Monday 29 July 2013

ਦਾਗ ਫੋਹੜਿਆਂ ਦੇ

ਅੱਕ ਕਰੀਰ ਉੱਗਰੇ ਤੀਆਂ ਆਲੀਆਂ ਥਾਵਾਂ ਤੇ
ਸਕੌਡਾ ਬਰਨਾ ਚੱਲਣ ਉਹਨ੍ਹਾਂ ਰਾਹਵਾਂ ਤੇ
ਆਰੇ ਵਿੱਚਦੀ ਕੱਢਤਾ ਪਿੱਪਲਾਂ ਬੋਹੜਾਂ ਨੂੰ
ਗਲਾ ਘੋਟ ਕੁਦਰਤ ਦਾ ਪੂਰਾ ਕੀਤਾ ਲੋੜਾਂ ਨੂੰ
ਇੱਕੋ ਥਾਲੀ ਰੋਟੀ ਖਾਂਦੇ ਸੀ ਪਿਆਰ ਲੋਹੜਿਆਂ ਦੇ
ਹਲੇ ਤੱਕ ਨਾ ਗਏ ਲੱਤਾਂ ਤੋਂ ਦਾਗ ਫੋਹੜਿਆਂ ਦੇ

ਐਤਬਾਰ ਨੂੰ ਕੇਸੀ ਨਾਹ ਭੱਠੀ ਤੇ ਜਾਂਦੇ ਰਹੇ
ਭੁੱਜੀ ਕਣਕ 'ਚ ਰਲਾਕੇ ਗੁੜ ਜਾ ਖਾਂਦੇ ਰਹੇ
ਪਿੱਛੇ ਕਰਕੇ ਮੀਢੀ ਜੂੜਾ ਕਰਿਆ ਹੁੰਦਾ ਸੀ
ਜੇਹੜਾ ਬੋਲੇ ਧਮੁੱਕ ਢੂਈ 'ਚ ਧਰਿਆ ਹੁੰਦਾ ਸੀ
ਸਿਰ 'ਚ ਰੋਬੜੇ ਪੱਕਗੇ ਕਦੇ ਵੱਜੇ ਰੋੜਿਆਂ ਦੇ
ਹਲੇ ਤੱਕ ਨਾ ਗਏ ਲੱਤਾਂ ਤੋਂ ਦਾਗ ਫੋਹੜਿਆਂ ਦੇ

ਮਾਘ ਮਹੀਨੇ ਭਲਵਾਨਾਂ ਦੀਆਂ ਛਿੰਝਾਂ ਪੈਂਦੀਆਂ ਸੀ
ਛਾਲ ਸੂਲੀ ਦੀ ਲੱਗੇ ਅੱਖਾਂ ਟੱਡੀਆਂ ਰੈਂਹਦੀਆਂ ਸੀ
ਚੁਸਤੀ, ਫੁਰਤੀ ਚੱਲਦੀ ਸੀ ਵਿੱਚ ਕਬੱਡੀ ਦੇ
ਖੱਦਰ ਗਲਾਸਾਂ 'ਚ ਚੱਲੇ ਪਿੱਗ ਘਰਦੀ ਕੱਢੀ ਦੇ
ਨੀਲ ਪਿੰਡੇ ਤੇ ਛਪਗੇ ਬਾਪੂ ਦਿਆਂ ਜੋੜਿਆਂ ਦੇ
ਹਾਲੇ ਤੱਕ ਨਾ ਗਏ ਲੱਤਾਂ ਤੋਂ ਦਾਗ ਫੋਹੜਿਆਂ ਦੇ

ਦਿਨ ਦਸਮੀਂ ਦੇ ਟੇਕਦੇ ਸੀ ਮੱਥੇ ਸਮਾਧਾਂ ਤੇ
ਭੰਨ ਚੋਰਿਓਂ ਕਿੰਨੇ ਚੂਪੇ ਗੰਨੇ ਕਮਾਦਾਂ ਦੇ
ਦੰਦ ਜੀਹਦੇ ਨਾ ਹੁੰਦੇ ਉਹਨੂੰ ਬੋੜ੍ਹਾ ਕਹਿੰਦੇ ਸੀ
ਜੂੰਡੋ ਜੂੰਡੀ ਹੋਕੇ ਵੀ ਫਿਰ ਕੱਠੇ ਬਹਿੰਦੇ ਸੀ
ਪੋਹ 'ਚ ਧੂੰਏ ਸੇਕੇ ਕਿੱਕਰਾਂ ਦਿਆਂ ਮੋਹੜਿਆਂ ਦੇ
ਹਲੇ ਤੱਕ ਨਾ ਗਏ ਲੱਤਾਂ ਤੋਂ ਦਾਗ ਫੋਹੜਿਆਂ ਦੇ.....ਘੁੱਦਾ

No comments:

Post a Comment