Saturday 20 July 2013

ਨਿੱਕਾ ਗਰਨੈਬ ਕੌਂਨਮੈਂਟੀ ਸਕੂਲ਼ 'ਚ

ਸਾਡੇ ਆਲੇ ਨਿੱਕੇ ਗਰਨੈਬ ਨੂੰ ਪਿੰਡੋਂ ਠਾਅ ਕੇ ਬਠਿੰਡੇ ਕੌਂਨਮੈਂਟੀ ਸਕੂਲ 'ਚ ਲਾਤਾ ਭਰਾਵਾ ਤਾਏ ਅਰਗੇਆਂ ਨੇ।
ਮੈਨੂੰ ਮੇਦ ਆ ਬੀ ਠਾਂਨਮੇਂ ਨੜਿੱਨਮੇਂ ਗੱਲ ਆ ਏਹੇ। ਹਸਾਬ, ਸਮਾਜਿਕ , ਬਿਗਿਆਨ ਸਾਰਾ ਕੁਸ ਅੰਗਰੇਜ਼ੀ 'ਚ ਈ ਚੱਲਿਆ ਕਰੇ ਸਕੂਲ 'ਚ ਬਾਹਲੀ ਗੱਲ ਕੀ ਆ ਓੜਾ ਆੜਾ ਵੀ ਅੰਗਰੇਜ਼ੀ 'ਚ ਭੜਾਉਣ ਤੱਕ ਜਾਣ।
ਸਾਡੇ ਆਲ਼ਾ ਲਾਜਬਰ ਨਾ ਧੋਤੀ ਚਿੱਟੀ ਬੁਸ਼ਲਟ ਬੇਮਲੂਮੀ ਜੀ ਪਰਿੱਸ ਕਰਕੇ ਪਾਇਆ ਕਰੇ ਨਾਲ ਭਰਾਵਾ ਸੁਰਮੇਰੰਗੀ ਨੀਕਰ ਹੋਇਆ ਕਰੇ ਏਹਦੇ। ਦੁਪੈਹਰੇ ਲੰਚ ਟੈਮ ਸਾਡੇ ਆਲ਼ਾ ਅੰਬ ਦੇ ਚਾਰ ਨਾਲ ਤਿੰਨ ਚੂੰਡੇ ਪਰੌਂਠਿਆਂ ਆਲ਼ਾ ਪੋਣਾ ਖੋਲ੍ਹ ਲਿਆ ਕਰੇ ਨਾਲ ਚੁਬੜਾਂ ਦੀ ਚਟਣੀ ਭਰਾਵਾ। ਆਅਅ ਕੀ ਪਰੈਸੀਪਲ ਦੇ ਦਫਤਰ ਤਾਂਈ ਲਪਟਾਂ ਆਇਆਂ ਕਰਨ ਅੰਬ ਦੇ ਚਾਰ ਦੀਆਂ। ਸਾਰਾ ਸ਼ਟਾਫ ਬਿੜਕਾਂ ਲਿਆ ਕਰੇ ," ਯਹ ਲੜਕਾ ਕੌਨ ਸੀ ਡਿਸ਼ ਬਨਾਕਰ ਲਾਇਆ ਹੈ?"
ਸਾਡੇ ਆਲੇ ਦੀਆਂ ਓਹੀ ਘਦਿੱਤਾਂ ,ਪਤੰਦਰ ਪੈੱਨ 'ਚੋਂ ਛਿੱਕਾ ਕੱਢਕੇ ਸੂਤਾ ਮਾਰਿਆ ਕਰੇ ਜਾਂ ਝੋਲੇ ਬਿੱਚਦੀ ਪਰਕਾਰ ਟਪਾਕੇ ਮੂਹਰਲੇ ਜਬਾਕ ਦੀਆਂ ਚੀਕਾਂ ਕਢਾ ਦਿਆ ਕਰੇ। ਸਾਰਾ ਸਟਾਫ ਠਿੱਠ ਹੋਗਿਆ ਭਰਾਵਾ ਹਾਨੀਸਾਰ ਨੂੰ ਮੈਡਮਾਂ ਨੇ ਸਾਡੇ ਆਲ਼ੇ ਨੂੰ ਮੂਹਰਲੇ ਡੈੱਸਕ ਤੇ ਬਹਾਤਾ ਕੁੜੀ ਨਾ। ਕੁੜੀ ਦੇ ਲੰਮੇ ਲੰਮੇ ਨਹੁੰ, ਖੁੱਲ੍ਹੇ ਬਾਲ ਸੈੜ ਤੇ ਕਲਿੱਪ ਲੱਗਾ ਵਾ , ਸਾਡੇ ਨਿੱਕੇ ਨੂੰ ਚੌਂਦੀ ਲੱਗਗੀ। ਨਿੱਕਾ ਝਕਾ ਜੀ ਮੰਨ ਗਿਆ। ਤਿੰਨ ਕ ਦਿਨ ਸਾਡੇ ਆਲਾ ਕੁਸਕਿਆ ਨਾ ਜਮਾਂ ਈ । ਹਾਰਕੇ ਚੌਥੇ ਦਿਨ ਸਾਡੇ ਆਲਾ ਕੁੜੀ ਨੂੰ ਕਹਿੰਦਾ, "ਬਾਈ ਤੂੰ ਕੇਹਨਾਂ ਦੀ ਕੁੜੀ ਆਂ"। ਪਹਿਲਾਂ ਤਾਂ ਕੁੜੀ ਝਾਕੇ ਬੀ ਡੀ.ਡੀ ਪੰਜਾਬੀ ਜਾ ਕਿਮੇਂ ਬੋਲ ਪਿਆ ਫੇਰ ਕਹਿੰਦੀ " ਮੈਂ ਤਾਂ 'ਰੋੜਿਆਂ ਦੀ ਕੁੜੀ ਆਂ" । ਕੁੜੀ ਨੇ ਵੀ ਸਬੈਹਕੀ ਪੁੱਛ ਲਿਆ ਕਹਿੰਦਾ ਕੈਂਹਦੀ, "ਆਪ ਕਿੰਨ ਕੇ ਲੜਕੇ ਹੋ?" ਸਾਡੇ ਆਲਾ ਨਾਲੇ ਨਾ ਬਲੇਟ ਨਾ ਪੈਂਸਲ ਘਟੀ ਜਾਵੇ ਨਾਲੇ ਕਹਿੰਦਾ "ਮੈਂ ਤਾਂ ਡਲਿਆਂ ਦਾ ਮੁੰਡਾ" ...ਘੁੱਦਾ

No comments:

Post a Comment