ
ਬੇਸ਼ੱਕ ਕੁੱਲ ਦੁਨੀਆਂ ਤੇ ਖਿੱਲਰੇ ਅਸੀਂ
ਪਰ ਨਗਰ ਅਨੰਦਪੁਰ ਇੱਕੋ ਖਾਸ ਸਾਡਾ....ਘੁੱਦਾ

ਰੋਗੀ ਪੰਜਾਬ

ਕਿਹਾ ਜਾਂਦਾ ਪੰਜਾਬੀ ਸਿਹਤ ਪੱਖੋਂ ਬੜੇ ਜਰਵਾਨੇ ਹੁੰਦੇ ਨੇ।
ਏਹ ਗੱਲਾਂ ਫਾਨੇ ਲਾਉਣ ਖਾਤਰ ਈ ਨੇ। ਅਸਲ ਨਕਸ਼ਾ ਏਹਤੋਂ ਉਲਟ ਆ। ਬਿਹਾਰ ਯੂਪੀ ਬੰਨੀਂ ਦੀਆਂ ਤੰਦਰੁਸਤ ਔਰਤਾਂ ਤੁਰੀਆਂ ਜਾਂਦੀਂਆ ਘੱਸ ਦਿਨੇ ਜਵਾਕ ਜੰਮ ਦੇਂਦੀਆਂ। ਦੂਜੇ ਪਾਸੇ ਪੰਜਾਬ 'ਚ ਜਵਾਕ ਦੀ ਨਿਓਂ ਟਿਕਣ ਤੋਂ ਜਵਾਕ ਜੰਮਣ ਤੀਕ ਹਸਪਤਾਲਾਂ ਦੇ ਗੇੜੇ ਲਾਜ਼ਮੀ ਵੱਜਦੇ ਨੇ।
ਸਾਡਾ ਮੁਲਖ ਬਿਹਾਰੋਂ ਯੂਪੀਓਂ ਆਏ ਬਈਆਂ ਨੂੰ ਬਹੁਤ ਮੇਹਨਤੀ ਸਮਝਦਾ। ਅਸਲ 'ਚ ਅਸੀਂ ਜਦੋਂ ਦੇ ਕੰਮਚੋਰ ਹੋਗੇ ਓਦੋਂ ਤੋਂ ਉਹ ਮੇਹਨਤੀ ਹੋਗੇ ਨੇ।
ਕੋਟਕਪੂਰੇ ਆਲਾ ਫਾਟਕ ਜਦੋਂ ਦਸ ਮਿੰਟ ਬੰਦ ਹੋਜੇ ਓਦੋਂ ਸੰਧਵਾਂ ਤੀਕ ਕਾਰਾਂ ਗੱਡੀਆਂ ਦਾ ਜਾਮ ਲੱਗ ਜਾਂਦਾ। ਵਰਨਾ, ਅਨਡੈਵਰਾਂ, ਡਸਟਰਾਂ, ਸਵਿੱਫਟਾਂ ਦੀ ਲੰਮੀ ਲੈਨ ਲੱਗੀ ਬੀ ਹੁੰਦੀ ਆ। ਏਹਤੋਂ ਸਿੱਧ ਹੁੰਦਾ ਪੰਜਾਬ ਕੋਲ ਕਿੰਨਾ ਕ ਪੈਸਾ ਹੈਗਾ। ਅਮੀਰ ਹੋਣੇ ਕਰਕੇ ਸਾਡਾ ਮੁਲਖ ਸਰੀਰਕ ਮੇਹਨਤ ਛੱਡ ਗਿਆ। ਤੜਕੇ ਉੱਠਕੇ ਮੁਲਖ ਪਾਰਕਾਂ 'ਚ ਘਾਹ ਮਿੱਧਦਾ ਫਿਰਦਾ ਮੌਰਨਿੰਗ ਵਾਕ ਕਰਦਾ। ਦੂਜੇ ਪਾਸੇ ਘਰੇ ਕੰਮ ਖਾਤਰ ਨੌਕਰ ਰੱਖੇ ਵਏ ਹੁੰਦੇ ਨੇ। ਜਿੰਮਾਂ ਯੋਗੇਆਂ ਦੀ ਲੋੜ ਓਦੋਂ ਈ ਪਈ ਆ ਜਦੋਂ ਅਸੀਂ ਕੰਮ ਚੋਰ ਹੋਗੇ ਨਹੀਂ ਆਪਣੇ ਦਾਦੇ ਅਰਗੇ ਕੇਹੜੀਆਂ ਬੈਂਚ ਪਰੈੱਸਾਂ ਲਾਉਂਦੇ ਸੀ।
ਆਪਾਂ ਹੁਣ ਬਾਹਲੇ ਦਲਿੱਦਰੀ ਹੋਗੇ। ਖੇਤ ਚਾਹ ਲਿਜਾਣੀ ਹੋਵੇ ਤਾਂਵੀ ਮੋਟਰਸ਼ੈਕਲ ਚਾਹੀਦਾ। ਸੈਕਲ ਤੇ ਚੜ੍ਹਨ 'ਚ ਅਸੀਂ ਹੱਤਕ ਸਮਝਦੇ ਆਂ । ਤਾਂਹੀ ਸਾਡੇ ਮੁਲਖ ਦੇ ਢਿੱਡ ਹਾਈਬ੍ਰਿੱਡ ਪੇਠਿਆਂ ਅੰਗੂ ਫੈਲਰੇ ਪਏ ਨੇ।
ਬੀ.ਪੀ ਜਾਂ ਸ਼ੂਗਰ ਦਾ ਮਰੀਜ਼ ਹਰਿੱਕ ਘਰੇ ਆ ਤਾਂਹੀ ਵਿਆਹਾਂ ਸ਼ਾਦੀਆਂ 'ਚ ਫਿੱਕੀ ਚਾਹ ਦੀ ਕੇਨੀ ਅੱਡ ਧਰੀ ਵਈ ਹੁੰਦੀ ਆ ਹੁਣ। ਸੇਹਤ ਪੱਖੋਂ ਪੰਜਾਬ ਦਾ ਭਵਿੱਖ ਬਾਹਲਾ ਚੰਗਾ ਨਈਂ ਦੀਂਹਦਾ । ਦੇਖੋ ਅੱਗੇ ਕੀ ਬਣਦਾ.ਸਰਬੰਸਦਾਨੀ ਠੰਢ ਵਰਤਾਂਈ....ਘੁੱਦਾ

Monday 3 March 2014

ਲੋਕ ਗੀਤ

ਜਦੋਂ ਅਾਪਣੇ ਬਾਪੂ ਹੋਣੀ ਗੱਭਰੂ ਹੁੰਦੇ ਸੀ ਓਦੋਂ ਕਦੇ ਕਦਾਈਂ ਕਿਸੇ ਪਿੰਡ ਅਖਾੜਾ ਲੱਗਦਾ ਸੀ।
ਟੀਪ ਕੀਤੇ ਬਨੇਰਿਆਂ ਤੇ ਲਟੋਪੀਂਘ ਹੋਇਆ ਮੁਲਖ ਸਮੱਧਰ ਜੇ ਕੱਦ ਦੇ ਕਲਾਕਾਰ ਦੇ ਗੀਤ ਸੁਣਦਾ। ਜੁੜਮੇਂ ਮੰਜਿਆਂ ਦੀਆਂ ਦੌਣਾਂ ਨਾਲ ਬੱਧੇ ਸਪੀਕਰਾਂ 'ਚੋਂ ਲੋਕ ਗੀਤ ਦੀ 'ਵਾਜ਼ ਨਿੱਕਲਕੇ ਕੰਨਾਂ ਵਿੱਚਦੀ ਹੁੰਦੀ ਹੋਈ ਕਲੇਜਿਆਂ ਵਿੱਚ ਜਾ ਬਹਿੰਦੀ। ਬਜ਼ੁਰਗਾਂ ਦੇ ਕੰਧਾੜੇ ਚੁੱਕੇ ਜਵਾਕ ਤੁਰਲੇ ਆਲੀ ਪੱਗ ਤੇ ਧੂੰਵੇਂ ਚਾਦਰੇ ਆਲੇ ਕਲਾਕਾਰ ਦੇ ਗੀਤ ਸੁਣਦੇ। ਗਾਇਕ ਦੇ ਸੱਜੇ ਹੱਥ ਦੀ ਬੋਲੀ ਉਂਗਲ ਤੂੰਬੀ ਦੀ ਤਾਰ ਨੂੰ ਛੇੜਦੀ ਤੇ ਹਜ਼ਾਰਾਂ ਧੌਣਾਂ ਸੰਗੀਤ ਦੀ ਲੈਅ ਨਾਲ ਹਿੱਲਣ ਲੱਗਦੀਆਂ। ਅਖਾੜਾ ਬਾਬੇ ਨਾਨਕ ਦੇ ਗੀਤ ਤੋਂ ਸ਼ੁਰੂ ਹੋਕੇ ਮਲਕੀ ਕੀਮਾ ਵਾਇਆ ਹੁੰਦਾ ਹੋਇਆ ਮਿਰਜ਼ੇ ਦੀ ਹਿਣਕਦੀ ਖਾਲੀ ਘੋੜੀ ਵੇਖ ਰੋਂਦੀ ਮਿਰਜ਼ੇ ਦੀ ਭੈਣ ਤੇ ਆਕੇ ਮੁੱਕ ਜਾਂਦਾ।
ਸਮਾਂ ਬਦਲ ਗਿਆ। ਯਮਲੇ ਦੀ ਫੋਟੋਆਂ ਸਮੇਤ ਤੂੰਬੀ, ਕਾਟੋ, ਅਲਗੋੋਜ਼ੇ ਅਜੈਬਘਰਾਂ ਦਾ ਸ਼ਿੰਗਾਰ ਬਣਗੇ।
ਤੁਰਲੇਦਾਰ ਪੱਗਾਂ ਦੀ ਥਾਂ ਖੜ੍ਹੇ ਵਾਲਾਂ ਆਲੇ ਕਲਾਕਾਰ ਆਗੇ। ਕੁੜੀਆਂ ਤੇ ਗੀਤ ਬਨਣ ਲੱਗੇ। ਲੰਮੀ ਧੌਣ, ਚਿੱਟੇ ਦੰਦ ਤੇ ਜੁਲਫਾਂ ਤੇ ਹੇਠਾਂ ਆਕੇ ਕੁੜੀਆਂ ਮਾਨੀਆਂ ਦੀਆਂ ਹਿੱਕਾਂ ਤੇ ਗੀਤ ਬਣਨ ਲੱਗੇ ਤੇ ਫੇਰ ਕਲਾਕਾਰਾਂ ਨੇ ਹੋਰ ਹੇਠਾਂ ਆਕੇ ਲੱਕ ਤੇ ਗੀਤ ਗਾਏ।
ਰੀਲਾਂ ਤੋਂ ਸੀਡੀਆਂ ਤੱਕ ਦਾ ਸਫਰ ਸੀ ਏਹ। ਸਮੇਂ ਦਾ ਲਫੇੜਾ ਵੱਜਿਆ ਅਸੀਂ ਵੀ ਬੇਸ਼ਰਮ ਹੋਗੇ। ਨਮੇਂ ਕਲਾਕਾਰ ਮਸ਼ੂਹਰ ਤਾਂ ਹੋਗੇ ਪਰ ਮਹਾਨ ਨਾ ਬਣ ਸਕੇ । ਗੀਤ ਤਾਂ ਹਜ਼ਾਰਾਂ ਬਣਗੇ ਪਰ ਲੋਕ ਗੀਤ ਕੋਈ ਨਾ ਬਣਿਆ। ਲੋਕ ਗੀਤਾਂ ਦੇ ਰਚੇਤਾ ਕਰਨੈਲ ਪਾਰਸ ਹੋਣੀਂ ਬਣਦਾ ਹਿੱਸਾ ਪਾਕੇ ਚੱਲ ਵਸੇ। ਉਮੀਦਾਂ ਕੈਮ ਨੇ, ਊੱਠੂਗਾ ਕੋਈ ਮਾਈ ਦਾ ਲਾਲ ...ਸਰਬੰਸਦਾਨੀ ਚੜ੍ਹਦੀਆਂ ਕਲਾ ਰੱਖੀਂ .......ਘੁੱਦਾ

ਗਾਣਾ ਹਿੱਟ ਕਰਨ ਦੇ ਫਾਰਮੂਲੇ

ਟੀਵੀ ਤੇ ਗਾਣਾ ਹਿੱਟ ਕਰਨ ਦੇ ਫਾਰਮੂਲੇ....
---ਗੀਤ ਦੇ ਮਾਡਲ ਮੁੰਡੇ ਦੇ ਡੱਬੀਦਾਰ ਮੂਕਾ ਬੰਨ੍ਹਕੇ, ਮੋਢੇ ਕਹੀ ਧਰਕੇ ਖੇਤ ਪਾਣੀ ਲਾਉਂਦਾ ਦਿਖਾਇਆ ਜਾਵੇ ਤੇ ਦੂਜੇ ਪਾਸੇ ਕੁੜੀ ਮੂਧੀ ਪੈਕੇ ਬੈੱਡ ਤੇ ਲੈਪਟੌਪ ਧਰਕੇ ਫੇਸਬੁੱਕ ਵਰਤਦੀ ਦਿਖਾਈ ਜਾਬੇ।
-----ਕੁੜੀ ਦਾ ਪਿਓ ਗੰਜਾ ਜਾ ਹੋਵੇ , ਮਾਡਲ ਮੁੰਡੇ ਦਾ ਪਿਓ ਪੱਗ ਦਾਹੜੀ ਆਲਾ ਹੋਵੇ ਤੇ ਲੱਗਦੀ ਵਾਹ ਰੋਂਦਾ ਈ ਦਿਖਾਇਆ ਜਾਵੇ।
----ਮੁੰਡਾ ਮੰਗਮੇਂ ਫੋਰਡ ਤੇ ਵਾਹਣ ਵਾਹੁੰਦਾ ਹੋਵੇ ਤੇ ਦੂਜੀ ਸੈੜ ਕੁੜੀ ਕੋਲ ਗੰਨਿਆਂ ਆਲੀ ਟਰੈਲੀ ਜਿੱਡੀ ਲੰਮੀ ਗੱਡੀ ਦਿਖਾਈ ਜਾਵੇ।
----ਕੁੜੀ ਮੈਕਡੀ ਆਲਿਆਂ ਦੇ ਬੈਠੀ ਬਰਗਰ ਖਾਂਦੀ ਦਿਖਾਈ ਜਾਵੇ ਤੇ ਦੂਜੇ ਪਾਸੇ ਮੁੰਡਾ ਬਾਟੀ 'ਚ ਚਾਹ ਪੀਂਦਾ ਸ਼ੋਅ ਕੀਤਾ ਜਾਵੇ।
(ਨੋਟ- ਮੁੰਡੇ ਦੇ ਕੁੜਤਾ ਪਜ਼ਾਮਾ ਪਾਇਆ ਬਾ ਹੋਵੇ ਤੇ ਕੁੜੀ ਦੇ ਫੁੱਲ ਟੈਟ ਜੀਨ ਪਾਈ ਬੀ ਹੋਵੇ)

ਸੌ ਪਰਸਿੰਟ ਗਰੰਟੀ ਆ ਬੀ ਗਾਣਾ ਲਾਜ਼ਮੀ ਹਿੱਟ ਹੋਊ ਜੇ ਨਾਂ ਗੀਤ ਚੱਲੇ ਬਸ਼ੱਕ ਆਕੇ ਧੌਣੋਂ ਫੜ੍ਹ ਲਿਓ, ਸਾਡੇ ਆਲੇ ਨਿੱਕੇ ਗਰਨੈਬ ਨੂੰ.....ਘੁੱਦਾ

ਅਸਲ ਲੜਾਈ ਦੇ ਜੇਤੂ

2004- 2005 ਦੇ ਲਾਗੇ ਤਾਗੇ ਜੇ ਮੋਬਾਇਲ ਪੇਂਡੂ ਲੋਕਾਂ ਦੇ ਗੀਝੇਆਂ 'ਚ ਖੜਕਣ ਲੱਗੇ।
ਓਦੋਂ ਨੋਕੀਆ ਗਿਆਰਾਂ ਸੌ ਪੰਤਾਲੀ ਕ ਸੌ ਦਾ ਹੁੰਦਾ ਸੀ। ਹਰਿੱਕ ਦੇ ਵਸੋਂ ਬਾਹਰ ਸੀ ਗੱਲ। ਐਨ ਓਸੇ ਸਮੇਂ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਚਾਈਨਾ ਮੇਡ ਫੂਨ ਆਉਣ ਲੱਗੇ।
ਡੈੱਕ, ਰੀਲਾਂ, ਟੇਪ ਰਕਾੜ ਖੂੰਜੇ ਧਰਤੇ ਲੋਕਾਂ ਨੇ ਤੇ ਗਾਣੇਆਂ ਆਲੇ ਚੈਨਾ ਮੇਡ ਮੋਬਾਇਲ ਜਣੇਂ ਖਣੇਂ ਨੇ ਖਰੀਦੇ। ਗਰੀਬ ਦੇ ਵਿਆਹ 'ਚ ਧਰੇ ਪਨੀਰ ਪਕੌੜਿਆਂ ਅੰਗੂ ਚੈਨਾ ਦੇ ਫੂਨ ਜੰਤਾ ਨੇ ਮਿੰਟੋ ਮਿੰਟੀ ਚੱਕਲੇ। ਮੇਹਨਤੀ ਚੀਨੀ ਲੋਕਾਂ ਦੀਆਂ ਬਣਾਈਆਂ ਚੀਨ ਦੀਆਂ ਬੈਟਰੀਆਂ, ਲੜੀਆਂ , ਜਵਾਕਾਂ ਦੀਆਂ ਖੇਡਾਂ, ਲੇਜ਼ਰਾਂ ਤੇ ਹੋਰ ਤਾਤਾ ਬਾਤਾ ਭਾਰਤੀ ਬਜ਼ਾਰ 'ਚ ਵਿਕਿਆ। ਬਾਹਲੀ ਗੱਲ ਕੀ ਆ ਪਰਸੋਂ ਨਿੱਕੇ ਜੇ ਪਰੋਗਰਾਮ ਖਾਤਰ ਤੜਕੇ ਤੜਕੇ ਬਠਿੰਡੇ ਮੰਡੀ 'ਚ ਸਬਜ਼ੀ ਖਰੀਦਣ ਗਏ ਸੀਗੇ।
ਜਾਕੇ ਦੁਕਾਨਦਾਰ ਨੂੰ ਕਿਹਾ ,"ਪਰਧਾਨ ਦਸ ਕਿੱਲੋ ਖੀਰੇ ਜ਼ੋਖਦੇ"। ਦੁਕਾਨਦਾਰ ਬਣਾ ਸਵਾਰਕੇ ਕਹਿੰਦਾ ,"ਭਾਈ ਸਾਹਬ ਖੀਰੇ ਇੰਡੀਅਨ ਚਾਹੀਏ ਕਿ ਚਾਈਨੀਜ਼"। ਦੁਕਾਨਦਾਰ ਨੇ ਦੱਸਿਆ ਹੁਣ ਮੰਡੀਆਂ 'ਚ ਮੋਸਟਲੀ ਚੀਨ ਦੇ ਖੀਰੇ ਈ ਵਿਕਦੇ ਨੇ, ਦੂਜੇਆਂ ਨੂੰ ਕੋਈ ਬੇਰਾਂ ਬੱਟੇ ਨੀਂ ਪੁੱਛਦਾ।
ਭਾਰਤ ਆਲੇ ਅਰੁਣਾਚਲ ਪ੍ਰਦੇਸ਼ ਬੰਨੀਂ ਰਾਮਗੜ੍ਹੋਂ ਟਰੇਨਿੰਗ ਦੇਦੇ ਕੇ ਫੌਜ ਢੋਈ ਜਾਂਦੇ ਨੇ ਹਿੰਦ-ਚੀਨ ਬਾਡਰ ਦੀ ਰਾਖੀ ਕਰਨ ਖਾਤਰ। ਪਿੱਛੇ ਜੇ ਬਾਡਰ ਤੇ ਕਰੋੜਾਂ ਖਰਚਕੇ ਹਵਾਈ ਪੱਟੜੀ ਬਣਾਈ ਆ ਟੈਂਕ , ਤੋਪਾਂ ਢੋਣ ਖਾਤਰ। ਚੰਗੇ ਸਫੈਦੇ ਜਿੱਡੀਆਂ ਮਜ਼ੈਲਾਂ ਬਣਾ ਬਣਾ ਪਰਖੀ ਜਾਂਦਾ ਆਪਣਾ ਮੁਲਖ।
ਚੀਨ ਆਲੇ ਬਿਨਾਂ ਹਥਿਆਰੋਂ ਲੜਾਈ ਜਿੱਤੀ ਵੀ ਜਾਂਦੇ ਨੇ। ਹਲੇ ਤਾਂ ਅਗਲੇਆਂ ਦੀਆਂ ਅੱਖਾਂ ਮਿਚੀਆਂ ਜੀਆਂ ਰਹਿੰਦੀਆਂ ਮੈਨੂੰ ਮੇਦ ਜੇ ਪੂਰੀਆਂ ਖੁੱਲ੍ਹੀਆਂ ਹੁੰਦੀਆਂ ਅਮਰੀਕਾ ਦਾ ਸ਼ਕਾਟ ਕੇਹੜਾ ਨਾ ਪਵਾ ਦੇਂਦੇਂ। .....ਘੁੱਦਾ