Monday 29 July 2013

ਦਾਗ ਫੋਹੜਿਆਂ ਦੇ

ਅੱਕ ਕਰੀਰ ਉੱਗਰੇ ਤੀਆਂ ਆਲੀਆਂ ਥਾਵਾਂ ਤੇ
ਸਕੌਡਾ ਬਰਨਾ ਚੱਲਣ ਉਹਨ੍ਹਾਂ ਰਾਹਵਾਂ ਤੇ
ਆਰੇ ਵਿੱਚਦੀ ਕੱਢਤਾ ਪਿੱਪਲਾਂ ਬੋਹੜਾਂ ਨੂੰ
ਗਲਾ ਘੋਟ ਕੁਦਰਤ ਦਾ ਪੂਰਾ ਕੀਤਾ ਲੋੜਾਂ ਨੂੰ
ਇੱਕੋ ਥਾਲੀ ਰੋਟੀ ਖਾਂਦੇ ਸੀ ਪਿਆਰ ਲੋਹੜਿਆਂ ਦੇ
ਹਲੇ ਤੱਕ ਨਾ ਗਏ ਲੱਤਾਂ ਤੋਂ ਦਾਗ ਫੋਹੜਿਆਂ ਦੇ

ਐਤਬਾਰ ਨੂੰ ਕੇਸੀ ਨਾਹ ਭੱਠੀ ਤੇ ਜਾਂਦੇ ਰਹੇ
ਭੁੱਜੀ ਕਣਕ 'ਚ ਰਲਾਕੇ ਗੁੜ ਜਾ ਖਾਂਦੇ ਰਹੇ
ਪਿੱਛੇ ਕਰਕੇ ਮੀਢੀ ਜੂੜਾ ਕਰਿਆ ਹੁੰਦਾ ਸੀ
ਜੇਹੜਾ ਬੋਲੇ ਧਮੁੱਕ ਢੂਈ 'ਚ ਧਰਿਆ ਹੁੰਦਾ ਸੀ
ਸਿਰ 'ਚ ਰੋਬੜੇ ਪੱਕਗੇ ਕਦੇ ਵੱਜੇ ਰੋੜਿਆਂ ਦੇ
ਹਲੇ ਤੱਕ ਨਾ ਗਏ ਲੱਤਾਂ ਤੋਂ ਦਾਗ ਫੋਹੜਿਆਂ ਦੇ

ਮਾਘ ਮਹੀਨੇ ਭਲਵਾਨਾਂ ਦੀਆਂ ਛਿੰਝਾਂ ਪੈਂਦੀਆਂ ਸੀ
ਛਾਲ ਸੂਲੀ ਦੀ ਲੱਗੇ ਅੱਖਾਂ ਟੱਡੀਆਂ ਰੈਂਹਦੀਆਂ ਸੀ
ਚੁਸਤੀ, ਫੁਰਤੀ ਚੱਲਦੀ ਸੀ ਵਿੱਚ ਕਬੱਡੀ ਦੇ
ਖੱਦਰ ਗਲਾਸਾਂ 'ਚ ਚੱਲੇ ਪਿੱਗ ਘਰਦੀ ਕੱਢੀ ਦੇ
ਨੀਲ ਪਿੰਡੇ ਤੇ ਛਪਗੇ ਬਾਪੂ ਦਿਆਂ ਜੋੜਿਆਂ ਦੇ
ਹਾਲੇ ਤੱਕ ਨਾ ਗਏ ਲੱਤਾਂ ਤੋਂ ਦਾਗ ਫੋਹੜਿਆਂ ਦੇ

ਦਿਨ ਦਸਮੀਂ ਦੇ ਟੇਕਦੇ ਸੀ ਮੱਥੇ ਸਮਾਧਾਂ ਤੇ
ਭੰਨ ਚੋਰਿਓਂ ਕਿੰਨੇ ਚੂਪੇ ਗੰਨੇ ਕਮਾਦਾਂ ਦੇ
ਦੰਦ ਜੀਹਦੇ ਨਾ ਹੁੰਦੇ ਉਹਨੂੰ ਬੋੜ੍ਹਾ ਕਹਿੰਦੇ ਸੀ
ਜੂੰਡੋ ਜੂੰਡੀ ਹੋਕੇ ਵੀ ਫਿਰ ਕੱਠੇ ਬਹਿੰਦੇ ਸੀ
ਪੋਹ 'ਚ ਧੂੰਏ ਸੇਕੇ ਕਿੱਕਰਾਂ ਦਿਆਂ ਮੋਹੜਿਆਂ ਦੇ
ਹਲੇ ਤੱਕ ਨਾ ਗਏ ਲੱਤਾਂ ਤੋਂ ਦਾਗ ਫੋਹੜਿਆਂ ਦੇ.....ਘੁੱਦਾ

ਚੱਕ ਫੇਰ ਪਰਤਿਆਈਆਂ ਬੀਆਂ ਗੱਲਾਂ

ਚੱਕ ਫੇਰ ਪਰਤਿਆਈਆਂ ਬੀਆਂ ਗੱਲਾਂ....ਗੌਰ ਨਾ ਪੜ੍ਹਿਓ ਬੀਰ ਬਣੇ
1. ਚੰਡੀਗੜ੍ਹ 'ਚ ਜੀਹਦਾ ਕੋਈ ਭੂਆ ਮਾਸੜ ਚਾਚਾ ਤਾਇਆ ਜਾਂ ਰੈਹਣ ਦਾ ਠਾਹਰ ਨਹੀਂ ਹੁੰਦੀ ਉਹੋ ਜਾ ਪੇਂਡੂ ਬੰਦਾ ਚੰਡੀਗੜ੍ਹ ਜਾਕੇ ਰੋਡਬੇਜ਼ ਦੀ ਪਿਛਲੀ ਟਾਕੀ 'ਚੋਂ ਉੱਤਰਕੇ ਰਿਗਸ਼ੇ ਆਲੇ ਨੂੰ ਏਹੀ ਸਵਾਲ ਪੁੱਛਦਾ ,"ਨਿੱਕਿਆ ਕਿਸਾਨ ਭਬਨ ਕੇਹੜੇ ਪਾਸੇ ਆ ਭਲਾਂ" ?
2. ਹੁਣ ਤਾਂ ਸਾਰਾ ਸਮਿੰਟਡ ਕੰਮ ਹੋਗਿਆ ਪਹਿਲਾਂ ਹਰੇਕ ਘਰੇ ਟ੍ਰੈਕਟਰ ਦੇ ਬੱਡਾ ਟੈਰ ਧਰਕੇ ਖੁਰਨੀ ਬਣਾਈ ਵਈ ਹੁੰਦੀ ਸੀ। ਨਿੱਕੇ ਕੱਟਰੂ ਬੱਛਰੂ ਓਸੇ ਦਾਲੇ ਈ ਹੁੰਦੇ ਸੀ।
3 . ਪਟਵਾਰੀ ਜਾਂ ਕਿਸੇ ਹੋਰ ਸਰਕਾਰੀ ਬੰਦੇ ਕੋਲ ਕੰਮ ਕਰੌਣ ਬਗਜੋ । ਪਟਵਾਰੀ ਕਹਿ ਦੇਂਦਾ ਕੋਈ ਨਾ ਕਰਦਾਂਗੇ ਕੰਮ। ਆਵਦਾ ਮਨ ਨੀਂ ਖੜ੍ਹਦਾ ਜਦੋਂ ਆਪਾਂ ਆਪ ਈ ਪੰਜ ਸੌ ਦੇ ਦੇਣੇ ਆ ਪੜਦੇ ਜੇ ਨਾ ਏਨੇ ਨਾ ਆਵਦੇ ਮਨ ਨੂੰ ਤਸੱਲੀ ਹੋ ਜਾਂਦੀ ਆ ਬੀ ਹੁਣ ਹੋਜੂ ਕੰਮ । ਸਿਸਟਮ ਦਾ ਹਿੱਸਾ ਬਣ ਗਿਆ ।
4 .ਆਹ ਸਾਉਣ ਭਾਂਦੋ ਜੇ 'ਚ ਮੈਸ੍ਹਾਂ ਨਮੇਂ ਦੁੱਧ ਬਾਹਲੀਆਂ ਹੁੰਦੀਆਂ। ਹਰੇਕ ਈ ਸੈਕਲ ਦੇ ਹੈਂਡਲ ਤੇ ਡੰਡਾ ਜਾ ਧਰੀ ਫਿਰਦਾ ਹੁੰਦਾ ਤੇ ਗਲੀ ਮੋੜ ਤੇ ਹਰਿੱਕ ਨੂੰ ਏਹੋ ਸਵਾਲ ਕਰਦਾ ,"ਪਰਧਾਨ ਸਾਨ੍ਹ ਨੀਂ ਵੇਖਿਆ ਓਏ?"
5. ਜਦੋਂ ਕਿਸੇ ਦੇ ਸੱਟ ਫੇਟ ਬੱਜ ਜੇ ਐਂਕਸੀਡੈਂਟ ਬਗੈਰਾ ਹੋਜੇ ਤਾਂ ਆਪਣਾ ਮੁਲਖ ਕੱਠ ਬੰਨ੍ਹ ਲੈਂਦਾ ਮਰੀਜ਼ ਦੁਆਲੇ। ਨਾਲੇ ਤਾਂ ਉੱਤੇ ਦੀ ਉੱਤੇ ਚੜ੍ਹੀ ਜਾਣਗੇ ਨਾਲੇ ਆਖੀ ਜਾਣਗੇ ,"ਹਵਾ ਛੱਡੋ ਓਏ ਮਰੀਜ਼ ਨੂੰ ਹਵਾ"
6.ਪਿੰਡ ਆਲ਼ਾ ਬੰਦਾ ਜਦੋਂ ਪਿੰਡੋਂ ਬਾਹਰ ਕਿਸੇ ਵਿਆਹ ਸ਼ਾਦੀ ਗਿਆ ਹੋਵੇ ਜਾਂ ਹੋਰ ਕੰਮ ਲਾਮ ਗਿਆ ਹੋਵੇ ਓਦੋਂ ਪਿੰਡ ਫੂਨ ਕਰਕੇ ਆਹੀ ਗੱਲ ਪੁੱਛਦਾ ,"ਪਰਧਾਨ ਮੋਟਰਾਂ ਆਲੀ ਲੈਟ ਆਗੀ?"......ਘੁੱਦਾ

ਪਾਣੀਆਂ 'ਚ ਮਧਾਣੀਆਂ

ਤਖਤ ਦਮਦਮਾ ਸਾਬ੍ਹ ਤਲਵੰਡੀ ਸਾਬੋ ਘੁੱਦੇ ਤੋਂ ਬਵੰਜਾ ਕਿਲੋਮੀਟਰ ਦੂਰ ਆ। ਤਕਰੀਬਨ ਪੰਜ -ਛੇ ਸਾਲ ਪੁਰਾਣੀ ਗੱਲ ਹੋਣੀ ਆ। ਸਾਡੇ ਘਰਦੇਆਂ ਨੇ ਓਥੇ ਅਖੰਡ ਪਾਠ ਕਰਾਉਣ ਦੀ ਵਿਔਂਤ ਕਰਲੀ। ਮੈਨੂੰ ਛੱਡ ਬਾਕੀ ਸਾਡਾ ਪਰਿਵਾਰ ਤਖਤ ਸਾਹਬ ਚਲ ਗਿਆ। ਜਦੋਂ ਅਖੰਡ ਪਾਠ ਬਾਬਤ ਓਥੋਂ ਦੇ ਪਰਬੰਧਕਾਂ ਨਾਲ ਗੱਲ ਕਰੀ ਤਾਂ ਉਹਨ੍ਹਾਂ ਕਿਹਾ ਬਿਆਲੀ ਸੌ ਰੁਪਈਆ ਜਮਾਂ ਕਰਾਓ ਤੇ ਫਲਾਣੇ ਦਿਨ ਆਜੇਓ ਥੋਡੇ ਨਾਂ ਦੀ ਅਰਦਾਸ ਕਰਦਾਂਗੇ । ਏਮੇਂ ਜਿਮੇਂ ਈ ਕੀਤਾ ਗਿਆ। ਜਿੱਦੇਂ ਭੋਗ ਪਿਆ ਮਾਤਾ ਅਰਗੇ ਦੇਗ ਆਲ਼ਾ ਡੂਨਾ ਲਫਾਫੇ 'ਚ ਪਾਕੇ ਮੇਰੇ ਜੋਗਰੀ ਦੇਗ ਲਈ ਆਉਣ।

ਜਿੰਨੀ ਕ ਅਕਲ ਸੀਗੀ ਮੈਂ ਬੇਬੇ ਨਾਲ ਗੱਲ ਕੀਤੀ ਬੀ ਏਹਤਾ ਬਾਣੀ ਵੇਚਣ ਆਲਾ ਕੰਮ ਆ ਡਰੈਗਟ ਈ। ਘਰਦੇ ਕਹਿੰਦੇ ਨਿੱਕਿਆ ਚਾਰ ਜਮਾਤਾਂ ਪੜ੍ਹਕੇ ਹੰਕਾਰ ਗਿਆ ਤੂੰ। ਮਰਦਬਾਨ ਅਰਗਾ ਮੂੰਹ ਕਰਕੇ ਮੈਂ ਪਿਛਾਂਹ ਦੌਣ ਤੇ ਹੋਕੇ ਬਹਿ ਗਿਆ ਜਕ ਨਾਲ । ਗੱਲ ਹੋਈ ਨਿੱਬੜੀ।

ਐਂਰਕੀ ਫੇਰ ਓਹੀ ਕੁਸ ਵੇਖਿਆ। ਅਕਾਲ ਤਖਤ ਸਾਬ੍ਹ ਦੀ ਬੈਕ ਸੈੜ ਤੇ ਜਿੰਨੇ ਵੀ ਕਮਰੇ ਨੇ ਸਾਰੇ ਏਸੇ ਕੰਮ ਲਈ ਵਰਤੇ ਜਾਂਦੇ ਨੇ। ਹਰਿੱਕ ਕਮਰੇ 'ਚ ਅਖੰਡ ਪਾਠ ਚਲਦੇ ਨੇ। ਕੋਈ ਨੀਂ ਸੁਣਦਾ ਕੱਲੇ ਪਾਠੀ ਪੜ੍ਹਦੇ ਨੇ। ਡੱਕੇ ਲੋਕ ਪੈਸੇ ਜਮਾਂ ਕਰਾ ਜਾਂਦੇ ਨੇ ਤੇ ਭੋਗ ਆਲੇ ਦਿਨ ਅਰਦਾਸ 'ਚ ਨਾਂ ਪਵਾਕੇ , ਡੋਲੂ 'ਚ ਦੇਗ ਪਵਾਕੇ ਘਰੇ ਲੈ ਜਾਂਦੇ ਆ ਬੀ ਚਲੋ ਪੁੰਨ ਲਾਗਿਆ, ਪਾਪ ਲਹਿਗੇ । ਕਈ ਸੁੱਖੀ ਬੈਠੇ ਹੁੰਦੇ ਬੀ ਹੇ ਬਾਬਾ ਨਾਨਕਾ ਜੇ ਕਰਨੀ ਆਲਾ ਆਂ ਤਾਂ ਐਰਕੀ ਮੁੰਡਾ ਦੇਦੇ ਬਹੂ ਨੂੰ ਖੰਡ ਪਾਠ ਕਰਾਮਾਂਗੇ। ਮਲਬ ਬਾਬੇ ਨੂੰ ਰਿਸ਼ਵਤ ਦਿੱਤੀ ਜਾਂਦੀ ਆ ਇੱਕ ਤਰ੍ਹਾਂ । ਲੋਕ ਤਾਂ ਪਹਿਲਾਂ ਈ ਲੱਸੀ 'ਚ ਸੰਦ ਘੋਲਣ ਆਲੇ ਨੇ ਉੱਤੋਂ ਸਾਡੇ ਸਿੱਖ ਪਰਚਾਰਕ ਵੀ ਜੰਤਾ ਨੂੰ ਸਮਝਾਉਣਾ ਤਾਂ ਕੀ ਆ ਸਮਾਂ ਦੀ ਰਸੀਦ ਕੱਟਕੇ ਬਿਆਲੀ ਸੌ ਬੋਚ ਕ ਦਨੇ ਗੱਲੇ 'ਚ ਪਾ ਲੈਂਦੇ ਨੇ।

ਕੁੱਲ ਮਿਲਾਕੇ ਸਾਡੇ ਲੋਕਾਂ ਦਾ ਜ਼ੋਰ ਏਸੇ ਗੱਲ ਤੇ ਲੱਗਾ ਬਾ ਬੀ ਗੁਰੂ ਗ੍ਰੰਥ ਪੜ੍ਹਨਯੋਗ ਘੱਟ ਤੇ ਪੂਜਣਯੋਗ ਜ਼ਿਆਦਾ ਆ। ਸਿੱਖਾਂ ਦਾ ਮੱਕਾ ਸ੍ਰੀ ਹਰਮੰਦਰ ਸਾਬ੍ਹ, ਉੱਥੇ ਈ ਵਿਤਕਰਾ ਕੀਤਾ ਜਾਂਦਾ ਸੌ ਟੇਕਣ ਆਲ਼ੇ ਨੂੰ ਸਿਰੋਪਾ ਦੂਜੇ ਨੂੰ ਠਣ ਠਣ ਗਪਾਲ। ਕਿਹਾ ਜਾਂਦਾ ਗੋਇੰਦਵਾਲ ਸਾਬ੍ਹ ਦੀਆਂ ਚੌਰਾਸੀ ਪੌੜੀਆਂ ਤੇ ਬਹਿਕੇ ਚੌਰਾਸੀ ਆਰੀ ਜਪੁਜੀ ਸਾਬ੍ਹ ਦਾ ਪਾਠ ਕਰੋ ਜੀ ਚੌਰਾਸੀ ਕੱਟੀ ਜਾਊ। ਜਾਂ ਵੇਖਿਆ ਗੁਰੂ ਘਰਾਂ ਦਿਆਂ ਸਰੋਵਰਾਂ ਤੋਂ ਦਸਾਂ ਦਸਾਂ ਆਲੀਆਂ ਕੇਨੀਆਂ 'ਚ ਜਲ ਪਾਕੇ ਘਰੇ ਲਿਜਾਇਆ ਜਾਂਦਾ ਗੰਗਾ ਜਲਾਂ ਅੰਗੂ। ਹਰੇਬਾਈ ਆਕੇ ਕੇਨੀ 'ਚ ਜਿਲ੍ਹਬਾਂ ਜੰਮ ਜਾਂਦੀਆਂ ਆਪਣੀ ਜੰਤਾ ਤਿੰਨ ਤਿੰਨ ਉਹੀ ਪੀ ਜਾਂਦੇ ਨੇ। ਏਹਨਾਂ ਵੇਹਲੇ ਕੰਮਾਂ ਦਾ ਗੁਰੂ ਗ੍ਰੰਥ ਸਾਹਬ 'ਚ ਕਿਤੇ ਜ਼ਿਕਰ ਨਹੀਂ ਕਰਿਆ ਬਾ।

ਸਿਮੀਲਰਲੀ ਕਈ ਬੀਬੀਆਂ ਬਾਬੇਆਂ ਕੋਲ ਜਾਂਦੀਆਂ ਬੀ ਬਾਬਾ ਜੀ ਗਿੱਟੇ ਗੋਡੇ ਬਾਹਲੇ ਦੁੱਖਦੇ ਆ ਇਲਾਜ ਕਰੋ ਅੱਗੋਂ ਬਾਬੇ ਵੇਖੇ ਆ ਕੁੜੀ ਦੇ ਜਾਰ ਗੁਰਬਾਣੀ ਦੀਆਂ ਚਾਰ ਤੁਕਾਂ ਦਾ ਪ੍ਰਿੰਟ ਆਊਟ ਕੱਢਕੇ ਬੀਬੀਆਂ ਨੂੰ ਦੇ ਦੇਂਦੇ ਆ ਬੀ ਬੀਬਾ ਦੋਹੇਂ ਟੈਮ ਏਹੀ ਪੜ੍ਹੀ ਚੱਲੋ। ਬੀਬੀਆਂ ਬਚਾਰੀਆਂ ਰੱਟਾ ਲਾਈ ਜਾਂਦੀਆਂ। ਅਸਲ 'ਚ ਸਾਡੇ ਲੋਕ ਗੁਰਬਾਣੀ ਨੂੰ ਅਈਂ ਸਮਝਦੇ ਆ ਬੀ ਏਹੇ ਅੰਗਰੇਜ਼ੀ ਦਬਾਈ ਅੰਗੂ ਨਾਲ ਦੀ ਨਾ ਅਸਰ ਕਰਜੇ। ਜੇ ਸਿਰ ਦੁਖਦਾ ਚਲੋ ਕਰੋ ਪਾਠ, ਜਬਾਕ ਹਸਪਤਾਲ ਦਾਖਲ ਆ ਪਾਠ ਸੁਖਲੋ ਬਾਬੇ ਦਾ।ਪੰਜਾਬ ਦੇ ਮੋਸਟਲੀ ਪਿੰਡਾਂ 'ਚ ਤਿੰਨ ਤਿੰਨ ਚਾਰ ਚਾਰ ਗੁਰੂਦੁਆਰੇ ਬਣਾਏ ਵਏ ਨੇ। ਗੋਨੇਆਣੇ ਦੇ ਲਹਿੰਦੇ ਪਾਸੇ ਪਿੰਡ ਆ "ਨੇਹੀਆਂ ਵਾਲਾ" । ਓਥੇ ਨੌਂ ਦਸ ਗੁਰਦਆਰੇ ਵੇਖੇ ਨੇ। ਆਹ ਜੀ ਚਮਿਆਰਾਂ ਦਾ ਗੁਰਦਆਰਾ, ਆਹ ਜੱਟਾਂ ਦਾ, ਆਹ ਚੂੜ੍ਹਿਆਂ ਦਾ ਅੱਡ ਆ।

ਬਾਈ ਜਰ ਮੰਨਣਾ ਪਊ ਕਿੰਨੇ ਫੁੱਦੂ ਆ ਆਪਾਂ ਇੱਕ ਪਾਸੇ ਤਾਂ ਉਹਨੂੰ ਮੱਥਾ ਟੇਕਦੇ ਆ ਜੀਹਦੇ 'ਚ ਲਿਖਿਆ, "ਮਾਨਸੁ ਕੀ ਜਾਤ ਸਭੈ ਏਕੈ ਪਹਿਚਾਨਬੋ" । ਤੇ ਦੂਜੇ ਪਾਸੇ ਉਹਦੀ ਗੱਲ ਨੀਂ ਮੰਨਦੇ। ਫੇਰ ਮੱਥਾ ਛੁਣਛੁਣਾ ਫੜ੍ਹਨ ਨੂੰ ਟੇਕਦੇ ਆਂ ਜੇ ਆਪਾਂ ਗੱਲ ਈ ਨਹੀਂ ਮੰਨਣੀ। "ਸੋ ਕਿਓ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ"  ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਤੋਂ ਨੂੰਹ ਕੋਲ ਮੁੰਡਾ ਹੋਣ ਦੀ ਉਮੀਦ ਰੱਖੀ ਜਾਂਦੀ ਆ। ਜੇਹੜੇ ਗੁਰੂਦੁਆਰੇ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਤੋਂ ਬਾਹਰ ਨੇ, ਓਥੇ ਕਿਸੇ ਨਾ ਕਿਸੇ ਨਿੱਜੀ ਬਾਬੇ ਦਾ ਕਬਜ਼ਾ ਹੁੰਦਾ । ਲੋਕਾਂ ਵੱਲੋਂ ਚੜ੍ਹਾਵੇ ਵਜੋਂ ਆਈਆਂ ਐੱਕਸ. ਯੂ. ਵੀ ਤੇ ਡਸਟਰਾਂ ਏਹਨਾਂ ਬਾਬੇਆਂ ਕੋਲ ਆਮ ਵੇਖਲਿਓ। ਅਗਲੇ ਰੇਤਾ ਝਾੜਕੇ ਉੱਤੇ ਕਬਰ ਵੀ ਨੀਂ ਪਾਉਂਦੇ।

ਲੋਕਾਂ 'ਚ ਧਾਰਨਾ ਬਣੀ ਵਈ ਵੀ ਆ ਏਹ ਬਾਬੇ ਬਚਨਾਂ ਨਾਲ ਸੰਗਤ ਦੇ ਦੁੱਖ ਦੂਰ ਕਰਦੇ ਨੇ। ਏਹਨਾਂ ਬਾਬੇਆਂ ਬਾਰੇ ਬੀਬੀਆਂ ਦੇ ਏਹ ਵਿਚਾਰ ਹੁੰਦੇ ਨੇ ਬੀ ਆਹ ਬਾਬਾ ਬੜਾ ਜ਼ਾਹਰਾ, ਬੜੀ ਕਰਨੀ ਆਲਾ, ਜਾਣੀ ਜਾਣ ਆ।  ਗੁੜ ਦੀਆਂ ਪਕੌੜੀਆਂ ਅਰਗੇ ਦੰਦਾਂ ਨਾ ਫੂਕ ਮਾਰਕੇ ਲਾਚੀਆਂ ਦੇਂਦੇ ਆ ਬੀਬੀਆਂ ਨੂੰ।ਜਵਾਕ ਦੇ ਕੁੜਤੇ ਪਜਾਮੇ ਜਿੰਨਾ ਲੀੜਾ ਏਹਨਾਂ ਬਾਬੇਆਂ ਦੇ ਕਛੈਹਰਿਆਂ ਤੇ ਲੱਗ ਜਾਂਦਾ ਫੇਰ ਏਹ ਕਛਿਹਰੇ ਧੋਣ ਖਾਤਰ ਵੀ ਕੁੜੀਆਂ ਆਉਂਦੀਆਂ। ਜਦੋਂ ਲੋਟ ਲੱਗਦਾ ਬਾਬੇ ਵਿੱਢ ਲਾਉਣ ਲੱਗੇ ਵੀ ਮਿੰਟ ਈ ਮਾਰਦੇ ਨੇ। ਫੇਰ ਅਖਬਾਰਾਂ ਆਲੇ ਛਾਪੀ ਜਾਣਗੇ ਆਹ ਬਲਾਤਕਾਰ ਹੋ ਗਿਆ ਜੀ। ਜੇ ਆਪਾਂ ਆਪਣੀਆਂ ਕੁੜੀਆਂ ਸਾਨ੍ਹਾਂ ਕੋਲ ਭੇਜਾਂਗੇ ਤਾਂ ਆਹੀ ਕੁਸ ਕਰਨਗੇ ਅਗਲੇ ਰੱਖੜੀਆਂ ਨੀਂ ਬੰਨ੍ਹਾਂਉਦੇ। ਨਿੱਕੇ ਜੇ ਪਿੰਡ ਦੇ ਗੁਰੂ ਘਰ 'ਚ ਗੁਰੂ ਗਰੰਥ ਸਾਬ੍ਹ ਦੀਆਂ ਪੰਜ ਪੰਜ ਬੀੜਾਂ ਪਈਆਂ ਹੁੰਦੀਆਂ ਨੇ। ਫੇਰ ਕੋਈ ਨਾ ਕੋਈ ਡੱਕੇਆ ਅੱਗ ਲਾ ਦੇਂਦਾ। ਗਲਤੀ ਤਾਂ ਆਵਦੀ ਆ ਪਹਿਲਾਂ ਈ ਗੁਰੂ ਗਰੰਥ ਸਾਬ੍ਹ ਨੂੰ ਐਨਾ ਆਮ ਕਿਓਂ ਕੀਤਾ। ਗੁਰੂ ਗ੍ਰੰਥ ਸਾਬ੍ਹ ਦੀਆਂ ਬੀੜਾਂ ਵੰਡਣ ਦੀ ਥਾਂ ਉਹਦਾ ਸੰਦੇਸ਼ ਵੰਡਿਆ ਜਾਵੇ ਤਾਂ ਸੌ ਗੁਣਾ ਬੇਹਤਰ ਆ ।

ਇੱਕ ਹੋਰ ਗੱਲ। ਸਿੱਖ ਧਰਮ ਦੀ ਹਰਿੱਕ ਗੱਲ ਤਰਕ ਤੇ ਅਧਾਰਤ ਹੁੰਦੀ ਆ । ਉਦਾਹਰਨ ਵਜੋਂ ਕੜਾਹ ਪ੍ਰਸ਼ਾਦਿ ਦੀ ਦੇਗ ਈ ਭਲਾ ਕਾਹਤੋਂ ਵਰਤਾਈ ਜਾਂਦੀ ਆ। ਕਿਓਕਿ ਜਦ ਬੁਰੇ ਹਾਲਾਤਾਂ 'ਚ ਸਿੱਖ ਜੰਗਲਾਂ ਰੋਹੀਆਂ 'ਚ ਰਹਿੰਦੇ ਸੀ ਤਾਂ ਦੇਗ ਢਿੱਡ ਭਰਨ ਦਾ ਵਧੀਆ ਸਾਧਨ ਸੀ। ਕਦੇ ਪਰਤਿਆਕੇ ਵੇਖਲੋ ਕਿੰਨੀ ਮਰਜ਼ੀ ਭੁੱਖ ਹੋਵੇ ਥੋੜ੍ਹੀ ਦੇਗ ਖਾਕੇ ਈ ਨੱਕ ਮੁੜ ਜਾਂਦਾਂ। ਅਗਲੀ ਗੱਲ। ਪੁਰਾਣੇ ਸਮੇਂ ਅਖੰਡ ਪਾਠ ਪੜ੍ਹਦੇ ਸਮੇਂ ਘਿਓ ਦੀ ਜੋਤ ਬਾਲੀ ਜਾਂਦੀ ਸੀ ਕੋਲ , ਰਾਤ ਬਰਾਤੇ ਚਾਨਣ ਕਰਨ ਲਈ। ਘਿਓ ਦੀ ਲਾਟ ਤੇ ਆਮ ਜੇ ਕੀਟ ਪਤੰਗੇ ਨਹੀਂ ਆਉਂਦੇ। ਏਹਵੀ ਖਾਸ ਵਜ੍ਹਾ ਆ ਇੱਕ। ਅੱਜ ਕੱਲ੍ਹ ਅਨਬਰਟਰ, ਜਗਨੇਟਰ , ਬਲਬ ਟੂਪਾਂ ਸੌ ਕੁਸ ਆ ਚਾਨਣ ਖਾਤਰ। ਫੇਰ ਪਤਾ ਨੀਂ ਕਾਹਤੋਂ ਲੋਕ ਘਿਓ ਫੂਕੀ ਜਾਂਦੇ ਨੇ। ਏਹੀ ਘਿਓ ਜਵਾਕਾਂ ਨੂੰ ਖਵਾਓ ਮਾੜੀ ਮੋਟ ਤਰਿਔਤੀ ਹੋਵੇ ਆਦਰਾਂ ਖੁਸ਼ਕ ਹੋਈਆਂ ਪਈਆਂ।
ਗੁਰੂ ਘਰਾਂ 'ਚ ਲੱਗੇ ਨਿਸ਼ਾਨ ਸਾਹਿਬਾਂ ਦਾ ਬੜਾ ਖਾਸ ਮਤਲਬ ਆ । ਓਦਾਹਰਨ ਵਜੋਂ ਜਦੋਂ ਕਿਤੇ ਬਗਾਨੇ ਸ਼ਹਿਰ ਪਿੰਡ ਗਏ ਹੋਈਏ ਕੋਈ ਰੈਹਣ ਦੀ ਠਾਹਰ ਨਾ ਹੋਵੇ ਤਾਂ ਦੂਰੋਂ ਨਿਸ਼ਾਨ ਸਾਹਬ ਵੇਖ ਏਹੋ ਸੋਚੀਦਾ ਬੀ ਚਲੋ ਪਰਧਾਨ ਗੁਰਦੁਆਰੇ, ਰੋਟੀ ਟੁੱਕ ਨਾਲੇ ਰਹਿਣ ਦਾ ਹੱਲ ਹੋਗਿਆ । ਮਤਲਬ ਨਿਸ਼ਾਨ ਸਾਬ੍ਹ ਸਾਂਝੀ ਤੇ ਸੁਰੱਖਿਅਤ ਜਗ੍ਹਾ ਦੀ ਨਿਸ਼ਾਨੀ ਨੇ।
ਨਮਾਂ ਰਬਾਜ ਚੱਲਿਆ ਬਾ ਪੰਜਾਬ 'ਚ ਲੋਕਾਂ ਦੇ ਹੱਕ ਹਲਾਲਾਂ ਦੀ ਕਮਾਈ ਕੱਠੀਆਂ ਕਰਕੇ ਨਿੱਤ ਨਮੇਂ ਗੁਰੂ ਘਰ ਬਣਾਏ ਜਾਂਦੇ ਨੇ। ਫੇਰ ਸਿਓਨੇ ਦੀਆਂ ਕਹੀਆਂ ਤੇ ਚਾਂਦੀ ਦੇ ਬੱਠਲਾਂ ਨਾਲ ਨਿਓਂ ਪੱਥਰ ਧਰੇ ਜਾਂਦੇ ਨੇ। ਫੇਰ ਲੋਕਾਂ ਤੋਂ ਪੈਸੇ ਕੱਠੇ ਕਰਕੇ ਉੱਤੇ ਸਿਓਨਾ ਲਾਇਆ ਜਾਂਦਾ । ਮੁੱਕਦੀ ਗੱਲ ਏਹ ਆ ਕਿ ਜੇਹੜਾ ਪੈਸਾ ਲੋਕਾਂ ਦੀ ਭਲਾਈ ਖਾਤਰ ਜਾਂ ਸਿੱਖੀ ਦੇ ਪਰਚਾਰ ਤੇ ਲਾਉਣਾ ਹੁੰਦਾ ਉਹ ਕੰਧਾਂ ਤੇ ਥੱਪ ਦਿੱਤਾ ਜਾਂਦਾ। ਗੁਰੂਦੁਆਰੇ ਬਣਾਉਣੇ ਮਾੜੀ ਗੱਲ ਨਹੀਂ। ਪਰ ਹਰਿੱਕ ਪਿੰਡ 'ਚ ਤਿੰਨ ਤਿੰਨ ਗੁਰੂ ਘਰ ਤਾਂ ਪਹਿਲਾਂ ਈ ਬਣੇ ਵਏ ਨੇ ਹੋਰ ਬਣਾਕੇ ਕੀ ਵਜ਼ੀਫਾ ਲੈਣਾ ।
ਜਾਂ ਚੇਲੇ ਚੱਪੜੇ ਸਿੱਖਾਂ ਦੀ ਭਾਵਨਾ ਨੂੰ ਕੈਸ਼ ਕਰਕੇ ਕਹਿਣਗੇ ਤੁਸੀਂ ਬੀਬਾ ਸਵਾ ਮੀਹਨਾ ਨੰਗੇ ਪੈਰੀਂ ਗੁਰਦਆਰੇ ਮੱਥਾ ਟੇਕਣ ਜਾਇਆ ਕਰੋ। ਸਾਡੀ ਗਾਤਰਿਆਂ ਆਲ਼ੀ ਜੰਤਾ ਉਹਨ੍ਹਾਂ ਦੇ ਆਖੇ ਲੱਗ ਵਹਿਮ ਪੂਰਾ ਕਰਨ ਗੁਰੂ ਘਰ ਨੰਗੇ ਪੈਂਰੀ ਈ ਜਾਂਦੀ ਆ ਭਮਾਂ ਸੂਲ ਬਹਿਜੇ ਪੱਬ 'ਚ।
ਜੇ ਸਿੱਖ ਗੁਰੂਆਂ ਦੀਆਂ ਫੋਟਮਾਂ ਮੂਹਰੇ ਧੂਫਾਂ ਅਗਰਬੱਤੀਆਂ ਈ ਲਾਉਣੀਆਂ ਫੇਰ ਬਿਸ਼ਨੂੰ ਬਰਮੇ ਤੇ ਬਾਬੇ ਨਾਨਕ ਸਾਹਬ ਹੋਣਾਂ 'ਚ ਕੀ ਫਰਕ ਰਹਿ ਗਿਆ।
ਹਰਿੱਕ ਦੇ ਹਜ਼ਮ ਨਹੀਂ ਹੋਣਾ ਕਿਓਕੇਂ ਬਰਾਨੀ ਵਾਹਣ ਤੇ ਉੱਗਰੀ ਵੱਲ ਨਾ ਲੱਗਕੇ ਜੇਠ ਹਾੜ੍ਹ ਦੀਆਂ ਧੁੱਪਾਂ 'ਚ ਪੱਕੇ ਕੌੜਤੂੰਮੇ ਜਿੰਨਾ ਕੌੜਾ ਸੱਚ ਤਾਂ ਏਹੋ ਆ ਸਾਡੇ ਸਿੱਖ ਪੰਥ ਦਾ।
ਖੌਣੀ ਕਦੋਂ ਸਰਬੰਸਦਾਨੀ ਦੇ ਬੋਲ ਸਿੱਖਾਂ ਅੰਦਰ ਘਰ ਕਰਨਗੇ ਜਦ ਉਹਨ੍ਹਾਂ ਹੱਥ ਜੋੜ ਸਿੱਖਾਂ ਨੂੰ ਜਾਂਦੀ ਆਰੀ ਕਿਹਾ ਸੀ,
"ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ"

                                                                                                             ਅੰਮ੍ਰਿਤ ਪਾਲ ਸਿੰਘ
                                                                                                             ਪਿੰਡ ਤੇ ਡਾਕ- ਘੁੱਦਾ
                                                                                                             ਜਿਲ੍ਹਾ ਵਾ ਤਹਿ - ਬਠਿੰਡਾ

ਬੀ.ਟੈੱਕ ਦਾ ਦਾਖਲਾ

ਸਾਡੇ ਆਲੇ ਨਿੱਕੇ ਗਰਨੈਬ ਨੂੰ ਬਾਰ੍ਹਾਂ ਕਰਾਤੀਆਂ ਧੂਹ ਘੜੀਸ ਨਾ ਨੌਨ ਮੈਡੀਕਲ ਰਖਾਕੇ। ਘਰਦੇਆਂ ਨੇ ਵਿਓਂਤ ਕਰੀ ਪੈਹਲਾਂ ਤਾਂ ਸਾਰੇ ਗੂਠੇ ਲਬੇੜਨ ਆਲੇ ਈ ਆ ਚਲ ਏਹਨੂੰ ਭੜਾਈਏ ਸਮਾਰ ਕੇ। ਤਾਏ ਅਰਗੇਆਂ ਨੇ ਕਿਸੇ ਤੋਂ ਜੂਨੀਬਰਾਸਟੀ ਦਾ ਫਾਰਮ ਮੰਗਾਲਿਆ ਭਰਾਵਾ ਬੀ. ਟਿੱਕ ਖਾਤਰ। ਫਾਰਮਾਂ ਆਲਾ ਕਹਿੰਦਾ ਫਾਰਮ ਭਰਕੇ ਡਾਕਖਾਨੇਓਂ ਰਜਿਸ਼ਟਰੀ ਕਰਾਦਿਓ ਏਹਦੀ। ਤਾਏ ਅਰਗੇ ਸਮਝਗੇ ਬੀ ਕਿਤੇ ਜ਼ਮੀਨ ਅੰਗੂ ਰਜਿਸ਼ਟਰੀ ਹੁੰਦੀ ਹੋਣੀ ਆ। ਆਅਅ ਕੀ ਭਾਈ ਫਾਰਮ ਭਰ ਭਰਾਕੇ ਆਂਢ ਗਮਾਂਢ 'ਚ ਹੋਕਾ ਦੇਤਾ ਬੀ ਬਠਿੰਡੇ ਜਾਣਾ ਡਾਕਖਾਨੇ ਰਜਿਸ਼ਟਰੀ ਕਰਾਉਣ। ਤਾਏ ਅਰਗਿਆਂ ਨੇ ਟੈਰੀਕਾਟ ਰੂਬੀਏ ਦੇ ਕੁੜਤੇ ਪਜਾਮੇ ਪਾਲੇ ਨਾਲ ਖੱਬੇ ਹੱਥ ਦੀ ਪੱਗ ਬੰਨ੍ਹਲੀ ਭਰਾਵਾ ਸ਼ਰਦਈ ਜੀ। ਤਾਏ ਅਰਗੇਆਂ ਨੇ ਨੰਬਰਦਾਰ ਨੂੰ ਸਿਨਿਆ ਲਾਤਾ ਬੀ ਆਜਾ ਪਰਧਾਨ ਰੀਟਰੀ ਕਰਾਉਣ ਜਾਣਾ। ਬਿੱਚੇ ਦੋ ਬੰਦੇ ਵੰਗਾਰ ਲੇ ਬੀ ਕੀ ਪਤਾ ਕਿਤੇ ਗਵਾਹੀ ਖਾਤਰ ਈ ਸੈਨ ਕਰਨੇ ਹੁੰਦੇ ਆ।
ਟਰੈਟ ਦਾ ਸਲਫ ਮਾਰ ਲਿਆ । ਤਾਈ ਕੈਂਹਦੀ ਖੜ੍ਹਜੋ ਦਸ ਕੁ ਮਿੰਟ ਪੌਣੇ ਨੌਂ ਹੋਗੇ , ਪਣਾਈ 'ਚ ਨੀਂ ਤੁਰਦੇ ਹੁੰਦੇ। ਸਾਰਾ ਟੱਬਰ ਬਚਾਰ ਜੀ ਕਰ ਗਿਆ ਬੀ ਚੱਲ ਪੰਦਰਾਂ ਮਿੰਟਾਂ ਪਿੱਛੇ ਕਾਹਨੂੰ ।
ਤਾਇਆ ਕੈਂਹਦਾ ਰਜਿਸ਼ਟਰੀ ਦਾ ਕੰਮ ਆ ਚਾਰ ਬੰਦੇ ਚੰਗੇ ਹੁੰਦੇ ਆ ਟਰੈਲੀ ਪਾਲੋ ਮਗਰ। ਦਸ ਬਾਰਾਂ ਬੰਦੇ ਹੋਗੇ ਭਾਈ। ਚੱਲਪੇ ਭਰਾਵਾ ਪਿੰਡੋਂ । ਹੱਥ ਆਲੀ ਰੇਸ਼ ਫੁੱਲ ਕਰਕੇ ਟਰੈਟ ਰਾਗਟ ਬਣਾਤਾ ਬਠਿੰਡੇ ਨੂੰ ਸਿੱਧਾ ਕਰਤਾ ਜਮਾਂ। ਦਾਣਾ ਮੰਡੀ 'ਚ ਟਰੈਟ ਡੱਕਰਕੇ ਆੜ੍ਹਤ ਤੋਂ ਪੈਸੇ ਫੜ੍ਹਲੇ , ਫੁੱਲ ਗਲਾਰੀ ਬੀ ਨਿੱਕੇ ਨੂੰ ਇੰਜਨੀਅਰ ਬਣੌਣਾ ਆ ਬਣੌਣਾ । ਸ਼ੈਹਰੀ ਜੰਤਾ ਕਰਿਜ਼ਮਿਆਂ ਐਕਟਿਬਾਂ ਆਲੇ ਝਾਕਣ ਬੀ ਏਥੇ ਕੇਹੜਾ ਛਪਾਰ ਦਾ ਮੇਲਾ ਲੱਗਿਆ ਅੱਜ ਚਾਣਚੱਕ ਜੇ।
ਨਿੱਕਾ ਭੱਜਕੇ ਕਚੈਹਰੀਆਂ 'ਚੋਂ ਸੌ ਸੌ ਦੇ ਦੋ ਪਰਨੋਟ ਚੱਕ ਲਿਆਇਆ ਬੀ ਕਿਤੇ ਮੌਕੇ ਤੇ ਨਾ ਭੱਜਣਾ ਪੈਜੇ। ਡਾਕਖਾਨੇ ਲਿਵੇ ਜਾਕੇ ਸੈੜ ਤੇ ਕਰਕੇ ਟਰੈਟਰ ਠੱਲ੍ਹਤਾ ਭਰਾਵਾ। ਤਇਆ ਮੂ੍ਹਰੇ ਮੂਹਰੇ ਡਾਕਖਾਨੇ ਵੜ ਗਿਆ ਬੀ ਹੁਣ ਦੋ ਮੈਂਟਾਂ 'ਚ ਕਰਾ ਦੇਣੇ ਆ ਰਜਿਸ਼ਟਰੀ ਦਾ ਕੰਮ। ਅੱਗੇ ਲਵੀ ਜੀ ਕੁੜੀ ਬੈਠੀ ਭਰਾਵਾ, ਮਾੜੇ ਜਵਾਕ ਦੀ ਚੀਚੀ ਜਿੱਡੀ ਉਹਦੀ ਬਿੰਦੀ ਲਾਈ ਬੀ, ਨਾਲੇ ਲਿੱਪਸਟਿੱਕ ਨਾਲਦੀ ਨਹੁੰ ਪਾਲਸ਼ ਲੱਗੀ ਬਈ। ਤਾਇਆ ਭਮੱਤਰ ਗਿਆ ਤੇ ਸਸਰੀਕਾਲ ਬੁਲਾਕੇ ਈ ਬੈਕ ਮੁੜ ਗਿਆ।
ਤਾਇਆ ਕੈਂਹਦਾ ਚੱਲ ਨੰਬਰਦਾਰਾ ਤੂੰ ਕਰਾ ਕੰਮ ਮੂ੍ਹਰੇ ਹੋਕੇ। ਨੰਬਰਦਾਰ ਨੇ ਉੱਤਲੇ ਬੁੱਲ੍ਹ 'ਚੋਂ ਜਰਦਾ ਕੱਢਕੇ ਕੰਧ ਨਾ ਮਾਰਿਆ ਕਹਿੰਦਾ ਚੱਲ ਬਾਈ। ਫਾਰਮ ਆਲੀ ਚਿੱਠੀ ਜੀ ਫੜ੍ਹਕੇ ਨੰਬਰਦਾਰ ਨੇ ਕੁੜੀ ਨੂੰ ਫੜ੍ਹਾਤੀ ਕੈਂਹਦਾ ਕੁੜੀਏ ਰਜਿਸ਼ਟਰੀ ਕਰਨੀ ਆ ਏਹਦੀ ਕੈਅ ਪੈਸੇ ਦੇਮਾਂ? ਕੁੜੀ ਨੇ ਪੱਚੀ ਰੁਪੈ ਲੈਕੇ ਸੜੀ ਜੀ ਟਿਗਟ ਲਾਕੇ ਰਜਿਸਟਰੀ ਕਰਤੀ ਭਰਾਵਾ ਤੇ ਪਿੱਛੇ ਤਾਇਆ ਨੋਟਾਂ ਆਲੇ ਝੋਲੇ ਦੀਆਂ ਗੰਢਾਂ ਢਿੱਲੀਆਂ ਕਰੀ ਜਾਵੇ ਬੀ ਖੌਣੀ ਰਜਿਸ਼ਟਰੀ ਤੇ ਕਿੰਨਾ ਕ ਖਰਚਾ ਔਣਾ। .....ਘੁੱਦਾ

ਪਰਤਿਆਈਆਂ ਬੀਆਂ ਗੱਲਾਂ

ਪਰਤਿਆਈਆਂ ਬੀਆਂ ਗੱਲਾਂ....ਫੇਰ ਦਬਾਰੇ ਗੌਰ ਕਰਿਓ
1. ਜਦੋਂ ਅੱਤ ਦੀ ਗਰਮੀ ਜਾਂ ਮੀਂਹ ਪੈਂਦਾ ਓਦੋਂ ਪੱਤਰਕਾਰ ਹਮੇਸ਼ਾ ਰਾਹ ਤੇ ਤੁਰੀਆਂ ਆਉਂਦੀਆਂ ਕੁੜੀਆਂ ਦੀ ਫੋਟੋ ਖਿੱਚਕੇ ਅਖਬਾਰਾਂ 'ਚ ਛਾਪਦੇ ਨੇ ਬੀ ਮੁਟਿਆਰਾਂ ਛਤਰੀ ਤਾਣੀ ਆਉਂਦੀਆਂ ਜੀ, ਮੁਟਿਆਰਾਂ ਮੀਂਹ ਦਾ ਲੁਤਫ ਲੈਂਦੀਆਂ ਜੀ। ਠਰਕ ਭੋਰਦੇ ਨੇ ਜਾਣਕੇ ਮੁੰਡੇਆਂ ਨੂੰ ਕੇਹੜਾ ਗਰਮੀ ਨੀਂ ਲੱਗਦੀ ਜਾਂ ਮੁੰਡੇ ਕੇਹੜਾ ਮੋਮੀਜਾਮੇ ਦੇ ਬਣੇ ਨੇ ਬੀ ਭਿੱਜਦੇ ਨੀਂ ਮੀਂਹ 'ਚ।
2. ਕਈ ਵੇਖੇ ਆ ਘਰੇ ਸੀਸੇ ਮੂ੍ਹਰੇ ਖੜ੍ਹੇ ਪੱਗ 'ਚ ਈ ਬਾਜ਼ ਫੇਰੀ ਜਾਣਗੇ । ਪੱਗ ਤੇ ਸਬਾ ਦੋ ਘੈਂਟੇ ਲਾ ਦੇਣਗੇ ਪਰ ਜੇ ਰਾਹ 'ਚ ਫਾਟਕ ਬੰਦ ਹੋਵੇ ਫੇਰ ਐਂਮੀ ਕਲੱਚ ਨੱਪਕੇ ਰੇਸ਼ਾਂ ਕਰੀ ਜਾਣਗੇ। ਭਮਾਂ ਰੇਲ ਆਕੇ ਕੱਦੂਕਸ਼ ਕਰਦੇ ਪਰ ਓਥੇ ਟੇਢੇ ਬੀਂਗੇ ਜੇ ਹੋਕੇ ਫਾਟਕ ਹੇਠ ਦੀ ਮੋਟਰਸੈਕਲ ਟਪਾ ਈ ਲੈਣਗੇ
3. ਪਿੰਡਾਂ ਆਲ਼ੇਆਂ ਦਾ ਇੱਕ ਅੱਧਾ ਚਾਚਾ ਫੌਜ 'ਚ ਲਾਜ਼ਮੀ ਹੁੰਦਾ ਹਰਿੱਕ ਦਾ।
4. ਫੇਸਬੁੱਕ ਤੇ ਜਿਮੇਂ ਜਿਮੇਂ ਬੰਦੇ ਦੇ ਲਾਈਕ ਵਧਦੇ ਜਾਂਦੇ ਨੇ ਓਮੇਂ ਓਮੇਂ ਹੰਕਾਰ ਵਧਦਾ ਜਾਂਦਾ । ਮੇਰੇ ਅਰਗੇ ਨਾਲ ਫੇਰ ਅਗਲਾ ਗੱਲ ਕਰਨੀ ਪਸਿੰਦ ਨੀਂ ਕਰਦਾ।
5. ਫਿਲਮਾਂ ਆਲ਼ੇ ਮਸ਼ਹੂਰ ਗੈਕ ਕਲਾਕਾਰ ਜਦੋਂ ਵੀ ਮਰਦੇ ਨੇ ਤਾਂ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਈ ਪੂਰੇ ਹੁੰਦੇ ਨੇ। ਖੌਣੀ ਪਤੰਦਰ ਜਾਣਕੇ ਈ ਮੋਨੋ ਦਾ ਟੀਕਾ ਲਾ ਦੇਂਦੇ ਨੇ ਭਰਕੇ ।
6. ਬੰਦਾ ਜਵਾਨੀ ਦੀ ਕੋਈ ਘਟਨਾ ਤਾਂ ਕਿਸੇ ਵੇਲੇ ਭੁੱਲ ਸਕਦਾ ਪਰ ਬਚਪਨ ਦੀ ਕੋਈ ਗੱਲ ਨੀਂ ਭੁੱਲਦੀ ਕਦੇ।
7. ਕਈ ਆਰੀ ਬੰਦੇ ਨਾ ਬਹੁਤ ਕੁੱਤੇਖਾਣੀ ਹੁੰਦੀ ਆ। ਬੰਦਾ ਆਵਦੇ ਜਣੀ ਮੋਬੈਲ ਚਾਰਜ ਤੇ ਲਾਕੇ ਜਾਂਦਾ । ਜਦੋਂ ਅੱਧੇ ਪੌਣੇ ਘੈਂਟੇ ਬਾਅਦ ਆਕੇ ਚੈੱਕ ਕਰਦਾ ਤਾਂ ਪਤਾ ਲੱਗਦਾ 'ਤਾਹਾਂ ਤੋਂ ਸੁੱਚ ਤਾਂ ਛੱਡੀ ਈ ਨੀਂ।
8. ਵਿਆਹਾਂ ਸ਼ਾਦੀਆਂ 'ਚ ਬੀਬੀਆਂ ਤਿੜ੍ਹ ਤਿੜ੍ਹ ਕੇ ਸੋਨਾ ਬਣਾਉਦੀਆਂ । ਫੇਰ ਆਪ ਈ ਆਖੀ ਜਾਣਗੀਆਂ, "ਨੀਂ ਭੈਣੇ ਜ਼ਮਾਨਾ ਬਾਹਲਾ ਮਾੜਾ, ਸੋਨਾ ਪਾਉਣ ਦੀ ਕੇਹੜਾ ਵਾਹ ਕੋਈ" .....ਘੁੱਦਾ

Saturday 20 July 2013

ਚੱਲ ਪੁੱਛੀਏ

ਚੱਲ ਪੁੱਛੀਏ ਝਨਾਂ ਦੀਆਂ ਛੱਲਾਂ ਨੂੰ
ਉਸ ਕਿੱਥੇ ਲਕੋਇਆ ਸੋਹਣੀ ਨੂੰ
ਤੀਰ ਟੁੱਟਗੇ ਤਰਕਸ਼ ਖਾਲੀ ਸੀ
ਕੋਈ ਟਾਲ ਸਕੇ ਨਾ ਹੋਣੀ ਨੂੰ
ਕੱਠ ਹੋਇਆ ਗੋਰਖ ਦੇ ਟਿੱਲੇ ਤੇ
ਕੋਈ ਖੜ੍ਹਿਆ ਏ ਜੋਗ ਲੈਣ ਲਈ
ਹੱਥ ਕਾਸਾ ਕੰਨੀ ਮੁੰਦਰਾਂ ਨੇ
ਤੇ ਰਾਹ ਖੇੜਿਆਂ ਦੇ ਪੈਣ ਲਈ
ਫੇਰ ਖਾਲੀ ਘੋੜੀ ਹਿਣਕ ਰਹੀ
ਕੀ ਹੋਇਆ ਦੱਸ ਅਸਵਾਰਾਂ ਨੂੰ
ਕਿਸ ਟੂਣਾ ਚੌਰਾਹੇ ਵਿੱਚ ਕੀਤਾ
ਜੋ ਲੱਗੀ ਨਜ਼ਰ ਪਿਆਰਾਂ ਨੂੰ
ਕਹਾਣੀ ਓਹੀ ਪਾਤਰ ਨਿੱਤ ਨਵੇਂ
ਬਾਜ਼ੀ ਰਾਸ ਨਾ ਆਏ ਹਜ਼ਾਰਾਂ ਨੂੰ
ਯਾਰ ਰੂਹ ਦਾ ਮੁੱਲ ਨਾ ਵਿਕਦਾ
ਨਿੱਤ ਗੇੜੇ ਮਾਰ ਬਜ਼ਾਰਾਂ ਨੂੰ ...ਘੁੱਦਾ

ਮੇਰੇ ਪਿੰਡ ਆਲੇ ਆੜੀ

ਜੂਨ ਮਹੀਨੇ ਸਕੂਲੋਂ ਛੁੱਟੀਆਂ ਹੋਇਆ ਕਰਨ। ਸਾਡੇ ਘਰਾਂ ਦੇ ਪਿਛਲੇ ਪਾਸੇ ਨੌਹਰਾ ਸੀ ਕਿਸੇ ਦਾ ,ਕੱਚੀਆਂ ਇੱਟਾਂ ਦਾ ਆਰਜੀ ਜਾ ਵਲਗਣ ਮਾਰਿਆ ਵਾ ਸੀ। ਓਸ ਬਾੜੇ 'ਚ ਗਰਮੀਆਂ ਦੀਆਂ ਦੁਪੈਹਰਾਂ ਨੂੰ ਅਸੀਂ ਨਿੰਮਾਂ ਤੇ ਗਾਲ੍ਹੜ ਟੁੱਕ ਖੇਡਿਆ ਕਰੀਏ। ਆਥਣੇ ਲੁਕਣ ਮਚੀਚੀਆਂ ਦਾ ਬਾਹਲਾ ਰਬਾਜ ਸੀ। ਹੱਦਾਂ ਬਗਲੀਆਂ ਬੀਆਂ ਸੀ। ਹੋਧਰ ਖੂਹਆਲਾ ਏਰੀਆ ਤੇ ਜੂਜੇ ਪਾਸੇ ਪੰਡਤਾਂ ਦੇ ਘਰ ਹੱਦ ਹੁੰਦੀ । ਜੇ ਕੋਈ ਏਹਤੋਂ ਬਾਹਰ ਜਾਕੇ ਲੁਕਦਾ ਤਾਂ ਉਹਦੇ ਸਿੱਕਰ ਸੱਤ ਦਾਵੀਆਂ ਹੁੰਦੀਆਂ। ਆਥਣੇ ਘੇਰਾ ਬਗਲਕੇ , ਚਪਲਾਂ ਕੱਠੀਆਂ ਕਰਕੇ ਬਾਂਦਰ ਕਿੱਲਾ ਖੇਡਦੇ। ਤਾੜ ਤਾੜ ਪੈਂਦੀਆਂ ਆਅਅ ਕੀ ਢੂਈਆਂ ਤੇ ਲੀਲ ਪੈ ਜਾਂਦੇ। ਫਲਾਫੇਆਂ ਨੂੰ ਬਲੇਟਾਂ ਨਾਲ ਕੱਟਕੇ ਬਹੁਕਰ ਦੀਆਂ ਤੀਲਾਂ ਪਾਕੇ ਘਰੇ ਪਤੰਗ ਬਣੌਂਦੇ ਫੇਰ ਨਿਆਈਆਂ 'ਚ ਤ੍ਰੇਲੀਆਂ ਕਣਕਾਂ ਆਲੇ ਵਾਹਣਾਂ 'ਚ ਜਾਕੇ ਚੜ੍ਹਾਉਂਦੇ। ਪੁਰਾਣੀਆਂ ਕੈਸ਼ਟਾਂ 'ਚੋਂ ਕੱਢੀਆਂ ਰੀਲਾਂ ਨੂੰ ਐਸ ਅ ਡੋਰ ਯੂਸ ਕਰਦੇ। ਨਿੰਮਾਂ ਦੀਆਂ ਨਮੋਲੀਆਂ ਗਲੇਲਾਂ 'ਚ ਵਰਤਦੇ। ਦੀਵਾਲੀ ਟੈਮ ਪੰਜਾਂ ਪੰਜਾਂ ਆਲੇ ਪਸਤੌਲਾਂ 'ਚ ਰੀਲ ਆਲੇ ਭੜਾਕੇ ਪਾਕੇ ਚੋਰ ਸ਼ਪਾਹੀ ਖੇਡਦੇ। ਹਰਿੱਕ ਐਤਬਾਰ ਚਾਰ ਆਲੀਆਂ ਫਿਲਮ ਦੇਂਹਦੇ ਰਲਕੇ। ਸਮਾਂ ਬਦਲ ਗਿਆ। ਘੋਨੀਆਂ ਜੀਆਂ ਸ਼ਕਲਾਂ ਤੇ ਦਾਹੜੀਆਂ ਉੱਗਰ ਆਈਆਂ। ਕੰਮ ਕਾਰ ਫਿਕਰ ਝੋਰੇਆਂ ਨੇ ਘੇਰ ਲਿਆ ਸਾਰਿਆਂ ਨੂੰ। ਫਿਰਵੀ ਜਿੰਦਾ ਦਿਲ ਨੇ ਸਾਰੇ ਈ। ਖੌਣੀ ਜਾਪੇ ਵੇਲੇ ਮਾਵਾਂ ਨੇ ਪੰਜੀਰੀ 'ਚ ਕੇਹੜੀ ਕਮਰਕੱਸ ਰਲਾਕੇ ਖਾਧੀ ਸੀ, ਅਖਰੋਟਾਂ ਅਰਗੇ ਕਲੇਜੇ ਨੇ ਪਤਿਓਰਿਆਂ ਦੇ। ਫਰਿੰਡ ਜਾਂ ਦੋਸਤ ਅਰਗੇ ਲਫਜ਼ ਨੀਂ ਲਾਗੂ ਹੁੰਦੇ ਏਹਨਾਂ ਤੇ। ਸਾਡੇ ਘਰੇ ਵਿਆਹ 'ਚ ਸਾਥੋਂ ਵੱਧ ਫਿਕਰ ਨਾ ਮੂਹਰੇ ਹੋ ਹੋ ਕੰਮ ਕਰਿਆ ਮੇਰੇ ਨਾਲ ਦਿਆਂ ਨੇ।
ਚੁੰਨੀ ਦੀ ਗੁੱਠ ਨਾ ਬੱਝੇ ਦਸਾਂ ਦੇ ਚੇਪੀ ਆਲੇ ਨੋਟ ਨੇ ਏਹੇ, ਕੱਚੇ ਪਹੇ ਦੇ ਬੰਨੇਆਂ ਤੇ ਉੱਗੇ ਅੱਕਾਂ ਕਰੀਰਾਂ ਅਰਗੇ,ਤੁੱਕੇ ਝਾੜ ਕੇ ਹਟੇ ਕਿੱਕਰ ਦੀ ਵਿਰਲੀ ਜੀ ਛਾਂ ਅਰਗੇ, ਬਸ ਪੂਛਲ ਤਾਰੇ ਅੰਗੂ ਚਮਕਦੇ ਰੈਹਣ, ਇੱਜੜ ਦੀ ਧੂੜ ਨਾ ਗਵਾਚਣ ਕਿਧਰੇ । ਬੇਬੇ ਦੀ ਅਸੀਸ ਅਸਰ ਕਰੇ ਤੇ ਜੁਗੋ ਜੁੱਗ ਜਿਓਂਦੇ ਰਹਿਣ ਖੂਹਆਲੇਆਂ ਦਾ ਬੀਤ, ਚੇਤਾ ਤੇ ਤਾਰੀ , ਢਿੱਲੋਆਂ ਦਾ ਬਲਕਾਰ ਤੇ ਜੱਗਾ, ਬਾਗਆਲੇਆਂ ਦਾ ਬਿੰਦਰ, ਮਲੂਕੇ ਆਲੇਆਂ ਦਾ ਪਿੰਦੂ, ਤਿਓਣੇ ਆਲਾ ਨਿੱਕਾ ਅਨਮੋਲ, ਚਹਿਲਾਂ ਦਾ ਮਾਣਕ, ਤੇ ਸਾਡੇ ਆਲ਼ਾਂ ਨਿੱਕਾ ਗਰਨੈਬ । ਧਨਵਾਦ ਸ਼ੁਕਰੀਆ ਅਰਗੇ ਲਫਜ਼ ਹੋਰਾਂ ਖਾਤਰ ਹੁੰਦੇ ਨੇ।...ਘੁੱਦਾ

ਪਰਤਿਆਈਆਂ ਵਈਆਂ ਗੱਲਾਂ

ਪਰਤਿਆਈਆਂ ਵਈਆਂ ਗੱਲਾਂ...ਫੇਰ ਗੌਰ ਕਰੋ ਐਂਰਕੀਂ
1. ਅੱਜਕੱਲ ਪਿੰਡਾਂ ਚ ਜਵਾਕ ਜੰਮਣ ਦਾ ਕਿਸੇ ਨੂੰ ਉਨਾਂ ਚਾਅ ਨੀਂ ਚੜਦਾ ਜਿੰਨਾ ਸਲੈਂਡਰਾਂ ਆਲੀ ਗੱਡੀ ਆਉਣ ਤੇ ਚੜਦਾ
2. ਪਿੰਡਾਂ ਦੇ ਵਿਆਹਾਂ ਚ ਹਲਵਾਈ ਸਾਰਾ ਘਰ ਛੱਡਕੇ ਹਮੇਸ਼ਾ ਪਸੂਆਂ ਆਲੇ ਬਰਾਂਡੇ ਚ ਈ ਬਿਠਾਇਆ ਜਾਂਦਾ
3. ਆਪਣਾ ਮੁਲਖ ਦਾਰੂ ਦਾ ਸ਼ੌਂਕੀ ਘੱਟ ਆ ਤੇ ਲਾਲਚੀ ਬਾਹਲਾ ਨਜ਼ੈਜ਼ ਆ
4. NRI ਪੰਜਾਬੀ ਪੰਜਾਬ ਦਾ ਬਾਹਲਾ ਫਿਕਰ ਕਰਦੇ ਨੇ। ਚਲੋ ਚੰਗੀ ਗੱਲ ਆ ਪਰ ਫੇਸਬੁੱਕ ਤੇ ਕਮੈਂਟਾਂ ਚ ਲਪੜੋ ਲਪੜੀ ਵੀ ਬਾਹਲਾ ਹੁੰਦੇ ਆ ਧਰਮ ਨਾ
5. ਕਈ ਬੰਦੇ ਰੋਟੀ ਖਾ ਕੇ ਬਾਹਲ਼ੀ ਚਵਲ ਮਾਰਦੇ ਨੇ, ਪਤੰਦਰ ਥਾਲੀ ਚ ਈ ਹੱਥ ਧੋਕੇ ਚਕਲ ਵਕਲਾ ਜਾ ਕੰਮ ਕਰ ਦੇਦੇ ਨੀ ਤੇ ਨਾਲ ਦੇ ਦਾ ਖਾਣਾ ਦੁੱਭਰ ਕਰ ਦੇਣਗੇ
6. ਵਿਆਹਾਂ ਸ਼ਾਦੀਆਂ ਚ ਖਾ ਖਾ ਕੇ ਆਪਣੇ ਮੁਲਖ ਦਾ ਢਿੱਡ ਤਾਂ ਭਰ ਜਾਂਦਾ ਪਰ ਨੀਤ ਨੀਂ ਭਰਦੀ। ਅੱਧੀ ਅੱਧੀ ਕੈਲੋਂ ਗਲਾਬਜਾਮਨਾਂ ਖਾਕੇ ਢਿੱਡ ਤਾਂ ਭੂੰਗ ਆਲੀ ਟਰੈਲੀ ਅੰਗੂ ਪਾਟਣ ਤੇ ਆਇਆ ਵਾ ਹੁੰਦਾ ਫਿਰ ਵੀ ਕੁਰਸੀਆਂ ਤੇ ਬੈਠੇ ਅਈਂ ਕਰੀ ਜਾਣਗੇ ,"ਨਿੱਕਿਆ ਚਾਟ ਆਲੇ ਨੂੰ ਭੇਜੀਂ ਚਾਟ ਆਲੇ ਨੂੰ" ...ਘੁੱਦਾ

ਪੁੱਤ ਸੁਣਾਦੇ ਖਬਰਾਂ ਵੇ

ਲੈ ਸੁਣੀਂ ਨਿੱਕਿਆ ਓਏ ਅਖਬਾਰਾਂ ਦੀਆਂ ਖਬਰਾਂ
ਓਤਰਾਖੰਡ ਮਰਿਆਂ ਨੂੰ ਨਸੀਬ ਹੋਈਆਂ ਨਾ ਕਬਰਾਂ
ਜੇਹੜਾ ਰੱਬ ਲੱਭਦੇ ਸੀ ਓਹ ਵੀ ਵਿੱਚੇ ਰੁੜ੍ਹ ਗਿਆ
ਕੱਢੇ ਹੈਲੀਕਵਾਟਰਾਂ ਨੇ ਅੰਨ ਪਾਣੀ ਵੀ ਥੁੜ੍ਹ ਗਿਆ
ਬੇਦੋਸ਼ੇ ਹਜ਼ਾਰਾਂ ਈ ਪਵਿੱਤਰ ਗੰਗਾ ਰੋੜ੍ਹ ਕੇ ਲੈਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿ ਗਈ

ਕਾਂਗਰਸ ਅਕਾਲੀ ਵੀ ਰਹੇ ਪੰਚੈਤੀ ਚੋਣਾਂ ਤੇ ਭਾਰੂ
ਆਟਾ ਦਾਲ ਆਲੇਆਂ ਨੇ ਐਂਰਕੀ ਫਰੀ ਵੰਡੀ ਸੀ ਦਾਰੂ
ਵਾਅਦੇ ਕਰੇ ਤਰੱਕੀ ਦੇ ਨਸ਼ੇ ਕੁੱਲ ਮੁਲਖ ਨੂੰ ਵੰਡੇ
ਬਾਕੀ ਸੋਫੀ ਵੋਟਰਾਂ ਦੇ ਘਰ ਘਰ ਜਾ ਫੜ੍ਹਾਏ ਠੰਡੇ
ਸਰਪੰਚੀ ਜਿੱਤਣ ਲਈ ਕਿੱਲਾ ਬੈਅ ਕਰਾਉਣੀ ਪੈਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿ ਗਈ

"ਮੈਂ ਕੱਟੜ ਹਿੰਦੂ ਆਂ" ਹੁੱਬਕੇ ਨਰਿੰਦਰ ਮੋਦੀ ਕਹਿੰਦਾ
ਗੋਧਰਾ ਕਾਂਡ ਆਲੇਆਂ ਨਾ ਸਾਨੂੰ ਕੋਈ ਫਰਕ ਨੀਂ ਪੈਂਦਾ
ਕੀ ਬਣਨਾ ਭਾਜਪਾ ਦਾ ਜੇ ਅਡਵਾਨੀ ਹੱਥੋਂ ਖੋ ਲਿਆ
ਰਲਕੇ ਤੋਕੜ ਮਹਿੰ ਅੰਗੂ ਨਿਆਣਾ ਪਾਕੇ ਚੋ ਲਿਆ
ਕਲੀਨ ਚਿੱਟਾਂ ਪਿੱਛੋਂ ਵੀ ਟੈਟਲਰ ਤੇ ਜਾਂਚ ਦਬਾਰੇ ਪੈਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿ ਗਈ

ਨਿੱਤ L.O.C ਤੇ ਪਾਕਿ ਵੀ ਨਿੱਤ ਈ ਗੋਲੀ ਚਲਾਵੇ
ਓਧਰ ਚੁੱਚੀ ਅੱਖਾ ਜਾ ਚੀਨ ਚੜ੍ਹਿਆ ਭਾਰਤ ਤੇ ਆਵੇ
ਪਰਾਂ ਦੱਖਣੀ ਭਾਰਤ 'ਚ ਪੈਂਦਾ ਤੇਲੰਗਾਨਾ ਦਾ ਰੌਲਾ
ਅੰਤਰਰਾਸ਼ਟਰ ਮੰਡੀ 'ਚ ਰੁਪਈਆ ਹੋਰ ਹੋਗਿਆ ਹੌਲ਼ਾ
ਚਿੱਤ ਅੱਕੇ ਕਿਸਾਨੀ ਤੋਂ ਜਵਾਨੀ ਜ਼ਹਾਜ਼ਾ ਜੋਗੀ ਰਹਿਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿ ਗਈ......ਘੁੱਦਾ

ਸਾਡੇ ਲੋਕ

ਹਲਾਂ ਮਗਰ ਉੱਡਦੇ ਬਗਲਿਆਂ ਦੀਆਂ ਡਾਰਾਂ ਤੋਂ ਉੱਡਣਾ ਸਿੱਖਦੇ ਆ ਅਸੀਂ।
ਸਾਉਣ ਮਹੀਨੇ ਪੈਂਦੀਆਂ ਫੁਹਾਰਾਂ ਕਰਕੇ ਲਾਚੜੀਆਂ ਕੋਇਲਾਂ ਦੀ ਕੂਕ ਸਾਡੇ ਕੰਨੀਂ ਵਸੀ ਵਈ ਆ।
ਸੂਏਆਂ 'ਚ ਰੁੜ੍ਹੇ ਆਉਂਦੇ ਲਲੇਰਾਂ ਅਰਗੇ ਕਾਲਜੇ ਨੇ ਸਾਡੇ ਲੋਕਾਂ ਨੇ। ਉੱਤੋਂ ਕੱਛੂਕੁੰਮੇ ਦੀ ਖੱਲ ਅਰਗੇ ਸਖਤ ਤੇ ਅੰਦਰੋਂ ਗਿਰੀ ਅਰਗੇ ਸਫੈਦ ਤੇ ਕੂਲੇ। ਝੋਨੇ ਦੇ ਵਾਹਣ 'ਚੋਂ ਕਹੀ ਦੇ ਟੱਕ ਨਾ ਚੱਕੀ ਗਾਚੀ ਅਰਗੇ ਲੋਕ, ਜਿੱਥੇ ਅੜਗੇ ਸੋ ਅੜਗੇ । ਝੋਰਿਆਂ ਨਾ ਧਵਾਂਖੇ ਚਿਹਰਿਆਂ ਤੋਂ ਸਦਾ ਚੜ੍ਹਦੀ ਕਲਾ ਈ ਸੁਣੀ ਆ। ਦੋ ਵੀਲ੍ਹੇ ਫੀਟਰਾਂ ਦੀ ਠੁੱਕ ਠੁੱਕ ਜਿਮੇਂ ਕੰਨਾਂ 'ਚ ਘਰ ਕਰਗੀ ਹੋਵੇ।
ਢਿੱਲੀ ਪੱਗ ਦਾ ਲੜ ਮੂੰਹ ਅੱਗੇ ਕਰਕੇ ਖਾਲੇ 'ਚੋਂ ਪਾਣੀ ਪੀਣ ਆਲੇ ਏਹ ਲੋਕ ਦੱਸ ਸਕਦੇ ਨੇ ਬਿਸਲੇਰੀ ਬਾਟਰ 'ਚ ਕੀ ਕਮੀਆਂ ਨੇ।
ਚੌਰਾਸੀ ਸੰਤਾਲੀ ਵੇਲੇ ਕੱਖਾਂ ਆਲੀ ਸਰਪੇਅ ਦੀਆਂ ਢੋਲੀਆਂ ਭਰ ਭਰ ਛਿੜਕੀਆਂ ਸੀ ਖੱਬਲ ਅਰਗੇ ਲੋਕਾਂ ਤੇ। ਪਰ ਨਰਮੇ ਦੇ ਵਾਹਣਾਂ 'ਚ ਧੱਕੇ ਨਾਲ ਉੱਗਰੀ ਇੱਟਸਿੱਟ ਅਰਗੇ ਢੀਠ ਲੋਕ ਫੇਰ ਹਰੇਬਾਈ ਫੜ੍ਹਗੇ ਤੇ ਵੱਟਾਂ ਵੀ ਟੱਪਗੇ ਨਰੰਤਰ ਵਧਦੇ ਗਏ। ਬਰਾਨੀ ਵਾਹਣਾਂ ਦੀਆਂ ਸਰ੍ਹੋਆਂ ਅਰਗੇ , ਸਿਆਲ ਦੇ ਪਿਛਲੇ ਜੇ ਪੱਖ ਖਿੜੇ ਪੀਲੇ ਫੁੱਲਾਂ ਅਰਗੇ ਲੋਕ। ਤਖਤ ਹਜ਼ਾਰੇ ਤੋਂ ਲੈ ਦਾਨਾਬਾਦ ਤੱਕ ਦਾ ਸਫਰ ਈ ਨਹੀਂ ਕੀਤਾ ਏਹਨਾਂ ,ਸਗੋਂ ਸੁਨਾਮ ਤੋਂ ਵਾਇਆ ਅੰਬਰਸਰ ਹੋਕੇ ਕੈਕਸਟਨ ਵੀ ਪਹੁੰਚੇ ਨੇ।
ਤਿੰਨ ਪਾਸਿਓਂ ਖਿੱਚਾਂ ਪਾਕੇ ਖਲ੍ਹਾਰੇ ਨਿਸ਼ਾਨ ਸਾਹਬ ਦੇ ਸਿਖਰ ਤੇ ਝੂਲਦਾ ਕੇਸਰੀ ਰੰਗ ਦਾ ਨਿਸ਼ਾਨ ਸਾਬ੍ਹ ਖੌਣੀ ਕੇਹੜੀ ਅਨਰਜ਼ੀ ਦੇਂਦਾ।
ਪਿੱਛੇ ਖਲੋਤਾ ਲੰਮੇ ਨੀਲੇ ਚੋਲੇ ਆਲਾ ਨਹੰਗ ਸਿੰਘ ਭਰਮੀਂ ਦਾਹੜੀ ਆਲੇ ਚਿਹਰੇ ਤੇ ਰਵ੍ਹਾਨਗੀ ਲਿਆਕੇ , ਲੰਮਾ ਸਾਹ ਖਿੱਚ ਫਿਫਰਿਆਂ 'ਚ ਹਵਾ ਭਰਕੇ ਹਜ਼ਾਰਾਂ ਚੁੱਪਾਂ ਨੂੰ ਤੋੜਦਾ ਕਲੇਜਾ ਚੀਰਦੀ ਜਾਂਦੀ ਗਰਜ਼ਵੀ ਅਵਾਜ਼ 'ਚ ਸਦੀਆਂ ਪੁਰਾਣਾ ਜੈਕਾਰਾ ਬੋਲਦਾ "ਬੋਲੇ ਸੋ ਨਿਹਾਲ"।
ਬੋਹੜਾਂ ਤੇ ਬੈਠੇ ਜਨੌਰ ਨਿਡਰ ਹੋਕੇ ਨੀਲੇ ਅਸਮਾਨ ਨੂੰ ਉਡਾਰੀ ਭਰਦੇ ਨੇ, ਸਿਰੋਂ ਲੈ ਪੈਰਾਂ ਤਾਂਈ ਜਿਮੇਂ ਧੁੜ ਧੁੜੀ ਜੀ ਉੱਠਦੀ ਹੋਵੇ। ਤੇ ਆਪ ਮੁਹਾਰੇ ਮੂੰਹੋਂ ਨਿੱਕਲ ਜਾਂਦਾ "ਸਤਿ ਸ੍ਰੀ ਅਕਾਲ"....ਘੁੱਦਾ

ਨਿੱਕਾ ਗਰਨੈਬ ਕੌਂਨਮੈਂਟੀ ਸਕੂਲ਼ 'ਚ

ਸਾਡੇ ਆਲੇ ਨਿੱਕੇ ਗਰਨੈਬ ਨੂੰ ਪਿੰਡੋਂ ਠਾਅ ਕੇ ਬਠਿੰਡੇ ਕੌਂਨਮੈਂਟੀ ਸਕੂਲ 'ਚ ਲਾਤਾ ਭਰਾਵਾ ਤਾਏ ਅਰਗੇਆਂ ਨੇ।
ਮੈਨੂੰ ਮੇਦ ਆ ਬੀ ਠਾਂਨਮੇਂ ਨੜਿੱਨਮੇਂ ਗੱਲ ਆ ਏਹੇ। ਹਸਾਬ, ਸਮਾਜਿਕ , ਬਿਗਿਆਨ ਸਾਰਾ ਕੁਸ ਅੰਗਰੇਜ਼ੀ 'ਚ ਈ ਚੱਲਿਆ ਕਰੇ ਸਕੂਲ 'ਚ ਬਾਹਲੀ ਗੱਲ ਕੀ ਆ ਓੜਾ ਆੜਾ ਵੀ ਅੰਗਰੇਜ਼ੀ 'ਚ ਭੜਾਉਣ ਤੱਕ ਜਾਣ।
ਸਾਡੇ ਆਲ਼ਾ ਲਾਜਬਰ ਨਾ ਧੋਤੀ ਚਿੱਟੀ ਬੁਸ਼ਲਟ ਬੇਮਲੂਮੀ ਜੀ ਪਰਿੱਸ ਕਰਕੇ ਪਾਇਆ ਕਰੇ ਨਾਲ ਭਰਾਵਾ ਸੁਰਮੇਰੰਗੀ ਨੀਕਰ ਹੋਇਆ ਕਰੇ ਏਹਦੇ। ਦੁਪੈਹਰੇ ਲੰਚ ਟੈਮ ਸਾਡੇ ਆਲ਼ਾ ਅੰਬ ਦੇ ਚਾਰ ਨਾਲ ਤਿੰਨ ਚੂੰਡੇ ਪਰੌਂਠਿਆਂ ਆਲ਼ਾ ਪੋਣਾ ਖੋਲ੍ਹ ਲਿਆ ਕਰੇ ਨਾਲ ਚੁਬੜਾਂ ਦੀ ਚਟਣੀ ਭਰਾਵਾ। ਆਅਅ ਕੀ ਪਰੈਸੀਪਲ ਦੇ ਦਫਤਰ ਤਾਂਈ ਲਪਟਾਂ ਆਇਆਂ ਕਰਨ ਅੰਬ ਦੇ ਚਾਰ ਦੀਆਂ। ਸਾਰਾ ਸ਼ਟਾਫ ਬਿੜਕਾਂ ਲਿਆ ਕਰੇ ," ਯਹ ਲੜਕਾ ਕੌਨ ਸੀ ਡਿਸ਼ ਬਨਾਕਰ ਲਾਇਆ ਹੈ?"
ਸਾਡੇ ਆਲੇ ਦੀਆਂ ਓਹੀ ਘਦਿੱਤਾਂ ,ਪਤੰਦਰ ਪੈੱਨ 'ਚੋਂ ਛਿੱਕਾ ਕੱਢਕੇ ਸੂਤਾ ਮਾਰਿਆ ਕਰੇ ਜਾਂ ਝੋਲੇ ਬਿੱਚਦੀ ਪਰਕਾਰ ਟਪਾਕੇ ਮੂਹਰਲੇ ਜਬਾਕ ਦੀਆਂ ਚੀਕਾਂ ਕਢਾ ਦਿਆ ਕਰੇ। ਸਾਰਾ ਸਟਾਫ ਠਿੱਠ ਹੋਗਿਆ ਭਰਾਵਾ ਹਾਨੀਸਾਰ ਨੂੰ ਮੈਡਮਾਂ ਨੇ ਸਾਡੇ ਆਲ਼ੇ ਨੂੰ ਮੂਹਰਲੇ ਡੈੱਸਕ ਤੇ ਬਹਾਤਾ ਕੁੜੀ ਨਾ। ਕੁੜੀ ਦੇ ਲੰਮੇ ਲੰਮੇ ਨਹੁੰ, ਖੁੱਲ੍ਹੇ ਬਾਲ ਸੈੜ ਤੇ ਕਲਿੱਪ ਲੱਗਾ ਵਾ , ਸਾਡੇ ਨਿੱਕੇ ਨੂੰ ਚੌਂਦੀ ਲੱਗਗੀ। ਨਿੱਕਾ ਝਕਾ ਜੀ ਮੰਨ ਗਿਆ। ਤਿੰਨ ਕ ਦਿਨ ਸਾਡੇ ਆਲਾ ਕੁਸਕਿਆ ਨਾ ਜਮਾਂ ਈ । ਹਾਰਕੇ ਚੌਥੇ ਦਿਨ ਸਾਡੇ ਆਲਾ ਕੁੜੀ ਨੂੰ ਕਹਿੰਦਾ, "ਬਾਈ ਤੂੰ ਕੇਹਨਾਂ ਦੀ ਕੁੜੀ ਆਂ"। ਪਹਿਲਾਂ ਤਾਂ ਕੁੜੀ ਝਾਕੇ ਬੀ ਡੀ.ਡੀ ਪੰਜਾਬੀ ਜਾ ਕਿਮੇਂ ਬੋਲ ਪਿਆ ਫੇਰ ਕਹਿੰਦੀ " ਮੈਂ ਤਾਂ 'ਰੋੜਿਆਂ ਦੀ ਕੁੜੀ ਆਂ" । ਕੁੜੀ ਨੇ ਵੀ ਸਬੈਹਕੀ ਪੁੱਛ ਲਿਆ ਕਹਿੰਦਾ ਕੈਂਹਦੀ, "ਆਪ ਕਿੰਨ ਕੇ ਲੜਕੇ ਹੋ?" ਸਾਡੇ ਆਲਾ ਨਾਲੇ ਨਾ ਬਲੇਟ ਨਾ ਪੈਂਸਲ ਘਟੀ ਜਾਵੇ ਨਾਲੇ ਕਹਿੰਦਾ "ਮੈਂ ਤਾਂ ਡਲਿਆਂ ਦਾ ਮੁੰਡਾ" ...ਘੁੱਦਾ

ਮੁਲਖ ਤਰੱਕੀ ਦੀਆਂ ਲੀਹਾਂ ਤੇ

ਸੜਕਾਂ ਬਣੀਆਂ ਲੁੱਕ ਪੈਗੀ ਕੱਚੇ ਰਾਹਵਾਂ ਤੇ
ਟੈਮ ਹੈਨੀ ਬੁੜ੍ਹਿਆਂ ਜੋਗਾ ਜੋ ਬੈਠੇ ਸਾਹਵਾਂ ਤੇ
ਮਬੈਲ ਜਵਾਨੀ ਖਾਗੇ ਰੌਣਕ ਹੈਨੀ ਸੱਥਾਂ ਤੇ
ਟਮਾਟਰ ਅੰਗੂ ਕੂਲੇ ਨਾ ਹੁੰਦੇ ਛਾਲੇ ਹੱਥਾਂ ਤੇ
ਆਟੋਮੈਟਕ ਆਪੇ ਮੋਟਰਾਂ ਚੱਲਣ ਸ਼ੀਹਾਂ ਤੇ
ਹੁੰਦੀਆਂ ਗੱਲਾਂ ਮੁਲਖ ਤਰੱਕੀ ਦੀਆਂ ਲੀਹਾਂ ਤੇ

ਗਲੀਆਂ ਨਾਲੀਆਂ ਪੱਕੀਆਂ ਚਿਣੇ ਖੜਵੰਜੇ ਨੀਂ
ਨਾ ਸਪੀਕਰ ਟੰਗੇ ਦੀਂਹਦੇ ਪੁੱਠੇ ਕਰਕੇ ਮੰਜੇ ਨੀਂ
ਲੇਲਨ ਦੇ ਕੁੜਤੇ ਪਜਾਮੇ ਪਾਏ ਕੁੱਲ ਜਵਾਨਾਂ ਦੇ
ਡਰ ਕੁੱਤੇ ਤੋਂ ਲੱਗੇ ਕੀ ਤੱਕਣੇ ਭੇੜ ਨੀਂ ਸਾਨ੍ਹਾਂ ਦੇ
ਮੈਸਜ ਮਸ਼ੂਕ ਨੂੰ ਘੱਲਣ ਕਰਾ ਰੀਚਾਰਜ ਬੀਹਾਂ ਦੇ
ਹੁੰਦੀਆਂ ਗੱਲਾਂ ਮੁਲਖ ਤਰੱਕੀ ਦੀਆਂ ਲੀਹਾਂ ਤੇ

ਟੀਕੇ ਟੱਲੇ , ਗੋਲੀ ਗੱਪਾ ਭੁੱਕੀ ਦਾ ਕਾਡ ਕੁੜੇ
ਘਰ ਕੱਢੀ ਦਾਰੂ ਖਿੱਚਣ ਲੀਬਰ ਲੈਂਦੇ ਸਾੜ ਕੁੜੇ
ਚੂਪੇ ਅੰਬਾਂ ਅਰਗੇ ਰੌਣਕ ਹੈਨੀ ਚਿਹਰਿਆਂ ਤੇ
ਨਿੱਕੇ ਵਿਰਾਸਤ ਭੁੱਲਗੇ ਹੁਣ ਰਹਿੰਦੇ ਡੇਰਿਆਂ ਤੇ
ਕਾਟੋ ਹੇਠਾਂ ਰੈਂਹਦੀ ਨਾ ਤਾਹਾਂ ਚੜ੍ਹੇ ਸ਼ਰੀਹਾਂ ਤੇ
ਹੁੰਦੀਆਂ ਗੱਲਾਂ ਮੁਲਖ ਤਰੱਕੀ ਦੀਆਂ ਲੀਹਾਂ ਤੇ

ਚੰਗੀ ਪੁੱਗਤ ਲੀਡਰਾਂ ਤਾਂਈ ਪਹੁੰਚ ਨੀਂ ਜੇਹੜੇ ਦੀ
ਹਵਾ ਲੱਤਾਂ ਬਿੱਚਦੀ ਟੱਪੇ ਮਸਾਂ ਮਾਰ ਲਫੇੜੇ ਦੀ
ਸ਼ੀਸ਼ਾ ਇਨਕਲਾਬੀ ਵਿਖਾ ਸਿਆਸਤ ਖਾਏ ਜਵਾਨੀ ਨੂੰ
ਮੋਟਰ ਆਲੀ ਚੀਜ਼ ਸਮਝਣ ਹਲੇ ਲੋਕ ਜ਼ਨਾਨੀ ਨੂੰ
ਪਏ ਖਿਲਾਰੇ ਮੂੰਹ ਅੱਡੋ ਅੱਡੀ ਘਰ ਦਿਆਂ ਜੀਆਂ ਦੇ
ਹੁੰਦੀਆਂ ਗੱਲਾਂ ਮੁਲਖ ਤਰੱਕੀ ਦੀਆਂ ਲੀਹਾਂ ਤੇ..........ਘੁੱਦਾ