Thursday 20 March 2014

ਹੀਰਾ ਪੁੱਤ

ਬਾਹਰਲੇ ਬੂਹੇ ਦਾ ਸੰਗਲੀ ਆਲਾ ਕੁੰਡਾ ਖੜਕਿਆ
ਮੰਜੇ ਦੀਆਂ ਬਾਹੀਆਂ ਨੂੰ ਹੱਥ ਪਾਕੇ ਪ੍ਰਕਾਸ਼ ਕੁਰ ਬੈਠੀ ਹੋਗੀ
ਗੁੱਛੂ ਮੁੱਛੂ ਕਰਕੇ ਚੁੰਨੀ ਸਿਰ ਤੇ ਧਰਦੀ ਨੇ ਪੁੱਛਿਆ
"ਕੇਹੜਾ ਵੇ ਭਾਈ ਐਸ ਵੇਲੇ, ਸੁੱਖ ਆ?
"ਤਾ..ਤਾ..ਤਾਈ ਮੈਂ ਜੱਸਾ , ਹੀ..ਹੀ..ਹੀਰਾ ਬਾਈ ਘਰੇ ਆ"?
"ਨਾ ਪੁੱਤ ਓਹਤਾ ਪਾਣੀ ਲਾਉਣ ਗਿਆ ਟਾਹਲੀ ਆਲੇ"
ਜੱਸੇ ਦੇ ਥਿਕਰਦੇ ਬੋਲ ਸੁਣਕੇ ਪ੍ਰਕਾਸ਼ ਕੁਰ ਦਾ ਅੰਦਰ ਕੰਬ ਗਿਆ
ਤੌੜੇ 'ਚੋਂ ਕੱਢਕੇ ਡੋਹਰੀ ਨਾਲ ਪਾਣੀ ਪੀਤਾ
ਟਾਣ ਤੇ ਰੱਖੇ ਟੈਮਪੀਸ ਨੇ ਪੰਜ ਕ ਵਜੇ ਦਾ ਟੈਮ ਦੱਸਿਆ
ਹਰਮੰਦਰ ਸੈਹਬ ਦੀ ਬਾਣੀ ਸੁਨਣ ਖਾਤਰ
ਅੱਬੜਵਾਹੇ ਕਿੱਲੀ ਤੇ ਟੰਗੇ ਰੇਡੀਏ ਦੀ ਸੁੱਚ ਜਾ ਨੱਪੀ
ਚਾਣਚੱਕ ਕਿਸੇ ਹੋਰ ਟੇਸ਼ਨ ਤੋਂ ਗੀਤ ਚੱਲਣ ਲੱਗਾ
"ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ......"
ਸੈਂਕੜੈ ਭੁਚਾਲ ਪ੍ਰਕਾਸ਼ ਕੁਰ ਦੇ ਪੈਰਾਂ ਹੇਠ ਸੈਂਕਣ ਲੱਗੇ
ਸਰਕਾਰੀ ਜੀਪਾਂ ਨੇ ਪਾਣੀ ਲਾਉਂਦੇ ਹੀਰੇ ਨੂੰ ਜਾ ਘੇਰਿਆ
ਝੋਨੇ ਦੇ ਵਾਹਣ 'ਚੋਂ ਟੱਕ ਭਰਕੇ ਹੀਰਾ ਨੱਕਾ ਬੰਦ ਕਰੀ ਜਾਂਦਾ ਸੀ
ਵਧੇ ਢਿੱਡ ਆਲੇ ਪੁਲਸੀਏ ਨੇ ਸਿਰੋਂ ਟੋਪੀ ਲਾਹ
ਸੱਜੀ ਕੱਛ 'ਚ ਨੱਪਦਿਆਂ ਡੰਡਾ ਹਵਾ 'ਚ ਘੁਕਾਇਆ
"ਚੱਲ ਓਏ ਵੱਡੇਆ ਸੂਰਮਿਆ ਬਹਿ ਜੀਪ 'ਚ"
"ਜਨਾਬ ਮੇਰਾ ਕਸੂਰ"
"ਸਾਲੇਆ ਗਿੱਠ ਗਿੱਠ ਦਾਹੜੀ ਵਧਾਈ ਆ, ਹਜੇ ਕਸੂਰ ਪੁੱਛਦਾਂ"
ਦੋਂਹ ਜੀਪਾਂ ਨਾ ਲੱਤਾਂ ਬੰਨ੍ਹਕੇ ਵਿਚਾਲਿਓਂ ਪਾੜਿਆ ਗੁਰਬਖਸ਼ਾ
ਹੀਰੇ ਦੀਆਂ ਅੱਖਾਂ ਅੱਗੋਂ ਘੁਕਣ ਲੱਗਾ
ਹੀਰੇ ਦੇ ਯਾਰ ਜੀਤੇ ਦੇ ਨਹੁੰ ਕੱਢਤੇ ਸੀ ਪੁਲਸ ਨੇ
ਪੁਲਸ ਨੂੰ ਝਕਾਣੀ ਦੇਕੇ ਹੀਰੇ ਨੇ ਸ਼ੂਟ ਵੱਟੀ
ਕਾਲਜ ਸਮੇਂ ਦੇ ਅਥਲੀਟ ਹੀਰੇ ਨੇ ਪੁਲਸ ਨੂੰ ਡਾਹ ਨਾ ਦਿੱਤੀ
ਚਾਰ ਛਾਲਾਂ ਮਾਰਕੇ ਸੂਏ ਦੀ ਪੱਟੜੀ ਤੇ ਜਾ ਚੜ੍ਹਿਆ
ਪਰ ਐਂਤਕੀ ਹੋਣੀ ਭਾਰੂ ਸੀ
ਪੁਲੀ ਤੇ ਖੜ੍ਹੇ ਛੋਹਲੇ ਪੁਲਸੀਆਂ ਨੇ ਹੀਰੇ ਨੂੰ ਅੱਗੋਂ ਆ ਘੇਰਿਆ
ਠਾਣੇਦਾਰ ਦੇ ਸੱਜੇ ਹੱਥ ਨੇ ਡੱਬ 'ਚੋਂ ਰਿਵਾਲਵਰ ਜਾ ਕੱਢਿਆ
ਚੜ੍ਹਦੇ ਵੱਲੋਂ ਪਹੁ ਫੁੱਟ ਰਹੀ ਸੀ
ਕਾਅਅੜੜ ਕਰਦੀ ਗੋਲੀ ਹੀਰੇ ਦੀ ਛਾਤੀ ਤੋਂ ਪਾਰ ਹੋਈ
ਰੁੱਖਾਂ ਤੇ ਬੈਠੇ ਸੈਂਕੜੇ ਪੰਛੀਆਂ ਨੇ ਉਡਾਣ ਭਰੀ
ਭਰਮੇਂ ਜੁੱਸੇ ਦਾ ਛੇ ਫੁੱਟਾ ਜਵਾਨ ਦੜ ਕਰਕੇ ਜ਼ਮੀਨ ਤੇ ਡਿੱਗਾ
ਘੱਤਰ ਦੀ ਜੰਗ ਦੇ ਅਵਾਰਡੀ ਫੌਜੀ ਦਾ ਇਕਲੌਤਾ ਪੁੱਤ ਹੀਰਾ
ਸੂਏ ਦੀ ਪਟੜੀ ਤੇ ਨਿੱਸਲ ਪਿਆ ਸੀ
ਕਰਮ ਕੁ ਦੀ ਵਿੱਥ ਤੇ ਹੀਰੇ ਦੀ ਛੇ ਲੜੀ ਪੱਗ ਪਈ ਸੀ
ਪ੍ਰਕਾਸ਼ ਕੁਰ ਵਾਹੋਦਾਹੀ ਨੰਗੇ ਪੈਂਰੀ ਭੱਜੀ ਆਉਂਦੀ ਸੀ
ਸਰਕਾਰੀ ਜੀਪਾਂ ਗਰਦੋ- ਗਾਰਦ ਕਰਦੀਆਂ
ਕਿਸੇ ਹੋਰ ਹੀਰੇ ਨੂੰ ਲੱਭਣ ਚਲੀਆਂ ਗਈਆਂ
ਪਿੰਡ ਦੇ ਗੁਰੂ ਘਰ ਦੇ ਸੌ ਫੁੱਟ ਉੱਚੇ ਨਿਸ਼ਾਨ ਸਾਹਬ ਤੇ
ਲੱਗਾ ਕੇਸਰੀ ਨਿਸ਼ਾਨ ਅਜ਼ਾਦ ਭਾਰਤ ਦੀ
ਗੁਲਾਮ ਹਵਾ ਵਿੱਚ ਬੇਖੌਫ ਝੂਲ ਰਿਹਾ ਸੀ......ਘੁੱਦਾ

No comments:

Post a Comment