Monday 30 March 2015

ਸਾਡੀਆਂ ਊਣਤਾਈਆਂ

ਜਦੋਂ ਆਥਣੇ ਕੋਈ ਜਣਾ ਿਸਗਨੇਚਰ ਦੇ ਦੋ ਪੈੱਗ ਲਾਕੇ ਸਿੱਖ ਧਰਮ ਿਖਲਾਫ ਡੂਢ ਫੁੱਟ ਦਾ ਲੇਖ ਲਿਖਕੇ ਜ਼ਹਿਰ ਗਲੱਛਦਾ ਤਾਂ ਸਾਨੂੰ ਏਹੇ ਜਾ ਬੰਦਾ ਵਿਓ ਅਰਗਾ ਲੱਗਦਾ। ਪਰ ਸਾਡੀਆਂ ਕੀ ਕੀ ਊਣਤਾਈਆਂ ਨੇ ਗੌਰ ਕਰੋ। ਗੋਲਕਾਂ, ਫੰਡਾਂ, ਪਰਧਾਨਗੀਆਂ ਨੂੰ ਛੱਡੋ ,ਸਾਡੇ ਧਰਮ ਦੀ ਵੱਡੀ ਤ੍ਰਾਸਦੀ ਏਹ ਆ ਕਿ ਅਸੀਂ ਕੁੱਲ ਗੁਰੂ ਘਰਾਂ ਤੇ ਡੂੰਗਰੀ ਦਾ ਪੱਥਰ ਲਾ ਲਾ ਕੇ ਐਂ ਬਣਾਤੇ ਜਿਮੇਂ ਮਕਬਰੇ ਹੁੰਦੇ ਆ। ਜਿਹੜੀਆਂ ਨਿਸ਼ਾਨੀਆਂ ਚੀਜ਼ਾਂ ਜਵਾਕਾਂ ਨੂੰ ਦਿਖਾਉਣੀਆਂ ਸੀ , ਉਹ ਪੱਥਰ ਹੇਠਾਂ ਕੱਜਤੀਆਂ। ਕਿਸੇ ਮਰਜੀ ਗੁਰੂ ਬਗਜੋ ਇੱਕੋ ਜਿੱਕਾ ਮਹੌਲ ਆ। ਕਿਸੇ ਗੁਰੂ ਘਰੇ ਜਾਕੇ ਅਹੀਂ ਇਤਿਹਾਸ ਨਈੰ ਦੇਂਹਦੇ ਬੀ ਕੀ ਆ। ਬਸ ਹੱਥ ਜੋੜਕੇ ਫੇਸਬੁੱਕ ਤੇ ਪਾਉਣ ਜੋਗਰੀ ਫੋਟੋ ਜ਼ਰੂਰ ਖਿੱਚ ਲੈਣੇਂ ਆ।
ਅਗਲੀ ਗੱਲ।
ਸਾਡੀ ਕੌਮ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਅਠ੍ਹਾਰਵੀਂ ਸਦੀ 'ਚ ਹੋਈਆਂ ਨੇ ਕਿਓਂਕਿ ਓਦੋਂ ਦਾਦੀਆਂ ਨਾਨੀਆਂ ਆਵਦੇ ਪੁੱਤ ਪੋਤਿਆਂ ਨੂੰ ਸਾਖੀਆਂ, ਬਾਤਾਂ ਸੁਣਾਕੇ ਸਿਰੜ ਕਰ ਦੇਂਦੀਆਂ ਸੀ। ਹੁਣ ਇਤਿਹਾਸ ਦਾ ਸਾਨੂੰ ਆਪਨੂੰ ਨੀਂ ਪਤਾ ਤਾਂ ਕਰਕੇ ਜਵਾਕਾਂ ਨੂੰ ਦੱਸਣ ਖਾਤਰ ਅਸੀਂ ਗੁਰੂ ਸਾਹਿਬਾਨਾਂ ਦੇ ਕਾਰਟੂਨ ਬਣਾਓਣ ਲਾਗੇ। ਗੱਲ ਕੌੜੀ ਲੱਗੂ। ਸਮੇਂ ਦੇ ਹਾਣੀ ਤਾਂ ਬਣਗੇ ਆਪਾਂ ਪਰ ਕਿਤੇ ਐੰ ਨਾ ਹੋਵੇ ਬੀ ਕਿਤੇ ਮੇਲਿਆਂ ਤੇ ਡੋਰੇਮੋਨ ਦੇ ਨਾਲ ਨਾਲ ਬਾਬੇ ਨਾਨਕ ਹੋਣੀਂ ਵੀ ਰੱਖੇ ਪਏ ਹੋਣ ਵੇਚਣ ਖਾਤਰ। ਪੋਚਮੀਆਂ ਪੱਗਾਂ, ਉੱਚੀਆੰ ਪੈਟਾਂ ਤੇ ਪੈਰੀਂ ਮੱਛੀ ਮੂੰਹੇ ਜੇ ਬੂਟ ਪਾਕੇ ਸੋਚ ਉੱਚੀ ਨਈਂ ਹੋਣੀ। ਸਿਰ ਸਿਰਫ ਪੱਗ ਬੰਨ੍ਹਣ ਖਾਤਰ ਨਈਂ ਹੁੰਦਾ ਸੋਚਣ ਖਾਤਰ ਵੀ ਹੁੰਦਾ। ਬਾਕੀ ਤੁਸੀਂ ਵੱਧ ਸਿਆਣੇ ਆਂ। ਸਰਬੰਸਦਾਨੀ ਆਵਦੀ ਕੌਮ ਨੂੰ ਮੱਤ ਬਖ਼ਸ਼ੀਂ। ....ਘੁੱਦਾ

Friday 27 March 2015

ਰਲਗੱਡ ਪੰਜਾਬੀ

ਕਦੇ ਪੰਜਾਬੀ 'ਚ ਛਪਦੇ ਅਖਬਾਰ ਤੇ ਜਾਂ ਸਕੂਲਾਂ ਤੋਂ ਲੈਕੇ ਐੱਮ.ਏ ਤੀਕ ਦੀਆਂ ਕਿਤਾਬਾਂ ਫਰੋਲਿਓ ਸਮਾਰ ਕੇ। ਪੰਜਾਬੀ ਦਾ ਜੂੜ ਵੱਢਿਆ ਪਿਆ ਸਾਰੇ ਕਿਤੇ। ਯੱਦੇ ਲਿਖਾਰੀਪੁਣੇ ਦੇ ਊਂਈ ਚਾਕੇ ਹਿੰਦੀ ਦੇ ਬਹੁਤੇ ਸ਼ਬਦ ਪੰਜਾਬੀ 'ਚ ਵਾੜ ਦੇਂਦੇਂ ਨੇ। ਉਦਾਹਰਨ ਦੇਖਿਓ ਗਹੁ ਨਾਲ

ਰੁੱਖ ਨੂੰ ਏਹੇ ਵਰਿਕਸ਼ ਆਖਦੇ, ਮੀਂਹ ਨੂੰ ਆਖਣ ਬਾਰਿਸ਼
ਜ਼ਰੂਰੀ ਨੂੰ ਅਵੱਸ਼ਕ ਕਹਿੰਦੇ, ਖੁਰਕ ਨੂੰ ਆਖਣ ਖਾਰਿਸ਼
ਲਮਕੇ ਨੂੰ ਏਹ ਲਟਕਾ ਲਿਖਦੇ, ਫਾਹੇ ਨੂੰ ਆਖਣ ਫੰਦਾ
ਗੋਡੇ ਨੂੰ ਘੁਟਣਾ ਆਖਣ, ਕਹਿਣ ਮੋਢੇ ਨੂੰ ਕੰਧਾ
ਚੰਗੇ ਨੂੰ ਅੱਛਾ ਆਖਦੇ, ਵਿਆਹ ਨੂੰ ਆਖਣ ਸ਼ਾਦੀ
ਸਕੀ ਭੈਣ ਨੂੰ ਦੀਦੀ ਕਹਿੰਦੇ, ਪੈਗੀ ਪੁੱਠੀ ਵਾਦੀ
ਪੂਰੇ ਨੂੰ ਸੰਪੰਨ ਆਖਦੇ, ਜਿਆਦੇ ਨੂੰ ਅਧਿਕ
ਖੰਘ ਨੂੰ ਵੀ ਖਾਂਸੀ ਕਹਿੰਦੇ, ਛੀੰਕ ਬਣਾਤੀ ਛਿੱਕ
ਪਛਾਣ ਨੂੰ ਪਹਿਚਾਣ ਆਖਦੇ, ਅਤੇ ਨੂੰ ਕਹਿੰਦੇ ਔਰ
ਜਾਤਾਂ ਗੋਤਾਂ ਲਾਉਂਦੇ ਨਾਂ ਨਾ, ਲਾਹਤਾ ਸਿੰਘ ਤੇ ਕੌਰ
ਸਕੀ ਭੂਆ ਨੂੰ ਅੰਟੀ ਆੰਹਦੇ, ਅੰਕਲ ਬਣਾਤੇ ਤਾਏ
ਖੁਸਰਿਆਂ ਅੰਗੂ ਹੀ ਹੀ ਕਰਦੇ, ਦੇਸ ਪੰਜਾਬ ਦੇ ਜਾਏ...ਘੁੱਦਾ

ਪੰਜਾਬ ਤੇ ਪਾਕਿ

ਸੰਨ 1947। ਅੰਗਰੇਜ਼ਾਂ ਨਾਲ ਰਲਕੇ ਲੀਡਰਾਂ ਨੇ ਲੀਕ ਬਗਲਤੀ, ਕਹਿੰਦੇ ਮੁਸਲਮਾਨ ਓਧਰ ਬਗਜੋ ਪੈਲੇ ਪਾਸੇ ਤੇ ਨਿਹੰਗ ਤਬਕਾ ਐਧਰ ਨੰਘ ਆਓ ਬੋਚ ਕੇ ਜੇ। ਭਾਰਤ ਨੂੰ ਅਜ਼ਾਦੀ ਮਿਲਗੀ ਤੇ ਪੰਜਾਬ ਦਾ ਨੰਦੁੂ ਕੱਢਤਾ। ਜਿਹੜੀਆਂ ਰਾਤਾਂ 'ਚ ਕੁੱਲ ਭਾਰਤ ਦਾਲ ਚੌਲ ਖਾਕੇ ਤੇ ਉੱਤੋਂ ਖੇਸ ਨੱਪਕੇ ਸੌੰ ਜਾਦਾਂ ਸੀ ਠੀਕ ਓਹਨਾਂ ਸਮਿਆਂ 'ਚ ਪੰਜਾਬੀਆਂ ਦੇ ਖੂਨ ਨਾਲ ਡੱਟੀਆੰ ਰੇਲਾਂ ਵੰੰਡੇ ਪੰਜਾਬ ਦੀ ਹਿੱਕ ਲਤੜਦੀਆਂ ਫਿਰਦੀਆਂ ਸੀ। ਤਾਹੀਂ ਭਾਰਤੀ ਲੋਕ ਜੀਹਨੂੰ ਅਜ਼ਾਦੀ ਕਹਿੰਦੇ ਨੇ ਸਾਡੇ ਬਜ਼ੁਰਗ ਉਹਨੂੰ "ਰੌਲਾ ਵੇਲਾ" ਆਖਦੇ ਨੇ। ਫਿਰ ਵੀ ਪੰਜਾਬ ਦਾ ਮੋਹ ਆ ਪਾਕਿ ਨਾਲ। ਵਿਛੜਨ ਲੱਗਿਆਂ ਵੀ ਟੋਪੀ ਦੀ ਪੱਗ ਨਾਲ ਤੇ ਸੂਟ ਦੀ ਬੁਰਕੇ ਨਾਲ ਜੱਫੀ ਪਈ ਸੀ। 
ਅਗਲੀ ਗੱਲ।
ਜਿੱਦੇਂ ਭਾਰਤ ਪਾਕਿ ਦਾ ਮੈਚ ਹੁੰਦਾ ਓਦੇਂ ਭਾਰਤੀ ਮੁਲਖ ਮੈਚ ਨੂੰ ਐਸ ਲੋਟ ਦੇਖਦਾ ਬੀ ਜਿਮੇਂ ਜੰਗ ਛਿੜੀ ਹੁੰਦੀ ਆ। ਦੋ ਦੋ ਲੀਟਰ ਕੋਕੇ ਕੋਲੇ ਪੀਕੇ ਨਾਲ ਕੁਰਕਰਿਆਂ ਦੇ ਪੈਟਕ ਖਾਕੇ ਮੁਲਖ ਸੋਫਿਆਂ ਤੇ ਈ ਛਾਲਾਂ ਮਾਰੀ ਜਾਊ। ਨਿਰੀ ਈਰਖਾ, ਕੋਈ ਖੇਡ ਭਾਵਨਾ ਆਲੀ ਗੱਲ ਨਈਂ। ਪਰਸੋਂ ਚੌਥੇ ਪਾਕਿਸਤਾਨ ਮੈਚ ਕਾਹਦਾ ਹਰ ਗਿਆ। ਮੁਲਖ ਨੂੰ ਗੱਲ ਥਿਆਗੀ ਅਖੇ ," ਅਬ ਉਸਕਾ ਬਾਪ ਇੰਡੀਆ ਜੀਤੇਗਾ"। ਫਿਟੇਮੂੰਹ ਥੋਡੇ। ਜੇ ਕਿਸੇ ਦੂਜੇ ਮੁਲਕ ਦਾ ਸਤਿਕਾਰ ਨੀਂ ਕਰ ਸਕਦੇ ਤਾਂ ਕੱਬਾ ਬੋਲਣ ਦੀ ਕੀ ਲੋੜ ਆ। ਭਾਰਤ ਨੂੰ ਓਪਰਾ ਹੋਊ ਪਾਕਿ, ਪਰ ਪੰਜਾਬ ਲਈ ਨਈਂ। ਅਰਦਾਸ 'ਚ ਨਿੱਤ ਆਖੀਦਾ ਬੀ ਓਹਨਾਂ ਗੁਰਧਾਮਾਂ ਦੇ ਦਰਸ਼ਨ ਹੋਣ ਜਿੰਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ। ਸੱਤਰ ਸੱਤਰ ਸਾਲਾਂ ਦੇ ਸਾਡੇ ਬਾਬੇ ਪਾਸਪੋਰਟ ਫੜ੍ਹੀ ਬੈਠੇ ਹੁੰਦੇ ਆ ਬੀ ਕੇਰਾਂ ਜਾਂਦੀ ਆਰੀ ਨਨਕਾਣਾ ਦੇਖ ਆਈਏ। ਪੰਜਾਬੀਆਂ ਦੀਆਂ ਜੜ੍ਹਾਂ ਨੇ ਓਧਰ। ਸਾਡੇ ਭਾਅ ਦੀ ਪਾਕਿ ਵੀ ਜ਼ਿੰਦਾਬਾਦ ਰਹੇ ਤੇ ਭਾਰਤ ਵੀ। ਬਾਬਾ ਨਾਨਕ ਦੋਹਾਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ.....ਘੁੱਦਾ

ਮੰਡੀਹਰ ਨਹੀਂ ਮੁੰਡੇ

ਪੰਜਾਬੀ 'ਚ ਵੱਜਦੇ ਬਹੁਤੇ ਗੀਤ ਗੱਪਿਆਂ ਦੇ ਗੀਤਕਾਰ ਹਰਿੱਕ ਗੀਤ 'ਚ ਏਹੀ ਦਿਖਾਉਂਦੇ ਨੇ ਬੀ ਜਾਂ ਤਾਂ ਮੰਡੀਰ ਹਾਕੀਆਂ ਰਾਡਾਂ ਫੜ੍ਹਕੇ ਲੜਨਾ ਜਾਣਦੀ ਆ ਤੇ ਜਾਂ ਠੇਕਿਆਂ ਤੇ ਖੜ੍ਹਕੇ ਦਾਰੂਆਂ ਪੀਣ ਜੋਗਰੀ ਆ।
ਅਸਲ ਨਕਸ਼ਾ ਏਹਤੋਂ ਉਲਟ ਆ, ਸੁਣਿਓ ਗਹੁ ਨਾ।
ਜਿੱਥੇ ਕਿਤੇ ਚਾਰ ਮੁੰਡੇ ਖੜ੍ਹੇ ਹੋਣ ਜਾਕੇ ਗੱਲਾਂ ਸੁਣਿਓ ਕਿਤੇ ਕੰਨ ਲਾਕੇ, ਜੀਅ ਲੱਗ ਜਾਦਾਂ ਬੰਦੇ ਦਾ। ਸਿਆਸਤ ਤੋਂ ਲਾਕੇ ਆਮ ਸਮਾਜ ਤੀਕ ਬਹੁਤ ਜਾਣਕਾਰੀ ਆ ਮੁੰਡਿਆਂ ਕੋਲੇ। ਪਿੰਡ 'ਚ ਬਗਜੋ। ਗਲੀ ਮੋੜ ਤੇ ਟੱਕਰਦਾ ਹਰਿੱਕ ਮੁੰਡਾ ਹੱਥ ਖੜ੍ਹਾ ਕਰਕੇ ਇੱਕ ਦੂਜੇ ਨੂੰ ਪੁੱਛਦਾ,"ਹੋਰ ਬੀਰੇਆ ਕੀ ਹਾਲ ਆ?"। ਭਰੱਪਾ ਭਾਈਚਾਰਾ ਕੈਮ ਆ। ਕਾਲਜ ਦੀਆਂ ਦੋ ਛੁੱਟੀਆਂ ਮਗਰੋੰ ਜਦੋਂ ਮੁੰਡੇ ਆਪੋ 'ਚ ਫੇਰ ਮਿਲਦੇ ਨੇ ਤਾਂ ਮੱਲੋ ਮੱਲੀ ਜੱਫੀ ਪੈ ਜਾਂਦੀ ਆ।
ਆਥਣੇ ਠੇਕੇ ਤੇ ਬਗਜੋ। 40-45 ਸਾਲਾਂ ਆਲੇ ਬੰਦੇ ਦਾਰੂ ਪੀਂਦੇ ਬਥੇਰੇ ਮਿਲਣਗੇ ਪਰ ਨੌਜਵਾਨ ਉਮਰ ਦਾ ਮੁੰਡਾ ਕੋਈ ਵਿਰਲਾ ਈ ਮਿਲੂ। ਜੇ ਕੋਈ ਬਾਹਲਾ ਇ ਚਕਲੱਤ ਹੋਵੇ ਤਾਂ ਕਹਿਣਾ ਈ ਕੀ ਆ ਪਰ ਵੱਡੀ ਮੇਦ ਕੋਈ ਮੁੰਡਾ ਪਿੰਡ ਦੀ ਕੁੜੀ ਚਿੜੀ ਦੀ ਇੱਜ਼ਤ ਨੀੰ ਤਕਾਉਂਦਾ। 
ਬਾਕੀ ਸਿਰੇ ਐਹੇ ਜੇ ਗੀਤ ਲਿਖਣ ਆਲੇ ਆਪ ਤਾਂ ਸਾਢੇ ਨੌਂ ਨੌਂ ਜਮਾਤਾਂ ਈ ਪੜ੍ਹੇ ਹੁੰਦੇ ਨੇ। ਏਹੇ ਜਿਆਂ ਨੂੰ ਐਂ ਨੀਂ ਪਤਾ ਹੁੰਦਾ ਬੀ ਭਦੌੜ ਕਿਹੜੇ ਪਾਸੇ ਆ ਪਰ ਗੀਤ ਚੰਡੀਗੜ੍ਹ ਤੋਂ ਸ਼ੁਰੂ ਕਰਦੇ ਨੇ ਸਹੁਰੇ। ਚੰਗਾ ਨਰੋਆ ਲਿਖਿਆ ਕਰੋ। ਜਿੱਥੋਂ ਤੀਕ ਹੋ ਸਕੇ, ਘੱਟ ਲਿਖੋ ਪਰ ਅੱਤ ਲਿਖੋ।....ਘੁੱਦਾ

Thursday 19 March 2015

ਪਰਤਿਆਈਆਂ ਵਈਆਂ ਗੱਲਾਂ...

ਪਰਤਿਆਈਆਂ ਵਈਆਂ ਗੱਲਾਂ...
1.ਜੇਹੜੇ ਫੇਸਬੁੱਕ ਤੇ ਗੱਲ ਗੱਲ ਤੇ ਧਰਮ ਰਿਵਾਜਾਂ ਖਲਾਫ ਦਲੀਲਾਂ ਸਿੱਟਦੇ ਆ, ਐਹੇ ਜੇ ਬੰਦੇ ਵਿਆਹ ਤੋੰ ਤੀਏ ਦਿਨ ਬਹੂ ਨਾਲ ਬੈਠੇ ਕਿਸੇ ਬਾਬੇ ਦੀ ਮਟੀ ਮੂਹਰੇ ਮਿੱਟੀ ਕੱਢੀ ਜਾਂਦੇ ਹੁੰਦੇ ਨੇ
2. ਬਾਹਲੇ ਗੀਤਾਂ 'ਚ ਸੁਣਦੇ ਆਂ ਬੀ ਕੁੜੀਏ ਤੇਰੇ ਪਿੱਛੇ ਟਰੱਕ ਟਰੁੱਕ ਚੱਕਤੇ ਨਾਏ ਜ਼ਮੀਨ ਵੇਚਤੀ। ਸਹੁਰੇ ਸਾਢੇ ਚਾਰ ਮਿੰਟਾਂ ਦੇ ਗੀਤ 'ਚ ਪੱਚੀ ਕਿੱਲੇ ਬੈਅ ਧਰ ਦੇਂਦੇਂ ਨੇ।
3. ਬਾਹਰ ਰਹਿੰਦੇ ਕਿਸੇ ਲਿਹਾਜ਼ੀ ਨਾਲ ਜਦੋਂ ਫੋਨ ਤੇ ਗੱਲ ਤੇ ਗੱਲ ਹੁੰਦੀ ਆ ਓਦੋਂ ਆਪਣਾ ਮੁਲਖ ਆਹੀ ਮੰਗ ਕਰਦਾ।," ਪ੍ਰਧਾਨ ਕੋਈ ਫੂਨ ਫਾਨ ਤਾਂ ਭੇਜਦੇ ਹੈਧਰੋਂ"
4. ਮੁੰਡਾ ਤੀਹ ਪੈੰਤੀ ਸਾਲਾਂ ਤੋੰ ਟੱਪਜੇ 'ਛੜਾ' ਵੱਜਣ ਲੱਗ
ਪੈਂਦਾ। ਕੁੜੀ ਭਮਾਂ ਪੰਤਾਲੀਆਂ ਦੀ ਹੋਜੇ ਉਹਨੂੰ ਕਵਾਰੀ ਈ ਆਖਿਆ ਜਾਦਾਂ।
5. ਹਰਿੱਕ ਆਖਦਾ ,"ਕੋਲਡਰਿੰਕ ਨਈਂ ਪੀਣੇ ਚਾਹੀਦੇ,ਨਸ਼ਕਾਨ ਕਰਦੇ ਨੇ"। ਪਰ ਕਿਤੇ ਦੇਖਲਿਓ ਜੰਨ ਜਾਕੇ ਮੇਰੇ ਤੇਰੇ ਅਰਗਾ ਤਲੇ ਕਾਜੂਆਂ ਨਾ ਠੰਡਿਆਂ ਦੇ ਚਾਰ ਗਲਾਸ ਅੰਦਰ ਸਿੱਟਕੇ ਸੈੜ ਤੇ ਹੋ ਜਾਂਦਾ।
6. ਕਿਸੇ ਘਰੇ ਵਿਆਹ ਜਾਂ ਭੋਗਾਂ ਤੇ ਕੰਮ ਕੁੰਮ ਨਬੇੜ ਕੇ ਜਦੋੰ ਬੰਦਾ ਰੋਟੀ ਖਾਣ ਲੱਗਦਾ, ਓਦੋਂ ਕੋਈ ਨਾ ਕੋਈ ਆਕੇ ਆਹ ਡਾਇਲੌਗ ਲਾਜ਼ਮੀ ਮਾਰਦਾ," ਬਸ ਕਰ ਪਰਧਾਨ
ਢਿੱਡ ਤਾਂ ਆਵਦਾ ਈ ਆ"।....ਘੁੱਦਾ

ਪਾਡਵਾਈਆਂ

ਆਪਣੇ ਪੰਜਾਬੀ ਮੁਲਖ ਨੂੰ ਪਾਡਵਾਈ ਨੇ ਮਾਰਤਾ। ਤਿੜ੍ਹਦੇ ਬਹੁਤ ਆਂ ਆਪਾਂ, ਸਿਰੇ ਦੇ ਫੁਕਰੇ। ਦਾਜ ਦੂਜ ਦੇ ਲੈਣ ਦੇਣ 'ਚ ਵਿੱਤੋਂ ਬਾਹਰ ਹੋਕੇ ਦਿਖਾਵਾ ਕਰਦੇ ਆਂ। ਜੇ ਵੱਡੇ ਭਰਾ ਨੇ ਕੁੜੀ ਅਲਟੋ ਦੇਕੇ ਵਿਆਹੀ ਹੁੰਦੀ ਆ ਤਾਂ ਛੋਟਾ ਭਰਾ ਲੱਤ ਉੱਤੇ ਕਰਨ ਖਾਤਰ ਆਵਦੀ ਕੁੜੀ ਨੂੰ ਸਵਿਫਟ ਦੇਣ ਦੀ ਕੋਸ਼ਟ ਕਰਦਾ।
ਅੱਗੇ ਘਰਾਂ 'ਚ ਰਿਸ਼ਤੇਦਾਰ ਆਉਂਦੇ ਤਾਂ ਜੇਹੇ ਜੀ ਬਣੀ ਹੁੰਦੀ ਰੁੱਖੀ ਮਿੱਸੀ ਖਾਕੇ ਮੁੜ ਜਾਂਦੇ, ਸਗਮਾਂ ਆਏ ਗਏ ਦਾ ਚਾਅ ਹੁੰਦਾ । ਹੁਣ ਦੋ ਜਣੇ ਘਰੇ ਆ ਜਾਣ ਤਾਂ ਹਜ਼ਾਰ ਨੂੰ ਥੁੱਕ ਲੱਗ ਜਾਦਾਂ। ਫੌਰਮੈਲਟੀਆਂ ਬਾਹਲੀਆਂ ਕਰਨ ਲਾਪੇ।
ਕੱਲੇ ਬੰਦੇ ਨੇ ਕਿਤੇ ਦੂਰ ਨੇੜੇ ਕੰਮ ਜਾਣਾ ਹੋਵੇ ਗੱਡੀ ਬਿਨ੍ਹਾਂ ਨੀਂ ਤੁਰਦਾ। ਆਥਣ ਤਾਈਂ ਪੰਦਰਾਂ ਸੌ ਦਾ ਤੇਲ ਤਾਂ ਮਾਂ ਨੂੰ ਨੀਂ ਜੰਮਿਆ। ਸੱਚ ਜਾਣਿਓਂ ਸਾਡੀ ਨਮੀਂ ਜਨਰੇਸ਼ਨ ਬੱਸ ਤੇ ਚੜ੍ਹਨ 'ਚ ਹੱਤਕ ਸਮਝਦੀ ਆ ਹੁਣ।
ਅਗਲੀ ਗੱਲ। ਅੱਗੇ ਕਿਤੇ ਚਾਰ ਬੰਦੇ ਖੜ੍ਹੇ ਹੁੰਦੇ ਤਾਂ ਕਮਾਈ ਦੀ ਗੱਲ ਤੋਰਦੇ ਬੀ," ਫਲਾਣਿਆਂ ਨੇ ਵਹਿੜਕਾ ਲਿਆਦਾਂ, ਫਲਾਣਾ ਟਰੈਟ ਐਨੇ ਹਲ ਖਿੱਚਦਾ ਜਾਂ ਹੋਰ ਕੰਮ ਦੀਆਂ ਗੱਲਾਂ ਕਰਦੇ"। ਤੇ ਹੁਣ ਜਿੱਥੇ ਚਾਰ ਮੁੰਡੇ ਖੜ੍ਹੇ ਹੋਣ, ਓਹਲਾ ਜਾ ਕਰਕੇ ਦੂਜੀਆਂ ਫਿਲਮਾਂ ਦੇਹਦੇਂ ਨੇ ਜਿਨ੍ਹਾਂ ਦੀ ਵਾਜ਼ ਬੰਦ ਕਰਨੀ ਪੈੰਦੀ ਆ। ਸਾਨੂੰ ਮੈਸ੍ਹਾਂ ਦਾ ਨੀਂ ਪਤਾ ਬੀ ਕਿਹੜੀ ਪੰਜ ਕਲਿਆਣੀ ਆ, ਕੇਹੜੀ ਮੁਹਰਾ ਤੇ ਨੀਲੀ ਰਾਵੀ ਆ। ਪਰ ਸਾਨੂੰ ਕੁੱਤਿਆਂ ਦੀਆਂ ਕੁੱਲ ਬਰੀਡਾ ਦਾ ਪਤਾ। ਜਵਾਨੀ ਕੇਰਾਂ ਈ ਆਈ ਆ ਸ਼ੌਕ ਰੀਝਾਂ ਪੂਰੀਆਂ ਕਰੋ। ਸਮੇਂ ਦੇ ਹਾਣੀ ਵੀ ਬਣਨਾ ਚਾਹੀਦਾ। 
ਪਰ ਜੇ ਘਰੇ ਕੰਮ ਕੰਮ ਕਰ ਕਰਕੇ ਮਾਂ ਦੀ ਸਲਵਾਰ ਦੇ ਪੌਂਚੇ ਘਸੇ ਪਏ ਹੋਣ ਫੇਰ ਆਪਣੇ ਕੰਨ ਤੇ ਲੱਗਾ ਸਿਓ ਆਲਾ ਫੂਨ ਸ਼ੋਭਾ ਨਈਂ ਦੇਂਦਾ। ਮਾਪਿਆਂ ਦੇ ਗਲ ਗੂਠਾ ਦੇਕੇ ਸ਼ੌਕ ਪੂਰੇ ਕਰਨਾ ਕੋਈ ਭੱਦਰਕਾਰੀ ਆਲਾ ਕੰਮ ਨੀਂ। ਚਾਦਰ ਪੈਰ ਆਲੀ ਗੱਲ ਤੇ ਗੌਰ ਰੱਖਿਓ...ਘੁੱਦਾ

Saturday 14 March 2015

ਕਬੱਡੀ

ਮਾਘ ਫੱਗਣ ਦੇ ਠੰਡੇ ਨਿੱਘੇ ਜੇ ਦਿਨਾਂ 'ਚ ਪੰਜਾਬ ਦੇ ਪਿੰਡਾਂ 'ਚ ਕੌਡੀ ਦੇ ਟੂਰਨਾਮੈਂਟ ਹੁੰਦੇ ਨੇ। ਜਦੋਂ ਦੋ ਕ ਰੇਡਾਂ ਪਾਕੇ ਹਟੇ ਕਿਸੇ ਗੱਭਰੂ ਦਾ ਪਿੰਡਾ ਲਹਿੰਦੀ ਧੁੱਪ 'ਚ ਚਿਲਕਦਾ, ਓਦੋਂ ਬੈਠਾ ਕੋਈ ਜਣਾ ਆਵਦੇ ਨਾਲਦੇ ਨੂੰ ਕੂਹਣੀ ਮਾਰਕੇ ਆਂਹਦਾ," ਭੈਂ, ਸਰੀਰ ਦੇਖ ਓ ਬਾਈ ਦਾ"।
ਜਦੋਂ ਪਸੇਰੀ ਪੱਕੇ ਹੱਥ ਦੀ ਧੌਲ ਵੱਜਦੀ ਆ ਕਿਸੇ ਖਿਡਾਰੀ ਦੇ ,ਓਦੋਂ ਕਿਸੇ ਅਮਲੀ ਦੀ ਤਲੀ 'ਤੋਂ ਜਰਦਾ ਡਿੱਗਣ ਨੂੰ ਕਰਦਾ। 
ਗਰੌੰਡ ਤੋਂ ਬਾਹਰ ਬੈਠੇ ਬਜ਼ੁਰਗ ਕਿਸੇ ਕੋਚ ਅੰਗੂ ਦਾਅ ਦੱਸਦੇ ਨੇ," ਗਿੱਟਾ ਚੱਕ ਗਿੱਟਾ, ਹਾਂ ਹਾਂ ਹੈੰਅ ਕਰ ਹੈੰਅ"। ਜਾਤਾਂ ਪਾਤਾਂ ਦੀ ਧੌਣ ਤੇ ਓਦੋਂ ਗੋਡਾ ਧਰਦੀ ਆ ਕੌਡੀ, ਜਦੋਂ ਕੁੱਲ ਜਾਤਾਂ ਧਰਮਾਂ ਦੇ ਖਿਡਾਰੀ ਇੱਕੋ ਕੱਪ 'ਚੋਂ ਪਾਣੀ ਦਾ ਘੁੱਟ ਭਰਦੇ ਨੇ। ਦਰਸ਼ਕਾਂ 'ਚੋਂ ਉੱਠਣ ਲੱਗਾ ਕੋਈ ਜਣਾ ਆਵਦੇ ਨਾਲਦੇ ਨੂੰ ਆਖਦਾ," ਜਾਗਰਾ ਮੇਰੀ ਥਾਂ ਮਲੱਕੀ ਰੱਖੀਂ, ਮੈਂ ਹੁਣੇ ਆਉਣਾਂ ਧਾਰਾਂ ਕੱਢਕੇ। 
ਟਰੈਕਟਰਾਂ ਦੀਆਂ ਸ਼ੋਆਂ ਤੇ ਬੈਠਾ ਮੁਲਖ ਅੰਦਾਜ਼ੇ ਲਾਉਂਦਾ," ਲੈ ਬਈ ਨਿੱਕਿਆ ਅੱਜ ਨੀਂ ਛੱਡਦੇ ਜੋਧਪੁਰ ਚੀਮੇਆਂ ਆਲੇ, ਡੂਢ ਲੰਬਰ ਦਾ ਫਰਕ ਪਾਗੇ"।
ਕਬੱਡੀ ਟੀਕੇ ਟੱਲਿਆਂ ਤੋਂ ਨਾਲੇ ਸਟੇਜਾਂ ਤੇ ਬੈਠੇ ਸੋਫਿਆਂ ਆਲੇ ਪਤਵੰਤੇ ਸੱਜਣਾਂ ਤੋਂ ਬਚੀ ਰਹੇ, ਫੇਰ ਨੀਂ ਲਈਦੇ। ਕਬੱਡੀ ਕਰੋੜਾੰ 'ਚ ਨਹੀਂ, ਸੌਆਂ 'ਚ ਈ ਚੰਗੀ ਲੱਗਦੀ ਆ ਜਿੱਥੋਂ ਤੀਕ ਸਾਡੇ ਲੋਕਾਂ ਦੀ ਪਹੁੰਚ ਆ। ਸਰਬੰਸਦਾਨੀ ਚੜ੍ਹਦੀਆਂ ਕਲਾ 'ਚ ਰੱਖੀਂ ਲੋਕ ਖੇਡਾਂ ਨੂੰ.....ਘੁੱਦਾ

ਬਾਬਾ ਘਾਮਾ ਤੇ ਬਾਬਾ ਧੰਨਾ

ਪਿੰਡ ਘੁੱਦੇ ਦੇ ਦੋ ਬਜ਼ੁਰਗ , ਬਾਬਾ ਘਾਮਾ ਤੇ ਬਾਬਾ ਧੰਨਾ। ਦੋਵੇਂ ਬਾਬੇ ਅੰਮ੍ਰਤਧਾਰੀ ਸਿੰਘ ਸੀ। ਜਿਓਂ ਅਸੀਂ ਸੁਰਤ ਸੰਭਲੇ ਬਾਬੇ ਹੋਣਾਂ ਦਾ ਨਿੱਤ ਦਿਹਾੜੇ ਦਾ ਇੱਕੋ ਪੱਕਾ ਨੇਮ ਵੇਖਿਆ। ਪਹੁ ਫੁਟਦਿਆਂ ਈ ਬਾਬੇ
ਹੋਣੀਂ ਪਿੰਡ ਦੇ ਬੱਸ ਅੱਡੇ ਤੇ ਉੱਪੜ ਜਾੰਦੇ। ਛਿਟੀਆਂ ਫੜ੍ਹਕੇ ਪਿੱਪਲਾੰ ਦੇ ਕਿਰੇ ਪੱਤੇ ਸੁੰਬਰ ਦੇ। ਫੇਰ ਬਹੁਕਰ ਫੜ੍ਹਕੇ ਬੈਠਣ ਆਲੀਆਂ ਚੌਂਕੜੀਆਂ ਸਾਫ ਕਰਦੇ। ਸੁੰਬਰਾ ਸੁੰਭਰਾਈ ਕਰਕੇ ਅੱਡੇ ਤੇ ਪਾਣੀ ਛਿੜਕਿਆ ਜਾਦਾਂ।
ਬਾਬੇ ਹੋਣੀਂ ਕੱਸੀ ਦੇ ਪਾਣੀ ਦੇ ਪੰਜ ਸੱਤ ਤੌੜੇ ਭਰਕੇ ,ਉੁੱਤੋਂ ਚੱਪਣ ਨਾਲ ਕੱਜਕੇ ਪਿੱਪਲ ਦੇ ਮੁੱਢ ਨਾ ਧਰ ਛੱਡਦੇ ।ਪਾਣੀ ਠੰਡਾ ਰੱਖਣ ਖਾਤਰ ਬੋਰੀਆਂ ਭਿਓਂ ਕੇ ਤੌੜਿਆਂ ਦਾਲੇ ਵਲ੍ਹੇਟੀਆਂ ਜਾਂਦੀਆਂ। ਸਰਪੇਹ ਆਲੇ ਲੀਟਰ ਵੱਢਕੇ, ਧੋ ਸਵਾਰ ਕੇ ਪਾਣੀ ਪਿਆਉਣ ਲਈ ਵਰਤੇ ਜਾਂਦੇ ।
ਬਾਬਿਆਂ ਨੇ ਗਾਤਰੇ ਉੱਤੋਂ ਦੀ ਲੱਕ ਦਾਲੇ ਰਿਸਕਪਾਈ ਗੰਢ ਪਾਕੇ ਮੂਕੇ ਬੰਨ੍ਹੇ ਹੁੰਦੇ ਸੀ। ਜਦੋਂ ਕੋਈ ਬੱਸ ਆਕੇ ਅੱਡੇ ਤੇ ਰੁਕਦੀ ਬਾਬੇ ਹੋਣੀਂ ਪਾਣੀ ਦੀ ਬਾਲਟੀ ਤੇ ਲੀਟਰ ਚਾਕੇ ਬੱਸ ਬੰਨੀਂ ਭੱਜਦੇ। ਬਾਰੀਆਂ 'ਚੋਂ ਧਿਆਈ ਜੰਤਾ ਹੱਥ ਬਾਹਰ ਕੱਢਕੇ ਬੋਲ ਮਾਰਦੀ,"ਬਾਬਾ ਪਾਣੀ,
ਬਾਬਾ ਪਾਣੀ"। ਬੱਸ ਤੁਰਨ ਲੱਗਦੀ ਤਾਂ ਬਾਬੇ ਉੱਚੀ ਦਿਨੇ ਆਖਦੇ," ਸਿੱਟਦੋ ਭਾਈ, ਭੁੰਜੇ ਸਿੱਟਦੋ ਲੀਟਰ"।
ਥੱਲੇ ਡਿੱਗੇ ਲੀਟਰਾਂ ਨੂੰ ਕੱਠੇ ਕਰਕੇ ਧੋਤਾ ਜਾਦਾਂ ਤੇ ਫੇਰ ਅਗਲੀ ਬੱਸ ਦੀ ਉਡੀਕ ਕੀਤੀ ਜਾਂਦੀ। ਪਾਣੀ ਪੀੰਦੇ ਜਵਾਕਾਂ ਨੂੰ ਬਾਬੇ ਮਿੱਠਾ ਜਾ ਝਿੜਕਦੇ,"ਓਏ ਬਿੱਲਿਆ ਮੂੰਹ ਨਾ ਲਾ, ਓਕ ਲਾਕੇ ਪੀ"। ਝਿੜਕ 'ਚ ਮਰਿਆਦਾ ਰਲੀ ਹੁੰਦੀ ਸੀ। ਓਕ ਲਾਕੇ ਪਾਣੀ ਪੀਂਦੇ ਜਵਾਕਾਂ ਦੀ ਕੂਹਣੀ ਕੋਲੋਂ ਪਾਣੀ ਦੀ ਧਤ੍ਹੀਰੀ ਪੈੰਦੀ।
ਭਾਈ ਘਨ੍ਹਈਏ ਦੇ ਅਸਲੀ ਵਾਰਸ ਸੀ ਬਾਬੇ। ਬਾਬੇ ਹੋਣੀਂ ਵੀ ਦੁਨੀਆਂ ਤੋਂ ਚਲ ਵਸੇ ਤੇ ਅੱਡਿਆਂ ਤੋਂ ਪਿੱਪਲ ਵੀ ਪੱਟੇ ਗਏ। ਅੱਗੇ ਕੀ ਬਣਨਾ ਬਾਬਾ ਨਾਨਕ ਜਾਣਦਾ....ਘੁੱਦਾ

Saturday 7 March 2015

ਸਿਹਤਯਾਬੀਆਂ

ਕੱਲ੍ਹ ਪਰਸੋਂ ਕਿਸੇ ਮਾਤਾ ਨੂੰ ਲੈਕੇ ਬਠਿੰਡੇ ਹਸਪਤਾਲ ਗਏ ਸੀ। ਹਸਪਤਾਲ ਦੇ ਵੇਟਿੰਗ ਹਾਲ 'ਚ ਡੱਠੀਆਂ 'ਲਮੀਨੀਅਮ ਦੀਆਂ ਕੁਰਸੀਆਂ ਤੇ ਕੁੱਲ ਪੇਂਡੂੰ ਮੁਲਖ ਬੈਠਾ ਸੀ। ਮੜਾਸੇ ਮਾਰਕੇ ਬੱਧੀਆਂ ਚਲਾਵੀਆਂ ਜੀਆੰਂ ਪੱਗਾਂ ਦੱਸਦੀਆਂ ਸੀ ਕਿ ਓਹ ਸਾਰੇ ਚਾਣਚੱਕ ਕਾਹਲੀਆਂ ਨਾਲ ਆਏ ਹੋਣਗੇ। DMC,PGI ਜਾਂ ਹੋਰ ਕਿਸੇ ਪ੍ਰਾਈਵੇਟ ਜਾਂ ਸਰਕਾਰੂ ਹਸਪਤਾਲ ਬਗਜਿਓ । ਸਾਰੇ ਕਿਤੇ ਭੋਰਾ ਵਿਹਲ ਹੈਨੀ ਮੁਲਖ ਪੈਰ ਲਤੜਦਾ ਫਿਰਦਾ। ਅਲਟਰਾਸਾਊਂਡ ,ਸਕੈਨਿੰਗ ਅਰਗੇ ਕਲੱਲੇ ਜੇ ਲਫਜ਼ ਸਾਡੇ ਬਾਬਿਆਂ ਦੇ ਮੂੰਹਾਂ 'ਚ ਅੜਦੇ ਫਿਰਦੇ ਨੇ। ਲਾ ਪੁਲਸ ਤੋਂ ਡਾਕਟਰਾਂ ਤੀਕ ਸਾਡੀ ਕੁੱਲ ਜੰਤਾ ਭੂੰਗ ਆਲੀਆਂ ਟਰੈਲੀਆਂ ਅਰਗੇ ਢਿੱਡ ਕੱਢੀ  ਫਿਰਦੀ ਆਇੱਕ ਤਾਂ ਖਾਣਾ ਦਾਣਾ ਈ ਰੇਹ ਸਰਪੇਅ ਆਲਾ ਹੋਗਿਆ ਉੱਤੋਂ ਆਪਾਂ ਸਰੀਰਾਂ ਪ੍ਰਤੀ ਅਵੇਸਲੇ ਹੋਗੇ। ਆਪਣੀ ਉਮਰ ਦੇ ਮੁੰਡੇ ਕਹਿੰਦੇ ਆ,"ਪ੍ਰਧਾਨ ਤਜ਼ਾਬ ਜਾ ਬਣਦਾ ਜਰ"। ਯੂਰਿਕ ਐਸੜ ਕਰਕੇ ਮੁਲਖ ਦੇ ਗਿੱਟੇ ਗੋਡੇ ਟੈਮ ਨਾ ਈ ਜ਼ਰਕਨ ਲੱਗ ਪੈੰਦੇ ਨੇ। ਬਾਹਲਿਆਂ ਦੀਆਂ ਲੱਤਾਂ ਬਾਹਾਂ ਸੌਣ ਵੀ ਲਾਪੀਆਂ।
ਆਸਤਕ, ਨਾਸਤਕ,  ਧਰਮ ਦਲੀਲਾਂ ਕਰਕੇ ਦਿਮਾਗ ਤਾਂ ਬਥੇਰੇ ਵੱਡੇ ਕਰਲੇ ਹੁਣ ਸਰੀਰਾਂ ਬੰਨੀਂ ਵੀ ਨਿਗਾਹ ਮਾਰਲੋ। ਮੁਖਤ ਦੀ ਸਲਾਹ ਇੱਕ, ਜਿੰਨਾ ਕ ਸਮਾਂ ਰੋਜ਼ ਫੇਸਬੁੱਕ ਤੇ ਗਾਲ੍ਹ ਦੁੱਪੜ ਕੱਢਕੇ ਜੁੱਟਬੱਖੀ ਹੋਣ ਤੇ ਲਾਉਣੇ ਆ ਆਹੀ ਟੈਮ ਆਵਦੀ ਦੇਹ ਤੇ ਲਾਲਿਆ ਕਰੋ ਜਰ। 

ਵਿੱਚ ਪੰਜਾਬੀ ਦੇ

ਕੀ ਵੇਖਦਾਂ ਗੋਰਖਨਾਥਾ ਪਾੜਦੇ ਕੰਨਾਂ ਨੂੰ
ਜਾ ਰਾਂਝੇ ਨੇ ਜੋਗ ਸੀ ਮੰਗਿਆ ਵਿੱਚ ਪੰਜਾਬੀ ਦੇ
ਸਹਿਤੀ ਹੀਰ ਨੂੰ ਆਖੇ ਤੇਰਾ ਰਾਝਾਂ ਜਾਪੇ ਨੀਂ
ਚਾਅ ਹੀਰ ਨੂੰ ਚੜ੍ਹਿਆ ਸੀਗਾ ਵਿੱਚ ਪੰਜਾਬੀ ਦੇ
ਛੱਲ ਝਨਾਬ ਦੀ ਜਦੋਂ ਰੋੜ੍ਹਕੇ ਲੈਗੀ ਸੋਹਣੀ ਨੂੰ
ਮਹੀਵਾਲ ਦੇ ਚੀਸ ਕਲੇਜੇ ਵਿੱਚ ਪੰਜਾਬੀ ਦੇ
ਦੋੰਹ ਨੈਣਾਂ ਨੂੰ ਛੱਡਕੇ ਤਨ ਚੱਬਜਾ ਕਾਵਾਂ ਤੂੰ
ਫਰੀਦ ਸਾਬ੍ਹ ਨੇ ਲਿਖਿਆ ਸੀਗਾ ਵਿੱਚ ਪੰਜਾਬੀ ਦੇ
ਅਕਬਰ ਦੀ ਅੱਖ ਵਿੱਚ ਰੜਕੇ ਗੱਭਰੂ ਪਿੰਡੀ ਦਾ
ਸੁੰਦਰੀ ਸਿਰ ਹੱਥ ਧਰਿਆ ਦੁੱਲੇ ਵਿੱਚ ਪੰਜਾਬੀ ਦੇ
ਪੰਜ ਸਿਰਾਂ ਦੀ ਲੋੜ ਗੱਭਰੂਓ ਉੱਠੋ ਕੱਠ ਵਿੱਚੋਂ
ਬਾਜ਼ਾਂ ਆਲਾ ਵਾਜ ਮਾਰਦਾ ਵਿੱਚ ਪੰਜਾਬੀ ਦੇ
ਪਾੜ ਬੇਦਾਵਾ ਸਰਬੰਸਦਾਨੀਆ ਕੱਢਕੇ ਨੇਫੇ 'ਚੋਂ
ਮਹਾਂ ਸਿੰਘ ਦਾ ਤਰਲਾ ਸੀਗਾ ਵਿੱਚ ਪੰਜਾਬੀ ਦੇ
ਅੰਬਰਸਰ ਨੂੰ ਕਰਲਾ ਚੇਤੇ ਤੂੰ ਉਡਵੈਰਾ ਓਏ
ਊਧਮ ਸਿੰਘ ਦਾ ਸੀ ਲਲਕਾਰਾ ਵਿੱਚ ਪੰਜਾਬੀ ਦੇ
ਰੀਝ ਕਾਲਜੇ ਮਿਲਦਾ ਰਹੇ ਸਦਾ ਮਾਣ ਪੰਜਾਬੀ ਨੂੰ
ਤਾਂਹੀ ਜਿੰਨੇ ਜੋਗਾ ਘੁੱਦਾ ਲਿਖਦਾ ਵਿੱਚ ਪੰਜਾਬੀ ਦੇ

ਬਾਬਾ ਨਾਨਕ

ਰਾਤੀਂ ਸੁਪਨੇ ਦੇ ਵਿੱਚ ਬਾਬਾ ਆਇਆ
ਪੈਰੀਂ ਖੜਾਵਾਂ, ਸੀ ਗਲ ਚੋਲਾ ਪਾਇਆ
ਮਖਾ ਬਹਿਜਾ ਬਾਬਾ ਮੰਜੇ ਵਿਛਾਤੀ ਚਾਦਰ
ਨਾਏ ਚਾਹ ਧਰਲੀ ਮੈਂ ਬਾਬੇ ਖਾਤਰ
ਬਾਬਾ ਆਖੇ ਘੁੱਦੇ ਤੇਰਾ ਮੁਲਖ ਘੁਮਾਦੇ
ਮਖਾ ਨਾਹਲਾ ਬਾਬਾ ਮੈਲੇ ਲੀੜੇ ਲਾਹਦੇ
ਗੱਲ ਸੁਣਕੇ ਮੇਰੀ ਫਿਰ ਬਾਬਾ ਹੱਸਿਆ
ਦਾਹੜੀ ਵਿੱਚ ਪੁੱਤਰਾ ਮੱਕੇ ਦਾ ਘੱਟਾ ਫਸਿਆ

ਕੱਢ ਮੋਟਰਸੈਕਲ ਅਸੀਂ ਪਿੰਡ ਵਿੱਚ ਬਾਗੇ
ਕੱਠ ਵੇਖਿਆ ਵਾਹਵਾ ਗੁਰੂ ਘਰ ਦੇ ਲਾਗੇ
ਹੋਗੇ ਕਈ ਲਪੜੋ ਲਪੜੀ ,ਕੱਬੀ ਬੋਲਣ ਭਾਸ਼ਾ
ਬਾਬਾ ਮੁਸਕੜੀਏਂ ਹੱਸੇ ਰਿਹਾ ਵੇਖ ਤਮਾਸ਼ਾ
ਕਮੇਟੀ ਦੇ ਮੈੰਬਰ ਚੱਕੀ ਫਿਰਦੇ ਅਸਲੇ
ਮਖ ਬਾਬਾ ਜੀ ਏਹ ਗੋਲਕ ਦੇ ਨੇ ਮਸਲੇ

ਤੇਰੀ ਤੱਕੜੀ ਨੂੰ ਬਾਬਾ ਹੁਣ ਪੈੰਦੀਆਂ ਵੋਟਾਂ
ਨਾਂ ਵਰਤਕੇ ਤੇਰਾ ਲੁਕੋ ਲੈੰਦੇ ਨੇ ਖੋਟਾਂ
ਕੁੱਲ ਸੜਕਾਂ ਦੇ ਵੇਖਿਆ ਸੱਜੇ ਤੇ ਖੱਬੇ
ਲੀਡਰਾਂ ਦੇ ਬਾਹਲੇ ਸੀ ਬੈਨਰ ਲੱਗੇ
ਬਾਬਾ ਪੁੱਛੇ,"ਆਹ ਲੀਲੀ ਪੱਗ ਆਲਾ ਕੀ ਆ?"
ਮਖ ਬਾਬਾ ਜੀ ਏਹ ਸੱਜਣ ਠੱਗ ਦਾ ਬੀਅ ਆ

"ਜੇ ਤੂੰ ਪੁੱਤਰਾ, ਮੇਰੀ ਇੱਕ ਰੀਝ ਪੁਗਾਦੇ
ਮੇਰੀ ਜੰਮਣ ਭੋਇੰ ਮੈਨੂੰ ਨਨਕਾਣਾ ਵਿਖਾਦੇ"
"ਬਾਬਾ ਸੰਨ ਸੰਤਾਲੀ ਵਿੱਚ ਸੀ ਮਾਰੇ ਹਜ਼ਾਰਾਂ
ਕਿਵੇਂ ਜਾਈਏ ਨਨਕਾਣੇ ਹੁਣ ਲਾਤੀਆਂ ਤਾਰਾਂ"
"ਧਰਤੀ ਨੂੰ ਵੀ ਵੰਡਤਾ, ਥੋਡੀ ਖ਼ਲਕਤ ਕੈਸੀ?"
"ਪਾਸਪੋਰਟ ਤੇ ਬਾਬਾ, ਵੀਜ਼ਾ ਲਾਊ ਅੰਬੈਸੀ"

ਫਿਰ ਮੈਂ ਤੇ ਬਾਬਾ ਗਏ ਕੋਠੇ ਵੱਲ ਸ਼ਾਮੀਂ
ਵਿੱਚ ਵੱਜਦੀ ਫਿਰਦੀ ,ਕੁੱਲ ਜੰਤਾ ਕਾਮੀਂ
ਲਾ ਸੁਰਖੀ ਪੋਡਰ ਸੀ ਕੁੜੀਆਂ ਖੜ੍ਹੀਆਂ
ਸਿਰ ਪਲੋਸ ਕੁੜੀ ਦਾ ਬਾਬੇ ਅੱਖਾਂ ਭਰੀਆਂ
"ਦੁਨੀਆਂ ਮੇਰੀ ਦਾ ਤੁਸੀਂ ਹਾਲ ਕੀ ਕਰਤਾ?"
ਗੁੱਸੇ ਵਿੱਚ ਬਾਬੇ ਨੇ ਮੇਰੇ ਲਫੇੜਾ ਧਰਤਾ

ਰਜਾਈ ਲਹਿਗੀ ਮੂੰਹ ਤੋੰ ਮੇਰਾ ਸਿਰ ਚਕਰਾਇਆ
ਰਾਤੀਂ ਸੁਪਨੇ ਵਿੱਚ ਸੀ ਬਾਬਾ ਆਇਆ....ਘੁੱਦਾ