Thursday 17 September 2015

ਰੱਖੜੀਆੰ

ਰੱਖੜੀਆੰ। ਕਈ ਪਖੰਡ ਆਖਦੇ ਨੇ ਤੇ ਕਈ ਪਿਆਰ ਸਮਝਦੇ ਨੇ। ਮਾਲਵੇ ਦੇ ਕਈ ਪਿੰਡਾੰ 'ਚ ਰੱਖੜੀ ਨੂੰ ਪੌਂਹਚੀ ਆਖਿਆ ਜਾੰਦਾ। ਆਪਣੇ ਬਜ਼ੁਰਗਾੰ ਨੇ ਸਮਾਜਿਕ ਤਾਣਾ- ਬਾਣਾ ਚੰਗੀ ਸੋਚ ਨਾਲ ਬੁਣਿਆ। ਸ਼ੂਸ਼ਕ, ਸੰਧਾਰੇ, ਤੀਆੰ, ਰੱਖੜੀਆੰ, ਵਰੀਹਨੇ ਟੱਬਰ ਨੂੰ ਕੱਠੇ ਕਰਨ ਦਾ ਬਹਾਨਾ ਹੁੰਦਾ। 'ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਨੀਂ ਸੱਸੇ ਤੇਰੀ ਮਹਿੰ ਮਰਜੇ' ਵਰਗੀਆੰ ਅਖੌਤਾੰ ਭੈਣ ਭਾਈ ਦੇ ਪਿਆਰ ਨੂੰ ਜ਼ਾਹਰ ਕਰਦੀਆੰ। ਭਰਾ ਨੂੰ ਖਾਣ ਚੀਜ਼ ਥੁੜ੍ਹਜੇ ਤਾੰ ਭੈਣ ਆਵਦਾ ਵੰਡਾ ਦੇਂਦੀ ਆ।
 ਬੀਬੀਆੰ ਸਾਰੀ ਉਮਰ ਪੇਕਿਆੰ ਦੀ ਸੁੱਖ ਮੰਗਦੀਆੰ। ਕਦੇ ਭਰਾ ਦੀ ਗਾਲ੍ਹ ਨਹੀੰ ਸੁਣਦੀਆਂ। ਬਾਹਰਲੇ ਮੁਲਕ 'ਚ ਬੈਠੇ ਬੰਦੇ ਨੂੰ ਜਦੋਂ ਭੈਣ ਦੀ ਰੱਖੜੀ ਪਹੁੰਚਦੀ ਆ ਤਾੰ ਓਹ ਬੱਧੀ ਰੱਖੜੀ ਦੀ ਫੋਟੋ ਖਿੱਚਕੇ ਚਾਅ ਨਾਲ ਫੇਸਬੁੱਕ ਤੇ ਪਾਉੰਦਾ। ਹੁਣ ਤਾੰ ਖੈਰ ਨਹੀੰ ਪਰ ਨਿੱਕੇ ਹੁੰਦੇ ਵੇਂਹਦੇ ਸੀ ਕੁੜੀਆਂ ਵਿਆਹ ਤੋੰ ਹਫਤਾ ਹਫ਼ਤਾ ਪਹਿਲਾੰ ਦਰੇਗ ਨਾਲ ਰੋਣ ਲੱਗ ਪੈੰਦੀਆੰ ਸੀ। ਜਦੋਂ ਦੀ ਫੇਸਬੁੱਕ ਚੱਲੀ ਆ ਓਦੋੰ ਦਾ ਮੁਲਖ ਨਜੈਜ ਸਿਆਣਾ ਹੁੰਦਾ ਜਾੰਦਾ। ਐਹੋ ਜੇ ਤਿੱਥ ਤਿਓਹਾਰ ਹਾਸੇ ਖੇਡੇ  ਨਾਲ ਮਨਾ ਲਿਆ ਕਰੋ । ਅਕਲਾਂਂ, ਦਲੀਲਾਂ ਕਰਨ ਨੂੰ ਹੋਰ ਮੁੱਦੇ ਬਥੇਰੇ ਨੇ.....ਘੁੱਦਾ

ਤੇਰਾ ਵਿਰਸਾ

ਹੱਥੀੰ ਕੁਤਰਦੇ ਨੀਰਾ ਡੌਲੀੰ ਪੈਣ ਮੱਛੀਆੰ
ਜਵਾਕ ਛੱਪੜੀੰ ਨਹਾਉੰਦੇ ਤੇੜ ਨਾਲੇ ਕੱਛੀਆੰ
ਪਿੰਡੇ ਮਲਦੇ ਸੀ ਗਾਰਾ ਹੁਣ ਸੋਪ ਹੋ ਗਿਆ
ਤੇਰਾ ਵਿਰਸਾ ਵੇ ਬਾਪੂ ਕਿਓੰ ਅਲੋਪ ਹੋ ਗਿਆ

ਮਾਰ ਪੱਟ ਉੱਤੇ ਥਾਪੀ ਜਾ ਮੈਦਾਨੇ ਵੜਦੇ
ਧਾਵੀ ਹੰਦਿਆੰ ਤੇ ਸਿੱਟੇ ਖੁੱਚ ਕੋਲੋਂ ਫੜ੍ਹਕੇ
ਪੋਤਾ ਖੇਡਦਾ ਕਬੱਡੀ ਫੇਲ੍ਹ ਡੋਪ ਹੋ ਗਿਆ
ਤੇਰਾ ਵਿਰਸਾ ਕਿਓੰ ........

ਛੋਹਣ ਪਿੱਪਲਾੰ ਦੇ ਟੂਸੇ ਲੈਣ ਤੀਆਂ 'ਚ ਹੁਲਾਰੇ
ਨਾਗਵਲੀੰ ਗੰਢ ਪਾਕੇ ਪਾਲੈ ਪੀੰਘ ਮੁਟਿਆਰੇ
ਰੱਸਾ ਮਿਲਦਾ ਬਜ਼ਾਰੋੰ ਹੁਣ ਰੋਪ ਹੋ ਗਿਆ
ਤੇਰਾ ਵਿਰਸਾ .........

ਪਸੂ ਨਿੱਸਲ ਹੋ ਸੁੱਤੇ ਚੂਚੇ ਲਾਹੁਣ ਚਿੱਚੜੀ
ਸੰਗਰਾਦ ਮਾਘ ਦੀ ਨੂੰ ਖਾਧੀ ਪੋਹ ਰਿੱਧੀ ਖਿੱਚੜੀ
ਚਿੱਟਾ ਮੱਛਰ ਕਿਸਾਨੀ  ਕਿਓਂ ਕਰੋਪ ਹੋ ਗਿਆ
ਤੇਰਾ ਵਿਰਸਾ .........

ਮੀਢੀ ਤਿੰਨ ਪਾਸੇ ਕੀਤੀ ਜੂੜੇ ਬੰਨ੍ਹਿਆ ਰੁਮਾਲ
ਮੋਢੇ ਬਾਪੂ ਜੀ ਦੇ ਬੈਠ ਮੇਲੇ ਡਿੱਠੇ ਕਿੰਨੇ ਸਾਲ
ਜਵਾਨੀ ਚੜ੍ਹੀ ਪੱਗ ਲਾਹੀ ਸਿਰ ਟੋਪ ਹੋ ਗਿਆ
ਤੇਰਾ ਵਿਰਸਾ ਵੇ ਬਾਪੂ ਕਿਓੰ ਅਲੋਪ ਹੋ ਗਿਆ.....ਘੁੱਦਾ






ਸਿਆਸਤ

ਜੇ ਸੋਸ਼ਲ ਮੀਡੀਏ ਦੀ ਮੰਨੀਏ, ਫੇਰ ਤਾੰ ਲੱਗਦਾ ਬੀ 2017 'ਚ ਬਾਦਲ ਕਾ ਮੁਸ਼ਕਲ ਆ ਕੰਮ। ਪਰ ਜੇ ਦੂਜੂੰ ਦੇਖੀਏ ਤਾੰ ਪਤਾ ਲੱਗਦਾ ਬੀ ਜੇ ਕਿਸੇ ਪਿੰਡ ਦੀ 4000 ਵੋਟ ਆ ਓਹਦੇ 'ਚੋਂ ਮਸਾਂ 500 ਬੰਦਾ ਸੋਸ਼ਲ ਮੀਡੀਆ ਯੂਸ ਕਰਦਾ ਹੋਊ। ਬਾਕੀ ਕਲੱਕੜ ਬਾਬੇ ਹਿੰਡੀ ਨੇ,"ਦੇਖ ਸ਼ੇਰਾ ਆਪਾੰ ਤਾਂ ਜਿਓਂ ਜਰਮੇ ਆਂ, ਤੱਕੜੀ ਨੂੰ ਈ ਬੋਟ ਪਾਈ ਆ ਤੇ ਜਦੋੰ ਤੀਕ ਜੀਮਾੰਗੇ ਪੰਥ ਨੂੰ ਈ ਬੋਟ ਪਾਮਾੰਗੇ"। ਮੁੱਕਦੀ ਗੱਲ ਜਰ ,ਬਾਦਲ ਭਮਾੰ ਕਿਸੇ ਸੀਟ ਤੇ ਕੁੱਤਾ ਖੜ੍ਹਾ ਕਰਦੇ ਏਹ ਵੋਟਾੰ ਤਾੰ ਪੱਕੀਆੰ ਨੇ। ਆਖਣ ਨੂੰ ਕੁਸ ਮਰਜ਼ੀ ਆਖੀ ਜਾਣ ਪਰ ਅਸਿੱਧੇ ਲੋਟ ਬਠਿੰਡਾ ਸੀਟ ਤੋੰ ਪੀ.ਪੀ.ਪੀ ਤੇ ਆਮ ਆਦਮੀ ਕਰਕੇ ਕਾਲੀ ਦਲ ਦੋ ਆਰੀ ਜਿੱਤਿਆ। ਕਾਂਗਰਸ ਨੂੰ ਕਸਾਰਾ ਲੱਗਾ।
ਆਪ ਆਲੇ ਆਪ ਇੱਕ ਦੂਜੇ ਨੂੰ ਨਓਲੀ ਜਾੰਦੇ ਨੇ। ਪਤੰਦਰ ਆਸ਼ਕਾਂ ਅੰਗੂ ਫੋਨ ਰਿਕਾਡਿੰਗਾੰ ਭਰੀ ਬੈਠੇ ਆ ਫੂਨਾਂ 'ਚ।
ਕੱਛ 'ਚ ਡੰਡਾ ਲਈ ਖੜ੍ਹੇ ਪੁਲਸੀਏ ਤੋੰ ਲਾਕੇ ਟੀਚਰਾੰ, ਲੈਨਮੈਨਾੰ , ਕਿਰਸਾਨਾੰ ਤੋੰ ਪੁੱਛਲਾ। ਹਰਿੱਕ ਆਖੂ ," ਕੁੜੀ ਦਿਆੰ ਖਸਮਾੰ ਨੇ ਬਾਦਲ ਕਿਆੰ ਨੇ ਯਹਿਕੇ ਸੁੱਕਣੇ ਪਾਤੇ"
ਸਾਰੇ ਈ ਸਿਰੇ ਦੇ ਵਿਦਵਾਨ ਨੇ, ਕਿਸੇ ਮਰਜ਼ੀ ਨੂੰ ਵੋਟਾਂ ਪਾਲੋ ਅੱਗੇ ਜੀਹਨੂੰ ਚਿੱਤ ਮੰਨਦਾ , ਪਰ ਆਵਦੀ ਪੱਗ ਲਾਹਕੇ ਟੋਪੀ ਨਾ ਧਰਿਓ ਸਿਰਤੇ। ਪੰਜਾਬ ਜ਼ਿੰਦਾਬਾਦ......ਘੁੱਦਾ

ਸੁਖਵਿੰਦਰ

ਪੰਦਰਾਂ ਵੀਹ ਸਾਲ ਪਹਿਲਾਂ ਜਦੋੰ ਕਿਸੇ ਦੇ ਵਿਆਹ ਦੀ ਮੂਵੀ ਬਣਦੀ ਤਾੰ ਵੀ.ਸੀ.ਆਰ ਲਿਆਕੇ ਆੰਢ ਗੁਆਂਢ ਸਾਰੇ ਰਲਕੇ ਦੇੰਹਦੇ ਸੀ। ਓਹਨ੍ਹਾਂ ਮੂਵੀਆਂ 'ਚ ਜਦੋੰ ਜੰਨ ਪਹੁੰਚਣ ਆਲੀ ਹੁੰਦੀ ਆ ਓਦੋੰ ਸੁਖਵਿੰਦਰ ਦਾ ਗਾਇਆ ਗੀਤ ਵੱਜਦਾ ਸੀ," ਅੱਜ ਕੌਣ ਪ੍ਰਾਹੁਣਾ ਆਇਆ ਨੀਂ ਫੁੱਲ ਖਿੜਗੇ ਨੀੰ ਸੂਹੇ"। ਓਦੋੰ ਈ ਜਲੰਧਰ ਦੂਰਦਰਸ਼ਨ ਤੇ ਸ਼ਨੀਆਰ ਨੂੰ ਆਥਣੇ 'ਸੌਗਾਤ' ਨਾੰ ਦੇ ਪ੍ਰੋਗਰਾਮ 'ਚ ਸੁਖਵਿੰਦਰ ਦੇ ਗੀਤ ਆਓਂਦੇ ਸੀ। ਫੇਰ ਸੁਖਵਿੰਦਰ ਦਾ ਗੀਤ ਆਇਆ ਜੀਹ'ਚ ਸ਼ਹਿਰੂ ਖਾਨ ਅਰਗੇ ਚੱਲਦੀ ਰੇਲ ਤੇ ਖੜ੍ਹਕੇ ਨੱਚਦੇ ਆ,' ਚਲ ਛਈਆਂ ਛਈਆੰ'।
ਚਲ ਸੋ ਚਲ। ਹਰਿੱਕ ਖਾਸ ਫ਼ਿਲਮ ਦਾ ਟਾਈਟਲ ਗੀਤ ਸੁਖਵਿੰਦਰ ਤੋਂ ਗਵਾਇਆ ਜਾਂਦਾ। ਚੱਕਦੇ ਇੰਡੀਆ ਦਾ ਟਾਈਟਲ ਗੀਤ , ਸਲੱਮਡਾਗ ਦਾ ਜੈ ਹੋ, ਹੈਦਰ ਦਾ ਬਿਸਮਿਲ, ਭਾਗ ਮਿਲਗਾ ਦਾ ਰੰਗਰੇਜ਼, ਦਬੰਗ, ਦਰਦੇ ਡਿਸਕੋ, ਪੱਗੜੀ ਸੰਭਾਲ ਜੱਟਾ, ਮੁੱਕਦੀ ਗੱਲ ਜਰ ਜਿੰਨੇ ਵੀ ਬੇਹੱਦ ਮਸ਼ਹੂਰ ਗੀਤ ਨੇ ਓਹ ਸੁਖਵਿੰਦਰ ਨੇ ਗਾਏ ਨੇ। 
ਭਗਤ ਪੂਰਨ ਸਿੰਘ  ਹੋਣਾੰ ਦੀ ਫਿਲਮ 'ਚ ਗਾਈ ਆਰਤੀ  ਦਾ ਕੋਈ ਤੋੜ ਨਹੀੰ। ਅੱਖਾੰ ਮੀਚਕੇ, ਹੈਡਫੂਨ ਲਾਕੇ ਆਰਤੀ ਸੁਣਿਓ ਸਮਾਰਕੇ।
ਸੁਖਵਿੰਦਰ ਸੁਖਵਿੰਦਰ ਈ ਆ। ਓਹਦਾ ਕੋਈ ਮੁਕਾਬਲਾ ਨਹੀਂ। ਏਸ ਕਲਾਕਾਰ ਦਾ ਕਿਸੇ ਨਾਲ ਕਮਪੈਰੀਸਨ ਨਹੀੰ ਹੋ ਸਕਦਾ। ਸੱਚਿਆ ਪਾਸ਼ਾ ਚੜ੍ਹਦੀਆੰ ਕਲਾ 'ਚ ਰੱਖੇ......ਘੁੱਦਾ

ਪਿੰਡ

ਘਰ ਬੰਦੇ ਦਾ ਆਲ੍ਹਣਾ ਹੁੰਦਾ ਤੇ ਪਿੰਡ ਦਰੱਖਤ ਹੁੰਦੇ ਨੇ। 
ਕੁਦਰਤ ਦਾ ਪੱਕਾ ਨੇਮ ਆ ਚਿੜੀਆੰ ਕਬੂਤਰਾੰ ਤੋੰ ਲਾਕੇ ਹਜ਼ਾਰਾੰ ਮੀਲਾੰ ਦਾ ਸਫਰ ਕਰਨ ਆਲੇ ਜਨੌਰ ਵੀ ਘਰ ਨੂੰ ਲਾਜ਼ਮੀ ਮੁੜਦੇ ਨੇ। ਕਈਆੰ ਨੂੰ ਜੁੱਗੜੇ ਬੀਤਗੇ ਬਾਹਰਲੇ ਦੇਸ਼ਾੰ 'ਚ ਰਹਿੰਦਿਆੰ, ਕੰਗਾਰੂਆੰ ਆਲੇ ਪੱਕੇ ਪਾਸਪੋਟ ਬਣਗੇ ਪਰ ਹਜੇ ਵੀ ਲਿਖਤਾੰ 'ਚ ਪਿੰਡ ਦਾ ਜ਼ਿਕਰ ਜ਼ਰੂਰ ਕਰਦੇ ਨੇ। ਮਜ਼ਬੂਰੀਆੰ ਕਰਕੇ ਮੁੜਿਆ
ਨਹੀੰ ਜਾੰਦਾ ਪਰ ਤਾੰਘਦੇ ਬਹੁਤ ਨੇ। 
ਹੋਸਟਲਾੰ ਜਾੰ ਨੌਕਰੀਆੰ ਆਲਿਆੰ ਨੂੰ ਸ਼ੁੱਕਰ ਸ਼ਨੀਆਰ ਨੂੰ ਚਾਅ ਚੜ੍ਹਨ ਲੱਗ ਜਾੰਦਾ ਬੀ ਪਿੰਡ ਨੂੰ ਜਾਣਾ ਹੁਣ।
ਬੰਦਾ ਕਿਤੇ ਬੈਠਾ ਹੋਵੇ ਪਰ ਸੁਤਾ ਪਿੰਡ 'ਚ ਰਹਿੰਦੀ ਆ। ਫੋਨ ਕਰਨ ਆਲੇ ਗਰਾਈੰ ਨੂੰ ਪੁੱਛਣਗੇ,"ਹੋਰ ਪਿੰਡ ਦੀ ਸੁਣਾ ਜਾਗਰਾ ਸੁੱਖ ਆ ਨੱਗਰ 'ਚ"।
ਕਿਸੇ ਪਿੰਡ 'ਚੋੰ ਕੋਈ ਚੰਗਾ ਲਿਖਣ ਗਾਓਣ ਆਲਾ ਨਿੱਕਲਜੇ ਤਾੰ ਪਿੰਡ ਮਸ਼ਹੂਰ ਹੋ ਜਾੰਦਾ। ਜਿਮੇੰ ਮਖ਼ਸੂਸਪੁਰ, ਖੰਟ, ਹੱਲੂਵਾਲ, ਢੁੱਡੀਕੇ, ਹਠੂਰ, ਲਿੱਧੜਾੰ, ਮਰਾੜ੍ਹ ਜਾੰ ਹੋਰ ਬਥੇਰੇ ਪਿੰਡ ਨੇ। ਦੁਗਾਲ, ਸੁਰਖਪੁਰ, ਸਰਾੰਵਾੰ, ਫਿੱਡੇ, ਬਾਜੇ ਅਰਗੇ ਪਿੰਡਾੰ ਨੂੰ ਖਿਡਾਰੀਆੰ ਨੇ ਮਸ਼ਹੂਰ ਕਰਤਾ। ਤੇ ਜੇ ਸੂਰਮਾ ਪੈਦਾ ਹੋਜੇ ਫੇਰ ਤਾੰ ਸਰਾਭੇ, ਸੁਨਾਮ, ਖਟਕੜ ਕਲਾੰ ਅਰਗੇ ਪਿੰਡ ਅਮਰ ਹੋ ਜਾੰਦੇ ਨੇ।
ਹਰਿੱਕ ਸ਼ਹਿਰੀ ਦੀ ਜੜ੍ਹ ਪਿੰਡ 'ਚ ਹੁੰਦੀ ਆ।
ਚਾਰ ਪੰਜ ਦਿਨਾੰ ਬਾਅਦ ਪਿੰਡ ਮੁੜੇ ਬੰਦੇ ਨੂੰ ਜਦੋੰ ਅੱਡੇ ਤੋੰ  ਘਰ ਤਾੰਈ ਚਾਰ ਬੰਦੇ ਹਾਲ ਪੁੱਛਦੇ ਨੇ ਤਾੰ ਇਓੰ ਲੱਗਦਾ ਜਿਮੇੰ ਸਾਰਾ ਪਿੰਡ ਬੈਅ ਕਰਾਇਆ ਹੋਵੇ....ਘੁੱਦਾ