Saturday 14 March 2015

ਬਾਬਾ ਘਾਮਾ ਤੇ ਬਾਬਾ ਧੰਨਾ

ਪਿੰਡ ਘੁੱਦੇ ਦੇ ਦੋ ਬਜ਼ੁਰਗ , ਬਾਬਾ ਘਾਮਾ ਤੇ ਬਾਬਾ ਧੰਨਾ। ਦੋਵੇਂ ਬਾਬੇ ਅੰਮ੍ਰਤਧਾਰੀ ਸਿੰਘ ਸੀ। ਜਿਓਂ ਅਸੀਂ ਸੁਰਤ ਸੰਭਲੇ ਬਾਬੇ ਹੋਣਾਂ ਦਾ ਨਿੱਤ ਦਿਹਾੜੇ ਦਾ ਇੱਕੋ ਪੱਕਾ ਨੇਮ ਵੇਖਿਆ। ਪਹੁ ਫੁਟਦਿਆਂ ਈ ਬਾਬੇ
ਹੋਣੀਂ ਪਿੰਡ ਦੇ ਬੱਸ ਅੱਡੇ ਤੇ ਉੱਪੜ ਜਾੰਦੇ। ਛਿਟੀਆਂ ਫੜ੍ਹਕੇ ਪਿੱਪਲਾੰ ਦੇ ਕਿਰੇ ਪੱਤੇ ਸੁੰਬਰ ਦੇ। ਫੇਰ ਬਹੁਕਰ ਫੜ੍ਹਕੇ ਬੈਠਣ ਆਲੀਆਂ ਚੌਂਕੜੀਆਂ ਸਾਫ ਕਰਦੇ। ਸੁੰਬਰਾ ਸੁੰਭਰਾਈ ਕਰਕੇ ਅੱਡੇ ਤੇ ਪਾਣੀ ਛਿੜਕਿਆ ਜਾਦਾਂ।
ਬਾਬੇ ਹੋਣੀਂ ਕੱਸੀ ਦੇ ਪਾਣੀ ਦੇ ਪੰਜ ਸੱਤ ਤੌੜੇ ਭਰਕੇ ,ਉੁੱਤੋਂ ਚੱਪਣ ਨਾਲ ਕੱਜਕੇ ਪਿੱਪਲ ਦੇ ਮੁੱਢ ਨਾ ਧਰ ਛੱਡਦੇ ।ਪਾਣੀ ਠੰਡਾ ਰੱਖਣ ਖਾਤਰ ਬੋਰੀਆਂ ਭਿਓਂ ਕੇ ਤੌੜਿਆਂ ਦਾਲੇ ਵਲ੍ਹੇਟੀਆਂ ਜਾਂਦੀਆਂ। ਸਰਪੇਹ ਆਲੇ ਲੀਟਰ ਵੱਢਕੇ, ਧੋ ਸਵਾਰ ਕੇ ਪਾਣੀ ਪਿਆਉਣ ਲਈ ਵਰਤੇ ਜਾਂਦੇ ।
ਬਾਬਿਆਂ ਨੇ ਗਾਤਰੇ ਉੱਤੋਂ ਦੀ ਲੱਕ ਦਾਲੇ ਰਿਸਕਪਾਈ ਗੰਢ ਪਾਕੇ ਮੂਕੇ ਬੰਨ੍ਹੇ ਹੁੰਦੇ ਸੀ। ਜਦੋਂ ਕੋਈ ਬੱਸ ਆਕੇ ਅੱਡੇ ਤੇ ਰੁਕਦੀ ਬਾਬੇ ਹੋਣੀਂ ਪਾਣੀ ਦੀ ਬਾਲਟੀ ਤੇ ਲੀਟਰ ਚਾਕੇ ਬੱਸ ਬੰਨੀਂ ਭੱਜਦੇ। ਬਾਰੀਆਂ 'ਚੋਂ ਧਿਆਈ ਜੰਤਾ ਹੱਥ ਬਾਹਰ ਕੱਢਕੇ ਬੋਲ ਮਾਰਦੀ,"ਬਾਬਾ ਪਾਣੀ,
ਬਾਬਾ ਪਾਣੀ"। ਬੱਸ ਤੁਰਨ ਲੱਗਦੀ ਤਾਂ ਬਾਬੇ ਉੱਚੀ ਦਿਨੇ ਆਖਦੇ," ਸਿੱਟਦੋ ਭਾਈ, ਭੁੰਜੇ ਸਿੱਟਦੋ ਲੀਟਰ"।
ਥੱਲੇ ਡਿੱਗੇ ਲੀਟਰਾਂ ਨੂੰ ਕੱਠੇ ਕਰਕੇ ਧੋਤਾ ਜਾਦਾਂ ਤੇ ਫੇਰ ਅਗਲੀ ਬੱਸ ਦੀ ਉਡੀਕ ਕੀਤੀ ਜਾਂਦੀ। ਪਾਣੀ ਪੀੰਦੇ ਜਵਾਕਾਂ ਨੂੰ ਬਾਬੇ ਮਿੱਠਾ ਜਾ ਝਿੜਕਦੇ,"ਓਏ ਬਿੱਲਿਆ ਮੂੰਹ ਨਾ ਲਾ, ਓਕ ਲਾਕੇ ਪੀ"। ਝਿੜਕ 'ਚ ਮਰਿਆਦਾ ਰਲੀ ਹੁੰਦੀ ਸੀ। ਓਕ ਲਾਕੇ ਪਾਣੀ ਪੀਂਦੇ ਜਵਾਕਾਂ ਦੀ ਕੂਹਣੀ ਕੋਲੋਂ ਪਾਣੀ ਦੀ ਧਤ੍ਹੀਰੀ ਪੈੰਦੀ।
ਭਾਈ ਘਨ੍ਹਈਏ ਦੇ ਅਸਲੀ ਵਾਰਸ ਸੀ ਬਾਬੇ। ਬਾਬੇ ਹੋਣੀਂ ਵੀ ਦੁਨੀਆਂ ਤੋਂ ਚਲ ਵਸੇ ਤੇ ਅੱਡਿਆਂ ਤੋਂ ਪਿੱਪਲ ਵੀ ਪੱਟੇ ਗਏ। ਅੱਗੇ ਕੀ ਬਣਨਾ ਬਾਬਾ ਨਾਨਕ ਜਾਣਦਾ....ਘੁੱਦਾ

No comments:

Post a Comment